ਸਿੱਖ ਸਿੱਕੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਖ ਸਿੱਕੇ: ਇਸ ਤੋਂ ਭਾਵ ਹੈ ਸਿੱਖ ਰਾਜ-ਮੁਦ੍ਰਾ। ਹਰ ਇਕ ਸੁਤੰਤਰ ਰਾਜ ਦਾ ਆਪਣਾ ਸਿੱਕਾ ਹੁੰਦਾ ਹੈ। ਇਹ ਉਸ ਦੀ ਅਹਿਮੀਅਤ ਦਾ ਪ੍ਰਤੀਕ ਹੈ। ਜਦੋਂ ਸਿੱਖਾਂ ਪਾਸ ਸ਼ਕਤੀ ਅਤੇ ਰਾਜ ਭਾਗ ਆਇਆ, ਤਾਂ ਉਨ੍ਹਾਂ ਨੇ ਆਪਣੇ ਸਿੱਕੇ ਚਲਾਏ। ਸਿੱਖ ਸਿਕਿਆਂ ਉਤੇ ਰਾਜੇ ਜਾਂ ਸ਼ਾਸਕ ਦੇ ਨਾਂ ਦੀ ਥਾਂ ਇਹ ਉਨ੍ਹਾਂ ਦੇ ਗੁਰੂ ਸਾਹਿਬਾਨ ਨੂੰ ਅਰਪਿਤ ਹੁੰਦੇ ਸਨ। ਇਨ੍ਹਾਂ ਉਤੇ ਸੰਮਤ ਬਿਕ੍ਰਮੀ ਹੁੰਦਾ ਸੀ ਅਤੇ ਭਾਸ਼ਾ ਫ਼ਾਰਸੀ ਹੁੰਦੀ ਸੀ। ਇਸ ਸੰਬੰਧ ਵਿਚ ਚਾਰਲਸ ਜੇ. ਦੀ ਪੁਸਤਕ Coin Collection in Northern India ਵਿਚ ਭਰਪੂਰ ਜਾਣਕਾਰੀ ਮਿਲਦੀ ਹੈ। Sikh Coinage: Symbol of Sikh sovereignty ਵਿਚ ਸੁਰਿੰਦਰ ਸਿੰਘ ਨੇ ਸਿੱਖ ਸਿੱਕਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸ. ਮਨੋਹਰ ਸਿੰਘ ਮਾਰਕੋ ਪਾਸ ਵੀ ਇਨ੍ਹਾਂ ਸਿੱਕਿਆਂ ਦੇ ਕਾਫ਼ੀ ਨਮੂਨੇ ਸੁਰਖਿਅਤ ਹਨ।

            ਸਿੱਖਾਂ ਵਿਚ ਸਭ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਨੇ ਆਪਣਾ ਸਿੱਕਾ ਚਲਾਇਆ। ਸੰਨ 1710 ਈ. ਵਿਚ ਸਰਹਿੰਦ ਨੂੰ ਜਿਤਣ ਤੋਂ ਬਾਦ ਉਸ ਨੇ ਆਪਣੇ ਕਿਲ੍ਹੇ ਲੋਹਗੜ੍ਹ (ਮੁਖਲਿਸਗੜ੍ਹ) ਤੋਂ ਸਿੱਕਾ ਚਲਾਇਆ ਜਿਸ ਦੇ ਇਕ ਪਾਸੇ ਲਿਖਿਆ ਹੋਇਆ ਸੀ— ਸਿੱਕਹ ਜ਼ਦ ਬਰ ਹਰ ਦੋ ਆਲਮ ਤੇਗ਼--ਨਾਨਕ ਵਾਹਿਬ ਅਸਤ ਫਤਹ ਗੋਬਿੰਦ ਸਿੰਘ ਸ਼ਾਹ--ਸ਼ਾਹਾਂ ਫ਼ਜ਼ਲ--ਸੱਚਾ ਸਾਹਿਬ ਅਸਤ ਇਸ ਦੇ ਦੂਜੇ ਪਾਸੇ ਉਤੇ ਅੰਕਿਤ ਸੀ—ਜ਼ਰਬ ਅਮਾਨ ਉੱਦਾਹਰ ਮੁਸਾਵਰਾਤ ਸ਼ਹਿਰ ਜ਼ੀਨਤ ਅਲ ਤਖ਼ਤ ਮੁਬਾਰਕ ਬਖ਼ਤ

            ਇਕ ਮਤ ਅਨੁਸਾਰ ਨਵੰਬਰ 1761 ਈ. ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਉਤੇ ਕਬਜ਼ਾ ਕਰਕੇ ਆਪਣਾ ਸਿੱਕਾ ਚਲਾਇਆ ਜਿਸ ਉਤੇ ਅੰਕਿਤ ਸੀ— ‘ਸਿੱਕਾ ਜ਼ਦ ਦਰ ਜਹਾਂ ਬਫ਼ਜ਼ਲ--ਅਕਾਲ, ਮੁਲਕ-- ਅਹਮਦ ਸ਼ਾਹ ਗਰਿਫ਼ਤਹ ਜੱਸਾ ਕਲਾਲ’। ਦੂਜੇ ਮਤ ਅਨੁਸਾਰ ਇਹ ਸਿੱਕਾ ਲਾਹੌਰ ਦੇ ਕੁਝ ਮੌਲਾਣਿਆਂ ਨੇ ਚਲਾਇਆ ਤਾਂ ਜੁ ਅਹਿਮਦ ਸ਼ਾਹ ਦੁਰਾਨੀ ਖੁਣਸ ਖਾ ਕੇ ਲਾਹੌਰ ਉਤੇ ਹਮਲਾ ਕਰੇ। ਇਹ ਸਿੱਕਾ ਜਲਦੀ ਹੀ ਬੰਦ ਕਰ ਦਿੱਤਾ ਗਿਆ।

            ਸੰਨ 1764 ਈ. ਵਿਚ ਸਿੱਖਾਂ ਨੇ ਸਰਹਿੰਦ ਨੂੰ ਜਿਤ ਕੇ ਸੰਨ 1765 ਈ. ਵਿਚ ਜੋ ਸਿੱਕਾ ਚਲਾਇਆ, ਉਹ ਗੋਬਿੰਦ ਸਿੰਘੀ ਸਿੱਕੇ ਵਜੋਂ ਜਾਣਿਆ ਜਾਂਦਾ ਸੀ। ਇਹ ਚਾਂਦੀ ਦਾ ਬਣਿਆ ਹੋਇਆ ਸੀ। ਸੰਨ 1777 ਈ. ਤਕ ਲਾਹੌਰ ਦੀ ਟਕਸਾਲ ਵਿਚ ਢਲਦਾ ਰਿਹਾ। ਇਸ ਦੇ ਇਕ ਪਾਸੇ ਲਿਖਿਆ ਸੀ— ਦੇਗ ਤੇਗ਼ੋ ਫ਼ਤਹ ਨੁਸਰਤ ਬੇਦਰੰਗ, ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ ਇਸ ਦੇ ਦੂਜੇ ਪਾਸੇ ਅੰਕਿਤ ਸੀ—ਜ਼ਰਬਦਾਰਉਲ ਸਲਤਨਤ ਲਾਹੌਰ ਸੰਮਤ 1822 ਮੇਂਮਨਤ ਮਾਨੂਸ

            ਸੰਨ 1777 ਈ. ਤੋਂ ਬਾਦ ਅੰਮ੍ਰਿਤਸਰ ਤੋਂ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਹੋਏ। ਇਨ੍ਹਾਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਜਾਂਦਾ ਸੀ। ਇਨ੍ਹਾਂ ਦੇ ਇਕ ਪਾਸੇ ਗੁਰਮੁਖੀ ਵਿਚ ਲਿਖਿਆ ਹੁੰਦਾ— ‘ਅਕਾਲ ਸਹਾਇ ਗੁਰੂ ਨਾਨਕ ਜੀ’ ਅਤੇ ਫ਼ਾਰਸੀ ਅੱਖਰਾਂ ਵਿਚ ਅੰਕਿਤ ਹੁੰਦਾ—ਸਿੱਕਾ ਜ਼ਦ ਬਰ ਸੀਮੋ ਜ਼ਰ ਤੇਗ ਨਾਨਕ ਵਾਹਬ ਅਸਤ ਫਤਹ--ਗੋਬਿੰਦ ਸ਼ਾਹ- -ਸ਼ਾਹਾਂ ਫ਼ਜ਼ਲ ਸੱਚੇਹਾ ਸਾਹਿਬ ਅਸਤ ਇਸ ਦੇ ਦੂਜੇ ਪਾਸੇ ਛਪਿਆ ਹੁੰਦਾ—ਜ਼ਰਬ ਸ੍ਰੀ ਅੰਮ੍ਰਿਤਸਰ ਜਲੂਸ ਤਖ਼ਤ ਅਕਾਲ ਬਖ਼ਤ ਸੰਮਤ 1837 ਇਨ੍ਹਾਂ ਦੀ ਇਬਾਰਤ ਵਿਚ ਕਿਤੇ ਕਿਤੇ ਫ਼ਰਕ ਵੀ ਮਿਲਦਾ ਹੈ।

            ਮਹਾਰਾਜਾ ਰਣਜੀਤ ਸਿੰਘ ਨੇ ਸੰਨ 1799 ਈ. ਵਿਚ ਲਾਹੌਰ ਨੂੰ ਆਪਣੇ ਅਧੀਨ ਕੀਤਾ ਅਤੇ ਸੰਨ 1801 ਈ. ਵਿਚ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ। ਸੰਨ 1801 ਈ. ਤੋਂ ਬਾਦ ਲਾਹੌਰ, ਮੁਲਤਾਨ , ਕਸ਼ਮੀਰ ਤੋਂ ਇਸ ਦੇ ਸਿੱਕੇ ਚਲੇ। ਇਨ੍ਹਾਂ ਉਤੇ ਗੋਬਿੰਦਸਿੰਘੀ ਸਿਕਿਆਂ ਵਾਲੀ ਇਬਾਰਤ ਸੀ। ਬਸ ਫ਼ਰਕ ਇਹ ਸਨ—ਇਕ, ਇਸ ਦੇ ਸਿੱਕੇ ‘ਨਾਨਕਸ਼ਾਹੀ’ ਅਖਵਾਉਂਦੇ ਸਨ। ਦੂਜੇ, ਇਸ ਉਤੇ ਕਿਸੇ ਦਰਖ਼ਤ ਦੇ ਪੱਤੇ ਦਾ ਚਿੰਨ੍ਹ ਹੁੰਦਾ। ਮਹਾਰਾਜੇ ਨੇ ਕਈ ਹੋਰ ਨਗਰਾਂ ਵਿਚ ਵੀ ਟਕਸਾਲਾਂ ਸਥਾਪਿਤ ਕੀਤੀਆਂ। ਘਟ ਧਨ ਵਾਲੇ ਸਿੱਕੇ ਤਾਂਬੇ ਦੇ ਬਣਾਏ ਗਏ। ਸੰਨ 1828 ਈ. ਵਿਚ ਲਾਹੌਰ ਦੀ ਟਕਸਾਲ ਵਿਚ ਬੁਤਕੀਆਂ ਵੀ ਬਣਨੀਆਂ ਸ਼ੁਰੂ ਹੋਈਆਂ ਜਿਨ੍ਹਾਂ ਵਿਚ ਸਾਢੇ ਗਿਆਰਾਂ ਮਾਸੇ ਸ਼ੁੱਧ ਸੋਨਾ ਹੁੰਦਾ ਸੀ। ਮਹਾਰਾਜੇ ਨੇ ਸ. ਹਰੀ ਸਿੰਘ ਨਲਵੇ ਨੂੰ ਸੰਨ 1831 ਈ. ਵਿਚ ਕਸ਼ਮੀਰ ਅੰਦਰ ਅਤੇ ਸੰਨ 1834 ਈ. ਵਿਚ ਪਿਸ਼ਾਵਰ ਵਿਚ ਆਪਣਾ ਸਿੱਕਾ ਚਲਾਉਣ ਦੀ ਆਗਿਆ ਦਿੱਤੀ। ਪਰ ਇਹ ਸਿੱਕਾ ਵੀ ਵਿਅਕਤੀਗਤ ਨ ਹੋ ਕੇ ਗੁਰੂ ਸਾਹਿਬਾਨ ਦੇ ਨਾਂ ਵਾਲਾ ਸੀ।

            ਪਟਿਆਲਾ ਦੇ ਰਾਜਾ ਅਮਰ ਸਿੰਘ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਰਾਜਾ-ਏ-ਰਾਜਗਾਨ ਦੀ ਉਪਾਧੀ ਦਿੱਤੀ ਅਤੇ ਸੰਨ 1767 ਈ. ਵਿਚ ਆਪਣਾ ਸਿੱਕਾ ਜਾਰੀ ਕਰਨ ਦੀ ਆਗਿਆ ਦਿੱਤੀ। ਪਟਿਆਲੇ ਦੀਆਂ ਮੋਹਰਾਂ ਅਤੇ ਰੁਪਇਆਂ ਨੂੰ ‘ਰਾਜੇਸ਼ਾਹੀ’ ਸਿੱਕੇ ਕਿਹਾ ਜਾਂਦਾ। ਇਨ੍ਹਾਂ ਵਿਚੋਂ ਮੋਹਰ ਪੌਣੇ ਯਾਰ੍ਹਾਂ ਮਾਸਿਆਂ ਦੀ ਹੁੰਦੀ ਅਤੇ ਰੁਪਏ ਸਵਾ ਯਾਰ੍ਹਾਂ ਮਾਸਿਆਂ ਦੀ ਸ਼ੁੱਧ ਚਾਂਦੀ ਦੇ ਹੁੰਦੇ। ਉਨ੍ਹਾਂ ਉਤੇ ਲਿਖਿਆ ਹੁੰਦਾ—ਹੁਕਮ ਸ਼ੁਦ ਅਜ਼ ਕਾਦਰੇ ਬੇ ਚੂੰ ਅਹਮਦ ਬਾਦਸ਼ਾਹ, ਸਿੱਕਾ ਜ਼ਨ ਬਰ ਸੀਮੋ ਜ਼ਰ ਅਜ਼ ਔਜੇ ਮਾਹੀ ਤਾ ਬਮਾਹ

            ਜੀਂਦ ਦੀ ਰਿਆਸਤ ਨੇ ਕੇਵਲ ਚਾਂਦੀ ਦੇ ਰੁਪਏ ਦਾ ਸਿੱਕਾ ਚਲਾਇਆ ਅਤੇ ਉਸ ਉਤੇ ਪਟਿਆਲੇ ਵਾਲੇ ਸਿੱਕੇ ‘ਰਾਜੇਸ਼ਾਹੀ’ ਵਾਲੀ ਇਬਾਰਤ ਹੀ ਰਖੀ। ਇਸ ਨੂੰ ‘ਜੀਂਦੀਆ’ ਨਾ ਦਿੱਤਾ ਜਾਂਦਾ ਸੀ।

            ਨਾਭੇ ਦੀ ਮੋਹਰ ਅਤੇ ਰੁਪਇਆ ਕ੍ਰਮਵਾਰ ਪੌਣੇ ਦਸ ਮਾਸੇ ਸੋਨੇ ਦੀ ਅਤੇ ਸਵਾ ਯਾਰ੍ਹਾਂ ਮਾਸੇ ਚਾਂਦੀ ਦਾ ਹੁੰਦਾ ਅਤੇ ਇਨ੍ਹਾਂ ਨੂੰ ‘ਨਾਭੇਸ਼ਾਹੀ’ ਕਹਿੰਦੇ। ਇਨ੍ਹਾਂ ਉਤੇ ਇਬਾਰਤ ਨਾਨਕਸ਼ਾਹੀ ਜਾਂ ਗੋਬਿੰਦਸਿੰਘੀ ਸਿੱਕਿਆਂ ਵਾਲੀ ਹੀ ਹੁੰਦੀ। ਕਪੂਰਥਲਾ ਰਿਆਸਤ ਨੇ ਆਪਣਾ ਕੋਈ ਸਿੱਕਾ ਨਹੀਂ ਚਲਾਇਆ। ਫੂਲਕੀਆ ਰਿਆਸਤਾਂ ਦੇ ਸਿੱਕੇ ਆਪਣੀਆਂ ਰਿਆਸਤਾਂ ਤੋਂ ਇਲਾਵਾ ਨੇੜੇ-ਤੇੜੇ ਦੀਆਂ ਦੂਜੀਆਂ ਰਿਆਸਤਾਂ ਵਿਚ ਵੀ ਪ੍ਰਵਾਨ ਕਰ ਲਏ ਜਾਂਦੇ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਿੱਖ ਸਿੱਕੇ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ ਸਿੱਕੇ : ਹੋਰ ਕਿਸੇ ਵੀ ਥਾਂ ਜਾਂ ਦੇਸ ਦੇ ਸਿੱਕਿਆਂ ਵਾਂਗ ਇਕ ਵਪਾਰਿਕ ਲੋੜ ਅਤੇ ਰਾਜਸੱਤਾ ਦਾ ਚਿੰਨ੍ਹ ਸਨ। ਪੰਜਾਬੀ ਸ਼ਬਦ ਸਿੱਕਾ ਫ਼ਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਜਿਥੇ ਇਸਦੇ ਦੋ ਅਰਥ ਹਨ, “ਸਿੱਕੇ ਬਣਾਉਣ ਲਈ ਸਾਂਚਾ ਅਤੇ ਨਿਯਮ , ਕਾਨੂੰਨ ਆਦਿ” ਜਿਸ ਦਾ ਅਰਥ ਰਾਜਸੱਤਾ ਵੱਲ ਸੰਕੇਤ ਕਰਦਾ ਹੈ।

    ਪਰੰਪਰਾ ਦੇ ਤੌਰ ਤੇ ਸਿੱਕੇ ਵੱਖ-ਵੱਖ ਰਾਜਿਆਂ ਦੇ ਹੁਕਮਾਂ ਅਧੀਨ ਹੀ ਹੋਂਦ ਵਿਚ ਆਏ ਜਿਨ੍ਹਾਂ ਉੱਤੇ ਉਹਨਾਂ ਦਾ ਨਾਂ, ਸ਼ਾਸਕ ਦਾ ਅੱਧਾ ਧੜ ਅਤੇ ਉਸਦੇ ਸ਼ਾਸਨ ਕਾਲ ਦਾ ਸਮਾਂ ਉਕਰਿਆ ਹੁੰਦਾ ਸੀ। ਸਿੱਖ ਸਿੱਕੇ ਉਹਨਾਂ ਦੇ ਗੁਰੂ ਸਾਹਿਬਾਨ ਨੂੰ ਸਮਰਪਿਤ ਸਨ ਅਤੇ ਜਾਰੀ ਕਰਨ ਦਾ ਸਾਲ ਜੋ ਇਹਨਾਂ ਉੱਤੇ ਹੁੰਦਾ ਸੀ ਉਹ ਬਿਕਰਮੀ ਸਾਲ ਹੁੰਦਾ ਸੀ ਹਾਲਾਂਕਿ ਮੁਗਲ ਸ਼ਾਸਕਾਂ ਦੇ ਸਮੇਂ ਦੀ ਪ੍ਰਚਲਿਤ ਲਿਪੀ ਅਤੇ ਭਾਸ਼ਾ ਫ਼ਾਰਸੀ ਹੀ ਵਰਤੀ ਜਾਂਦੀ ਰਹੀ ਸੀ। ਪਹਿਲਾ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਭਾਵੇਂ ਕਿ ਥੋੜ-ਚਿਰਾ ਹੀ ਸੀ ਪਰੰਤੂ ਇਸ ਨੂੰ 1710 ਦੀ ਸਰਹਿੰਦ ਦੀ ਜਿੱਤ ਨਾਲ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ ਸੀ। ਪਹਿਲਾ ਸਿੱਖ ਸਿੱਕਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤਰਾਈ ਵਿਚ ਮੁਜ਼ਲਿਸ ਗੜ੍ਹ ਕਿਲੇ ਵਿਚੋਂ ਜਾਰੀ ਕੀਤਾ ਗਿਆ ਸੀ। ਇਸ ਸਿੱਕੇ ਦੇ ਇਕ ਪਾਸੇ ਇਹ ਇਬਾਰਤ ਲਿਖੀ ਹੋਈ ਸੀ: ‘ਸਿੱਕਾ ਬਰ ਹਰ ਦੋ ਆਲਮ ਤੇਗ਼-ਇ-ਨਾਨਕ ਵਾਹਬ ਅਸਤ ਫਤਹ ਗੋਬਿੰਦ ਸਿੰਘ ਸ਼ਾਹ ਇ-ਸ਼ਾਹਾਂ ਫਜ਼ਲ ਸਚੇਹਾ ਸਾਹਿਬ ਅਸਤ` (ਦੋਹਾਂ ਜਹਾਨਾਂ ਵਿਚ ਸਿੱਕਾ ਚਲਾਇਆ ਜਾਂਦਾ ਹੈ; ਇਸਦੀ ਬਖ਼ਸ਼ਸ਼ ਕਰਨ ਵਾਲੀ ਤੇਗ (ਗੁਰੂ) ਨਾਨਕ ਦੀ ਹੈ। ਸੱਚੇ ਪਾਤਿਸ਼ਾਹ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਸ਼ਾਹੇ ਸ਼ਹਿਨਸ਼ਾਹ (ਗੁਰੂ) ਗੋਬਿੰਦ ਸਿੰਘ ਦੀ ਹੈ ਅਤੇ ਇਸ ਦੇ ਦੂਸਰੇ ਪਾਸੇ ਲਿਖਿਆ ਹੋਇਆ ਸੀ : ‘ਜਰਬ ਬ ਅਮਾਨ ਉਦ-ਦਹਰ ਮੁਸਵਰਤ ਸ਼ਹਰ ਜ਼ੀਨਤ ਅਲ ਤਖ਼ਤ ਮੁਬਾਰਕ ਬਖ਼ਤ`(ਸਾਰੇ ਸੰਸਾਰ ਦੀ ਅਤੇ ਭਾਗਾਂਵਾਲੀ ਖੂਬਸੂਰਤ ਸਿੰਘਾਸਨ ਵਾਲੀ ਚਾਰਦੀਵਾਰੀ ਨਾਲ ਘਿਰੀ ਹੋਈ ਨਗਰੀ ਦੀ ਸੁਰਖਿਆ ਅਤੇ ਸ਼ਾਤੀ ਲਈ ਜਾਰੀ ਕੀਤਾ ਜਾਂਦਾ ਹੈ)।

    ਸਿੱਖਾਂ ਵੱਲੋਂ ਸੁਲਤਾਨ ਉਲ-ਕੌਮ ਦੀ ਉਪਾਧੀ ਪ੍ਰਾਪਤ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਅੱਧੀ ਸਦੀ ਪਿੱਛੋਂ ਦਲ ਖ਼ਾਲਸਾ ਨੇ ਆਰਜ਼ੀ ਤੌਰ ਤੇ ਨਵੰਬਰ 1761 ਵਿਚ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਇਕ ਸਿੱਕਾ ਜਾਰੀ ਕਰ ਦਿੱਤਾ ਜਿਸ ਉੱਤੇ ਲਿਖਿਆ ਹੋਇਆ ਸੀ :

    ਸਿੱਕਾ ਜ਼ਦ ਦਰ ਜਹਾਂ ਬਫ਼ਜ਼ਲ-ਇ-ਅਕਾਲ, ਮੁਲਕਿ ਅਹਮਦ ਸ਼ਾਹ ਗ੍ਰਿਫ਼ਤਹ ਜੱਸਾ ਕਲਾਲ (ਮੁਲਕ ਵਿਚ) ਸਿੱਕਾ ਜਾਰੀ ਕੀਤਾ ਗਿਆ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਜੱਸਾ ਕਲਾਲ (ਜੱਸਾ ਸਿੰਘ ਆਹਲੂਵਾਲੀਆ) ਨੇ ਅਹਮਦ ਸ਼ਾਹ ਦੁੱਰਾਨੀ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਇਸ ਸਿੱਕੇ ਨੂੰ ਛੇਤੀ ਹੀ ਵਾਪਸ ਲੈ ਲਿਆ ਗਿਆ ਕਿਉਂਕਿ ਇਸ ਉੱਤੇ ਗੁਰੂ ਸਾਹਿਬ ਦਾ ਨਾਂ ਨਹੀਂ ਸੀ ਸਗੋਂ ਇਕ ਸਿੱਖ ਦਾ ਨਾਂ ਸੀ ਅਤੇ ਉਹ ਵੀ ਵਿਗਾੜੇ ਹੋਏ ਰੂਪ ਵਿਚ ਸੀ। ਇਹ ਵੀ ਸਮਝਿਆ ਜਾਂਦਾ ਹੈ ਕਿ ਇਹ ਸਿੱਕਾ ਸਿੱਖਾਂ ਦੁਆਰਾ ਜਾਰੀ ਨਹੀਂ ਕੀਤਾ ਗਿਆ ਸੀ ਸਗੋਂ ਇਸ ਨੂੰ ਲਾਹੌਰ ਦੇ ਕੁਝ ਧਾਰਮਿਕ ਨੇਤਾਵਾਂ ਨੇ ਅਹਮਦ ਸ਼ਾਹ ਨੂੰ ਭੇਜਣ ਲਈ ਜਾਰੀ ਕੀਤਾ ਸੀ ਤਾਂ ਕਿ ਅਹਮਦ ਸ਼ਾਹ ਦੁੱਰਾਨੀ ਇਸ ਨਾਲ ਸਿੱਖਾਂ ਉੱਤੇ ਲੋਹਾ ਲਾਖਾ ਹੋਏਗਾ ਅਤੇ ਇਹਨਾਂ ਨੂੰ ਜਲਦੀ ਹੀ ਕੁਚਲ ਦੇਵੇਗਾ।

    ਸਿੱਖਾਂ ਵੱਲੋਂ 1764 ਵਿਚ ਸਰਹਿੰਦ ਦੀ ਜਿੱਤ ਪਿੱਛੋਂ ਛੇਤੀ ਹੀ ਇਕ ਹੋਰ ਸਿੱਕਾ ਜਾਰੀ ਕੀਤਾ ਗਿਆ ਸੀ ਜਿਸਦਾ ਨਾਂ ‘ਗੋਬਿੰਦਸ਼ਾਹੀ ਸਿੱਕਾ` ਸੀ। ਇਹ ਚਾਂਦੀ ਦਾ ਸਿੱਕਾ ਸੀ ਅਤੇ ਇਹ 1777 ਤਕ ਲਾਹੌਰ ਟਕਸਾਲ ਤੋਂ ਜਾਰੀ ਹੁੰਦਾ ਰਿਹਾ। ਇਸ ਉੱਤੇ ਉਕਰੇ ਹੋਏ ਸ਼ਬਦ ਸਨ:‘ਦੇਗ ਤੇਗ ਫਤਹਿ-ਓ-ਨੁਸਰਤ ਬੇਦਰੰਗ , ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ` (ਦੇਗ, ਉਦਾਰਤਾ, ਤੇਗ, ਸਫਲਤਾ ਅਤੇ ਬੇਰੋਕ ਜਿੱਤ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇਵ ਤੋਂ ਪ੍ਰਾਪਤ ਕੀਤੀ ਹੈ)। ਇਹ ਪੰਕਤੀਆਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਆਪਣੀ ਮੋਹਰ ਉੱਤੇ ਵਰਤੀਆਂ ਸਨ। ਇਸ ਗੋਬਿੰਦਸ਼ਾਹੀ ਸਿੱਕੇ ਦੇ ਦੂਸਰੇ ਪਾਸੇ ਇਹ ਸ਼ਬਦ ਸਨ: ‘ਜ਼ਰਬ ਦਾਰ ਉਲ-ਸਲਤਨਤ ਲਾਹੌਰ ਸੰਮਤ 1822 ਮੈਮਨਤ ਮਾਨੂਸ (ਖ਼ੁਸ਼ਹਾਲੀ ਭਰੇ ਸੰਮਤ 1822 (ਈ.1765) ਵਿਚ ਰਾਜਧਾਨੀ ਲਾਹੌਰ ਤੋਂ ਜਾਰੀ ਕੀਤਾ ਗਿਆ)।

        1777 ਤੋਂ ਅੱਗੇ ਜਾਰੀ ਕੀਤੇ ਗਏ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਜਾਂਦਾ ਸੀ। ਇਹਨਾਂ ਦੇ ਇਕ ਪਾਸੇ ‘ਅਕਾਲ ਸਹਾਇ ਗੁਰੂ ਨਾਨਕ ਜੀ` ਗੁਰਮੁਖੀ ਅਖਰਾਂ ਵਿਚ ਲਿਖੇ ਹੋਏ ਸਨ ਅਤੇ ‘ਸਿੱਕਾ ਜ਼ਦ ਬਰ ਸੀਮ-ਓ-ਜ਼ਰ ਤੇਗ਼ ਨਾਨਕ ਵਾਹਬ ਅਸਤ ਫਤਹ-ਇ-ਗੋਬਿੰਦ ਸ਼ਾਹ-ਇ-ਸ਼ਾਹਾਂ ਫ਼ਜ਼ਲ ਸਚੇਹਾ ਸਾਹਿਬ ਅਸਤ’ ਫ਼ਾਰਸੀ ਵਿਚ ਲਿਖੇ ਹੋਏ ਸਨ (ਸੋਨੇ ਅਤੇ ਚਾਂਦੀ ਵਿਚ ਸਿੱਕਾ ਜਾਰੀ ਕੀਤਾ ਗਿਆ; ਨਾਨਕ ਦੀ ਤੇਗ਼ ਬਖ਼ਸ਼ਣਹਾਰ ਹੈ; ਸੱਚੇ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਸ਼ਾਹਿ ਸ਼ਾਹਿਨਸ਼ਾਹ (ਗੁਰੂ ਗੋਬਿੰਦ ਸਿੰਘ ਦੀ ਹੈ)। ਇਹ ਲਿਖਤ ਪਹਿਲਾਂ ਬੰਦਾ ਸਿੰਘ ਬਹਾਦਰ ਵੱਲੋਂ ਜਾਰੀ ਕੀਤੇ ਹੋਏ ਸਿੱਕਿਆਂ ਨਾਲ ਬਹੁਤ ਮਿਲਦੀ ਸੀ। ਇਸ ਸਿੱਕੇ ਦੇ ਦੂਸਰੇ ਪਾਸੇ ਲਿਖਿਆ ਹੋਇਆ ਸੀ : ‘ਜ਼ਰਬ ਸ੍ਰੀ ਅੰਮ੍ਰਿਤਸਰ ਜਲੂਸ ਅਕਾਲ ਤਖ਼ਤ ਸੰਮਤ 1837 (ਈ. 1780) ਵਿਚ (ਸ੍ਰੀ) ਅਕਾਲ ਤਖ਼ਤ ਦੇ ਸ਼ਾਸਨ ਸਮੇਂ ਸ੍ਰੀ ਅੰਮ੍ਰਿਤਸਰ ਵਿਖੇ ਜਾਰੀ ਕੀਤਾ ਗਿਆ।

    ਦਲ ਖ਼ਾਲਸਾ ਅਠਾਰ੍ਹਵੀਂ ਸਦੀ ਵਿਚ ਭਾਰਤ ਦੇ ਧੁਰ ਮੱਧ ਤੱਕ ਸਿੱਖ ਨਿਸ਼ਾਨ ਸਾਹਿਬ (ਝੰਡਾ) ਲੈ ਜਾਣ ਵਿਚ ਸਫਲ ਹੋ ਗਿਆ ਸੀ। ਇਸ ਲਈ ਜਿਵੇਂ ਕਿ ਚਾਰਲਸ ਜੇ. ਰੋਜਰਸ ਨੇ ਕੋਇਨ ਕੁਲੈਕਸ਼ਨ ਇਨ ਨਾਰਥ ਇੰਡੀਆ (1894)ਵਿਚ ਲਿਖਿਆ ਹੈ “ਇਹ ਇਸ ਲਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਜਿਹੇ ਸਿੱਕੇ ਉਪਲਬਧ ਹਨ ਜਿਨ੍ਹਾਂ ਦੇ ਇਕ ਪਾਸੇ ਇਕ ਦੋਹਾ ਪੁਰਾਣੇ ਸਿੱਖ ਸਿੱਕੇ ਤੋਂ ਲਿਆ ਹੋਇਆ ਲਿਖਿਆ ਹੈ ਅਤੇ ਦੂਸਰੇ ਪਾਸੇ ਨਜੀਬਾਬਾਦ ਟਕਸਾਲ ਦਾ ਨਾਂ ਅਤੇ ਨਿਸ਼ਾਨ ਲਿਖਿਆ ਮਿਲਦਾ ਹੈ। ਅਜੇਹਾ ਇਕ ਸਿੱਕਾ ਜੈਪੁਰ ਟਕਸਾਲ ਦੇ ਨਾਂ ਅਤੇ ਨਿਸ਼ਾਨ ਨਾਲ ਜਾਣਿਆ ਜਾਂਦਾ ਹੈ ...........ਇਹਨਾਂ ਸਤਰਾਂ ਦੇ ਲੇਖਕ ਨੂੰ ਕਈ ਸਾਲ ਪਹਿਲਾਂ ਵੇਖਿਆ ਹੋਇਆ ਇਕ ਸਿੱਕਾ ਯਾਦ ਹੈ ਜੋ ਸੂਰਤ (ਮਹਾਂਰਾਸ਼ਟਰ) ਵਿਚੋਂ ਜਾਰੀ ਹੋਇਆ ਸੀ ਅਤੇ ਉਸ ਉੱਤੇ ਸਿੱਖ ਸਿੱਕੇ ਦਾ ਦੋਹਾ ਲਿਖਿਆ ਹੋਇਆ ਸੀ.......”।

    ਰਣਜੀਤ ਸਿੰਘ ਨੇ 1799 ਵਿਚ ਲਾਹੌਰ ਤੇ ਕਬਜ਼ਾ ਕੀਤਾ ਅਤੇ ਆਪਣੇ ਆਪ ਨੂੰ 1801 ਵਿਚ ਮਹਾਰਾਜਾ ਐਲਾਨ ਕੀਤਾ ਸੀ। 1801 ਤੋਂ ਉਸਦੇ ਅਗਲੇ ਸਿੱਕੇ ਲਾਹੌਰ(1805-06) ਅੰਮ੍ਰਿਤਸਰ (1805-06 ਤੋਂ), ਮੁਲਤਾਨ (1818 ਤੋਂ) ਅਤੇ 1819 ਤੋਂ ਕਸ਼ਮੀਰ (ਸ੍ਰੀਨਗਰ) ਤੋਂ ਜਾਰੀ ਕੀਤੇ ਗਏ। ਇਹਨਾਂ ਸਾਰਿਆਂ ਉੱਤੇ ਗੋਬਿੰਦਸ਼ਾਹੀ ਸਿੱਕਿਆਂ ਵਾਲੀ ਲਿਖਤ ਹੀ ਹੈ ਪਰੰਤੂ ਰਣਜੀਤ ਸਿੰਘ ਦੇ ਸਿੱਕਿਆਂ ਨੂੰ ਨਾਨਕਸ਼ਾਹੀ ਕਿਹਾ ਜਾਂਦਾ ਸੀ। ਇਹਨਾਂ ਦਾ ਪਹਿਲਾ ਵੱਖਰਾ ਪਛਾਣ ਚਿੰਨ੍ਹ ਦਰਖ਼ਤ ਦਾ ਪੱਤਾ ਅਤੇ ਕੁਝ ਸਮੇਂ ਪਿੱਛੋਂ ਮੋਰ ਦਾ ਖੰਭ ਸੀ। ਉਸਦੇ ਰਾਜ ਸਮੇਂ ਉਸਦੇ ਪਿੰਡ ਦਾਦਨ ਖ਼ਾਨ, ਝੰਗ ਅਤੇ ਪਿਸ਼ਾਵਰ ਤੋਂ ਵੀ ਸਿੱਕੇ ਜਾਰੀ ਕੀਤੇ ਗਏ ਸਨ। ਇਹ ਇਕ ਪਰੰਪਰਾ ਸੀ ਕਿ ਨਵੀਂ ਟਕਸਾਲ ਤੋਂ ਜਾਰੀ ਕੀਤੇ ਗਏ ਸਿੱਕੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਉੱਤੇ ਭੇਟਾ ਕਰਨ ਲਈ ਭੇਜੇ ਜਾਂਦੇ ਸਨ। 1806-07 ਵਿਚ ਮਹਾਰਾਜਾ ਰਣਜੀਤ ਸਿੰਘ ਨੇ ‘ਮੋਰਾਂਸ਼ਾਹੀ` ਜਾਂ ‘ਆਰਸੀ ਦੀ ਮੋਹਰ ਵਾਲੇ` ਸਿੱਕੇ ਜਾਰੀ ਕੀਤੇ। ਇਹ ਸਿੱਕੇ ਆਪਣੀਆਂ ਰਾਣੀਆਂ ਵਿਚ ਸ਼ਾਮਲ ਕੀਤੀ ਹੋਈ ਇਕ ਨੱਚਣ ਵਾਲੀ ਦੇ ਸਨਮਾਨ ਵਿਚ ਜਾਰੀ ਕੀਤੇ ਗਏ ਸਨ। ਇਨ੍ਹਾਂ ਸਿੱਕਿਆਂ ਦੀ ਭੇਜੀ ਗਈ ਭੇਟਾ ਸ੍ਰੀ ਅਕਾਲ ਤਖ਼ਤ ਤੇ ਪਰਵਾਨ ਨਹੀਂ ਕੀਤੀ ਗਈ ਸੀ। ਇਸੇ ਤਰ੍ਹਾਂ ਮਹਾਰਾਜਾ ਸ਼ੇਰ ਸਿੰਘ (1841-43) ਦੁਆਰਾ ਜਾਰੀ ਕੀਤੇ ਗਏ ਸਿੱਕੇ ਵੀ ਭੇਟਾ ਦੇ ਤੌਰ ਤੇ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਵਿਖੇ ਪਰਵਾਨ ਨਹੀਂ ਕੀਤੇ ਗਏ ਸਨ ਕਿਉਂਕਿ ਪ੍ਰਚਲਿਤ ਪਰੰਪਰਾ ‘ਅਕਾਲ ਸਹਾਇ ਗੁਰੂ ਨਾਨਕ ਜੀ` ਦੀ ਥਾਂ ਤੇ ਇਹਨਾਂ ‘ਤੇ “ਅਕਾਲ ਸਹਾਇ ਸ਼ੇਰ ਸਿੰਘ” ਲਿਖਿਆ ਹੋਇਆ ਸੀ।

        1828 ਤੋਂ ਅੱਗੇ ਲਾਹੌਰ ਟਕਸਾਲ ਤੋਂ ਸੁਨਹਿਰੀ ਮੋਹਰਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਬੁੱਤਕੀਆਂ ਕਿਹਾ ਜਾਂਦਾ ਸੀ। ਇਹ 11-1/2 ਮਾਸ਼ੇ (ਲਗਭਗ ਦਸ ਗ੍ਰਾਮ) ਸ਼ੁੱਧ ਸੋਨੇ ਦੀਆਂ ਬਣੀਆਂ ਹੋਈਆਂ ਸਨ ਅਤੇ ਪ੍ਰਚਲਿਤ ਦੋਹੇ ਅਤੇ ਸੰਕੇਤ ਵਾਕ ਤੋਂ ਇਲਾਵਾ ਇਸ ਉੱਤੇ ਵਾਹਿਗੁਰੂ ਸ਼ਬਦ ਤਿੰਨ ਵਾਰੀ ਗੁਰਮੁਖੀ ਅਖਰਾਂ ਵਿਚ ਲਿਖਿਆ ਹੋਇਆ ਹੁੰਦਾ ਸੀ। ਰੁਪਏ ਦੇ ਸਿੱਕੇ ਵਿਚ ਬਰਾਬਰ ਦੀ ਮਾਤਰਾ ਦੀ ਚਾਂਦੀ ਹੁੰਦੀ ਸੀ ਜਦੋਂ ਕਿ ਛੋਟੇ ਸਿੱਕੇ ਜਿਵੇਂ ਧੇਲਾ ਜਾਂ ਟਕਾ ਅਤੇ ਪੈਸਾ ਤਾਂਬੇ ਦੇ ਬਣੇ ਹੋਏ ਸਨ।

    ਸਰਦਾਰ ਹਰੀ ਸਿੰਘ ਨਲਵੇ ਨੂੰ ਦੋ ਵਾਰੀ ਆਪਣੇ ਨਾਂ ਦੇ ਸਿੱਕੇ ਜਾਰੀ ਕਰਨ ਦੀ ਪਰਵਾਨਗੀ ਦਿੱਤੀ ਗਈ ਸੀ: ਪਹਿਲੀ ਵਾਰ 1831 ਨੂੰ ਕਸ਼ਮੀਰ ਵਿਚ ਅਤੇ ਫਿਰ 1834 ਨੂੰ ਪਿਸ਼ਾਵਰ ਵਿਚ।

    ਨੌਨਿਹਾਲ ਸਿੰਘ ਦੇ ਵਿਆਹ ਦੇ ਸਤਿਕਾਰ ਵੱਜੋਂ ਰਣਜੀਤ ਸਿੰਘ ਨੇ ‘ਆਰਡਰ ਆਫ਼ ਮੈਰਿਟ` ਅਰੰਭ ਕਰ ਦਿੱਤਾ ਜਿਹਨੂੰ ਕੋਕਾਬ ਇ-ਇਕਬਾਲ-ਇ-ਪੰਜਾਬ ਭਾਵ ਪੰਜਾਬ ਦੀ ਖੁਸ਼ਹਾਲੀ ਦਾ ਸਿਤਾਰਾ ਜਾਣਿਆ ਜਾਂਦਾ ਸੀ। ਇਸ ਆਰਡਰ ਦੀਆਂ ਤਿੰਨ ਸ਼੍ਰੇਣੀਆ ਸਨ; ਹਰ ਇਕ ਦਾ ਆਪਣਾ-ਆਪਣਾ ਮੈਡਲ ਸੀ। ਇਹਨਾਂ ਮੈਡਲਾਂ ਦੇ ਇਕ ਪਾਸੇ ‘ਤੇ ਰਣਜੀਤ ਸਿੰਘ ਦਾ ਚਿਹਰਾ ਬਣਿਆ ਹੋਇਆ ਸੀ ਅਤੇ ਸੁਨਹਿਰੇ ਅਤੇ ਲਾਲ ਰੰਗ ਦੇ ਰੇਸ਼ਮੀ ਰਿਬਨ ਬਣੇ ਹੋਏ ਸਨ। ਤਾਰੇ ਦੀ ਸ਼ਕਲ ਦੇ ਬਣੇ ਹੋਏ ਇਹ ਗਲ ਵਿਚ ਪਾਉਣ ਲਈ ਸਨ। ਪਹਿਲੀ ਸ਼੍ਰੇਣੀ ਦੇ ਮੈਡਲ ਵਿਚ ਇਕ ਹੀਰਾ ਲੱਗਾ ਹੋਇਆ ਸੀ। ਇਹ ਸ਼ਾਹੀ ਪਰਵਾਰ ਅਥਵਾ ਉਹਨਾਂ ਮੁਖੀਆਂ ਲਈ ਸੀ ਜਿਨ੍ਹਾਂ ਨੇ ਮਹਾਰਾਜਾ ਅਤੇ ਉਸ ਦੇ ਪਰਵਾਰ ਲਈ ਅਸਧਾਰਨ ਸ਼ਰਧਾ ਦਿਖਾਈ ਹੁੰਦੀ ਸੀ। ਦੂਸਰੇ ਦਰਜੇ ਦੇ ਮੈਡਲ ਵਿਚ ਹੀਰੇ ਵਿਚ ਇਕ ਹਰੇ ਰੰਗ ਦਾ ਪੰਨਾ ਜੜਿਆ ਹੋਇਆ ਸੀ। ਇਹ ਵਫਾਦਾਰ ਦਰਬਾਰੀਆਂ ਅਤੇ ਸਰਦਾਰਾਂ ਨੂੰ ਦਿੱਤਾ ਜਾਂਦਾ ਸੀ। ਤੀਸਰੇ ਦਰਜੇ ਦੇ ਮੈਡਲ ਉੱਤੇ ਇਕ ਹਰੇ ਰੰਗ ਦਾ ਪੰਨਾ ਲੱਗਾ ਹੁੰਦਾ ਸੀ ਅਤੇ ਇਹ ਉਹਨਾਂ ਸਿਵਲ ਅਤੇ ਮਿਲਟਰੀ ਅਫ਼ਸਰਾਂ ਲਈ ਸੀ ਜਿਨ੍ਹਾਂ ਨੇ ਦੇਸ਼ ਦੀ ਵਿਸ਼ੇਸ਼ ਸੇਵਾ ਕੀਤੀ ਹੁੰਦੀ ਸੀ।

    ਸਰਦਾਰ ਆਲਾ ਸਿੰਘ ਦੁਆਰਾ ਵਸਾਈ ਗਈ ਪਟਿਆਲਾ ਰਿਆਸਤ ਨੂੰ ਅਹਮਦ ਸ਼ਾਹ ਦੁੱਰਾਨੀ ਤੋਂ 1761 ਵਿਚ ਇਕ ਰਾਜੇ ਦੇ ਰੂਪ ਵਿਚ ਮਾਨਤਾ ਪ੍ਰਾਪਤ ਹੋਈ। ਉਸ ਨੇ 1765 ਵਿਚ ਆਲਾ ਸਿੰਘ ਨੂੰ ਰਾਜਾ ਦੀ ਉਪਾਧੀ ਵੀ ਦਿੱਤੀ। ਰਾਜਾ ਆਲਾ ਸਿੰਘ ਉਸੇ ਸਾਲ ਅਗਸਤ ਵਿਚ ਅਕਾਲ ਚਲਾਣਾ ਕਰ ਗਿਆ। ਇਸ ਦੇ ਪੋਤਰੇ ਅਤੇ ਉਤਰਾਧਿਕਾਰੀ ਅਮਰ ਸਿੰਘ ਨੂੰ ਅਹਮਦ ਸ਼ਾਹ ਵਲੋਂ ਰਾਜ-ਇ-ਰਾਜਗਾਨ ਦੀ ਉਪਾਧੀ ਦਿੱਤੀ ਗਈ ਅਤੇ ਮਾਰਚ 1767 ਵਿਚ ਆਪਣਾ ਸਿੱਕਾ ਚਲਾਉਣ ਦੀ ਆਗਿਆ ਵੀ ਪ੍ਰਦਾਨ ਕੀਤੀ ਗਈ। ਪਟਿਆਲਵੀ ਸਿੱਕੇ, ਸੋਨੇ ਦੀ ਮੋਹਰ ਅਤੇ ਚਾਂਦੀ ਦੇ ਰੁਪਏ ਨੂੰ ਰਾਜੇਸ਼ਾਹੀ ਕਿਹਾ ਜਾਂਦਾ ਸੀ। ਇਹਦਾ ਹਰ ਇਕ ਦਾ ਭਾਗ 11-1/4 ਮਾਸ਼ਾ (ਲਗਪਗ 10 ਗ੍ਰਾਮ) ਸੀ ਅਤੇ ਇਸ ਉੱਤੇ ਅਹਮਦ ਸ਼ਾਹ ਦੁੱਰਾਨੀ ਦੀ ਯਾਦ ਵਿਚ ਫ਼ਾਰਸੀ ਵਿਚ ਇਕ ਦੋਹਾ ਲਿਖਿਆ ਹੋਇਆ ਸੀ: (ਅਹਮਦ ਸ਼ਾਹ ਰਾਹੀਂ ਅਦੁੱਤੀ ਸਰਬ ਸ਼ਕਤੀਮਾਨ ਪਰਮਾਤਮਾ ਦੇ ਆਦੇਸ਼ ਦੁਆਰਾ ਪੁੰਨਿਆ ਦੀ ਪਹਿਲੀ ਤਿਥੀ ਜਾਂ ਇਕ ਮਹੀਨੇ ਤੋਂ ਅਗਲੇ ਮਹੀਨੇ ਤਕ ਚਾਂਦੀ ਅਤੇ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ)। ਜਿਵੇਂ ਕਿ ਭਾਰਤ ਸਰਕਾਰ ਦੇ ਆਨਰੇਰੀ ਸਿੱਕਾ ਮਾਹਰ ਚਾਰਲਸ ਜੇ. ਰੋਜਰਸ ਨੇ 1894 ਵਿਚ ਲਿਖਿਆ ਹੈ, “ਪਟਿਆਲੇ ਦੇ ਸਾਰੇ ਮਹਾਰਾਜਿਆਂ ਨੇ ਆਪਣੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਵਿਚ ਉਹੋ ਹੀ ਦੋਹਾ ਵਰਤਿਆ ਹੈ। ਵੱਖ-ਵੱਖ ਮਹਾਰਾਜਿਆਂ ਨੇ ਵੱਖਰੇ-ਵੱਖਰੇ ਚਿੰਨ੍ਹ ਵਰਤੇ ਹਨ ਅਤੇ ਇਹਨਾਂ ਚਿੰਨ੍ਹਾਂ ਕਰਕੇ ਹੀ ਇਹ ਸਿੱਕੇ ਜਾਰੀ ਕਰਨ ਵਾਲੇ ਦੇ ਨਾਂ ਉੱਤੇ ਜਾਣੇ ਜਾਂਦੇ ਹਨ। ਇਕ ਅਜੀਬ ਗੱਲ ਧਿਆਨ ਦੇਣ ਯੋਗ ਹੈ। ਟਕਸਾਲ ਪਟਿਆਲਾ ਸ਼ਹਿਰ ਵਿਚ ਹੈ ਪਰੰਤੂ ਸਿੱਕੇ ਉੱਤੇ ਟਕਸਾਲ ਦਾ ਨਾਂ ਸਰਹਿੰਦ ਜਾਂ ਸਹਰਿੰਦ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਮਹਾਰਾਜਾ ਇਕ ਸਿੱਖ ਹੈ ਅਤੇ ਸਿੱਖ ਸਰਹਿੰਦ ਨੂੰ ਇਕ ਸਰਾਪੀ ਹੋਈ ਨਗਰੀ ਸਮਝਦੇ ਹਨ.......... ਤਾਂ ਇਸ ਤਰ੍ਹਾਂ ਸਰਹਿੰਦ ਦਾ ਨਾਂ ਲਿਖਣਾ ਅਜੀਬ ਲਗਦਾ ਹੈ। ਅਹਮਦ ਸ਼ਾਹ ਦੁੱਰਾਨੀ ਨੇ ਇਸ ਕਸਬੇ ਵਿਚ ਸਿੱਕੇ ਤਿਆਰ ਕੀਤੇ ਸਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਪਟਿਆਲੇ ਦੇ ਸਿੱਕਿਆਂ ਉਪਰ ਇਹ ਨਾਂ ਲਿਖਿਆ ਹੋਇਆ ਹੈ।”

    ਜੀਂਦ ਰਿਆਸਤ ਦੇ ਸਿੱਕੇ (ਕੇਵਲ ਚਾਂਦੀ ਦਾ ਰੁਪਿਆ) ਜਿਹੜੇ ਭਾਰ ਅਤੇ ਵਰਤੇ ਹੋਏ ਦੋਹੇ ਦੇ ਪੱਖੋਂ ਪਟਿਆਲੇ ਦੇ ਸਿੱਕਿਆਂ ਵਰਗੇ ਹੀ ਸਨ, ‘ਜੀਂਦੀਆ` ਕਰਕੇ ਜਾਣੇ ਜਾਂਦੇ ਸਨ ਅਤੇ ਨਾਭਾ ਦੇ ਸਿੱਕੇ (ਸੋਨੇ ਦੀ ਮੋਹਰ ਅਤੇ ਚਾਂਦੀ ਦਾ ਰੁਪਿਆ), ਨਾਭਾਸ਼ਾਹੀ ਨਾਂ ਨਾਲ ਜਾਣੇ ਜਾਂਦੇ ਸਨ। ਇਹਨਾਂ ਉੱਤੇ ਉਹੋ ਇਕ ਦੋਹਾ ਉੱਕਰਿਆ ਹੋਇਆ ਸੀ, “ਦੇਗ ਤੇਗ਼ ਫਤਿਹ.......” ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਨਕਸ਼ਾਹੀ ਜਾਂ ਇਸ ਤੋਂ ਪਹਿਲਾਂ ਦੇ ਗੋਬਿੰਦਸ਼ਾਹੀ ਸਿੱਕਿਆਂ ਉੱਤੇ ਦਿੱਸਦਾ ਸੀ। ਕਪੂਰਥਲਾ ਦੇ ਸ਼ਾਸਕਾਂ ਨੇ ਆਪਣੇ ਸਿੱਕੇ ਨਹੀਂ ਚਲਾਏ। ਇਸ ਰਿਆਸਤ ਵਿਚ ਨਾਨਕਸ਼ਾਹੀ ਅਤੇ ਪਿੱਛੋਂ ਬ੍ਰਿਟਿਸ਼ ਸਿੱਕੇ ਚਲਦੇ ਰਹੇ ਹਨ। ਇਸ ਤਰ੍ਹਾਂ ਵੱਖ-ਵੱਖ ਰਿਆਸਤਾਂ ਵਿਚ ਬਣਦੇ ਸਿੱਕਿਆਂ ਦੀ ਕਾਨੂੰਨੀ ਮਨਜ਼ੂਰੀ ਕੇਵਲ ਆਪਣੇ-ਆਪਣੇ ਇਲਾਕਿਆਂ ਵਿਚ ਹੀ ਸੀ ਭਾਵੇਂ ਕਿ ਕਈ ਵਾਰੀ ਰਿਆਸਤ ਦੀਆਂ ਨਾਲ ਲੱਗਦੀਆਂ ਸਰਹੱਦਾਂ ਦੇ ਨੇੜੇ ਦੀਆਂ ਗੁਆਂਢੀ ਮੰਡੀਆਂ ਵਿਚ ਵੀ ਇਹ ਸਵੀਕਾਰ ਕਰ ਲਏ ਜਾਂਦੇ ਸਨ।


ਲੇਖਕ : ਮ.ਸ.ਮ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.