ਸਹਾਇਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਹਾਇਕ ਕਿਰਿਆ : ਵਾਕ ਵਿੱਚ ਮੁੱਖ ਕਿਰਿਆ ਦੇ ਸਹਾਇਕ ਵਜੋਂ ਵਿਚਰਨ ਵਾਲੇ ਸ਼ਬਦਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸਹਾਇਕ ਕਿਰਿਆ ਸ਼ਬਦ ਦੋ ਹਨ-‘ਹੈ` ਅਤੇ ‘ਸੀ`। ਇਹ ਦੋਵੇਂ ਸਹਾਇਕ ਕਿਰਿਆਵਾਂ ਕਾਲ ਦੀ ਸੂਚਨਾ ਦਿੰਦੀਆਂ ਹਨ: ‘ਹੈ` ਵਰਤਮਾਨ ਕਾਲ ਦੀ ਅਤੇ ‘ਸੀ` ਭੂਤਕਾਲ ਦੀ ਜਿਵੇਂ :

                                       ਹੈ                            ਸੀ        

              1. ਉਹ ਰੋਟੀ ਖਾਂਦਾ ਹੈ।    ਉਹ ਰੋਟੀ ਖਾਂਦਾ ਸੀ।

                 2. ਉਹ ਰੋਟੀ ਖਾ ਗਿਆ ਹੈ।        ਉਹ ਰੋਟੀ ਖਾ ਗਿਆ ਸੀ।

     ਅੱਗੇ ਇਹ ਦੋਵੇਂ ਸਹਾਇਕ ਕਿਰਿਆਵਾਂ ਵਚਨ ਅਤੇ ਪੁਰਖ ਲਈ ਹੇਠ ਲਿਖੇ ਅਨੁਸਾਰ ਰੂਪਾਂਤ੍ਰਿਤ ਹੁੰਦੀਆਂ ਹਨ। (ਵੇਖੋ ਤਾਲਿਕਾ ਨੰ. 1)

ਤਾਲਿਕਾ ਨੰ. 1

 

ਹੈ

ਸੀ

 

ਇੱਕਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਪਹਿਲਾ ਪੁਰਖ

ਹਾਂ

ਹਾਂ

ਸਾਂ/ਸੀ

ਸਾਂ/ਸੀ

ਦੂਜਾ ਪੁਰਖ

ਹੈਂ/ਏਂ

ਹੋ/ਓ

ਸੈਂ/ਸੀ

ਸੋ/ਸੀ

ਤੀਜਾ ਪੁਰਖ

ਹੈ/ਏ

ਹਨ/ਨੇ

ਸੀ

ਸਨ/ਸੀ         

 

 

     ਉਪਰੋਕਤ ਸਹਾਇਕ ਕਿਰਿਆਵਾਂ ਦੇ ਵਿਭਿੰਨ ਰੂਪਾਂ ਨੂੰ ਹੇਠਾਂ, ਵਾਕ ਦੀ ਇੱਕ ਲੜੀ ਵਿੱਚ ਰੱਖਿਆ ਗਿਆ ਹੈ ਜਿਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਹਾਇਕ ਕਿਰਿਆ ਦੇ ਰੂਪਾਂ ਵਿੱਚ ਲਿੰਗ ਭੇਦ ਨਹੀਂ ਹੁੰਦਾ।(ਵੇਖੋ ਅਗਲੇ ਪੰਨੇ `ਤੇ ਤਾਲਿਕਾ ਨੰ. 2)

ਤਾਲਿਕਾ ਨੰ. 2

 

ਹੈ

ਸੀ

 

ਇੱਕਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਪਹਿਲਾ ਪੁਰਖ

ਮੈਂ ਪੜ੍ਹਦਾ ਹਾਂ

ਅਸੀਂ ਪੜ੍ਹਦੀਆਂ ਹਾਂ

ਮੈਂ ਪੜ੍ਹਦੀ ਸਾਂ/ਸੀ

ਅਸੀਂ ਪੜ੍ਹਦੇ ਸਾਂ/ਸੀ

ਦੂਜਾ ਪੁਰਖ

ਤੂੰ ਪੜ੍ਹਦੀ ਏਂ/ਹੈ

ਤੁਸੀਂ ਪੜ੍ਹਦੇ ਹੋ

ਤੂੰ ਪੜ੍ਹਦਾ ਸੈਂ/ਸੀ

ਤੁਸੀਂ ਪੜ੍ਹਦੇ ਸੋ/ਸੀ

ਤੀਜਾ ਪੁਰਖ

ਉਹ ਪੜ੍ਹਦਾ ਹੈ/ਏ

ਉਹ ਪੜ੍ਹਦੀਆਂ ਹਨ/ਨੇ

ਉਹ ਪੜ੍ਹਦੀ ਸੀ

ਉਹ ਪੜ੍ਹਦੇ ਸਨ/ਸੀ

 

 

     ਪੰਜਾਬੀ ਦੀਆਂ ਕਈ ਵਾਕ-ਬਣਤਰਾਂ ਵਿੱਚ ਮੁੱਖ ਕਿਰਿਆ ਦੀ ਵਰਤੋਂ ਨਹੀਂ ਕੀਤੀ ਜਾਂਦੀ, ਕੇਵਲ ਸਹਾਇਕ ਕਿਰਿਆ ਦੀ ਹੀ ਵਰਤੋਂ ਕੀਤੀ ਜਾਂਦੀ ਹੈ।ਇਸ ਸਥਿਤੀ ਵਿੱਚ ਸਹਾਇਕ ਕਿਰਿਆ ਕਾਲ ਦੀ ਸੂਚਨਾ ਦੇਣ ਦੇ ਨਾਲ- ਨਾਲ ਵਾਕ ਵਿਚਲੇ ਕਰਤਾ ਅਤੇ ਪੂਰਕ ਵਜੋਂ ਵਿਚਰਨ ਵਾਲੀਆਂ ਧਿਰਾਂ ਦੇ ਆਪਸੀ ਸੰਬੰਧ ਦਾ ਸੰਯੋਜਨ ਕਰਦੀ ਹੈ। ਇਸ ਦ੍ਰਿਸ਼ਟੀ ਤੋਂ ਸਹਾਇਕ ਕਿਰਿਆਵਾਂ ਨੂੰ ਸੰਯੋਜਕ ਕਿਰਿਆਵਾਂ ਕਿਹਾ ਜਾ ਸਕਦਾ ਹੈ।

            3.       ਉਹ ਡਾਕਟਰ ਹੈ/ਸੀ।

            4.       ਉਹ ਰੋਗੀ ਹੈ/ਸੀ।

            5.       ਉਹ ਅੰਦਰ ਹੈ/ਸੀ।

     ਕਿਹਾ ਜਾਂਦਾ ਹੈ ਕਿ ਪੰਜਾਬੀ ਵਿੱਚ ਭਵਿੱਖ ਕਾਲ ਦੀ ਸੂਚਕ ਕੋਈ ਸਹਾਇਕ ਕਿਰਿਆ ਨਹੀਂ ਹੈ। ਗਹੁ ਨਾਲ ਵਿਚਾਰੀਏ ਤਾਂ ਜਾਪਦਾ ਹੈ ਕਿ ਪੰਜਾਬੀ ਦੀਆਂ ਸਹਾਇਕ ਕਿਰਿਆਵਾਂ ਦਾ ਮੂਲ ਰੂਪ ‘ਹੋ` ਹੈ ਜਿਸ ਦੇ ‘ਹੈ` ਅਤੇ ‘ਸੀ` ਰੂਪ ਕ੍ਰਮਵਾਰ ਵਰਤਮਾਨ ਕਾਲ ਅਤੇ ਭੂਤ ਕਾਲ ਦੇ ਸੂਚਕ ਹਨ। ‘ਹੋ` ਦੇ ਭਵਿੱਖ ਕਾਲਕ ਰੂਪ ਦੀ ਬਣਤਰ ਬੜੀ ਗੁੰਝਲਦਾਰ ਹੈ ਜਿਸ ਵਿੱਚ ਪੁਰਖ, ਲਿੰਗ ਅਤੇ ਵਚਨ ਵਿਆਕਰਨਿਕ ਸ਼੍ਰੇਣੀਆਂ ਦੇ ਸੂਚਕ ਪਿਛੇਤਰ ਵੱਖ-ਵੱਖ ਰੂਪਾਂ ਵਿੱਚ ਸਕਾਰ ਹੁੰਦੇ ਹਨ। ਇਸ ਦੇ ਬਾਵਜੂਦ ‘ਹੋ` ਦੇ ਭਵਿੱਖ ਕਾਲਕ ਰੂਪਾਂ ਦੀ ਬਣਤਰ ਵਰਤਮਾਨ ਅਤੇ ਭੂਤ ਕਾਲੀ ਕਿਰਿਆ ਦੇ ਰੂਪਾਂ ਦੀ ਬਣਤਰ ਨਾਲ ਸਾਂਝ ਵੀ ਰੱਖਦੀ ਹੈ। ਇਸ ਨੁਕਤੇ ਦੇ ਸਪਸ਼ਟੀਕਰਨ ਲਈ ‘ਹੋ` ਦੇ ਵਰਤਮਾਨ ਕਾਲਕ ਅਤੇ ਭਵਿੱਖ ਕਾਲਕ ਰੂਪਾਂ ਦੀ ਬਣਤਰ ਨੂੰ ਵੇਖਿਆ ਜਾ ਸਕਦਾ ਹੈ। ਵਿਸਤਾਰ ਵਿੱਚ ਨਾ ਜਾਂਦਿਆਂ, ਇੱਥੇ ਤਿੰਨਾਂ ਪੁਰਖਾਂ ਦੇ ਪੁਲਿੰਗ ਰੂਪਾਂ ਨੂੰ ਹੀ ਲਿਆ ਗਿਆ ਹੈ। (ਵੇਖੋ ਤਾਲਿਕਾ ਨੰ. 3)

ਤਾਲਿਕਾ ਨੰ. 3

 

ਹੈ

ਹੋ

 

ਇੱਕਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਪਹਿਲਾ ਪੁਰਖ

ਹਾਂ

ਹਾਂ

ਹੋਵਾਂਗਾ

ਹੋਵਾਂਗੇ

ਦੂਜਾ ਪੁਰਖ

ਏਂ

ਹੋਵੇਂਗਾ

ਹੋਵੋਗੇ

ਤੀਜਾ ਪੁਰਖ

ਨੇ

ਹੋਵੇਗਾ

ਹੋਣਗੇ

 

 

     ‘ਹੋ` ਦੇ ਭਵਿੱਖ ਕਾਲਕ ਰੂਪਾਂ ਵਿੱਚ -ਗ- ਦੀ ਵਿਸ਼ੇਸ਼ ਮਹੱਤਤਾ ਹੈ। ਇਸ ਨਾਲ ਲਿੰਗ ਅਤੇ ਵਚਨ ਸੂਚਕ ਪਿਛੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ (ਗਾ, ਗੇ, ਗੀ, ਗੀਆਂ) ਅਤੇ ਇਹ ਭਵਿੱਖ ਕਾਲਕ ਸਹਾਇਕ ਕਿਰਿਆ ਦਾ ਜ਼ਰੂਰੀ ਅੰਗ ਹੈ। ਇਵੇਂ -ਗ- ਤੋਂ ਤੁਰੰਤ ਪਹਿਲਾਂ ਵਿਚਰਨ ਵਾਲੇ -ਵ- ਆਧਾਰਿਤ ਪੁਰਖ ਅਤੇ ਵਚਨ ਸੂਚਕ ਰੂਪ (ਵਾਂ, ਵੇਂ, ਵੋ, ਵੇ) ਵੀ ਭਵਿੱਖ ਕਾਲਕ ਸਹਾਇਕ ਕਿਰਿਆ ਦਾ ਜ਼ਰੂਰੀ ਅੰਗ ਹਨ। ਪਰ ਇਹਨਾਂ ਦੋਹਾਂ ਤੋਂ ਪਹਿਲਾਂ ਵਿਚਰਨ ਵਾਲਾ ਅੰਸ਼ ‘ਹੋ` ਕਿਰਿਆ ਦੇ ਧਾਤੂ ਰੂਪ ਨਾਲ ਨਹੀਂ ਵਿਚਰਦਾ : ਵਾਕ (9)

            6.       ਮੈਂ ਦੌੜਦਾ ਹਾਂ/ਸਾਂ/ਹੋਵਾਂਗਾ।

            7.       ਤੁਸੀਂ ਚਲੇ ਗਏ ਹੋ/ਸੋ/ਹੋਵੋਗੇ।

            8.       ਮੈਂ ਰੋਟੀ ਖਾਣੀ ਹੈ/ਸੀ।

            9.       ਮੈਂ ਰੋਟੀ ਖਾਵਾਂਗਾ।

ਸੋ ਜਾਪਦਾ ਇਹ ਹੈ ਕਿ ਅਜੇ ਤਕ ਪੰਜਾਬੀ ਦੀ ਭਵਿੱਖ ਕਾਲ ਸੂਚਕ ਸਹਾਇਕ ਕਿਰਿਆ ਦੀ ਬਣਤਰ ਨੂੰ ਨੀਝ ਨਾਲ ਨਹੀਂ ਵਿਚਾਰਿਆ ਗਿਆ।


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਹਾਇਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਇਕ. ਵਿ—ਸਹਾਯਕ. ਸਹਾਇਤਾ ਕਰਨ ਵਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਹਾਇਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਹਾਇਕ, ਵਿਸ਼ੇਸ਼ਣ : ਸਹਾਇਤਾ ਕਰਨ ਵਾਲਾ, ਮਦਦਗਾਰ, ਹਮਾਇਤੀ

–ਸਹਾਇਕ ਅਨੁਦਾਨ, ਪੁਲਿੰਗ : ਦਾਨ ਵਜੋਂ ਮਿਲੀ ਸਹਾਇਤਾ, (ਸਕੂਲ ਆਦਿ ਨੂੰ)

–ਸਹਾਇਕ ਨਦੀ, ਇਸਤਰੀ ਲਿੰਗ : ਉਹ ਛੋਟੀ ਨਦੀ ਜੋ ਕਿਸੇ ਵੱਡੇ ਦਰਿਆ ਵਿਚ ਜਾਂ ਵੱਡੀ ਨਦੀ ਵਿਚ ਆ ਕੇ ਡਿਗਦੀ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-27-10-18-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.