ਸਿਨਕੋਨਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cinchona (ਸਿਙਕਅਉਨਅ) ਸਿਨਕੋਨਾ: ਇਹ ਇਕ ਛੋਟਾ ਬਿਰਖ ਹੈ ਜੋ ਪਹਿਲਾਂ ਤੱਪਤ ਦੱਖਣੀ ਅਮਰੀਕਾ ਵਿੱਚ ਪਾਇਆ ਗਿਆ। ਪਰ ਬਾਅਦ ਵਿੱਚ ਇਸ ਨੇ ਜਾਵਾ ਵਿੱਚ ਪ੍ਰਵੇਸ਼ ਕੀਤਾ ਜਿਥੇ ਇਸ ਦੀ ਕਾਸ਼ਤ ਨੂੰ ਪ੍ਰਫੁਲਿਤ ਕੀਤਾ। ਇਸ ਦੇ ਸੱਕ (bark) ਤੋਂ ਕੁਨੀਨ (quinine) ਤਿਆਰ ਕੀਤੀ ਗਈ ਜੋ ਵਿਸ਼ੇਸ਼ ਕਰਕੇ ਮਲੇਰੀਆ ਬੁਖ਼ਾਰ ਲਈ ਕਾਰਗਰ ਸਿੱਧ ਹੋਈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸਿਨਕੋਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਨਕੋਨਾ [ਨਾਂਪੁ] ਇੱਕ ਰੁੱਖ ਜਿਸਦੇ ਸੱਕ ਤੋਂ ਕੁਨੀਨ ਬਣਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਨਕੋਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਨਕੋਨਾ (Cinchona) : ਸਿਨਕੋਨਾ ਰੂਬੀਏਸੀ (Rubiaceae) ਕੁਲ ਦਾ ਇਕ ਰੁੱਖ ਹੈ, ਜਿਸ ਦੀ ਉਚਾਈ 15 ਮੀਟਰ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਪਰ ਕਦੇ ਕਦੇ ਇਹ ਝਾੜੀਨੁਮਾ ਹੀ ਰਹਿ ਜਾਂਦਾ ਹੈ। ਤਪਤ-ਖੰਡੀ ਅਮਰੀਕਾ ਵਿਚ ਐਂਡੀਜ਼ ਦੀਆਂ ਉੱਚੀਆਂ ਢਲਾਣਾਂ ਇਸਦਾ ਜਮਾਂਦਰੂ ਘਰ ਹਨ। ਇਹ ਹਾਲੇ ਵੀ ਬੋਲੀਵੀਆ ਦੀਆਂ 2400 ਮੀਟਰ ਤੋਂ 7200 ਮੀਟਰ ਤੱਕ ਉੱਚੀਆਂ ਪਹਾੜੀਆਂ ਤੇ ਉਗਦਾ ਹੈ।

          ਸੰਸਾਰ ਵਿਚ ਇਸ ਦਾ ਖਿਲਾਰਾ ਬੜਾ ਸੀਮਤ ਹੈ। ਇਹ ਭੂ-ਮੱਧ ਰੇਖਾ ਦੇ 10° ਉੱਤਰ ਤੇ 20° ਦੱਖਣ ਵਲ 800 ਮੀਟਰ ਤੋਂ ਜ਼ਿਆਦਾ ਉਚਾਈ ਵਾਲੇ ਇਲਾਕਿਆਂ ਵਿਚ ਮਿਲਦਾ ਹੈ। ਮੁਸਾਮਦਾਰ ਜ਼ਮੀਨ (porous soil) ਇਸ ਲਈ ਬਹੁਤ ਲਾਹੇਵੰਦ ਹੈ।

          ਇਸ ਦਾ ਤਣਾ ਮੋਟੇ ਛਿੱਲੜ੍ਹ ਨਾਲ ਢੱਕਿਆ ਹੁੰਦਾ ਹੈ। ਛਿੱਲੜ੍ਹ ਵੱਖ ਵੱਖ ਪ੍ਰਜਾਤੀਆਂ ਵਿਚ ਵੱਖ ਵੱਖ ਰੰਗ ਦਾ ਪੀਲਾ, ਭੂਰਾ ਜਾਂ ਕਾਲਾ ਭੂਰਾ ਹੁੰਦਾ ਹੈ। ਪੱਤੇ ਆਮੋ ਸਾਮ੍ਹਣੇ ਅਤੇ ਖ਼ੁਸ਼ਬੂਦਾਰ, ਪੀਲੇ ਜਾਂ ਗੁਲਾਬੀ ਰੰਗੇ ਫੁੱਲ ਅੰਤ-ਸਥਿਤ ਪੁਸ਼ਪਗੁਛਿਆਂ (terminal panicles) ਵਿਚ ਲੱਗੇ ਹੁੰਦੇ ਹਨ। ਫੁੱਲ ਤਿੰਨ ਜਾਂ ਚਾਰ ਸਾਲ ਮਗਰੋਂ ਲੱਗਦੇ ਹਨ। ਫੁੱਲਾਂ ’ਚ ਪਰ-ਪਰਾਗਣ ਹੁੰਦਾ ਹੈ। ਸਿਨਕੋਨਾ ਦੀ ਉਪਜ ਬੀਜਾਂ ਦੁਆਰਾ ਹੁੰਦੀ ਹੈ ਪਰ ਅੱਜ ਕੱਲ੍ਹ ਇਸ ਦੀ ਕਾਸ਼ਤ ਪਿਉਂਦ ਜਾਂ ਕਟਾਈ ਦੁਆਰਾ ਕੀਤੀ ਜਾਂਦੀ ਹੈ।

          ਸਿਨਕੋਨਾ ਦੇ ਦਵਾਈਆਂ ਦੇ ਗੁਣ ਉਦੋਂ ਪਤਾ ਲਗੇ ਜਦੋਂ ਇਸਦੇ ਛਿੱਲੜ੍ਹਾਂ ਨੇ 1638 ਵਿਚ ਪੀਰੂ ਦੇ ਵਾਇਸਰਾਏ ਦੀ ਪਤਨੀ, ਕਾਊਂਟੈੱਸ ਆਫ਼ ਸਿਨਕੋਨ (Countess of Chinchon) ਦਾ ਮਲੇਰੀਏ ਦਾ ਬੁਖ਼ਾਰ ਹਟਾ ਦਿੱਤਾ। ਉਹ ਨੇ ਹੀ ਇਸ ਨੂੰ 1639 ਵਿਚ ਸਪੇਨ ਲੈ ਆਂਦਾ। ਉਸ ਦੇ ਮਗਰੋਂ ਅਠ੍ਹਾਰਵੀਂ ਸਦੀ ਵਿਚ ਲੀਨੀਅਸ (Linnaeus) ਨੇ ਇਸ ਪੌਦੇ ਦਾ ਨਾਂ ਸਿਨਕੋਨਾ ਰੱਖ ਦਿੱਤਾ। ਫੇਰ ਕੀ ਸੀ ਇਸਦਾ ਛਿੱਲੜ ‘ਯੱਸ਼ੂ ਛਿੱਲੜ੍ਹ’ ਅਤੇ ‘ਪਰੂਵੀਅਨ ਛਿੱਲੜ੍ਹ’ ਦੇ ਨਾਂ ਨਾਲ ਦੁਨੀਆ ਭਰ ’ਚ ਪ੍ਰਸਿੱਧ ਹੋ ਗਿਆ।

          ਮੱਧ-ਸਤ੍ਹਾਰਵੀਂ ਸਦੀ ਤੋਂ ਮੱਧ-ਉਨ੍ਹੀਵੀਂ ਸਦੀ ਤਕ ਦੱਖਣੀ ਅਮਰੀਕਾ ਵਿਚ ਸਿਨਕੋਨਾ ਦੇ ਦਰਖ਼ਤਾਂ ਨੂੰ ਛਿੱਲੜ੍ਹ ਪ੍ਰਾਪਤ ਕਰਨ ਵਾਸਤੇ ਧੜਾ-ਧੜ ਗਿਰਾ ਦਿੱਤਾ ਗਿਆ। ਅੰਗਰੇਜ਼ਾਂ ਨੇ ਸਿਨਕੋਨਾ ਸੱਕੀਰੂਬਰਾ (Cinchona succirubra) ਦੇ ਬੀਜ ਦੱਖਣੀ ਅਮਰੀਕਾ ਕੋਲੋਂ ਲੈ ਕੇ ਭਾਰਤ ਵਿਚ ਵੱਡੀ ਮਾਤਰਾ ਤੇ ਇਸਦੀ ਕਾਸ਼ਤ ਸ਼ੁਰੂ ਕਰ ਦਿਤੀ। ਇਸੇ ਤਰ੍ਹਾਂ ਹੀ ਡੱਚਾਂ ਨੇ ਵੀ ਸਿਨਕੋਨਾ ਲੈਜ਼ਰੀਆਨਾ (Cinchona ledgeriana) ਦੇ ਬੀਜ ਲੈ ਕੇ ਜਾਵਾ ਵਿਚ ਪੈਦਾਵਾਰ ਵਧਾਉਣੀ ਸ਼ੁਰੂ ਕਰ ਦਿਤੀ। ਜਾਵਾ ਹੁਣ ਸੰਸਾਰ ਵਿਚ ਕੂਨੀਨ ਦੇ ਵਪਾਰ ਵਿਚ 90% ਨਿਰਯਾਤ ਕਰਦਾ ਹੈ। ਬਰ੍ਹਮਾ ਤੇ ਤੈਂਗਆਨਯਕਾ (Tanganyika) ਵਿਚ ਵੀ ਇਹ ਉਗਾਇਆ ਜਾਣ ਲੱਗਾ ਹੈ।

          ਆਮ ਕਰਕੇ ਦਸ ਸਾਲਾ ਰੁੱਖਾਂ ਨੂੰ ਕੱਟ ਲਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਛਿੱਲੜ੍ਹ ਵਿਚ ਕੂਨੀਨ ਦੀ ਅਧਿਕਤਮ ਮਾਤਰਾ ਹੁੰਦੀ ਹੈ। ਛਿੱਲੜ੍ਹ ਨੂੰ ਤਣਿਆਂ, ਟਾਹਣੀਆਂ ਤੇ ਜੜ੍ਹਾਂ ਤੋਂ ਉਤਾਰ ਕੇ ਹੌਲੀ ਹੌਲੀ ਉੱਚੇ ਤਾਪਮਾਨ ਤੇ ਸੁਕਾ ਲਿਆ ਜਾਂਦਾ ਹੈ। ਸੁਕਾਏ ਹੋਏ ਛਿੱਲੜ੍ਹਾਂ ਤੋਂ ਘੋਲਕ-ਨਿਖੇੜਨ (solvent-extraction) ਵਿਧੀ ਦੁਆਰਾ ਫੈਕਟ੍ਰੀਆਂ ਵਿਚ ਐੱਲਕੇਲਾਇਡਜ਼ ਨੂੰ ਨਿਚੋੜ (extract) ਲਿਆ ਜਾਂਦਾ ਹੈ।

          ਕੂਨੀਨ, ਕੁਨੀਡੀਨ (quinidine) ਸਿਨਕੂਨੀਨ (cinchonine) ਤੇ ਸਿਨਕੋਨੀਡੀਨ (cinchonidine) ਚਾਰ ਮਹੱਤਵਪੂਰਨ ਐੱਲਕੇਲਾਇਡਜ਼ ਸਿਨਕੋਨਾ ਦੇ ਛਿੱਲੜ੍ਹਾਂ ਵਿਚ ਮਿਲਦੇ ਹਨ, ਇਨ੍ਹਾਂ ਵਿਚੋਂ ਕੂਨੀਨ ਸਭ ਤੋਂ ਲਾਭਦਾਇਕ ਹੈ। ਕੂਨੀਨ ਬਹੁਤ ਕੌੜੀ, ਸਫ਼ੈਦ, ਦਾਣੇਦਾਰ, ਐਂਟੀ-ਮਲੇਰੀਆ ਦਵਾਈ ਹੈ। ਕੋਈ ਵੀ ਦਵਾਈ ਮਲੇਰੀਆ ਬੁਖ਼ਾਰ ਦੇ ਇਲਾਜ ਲਈ ਇਸ ਦਾ ਟਾਕਰਾ ਨਹੀਂ ਕਰ ਸਕਦੀ। ਸਿਨਕੋਨਾ ਲੈਜ਼ਰੀਆਨਾ ਵਿਚ ਕੂਨੀਨ ਦੀ ਮਾਤਰਾ ਸਭ ਪ੍ਰਜਾਤੀਆਂ ਕੋਲੋਂ ਅਧਿਕ ਹੁੰਦੀ ਹੈ।

          ਹ. ਪੁ.––ਐਨ. ਬ੍ਰਿ. 20:339 ; ਇ. ਬਾ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਸਿਨਕੋਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਨਕੋਨਾ, ਅੰਗਰੇਜ਼ੀ / ਪੁਲਿੰਗ : ਦਰੱਖ਼ਤ ਜਿਸ ਦੇ ਛਿਲਕੇ ਦੀ ਕੁਨੈਨ ਬਣਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 93, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-10-20-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.