ਸਨਾਤਨਵਾਦ/ਨਵ-ਸਨਾਤਨਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਨਾਤਨਵਾਦ/ਨਵ-ਸਨਾਤਨਵਾਦ : ਉਹਨਾਂ ਸਾਹਿਤ/ ਕਲਾ ਸਿਧਾਂਤਾਂ ਦਾ ਨਾਂ ਸਨਾਤਨਵਾਦ (classicism) ਹੈ ਜਿਹੜੇ ਪ੍ਰਾਚੀਨ ਯੂਨਾਨ ਅਤੇ ਰੋਮ ਵਿੱਚ ਮਨੁੱਖੀ ਸੱਭਿਅਤਾ ਦੇ ਮੁਢਲੇ ਪੜਾਅ `ਤੇ ਕਲਾਕਾਰਾਂ/ਆਲੋਚਕਾਂ ਨੇ ਸਥਾਪਿਤ ਕੀਤੇ।ਇਹ ਕਲਾ ਸਿਧਾਂਤ ਸੱਭਿਅਤਾ ਦੇ ਅਗਲੇਰੇ ਦੌਰ ਵਿੱਚ ਪੈਦਾ ਹੋਏ ਸਾਹਿਤ/ਕਲਾ ਲਈ ਪ੍ਰੇਰਨਾ ਸ੍ਰੋਤ ਅਤੇ ਉਸ ਦੇ ਮੁਲਾਂਕਣ ਲਈ ਮਾਪਦੰਡ ਹੋ ਨਿਬੜੇ। ਕਲਾਸਿਕ ਸ਼ਬਦ ਉਹਨਾਂ ਕਲਾ-ਕ੍ਰਿਤਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਵਿਸ਼ੇ-ਵਸਤੂ ਅਤੇ ਰੂਪ, ਦੋਹਾਂ ਪੱਖੋਂ ਸਿਰੇ ਦੀ ਕਾਰਜ-ਕੁਸ਼ਲਤਾ ਹਾਸਲ ਕਰ ਕੇ ਕਲਾ ਦੇ ਖੇਤਰ ਵਿੱਚ ਪ੍ਰਮਾਣਿਕ ਮਾਡਲ ਸਥਾਪਿਤ ਕੀਤੇ ਹੋਣ।‘ਕਲਾਸਿਕ` ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘ਕਲਾਸੀਕਸ` ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਸਭ ਤੋਂ ਵਧੀਆ ਜਾਂ ਉੱਤਮ। ਅਜਿਹੇ ਮਾਡਲ ਪ੍ਰਾਚੀਨ ਯੂਨਾਨ ਅਤੇ ਰੋਮ ਦੇ ਕਲਾਕਾਰਾਂ/ਸਾਹਿਤਕਾਰਾਂ ਨੇ ਵੱਖੋ-ਵੱਖਰੀਆਂ ਸਾਹਿਤ ਵਿਧਾਵਾਂ ਵਿੱਚ ਪੇਸ਼ ਕੀਤੇ। ਸਨਾਤਨੀ ਕਲਾ ਕ੍ਰਿਤਾਂ ਨੇ ਪ੍ਰਮਾਣਿਕਤਾ ਦਾ ਦਰਜਾ ਹਾਸਲ ਕਰ ਲਿਆ ਅਤੇ ਮਗਰਲੇ ਦੌਰ ਦੀਆਂ ਕਲਾ-ਕ੍ਰਿਤਾਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਸਨਾਤਨੀ ਆਦਰਸ਼ਾਂ ਦੀ ਰੋਸ਼ਨੀ ਵਿੱਚ ਜਾਂਚਿਆ ਜਾਣ ਲੱਗਾ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਨਾਤਨੀ ਕਲਾ-ਕ੍ਰਿਤਾਂ ਆਪਣੇ ਸਰਵ-ਵਿਆਪੀ ਕਿਰਦਾਰ, ਉਚੇਰੀ ਨੈਤਿਕ-ਦਾਰਸ਼ਨਿਕ ਗੰਭੀਰਤਾ ਅਤੇ ਵਿਲੱਖਣ ਉਚੇਰੀ ਸ਼ੈਲੀ ਕਰ ਕੇ ਸਦੀਵੀ ਪ੍ਰਭਾਵ ਰੱਖਦੀਆਂ ਹਨ। ਉਹਨਾਂ ਨੂੰ ਅੱਜ ਵੀ ਏਨੀ ਸ਼ਿੱਦਤ ਨਾਲ ਮਾਣਿਆ ਜਾਂਦਾ ਹੈ ਜਿੰਨਾ ਉਹਨਾਂ ਨੂੰ ਸਮਕਾਲੀਆਂ ਨੇ ਮਾਣਿਆ। ਸਨਾਤਨੀ ਸਾਹਿਤ ਦਾ ਪ੍ਰਮੁੱਖ ਵਿਸ਼ਾ-ਵਸਤੂ ਮਾਨਵ ਅਤੇ ਸ੍ਰਿਸ਼ਟੀ, ਮਾਨਵ ਅਤੇ ਕੁਦਰਤ, ਮਾਨਵ ਅਤੇ ਰੱਬ ਦਾ ਰਿਸ਼ਤਾ ਰਿਹਾ ਹੈ। ਇਹ ਵਿਸ਼ਾ ਸਰਬ-ਵਿਆਪੀ ਹੈ ਅਤੇ ਮਾਨਵਤਾ ਹਰ ਯੁੱਗ ਵਿੱਚ ਇਸ ਵੱਲ ਰੁਚਿਤ ਰਹੀ ਹੈ।ਸਨਾਤਨਵਾਦੀ ਕਲਾ ਇਸ ਸਰਬ-ਵਿਆਪੀ, ਗੰਭੀਰ ਨੈਤਿਕ ਮੁੱਦੇ ਨੂੰ ਗੰਭੀਰ ਸ਼ੈਲੀ ਵਿੱਚ ਪੇਸ਼ ਕਰ ਕੇ ਵਿਸ਼ੇ-ਵਸਤੂ ਅਤੇ ਰੂਪ ਵਿੱਚ ਇੱਕਸੁਰਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੀ ਹੈ। ਭਾਵੇਂ ਬਾਅਦ ਦੇ ਦੌਰ ਵਿੱਚ ਅਜਿਹੀ ਇੱਕਸੁਰਤਾ ਕਾਇਮ ਰੱਖਣੀ ਸੰਭਵ ਨਹੀਂ ਸੀ ਫਿਰ ਵੀ ਇਹ ਕਲਾ-ਕ੍ਰਿਤਾਂ ਸੱਭਿਅਤਾ ਦੇ ਵਿਕਾਸ ਦੇ ਮਗਰਲੇ ਦੌਰ ਵਿੱਚ ਕਲਾਕਾਰਾਂ ਲਈ ਪ੍ਰੇਰਨਾ ਸ੍ਰੋਤ ਅਤੇ ਦਰਸ਼ਕਾਂ ਜਾਂ ਪਾਠਕਾਂ ਲਈ ਅਨੰਦ ਅਤੇ ਪ੍ਰੇਰਨਾ ਦਾ ਸ੍ਰੋਤ ਰਹੀਆਂ।

     ਨਵ-ਸਨਾਤਨਵਾਦ (neo-classicism) ਉਹਨਾਂ ਵੱਖੋ-ਵੱਖਰੀਆਂ ਲਹਿਰਾਂ ਦੇ ਸੰਗ੍ਰਹਿ ਨੂੰ ਕਿਹਾ ਗਿਆ ਹੈ ਜਿਹੜੀਆਂ ਵਿਜ਼ੂਅਲ ਆਰਟ, ਸਾਹਿਤ, ਇਮਾਰਤਸਾਜ਼ੀ, ਨਾਟਕ ਅਤੇ ਸੰਗੀਤ ਦੇ ਖੇਤਰ ਵਿੱਚ ਅਠਾਰ੍ਹਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਉੱਭਰੀਆਂ। ਨਵ- ਸਨਾਤਨਵਾਦ ਇੱਕ ਆਦਰਸ਼ ਤੋਂ ਪ੍ਰੇਰਿਤ ਕਲਾ ਹੈ। ਆਦਰਸ਼ ਕਲਾ ਕੀ ਹੈ ? ਉਹ ਪ੍ਰਾਚੀਨ ਕਲਾ-ਕ੍ਰਿਤਾਂ ਜਿਹੜੀਆਂ ਵਿਸ਼ਾ-ਵਸਤੂ ਅਤੇ ਸ਼ੈਲੀ ਦੋਹਾਂ ਪੱਖਾਂ ਤੋਂ ਬਿਹਤਰੀਨ ਹੋਣ ਕਰ ਕੇ ਇੱਕ ਨਮੂਨੇ ਦਾ ਦਰਜਾ ਇਖ਼ਤਿਆਰ ਕਰ ਚੁੱਕੀਆਂ ਹਨ। ਇਸ ਲਈ ਨਵ- ਸਨਾਤਨਵਾਦੀ ਕਲਾਕਾਰ ਉਹ ਹੈ ਜੋ ਇਸ ਪ੍ਰਾਚੀਨ ਵਿਰਸੇ ਤੋਂ ਜਾਣੂ ਹੈ ਅਤੇ ਉਸ ਪਰੰਪਰਾ ਵਿੱਚ ਅਭਿਆਸ ਰੱਖਦਾ ਹੈ। ਨਵ-ਸਨਾਤਨਵਾਦ ਦਾ ਮਨੋਰਥ ਇਸ ਪਰੰਪਰਾ ਦਾ ਬੇਜਾਨ ਕ੍ਰਿਤਾਂ ਵਿੱਚ ਦੁਹਰਾਓ ਕਰਨਾ ਨਹੀਂ ਬਲਕਿ ਨਵੇਂ ਸੱਭਿਆਚਾਰਿਕ-ਸਮਾਜਿਕ ਸੰਦਰਭ ਵਿੱਚ ਵਿਸ਼ੇ- ਵਸਤੂ ਅਤੇ ਰੂਪ ਵਿੱਚ ਨਵੇਂ ਸਿਰਿਓਂ ਸੁਮੇਲ ਸਥਾਪਿਤ ਕਰਨਾ ਹੈ। ਅੰਗਰੇਜ਼ੀ ਕਵੀ ਡਰਾਈਡਨ ਅਤੇ ਅਲੈਗਜ਼ੈਂਡਰ ਪੋਪ ਦੀਆਂ ਕ੍ਰਿਤਾਂ ਬਾਰੇ ਮੈਥਿਓ ਆਰਨਲਡ ਨੇ ਕਿਹਾ ਸੀ ਕਿ ਇਹਨਾਂ ਦੇ ਕਲਾਸਿਕ ਕਵਿਤਾ ਦੇ ਕਲਾਸਿਕ ਨਹੀਂ ਬਲਕਿ ਵਾਰਤਕ ਦੇ ਬੇਜਾਨ ਕਲਾਸਿਕ ਹਨ ਕਿਉਂਕਿ ਉਹਨਾਂ ਵਿੱਚ ਸਨਾਤਨਵਾਦ ਵਾਲੀ ਗੰਭੀਰਤਾ ਨਹੀਂ। ਨਵੀਨਤਾ, ਪ੍ਰੇਰਨਾ, ਰੁਮਾਂਸਵਾਦ ਜਾਂ ਆਧੁਨਿਕਤਾਵਾਦ ਦੀਆਂ ਕਦਰਾਂ ਹੋ ਸਕਦੀਆਂ ਹਨ, ਨਵ- ਸਨਾਤਨਵਾਦ ਦੀਆਂ ਨਹੀਂ। ਨਿਯੰਤਰਨ, ਇੱਕਸੁਰਤਾ ਅਤੇ ਉਚੇਰੀ ਨੈਤਿਕ ਗੰਭੀਰਤਾ ਨਵ-ਸਨਾਤਨਵਾਦ ਦੇ ਜ਼ਰੂਰੀ ਲੱਛਣ ਹਨ। ਨਵ-ਸਨਾਤਨਵਾਦ ਸਵੈ-ਚੇਤੰਨ ਲਹਿਰ ਹੈ। ਇਹ ਆਪਣੀ ਪਰੰਪਰਾ ਅਤੇ ਵਿਰਸੇ ਤੋਂ ਸੁਚੇਤ ਹੈ ਅਤੇ ਇਸਦਾ ਉਦੇਸ਼ ਕਲਾ ਦੇ ਯੂਨਾਨੀ/ਰੋਮਨ ਆਦਰਸ਼ ਵੱਲ ਪਰਤਣਾ ਹੈ।

          ਨਵ-ਸਨਾਤਨਵਾਦ ਦਾ ਪ੍ਰਭਾਵ ਪਹਿਲਾਂ ਇੰਗਲੈਂਡ ਤੇ ਫ਼੍ਰਾਂਸ ਵਿੱਚ ਅਤੇ ਫਿਰ ਰੋਮ ਵਿੱਚ ਸਿਖਿਅਤ ਫ਼੍ਰਾਂਸੀਸੀ ਕਲਾ ਵਿਦਿਆਰਥੀਆਂ ਰਾਹੀਂ ਫੈਲਿਆ। ਇਹ ਵਿਦਿਆਰਥੀ ਜੋਚਿੰਮ ਵਿੰਕਲਮੈਨ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਸਨ। ਅੰਗਰੇਜ਼ੀ ਸਾਹਿਤ ਤੇ ਇਸ ਦਾ ਪ੍ਰਭਾਵ ਰੈਸਟੋਰੇਸ਼ਨ ਕਾਲ ਦੌਰਾਨ 1660 ਤੋਂ 1800 ਤੱਕ ਲਗਪਗ 140 ਸਾਲ ਰਿਹਾ। ਡਰਾਈਡਨ, ਪੋਪ, ਸਵਿਫ਼ਟ ਅਤੇ ਡਿਫੋ ਵਰਗੇ ਲੇਖਕ ਇਸਦੇ ਪ੍ਰਮੁਖ ਪ੍ਰਤਿਨਿਧ ਹਨ। ਫ਼੍ਰਾਂਸ ਵਿੱਚ ਨਾਟਕ ਦੇ ਖੇਤਰ ਵਿੱਚ ਜਾਂ ਰੇਸੀਨ ਨੇ ਇਸ ਨੂੰ ਅਪਣਾਇਆ। ਵੀਹਵੀਂ ਸਦੀ ਵਿੱਚ ਟੀ.ਈ. ਹਿਊਮ, ਟੀ.ਐਸ. ਈਲੀਅਟ, ਵਿੰਧਮ ਲੀਵਿਸ ਅਤੇ ਡਬਲਿਊ.ਬੀ. ਯੀਟਸ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.