ਸਾਬਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਬਣ (ਨਾਂ,ਪੁ) ਕੱਪੜਿਆਂ ਦੀ ਮੈਲ ਧੋਣ ਲਈ ਤੇਲ ਅਤੇ ਸੱਜੀ ਆਦਿ ਦੇ ਮੇਲ ਤੋਂ ਬਣਾਈ ਪਾਣੀ ਨਾਲ ਝੱਗਦਾਰ ਹੋ ਕੇ ਘਸ ਜਾਣ ਵਾਲੀ ਟਿੱਕੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਬਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਬਣ [ਨਾਂਪੁ] ਤੇਲ/ਚਰਬੀ ਅਤੇ ਕਾਸਟਕ ਸੋਡੇ ਤੋਂ ਬਣਿਆ ਪਦਾਰਥ ਜੋ ਨਹਾਉਣ ਅਤੇ ਕੱਪੜੇ ਧੋਣ ਲਈ ਵਰਤਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਬਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਬਣ. ਦੇਖੋ, ਸਾਬੂਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਬਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਾਬਣ : ਫੈਟੀ ਤੇਲਾਂ ਅਤੇ ਚਰਬੀਆਂ ਦੀ ਖਾਰ ਨਾਲ ਪਰਸਪਰ ਕਿਰਿਆ ਦੇ ਸਿੱਟੇ ਵਜੋਂ ਬਣੇ ਹੋਏ ਰਸਾਇਣਿਕ ਯੋਗਿਕ ਜਾਂ ਰਸਾਇਣਿਕ ਯੋਗਿਕਾਂ ਦੇ ਮਿਸ਼ਰਨ ਨੂੰ ਸਾਬਣ ਕਿਹਾ ਜਾਂਦਾ ਹੈ। ਸਾਰੇ ਫੈਟੀ ਤੇਲ ਅਤੇ ਚਰਬੀਆਂ, ਗਲਿਸਰਾਈਡਾਂ ਦੇ ਮਿਸ਼ਰਨ ਹੁੰਦੇ ਹਨ।

C3H5(OCOC15H31)3+3NaOH⟶

ਪਾਮਿਟਿਨ (ਫੈਟ)                   ਕਾਸਟਿਕ ਸੋਡਾ

          3NaOCOC15H31+C3H5(OH)3

          ਸੋਡੀਅਮ ਪਾਮਿਟੇਟ (ਸਾਬਣ)      ਗਲਿਸਰੀਨ

ਚਰਬੀ ਦੀ, ਪਾਣੀ ਵਿਚ ਕਾਸਟਿਕ ਸੋਡੇ ਦੇ ਘੋਲ ਨਾਲ ਕਿਰਿਆ ਨੂੰ ਸਾਬਣੀਕਰਨ (saponification) ਕਿਹਾ ਜਾਂਦਾ ਹੈ। ਇਸ ਕਿਰਿਆ ਤੋਂ ਮਗਰੋਂ ਸਾਬਣ ਅਤੇ ਗਲਿਸਰੀਨ ਨੂੰ ਵੱਖਰਾ ਕਰਨਾ ਪੈਂਦਾ ਹੈ।

          ਮੈਲ-ਨਿਵਾਰਕ ਸਮਰੱਥਾ (Detergent Power)––ਪਹਿਲਾਂ ਪਹਿਲਾਂ ਸਾਬਣ ਦੀ ਮੈਲ-ਨਿਵਾਰਕ ਜਾਂ ਧੋਣ ਸਮਰੱਥਾ ਇਸ ਦੇ ਜਲ-ਅਪਘਟਨ ਦੁਆਰਾ ਉਤਪੰਨ ਹੋਏ ਖਾਰੇਪਨ ਤੋਂ ਪਤਾ ਲਾਈ ਜਾਂਦੀ ਸੀ। ਭਾਵੇਂ ਹੁਣ ਇਹ ਸਪਸ਼ਟੀਕਰਨ ਛੱਡ ਦਿੱਤਾ ਹੈ ਪ੍ਰੰਤੂ ਹਾਲੇ ਤਕ ਕੋਈ ਠੀਕ ਪ੍ਰਯੋਗਿਕ ਆਧਾਰ-ਸਾਮਗਰੀ ਨਹੀਂ ਮਿਲੀ। ਸਾਬਣ ਦੀ ਮੈਲ-ਨਿਵਾਰਕ ਕਿਰਿਆ ਅਜਿਹਾ ਗੁੰਝਲਦਾਰ ਪ੍ਰਤੱਖ ਗਿਆਨ-ਵਿਸ਼ਾ ਹੈ ਜਿਸ ਵਿਚ ਸਿੱਲ੍ਹ ਸਮਰੱਥਾ, ਇਮਲਸੀਕਰਨ ਅਤੇ ਚਿਕਨਾਨੀ ਦਾ ਘੁਲਣਾ ਆਦਿ ਸਾਰਿਆਂ ਦਾ ਕਾਫੀ ਹਿੱਸਾ ਹੈ। ਇਕ ਬਹੁਤ ਪ੍ਰਚਲਿਤ ਅਤੇ ਤਰਕਸ਼ੀਲ (plausible) ਸਿੱਧਾਂਤ ਇਹ ਹੈ ਕਿ ਧੋਣ ਦੀ ਕਿਰਿਆ ਸਾਬਣ ਦੇ ਅਣੂ ਦੀ ਸੁਭਾਵਕ ਅਸਮਮਿਤ ਬਣਤਰ ਤੇ ਨਿਰਭਰ ਹੈ। ਇਸ ਅਨੁਸਾਰ ਇਕ ਸਿਰਾ ਪਾਣੀ ਵਿਚ ਘੁਲਣਸ਼ੀਲ ਅਤੇ ਦੂਸਰਾ ਸਿਰਾ ਪਾਣੀ ਵਿਚ ਅਘੁਲਣਸ਼ੀਲ, ਪ੍ਰੰਤੂ ਤੇਲ ਵਿਚ ਘੁਲਣਸ਼ੀਲ ਹੈ। ਅਜਿਹੇ ਅਣੂ ਪਾਣੀ ਅਤੇ ਮੈਲ ਵਿਚਲੀ ਅੰਤਰ-ਸਤ੍ਹਾ ਉਤੇ ਇਕ ਗਾੜ੍ਹੀ ਪਰਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਅਣੂ ਆਪਣੇ ਆਪ ਨੂੰ ਇਕ ਪਾਸੇ ਤੋਂ ਮੈਲ ਨਾਲ ਜੋੜ ਲੈਂਦਾ ਹੈ ਅਤੇ ਦੂਸਰੇ ਪਾਸੇ ਤੋਂ ਪਾਣੀ ਨਾਲ ਜੋੜ ਲੈਂਦਾ ਹੈ ਅਤੇ ਇਸ ਤਰ੍ਹਾਂ ਮੈਲ ਨੂੰ ਘੋਲ ਵਿਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।

          ਇਸ ਗੱਲ ਦਾ ਜ਼ਿਆਦਾ ਸਬੂਤ ਹੈ ਕਿ ਚੰਗੀ ਧੁਆਈ ਲਈ ਸਾਬਣ ਦੇ ਮਿਸੈਲੇ (micellar) ਰੂਪ ਦਾ ਹੋਣਾ ਬਹੁਤ ਜ਼ਰੂਰੀ ਹੈ। ਉਦਾਹਰਨ ਵਜੋਂ ਘੱਟ ਤਾਪਮਾਨ ਤ, ਸੋਡੀਅਮ ਸਟੀਐਰੇਟ, ਧੁਆਈ ਲਈ ਚੰਗਾ ਕਾਰਕ ਨਹੀਂ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਅਘੁਲਣਸ਼ੀਲ ਹੈ ਕਿ ਕੋਲਾਇਡੀ ਇਲੈੱਕਟ੍ਰੋਲਾਈਟ ਦੀ ਲੋੜੀਂਦੀ ਮਾਤਰਾ ਪੈਦਾ ਨਹੀਂ ਕਰ ਸਕਦਾ। ਜਦੋਂ ਘੋਲ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਮਿਸੈਲਾ ਰੂਪ ਬਣਾਉਣ ਵਿਚ ਕਾਫ਼ੀ ਸਾਬਣ ਘੁਲ ਜਾਂਦਾ ਹੈ। ਦੂਸਰੇ ਪਾਸੇ ਸੋਡੀਅਮ ਲੌਰੇਟ ਆਮ ਧੁਆਈ ਦੇ ਤਾਪਮਾਨ ਤੇ ਇੰਨਾ ਜ਼ਿਆਦਾ ਘੁਲਣਸ਼ੀਲ ਹੈ ਕਿ ਇਸ ਦੀ ਹੋਂਦ ਪੂਰੀ ਤਰ੍ਹਾਂ ਵੱਖਰੀ ਸਾਬਣ ਦੀ ਇਕ ਆਇਨ ਵਾਂਗ ਹੁੰਦੀ ਹੈ ਅਤੇ ਇਸ ਦੀ ਮਿਸੈਲ ਵਿਚ ਸੰਮਿਲਿਤ ਹੋਣ ਦੀ ਬਹੁਤ ਘੱਟ ਕੋਸ਼ਿਸ਼ ਹੁੰਦੀ ਹੈ। ਘੱਟ ਤਾਪਮਾਨਾਂ ਤੇ ਇਸ ਦੀ ਘੁਲਣਸ਼ੀਲਤਾ ਘਟ ਜਾਂਦੀ ਹੈ ਅਤੇ ਸਿੱਟੇ ਵਜੋਂ ਕਾਫ਼ੀ ਜ਼ਿਆਦਾ ਇਕੱਤਰੀਕਰਨ ਹੋ ਜਾਂਦਾ ਹੈ ਅਤੇ ਧੋਣ ਸਮਰੱਥਾ ਵਧ ਜਾਂਦੀ ਹੈ।

          ਸਾਬਣ ਬਣਾਉਣ ਵਾਲੇ ਪਦਾਰਥ––ਤਕਰੀਬਨ ਹਰ ਫੈਟ ਨੂੰ ਸਾਬਣ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਪ੍ਰੰਤੂ ਵਪਾਰਕ ਤੌਰ ਤੇ ਇਸ ਨੂੰ ਤਿਆਰ ਕਰਨ ਲਈ ਜ਼ਰੂਰੀ ਗੱਲ, ਆਰਥਿਕਤਾ ਅਤੇ ਕੱਚੇ ਮਾਲ ਦਾ ਮਿਲਣਾ (ਸੰਤੁਲਨ) ਹੈ। ਇਸ ਲਈ ਪਸ਼ੂ ਚਰਬੀ ਸਾਬਣ ਬਣਾਉਣ ਲਈ ਕੱਚੇ ਮਾਲ ਦੇ ਤੌਰ ਤੇ ਵਧੇਰੇ ਵਰਤੀ ਜਾਂਦੀ ਹੈ, ਪ੍ਰੰਤੂ ਕੇਵਲ ਪਸ਼ੂ ਚਰਬੀ ਨਾਲ ਅਜਿਹਾ ਨਹਾਉਣ ਵਾਲਾ ਸਾਬਣ ਤਿਆਰ ਨਹੀਂ ਹੁੰਦਾ ਜਿਹੜਾ ਕਿ ਨਰਮ ਅਤੇ ਕਠੋਰ ਪਾਣੀ ਨਾਲ ਭਿੰਨ ਭਿੰਨ ਤਾਪਮਾਨ ਤੇ ਚੋਖੀ ਝੱਗ ਦੇਵੇ। ਇਸ ਲਈ ਪਸ਼ੂ ਚਰਬੀ ਵਿਚ, ਅਨੁਪਾਤ ਅਨੁਸਾਰ, ਖੋਪੇ ਦਾ ਤੇਲ ਪੂਰੀ ਤਰ੍ਹਾਂ ਮਿਲਾ ਲਿਆ ਜਾਂਦਾ ਹੈ। ਖੋਪੇ ਦੇ ਤੇਲ ਦੀ ਜਗ੍ਹਾ ਖੰਜੂਰ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਕੱਪੜੇ ਧੋਣ ਵਾਲੇ ਸਾਬਣਾਂ ਵਿਚ ਵੀ ਕਈ ਕਿਸਮ ਦੇ ਤੇਲ ਤੇ ਚਰਬੀਆਂ ਨੂੰ ਮਿਲਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਫੈਟੀ ਤੇਲ ਨੂੰ ਕਦੇ ਨਾ ਕਦੇ, ਕਿਸੇ ਵੀ ਕਿਸਮ ਵਿਚ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ।

          ਜ਼ਿਆਦਾ ਵਰਤੋਂ ਵਿਚ ਲਿਆਏ ਜਾਂਦੇ ਕੱਚੇ ਮਾਲ ਵਿਚ ਪਸ਼ੂਆਂ ਦੇ ਤੇਲ, ਪਸ਼ੂ ਚਰਬੀ ਅਤੇ ਗਰੀਜ਼ ਆਦਿ ਹਨ ਅਤੇ ਬਨਸਪਤ ਤੇਲਾਂ ਵਿਚ ਖੋਪੇ, ਵੜੇਵੇਂ, ਅਨਾਜ, ਸੋਇਆ, ਖੰਜੂਰ, ਖੰਜੂਰ ਦੀ ਗਿਟਕ ਅਤੇ ਜ਼ੈਤੂਨ ਦਾ ਤੇਲ ਆਦਿ ਹਨ। ਮੱਛੀ ਅਤੇ ਵੇਲ੍ਹ ਮੱਛੀ ਦੇ ਤੇਲ ਨੂੰ ਵਧੇਰੇ ਮਾਤਰਾ ਵਿਚ, ਸਾਬਣ ਬਣਾਉਦ ਲਈ ਉਦੋਂ ਵਰਤਿਆ ਜਾਂਦਾ ਸੀ ਜਦੋਂ ਸਾਬਣ ਬਣਾਉਣ ਲਈ, ਹਾਈਡੋਰਜਨੀਕਰਨ ਦੁਆਰਾ, ਇਹ ਲੋੜੀਂਦਾ ਗਾੜ੍ਹਾਪਣ ਗ੍ਰਹਿਣ ਨਹੀਂ ਸਨ ਕਰ ਲੈਂਦੇ। ਰੋਜ਼ਿਨ (ਗੂੰਦ-ਸਾਲ), ਇਕ ਅਜਿਹਾ ਅੰਸ਼ ਹੈ ਜਿਹੜਾ ਕੱਪੜੇ ਧੋਣ ਵਾਲੇ ਪੀਲੇ ਸਾਬਣਾਂ ਲਈ ਵਰਤਿਆ ਜਾਂਦਾ ਹੈ। ਕੁਝ ਖਾਰੇ ਪਦਾਰਥ ਜਿਨ੍ਹਾਂ ਨੂੰ ਬਿਲਡਰ ਕਿਹਾ ਜਾਂਦਾ ਹੈ, ਤਕਰੀਬਨ ਸਾਰੇ ਕੱਪੜੇ ਧੋਣ ਵਾਲੇ ਸਾਬਣਾਂ ਵਿਚ ਵਿਆਪਕ ਤੌਰ ਤੇ ਹੁੰਦੇ ਹਨ। ਇਨ੍ਹਾਂ ਵਿਚੋਂ ਵਧੇਰੇ ਪ੍ਰਸਿੱਧ ਸੋਡੀਅਮ ਸਿਲੀਕੇਟ, ਸੋਡੀਅਮ ਕਾਰਬੋਨੇਟ ਅਤੇ ਕਈ ਫ਼ਾਸਫ਼ੇਟ ਹਨ। ਇਹ ਵਰਤੋਂ ਦੀਆਂ ਸ਼ਰਤਾਂ ਅਨੁਸਾਰ ਮੈਲ-ਨਿਵਾਰਕ ਕਿਰਿਆ ਨੂੰ ਵਧਾਉਂਦੇ ਹਨ ਅਤੇ ਇਨ੍ਹਾਂ ਨੂੰ ਨਸ਼ਾਸਤੇ ਅਤੇ ਬੈਰਾਈਟਸ (barites) ਵਾਂਗ ਸਾਬਣ ਨੂੰ ਘਟੀਆ ਬਣਾਉਣ ਲਈ ਪੂਰਕ ਦੇ ਤੌਰ ਤੇ ਨਹੀਂ ਸਮਝਣਾ ਚਾਹੀਦਾ। ਚਰਬੀਆਂ ਦੇ ਸਾਬਣੀਕਰਨ ਲਈ ਕਾਸਟਿਕ ਸੋਡੇ ਦੀ ਕਾਫ਼ੀ ਮਾਤਰਾ ਦੀ ਲੋੜ ਹੈ ਅਤੇ ਨਾਲ ਹੀ ਨਰਮ ਸਾਬਣ ਬਣਾਉਣ ਲਈ ਕਾਸਟਿਕ ਪੋਟਾਜ਼ ਬਹੁਤ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ। ਵਿਸ਼ੇਸ਼ ਕਿਸਮਾਂ ਦੇ ਸਾਬਣ ਬਣਾਉਣ ਲਈ ਅਮੋਨੀਆ, ਟ੍ਰਾਈ-ਐਥੇਨਾੱਲਐਮੀਨ ਅਤੇ ਹੋਰ ਕਈ ਆਰਗੈਨਿਕ ਖਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

          ਸਾਬਣ ਬਣਾਉਣ ਲਈ ਸਾਡੇ ਕੋਲ ਤਿੰਨ ਢੰਗ ਹਨ (1) ਉਬਾਲਣ ਵਿਧੀ (2) ਹਾਈਡ੍ਰੋਲਾਈਜ਼ਰ ਵਿਧੀ (3) ਅੱਧ ਉਬਾਲਣ ਵਿਧੀ (semi-boiling process)।

          (1) ਉਬਾਲਣ ਵਿਧੀ––ਇਸ ਵਿਧੀ ਦਾ ਮਕਸਦ ਹੈ ਸ਼ੁੱਧ ਸਾਬਣ ਤਿਆਰ ਕਰਨਾ, ਜਿਸ ਵਿਚ ਗਲਿਸਰੀਨ ਨਾ ਹੋਵੇ। ਸਭ ਤੋਂ ਪਹਿਲਾਂ ਪਿਘਲੀ ਹੋਈ ਚਰਬੀ ਇਕ ਬਰਤਨ ਵਿਚ ਲਾਈ ਜਾਂਦੀ ਹੈ ਅਤੇ ਫਿਰ ਉਸ ਵਿਚ ਹੌਲੀ ਹੌਲੀ ਕਾਸਟਿਕ ਸੋਡੇ ਦਾ ਘੋਲ ਪਾਇਆ ਜਾਂਦਾ ਹੈ ਤੇ ਬਰਤਨ ਨੂੰ ਅੰਦਰੋ ਅੰਦਰੀ ਛੇਕਦਾਰ ਕੁੰਡਲੀ (perforated coil) ਰਾਹੀਂ ਖੁੱਲ੍ਹੀ ਭਾਫ਼ ਨਾਲ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਸਾਬਣ ਤੇ ਗਲਿਸਰੀਨ ਪੈਦਾ ਹੋ ਜਾਂਦੇ ਹਨ। ਫਿਰ ਗਾੜ੍ਹਾ ਉਬਲਦਾ ਪੁੰਜ (mass) ਨਮਕੀਨ ਪਾਣੀ ਨਾਲ ਮਿਲਾਇਆ ਜਾਂਦਾ ਹੈ ਅਤੇ ਬਰਤਨ ਵਿਚ ਦੋ ਤਹਿਆਂ ਹੋ ਜਾਂਦੀਆਂ ਹਨ। ਉਪਰਲੀ ਤਹਿ ਜੋ ਫੁੱਟੀਦਾਰ ਹੁੰਦੀ ਹੈ ਉਹ ਅਸ਼ੁੱਧ ਸਾਬ ਦੀ ਹੁੰਦੀ ਹੈ ਅਤੇ ਹੇਠਲੀ ਤਹਿ ਨਮਕ ਵਾਲੇ ਪਾਣੀ ਵਿਚ ਘੁਲੀ ਹੋਈ ਗਲਿਸਰੀਨ ਹੁੰਦੀ ਹੈ। ਗਲਿਸਰੀਨ ਦੂਰ ਕਰਨ ਦੀ ਵਿਧੀ ਦਾ ਆਧਾਰ ਇਹੀ ਹੈ ਕਿ ਗਲਿਸਰੀਨ ਨਮਕ ਵਾਲੇ ਪਾਣੀ ਵਿਚ ਘੁਲ ਜਾਂਦੀ ਹੈ ਪ੍ਰੰਤੂ ਸਾਬਣ ਨਹੀਂ ਘੁਲਦਾ। ਇਸ ਤਰ੍ਹਾਂ ਹੇਠਲੀ ਤਹਿ ਨੂੰ ਬਰਤਨ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਯੋਗ ਤਰੀਕਿਆਂ ਰਾਹੀਂ ਫਿਰ ਗਲਿਸਰੀਨ ਪ੍ਰਾਪਤ ਕਰ ਲਈ ਜਾਂਦੀ ਹੈ। ਹੇਠਲੀ ਤਹਿ ਵਾਲੇ ਘੋਲ ਨੂੰ ਬਚਿਆ-ਖੁਚਿਆ ਘੋਲ (spent lye) ਆਖਦੇ ਹਨ। ਹੁਣ ਉਪਰਲੀ ਬਚੀ ਹੋਈ ਤਹਿ ਵਿਚ ਕੁਝ ਨਾ ਕੁਝ ਚਰਬੀ ਬਿਨਾਂ ਸਾਬਣੀਕਰਨ ਤੋਂ ਰਹਿ ਜਾਂਦੀ ਹੈ। ਮਿੱਟੀ ਘੱਟਾ ਅਤੇ ਹੋਰ ਰੰਗਦਾਰ ਪਦਾਰਥ ਜੋ ਕਿ ਪਹਿਲਾਂ ਹੀ ਤੇਲਾਂ ਵਿਚ ਹੁੰਦੇ ਹਨ, ਵੀ ਰਹਿ ਜਾਂਦੇ ਹਨ। ਫਿਰ ਇਸ ਵਿਚ ਹੋਰ ਕਾਸਟਿਕ ਸੋਡਾ ਪਾ ਦਿੱਤਾ ਜਾਂਦਾ ਹੈ ਅਤੇ ਕਈ ਘੰਟੇ ਉਬਾਲਿਆ ਜਾਂਦਾ ਹੈ। ਫਿਰ ਉਸੇ ਤਰ੍ਹਾਂ ਉਪਰਲੀ ਤਹਿ ਅਲੱਗ ਕਰ ਲਈ ਜਾਂਦੀ ਹੈ। ਇਸ ਤਰ੍ਹਾਂ ਸਾਰੀ ਦੀ ਸਾਰੀ ਚਰਬੀ ਦਾ ਸਾਬਣੀਕਰਨ ਹੋ ਜਾਂਦਾ ਹੈ ਅਖ਼ੀਰ ਵਿਚ ਸਾਬਣ ਨੂੰ ਅਸਲੀ ਹਾਲਤ ਵਿਚ ਲਿਆਉਣ ਲਈ ਉਪਰ ਵਾਲੀ ਤਹਿ ਨੂੰ ਇਕ ਦੋ ਵਾਰੀ ਨਮਕੀਨ ਪਾਣੀ ਨਾਲ ਧੋਤਾ ਜਾਂਦਾ ਹੈ। ਫਿਰ ਇਸ ਨੂੰ ਪਾਣੀ ਨਾਲ ਉਬਾਲਿਆ ਜਾਂਦਾ ਹੈ, ਜਦੋਂ ਤੱਥ ਕਿ ਇਹ ਪੂਰੀ ਤਰ੍ਹਾਂ ਗਾੜ੍ਹਾ ਨਹੀਂ ਹੋ ਜਾਂਦਾ ਤੇ ਬਰਤਨ ਵਿਚ ਦੋ ਜਾਂ ਤਿੰਨ ਤਹਿਆਂ ਨਹੀਂ ਬਣ ਜਾਂਦੀਆਂ। ਸਭ ਤੋਂ ਉਪਰਲੀ ਤਹਿ ਤਾਂ ਸਿਰਫ਼ ਸ਼ੁੱਧ ਸਾਬਣ ਦੀ ਹੁੰਦੀ ਹੈ, ਜਿਸ ਦੀ ਰਚਨਾ 70% ਸਾਬਣ ਤੇ 30% ਪਾਣੀ ਹੁੰਦੀ ਹੈ। ਹੇਠਲੀ ਤਹਿ ਨਾਈਗਰ (nigre) ਦੀ ਹੁੰਦੀ ਹੈ ਜਿਸ ਦੀ ਰਚਨਾ 15% ਤੋਂ 40% ਸਾਬਣ, ਦੇ ਵਿਚ ਵਿਚ ਹੁੰਦੀ ਹੈ ਜੋ ਕਿ ਪਿੱਚ ਨੇੜੇ ਹੋਣ ਤੇ ਨਿਰਭਰ ਹੈ। ਕਿਉਂਕਿ ਰੰਗਦਾਰ ਪਦਾਰਥ ਅਤੇ ਮਿੱਟੀ ਘੱਟਾ ਸ਼ੁੱਧ ਸਾਬਣ ਵਿਚ ਨਹੀਂ ਘੁਲਦੇ, ਇਸ ਲਈ ਨਾਈਗਰ ਵਿਚ ਰਲ ਜਾਂਦੇ ਹਨ ਅਤੇ ਭਾਰਾ ਹੋਣ ਕਰਕੇ ਬਰਤਨ ਦੇ ਥੱਲੇ ਤੇ ਬੈਠ ਜਾਂਦੇ ਹਨ ਅਤੇ ਕੱਢ ਦਿੱਤੇ ਜਾਂਦੇ ਹਨ। ਬਰਤਨ ਵਿਚ ਉਬਾਲਣ ਦੀ ਵਿਧੀ ਲਈ ਸਾਬਣੀਕਰਨ ਸ਼ੁਰੂ ਹੋਣ ਤੋਂ ਮਗਰੋਂ 4 ਤੋਂ 11 ਦਿਨ ਚਾਹੀਦੇ ਹਨ। ਇਸ ਤਰ੍ਹਾਂ ਅਸਲੀ ਸਾਬਣ ਤਿਆਰ ਮਿਲਦਾ ਹੈ।

          (2) ਹਾਈਡ੍ਰੋਲਾਈਜ਼ਰ ਵਿਧੀ––ਇਸ ਵਿਚਧੀ ਵਿਚ ਚਰਬੀ ਨੂੰ ਪਾਣੀ ਦੁਆਰਾ ਉੱਚੇ ਤਾਪਮਾਨ ਅਤੇ ਦਾਬ ਤੇ ਉਤਪ੍ਰੇਰਕ (ਜਿਸਤ ਸਾਬਣ) ਦੀ ਹੋਂਦ ਵਿਚ ਫੈਅੀ ਐਸਿਡ ਅਤੇ ਗਲਿਸਰੀਨ ਵਿਚ ਤੋੜਿਆ ਜਾਂਦਾ ਹੈ। ਕਿਰਿਆ ਇਸ ਤਰ੍ਹਾਂ ਹੈ :

          (RCOO)3C3H5+3HOH⟶3RCOOH+C3H5(OH)3

          (ਚਰਬੀ)         (ਪਾਣੀ)           (ਫੈਟੀ ਐਸਿਡ)   (ਗਲਿਸਰੀਨ)

ਇਸ ਕਿਰਿਆ ਤਕਰੀਬਨ 15 ਮੀਟਰ ਜਾਂ ਜ਼ਿਆਦਾ ਉੱਚੇ ਲੰਬਾਤਮਕ (Vertical) ਕਾਲਮ ਵਿਚ ਵਿਰੋਧੀ ਦਿਸ਼ਾ (countercurrently) ਵਿਚ ਕੀਤੀ ਜਾਂਦੀ ਹੈ। ਪਿਘਲੀ ਹੋਈ ਚਰਬੀ ਤੇ ਪਾਣੀ ਲਗਾਤਾਰ ਕਾਲਮ ਦੇ ਦੋਹਾਂ ਸਿਰਿਆਂ ਤੋਂ ਵੱਖਰੇ ਵੱਖਰੇ ਪਾਏ ਜਾਂਦੇ ਹਨ ਜਦੋਂ ਕਿ ਫੈਟੀ ਐਸਿਡ ਅਤੇ ਗਲਿਸਰੀਨ ਲਗਾਤਾਰ ਬਾਹਰ ਕੱਢ ਲਏ ਜਾਂਦੇ ਹਨ। ਪਾਣੀ, ਜੋ ਘੱਟ ਤਾਪਮਾਨ ਤੇ ਚਰਬੀ ਵਿਚ ਅਘੁਲ ਹੈ 204°–249° ਸੈਂ. ਤੇ 10%–25% ਘੁਲ ਜਾਂਦਾ ਹੈ ਤੇ ਘੁਲਣਸ਼ੀਲਤਾ ਪ੍ਰਭਾਵ (solubility effect) ਕਾਰਨ ਕਿਰਿਆ ਦੀ ਰਫ਼ਤਾਰ ਬਹੁਤ ਤੇਜ਼ ਹੋ ਜਾਂਦੀ ਹੈ, ਫਿਰ ਪ੍ਰਾਪਤ ਹੋਏ ਫੈਟੀ ਐਸਿਡਾਂ ਨੂੰ ਸ਼ੁੱਧ ਕਰਨ ਲਈ ਇਨ੍ਹਾਂ ਨੂੰ ਨਿਰਵਾਯੂ (vacuum) ਕਸ਼ੀਦਨ ਕੀਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਕਾਸਟਿਕ ਸੋਡੇ ਜਾਂ ਕਾਸਟਿਕ ਪੋਟਾਸ਼ ਜਿਸ ਵਿਚ ਠੀਕ ਮਾਤਰਾ ਵਿਚ ਪਾਣੀ ਮਿਲਿਆ ਹੋਵੇ ਨਾਲ ਉਦਾਸੀਨ ਕੀਤਾ ਜਾਂਦਾ ਹੈ ਤਾਂ ਕਿ ਖ਼ਾਲਿਸ ਸਾਬਣ ਫ਼ੇਜ਼ ਤਿਆਰ ਹੋ ਸਕੇ।

          (3) ਅੱਧ ਉਬਾਲਣ ਵਿਧੀ––ਜਦੋਂ ਸਾਬਣੀਕਰਨ ਤਬਦੀਲੀ ਪੂਰੀ ਹੋ ਜਾਂਦੀ ਹੈ ਤਾਂ ਅੱਧ ਉਬਾਲਣ ਵਿਧੀ ਖ਼ਤਮ ਹੁੰਦੀ ਸਮਝੀ ਜਾਂਦੀ ਹੈ। ਥੋੜ੍ਹੀ ਥੋੜ੍ਹੀ ਮਾਤਰਾ ਵਿਚ ਚਰਬੀ ਦਾ ਪੂਰੀ ਤਰ੍ਹਾਂ ਸਾਬਣੀਕਰਨ ਕਾਸਟਿਕ ਨਾਲ ਉਬਾਲ ਕੇ ਕੀਤਾ ਜਾਂਦਾ ਹੈ। ਫਿਰ ਸਾਬਣੀਕ੍ਰਿਤ ਪੁੰਜ (saponified mass) ਨੂੰ ਠੰਢਾ ਕਰਨ ਅਤੇ ਠੋਸ ਬਣਾਉਣ ਲਈ ਚੌਖਟਿਆਂ ਵਿਚ ਪਾਇਆ ਜਾਂਦਾ ਹੈ।

          ਇਸ ਤੋਂ ਅੱਗੇ ਸਾਬਣ ਨੂੰ ਵੱਖ ਵੱਖ ਕਿਸਮਾਂ ਵਿਚ ਲੋੜ ਅਨੁਸਾਰ ਬਦਲਿਆ ਜਾ ਸਕਦਾ ਹੈ ਜਿਵੇਂ ਕਿ (1) ਚੌਖਟਿਆਂ ਵਾਲਾ ਸਾਬਣ (framed soap) (2) ਤੈਰਨ ਵਾਲਾ ਸਾਬਣ (floating soap) (3) ਮਿਲਡ ਸਾਬਣ (4) ਪੇਪੜੀ ਵਾਲਾ ਸਾਬਣ (flaked soap) (5) ਦਾਣੇਦਾਰ ਸਾਬਣ (6) ਦਵਾਈ ਮਿਲਿਆ ਸਾਬਣ (7) ਕੱਪੜਿਆਂ ਵਾਲਾ ਸਾਬਣ (8) ਹਜਾਮਤ ਵਾਲੇ ਸਾਬਣ ਅਤੇ (9) ਧਾਤਾਂ ਵਾਲੇ ਸਾਬਣ (metallic soaps)

ਸੰਸਲਿਸ਼ਟ ਮੈਲ-ਨਿਵਾਰਕ

(Synthetic detergents)

          ਇਹ ਸ਼ਬਦ ਉਨ੍ਹਾਂ ਪਦਾਰਥਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਪਾਣੀ ਵਿਚ ਘੁਲਣਸ਼ੀਲ ਅਤੇ ਸਤ੍ਹਾ-ਕਿਰਿਆਸ਼ੀਲ ਹੋਣ ਅਤੇ ਧੁਆਈ ਤੇ ਸਫ਼ਾਈ ਲਈ ਪ੍ਰਬਲ ਯੋਗਤਾ ਰਖਦੇ ਹੋਣ। ਇਹ ਅਸਲ ਸਾਬਣਾਂ ਨਾਲੋਂ ਇਸ ਗੱਲ ਵਿਚ ਭਿੰਨ ਹੁੰਦੇ ਹਨ ਕਿ ਭਾਰੇ ਪਾਣੀ ਵਿਚ ਤਲਛੱਟ ਨਹੀਂ ਬਣਾਉਂਦੇ। ਰਸਾਇਣਿਕ ਤੌਰ ਤੇ ਵੀ ਇਹ ਸਾਬਣਾਂ ਨਾਲੋਂ ਭਿੰਨ ਹੁੰਦੇ ਹਨ।

          ਸਾਬਣ ਦਾ ਕਦੇ ਕਦੇ ਪ੍ਰਯੋਗ ਕਰਨ ਵਾਲਾ ਵੀ ਇਹ ਵੇਖਦਾ ਹੈ ਕਿ ਨਹਾਉਣ ਵਾਲੇ ਟੱਬ ਦੁਆਲੇ ਇਕ ਛੱਲਾ ਜਿਹਾ ਛੱਡ ਕੇ ਭਾਰੇ ਪਾਣੀ ਵਿਚ ਮੈਲ ਜਾਂ ਤਲਛੱਟ ਜਿਹਾ ਬਣ ਜਾਂਦਾ ਹੈ, ਸ਼ੀਸ਼ੇ ਦੇ ਭਾਂਡੇ ਤੇ ਇਕ ਚਿੱਟਾ ਜਿਹਾ ਪਦਾਰਥ ਰਹਿ ਜਾਂਦਾ ਹੈ ਅਤੇ ਕੱਪੜੇ ਧੋਣ ਵਾਲੇ ਟੱਬ ਦੇ ਹੰਘਾਲ ਵਿਚ ਚਿਪ-ਚਿਪੀਆਂ ਫੁੱਟੀਆਂ ਹੁੰਦੀਆਂ ਹਨ। ਇਸ ਭਾਰੇ ਪਾਣੀ ਦੇ ਤਲਛੱਟ ਦਾ, ਸਾਬਣ ਨਾਲ ਧੋਣ ਮਗਰੋਂ ਕੇਸਾਂ ਵਿਚ ਚਮਕ ਨਾ ਆਉਣ ਨਾਲ, ਕੱਪੜਿਆਂ ਨੂੰ ਇਸਤਰੀ ਕਰਨ ਤੇ ਪੀਲੇ ਧੱਬੇ ਪੈਣ ਨਾਲ ਅਤੇ ਘਰ ਵਿਚ ਜ਼ਿਆਦਾ ਸਾਬਣ ਦੀ ਵਰਤੋਂ ਨਾਲ ਸੰਬੰਧ ਸਮਝਣਾ ਆਸਾਨ ਨਹੀਂ ਹੈ। ਇਹ ਸਾਰੇ ਪ੍ਰਭਾਵ ਅਸਲ ਸਾਬਣ ਵਿਚ ਇਕ ਬਹੁਤ ਵੱਡਾ ਨੁਕਸ ਦਰਸਾਉਂਦੇ ਹਨ ਕਿ ਕੈਲਸੀਅਮ ਅਤੇ ਦੂਸਰੇ ਧਾਤਵੀ ਲੂਣਾਂ, ਜਿਹੜੇ ਪਾਣੀ ਨੂੰ ਕਠੋਰ ਬਣਾਉਂਦੇ ਹਨ, ਨਾਲ ਇਹ ਕਿਰਿਆ ਕਰਕੇ ਤਲਛੱਟ ਬਣਾਉਂਦੇ ਹਨ। ਅਸਲ ਸਾਬਣ ਤੇਜ਼ਾਬੀ ਯੋਗਿਕਾਂ ਦੀ ਥੋੜ੍ਹੀ ਜਿਹੀ ਮਾਤਰਾ ਨਾਲ ਵੀ ਕਿਰਿਆ ਕਰਕੇ ਤਲਛੱਟ ਬਣਾਉਂਦੇ ਹਨ।

          ਸੰਸ਼ਲਿਸ਼ਟ ਮੈਲ-ਨਿਵਾਰਕਾਂ ਦੀ ਵਪਾਰਕ ਵਰਤੋਂ ਉਨ੍ਹਾਂ ਦੇ ਗੁਣਾਂ ਤੇ ਕਠੋਰ ਪਾਣੀ ਦੇ ਸੁਭਾਅ ਤੇ ਕਾਬੂ ਪਾਉਣ ਤੇ ਨਿਰਭਰ ਸੀ। ਸੰਸ਼ਲਿਸ਼ਟ ਮੈਲ-ਨਿਵਾਰਕਾਂ ਤੇ, ਆਮ ਕਰਕੇ ਕਠੋਰਤਾ ਜਾਂ ਤੇਜ਼ਾਬਾਂ ਦਾ ਪ੍ਰਭਾਵ ਬਿਲਕੁਲ ਨਹੀਂ ਪੈਂਦਾ ਜਾਂ ਫਿਰ ਬਹੁਤ ਘੱਟ ਪੈਂਦਾ ਹੈ। ਇਹ ਰਸਾਇਣਿਕ ਤੌਰ ਤੇ ਉਨ੍ਹਾਂ ਨਾਲ ਕਿਰਿਆ ਕਰ ਸਕਦੇ ਹਨ ਅਤੇ ਸਿੱਟੇ ਵਜੋਂ ਬਣੇ ਯੋਗਿਕ ਜਾਂ ਤਾਂ ਘੁਲਣਸ਼ੀਲ ਹੋਣਗੇ ਜਾਂ ਘੋਲ ਵਿਚ ਕੋਲਾਇਡੀ ਰੂਪ ਵਿਚ ਪਰਿਖਿਪਤ ਹੋਣਗੇ। ਸੰਸ਼ਲਿਸ਼ਟਾਂ ਦੇ ਕਈ ਹੋਰ ਅਨੋਖੇ ਅਤੇ ਲਾਹੇਵੰਦ ਗੁਣਾਂ ਕਾਰਨ, ਜਿਵੇਂ ਠੰਢੇ ਪਾਣੀ ਵਿਚ ਘੁਲਣਾ ਅਤੇ ਨਿਯਮਬੱਧ ਕਰਨ ਵਿਚ ਸਰਲਤਾ, ਇਨ੍ਹਾਂ ਨੇ ਸਾਬਣ ਦੀਆਂ ਉਪਜਾਂ ਦਾ ਸਥਾਨ ਜਲਦੀ ਹੀ ਲੈ ਲਿਆ।

          ਭੌਤਿਕ ਰਸਾਇਣ-ਵਿਗਿਆਨ ਅਨੁਸਾਰ ਸੰਸ਼ਲਿਸ਼ਟ ਮੈਲ-ਨਿਵਾਰਕਾਂ ਨੂੰ ਤਿੰਨ ਮੁੱਖ ਗਰੁੱਪਾਂ ਵਿਚ ਵੰਡਿਆ ਜਾ ਸਕਦਾ ਹੈ :

          ਐਨਾਇਨੀ ਕਿਸਮ––ਐਨਾਇਨੀ ਗੁੱਪ ਵਿਚ ਜਦੋਂ ਅਣੂ ਦੇ ਲੰਬੀ ਚੇਨ ਵਾਲੇ ਹਿੱਸੇ ਨੂੰ ਪਾਣੀ ਵਿਚ ਘੋਲਿਆ ਜਾਂਦਾ ਹੈ ਤਾਂ ਉਹ ਨੈਗੇਟਿਵ ਆਇਨ ਜਾਂ ਐਨਾਇਨ ਬਣ ਜਾਂਦਾ ਹੈ। ਐਨਾਇਨੀ ਕਿਸਮਾਂ ਕੱਪੜੇ ਧੋਣ ਵਾਲੇ ਸਾਰੇ ਸੰਸ਼ਲਿਸ਼ਟ ਮੈਲ-ਨਿਵਾਰਕਾਂ ਦੀਆਂ ਉਪਜਾਂ ਨਾਲੋਂ ਵਧੇਰੇ ਚੰਗੇ ਹਨ। ਕਈ ਸੈਂਕੜੇ ਭਿੰਨ ਭਿੰਨ ਐਨਾਇਨੀ ਯੋਗਿਕ ਦੱਸੇ ਗਏ ਹਨ, ਪ੍ਰੰਤੂ ਸਭ ਤੋਂ ਵਧੇਰੇ ਪ੍ਰਚਲਿਤ ਸੋਡੀਅਮ ਐੱਲਕਾਈਲ ਸਲਫ਼ੇਟ (RO SO3 Na) ਅਤੇ ਸੋਡੀਅਮ ਐੱਲਕਾਈਲ ਬੈੱਨਜ਼ੀਨ ਸਲਫ਼ੋਨੇਟ (RC6H4SO3Na) (R=ਹਾਈਡਰੋਕਾਰਬਨ ਚੇਨਾਂ ਹਨ, ਜਿਨ੍ਹਾਂ ਵਿਚ 8 ਤੋਂ 18 ਕਾਰਬਨ ਪਰਮਾਣੂ ਹਨ) ਹਨ।

          ਕਿਸੇ ਵੀ ਇਕਹਿਰੇ ਸੰਸ਼ਲਿਸ਼ਟ ਮੈਲ-ਨਿਵਾਰਕ ਦੇ ਬਣਾਉਣ ਵਿਚ ਉਸ ਦੀ ਆਪਣੀ ਹੀ ਖ਼ਾਸ ਕਿਰਿਆ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਸੋਡੀਅਮ ਐੱਲਕਾਈਲ ਸਲਫ਼ੇਟਾਂ ਨੂੰ ਬਣਾਉਣ ਲਈ ਕੱਚਾ ਮਾਲ, ਖੋਪੇ ਦਾ ਤੇਲ ਜਾਂ ਪਸ਼ੂ ਚਰਬੀ ਹੋ ਸਕਦੀ ਹੈ। ਇਨ੍ਹਾਂ ਨੂੰ ਜਲ-ਅਪਘਟਨ ਦੁਆਰਾ ਫੈਟੀ ਐਸਿਡਾਂ ਵਿਚ ਬਦਲਿਆ ਜਾਂਦਾ ਹੈ। ਇਸ ਉਪਰੰਤ ਫੈਟੀ ਐਸਿਡਾਂ ਦਾ ਉਤਪ੍ਰੇਰਕੀ ਲਘੂਕਰਨ, ਹਾਈਡਰੋਜਨੀਕਰਨ ਦੁਆਰਾ ਕੀਤਾ ਜਾਂਦਾ ਹੈ ਜਿਸ ਨਾਲ ਇਹ ਤਦਅਨੁਸਾਰੀ ਅਲਕੋਹਲਾਂ ਵਿਚ ਬਦਲ ਸਕਦੇ ਹਨ। ਫਿਰ ਗਾੜ੍ਹੇ ਗੰਧਕ ਦੇ ਤੇਜ਼ਾਬ ਦੁਆਰਾ ਅਲਕੋਹਲਾਂ ਦਾ ਸਲਫ਼ੇਟ ਬਣਾਇਆ ਜਾਂਦਾ ਹੈ। ਇਸ ਤੋਂ ਮਗਰੋਂ ਕਾਸਟਿਕ ਨਾਲ ਉਦਾਸੀਨ ਕਰਕੇ ਸੋਡਅਮ ਐੱਲਕਾਈਲ ਸਲਫ਼ੇਟ ਅਤੇ ਸੋਡੀਅਮ ਸਲਫ਼ੇਟ ਦੋਵੇਂ ਪ੍ਰਾਪਤ ਕੀਤੇ ਜਾਂਦੇ ਹਨ। ਸੋਡੀਅਮ ਸਲਫ਼ੇਟ ਆਮ ਕਰਕੇ ਉਪਜ ਵਿਚ ਰਹਿ ਜਾਂਦ ਹੈ। ਅਸਲ ਸਾਬਣਾਂ ਵਾਂਗ ਇਸ ਸਮੇਂ ਉਪਜ ਪਾਣੀ, ਲੂਣ (Na2SO4 ਜਾਂ NaCl) ਅਤੇ ਸੰਸ਼ਲਿਸ਼ਟ ਦਾ ਕੋਲਾਇਡ ਸਿਸਟਮ ਹੁੰਦਾ ਹੈ। ਸਾਬਣ ਸਿਸਟਮਾਂ ਵਾਂਗ ਸੰਸ਼ਲਿਸ਼ਟ ਸਿਸਟਮਾਂ ਵਿਚ ਕਈ ਇਕੋ ਜਿਹੇ ਫ਼ੇਜ਼ ਹੁੰਦੇ ਹਨ। ਇਨ੍ਹਾਂ ਫ਼ੇਜ਼ਾਂ ਦੇ ਜੋੜ-ਤੋੜ (manipulation) ਤੋਂ ਹੀ ਅੰਤਮ ਛੜਾਂ, ਲੇਵੀਆਂ, ਪਾਊਡਰ ਅਤੇ ਤਰਲ ਵਿਕਸਿਤ ਹੁੰਦੇ ਹਨ।

          ਬਾਜ਼ਾਰ ਆਉਂਦੇ ਸੰਸ਼ਲਿਸ਼ਟ ਮੈਲ-ਨਿਵਾਰਕਾਂ ਵਿਚੋਂ ਸਭ ਤੋਂ ਵਧੀਆ ਦਾਣੇਦਾਰ ਮੈਲ-ਨਿਵਾਰਕ ਵਿਚ 15% ਤੋਂ 40% ਸੰਸ਼ਲਿਸ਼ਟ ਹੁੰਦਾ ਹੈ, ਜਿਹੜਾ ਕਿ ਫ਼ਾਸਫ਼ੇਟ ਬਿਲਡਰ ਨਾਲ ਮਿਲਿਆ ਹੁੰਦਾ ਹੈ। ਇਹ ਕੁੱਲ ਉਪਜ ਦਾ 50% ਤਕ ਹੁੰਦਾ ਹੈ। ਇਹ ਆਮ ਕਰਕੇ ਸੋਡੀਅਮ ਟ੍ਰਾਈਪਾੱਲੀ ਫ਼ਾਸਫ਼ੇਟ ਜਾਂ ਸੋਡੀਅਮ ਪਾਇਰੋਫ਼ਾਸਫ਼ੇਟ ਹੁੰਦਾ ਹੈ ਅਤੇ ਕਈ ਵਾਰੀ ਇਸ ਦੀ ਜਗ੍ਹਾ ਬੋਰੇਟ, ਸਿਲੀਕੇਟ ਅਤੇ ਦੂਸਰੇ ਮਿਸ਼ਰਿਤ ਫ਼ਾਸਫ਼ੇਟ ਵੀ ਵਰਤੇ ਜਾ ਸਕਦੇ ਹਨ। ਉਪਜ ਦਾ ਬਾਕੀ ਭਾਗ ਪਾਣੀ, ਲੂਣ ਅਤੇ ਕਈ ਵਾਰੀ ਥੋੜ੍ਹੀ ਮਾਤਰਾ ਵਿਚ ਸਾਬਣ ਅਤੇ ਪਾਣੀ ਦੀ ਝੱਗ ਬਿਲਡਰਜ਼, ਚਮਕ ਦੇਣ ਵਾਲੇ ਪਦਾਰਥਾਂ, ਭੌਂ ਦੇ ਮੁੜ-ਨਿਖੇਪਣ ਨੂੰ ਰੋਕਣ ਵਾਲੇ ਪਦਾਰਥਾਂ ਅਤੇ ਸ਼ਾਇਦ ਖੋਰ ਜਾਂ ਮੱਧਮ ਹੋਣ ਤੋਂ ਰੋਕਣ ਵਾਲੇ ਪਦਾਰਥਾਂ ਦਾ ਬਣਿਆ ਹੁੰਦਾ ਹੈ।

          ਅਜਿਹੇ ਮੈਲ-ਨਿਵਾਰਕ ਜਿਹੜੇ ਸੂਖਮ ਰੇਸ਼ਿਆਂ ਨੂੰ ਸਾਫ਼ ਕਰਨ ਅਤੇ ਪਲੇਟਾਂ ਧੋਣ ਲਈ ਵਰਤੇ ਜਾਂਦੇ ਹਨ ਉਨ੍ਹਾਂ ਵਿਚ ਬਿਲਡਰ ਬਹੁਤ ਘੱਟ ਹੁੰਦਾ ਹੈ ਅਤੇ ਕਈ ਵਾਰੀ ਬਿਲਕੁਲ ਵੀ ਨਹੀਂ ਪਾਇਆ ਜਾਂਦਾ।

          (2) ਕੈਟਾਇਨੀ ਕਿਸਮ––ਇਸ ਕਿਸਮ ਨੂੰ ਜਦੋਂ ਪਾਣੀ ਵਿਚ ਘੋਲਿਆ ਜਾਂਦਾ ਹੈ ਤਾਂ ਅਣੂ ਦੀ ਲੰਬੀ ਚੇਨ ਵਾਲਾ ਭਾਗ ਪਾਜ਼ੇਟਿਵ ਆਇਨ ਜਾਂ ਕੈਟਾਇਨ ਹੁੰਦਾ ਹੈ। ਅਜਿਹੇ ਯੋਗਿਕਾਂ ਨੂੰ ਕਈ ਵਾਰੀ “ਇਨਵਰਟਿਡ‘ ਸਾਬਣ ਕਿਹਾ ਜਾਂਦਾ ਹੈ, ਕਿਉਂਕਿ ਲੰਬੀ ਚੇਨ ਆਇਨ ਦਾ ਬਿਜਲੱਈ ਚਾਰਜ ਅਸਲ ਸਾਬਣਾਂ ਦੇ ਚਾਰਜ ਨਾਲੋਂ ਉਲਟ ਹੁੰਦਾ ਹੈ। ਐਨਾਇਨਕਾਂ ਵਾਂਗ ਇਸ ਵਿਚ ਵੀ ਕਈ ਸੈਂਕੜੇ ਯੋਗਿਕ ਦੱਸੇ ਗਏ ਹਨ। ਇਕ ਵਿਸ਼ੇਸ਼ ਕੈਟਾਇਨੀ ਦੀ ਉਦਾਹਰਨ ਆੱਕਟਾਡੀਕਾਈਲ ਅਮੋਨੀਅਮ ਕਲੋਰਾਈਡ (C18H37NH3Cl) ਹੈ। ਮੈਲ-ਨਿਵਾਰਕ ਉਪਜਾਂ ਵਿਚ ਐਨਾਇਨਕਾਂ ਨਾਲੋਂ ਕੈਟਾਇਨਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ।

          (3) ਅਣ-ਆਇਨੀ ਕਿਸਮ (Nonionic type)––ਇਸ ਗਰੁੱਪ ਵਿਚ ਪੂਰੇ ਦਾ ਪੂਰਾ ਅਣੂ ਸਤ੍ਹਾ ਕਿਰਿਆਸ਼ੀਲ ਹੈ, ਪ੍ਰੰਤੂ ਜਦੋਂ ਪਦਾਰਥ ਨੂੰ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਕੋਈ ਆਇਨ ਨਹੀਂ ਬਣਦੇ। ਸਭ ਤੋਂ ਵਧੇਰੇ ਵਰਤੋਂ ਵਿਚ ਆਉਣ ਵਾਲੇ ਅਣ-ਆਇਨੀ ਮੈਲ-ਨਿਵਾਰਕ ਪਾੱਲੀਆੱਕਸੀਐਥੀਲੀਨ ਵਿਉਤਪੰਨ ਹਨ ਜਿਵੇਂ

          RC6H4(OC2H4) X OH.

          ਹ. ਪੁ.––ਐਨ. ਬ੍ਰਿ. 20 : 856.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਾਬਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਬਣ, (ਅਰਬੀ) / ਪੁਲਿੰਗ : ਤੇਲ ਅਤੇ ਸੱਜੀ ਆਦਿ ਦੀ ਬਣੀ ਹੋਈ ਚੀਜ਼ ਜਿਸ ਨਾਲ ਕੱਪੜੇ ਤੇ ਸਰੀਰ ਦੀ ਮੈਲ ਦੂਰ ਹੁੰਦੀ ਹੈ

–ਸਾਬਣਸਾਜ, ਪੁਲਿੰਗ : ਸਾਬਣ ਬਣਾਉਣ ਵਾਲਾ

–ਸਾਬਣਸਾਜੀ, ਇਸਤਰੀ ਲਿੰਗ : ਸਾਬਣ ਬਣਾਉਣ ਦਾ ਕੰਮ ਜਾਂ ਢੰਗ

–ਸਾਬਣਗਰ, ਪੁਲਿੰਗ : ਸਾਬਣ ਬਣਾਉਣ ਵਾਲਾ

–ਸਾਬਣਗਰੀ, ਇਸਤਰੀ ਲਿੰਗ : ਸਾਬਣ ਬਣਾਉਣ ਦਾ ਕੰਮ ਜਾਂ ਢੰਗ

–ਸਾਬਣਦਾਨੀ, ਇਸਤਰੀ : ਡੱਬੀ ਜਿਸ ਵਿਚ ਸਾਬਣ ਰਖਿਆ ਜਾਂਦਾ ਹੈ

–ਸਾਬਣੀਆਂ, ਪੁਲਿੰਗ : ਸਾਬਣ ਬਣਾਉਣ ਜਾਂ ਵੇਚਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-15-04-22-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.