ਸਵਿਫ਼ਟ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਵਿਫ਼ਟ (1667–1745) : ਅਠਾਰ੍ਹਵੀਂ ਸਦੀ ਦੇ ਅੰਗਰੇਜ਼ੀ ਸਾਹਿਤ ਵਿੱਚ ਸਵਿਫ਼ਟ ਜੋਨਾਥਨ (Swift  Jonathan) ਮਹਾਨ ਅਤੇ ਪ੍ਰਭਾਵਸ਼ਾਲੀ ਲੇਖਕ ਦੇ ਤੌਰ ਤੇ ਜਾਣਿਆ ਜਾਂਦਾ ਹੈ। 30 ਨਵੰਬਰ 1667 ਨੂੰ ਜਨਮਿਆ ਸਵਿਫ਼ਟ ਰਵਾਇਤੀ ਐਂਗਲੋ ਆਇਰਿਸ਼ ਰਚਨਾਵਾਂ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ। ਸਵਿਫ਼ਟ ਦੇ ਜਨਮ ਤੋਂ ਕੁਝ ਅਰਸਾ ਪਹਿਲਾਂ ਉਸ ਦੇ ਪਰਿਵਾਰ ਨੇ ਆਇਰਲੈਂਡ ਵਿਖੇ ਰਹਿਣਾ ਸ਼ੁਰੂ ਕੀਤਾ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜਨਮੇ ਸਵਿਫ਼ਟ ਨੂੰ ਆਪਣੇ ਰਿਸ਼ਤੇਦਾਰਾਂ `ਤੇ ਨਿਰਭਰ ਰਹਿਣਾ ਪਿਆ, ਜਿਹੜੇ ਪ੍ਰਭਾਵਸ਼ਾਲੀ ਅਤੇ ਬਹੁਤ ਪਹੁੰਚ ਵਾਲੇ ਸਨ।

      1674 ਤੋਂ 1682 ਤੱਕ ਉਸ ਨੇ ਕਿਲਕੇਨੀ ਗ੍ਰਾਮਰ ਸਕੂਲ ਵਿਖੇ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟਿਰਨਟੀ ਕਾਲਜ, ਡਬਲਿਨ ਵਿਖੇ ਦਾਖ਼ਲਾ ਲਿਆ, ਜਿੱਥੋਂ 1686 ਵਿੱਚ ਡਿਗਰੀ ਪ੍ਰਾਪਤ ਕੀਤੀ। ਉਸ ਦੀ ਡਿਗਰੀ ਤੇ ਦਿੱਤੇ ਵਿਸ਼ੇਸ਼ ਕਥਨ ਪ੍ਰਮਾਣ ਹਨ ਕਿ ਉਸ ਨੇ ਕਾਲਜ ਦਾ ਅਨੁਸ਼ਾਸਨ ਜ਼ਰੂਰ ਭੰਗ ਕੀਤਾ ਹੋਵੇਗਾ। 1688 ਦੇ ਕੈਥੋਲਿਕ ਵਿਦਰੋਹ ਤੱਕ ਉਹ ਟਿਰਨਟੀ ਵਿੱਚ ਹੀ ਰਿਹਾ। ਇਸੇ ਵਿਦਰੋਹ ਦੌਰਾਨ ਬਹੁਤ ਸਾਰੇ ਅੰਗਰੇਜ਼ੀ ਰਫ਼ਿਊਜ਼ੀਆਂ ਨੂੰ ਇੰਗਲੈਂਡ ਜਾਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਇੰਗਲੈਂਡ ਦਾ ਸਿੰਘਾਸਣ ਜੇਮਜ਼ ਦੂਜੇ ਨੂੰ ਮਜਬੂਰਨ ਤਿਆਗਣਾ ਪਿਆ ਸੀ। ਕੁਝ ਸਮਾਂ ਆਪਣੀ ਮਾਂ ਨਾਲ ਰਹਿਣ ਉਪਰੰਤ ਸਵਿਫ਼ਟ ਨੇ ਪ੍ਰਸਿੱਧ ਵਿਦਵਾਨ ਤੇ ਭੂਤਪੂਰਵ ਰਾਜਦੂਤ ਸਰ ਵਿਲੀਅਮ ਟੈਂਪਲ ਨਾਲ ਰਹਿਣਾ ਸ਼ੁਰੂ ਕੀਤਾ।ਟੈਂਪਲ ਪਰਿਵਾਰ ਦੇ ਲੋਕਾਂ ਨਾਲ ਉਸ ਦੇ ਗਹਿਰੇ ਸੰਬੰਧ ਸਨ ਅਤੇ ਸੰਭਵ ਹੈ ਕਿ ਸਰ ਟੈਂਪਲ ਦੇ ਪਿਤਾ ਨੇ ਉਸ ਨੂੰ ਸਵਿਫ਼ਟ ਨਾਲ ਮਿਲਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ।

     ਸਰ ਟੈਂਪਲ ਆਪਣੇ ਲੇਖਾਂ ਦੀ ਦੂਜੀ ਜਿਲਦ ਛਾਪਣ ਦੀ ਕਾਹਲੀ ਵਿੱਚ ਸੀ ਅਤੇ ਇਕ ਯੋਗ ਸਕੱਤਰ ਦੀ ਖੋਜ ਵਿੱਚ ਸੀ। ਇਸ ਅਹੁਦੇ ਲਈ ਸਵਿਫ਼ਟ ਦੀ ਚੋਣ ਕੀਤੀ ਗਈ ਅਤੇ ਉਹ ਸਰ ਟੈਂਪਲ ਦੇ ਅੰਤ (1699) ਤੱਕ ਨਾਲ ਰਿਹਾ। ਦੋਵਾਂ ਦੀ ਸਾਂਝ ਸਵਿਫ਼ਟ ਦੇ ਵਿਕਾਸ ਲਈ ਅਤਿ ਮਹੱਤਵਪੂਰਨ ਸੀ। ਸਰ ਟੈਂਲਪ ਦੇ ਪੇਪਰਾਂ ਦਾ ਸੰਪਾਦਨ ਸਵਿਫ਼ਟ ਲਈ ਇਕ ਚੁਨੌਤੀ, ਸਿਖਲਾਈ ਅਤੇ ਗਹਿਰਾ ਅਭਿਆਸ ਸੀ, ਜੋ ਕਿ ਉਸ ਦੇ ਲੇਖਕ ਬਣਨ ਵਿੱਚ ਸਹਾਈ ਸਾਬਤ ਹੋਇਆ। ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਿਕ ਮਾਮਲਿਆਂ ਪ੍ਰਤਿ ਸਵਿਫ਼ਟ ਦੀ ਜਾਣਕਾਰੀ ਹੋਰ ਵੀ ਵਿਸ਼ਾਲ ਅਤੇ ਵਿਸਤ੍ਰਿਤ ਹੋ ਗਈ, ਜੋ ਕਿ ਲੇਖਕ ਲਈ ਚਾਨਣ-ਮੁਨਾਰਾ ਸਾਬਤ ਹੋਈ।

     ਮੂਰ ਪਾਰਕ ਰਹਿੰਦੇ ਹੋਏ ਸਵਿਫ਼ਟ ਦੀ ਨੇੜ੍ਹਤਾ ਸਰ ਟੈਂਪਲ ਦੇ ਸੇਵਾਦਾਰ ਦੀ ਲੜਕੀ ਐਸਥਰ ਜੌਹਨਸਨ ਸਟੈਲਾ ਨਾਲ ਹੋ ਗਈ ਅਤੇ ਸਵਿਫ਼ਟ ਨੇ ਉਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਕੁਝ ਆਲੋਚਕਾਂ ਦਾ ਮੰਨਣਾ ਹੈ ਕਿ ਉਸ ਦੇ ਸੰਬੰਧ ਗਹਿਰਾ ਰੂਪ ਧਾਰਨ ਕਰਨ ਲੱਗੇ ਅਤੇ ਇੱਥੋਂ ਤੱਕ ਕਿ ਉਸ ਨੇ ਐਸਥਰ ਸਟੈਲਾ ਨਾਲ ਗੁਪਤ ਸ਼ਾਦੀ ਵੀ ਕਰ ਲਈ। 1692 ਵਿੱਚ ਸਵਿਫ਼ਟ ਨੇ ਹਾਰਟ ਕਾਲਜ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਵਿੱਚ ਹੀ ਸਵਿਫ਼ਟ ਨੇ ਕਾਉਲੈ ਵਾਂਗ ਗੀਤ-ਕਾਵਿ ਲਿਖਣਾ ਅਰੰਭ ਕੀਤਾ, ਪਰ ਬਹੁਤ ਜਲਦੀ ਹੀ ਉੁਸਨੂੰ ਮਹਿਸੂਸ ਹੋਇਆ ਕਿ ਇਹ ਉਸ ਦੇ ਵਿਅਕਤੀਗਤ ਸੁਭਾਅ ਦੇ ਅਨੁਕੂਲ ਨਹੀਂ ਹੈ। ਇਸ ਲਈ ਉਸ ਨੇ ਵਿਅੰਗਾਤਮਿਕ ਰਚਨਾ ਅਰੰਭ ਕੀਤੀ ਤਾਂਕਿ ਗਿਆਨਵਾਨ ਲੋਕਾਂ ਦਾ ਧਿਆਨ ਧਰਮ ਅਤੇ ਸਰਕਾਰ ਸੰਬੰਧੀ ਵਿਸ਼ਿਆਂ ਤੋਂ ਹਟਾਇਆ ਜਾ ਸਕੇ।

     ਸਵਿਫ਼ਟ ਦੀ ਰਚਨਾ ਏ ਟੇਲ ਆਫ਼ ਏ ਟੱਬ ਉਸ ਦੇ ਸੁਭਾਅ ਨਾਲ ਮੇਲ ਖਾਂਦੀ ਸੀ। ਇਸ ਦਾ ਨਿਸ਼ਾਨਾ ਧਾਰਮਿਕ ਅਸਹਿਮਤੀ ਅਤੇ ਗਿਆਨ ਦੀ ਕੁਵਰਤੋਂ ਨਾਲ ਹੈ, ਕਿਉਂਕਿ ਸਵਿਫ਼ਟ ਈਸਾਈ ਮਤ ਵਿੱਚ ਦ੍ਰਿੜ੍ਹ ਵਿਸ਼ਵਾਸ ਅਤੇ ਆਧੁਨਿਕ ਗਿਆਨ ਦੇ ਵਿਰੁੱਧ ਸੀ। ਏ ਟੇਲ ਆਫ਼ ਏ ਟੱਬ ਤੋਂ ਇਲਾਵਾ ਸਵਿਫ਼ਟ ਨੇ ਆਪਣੀਆਂ ਹੋਰ ਵੀ ਮਹੱਤਵਪੂਰਨ ਵਾਰਤਕ ਰਚਨਾਵਾਂ ਮੂਰ ਪਾਰਕ ਵਿਖੇ ਹੀ ਕੀਤੀਆਂ। ਦਾ ਬੈਟਲ ਆਫ਼ ਬੁਕਸ ਸਿੱਧੇ ਅਤੇ ਪ੍ਰਤੱਖ ਰੂਪ ਵਿੱਚ ਸਵਿਫ਼ਟ ਦੇ ਅਨੁਭਵੀ ਅਤੇ ਰਹਿਨੁਮਾਈ ਕਰਨ ਵਾਲੇ ਮਿੱਤਰ ਸਰ ਟੈਂਪਲ ਦੀ ਕਿਤਾਬ ਅਪੋਨ ਐਨਸ਼ੀਐਂਟ ਐਂਡ ਮਾਡਰਨ ਲਿਟਰੇਚਰ ਤੋਂ ਪ੍ਰੇਰਿਤ ਸੀ, ਜਿਹੜੀ ਕਿ ਵਿਵਾਦਾਂ ਦੇ ਘੇਰੇ ਵਿੱਚ ਸੀ। ਸਰ ਟੈਂਪਲ ਨੇ ਪੁਰਾਣੇ ਅਤੇ ਕਲਾਸੀਕਲ ਲੇਖਕਾਂ ਦਾ ਸਮਰਥਨ ਕੀਤਾ, ਜੋ ਕਿ ਨਵੇਂ ਲਿਖਾਰੀਆਂ ਨੂੰ ਮਨਜ਼ੂਰ ਨਹੀਂ ਸੀ। ਇਹਨਾਂ ਵਿਸ਼ਿਆਂ ਨੇ ਨਵੀਂ ਕਿਸਮ ਦੀ ਬਹਿਸ ਤੇ ਵਾਦ-ਵਿਵਾਦ ਨੂੰ ਜਨਮ ਦਿੱਤਾ।

     ਸਵਿਫ਼ਟ ਨੇ ਇਕ ਹੋਰ ਵਿਅੰਗਾਤਮਿਕ ਰਚਨਾ ਪ੍ਰਕਾਸ਼ਿਤ ਕੀਤੀ, ਜਿਸ ਦਾ ਸਿਰਲੇਖ ਡਿਸਕੋਰਸ ਕਨਸਰਨਿੰਗ  ਦਾ  ਮਕੈਨੀਕਲ  ਓਪਰੇਸ਼ਨਜ਼  ਆਫ਼ ਸਪਿਰਿਟਸ  ਸੀ। ਕੁਝ ਸਮੇਂ ਤੱਕ ਸਵਿਫ਼ਟ ਇਹਨਾਂ ਰਚਨਾਵਾਂ ਨੂੰ ਛਪਵਾ ਨਹੀਂ ਸਕਿਆ ਅਤੇ ਇਹ 1704 ਵਿੱਚ ਪ੍ਰਕਾਸ਼ਿਤ ਹੋਈਆਂ। ਭਾਵੇਂ ਸਵਿਫ਼ਟ ਨੇ ਰਚਨਾਤਮਿਕ ਜੀਵਨ ਦੀਆਂ ਹੱਦਾਂ ਛੋਹੀਆਂ ਪਰ ਅਜੇ ਵੀ ਉਸ ਦੀ ਕੋਈ ਵੱਖਰੀ ਪਛਾਣ ਨਹੀਂ ਸੀ ਅਤੇ ਉਸ ਨੂੰ ਮਹੱਤਵਪੂਰਨ ਲੇਖਕਾਂ ਦੀ ਕਤਾਰ ਵਿੱਚ ਨਹੀਂ ਮੰਨਿਆ ਜਾਂਦਾ ਸੀ।

     ਆਪਣੇ ਸਰਪ੍ਰਸਤ ਦੀ ਮੌਤ ਤੋਂ ਬਾਅਦ ਸਵਿਫ਼ਟ ਨੂੰ ਇੰਗਲੈਂਡ ਵਿੱਚ ਕੋਈ ਵੱਡਾ ਅਹੁਦਾ ਮਿਲਣ ਦੀ ਸੰਭਾਵਨਾ ਨਹੀਂ ਸੀ। ਇਸ ਲਈ ਸਵਿਫ਼ਟ ਆਇਰਲੈਂਡ ਪਰਤ ਗਿਆ, ਜਿੱਥੇ ਉਸ ਨੂੰ ਲਾਰਡ ਬਰਕਲੇ ਦਾ ਪਰੋਹਤ ਲਗਾਇਆ ਗਿਆ। ਉੱਥੇ ਅਗਲੇ ਦਸ ਸਾਲਾਂ ਦੌਰਾਨ ਸਵਿਫ਼ਟ ਨੇ ਕਈ ਹੋਰ ਧਾਰਮਿਕ ਅਹੁਦਿਆਂ `ਤੇ ਕੰਮ ਕੀਤਾ, ਜਿਸ ਨਾਲ ਉਸ ਦੀ ਮਾਲੀ ਹਾਲਤ ਵਿੱਚ ਮਜ਼ਬੂਤੀ ਅਤੇ ਸਥਿਰਤਾ ਆ ਗਈ। ਹੁਣ ਉਹ ਬਾਰ-ਬਾਰ ਇੰਗਲੈਂਡ ਜਾ ਸਕਦਾ ਸੀ।

     ਏ ਟੇਲ ਆਫ਼ ਏ ਟੱਬ  ਦੇ ਪ੍ਰਕਾਸ਼ਨ ਤੋਂ ਬਾਅਦ ਸਾਹਿਤਿਕ ਖੇਤਰ ਵਿੱਚ ਉਸ ਦੀ ਨਵੇਕਲੀ ਪਛਾਣ ਖ਼ੁਸ਼ਨੁਮਾ ਵਾਰਤਕ ਲਿਖਾਰੀ ਦੇ ਰੂਪ ਵਿੱਚ ਹੋਣ ਲੱਗੀ। ਇਸ ਸਮੇਂ ਸਵਿਫ਼ਟ ਕੇਵਲ ‘ਹਾਲਾਤਾਂ ਤੋਂ ਪ੍ਰੇਰਿਤ ਰਚਨਾਵਾਂ’ ਜਾਂ ‘ਓਕੇਜ਼ਨਲ ਪੀਸਿਜ਼’ ਹੀ ਲਿਖਣ ਲੱਗਾ, ਜੋ ਕਿ ਧਾਰਮਿਕ ਜਾਂ ਰਾਜਨੀਤਿਕ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਲਿਖੇ ਜਾਂਦੇ ਸਨ। ਆਪਣਾ ਪੈਂਫ਼ਲਿਟ ਜਾਂ ਕਿਤਾਬਚਾ ਕਨਫੈਸ਼ਨਜ਼ ਐਂਡ ਡਾਈਸੈਨਸ਼ਨਜ਼ ਇਨ ਏਥਨਜ਼ ਐਂਡ ਰੋਮ  ਵਿੱਚ ਸਵਿਫ਼ਟ ਨੇ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਮਈ ਢੰਗ ਨਾਲ ਵਿਗਜ਼ ਵਿਚਾਰਧਾਰਾ ਤੇ ਉਦੇਸ਼ਾਂ ਦੀ ਪੂਰਤੀ ਕੀਤੀ। ਪਰੰਤੂ ਵਿਗਜ਼ ਮਨਿਸਟਰੀ ਦੇ ਚਰਚ ਪ੍ਰਤਿ ਬੇਲਾਗ ਰਵੱਈਏ ਨੇ ਸਵਿਫ਼ਟ ਦੇ ਵਿਚਾਰਾਂ ਵਿੱਚ ਤਬਦੀਲੀ ਲਿਆਂਦੀ ਅਤੇ ਉਸ ਨੂੰ ਦ੍ਰਿੜ੍ਹ ਨਿਸ਼ਚੇ ਵਾਲਾ ਪਾਦਰੀ ਦਾ ਰੂਪ ਧਾਰਨ ਕਰਨਾ ਪਿਆ। ਇਸ ਤਬਦੀਲੀ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਪੈਂਫ਼ਲਿਟ ਸੈਂਟੀਮੈਂਟਸ ਆਫ਼ ਏ ਚਰਚ ਆਫ਼ ਇੰਗਲੈਂਡ ਮੈਨ, ਪ੍ਰਾਜੈਕਟ ਫਾਰ ਦਾ ਐਡਵਾਂਸਮੈਂਟ ਆਫ਼ ਰੀਲੀਜ਼ਨ ਐਂਡ ਰਿਫੋਰਮੇਸ਼ਨ ਆਫ਼ ਮੈਨਰਜ਼  ਅਤੇ ਇਕ ਵਿਅੰਗ ਐਨ ਆਰਗੂਮੈਂਟ ਅਗੇਂਸਟ ਆਬਾਲਸ਼ਿੰਗ ਕ੍ਰਿਸਚੈਨਿਟੀ  ਉਤਪੰਨ ਹੋਏ। ਭਾਵੇਂ ਸਵਿਫ਼ਟ ਵਿਗਜ਼ ਫ਼ਲਸਫ਼ੇ ਨਾਲ ਸਹਿਮਤੀ ਰੱਖਦਾ ਸੀ, ਪਰ ਹੌਲੀ-ਹੌਲੀ ਉਸ ਦਾ ਝੁਕਾਅ ਟੋਰੀ ਪਾਰਟੀ ਦੀ ਫ਼ਿਲਾਸਫ਼ੀ ਵੱਲ ਵਧਣ ਲੱਗਾ।

      1710 ਤੋਂ 1714 ਤੱਕ ਦੇ ਸਮੇਂ ਦੌਰਾਨ ਸਵਿਫ਼ਟ ਦੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਉਛਾਲ ਆਇਆ। ਹੁਣ ਉਹ ਟੋਰੀ ਵਿਚਾਰਧਾਰਾ ਪ੍ਰਤਿ ਵਚਨਬੱਧ ਹੋ ਚੁੱਕਾ ਸੀ ਅਤੇ ਇੰਗਲੈਂਡ ਹੀ ਰਹਿਣਾ ਚਾਹੁੰਦਾ ਸੀ। ਟੋਰੀ ਮਨਿਸਟਰੀ ਦੇ ਗਠਨ ਵੇਲੇ ਸਵਿਫ਼ਟ ਨੇ ਟੋਰੀ ਪਾਰਟੀ ਦਾ ਰਾਜਨੀਤਿਕ ਮੈਨੀਫ਼ੈਸਟੋ ਤਿਆਰ ਕੀਤਾ, ਜਿਸ ਵਿੱਚ ਫ਼੍ਰਾਂਸ ਤੇ ਇੰਗਲੈਂਡ ਦੀ ਸ਼ਾਂਤੀ ਲਈ ਕੰਡਕਟ ਆਫ਼ ਦਾ ਅਲਾਇੰਸ ਨਾਮ ਦਾ ਦਸਤਾਵੇਜ਼ ਪੇਸ਼ ਕੀਤਾ ਗਿਆ। ਹੁਣ ਉਹ ਟੋਰੀਆਂ ਦੀ ਅਖ਼ਬਾਰ ਦਾ ਐਗਜ਼ਾਮੀਨਰ  ਦਾ ਸੰਪਾਦਕ ਵੀ ਲੱਗ ਚੁੱਕਾ ਸੀ। ਟੋਰੀਆਂ ਦੀ ਮਦਦ ਨਾਲ ਉਸ ਦੀ ਸਟੀਲ ਨਾਲ ਦੋਸਤੀ ਵੀ ਜਾਂਦੀ ਰਹੀ, ਜਿਸ ਨੂੰ ਕਿ ਟਾਟਲਰ ਦੇ ਚਲਾਉਣ ਵੇਲੇ ਸਵਿਫ਼ਟ ਨੇ ਡੂੰਘਾ ਸਹਿਯੋਗ ਦਿੱਤਾ ਸੀ। ਇਸ ਸਮੇਂ ਦੀ ਮਹੱਤਵਪੂਰਨ ਸਾਹਿਤਿਕ ਰਚਨਾ ਜਰਨਲ ਟੂ ਸਟੈਲਾ  ਸੀ, ਜਿਸ ਵਿੱਚ ਉਸ ਦੀ ਸਟੈਲਾ ਅਤੇ ਡਿੰਗਲੇ ਨਾਲ ਹੋਇਆ ਪੱਤਰ- ਵਿਹਾਰ ਦਰਜ ਸੀ। 1714 ਵਿੱਚ ਕੁਈਨ ਐਨ ਦੇ ਮਰਨ ਉਪਰੰਤ ਮਾਯੂਸ ਅਤੇ ਨਿਰਾਸ਼ ਸਵਿਫ਼ਟ ਵਾਪਸ ਡਬਲਿਨ ਚਲਾ ਗਿਆ, ਜਿੱਥੇ ਉਸ ਨੂੰ ਡੀਨ ਆਫ਼ ਸੇਂਟ ਪੈਟਰਿਕ ਲਗਾਇਆ ਗਿਆ।

      1720 ਅਤੇ 1730 ਦੌਰਾਨ ਸਵਿਫ਼ਟ ਆਇਰਿਸ਼ ਹੱਕਾਂ ਦਾ ਸਮਰਥਕ ਤੇ ਹਿਤੈਸ਼ੀ ਬਣਿਆ। ਇਸ ਦਾ ਤੱਤਕਾਲੀਨ ਕਾਰਨ ਆਇਰਿਸ਼ ਲੋਕਾਂ ਦੇ ਖਿਲਾਫ਼ ਅੰਗਰੇਜ਼ਾਂ ਦੀ ਕਾਰਵਾਈ ਸੀ, ਜਿਸ ਮੁਤਾਬਕ ਆਇਰਲੈਂਡ ਦੀ ਆਰਥਿਕਤਾ ਉਪਰ ਅੰਗਰੇਜ਼ੀ ਵਪਾਰਕ ਸੁਆਰਥ ਕਾਬਜ਼ ਹੋਣਾ ਚਾਹੁੰਦਾ ਸੀ। ਇਸ ਸਮੇਂ ਦੌਰਾਨ ਸਵਿਫ਼ਟ ਨੇ ਯੂਨੀਵਰਸਿਲ ਯੂਜ਼ ਆਫ਼ ਆਇਰਿਸ਼ ਮੈਨੂਫੈਕਚਰਰਜ਼ (1720), ਡਰੇਪੀਅਰਜ਼ ਲੈਟਰਜ਼ (1724) ਅਤੇ ਪ੍ਰਭਾਵਸ਼ਾਲੀ ਵਿਅੰਗ ਦੀ ਮੋਡੈਸਟ ਪ੍ਰੋਪੋਜ਼ਲ  ਦੀ ਰਚਨਾ ਕੀਤੀ।

     1726 ਵਿੱਚ ਸਵਿਫ਼ਟ ਦੀ ਜਗਤ ਪ੍ਰਸਿੱਧ ਰਚਨਾ ਗਲੀਵਰਜ਼ ਟ੍ਰੈਵਲਜ਼  ਦਾ ਪ੍ਰਕਾਸ਼ਨ ਹੋਇਆ। ਇਸੇ ਸਮੇਂ ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਵੀ ਕੀਤੀ। ਆਪਣੀ ਸਾਹਿਤਿਕ ਜੀਵਨ ਯਾਤਰਾ ਉਸ ਨੇ ਇਕ ਕਵੀ ਵਜੋਂ ਹੀ ਕੀਤੀ ਸੀ, ਭਾਵੇਂ ਬਾਅਦ ਵਿੱਚ ਉਸ ਨੇ ਵਾਰਤਕ ਲਿਖਣ ਨੂੰ ਤਰਜੀਹ ਦਿੱਤੀ।

            1730 ਦੇ ਅਖੀਰ ਵਿੱਚ ਸਵਿਫ਼ਟ ਦੀ ਸਿਹਤ ਖ਼ਰਾਬ ਹੋਣ ਲੱਗੀ। ਬੁਢੇਪੇ ਦੇ ਆਉਣ ਨਾਲ ਉਸ ਦੀ ਪੁਰਾਣੀ ਬਿਮਾਰੀ ‘ਮੇਨੀਅਰਜ਼ ਸਿੰਡਰੱਮ’ ਦੁਬਾਰਾ ਜ਼ੋਰ ਫੜਨ ਲੱਗੀ। 1742 ਵਿੱਚ ਉਸ ਦੀ ਯਾਦਾਸ਼ਤ ਵੀ ਜਾਂਦੀ ਰਹੀ ਤੇ ਉਸ ਨੂੰ ਬੇਸੁਰਤ ਅਤੇ ਪਾਗਲ ਕਰਾਰ ਦੇ ਦਿੱਤਾ ਗਿਆ ਅਤੇ ਅਕਤੂਬਰ 1745 ਵਿੱਚ ਸਵਿਫ਼ਟ ਦੀ ਮੌਤ ਹੋ ਗਈ। ਕੈਥੀਡਰਲ ਵਿਖੇ ਉਸ ਨੂੰ ਦਫ਼ਨਾਇਆ ਗਿਆ। ਉਸ ਦੀ ਕਬਰ ਤੇ ਲਿਖਿਆ ਗਿਆ, “ਸਵਿਫ਼ਟ ਉੱਥੇ ਚਲਾ ਗਿਆ, ਜਿੱਥੇ ਧਰਮ ਅਤੇ ਦੁਰਾਚਾਰ ਤੋਂ ਉਤਪੰਨ ਅਸੱਭਿਆ ਨਾਰਾਜ਼ਗੀ ਉਸ ਦੇ ਦਿਲ ਦੇ ਟੁਕੜੇ ਨਹੀਂ ਕਰ ਸਕਦੀ।"


ਲੇਖਕ : ਅਵਤਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਵਿਫ਼ਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਵਿਫ਼ਟ (Swift) : ਇਹ ਪੰਛੀ ਏਵੀਜ਼ ਸ਼੍ਰੇਣੀ ਤੇ ਮਾਈਕ੍ਰੋਪੋਡਿਡੀ (Micropodidae) ਕੁਲ ਦੇ ਮੈਂਬਰ ਹਨ, ਜਿਹੜੇ ਆਪਣੀਆਂ ਤੇਜ਼ ਉੜਾਨਾਂ ਲਈ ਮਸ਼ਹੂਰ ਹਨ। ਭਾਰਤੀ ਸਵਿਫ਼ਟ, ਚਿਮਨੀ ਸਵਿਫ਼ਟ, ਪਾਮ ਸਵਿਫ਼ਟ ਤੇ ਭਾਰਤੀ ਕਲਗੀਦਾਰ ਸਵਿਫ਼ਟ ਉੱਤਰ–ਪੱਛਮੀ ਅਫ਼ਰੀਦਾ, ਦੱਖਣ–ਪੂਰਬੀ ਏਸ਼ੀਆ, ਭਾਰਤ, ਸ਼੍ਰੀ ਲੰਕਾ ਤੇ ਬਰ੍ਹਮਾ ਤੋਂ ਲੈ ਕੇ ਮਲਾਇਆ ਪ੍ਰਾਇਦੀਪ ਤਕ ਮਿਲਦੇ ਹਨ। ਭਾਰਤੀ ਸਵਿਫ਼ਟ ਕਈ ਥਾਵਾਂ ਤੇ ਬਹੁਤ ਜ਼ਿਆਦਾ ਤੇ ਕਈ ਥਾਵਾਂ ਤੇ ਉੱਕਾ ਹੀ ਨਹੀਂ ਮਿਲਦਾ। ਪਾਮ ਸਵਿਫ਼ਟ ਜਾਂ ਬਤਾਸੀ ਸਿਰਫ਼ ਉਥੇ ਮਿਲਦਾ ਹੈ ਜਿਥੇ ਤੋਦੀ ਦਰਖ਼ਤ ਉਗਦੇ ਹੋਣ, ਇਸੇ ਕਰਕੇ ਇਸ ਨੂੰ ਪਰਜੀਵੀ ਪੰਛੀ ਵੀ ਕਹਿੰਦੇ ਹਨ ; ਭਾਵੇਂ ਇਹ ਕਈ ਵਾਰ ਹੋਰ ਪਾਮ ਦਰਖ਼ਤਾਂ ਉਪਰ ਵੀ ਮਿਲਦਾ ਹੈ। ਅਮਰੀਕਾ ਵਿਚ ਮਿਲਣ ਵਾਲਾ ਚਿਮਨੀ ਸਵਿਫ਼ਟ ਪ੍ਰਵਾਸੀ ਪੰਛੀ ਹੈ, ਜੋ ਗਰਮੀਆਂ ਦੇ ਅਖੀਰ ਵਿਚ ਨਜ਼ਰ ਆਉਂਦਾ ਹੈ। ਇਹ ਉਹ ਪੰਛੀ ਹੈ, ਜਿਸ ਬਾਰੇ ਇਹ ਕਾਫ਼ੀ ਪ੍ਰਸਿੱਧ ਹੈ ਕਿ ਇਹ ਤਲਾਬਾਂ ਦੇ ਗਾਰੇ ਵਿਚ ਅਲੋਪ ਰਹਿੰਦਾ ਹੈ। ਵੱਖ ਵੱਖ ਨਸਲਾਂ ਦੇ ਰੰਗ ਅਤੇ ਸ਼ਕਲਾਂ ਭਿੰਨ ਭਿੰਨ ਹੁੰਦੀਆ ਹਨ। ਸੂਈ ਵਰਗੀ ਤਿੱਖੀ ਪੂਛ ਵਾਲੇ ਸਵਿਫ਼ਟ ਦੁਨੀਆਂ ਦੇ ਸਭ ਤੋਂ ਤੇਜ਼ ਉਡਣ ਵਾਲੇ ਪੰਛੀਆਂ ਵਿਚੋਂ ਹਨ।  ਦੁਨੀਆ ਭਰ ਵਿਚ ਇਸ ਦੀਆਂ 8 ਪ੍ਰਜਾਤੀਆਂ ਤੇ ਲੱਗਭਗ 75 ਜਾਤੀਆ ਮਿਲਦੀਆਂ ਹਨ। ਸਵਿਫ਼ਟ ਅਬਾਬੀਲਾਂ (swallows) ਨਾਲ ਕਈ ਪੱਖਾਂ ਤੋਂ ਮਿਲਦੇ ਜੁਲਦੇ ਹਨ। ਇਨ੍ਹਾਂ ਦੀ ਚੁੰਝ ਬਹੁਤ ਛੋਟੀ, ਚਪਟੀ ਤੇ ਕਮਜ਼ੋਰ, ਪਰ ਮੂੰਹ ਅੱਖਾਂ ਦੇ ਕਿਤੇ ਹੇਠ੍ਹਾਂ ਤਕ ਹੁੰਦਾ ਹੈ, ਜਿਸ ਨਾਲ ਕਾਫ਼ੀ ਵੱਡੀ ਪਾੜ (gape) ਬਣ ਜਾਂਦੀ ਹੈ। ਇਸ ਦੇ ਆਧਾਰ ਦੇ ਠੀਕ ਉਪਰ ਨਾਸਾਂ ਹੁੰਦੀਆਂ ਹਨ, ਜਿਹੜੀਆਂ ਛੋਟੇ ਖੰਭਾਂ ਨਾਲ ਢੱਕੀਆਂ ਹੁੰਦੀਆਂ ਹਨ। ਪੈਰ ਬੜੇ ਛੋਟੇ ਜਿਹੇ ਹੁੰਦੇ ਹਨ, ਜਿਸ ਨਾਲ ਕੰਘੀ ਵਰਗੇ ਪੰਜੇ ਨਹੀਂ ਹੁੰਦੇ ਤੇ ਨਾ ਹੀ ਇਹ ਸਕੇਲਾਂ ਨਾਲ ਢੱਕੇ ਹੁੰਦੇ ਹਨ।  ਪਰ ਲੰਮੇ ਤੇ ਪੂਛ ਦੇ ਬਹੁਤ ਪਿੱਛੇ ਤਕ ਵਧੇ ਹੁੰਦੇ ਹਨ, ਇਨ੍ਹਾਂ ਦੀ ਲੰਬਾਈ ਬਹੁਤ ਹੀ ਲੰਬੀਆਂ, ਖੰਭਾਂ ਦੀਆਂ ਮੁੱਢਲੀਆਂ ਡੰਡੀਆਂ ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਸਵਿਫ਼ਟਾਂ ਵਿਚ ਪੂਛ ਲੰਮੀ, ਵੰਡੀ ਹੋਈ, ਦਾਤਰੀ ਦੀ ਸ਼ਕਲ ਵਾਂਗ ਹੁੰਦੀ ਹੈ ਤੇ ਇਸ ਦੇ ਹਮੇਸ਼ਾਂ 12 ਚੀਰ ਹੁੰਦੇ ਹਨ। ਭਾਰਤੀ ਸਵਿਫ਼ਟ ਦਾ ਰੰਗ ਭੂਸਲਾ, ਪਾਮ ਸਵਿਫ਼ਟ ਦਾ ਪੀਲਾ–ਭੂਰਾ ਤੇ ਕਲਗ਼ੀਦਾਰ ਸਵਿਫ਼ਟ, ਜਿਸ ਦੇ ਸਿਰ ਉਪਰ ਗੂੜ੍ਹੇ ਸਵਾਹੀ–ਨੀਲ ਰੰਗ ਦੀ ਕਲਗੀ ਹੁੰਦੀ ਹੈ, ਦਾ ਦਰੰਗ ਸਵਾਹੀ–ਭਸੂਲਾ ਹੁੰਦਾ ਹੈ। ਪਾਮ ਸਵਿਫ਼ਟ ਦੇ ਪੈਰਾਂ ਦੀਆਂ ਉਂਗਲਾਂ ਦੋ ਜੋੜਿਆਂ ਵਿਚ ਹੁੰਦੀਆਂ ਹਨ ; ਪਹਿਲਾ ਤੇ ਦੂਜਾ ਜੋੜਾ ਅੰਦਰਵਾਰ ਅਤੇ ਤੀਜਾ ਤੇ ਚੌਥਾ ਬਾਹਰਵਾਰ ਹੁੰਦਾ ਹੈ। ਇਨ੍ਹਾਂ ਦੀਆਂ ਲੱਤਾਂ ਇੰਨੀਆਂ ਕਮਜ਼ੋਰ ਹੁੰਦੀਆਂ ਹਨ ਕਿ ਇਹ ਬਹੁਤ ਹੀ ਘੱਟ ਦਰਖ਼ਤ ਜਾਂ ਜ਼ਮੀਨ ਉਪਰ ਉਤਰਦੇ ਹਨ। 

          ਭਾਰਤੀ ਸਵਿਫ਼ਟ ਆਪਣੇ ਆਲ੍ਹਣੇ ਕਾੱਲੋਨੀਆਂ ਵਿਚ ਮਕਾਨਾਂ, ਮੰਦਰਾਂ ਤੇ ਟੁੱਟੇ ਫ਼ੁੱਟੇ ਕਿਲ੍ਹਿਆਂ ਦੀਆਂ ਛੱਤਾਂ ਦੇ ਹੇਠਲੇ ਪਾਸੇ ਬਣਾਉਂਦੇ ਹਨ। ਪਾਮ ਸਵਿਫ਼ਟ ਦੇ ਆਲ੍ਹਣੇ ਸੁੱਕੇ ਹੋਏ ਪੱਤਿਆਂ ਦੀਆਂ ਹੇਠ੍ਹਾਂ ਵੱਲ ਮੁੜੀਆਂ ਨੋਕਾਂ ਨਾਲ ਜੁੜੇ ਹੋਏ ਹੁੰਦੇ ਹਨ। ਕਲਗੀਦਾਰ ਸਵਿਫ਼ਟ ਦਾ ਆਲ੍ਹਣਾ ਦਰਖ਼ਤ ਦੀ ਟੀਸੀ ਉਪਰ ਕਿਸੇ ਸੁੱਕੀ ਹੋਈ ਟਾਹਣੀ ਉਪਰ ਮਿਲਦਾ ਹੈ। ਚਿਮਨੀ ਸਵਿਫ਼ਟ ਆਪਣਾ ਆਲ੍ਹਣਾ ਚਿਮਨੀਆਂ ਵਿਚ ਬਣਾਉਂਦਾ ਹੈ। ਸਵਿਫ਼ਟਾਂ ਦੇ ਆਲ੍ਹਣੇ ਹਮੇਸ਼ਾਂ ਛੋਟੀਆਂ ਟਾਹਣੀਆਂ, ਖੰਭਾਂ ਜਾਂ ਘਾਹ ਫੂਸ ਦਾ ਇਕੱਠ ਹੁੰਦੇ ਹਨ। ਇਹ ਸਭ ਸਮਾਨ ਗੂੰਦ ਵਰਗੇ ਗਾੜ੍ਹੇ ਲੁਆਬ ਨਾਲ ਸੀਮਿੰਟ ਵਾਂਗ ਪੱਕਾ ਕੀਤਾ ਹੁੰਦਾ ਹੈ। ਪੂਰਬੀ ਦੇਸ਼ਾਂ ਵਿਚ ਮਿਲਣ ਵਾਲੀ ਹਿਕ ਕਿਸਮ ਕਾਲੋਕੇਲੀਆ (Collocalia) ਦੇ ਆਲ੍ਹਣੇ ਸਮੁੱਚੇ ਤੌਰ ਤੇ ਲੁਆਬ ਦੇ ਬਣੇ ਹੁੰਦੇ ਹਨ। ਚੀਨੀ ਲੋਕ ਇਨ੍ਹਾਂ ਦਾ ਸੂਪ ਬਣਾ ਕੇ ਪੀਂਦੇ ਹਨ। ਭਾਰਤੀ ਸਵਿਫ਼ਟ ਤੇ ਚਿਮਨੀ ਸਵਿਫ਼ਟ ਦਿਨ–ਭਰ ਝੁੰਡਾਂ ਦੀ ਸ਼ਕਲ ਵਿਚ ਉਡਾਰੀਆਂ ਮਾਰਦੇ ਰਹਿੰਦੇ ਹਨ। ਆਲ੍ਹਣੇ ਅੰਡੇ ਦੇਣ ਜਾਂ ਬੱਚੇ ਪਾਲਣ ਲਈ ਹੀ ਨਹੀਂ ਹੁੰਦੇ, ਸਗੋਂ ਇਨ੍ਹਾਂ ਵਿਚ ਇਹ ਸੌਂਦੇ, ਆਰਾਮ ਤੇ ਪ੍ਰਜਣਨ ਕਰਦੇ ਹਨ। ਸਵਿਫ਼ਟ ਦੇ ਆਲ੍ਹਣੇ ਇੰਨੇ ਤੰਗ ਹੁੰਦੇ ਹਨ ਕਿ ਇਕੋ ਹੀ ਅੰਡਾ ਆਲ੍ਹਣਾ ਭਰ ਦਿੰਦਾ ਹੈ। ਆਮ ਤੌਰ ਤੇ ਇਹ ਤਿੰਨ ਤੋਂ ਵੱਧ ਅੰਡੇ ਨਹੀਂ ਦਿੰਦੇ ਪਰ ਕਦੀ ਕਦੀ ਚਾਰ–ਪੰਜ ਵੀ ਹੋ ਸਕਦੇ ਹਨ। ਅੰਡੇ ਲੰਮੇ, ਚਪਟੇ ਤੇ ਇਕ ਪਾਸਿਉਂ ਦੱਬੇ ਹੋਏ ਹੁੰਦੇ ਹਨ। ਅੰਡਿਆਂ ਦਾ ਰੰਗ ਆਮ ਕਰਕੇ ਚਿੱਟਾ ਹੁੰਦਾ ਹੈ।

          ਹ. ਪੁ. –ਐਨ.ਅਮੈ : 8 ; ਪਾ. ਹੈਂ ਬੁ. ਇੰ. ਬ; 312 ; ਬੁ. ਆ. ਪਾ. ਸਾ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-08, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.