ਸਾਂਖਯ-ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਾਂਖਯ-ਦਰਸ਼ਨ : ਮਹਾਰਿਸ਼ੀ ਕਪਿਲ ਸਾਂਖਯ-ਦਰਸ਼ਨ ਦੇ ਰਚਨਾਕਾਰ ਹਨ। ਕਪਿਲ ਨੇ ਮਹਿਸੂਸ ਕੀਤਾ ਸੀ ਕਿ ਸੰਸਾਰ ਵਿੱਚ ਭੌਤਿਕ ਅਤੇ ਪਰਾਭੌਤਿਕ ਦੋ ਸ਼ਕਤੀਆਂ ਹਨ ਅਤੇ ਇਹ ਦੋਨੋਂ ਮਿਲ ਕੇ ਸੰਸਾਰ ਨੂੰ ਗਤੀਮਾਨ ਕਰਦੀਆਂ ਹਨ। ਪਰਾਭੌਤਿਕ ਸ਼ਕਤੀ ਸਥਿਰ ਹੈ ਅਤੇ ਭੌਤਿਕ ਸ਼ਕਤੀ ਨਿਰੰਤਰ ਗਤੀਸ਼ੀਲ ਰਹਿ ਕੇ ਪਰਾਭੌਤਿਕ ਦੀ ਅਗਵਾਈ ਹੇਠ ਦੁਨੀਆਂ ਨੂੰ ਅੱਗੇ ਵਧਾ ਰਹੀ ਹੈ। ਮਹਾਰਿਸ਼ੀ ਨੇ ਪਰਾਭੌਤਿਕ ਸ਼ਕਤੀ ਨੂੰ ‘ਪੁਰੁਸ਼’ ਅਤੇ ਭੌਤਿਕ ਸ਼ਕਤੀ ਨੂੰ ‘ਪ੍ਰਕਿਰਤੀ’ ਦੀ ਸੰਗਿਆ ਦਿੱਤੀ ਹੈ।

 

     ਸਾਂਖਯ ਦਾ ਅਰਥ ਹੈ -  सम्यकख्यानम ਅਰਥਾਤ ਸਪਸ਼ਟ ਵਿਚਾਰ। ਮਨੁੱਖ ਆਪਣੇ ਵਿਵੇਕ ਨਾਲ ਜਦ ਇਹ ਜਾਣ ਲੈਂਦਾ ਹੈ ਕਿ ਪੁਰੁਸ਼ ਪ੍ਰਕਿਰਤੀ ਤੋਂ ਅਲੱਗ ਹੈ ਅਤੇ ਉਸ ਦੀ ਪ੍ਰਾਪਤੀ ਵਾਸਤੇ ਮਨੁੱਖ ਨੂੰ ਪ੍ਰਕਿਰਤੀ ਦੀਆਂ ਸੀਮਾਵਾਂ ਤੋਂ ਬਾਹਰ ਆਉਣਾ ਜ਼ਰੂਰੀ ਹੈ ਤਾਂ ਹੀ ਉਸਨੂੰ ਮੋਕਸ਼ ਮਿਲਦਾ ਹੈ। ਸਾਂਖਯ-ਦਰਸ਼ਨ ਦੇ ਗ੍ਰੰਥ ਵਿੱਚ ਕੁੱਲ 451 ਸੂਤਰ ਸਨ। ਕੁਝ ਸਲੋਕ ਬਾਅਦ ਵਿੱਚ ਜੋੜੇ ਗਏ ਹਨ। ਉਹਨਾਂ ਨੂੰ ਮਿਲਾ ਕੇ ਵਰਤਮਾਨ ਵਿੱਚ ਇਸ ਗ੍ਰੰਥ ਦੇ ਸੂਤਰਾਂ ਦੀ ਕੁੱਲ ਸੰਖਿਆ 527 ਹੋ ਗਈ ਹੈ।

     ਸਾਂਖਯ-ਦਰਸ਼ਨ ਦਾ ਪ੍ਰਮੁਖ ਸਿਧਾਂਤ ਹੈ ‘ਸਤਕਾਰਯਵਾਦ`। ਸਤਕਾਰਯਵਾਦ ਦਾ ਭਾਵ ਇਹ ਹੈ ਕਿ ਦੁਨੀਆ ਵਿੱਚ ਜੋ ਕੁਝ ਹੈ, ਉਸ ਦੀ ਹੋਂਦ ਸਦਾ ਤੋਂ ਹੈ ਅਤੇ ਜੋ ਕੁਝ ਨਹੀਂ ਹੈ, ਉਹ ਨਾ ਕਦੇ ਸੀ ਤੇ ਨਾ ਕਦੇ ਹੋ ਸਕਦਾ ਹੈ। ਇਸ ਦੇ ਦੋ ਰੂਪ ਹਨ-ਪਰਿਣਾਮਵਾਦ ਅਤੇ ਵਿਵਰਤਵਾਦ। ਪਰਿਣਾਮਵਾਦ ਸਿਧਾਂਤ ਦੇ ਅਨੁਸਾਰ ਕਾਰਨ ਵਿੱਚ ਕਾਰਜ ਪਹਿਲੇ ਤੋਂ ਹੀ ਅਪ੍ਰਗਟ ਰੂਪ ਵਿੱਚ ਮੌਜੂਦ ਰਹਿੰਦਾ ਹੈ ਭਾਵ ਅਪ੍ਰਗਟ ਕਾਰਜ ਹੀ ਕਾਰਨ ਕਿਹਾ ਜਾ ਸਕਦਾ ਹੈ ਅਤੇ ਪ੍ਰਗਟ ਕਾਰਨ ਹੀ ਕਾਰਜ ਹੁੰਦਾ ਹੈ। ਇਹ ਸਿਧਾਂਤ ਪ੍ਰਕਿਰਤੀ ਦੇ ਰੂਪ-ਆਕਾਰ ਤੇ ਲਾਗੂ ਹੈ। ਵਿਵਰਤਵਾਦ ਦੇ ਅਨੁਸਾਰ ਮਾਤਰ ਪੁਰੁਸ਼ ਹੀ ਸਥਾਈ ਅਤੇ ਅਪਰਿਵਰਤਨਸ਼ੀਲ ਹੈ, ਪ੍ਰਕਿਰਤੀ ਦੀ ਹਰ ਦਿਸਦੀ ਚੀਜ਼ ਕਿਉਂਕਿ ਬਦਲ ਰਹੀ ਹੈ, ਇਸ ਲਈ ਮਿਥਿਆ ਹੈ।

     ਸਾਂਖਯ-ਦਰਸ਼ਨ ਦੇ ਮੁਤਾਬਕ ਪ੍ਰਕਿਰਤੀ ਵਿੱਚ ਤਿੰਨ ਗੁਣ-ਤਮ, ਰਜ ਅਤੇ ਸਤ ਹਨ। ਇਹਨਾਂ ਤਿੰਨਾਂ ਗੁਣਾਂ ਨਾਲ ਹੀ ਸੰਸਾਰ ਦੀ ਵਿਵਸਥਾ ਚੱਲ ਰਹੀ ਹੈ। ਭੌਤਿਕ ਅਤੇ ਪਰਾਭੌਤਿਕ ਸਮੁੱਚੀ ਸ੍ਰਿਸ਼ਟੀ ਦੇ ਆਧਾਰਭੂਤ ਪੱਚੀ ਤੱਤ ਹਨ, ਜੋ ਇਸ ਪ੍ਰਕਾਰ ਹਨ :

                        1.        ਮੂਲ ਪ੍ਰਕਿਰਤੀ (ਜੋ ਸੰਸਾਰ ਦੀਆ ਸਭ ਵਸਤੂਆਂ ਦਾ ਕਾਰਨ ਹੈ ਪਰੰਤੂ ਖ਼ੁਦ ਕਿਸੇ ਤੋਂ                                   ਨਹੀਂ ਬਣੀ),

                        2.       ਬੁੱਧੀ,

                        3.       ਅਹੰਕਾਰ (ਹਉਮੈ ਜਾਂ ਅਭਿਮਾਨ),

                        4-8.    ਤਨਮਾਤਰਾਵਾਂ (ਰੂਪ, ਰਸ, ਗੰਧ, ਸਪਰਸ਼ ਅਤੇ ਸ਼ਬਦ),

                        9-13.  ਗਿਆਨ ਇੰਦਰੀਆਂ (ਅੱਖਾਂ, ਕੰਨ, ਨੱਕ, ਜੀਭ ਅਤੇ ਸਰੀਰ ਦੀ ਚਮੜੀ),

                        14-18. ਕਰਮ ਇੰਦਰੀਆਂ (ਹੱਥ, ਪੈਰ, ਬਾਨੀ, ਲਿੰਗ ਅਤੇ ਗੁਦਾ),

                        19.      ਮਨ,

                        20-24.  ਮਹਾਭੂਤ (ਜਲ, ਅਗਨੀ, ਵਾਯੂ, ਪ੍ਰਿਥਵੀ, ਅਕਾਸ਼),

                        25.      ਪੁਰੁਸ਼ (ਚੇਤਨ ਸ਼ਕਤੀ)।

     ਸਾਂਖਯ ਮਤ ਦੇ ਮੁਤਾਬਕ ਜਗਤ ਨਿੱਤ ਹੈ ਅਤੇ ਪਰਿਣਾਮਵਾਦ ਦੇ ਸਿਧਾਂਤ ਨਾਲ ਸਦਾ ਪਰਿਵਰਤਨਸ਼ੀਲ ਹੈ। ਪ੍ਰਕਿਰਤੀ ਨੂੰ ਪੁਰੁਸ਼ ਦੀ ਅਤੇ ਪੁਰੁਸ਼ ਨੂੰ ਪ੍ਰਕਿਰਤੀ ਦੀ ਸਹਾਇਤਾ ਦੀ ਜ਼ਰੂਰਤ ਰਹਿੰਦੀ ਹੈ, ਇਕੱਲੇ ਦੋਵੇਂ ਨਿਸਫਲ ਹਨ। ਜੀਵਾਤਮਾ ਪ੍ਰਤਿ ਸਰੀਰ ਅਲੱਗ-ਅਲੱਗ ਹੈ। ਬੁੱਧੀ, ਅਹੰਕਾਰ, ਮਨ, ਦਸ ਇੰਦਰੀਆਂ ਮਿਲ ਕੇ ਸੂਖਮ ਲਿੰਗ ਸਰੀਰ ਬਣਾਉਂਦੀਆਂ ਹਨ, ਇਹੀ ਸਰੀਰ ਕਰਮ ਅਤੇ ਗਿਆਨ ਦਾ ਆਧਾਰ ਹੈ। ਸਥੂਲ ਸਰੀਰ ਦੇ ਨਾਸ ਹੋਣ ਤੇ ਇਸ ਦਾ ਨਾਂ ਨਹੀਂ ਹੁੰਦਾ। ਜਦੋਂ ਸਥੂਲ ਸਰੀਰ ਦਾ ਨਾਸ ਹੁੰਦਾ ਹੈ ਤਾਂ ਇਹ ਸੂਖਮ ਸਰੀਰ ਕਰਮ ਅਤੇ ਗਿਆਨ ਵਾਸਨਾ ਦੀ ਪ੍ਰੇਰਨਾ ਨਾਲ ਉਸ ਨੂੰ ਛੋੜ ਕੇ ਦੂਜੇ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ। ਸੂਖਮ ਲਿੰਗ ਸਰੀਰ ਦਾ ਨਾਸ ਪਰਲੋ ਤੱਕ ਨਹੀਂ ਹੁੰਦਾ। ਪਰਲੋ ਸਮੇਂ ਇਹ ਆਪਣੇ ਮੂਲ ਪ੍ਰਕਿਰਤੀ ਵਿੱਚ ਲੀਨ ਹੋ ਜਾਂਦਾ ਹੈ ਅਤੇ ਸ੍ਰਿਸ਼ਟੀ ਦੇ ਪੁਨਰ ਨਿਰਮਾਣ ਵੇਲੇ ਨਵੇਂ ਸਿਰੇ ਤੋਂ ਉਪਜਦਾ ਹੈ।

     ਜਦੋਂ ਪੁਰੁਸ਼ ਆਪਣੇ ਵਿਵੇਕ ਨੂੰ ਜਾਗ੍ਰਿਤ ਕਰ ਕੇ ਆਪਣੇ ਆਪ ਨੂੰ ਪ੍ਰਕਿਰਤੀ ਅਤੇ ਉਸ ਦੇ ਕਾਰਨਾਂ ਤੋਂ ਅਲੱਗ ਦੇਖਦਾ ਹੈ, ਓਦੋਂ ਬੁੱਧੀ ਤੋਂ ਉਪਜੇ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ। ਇਸੇ ਅਲੱਗਤਾ ਦਾ ਨਾਂ ਮੁਕਤੀ ਹੈ ਭਾਵ ਕਿ ਜਦੋਂ ਪੁਰੁਸ਼ ਗਿਆਨ ਦੁਆਰਾ ਕਰਤਾ ਅਤੇ ਭੋਗਤਾ ਸੁਭਾਅ ਤੋਂ ਮੁਕਤ ਹੋ ਕੇ ਦ੍ਰਸ਼ਟਾ ਸੁਭਾਅ ਵਿੱਚ ਸਥਿਰ ਹੁੰਦਾ ਹੈ ਤਾਂ ਮੁਕਤੀ ਲਾਭ ਕਰਦਾ ਹੈ। ਇਸ ਮੁਕਤੀ ਦੇ ਦੋ ਰੂਪ ਹਨ-ਜੀਵਨ ਮੁਕਤੀ ਅਤੇ ਵਿਦੇਹ ਮੁਕਤੀ। ਮੁਕਤੀ ਪ੍ਰਾਪਤ ਕਰਨ ਦੇ ਚਾਰ ਸਾਧਨ ਹਨ:

                   1.  ਪ੍ਰਕਿਰਤੀ ਦਾ ਯਥਾਰਥ ਬੋਧ (ਪ੍ਰਕਿਰਤੀ ਦੀ ਖ਼ਸਲਤ ਦੀ ਪਛਾਣ),

                   2.  ਧਿਆਨ (ਮਨੁੱਖ ਸੰਸਾਰ ਦੇ ਮੋਹ ਤੋਂ ਛੁੱਟ ਕੇ ਧਿਆਨ ਅਵਸਥਾ ਵਿੱਚ ਆਉਂਦਾ ਹੈ),

                   3.  ਨਿਸ਼ਕਾਮ ਭਾਵ ਨਾਲ ਆਪਣੇ ਵਰਨ ਆਸ਼੍ਰਮ ਮੁਤਾਬਕ ਕਰਮਾਂ ਦਾ ਪਾਲਨ,

            4.  ਅਭਿਆਸ ਅਤੇ ਵਿਰਾਗ।

          ਮਹਾਰਿਸ਼ੀ ਕਪਿਲ ਨੇ ਆਪਣੇ ਇਸ ਸਿਧਾਂਤ ਵਿੱਚ ਸਪਸ਼ਟ ਕੀਤਾ ਹੈ ਕਿ ਪਦਾਰਥ ਤੋਂ ਪਹਿਲਾਂ ਪ੍ਰੇਰਨਾ ਲਈ ਕਿਸੀ ਬਾਹਰੀ ਸ਼ਕਤੀ ਦੀ ਲੋੜ ਨਹੀਂ ਸੀ। ਗਤੀ ਅਤੇ ਕਾਰਨ-ਕਾਰਜ ਭਾਵ ਦੀ ਪਰਿਵਰਤਨਸ਼ੀਲਤਾ ਦੀ ਹੋਂਦ ਮੂਲ ਪ੍ਰਕਿਰਤੀ ਵਿੱਚ ਪਹਿਲਾਂ ਹੀ ਮੌਜੂਦ ਹੈ। ਇਹ ਮਤ ਅੱਜ ਦੇ ਵਿਗਿਆਨੀਆਂ ਦੇ ਮਤ ਨਾਲ ਮੇਲ ਖਾਂਦਾ ਹੈ। ਸ੍ਰਿਸ਼ਟੀ ਨਿਰਮਾਣ ਵੇਲੇ ਮੂਲ ਪਦਾਰਥ ਵਿੱਚ ਪਹਿਲਾ ਵਿਸਫੋਟ ਆਪਣੇ-ਆਪ ਹੋਇਆ, ਜਿਸ ਪ੍ਰਕਾਰ ਮਾਤਾ ਦੀ ਛਾਤੀ ਵਿੱਚ ਦੁੱਧ ਅਤੇ ਪਰਬਤਾਂ ਤੋਂ ਨਦੀਆਂ ਦਾ ਜਲ ਆਪਣੇ-ਆਪ ਪ੍ਰਵਾਹਿਤ ਹੁੰਦਾ ਹੈ, ਉਸੀ ਤਰ੍ਹਾਂ ਮੁੱਖ ਪ੍ਰਕਿਰਤੀ ਵੀ ਆਪਣੇ ਪ੍ਰਭਾਵ ਜਾਂ ਆਪਣੀ ਸ਼ਕਤੀ ਨਾਲ ਹੀ ਗਤੀਮਾਨ ਹੈ। ਇਹ ਭੌਤਿਕਵਾਦੀ ਦ੍ਰਿਸ਼ਟੀ ਹੈ। ਇਸੀ ਕਾਰਨ ਕੁਝ ਲੋਕ ਨਿਰਈਸ਼sਵਰਵਾਦੀ ਦਰਸ਼ਨ ਵੀ ਕਹਿੰਦੇ ਹਨ। ਇਸਦਾ ਦੂਸਰਾ ਪੱਥ ਈਸ਼ਵਰਵਾਦੀ ਹੈ। ਈਸ਼ਵਰਵਾਦੀ ਸਾਂਖਯ ਅਤੇ ਯੋਗ ਦੇ ਤੱਤਵਵਾਦ ਵਿੱਚ ਕੋਈ ਖ਼ਾਸ ਅੰਤਰ ਨਹੀਂ। ਯੋਗ ਸਾਂਖਯ ਦਾ ਸਾਧਨਾ ਪੱਖ ਹੈ ਅਤੇ ਸਾਂਖਯ ਯੋਗ ਦਾ ਸਿਧਾਂਤ ਪੱਖ। ਸਾਹਿਤ ਦੇ ਮੱਧਕਾਲੀ ਕਵੀਆਂ ਨੇ ਸਾਂਖਯ ਦੇ ਈਸ਼ਵਰਵਾਦੀ ਅਤੇ ਨਿਰਈਸ਼ਵਰਵਾਦੀ ਦੋਹਾਂ ਪ੍ਰਕਾਰ ਦੇ ਸਿਧਾਂਤ ਨੂੰ ਅਪਣਾਇਆ ਹੈ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.