ਸਨੁਕੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਨੁਕੜਾ (ਨਾਂ,ਪੁ) ਸਣ ਤੋਂ ਕੁਝ ਮੋਟਾ ਅਤੇ ਉੱਚੇ ਕੱਦ ਦੀ ਸੀਖ ਤੋਂ ਰੱਸੇ ਆਦਿ ਵੱਟਣ ਲਈ ਰੇਸ਼ਾ ਪ੍ਰਾਪਤ ਕੀਤਾ ਜਾ ਸਕਣ ਵਾਲਾ ਬੂਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਨੁਕੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਨੁਕੜਾ [ਨਾਂਪੁ] ਸਣ ਦੀ ਇੱਕ ਕਿਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਨੁਕੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਨੁਕੜਾ : ਇਹ ਟਿਲੀਏਸੀ (Tiliaceae) ਕੁਲ, ਕਾੱਰਕੋਰਸ (Corchorus) ਪ੍ਰਜਾਤੀ ਅਤੇ ਓਲੀਟੋਰੀਅਸ (Olitorius) ਜਾਤੀ ਦਾ ਮੈਂਬਰ ਹੈ। ਇਹ ਇਕ-ਵਰਸ਼ੀ ਪੌਦਾ ਹੈ, ਜੋ ਲਗਭਗ 2 ਤੋਂ 5 ਮੀ. ਤਕ ਉੱਚਾ ਹੋ ਜਾਂਦਾ ਹੈ। ਇਸਦਾ ਤਣਾ ਪਧਰਾ ਅਤੇ ਸ਼ਾਖ਼ਾਵਾਂ ਵਾਲਾ ਹੁੰਦਾ ਹੈ। ਇਸ ਦੇ ਪੱਤੇ ਹਲਕੇ ਹਰੇ ਰੰਗ ਦੇ, ਲਗਭਗ 10-15 ਸੈਂ. ਮੀ. ਲੰਬੇ, 5 ਸੈਂ. ਮੀ. ਚੌੜੇ ਅਤੇ ਦੰਦੇਦਾਰ ਕਿਨਾਰਿਆਂ ਵਾਲੇ ਅੰਡਾਕਾਰ ਜਾਂ ਬਰਛਾਨੁਮਾ ਆਕਾਰ ਦੇ ਹੁੰਦੇ ਹਨ। ਸਭ ਤੋਂ ਹੇਠਲੇ ਦੋ ਦੰਦੇ ਲੰਬੇ, ਮੁੜੇ ਹੋਏ ਬ੍ਰਿਸਲਜ਼ ਵਿਚ ਵਧੇ ਹੁੰਦੇ ਹਨ। ਇਨ੍ਹਾਂ ਦੀਆਂ ਸ਼ਿਰਾਂਵਾਂ ਹੇਠਲੀ ਸਤ੍ਹਾ ਤੇ ਅਤੇ ਰੋਮਦਾਰ ਹੁੰਦੀਆਂ ਹਨ। ਇਸਦੇ ਫੁੱਲ ਪੀਲੇ ਰੰਗ ਦੇ, ਇਕੱਲੇ ਇਕੱਲੇ ਜਾਂ ਗੁੱਛਿਆਂ ਵਿਚ ਹੁੰਦੇ ਹਨ। ਇਸ ਪੌਦੇ ਨੂੰ ਫਲੀਆਂ ਲਗਦੀਆਂ ਹਨ। ਇਹ ਫਲੀਆਂ 5-8 ਸੈਂ. ਮੀ. ਲਬੀਆਂ ਤੇ ਵੇਲਣਾਕਾਰ ਹੁੰਦੀਆਂ ਹਨ।

          ਸਨੁਕੜੇ ਦੀ ਪੈਦਾਵਾਰ ਲਈ ਜ਼ਮੀਨ ਉਪਜਾਊ ਅਤੇ ਜਲ-ਨਿਕਾਸੀ ਅਤੇ ਜਲਵਾਯੂ ਗਰਮ ਤੇ ਸਿਲ੍ਹਾ ਹੋਣਾ ਚਾਹੀਦਾ ਹੈ। ਬਰਖਾ 8 ਤੋਂ 10 ਸੈਂ. ਮੀ. ਪ੍ਰਤਿ ਮਹੀਨਾ ਚਾਹੀਦੀ ਹੈ। ਇਸਦੀ ਬੀਜਾਈ ਮਾਰਚ ਤੋਂ ਜੂਨ ਤਕ ਕੀਤੀ ਜਾਂਦੀ ਹੈ ਅਤੇ ਕਟਾਈ ਜੁਲਾਈ ਤੋਂ ਅਕਤੂਬਰ ਦੇ ਅੱਧ ਤਕ ਹੁੰਦੀ ਹੈ। ਇਸ ਦੇ ਤਣੇ ਕੱਟ ਕੇ ਛੱਪੜਾਂ ਜਾਂ ਨਹਿਰਾਂ ਦੇ ਪਾਣੀ ਵਿਚ ਦੱਬ ਦਿਤੇ ਜਾਂਦੇ ਹਨ। ਇਨ੍ਹਾਂ ਨੂੰ ਇਸ ਤਰ੍ਹਾਂ 10 ਤੋਂ 30 ਦਿਨਾਂ ਤਕ ਪਾਣੀ ਵਿਚ ਰਖਿਆ ਜਾਂਦਾ ਹੈ। ਇਸ ਸਮੇਂ ਵਿਚ ਬੈਕਟੀਰੀਆ ਰੇਸ਼ਿਆਂ ਦੇ ਦੁਆਲੇ ਦੇ ਟਿਸ਼ੂਆਂ ਨੂੰ ਖ਼ਤਮ ਕਰ ਦਿੰਦੇ ਹਨ।

          ਜਦੋਂ ਰੇਸ਼ੇ ਛਿੱਲਣ ਯੋਗ ਹੋ ਜਾਂਦੇ ਹਨ ਤਾਂ ਇਨ੍ਹਾਂ ਤਣਿਆਂ ਨੂੰ ਪਾਣੀ ਦੇ ਕਿਨਾਰੇ ਤੇ ਲਿਆਇਆ ਜਾਂਦਾ ਹੈ। ਰੇਸ਼ੇ ਵੱਖ ਕਰਨ ਲਈ ਇਨ੍ਹਾਂ ਦੇ ਛੋਟੇ ਛੋਟੇ ਗੁੱਛੇ ਬਣਾ ਕੇ ਜੜ੍ਹਾਂ ਵੱਲੋਂ ਮੋਗਰੀ ਨਾਲ ਕੁੱਟਦੇ ਹਨ। ਫਿਰ ਇਨ੍ਹਾਂ ਨੂੰ ਤੋੜ ਕੇ ਝਟਕਿਆਂ ਨਾਲ ਰੇਸ਼ਿਆਂ ਤੋਂ ਵਖਰਾ ਕਰ ਦਿੱਤਾ ਜਾਂਦਾ ਹੈ। ਅੰਤ ਵਿਚ ਰੇਸ਼ਿਆਂ ਨੂੰ ਪਾਣੀ ਨਾਲ ਧੋਣ ਮਗਰੋਂ ਨਿਚੋੜ ਕੇ ਸੁੱਕਣੇ ਪਾ ਦਿਤਾ ਜਾਂਦਾ ਹੈ। ਇਹ ਰੇਸ਼ੇ ਇਕ ਦੂਜੇ ਨੂੰ ਢਕਦੇ ਹੋਏ ਸੈੱਲਾਂ ਦੀ ਇਕ ਲੜੀ ਦੇ ਬਣੇ ਹੁੰਦੇ ਹਨ। ਹਰ ਸੈੱਲ ਦਾ ਵਿਆਸ 2 ਤੋਂ 20 ਮਾਈਕ੍ਰਾੱਨ ਤਕ ਹੁੰਦਾ ਹੈ। ਜਿਹੜੇ ਰੇਸ਼ੇ ਤਣੇ ਦੁਆਲੇ, ਛਿਲਕੇ ਦੇ ਨੇੜੇ ਹੁੰਦੇ ਹਨ ਉਹ ਤਣੇ ਦੀ ਪੂਰੀ ਲੰਬਾਈ ਤਕ ਜਾਂਦੇ ਹਨ ਪਰ ਬਾਕੀ ਦੇ ਹੌਲੀ ਹੌਲੀ ਛੋਟੇ ਹੁੰਦੇ ਜਾਂਦੇ ਹਨ। ਦੇਖਣ ਵਿਚ ਤਾਂ ਇਹ ਰੇਸ਼ੇ ਸਮਾਂਤਰ ਨਜ਼ਰ ਆਉਂਦੇ ਹਨ, ਪਰ ਸੂਖ਼ਮ ਤੌਰ ਤੇ ਨਿਰੀਖਣ ਕੀਤਿਆਂ ਪਤਾ ਲਗਦਾ ਹੈ ਕਿ ਇਨ੍ਹਾਂ ਦਾ ਇਕ ਜਾਲ ਜਿਹਾ ਬਣਿਆ ਹੋਇਆ ਹੈ। 

          ਸਨੁਕੜੇ ਦੇ ਪੱਤੇ, ਜੜ੍ਹਾਂ ਅਤੇ ਕੱਚੀਆਂ ਫਲੀਆਂ ਦਵਾਈਆਂ ਵਿਚ ਵੀ ਵਰਤੀਆਂ ਜਾਂਦੀਆਂ ਹਨ। ਸੁੱਕੀਆਂ ਜੜ੍ਹਾਂ ਤੇ ਕੱਚੀਆਂ ਫਲੀਆਂ ਦਾ ਕਾੜ੍ਹਾ ਹੈਜ਼ੇ ਵਿਚ ਗੁਣਕਾਰੀ ਹੁੰਦਾ ਹੈ। ਇਸ ਦੀਆਂ ਫਲੀਆਂ ਤੋਂ ਬਣਾਈ ਮੱਲ੍ਹਮ ਫੋੜਿਆਂ ਤੇ ਲਾਉਣ ਦੇ ਕੰਮ ਆਉਂਦੀ ਹੈ। ਇਸਦੇ ਪੱਤੇ ਹਾਜ਼ਮੇ ਲਈ ਜੁਲਾਬ ਵਜੋਂ ਅਤੇ ਖ਼ੂਨ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਵਰਤੇ ਜਾਂਦੇ ਹਨ। ਇਹ ਕਿਰਮਨਾਸ਼ਕ ਤੇ ਬਲਵਰਧਕ ਹੁੰਦੇ ਹਨ।

          ਹ. ਪੁ.––ਮੈ. ਪ. ਇੰ. ਪਾ : 90.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਸਨੁਕੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਨੁਕੜਾ, ਪੁਲਿੰਗ : ਸਣੀ ਵਰਗਾ ਇੱਕ ਬੂਟਾ ਜੋ ਸਣੀ ਨਾਲੋਂ ਮੋਟਾ ਤੇ ਲੰਮਾ ਹੁੰਦਾ ਅਤੇ ਜਿਸ ਦੀਆਂ ਟਾਹਣੀਆਂ ਸਣੀ ਨਾਲੋਂ ਘੱਟ ਹੰਢਦੀਆਂ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-49-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.