ਸਾਰਾਗੜ੍ਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਰਾਗੜ੍ਹੀ. ਕੋਹਾਟ ਜਿਲੇ ਵਿੱਚ ਇੱਕ ਸਰਹੱਦੀ ਪਿੰਡ , ਜੋ ਕਿਲਾ ਲਾਕਹਾਰਟ (Lockhart) ਤੋਂ ਡੇਢਕੁ ਮੀਲ ਪਰੇ ਹੈ ਅਤੇ ਜਿੱਥੇ ਭਾਰਤ ਸਰਕਾਰ ਦੀ ਇੱਕ ਛੋਟੀ ਗੜ੍ਹੀ ਹੈ. ਇਸ ਥਾਂ ਜੰਗ ਤੀਰਾ ਵਿੱਚ ੧੨ ਸਿਤੰਬਰ ਸਨ ੧੮੯੭ ਨੂੰ ਪਲਟਨ ੩੬ ਸਿੱਖ ਦੇ ੨੧ ਸਿੰਘ ਹਜਾਰਾਂ ਅਫਰੀਦੀਆਂ ਤੋਂ ਘਿਰਕੇ ਭੀ ਕਾਇਰ ਨਹੀਂ ਹੋਏ, ਸਗੋਂ ਉਹ ਵੀਰਤਾ ਦਿਖਾਈ, ਜੋ ਅਮ੍ਰਿਤਧਾਰੀ ਸਿੰਘ ਸਦਾ ਦਿਖਾਉਂਦੇ ਰਹੇ ਹਨ. ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ. ਇਨ੍ਹਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਕਿਲਾ ਲਾਕਹਾਰਟ, ਅਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਸਰਕਾਰ ਵੱਲੋਂ ਮੰਦਿਰ (Saragarhi Memorial) ਬਣਾਏ ਗਏ ਹਨ. ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨ ਕਰਕੇ ਯੋਗ੍ਯ ਗਰੰਥੀ ਰੱਖੇ ਗਏ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਰਾਗੜ੍ਹੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਾਰਾਗੜ੍ਹੀ: ਸਿੱਖ ਸੈਨਿਕਾਂ ਦੀ ਸ਼ੂਰਵੀਰਤਾ ਨਾਲ ਸੰਬੰਧਿਤ ਇਕ ਪਿੰਡ ਜੋ ਪਾਕਿਸਤਾਨ ਦੇ ਉੱਤਰ-ਪੱਛਮੀ ਪ੍ਰਾਂਤ ਦੇ ਕੁਹਾਟ ਜ਼ਿਲ੍ਹੇ ਦੀ ਸਰਹਦ ਉਤੇ ਵਸਿਆ ਹੈ। ਉਥੇ ਇਕ ਛੋਟੀ ਜਿਹੀ ਗੜ੍ਹੀ ਵੀ ਬਣੀ ਹੋਈ ਹੈ। ਉਹ ਗੜ੍ਹੀ 6000 ਫੁਟ ਦੀ ਉਚਾਈ ਉਤੇ ਸਥਿਤ ਸੀ ਅਤੇ ਲੋਕਹਾਰਟ ਤੇ ਗੁਲਸਤਾਨ ਦੇ ਕਿਲ੍ਹਿਆਂ ਵਿਚਾਲੇ ਹੋਣ ਕਾਰਣ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਅਹਿਮੀਅਤ ਰਖਦੀ ਸੀ। ਉਥੇ ਅੰਗ੍ਰੇਜ਼ ਸਰਕਾਰ ਦੇ ਫ਼ੌਜੀ ਜਵਾਨ ਵਜ਼ੀਰ ਕਬੀਲੇ ਦੇ ਕਬਾਇਲੀਆਂ ਉਤੇ ਨਜ਼ਰ ਰਖਣ ਲਈ ਨਿਯੁਕਤ ਸਨ। ਇਹ ਗੜ੍ਹੀ ਲੋਕਹਾਰਟ ਕਿਲ੍ਹੇ ਤੋਂ ਲਗਭਗ ਢਾਈ ਕਿ.ਮੀ. ਦੀ ਵਿਥ ’ਤੇ ਹੈ। 12 ਸਤੰਬਰ 1897 ਈ. ਨੂੰ ਦਸ ਹਜ਼ਾਰ ਕਬਾਇਲੀਆਂ ਨੇ ਇਸ ਸੀਮਾਵਰਤੀ ਚੌਕੀ ਨੂੰ ਘੇਰ ਲਿਆ। ਸਾਰਾਗੜ੍ਹੀ ਚੌਕੀ 36 ਸਿੱਖ ਰੈਜਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਕਮਾਨ ਵਿਚ ਸੀ। ਉਥੇ ਈਸ਼ਰ ਸਿੰਘ ਤੋਂ ਛੁਟ ਇਕ ਨਾਇਕ ਅਤੇ ਇਕ ਲੈਸ ਨਾਇਕ ਸਹਿਤ 18 ਹੋਰ ਸਿੱਖ ਸੈਨਿਕ ਨਿਯੁਕਤ ਸਨ। ਕਬਾਇਲੀਆਂ ਦੇ ਘੇਰੇ ਕਾਰਣ ਉਸ ਚੌਕੀ ਦਾ ਸੰਪਰਕ ਮੁੱਖ ਰਖਿਆ ਦਸਤੇ ਨਾਲੋਂ ਟੁਟ ਗਿਆ ਸੀ।

            ਸਿੱਖ ਫ਼ੌਜੀ ਬੜੀ ਬਹਾਦਰੀ ਅਤੇ ਮਜ਼ਬੂਤ ਇਰਾਦੇ ਨਾਲ ਲੜੇ। ਬਹੁਤ ਥੋੜੀ ਗਿਣਤੀ ਦੇ ਬਾਵਜੂਦ ਉਨ੍ਹਾਂ ਦੇ ਇਰਾਦੇ ਬਹੁਤ ਬੁਲੰਦ ਸਨ। ਅਸਲ ਵਿਚ, ਉਹ ਆਪਣੇ ਦ੍ਰਿੜ੍ਹ ਇਰਾਦੇ ਦੇ ਸਿਰ ’ਤੇ ਹੀ ਯੁੱਧ ਕਰ ਰਹੇ ਸਨ। ਸੱਤ ਘੰਟਿਆਂ ਤਕ ਲਗਾਤਾਰ ਯੁੱਧ ਹੁੰਦਾ ਰਿਹਾ। ਗੋਲੀ-ਸਿੱਕਾ ਖ਼ਤਮ ਹੋਣ’ਤੇ ਹੱਥੋ-ਹੱਥ ਲੜਾਈ ਵੀ ਹੋਈ। ਇਕ ਇਕ ਕਰਕੇ 21 ਸਿੱਖ ਸੈਨਿਕਾਂ ਨੇ 600 ਤੋਂ ਵਧ ਵੈਰੀਆਂ ਨੂੰ ਮਾਰ ਕੇ ਵੀਰ-ਗਤੀ ਪ੍ਰਾਪਤ ਕੀਤੀ ਅਤੇ ਆਪਣੀ ਬਹਾਦਰੀ ਨਾਲ ਚੌਕੀ ਨੂੰ ਬਚਾਈ ਰਖਿਆ। ਉਨ੍ਹਾਂ ਦੀ ਬਹਾਦਰੀ ਉਸ ਵਕਤ ਦੀ ਭਖਦੀ ਮਿਸਾਲ ਬਣ ਗਈ। ਉਸ ਵਕਤ ਸਾਰਾਗੜ੍ਹੀ ਦੀ ਲੜਾਈ ਨੂੰ ਵਿਸ਼ਵ ਦੀਆਂ 10 ਅਜਿਹੀਆਂ ਲੜਾਈਆਂ ਵਿਚ ਗਿਣਿਆਂ ਜਾਣ ਲਗਿਆ। ਬਾਦ ਵਿਚ ਉਨ੍ਹਾਂ ਸ਼ੂਰਵੀਰਾਂ ਦੀ ਯਾਦ ਵਿਚ ਕਿਲ੍ਹਾ ਲੋਕਹਾਰਟ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਵਿਚ ਸਮਾਰਕ ਬਣਾਏ ਗਏ। ‘ਇੰਡੀਅਨ ਆਰਡਰ ਆਫ਼ ਮੈਰਿਟ’ ਆਦਿ ਫ਼ੌਜੀ ਸਨਮਾਨਾਂ ਤੋਂ ਇਲਾਵਾ ਸ਼ਹੀਦ ਸਿਪਾਹੀਆਂ ਦੇ ਆਸ਼ਰਿਤਾਂ ਨੂੰ ਪੈਨਸ਼ਨ, 500 ਰੁਪਏ ਨਕਦ ਇਨਾਮ ਅਤੇ ਦੋ ਦੋ ਮੁਰੱਬੇ ਜ਼ਮੀਨ ਦਿੱਤੀ ਗਈ। ਇਸ ਸਾਕੇ ਤੋਂ ਪ੍ਰਭਾਵਿਤ ਹੋ ਕੇ ਕਈ ਕਵੀਆਂ ਨੇ ਛੋਟੇ ਛੋਟੇ ਪ੍ਰਸੰਗ ਲਿਖ ਕੇ ਸ਼ੂਰਵੀਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਾਰਾਗੜ੍ਹੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਾਰਾਗੜ੍ਹੀ (Saragarhi) : ਇਹ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਕੋਹਾਟ ਜ਼ਿਲ੍ਹੇ ਦਾ ਇਕ ਇਤਿਹਾਸਕ ਪਿੰਡ ਹੈ ਜੋ ਸਮਾਨਾ ਰੇਂਜ ਦੀ ਚੋਟੀ ਤੇ 33° 55' ਉੱਤਰੀ ਵਿਥਕਾਰ ਅਤੇ 70° 45' ਪੂਰਬੀ ਲੰਬਕਾਰ ਤੇ ਸਥਿਤ ਹੈ। ਇਸ ਇਲਾਕੇ ਨੂੰ ਵਜ਼ੀਰਸਤਾਨ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਅਤੇ ਇਥੇ ਵਜ਼ੀਰ ਕਬੀਲੇ ਦੇ ਹੀ ਵਧੇਰੇ ਲੋਕ ਵਸਦੇ ਹਨ। ਇਸ ਥਾਂ ਤੇ ਇਕ ਗੜ੍ਹੀ ਬਣੀ ਹੋਈ ਹੈ ਜੋ ਭਾਰਤੀ ਫ਼ੌਜ ਦੇ ਬੇ-ਮਿਸਾਲ ਜੋਸ਼, ਹੌਸਲੇ ਅਤੇ ਕੁਰਬਾਨੀ ਦਾ ਚਾਨਣ-ਮੁਨਾਰਾ ਹੈ।

           ਸੰਤਬਰ, 1897 ਨੂੰ ਸਰਹੱਦੀ ਕਬਾਇਲੀਆਂ ਨੇ ਯੁੱਧ ਦਾ ਡੰਕਾ ਵਜਾ ਦਿੱਤਾ। ਆਰਕਜਾਈ (Orakzais) ਅਤੇ ਅਫ਼ਰੀਦੀ (Afridis) ਕਬੀਲਿਆਂ ਦੇ ਲੋਕੀਂ ਦੂਰੋਂ ਨੇੜਿਉਂ ਆਣ ਇਕੱਠੇ ਹੋਏ। ਖਾਂਕੀ (Khanki) ਅਤੇ ਕੁਰਮ (Kuram) ਵਾਦੀਆਂ ਵਿਚਕਾਰ ਸਮਾਨਾ ਰੇਂਜ ਤੇ ਬਣੀਆਂ ਹੋਈਆਂ ਚੌਂਕੀਆਂ ਅਤੇ ਵਿਸ਼ੇਸ਼ ਕਰਕੇ ਗੁਲਿਸਤਾਂ (Gulistan) ਅਤੇ ਸਾਰਾਗੜ੍ਹੀ ਨਾਮੀ ਚੌਂਕੀਆਂ ਨੂੰ, ਜੋ ਕਿਲ੍ਹਾ ਲਾਕਹਾਰਟ (Fort Lockhart) ਤੋਂ ਦੂਰ ਸਨ, ਤਬਾਹ ਕਰਨਾ ਵੀ ਇਨ੍ਹਾਂ ਦਾ ਪਹਿਲਾਂ ਹੀ ਨਿਸ਼ਾਨਾ ਸੀ।

          12 ਸਤੰਬਰ, ਨੂੰ ਕਈ ਹਜ਼ਾਰ ਕਬਾਇਲੀਆਂ ਨੇ ਸਮਾਨਾ ਰੇਂਜ ਤੇ ਹਮਲਾ ਕਰ ਦਿੱਤਾ ਅਤੇ ਦੋ ਚੌਕੀਆਂ ਨੂੰ ਘੇਰੇ ਵਿਚ ਲੈ ਲਿਆ। ਲੈਫ਼ਟੀਨੈਂਟ ਕਰਨਲ ਹਾਟਨ (Lt. Colonel Haughten) ਕਿਲ੍ਹਾ ਲਾਕਹਾਰਟ ਦਾ ਕਮਾਂਡਿੰਗ ਅਫ਼ਸਰ ਸੀ। ਉਹ ਚਿੰਤਾਤੁਰ ਹੋ ਗਿਆ ਪਰ ਸਾਰਾਗੜ੍ਹੀ ਦੀ ਚੌਂਕੀ ਨਾਲ ਇਸ ਦਾ ਲਗਾਤਾਰ ਸੰਪਰਕ ਚਲ ਰਿਹਾ ਸੀ।

          ਹਵਾਲਦਾਰ ਈਸ਼ਰ ਸਿੰਘ (ਚੌਂਕੀ ਦਾ ਕਮਾਂਡਰ), ਨਾਇਕ ਲਾਲ ਸਿੰਘ, ਲੈਸ ਨਾਇਕ ਚੰਦਾ ਸਿੰਘ ਅਤੇ 18 ਹੋਰ ਸਿੱਖ ਫ਼ੌਜੀਆਂ ਨੂੰ ਇਸ ਸਥਿਤੀ ਦਾ ਡੱਟ ਕੇ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਗਿਆ। ਸਾਰਾਗੜ੍ਹੀ ਚੌਂਕੀ ਸਿਗਨਲ ਦੇਣ ਅਤੇ ਪਹਾੜੀ ਦੇ ਦੋਹਾਂ ਪਾਸਿਆਂ ਵੱਲ ਗੁਲਿਸਤਾਂ ਅਤੇ ਕਿਲ੍ਹਾ ਲਾਕਹਾਰਟ ਵਿਚਕਾਰ ਕੜੀ ਦਾ ਕੰਮ ਕਰ ਰਹੀ ਸੀ। ਇਸ ਗੜ੍ਹੀ ਦੇ ਇਕ ਪਾਸੇ ਸਿਧੀ ਢਲਾਣ ਸੀ ਅਤੇ ਇਸ ਪਾਸਿਉਂ ਬਾਹਰੀ ਹਮਲਾ ਕਰਨਾ ਅਸੰਭਵ ਸੀ। ਬਾਕੀ ਤਿੰਨ ਪਾਸਿਆਂ ਵੱਲ ਥੋੜੀਆਂ ਢਲਾਣਾਂ ਸਨ ਅਤੇ ਇਨ੍ਹਾਂ ਪਾਸਿਆਂ ਵੱਲੋਂ ਹੀ ਕੇਵਲ ਧਾਵਾ ਹੋ ਸਕਦਾ ਹੈ।

          ਹਜ਼ਾਰਾਂ ਕਬਾਇਲੀਆਂ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੱਖ ਫ਼ੌਜੀਆਂ ਦਾ ਇਰਾਦਾ ਹੋਰ ਮਜ਼ਬੂਤ ਹੋਇਆ ਅਤੇ ਉਨ੍ਹਾਂ ਨੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਦਾ ਉੱਚਾ ਜੈਕਾਰਾ ਛਡਿਆ। ਨਿਸ਼ਾਨਚੀ ਆਪਣੀਆਂ ਥਾਵਾਂ ਤੇ ਕਾਇਮ ਹੋ ਗਏ ਅਤੇ ਗੋਲੀਆਂ ਦੀ ਵਰਖਾ ਨਾਲ ਕਈ ਕਬਾਇਲੀਆਂ ਨੂੰ ਭੁੰਨ ਸੁਟਿਆ। ਖੁਲ੍ਹੇ ਮੈਦਾਨ ਵਿਚ ਹੋਰ ਕਈ ਕਬਾਇਲੀਆਂ ਨੂੰ ਮਾਰ ਦਿੱਤਾ ਗਿਆ ਜਾਂ ਜ਼ਖਮੀ ਕਰ ਦਿੱਤਾ ਗਿਆ।

          ਅਗਲੇ 6 ਘੰਟਿਆਂ ਵਿਚ ਕਈ ਧਾਵਿਆਂ ਨੂੰ ਪਿਛਾਂਹ ਧੱਕ ਦਿੱਤਾ ਗਿਆ। ਹਰੇਕ ਸਿੱਖ ਫ਼ੌਜੀ ਨੇ ਕਬਾਇਲੀਆਂ ਦਾ ਇਰਾਦਾ ਹੋਰ ਵੀ ਤਕੜਾ ਕਰ ਦਿੱਤਾ। ਅਸਲ ਵਿਚ ਇਹ ਇਰਾਦਿਆਂ ਦੀ ਹੀ ਲੜਾਈ ਸੀ।

          ਬਾਅਦ ਵਿਚ ਲਗਭਗ 600 ਸਿਪਾਹੀ ਚੌਂਕੀ ਕੋਲ ਮਰੇ ਹੋਏ ਲਭੇ। ਕੁਝ ਹੋਰ ਵਧੇਰੇ ਜ਼ਖਮੀ ਸਿਪਾਹੀਆਂ ਨੂੰ ਉਥੋਂ ਪਾਸੇ ਕੀਤਾ ਗਿਆ। ਸਿੱਖ ਫ਼ੌਜ ਦੇ 65% ਸਿਪਾਹੀ ਜ਼ਖਮੀ ਹੋਏ। ਅਜਿੱਤ ਹਵਾਲਦਾਰ ਈਸ਼ਰ ਸਿੰਘ ਕੇਵਲ ਅੱਠ ਸਿੱਖ ਫ਼ੌਜੀਆਂ ਸਮੇਤ ਹੀ ਇਸ ਲੜਾਈ ਨਾਲ ਟਾਕਰਾ ਲੈਣ ਲਈ ਬਾਕੀ ਰਹਿ ਗਿਆ।

          ਇਸ ਮੌਕੇ ਤੇ ਕਬਾਇਲੀਆਂ ਨੇ ਲੜਾਈ ਦੀ ਇਕ ਹੋਰ ਸੂਝ-ਭਰੀ ਚਾਲ ਖੇਡੀ। ਕੁਝ ਸਿਰਲੱਥ ਕਬਾਇਲੀਆਂ ਨੇ ਇਕ ਮੰਜੀ, ਜਿਸ ਉੱਤੇ ਦੋ ਫੁੱਟ ਮੋਟੀ ਪੱਥਰ ਅਤੇ ਮਿੱਟੀ ਦੀ ਤਹਿ ਸੀ, ਦੀ ਓਟ ਲੈ ਕੇ ਅਗੇ ਵਧਣ ਦਾ ਹੀਆ ਕੀਤਾ ਅਤੇ ਇਹ ਹੌਲੀ ਹੌਲੀ ਸੁਰੱਖਿਆ ਵਾਲੀ ਥਾਂ ਤੇ ਪਹੁੰਚ ਗਏ ਜਿਥੇ ਗੌਲੀ ਦੀ ਮਾਰ ਨਹੀਂ ਹੋ ਸਕਦੀ ਸੀ।

          ਇਹ ਇਸ ਲੜਾਈ ਦਾ ਮਹੱਤਵਪੂਰਨ ਮੋੜ ਸੀ।

          ਹੌਲੀ ਹੌਲੀ ਇਨ੍ਹਾਂ ਕਬਾਇਲੀਆਂ ਨੇ ਚੌਂਕੀ ਦਾ ਇਕ ਪੱਥਰ ਉਖੇੜਨ ਵਿਚ ਸਫ਼ਲਤਾ ਪ੍ਰਾਪਤ ਕਤੀ। ਇਸਤੋਂ ਮਗਰੋਂ ਇਨ੍ਹਾਂ ਨੇ ਕਈ ਹੋਰ ਪੱਥਰ ਉਖੇੜ ਕੇ ਮੋਟੀ ਕੰਧ ਵਿਚ ਪਾੜ ਪਾ ਦਿੱਤਾ। ਦੂਜੇ ਪਾਸੇ ਬਾਹਾਦਰ ਸਿੱਖ ਫ਼ੌਜੀ ਵੀ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਦੇ ਜੈਕਾਰੇ ਨਾਲ ਚੌਂਕੀ ਦੇ ਬੂਹੇ ਅਗੇ ਸੀਨਾ ਤਾਣ ਕੇ ਤਿਆਰ-ਬਰ-ਤਿਆਰ ਸਨ।

          ਕਬਾਇਲੀ ਅਗੇ ਨਹੀਂ ਵਧ ਸਕਦੇ ਸਨ। ਉਨ੍ਹਾਂ ਨੇ ਕੁਝ ਝਾੜੀਆਂ ਤੇ ਲਕੜਾਂ ਇਕੱਠੀਆਂ ਕਰਕੇ ਪਾੜ ਵਾਲੇ ਪਾਸਿਉਂ ਚੌਂਕੀ ਨੂੰ ਅੱਗ ਲਾ ਦਿੱਤੀ। ਹਵਾਲਦਾਰ ਈਸ਼ਰ ਸਿੰਘ ਤੋਂ ਸਿਵਾਏ ਬਾਕੀ ਸਾਰੇ ਸਿੱਖ-ਫ਼ੌਜੀ ਸ਼ਹੀਦ ਹੋ ਗਏ। ਹਵਾਲਦਾਰ ਈਸ਼ਰ ਸਿੰਘ ਸਿਗਨਲ ਰਾਹੀਂ ਬਟਾਲੀਅਨ ਹੈੱਡ-ਕੁਆਟਰ ਨੂੰ ਅੰਤਮ-ਮਿੰਟ ਦੀ ਖ਼ਬਰ ਦਿੰਦਿਆਂ ਇਕ ਬੁਰਜ ਵਿਚ ਲੁਕ ਗਿਆ ਅਖ਼ੀਰ ਇਸ ਬਹਾਦਰ ਨੇ ਵੀ ਕਈ ਪਠਾਣਾਂ ਨੂੰ ਸੰਗੀਨਾਂ ਨਾਲ ਮਾਰਕੇ, ਸ਼ਹੀਦੀ ਪ੍ਰਾਪਤ ਕੀਤੀ।

          ਇਸ ਸਾਰਕੇ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਫ਼ੌਜੀ ਇਹ ਸਨ :––165-ਹਵਾਲਦਾਰ ਈਸ਼ਰ ਸਿੰਘ, 322-ਨਾਇਕ ਲਾਲ ਸਿੰਘ, 546-ਲੈਸ ਨਾਇਕ ਚੰਦਾ ਸਿੰਘ, 1321-ਸਿਪਾਹੀ ਬੁੱਧ ਸਿੰਘ, 492-ਸਿਪਾਹੀ ਉੱਤਮ ਸਿੰਘ, 359-ਸਿਪਾਹੀ ਹੀਰਾ ਸਿੰਘ, 791-ਸਿਪਾਹੀ ਭੋਲਾ ਸਿੰਘ, 834-ਸਿਪਾਹੀ ਨਾਰਾਇਣ ਸਿੰਘ, 871-ਸਿਪਾਹੀ ਜੀਵਨ ਸਿੰਘ, 163-ਸਿਪਾਹੀ ਰਾਮ ਸਿੰਘ, 1265-ਸਿਪਾਹੀ ਭਗਵਾਨ ਸਿੰਘ, 1651-ਸਿਪਾਹੀ ਜੀਵਾ ਸਿੰਘ, 182-ਸਿਪਾਹੀ ਸਾਹਿਬ ਸਿੰਘ, 187-ਸਿਪਾਹੀ ਰਾਮ ਸਿੰਘ, 687-ਸਿਪਾਹੀ ਦਯਾ ਸਿੰਘ, 760-ਸਿਪਾਹੀ ਜੀਵਨ ਸਿੰਘ, 814 ਸਿਪਾਹੀ ਗੁਰਮੁੱਖ ਸਿੰਘ, 1733-ਸਿਪਾਹੀ ਗੁਰਮੁੱਖ ਸਿੰਘ, 1257-ਸਿਪਾਹੀ ਭਗਵਾਨ ਸਿੰਘ, 1556-ਸਿਪਾਹੀ ਬੂਟਾ ਸਿੰਘ ਅਤੇ 1221-ਸਿਪਾਹੀ ਨੰਦ ਸਿੰਘ।

          ਇਨ੍ਹਾਂ 21 ਸਿੱਖ ਸ਼ਹੀਦਾਂ ਦੀ ਬਹਾਦਰੀ ਦਾ ਸਤਿਕਾਰ ਕਰਦਿਆਂ, ਇਨ੍ਹਾਂ ਨੂੰ ਇੰਡੀਅਨ ਆਰਡਰ ਆਫ਼ ਮੈਰਿਟ (Indian Order of Merit) ਨਾਲ ਸਨਮਾਨਿਆ ਗਿਆ ਅਤੇ ਇਸ ਦੇ ਨਾਲ ਹੀ ਇਨ੍ਹਾਂ ਸ਼ਹੀਦਾਂ ਤੇ ਆਸ਼ਰਿਤ ਜੀਆਂ ਨੂੰ 500 ਰੁਪਏ ਦਾ ਨਕਦ ਇਨਾਮ ਅਤੇ ਦੋ ਮੁਰੱਬੇ ਜ਼ਮੀਨ ਦਿੱਤੀ ਗਈ।

          ਇਨ੍ਹਾਂ ਸ਼ਹੀਦਾਂ ਦੀ ਪਵਿੱਤਰ ਯਾਦ ਵਿਚ ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਵਿਖੇ ਗੁਰਦੁਆਰੇ ਬਣਾਏ ਗਏ ਹਨ। ਪ੍ਰਸਿੱਧ 36-ਰੈਜਮੈਂਟ ਜਿਸ ਵਿਚ ਹਵਾਲਦਾਰ ਈਸ਼ਰ ਸਿੰਘ ਅਤੇ ਉਸ ਦੇ ਬਹਾਦਰ ਸਾਥੀ ਸਨ, ਦਾ 4-ਬਟਾਲੀਅਨ ਸਿੱਖ ਰੈਜਮੈਂਟ ਵਿਚ ਪੁਨਰ ਸੰਗਠਨ ਕਰ ਦਿੱਤਾ ਗਿਆ। ਇਸਨੇ ਪਿਛਲੇ ਦੋ ਵਿਸ਼ਵ ਯੁੱਧਾ, 1962 ਵਿਚ ਵਲੋਂਗ (Walong), 1965 ਵਿਚ ਬਰਕੀ ਅਤੇ 1971 ਵਿਚ ਜੈਸੋਰ (Jessore) ਵਿਚ ਬਹਾਦਰੀ ਦੇ ਜੌਹਰ ਵਿਖਾਏ।

          ਹ. ਪੁ.––ਦੀ ਟ੍ਰੀਬਿਊਨ––12 ਸਤੰਬਰ, 1976


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਾਰਾਗੜ੍ਹੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਰਾਗੜ੍ਹੀ  : ਇਹ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਕੋਹਾਟ ਜ਼ਿਲ੍ਹੇ ਦਾ ਇਕ ਇਤਿਹਾਸਕ ਪਿੰਡ ਹੈ ਜੋ ਸਾਮਾਨਾ ਰੇਂਜ ਦੀ ਚੋਟੀ ਤੇ ਸਥਿਤ ਹੈ। ਇਸ ਇਲਾਕੇ ਨੂੰ ਵਜ਼ੀਰਸਤਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਥੇ ਵਜ਼ੀਰ ਕਬੀਲੇ ਦੇ ਹੀ ਵਧੇਰੇ ਲੋਕ ਵਸਦੇ ਹਨ। ਇਸ ਥਾਂ ਤੇ ਇਕ ਗੜ੍ਹੀ ਬਣੀ ਹੋਈ ਹੈ ਜੋ ਭਾਰਤੀ ਫ਼ੌਜ ਦੇ ਬੇਮਿਸਾਲ ਜੋਸ਼, ਹੌਸਲੇ  ਅਤੇ ਕੁਰਬਾਨੀ ਦਾ ਪ੍ਰਤੀਕ ਇਕ ਚਾਨਣ-ਮੁਨਾਰਾ ਹੈ।

        ਸਤੰਬਰ, 1897 ਨੂੰ ਸਰਹੱਦੀ ਕਬਾਇਲੀਆਂ ਨੇ ਯੁੱਧ ਦਾ ਡੰਕਾ ਵਜਾ ਦਿੱਤਾ। ਆਰਕਜਾਈ (Orakzais) ਅਤੇ ਅਫ਼ਰੀਦੀ (Afridis) ਕਬੀਲਿਆਂ ਦੇ ਲੋਕੀਂ ਦੂਰੋਂ ਨੇੜਿਉਂ ਆਣ ਇਕੱਠੇ ਹੋਏ। ਖਾਂਕੀ (Khanki) ਅਤੇ ਕੁਰਮ (Kuram) ਵਾਦੀਆਂ ਵਿਚਕਾਰ ਸਾਮਾਨਾ ਰੇਂਜ ਤੇ ਬਣੀਆਂ ਹੋਈਆਂ ਚੌਂਕੀਆਂ ਅਤੇ ਵਿਸ਼ੇਸ਼ ਕਰ ਕੇ ਗੁਲਿਸਤਾਂ (Gulistan) ਅਤੇ ਸਾਰਾਗੜ੍ਹੀ ਨਾਮੀ ਚੌਂਕੀਆਂ ਨੂੰ ਜੋ ਕਿਲਾ ਲਾਕਹਾਰਟ (Fort Lockhart) ਤੋਂ ਦੂਰ ਸਨ, ਤਬਾਹ ਕਰਨਾ ਵੀ ਇਨ੍ਹਾਂ ਦਾ ਪਹਿਲਾਂ ਹੀ ਨਿਸ਼ਾਨਾ ਸੀ।

        12 ਸਤੰਬਰ, 1897 ਨੂੰ ਕਈ ਹਜ਼ਾਰ ਕਬਾਇਲੀਆਂ ਨੇ ਸਾਮਾਨਾ ਰੇਂਜ ਤੇ ਹਮਲਾ ਕਰ ਦਿੱਤਾ ਅਤੇ ਦੋ ਚੌਂਕੀਆਂ ਨੂੰ ਘੇਰੇ ਵਿਚ ਲੈ ਲਿਆ। ਲੈਫ਼ਟੀਨੈਂਟ ਕਰਨਲ ਹਾਟਨ (Lt. Colonel Haughten) ਕਿਲਾ ਲਾਕਹਾਰਟ ਦਾ ਕਮਾਂਡਿੰਗ ਅਫ਼ਸਰ ਸੀ। ਉਹ ਚਿੰਤਾਤੁਰ ਹੋ ਗਿਆ ਪਰ ਸਾਰਾਗੜ੍ਹੀ ਦੀ ਚੌਂਕੀ ਨਾਲ ਇਸ ਦਾ ਲਗਾਤਾਰ ਸੰਪਰਕ ਚਲ ਰਿਹਾ ਸੀ।

        ਹਵਲਦਾਰ ਈਸ਼ਰ ਸਿੰਘ (ਚੌਂਕੀ ਦਾ ਕਮਾਂਡਰ), ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ ਅਤੇ 18 ਹੋਰ ਸਿੱਖ ਫ਼ੌਜੀਆਂ ਨੂੰ ਇਸ ਸਥਿਤੀ ਦਾ ਡੱਟ ਕੇ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਗਿਆ। ਸਾਰਾਗੜ੍ਹੀ ਚੌਕੀ ਸਿਗਨਲ ਦੇਣ ਅਤੇ ਪਹਾੜੀ ਦੇ ਦੋਹਾਂ ਪਾਸਿਆਂ ਵੱਲ ਗੁਲਿਸਤਾਂ ਅਤੇ ਕਿਲਾ ਲਾਕਹਾਰਟ ਵਿਚਕਾਰ ਕੜੀ ਦਾ ਕੰਮ ਕਰ ਰਹੀ ਸੀ। ਇਸ ਗੜ੍ਹੀ ਦੇ ਇਕ ਪਾਸੇ ਸਿਧੀ ਢਲਾਣ ਸੀ ਅਤੇ ਇਸ ਪਾਸਿਉਂ ਬਾਹਰੀ ਹਮਲਾ ਕਰਨਾ ਅਸੰਭਵ ਸੀ। ਬਾਕੀ ਤਿੰਨ ਪਾਸਿਆਂ ਵੱਲ ਥੋੜ੍ਹੀਆਂ ਢਲਾਨਾਂ ਸਨ ਅਤੇ ਕੇਵਲ ਇਨ੍ਹਾਂ ਪਾਸਿਆਂ ਵੱਲੋਂ ਹੀ ਧਾਵਾ ਹੋ ਸਕਦਾ ਸੀ।

        ਹਜ਼ਾਰਾਂ ਕਬਾਇਲੀਆਂ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੱਖ ਫ਼ੌਜੀਆਂ ਦਾ ਇਰਾਦਾ ਹੋਰ ਮਜ਼ਬੂਤ ਹੋਇਆ ਅਤੇ ਉਨ੍ਹਾਂ ਨੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦਾ ਉੱਚਾ ਜੈਕਾਰਾ ਛਡਿਆ। ਨਿਸ਼ਾਨਚੀ ਆਪਣੀਆਂ ਥਾਵਾਂ ਤੇ ਕਾਇਮ ਹੋ ਗਏ ਅਤੇ ਗੋਲੀਆਂ ਦੀ ਵਰਖਾ ਨਾਲ ਕਈ ਕਬਾਇਲੀਆਂ ਨੂੰ ਭੁੰਨ ਸੁਟਿਆ। ਖੁਲ੍ਹੇ ਮੈਦਾਨ ਵਿਚ ਹੋਰ ਕਈ ਕਬਾਇਲੀਆਂ ਨੂੰ ਮਾਰ ਦਿੱਤਾ ਗਿਆ ਜਾਂ ਜ਼ਖਮੀ ਕਰ ਦਿੱਤਾ ਗਿਆ।

        ਅਗਲੇ 6 ਘੰਟਿਆਂ ਵਿਚ ਕਈ ਧਾਵਿਆਂ ਨੂੰ, ਪਿਛਾਂਹ ਧੱਕ ਦਿੱਤਾ ਗਿਆ। ਹਰੇਕ ਸਿੱਖ ਫ਼ੌਜੀ ਨੇ ਕਬਾਇਲੀਆਂ ਦਾ ਇਰਾਦਾ ਹੋਰ ਵੀ ਤਕੜਾ ਕਰਦਿੱਤਾ। ਅਸਲ ਵਿਚ ਇਹ ਇਰਾਦਿਆਂ ਦੀ ਹੀ ਲੜਾਈ ਸੀ।

                 ਬਾਅਦ ਵਿਚ ਲਗਭਗ 600 ਸਿਪਾਹੀ ਚੌਂਕੀ ਕੋਲ ਮਰੇ ਹੋਏ ਲਭੇ। ਕੁਝ ਹੋਰ ਵਧੇਰੇ ਜ਼ਖਮੀ ਸਿਪਾਹੀਆਂ ਨੂੰ ਉਥੋਂ ਪਾਸੇ ਕੀਤਾ ਗਿਆ। ਸਿੱਖ ਫ਼ੌਜ ਦੇ 65% ਸਿਪਾਹੀ ਜ਼ਖਮੀ ਹੋਏ। ਅਜਿੱਤ ਹਵਲਦਾਰ ਈਸ਼ਰ ਸਿੰਘ ਕੇਵਲ ਅੱਠ ਸਿੱਖ ਫ਼ੌਜੀਆਂ ਸਮੇਤ ਹੀ ਇਸ ਲੜਾਈ ਵਿਚ ਕਬਾਇਲੀਆਂ ਦਾ ਟਾਕਰਾ ਕਰਨ ਲਈ ਬਾਕੀ ਰਹਿ ਗਿਆ।

        ਇਸ ਮੌਕੇ ਤੇ ਕਬਾਇਲੀਆਂ ਨੇ ਲੜਾਈ ਦੀ ਇਕ ਹੋਰ ਸੂਝ-ਭਰੀ ਚਾਲ ਖੇਡੀ। ਕੁਝ ਸਿਰਲੱਥ ਕਬਾਇਲੀਆਂ ਨੇ ਇਕ ਮੰਜੀ ਜਿਸ ਉੱਤੇ ਦੋ ਫੁਟ ਮੋਟੀ ਪੱਥਰ ਅਤੇ ਮਿੱਟੀ ਦੀ ਤਹਿ ਸੀ, ਦੀ ਓਟ ਲੈ ਕੇ ਅੱਗੇ ਵਧਣ ਦਾ ਹੀਆ ਕੀਤਾ ਅਤੇ ਇਹ ਹੌਲੀ ਹੌਲੀ ਸੁਰੱਖਿਆ ਵਾਲੀ ਥਾਂ ਤੇ ਪਹੁੰਚ ਗਏ ਜਿਥੇ ਗੋਲੀ ਦੀ ਮਾਰ ਨਹੀਂ ਹੋ ਸਕਦੀ ਸੀ।

        ਇਹ ਇਸ ਲੜਾਈ ਦਾ ਮਹੱਤਵਪੂਰਨ ਮੋੜ ਸੀ।

        ਹੌਲੀ ਹੌਲੀ ਇਨ੍ਹਾਂ ਕਬਾਇਲੀਆਂ ਨੇ ਚੌਂਕੀ ਦਾ ਇਕ ਪੱਥਰ ਉਖੇੜਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਸ ਤੋਂ ਮਗਰੋਂ ਇਨ੍ਹਾਂ ਨੇ ਕਈ ਹੋਰ ਪੱਥਰ ਉਖੇੜ ਕੇ ਮੋਟੀ ਕੰਧ ਵਿਚ ਪਾੜ ਪਾ ਦਿੱਤਾ। ਦੂਜੇ ਪਾਸੇ ਬਾਹਾਦਰ ਸਿੱਖ ਫ਼ੌਜੀ ਵੀ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਨਾਲ ਚੌਂਕੀ ਦੇ ਬੂਹੇ ਅੱਗੇ ਸੀਨਾ ਤਾਣ ਕੇ ਤਿਆਰ-ਬਰ-ਤਿਆਰ ਸਨ।

        ਕਬਾਇਲੀ ਅੱਗੇ ਨਹੀਂ ਵਧ ਸਕਦੇ ਸਨ। ਉਨ੍ਹਾਂ ਨੇ ਕੁਝ ਝਾੜੀਆਂ ਅਤੇ ਲਕੜਾਂ ਇਕੱਠੀਆਂ ਕਰ ਕੇ ਪਾੜ ਵਾਲੇ ਪਾਸਿਉਂ ਚੌਂਕੀ ਨੂੰ ਅੱਗ ਲਾ ਦਿੱਤੀ। ਹਵਲਦਾਰ ਈਸ਼ਰ ਸਿੰਘ ਤੋਂ ਬਿਨਾ ਬਾਕੀ ਸਾਰੇ ਸਿੱਖ ਫ਼ੌਜੀ ਸ਼ਹੀਦ ਹੋ ਗਏ। ਹਵਲਦਾਰ ਈਸ਼ਰ ਸਿੰਘ ਸਿਗਨਲ ਰਾਹੀਂ ਬਟਾਲੀਅਨ ਹੈੱਡ-ਕੁਆਟਰ ਨੂੰ ਅੰਤਿਮ-ਮਿੰਟ ਦੀ ਖ਼ਬਰ ਦਿੰਦਿਆਂ ਇਕ ਬੁਰਜ ਵਿਚ ਲੁਕ ਗਿਆ ਅਖ਼ੀਰ ਇਸ ਬਹਾਦਰ ਨੇ ਵੀ ਕਈ ਪਠਾਣਾਂ ਨੂੰ ਸੰਗੀਨਾਂ ਨਾਲ ਮਾਰ ਕੇ, ਸ਼ਹੀਦੀ ਪ੍ਰਾਪਤ ਕੀਤੀ।

        ਇਸ ਸਾਕੇ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਫ਼ੌਜੀ ਇਹ ਸਨ : – 165 – ਹਵਲਦਾਰ ਈਸ਼ਰ ਸਿੰਘ, 332-ਨਾਇਕ ਲਾਲ ਸਿੰਘ, 546-ਲਾਂਸ ਨਾਇਕ ਚੰਦਾ ਸਿੰਘ, 1321-ਸਿਪਾਹੀ ਬੁੱਧ ਸਿੰਘ, 492-ਸਿਪਾਹੀ ਉੱਤਮ ਸਿੰਘ, 359-ਸਿਪਾਹੀ ਹੀਰਾ ਸਿੰਘ, 791-ਸਿਪਾਹੀ ਭੋਲਾ ਸਿੰਘ, 834-ਸਿਪਾਹੀ ਨਾਰਾਇਣ ਸਿੰਘ, 871-ਸਿਪਾਹੀ ਜੀਵਨ ਸਿੰਘ, 163-ਸਿਪਾਹੀ ਰਾਮ ਸਿੰਘ, 1265-ਸਿਪਾਹੀ ਭਗਵਾਨ ਸਿੰਘ, 1651-ਸਿਪਾਹੀ ਜੀਵਾ ਸਿੰਘ, 182-ਸਿਪਾਹੀ ਸਾਹਿਬ ਸਿੰਘ, 187-ਸਿਪਾਹੀ ਰਾਮ ਸਿੰਘ, 814-ਸਿਪਾਹੀ ਗੁਰਮੁਖ ਸਿੰਘ, 1733-ਸਿਪਾਹੀ ਗੁਰਮੁਖ ਸਿੰਘ, 1257-ਸਿਪਾਹੀ ਭਗਵਾਨ ਸਿੰਘ, 1556-ਸਿਪਾਹੀ ਬੂਟਾ ਸਿੰਘ ਅਤੇ 1221-ਸਿਪਾਹੀ ਨੰਦ ਸਿੰਘ।

        ਇਨ੍ਹਾਂ 21 ਸਿੱਖ ਸ਼ਹੀਦਾਂ ਦੀ ਬਹਾਦਰੀ ਦਾ ਸਤਿਕਾਰ ਕਰਦਿਆਂ, ਇਨ੍ਹਾਂ ਨੂੰ ਇੰਡੀਅਨ ਆਰਡਰ ਆਫ਼ ਮੈਰਿਟ (Indian Order of Merit) ਨਾਲ ਸਨਮਾਨਿਆ ਗਿਆ ਅਤੇ ਇਸ ਦੇ ਨਾਲ ਹੀ ਇਨ੍ਹਾਂ ਸ਼ਹੀਦਾਂ ਤੇ ਆਸ਼ਰਿਤ ਜੀਆਂ ਨੂੰ 500 ਰੁਪਏ ਦੀ ਨਕਦ ਰਾਸ਼ੀ ਅਤੇ ਦੋ ਮੁਰੱਬੇ ਜ਼ਮੀਨ ਦਿੱਤੀ ਗਈ।

        ਇਨ੍ਹਾਂ ਸ਼ਹੀਦਾਂ ਦੀ ਪਵਿੱਤਰ ਯਾਦ ਵਿਚ ਅੰਮ੍ਰਿਤਸਰ ਅਤੇ ਫ਼ਿਰੋਜਪੁਰ ਵਿਖੇ ਗੁਰਦੁਆਰੇ ਬਣਾਏ ਗਏ ਹਨ। ਪ੍ਰਸਿੱਧ 36-ਰੈਜਮੈਂਟ ਜਿਸ ਵਿਚ ਹਵਲਦਾਰ ਈਸ਼ਰ ਸਿੰਘ ਅਤੇ ਉਸ ਦੇ ਬਹਾਦਰ ਸਾਥੀ ਸਨ, ਦਾ 4-ਬਟਾਲੀਅਨ ਸਿੱਖ ਰੈਜਮੈਂਟ ਵਿਚ ਪੁਨਰ ਸੰਗਠਨ ਕਰ ਦਿੱਤਾ ਗਿਆ। ਇਸ ਨੇ ਪਿਛਲੇ ਦੋ ਵਿਸ਼ਵ ਯੁੱਧਾਂ, 1962ਈ. ਵਿਚ ਵਲੋਂਗ (Walong), 1965ਈ. ਵਿਚ ਬਰਕੀ ਅਤੇ 1971ਈ. ਵਿਚ ਜੈਸੋਰ (Jessore) ਵਿਚ ਬਹਾਦਰੀ ਦੇ ਜੌਹਰ ਵਿਖਾਏ।

        ਸਥਿਤੀ – 33º 55' ਉ. ਵਿਥ.;  70º 45º ਪੂ. ਲੰਬ.


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-02-22-04, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.