ਸੁਖ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਖ਼ਨ : ‘ਸੁਖ਼ਨ` ਸ਼ਬਦ ਦਾ ਕੋਸ਼ੀ ਅਰਥ ਹੈ ‘ਗੱਲਾਂ`।ਸਾਹਿਤਿਕ ਭਾਸ਼ਾ ਵਿੱਚ ਸੁਖ਼ਨ ਉਹ ਗੱਲਾਂ ਹਨ ਜੋ ਮੁਸਲਮਾਨ ਪੀਰਾਂ, ਫ਼ਕੀਰਾਂ ਵੱਲੋਂ ਬਚਨ-ਬਿਲਾਸ ਦੇ ਰੂਪ ਵਿੱਚ ਕੀਤੀਆਂ ਗਈਆਂ ਹਨ। ਉਹ ਪੀਰ-ਫ਼ਕੀਰ ਇਤਿਹਾਸ ਨਾਲ ਸੰਬੰਧਿਤ ਵਿਅਕਤੀ ਰਹੇ ਹਨ। ਇਹਨਾਂ ਗੱਲਾਂ ਵਿੱਚ ਸਾਧ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ। ਸੁਖ਼ਨ ਦਾ ਬੁਨਿਆਦੀ ਆਧਾਰ ਇਸਲਾਮ ਧਰਮ ਹੈ। ਇਸ ਕਰ ਕੇ ‘ਸੁਖ਼ਨ` ਸਿਰਲੇਖ ਅਧੀਨ ਰਚੀਆਂ ਰਚਨਾਵਾਂ ਵਿੱਚੋਂ ਇਸਲਾਮੀ ਰੂੜ੍ਹੀਆਂ ਤੇ ਪਰੰਪਰਾ ਦੇ ਨਾਲ-ਨਾਲ ਮੁਸਲਮਾਨਾਂ ਦੀਆਂ ਅਧਿਆਤਮਿਕ ਭਾਵਨਾਵਾਂ, ਧਾਰਮਿਕ ਸਿਧਾਂਤ ਅਤੇ ਸੰਕਲਪ ਉਜਾਗਰ ਹੁੰਦੇ ਹਨ। ਇਸ ਦਾ ਮੁੱਖ ਉਦੇਸ਼ ਕਥਾ-ਕਹਾਣੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ ਸਗੋਂ ਲੋਕ ਮਨਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਨਾ ਹੈ। ਅਜਿਹਾ ਕਰਨ ਲਈ ਕਿਸੇ ਨੈਤਿਕ, ਅਧਿਆਤਮਿਕ ਜਾਂ ਸੱਚੇ ਕਥਨਾਂ ਨੂੰ ਆਧਾਰ ਬਣਾ ਕੇ ਬਿਰਤਾਂਤ ਸਿਰਜੇ ਜਾਂਦੇ ਹਨ। ਸੁਖ਼ਨਾਂ ਰਾਹੀਂ ਨੈਤਿਕ ਅਸੂਲਾਂ ਨੂੰ ਵਿਹਾਰਿਕ ਜ਼ਿੰਦਗੀ ਵਿੱਚ ਅਪਣਾਉਣ ਲਈ ਉਪਦੇਸ਼ ਦਿੱਤੇ ਜਾਂਦੇ ਹਨ।

     ਸਰੂਪ ਵਜੋਂ ‘ਸੁਖ਼ਨ` ਵਾਰਤਕ ਦੇ ਇੱਕ ਪੁਰਾਤਨ ਰੂਪ ‘ਬਚਨ` ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਹੈ। ਮੱਧ-ਕਾਲੀਨ ਵਾਰਤਕ ਦੇ ਦੋ ਰੂਪਾਂ ‘ਸੁਖ਼ਨ` ਅਤੇ ‘ਬਚਨ` ਵਿਚਲਾ ਮੂਲ ਅੰਤਰ ਧਰਮ ਨਾਲ ਸੰਬੰਧਿਤ ਹੈ। ‘ਸੁਖ਼ਨ` ਜਿੱਥੇ ਇਸਲਾਮਿਕ ਧਰਮ ਅਰਥਾਤ ਮੁਸਲਮਾਨੀ ਪੀਰਾਂ-ਫ਼ਕੀਰਾਂ ਨਾਲ ਸੰਬੰਧਿਤ ਹਨ, ਉੱਥੇ ‘ਬਚਨ` ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਗੁਰੂ, ਭਗਤ, ਫ਼ਕੀਰ ਜਾਂ ਸਾਧ ਵੱਲੋਂ ਉਚਾਰੇ ਸਤਿ (ਸੱਚੇ) ਬਚਨਾਂ ਨਾਲ ਸੰਬੰਧਿਤ ਹਨ। ਬਚਨਾਂ ਵਿੱਚ ਹਿੰਦੂ ਰੂੜ੍ਹੀਆਂ ਤੇ ਆਚਰਨ (ਵਿਹਾਰ) ਉਘੜਦਾ ਹੈ। ਇਸ ਅੰਤਰ ਦੇ ਬਾਵਜੂਦ ਕਈ ਵਾਰ ਦੋਵੇਂ ਰੂਪ ਇੱਕ ਦੂਜੇ ਦੇ ਪ੍ਰਯਾਇ ਵਜੋਂ ਵੀ ਵਰਤ ਲਏ ਜਾਂਦੇ ਹਨ। ਅਰਥਾਤ ਇਸਲਾਮੀ ਆਧਾਰ ਵਾਲੀ ਕਥਾ ਨੂੰ ਕਈ ਵਾਰ ‘ਬਚਨ` ਤੇ ਹਿੰਦੂ ਆਧਾਰ ਵਾਲੀ ਕਥਾ ਨੂੰ ਕਈ ਵਾਰ ‘ਸੁਖ਼ਨ` ਕਹਿ ਲਿਆ ਜਾਂਦਾ ਹੈ। ਉਂਞ ਦੋਵੇਂ ਰੂਪਾਂ ਦਾ ਉਦੇਸ਼ ਗੱਲਾਂ-ਬਾਤਾਂ ਰਾਹੀਂ (ਵਾਰਤਾਲਾਪ) ਕਿਸੇ ਭੇਦ (ਰਹੱਸ), ਨੈਤਿਕ ਕਦਰਾਂ- ਕੀਮਤਾਂ ਜਾਂ ਸਚਾਈ ਨੂੰ ਪ੍ਰਸਤੁਤ ਕਰਨਾ ਹੁੰਦਾ ਹੈ। ਮੱਧ-ਕਾਲੀ ਵਾਰਤਕ ਦਾ ਇੱਕ ਹੋਰ ਰੂਪ ‘ਸਾਖੀ` ਵਜੋਂ ਜਾਣਿਆ ਜਾਂਦਾ ਹੈ। ‘ਸੁਖ਼ਨ` ਅਤੇ ‘ਬਚਨ` ਕਈ ਵਾਰੀ ਸਾਖੀ ਹੀ ਪ੍ਰਤੀਤ ਹੁੰਦੇ ਹਨ ਕਿਉਂਕਿ ਇਹਨਾਂ ਤਿੰਨਾ ਰੂਪਾਂ ਦੀ ਭਾਵਨਾ ਇੱਕੋ ਜਿਹੀ ਹੁੰਦੀ ਹੈ ਅਤੇ ਤਿੰਨਾਂ ਦੀ ਰੂਪ-ਰਚਨਾ ਪ੍ਰਾਚੀਨ ਹੈ। ਇਸ ਕਰ ਕੇ ਇਹ ਪਤਾ ਲਾਉਣਾ ਔਖਾ ਹੋ ਜਾਂਦਾ ਹੈ ਕਿ ਉਹ ਰਚਨਾ ਸਾਖੀ ਹੈ, ਬਚਨ ਹੈ ਜਾਂ ਸੁਖ਼ਨ ਹੈ। ਅਸਲ ਵਿੱਚ ‘ਸੁਖ਼ਨ`/ ‘ਬਚਨ` ਮਹਾਂਪੁਰਸ਼ਾਂ (ਪੀਰਾਂ-ਫ਼ਕੀਰਾਂ/ ਸਾਧਾਂ-ਸੰਤਾਂ) ਵੱਲੋਂ ਕਹੇ ਸਤਿ-ਬਚਨਾਂ ਤੇ ਆਧਾਰਿਤ ਹੁੰਦੇ ਹਨ ਜਦੋਂ ਕਿ ਸਾਖੀ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਅਤੇ ਵਿਵਹਾਰ ਦੇ ਕਰਮਾਂ ਨਾਲ ਸੰਬੰਧਿਤ ਹੁੰਦੀ ਹੈ। ਪੁਰਾਣਾਂ ਵਿੱਚ ਸਾਧਾਂ-ਸੰਤਾਂ, ਗੁਰੂਆਂ, ਰਿਸ਼ੀਆਂ-ਮੁਨੀਆਂ ਦੇ ਬਚਨਾਂ ਨੂੰ ਮਹਾਨਤਾ ਪ੍ਰਾਪਤ ਰਹੀ ਹੈ।

     ਸਧਾਰਨ ਭਾਸ਼ਾ ਵਿੱਚ ਸੁਖ਼ਨ ‘ਨਸੀਹਤ` ਦਾ ਨਾਂ ਹੈ। ਇਸ ਨਸੀਹਤ ਜਾਂ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਅਪਣਾ ਕੇ ਮਨੁੱਖ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਰਮਾਤਮਾ ਉਪਰ ਅਟੱਲ ਵਿਸ਼ਵਾਸ ਅਤੇ ਭਰੋਸਾ ਰੱਖ ਕੇ ਸਹਿਜਮਈ ਜ਼ਿੰਦਗੀ ਗੁਜ਼ਾਰਦਾ ਹੈ।

     ਪੰਜਾਬੀ ਵਿੱਚ ਉਪਲਬਧ ਸੁਖ਼ਨਾਂ ਵਿੱਚ ਇੱਕ ਸੰਖੇਪ ਕਹਾਣੀ ਜਾਂ ਘਟਨਾ ਸ਼ਾਮਲ ਹੋ ਜਾਂਦੀ ਹੈ। ਇਸ ਘਟਨਾ ਨੂੰ ਇੱਕ ਰੋਚਕ ਬਿਰਤਾਂਤ ਦੀ ਪੁੱਠ ਇਸ ਤਰ੍ਹਾਂ ਚੜ੍ਹਾਈ ਜਾਂਦੀ ਹੈ ਕਿ ਇਹ ਸੁਣਨ ਵਾਲੇ ਦੇ ਮਨ ਤੇ ਸਿੱਧੀ ਅਸਰ ਕਰਦੀ ਹੈ। ਸ੍ਰੋਤਾ ਬੁਰਾਈਆਂ ਜਾਂ ਭੈੜੇ ਕਾਰਜਾਂ ਤੋਂ ਤੋਬਾ ਕਰ ਲੈਂਦਾ ਹੈ। ਉਹ ਪਦਾਰਥਿਕ ਖਿੱਚਾਂ ਤੋਂ ਬੇਲਾਗ ਹੋ ਕੇ ਸੱਚ ਦਾ ਪੱਲਾ ਪਕੜ ਲੈਂਦਾ ਹੈ। ਪ੍ਰਭੂ ਸਿਮਰਨ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਂਦਾ ਹੈ। ‘ਸੁਖ਼ਨ` ਦਾ ਅਰੰਭ ਕਰਨ ਸਮੇਂ ਸੰਬੰਧਿਤ ਪੀਰ, ਫ਼ਕੀਰ ਜਾਂ ਧਾਰਮਿਕ ਸ਼ਖ਼ਸੀਅਤ ਵੱਲੋਂ ਆਮ ਤੌਰ ਤੇ ‘ਸੁਖ਼ਨ ਹੈ ਇੱਕ ਫ਼ਕੀਰ ਦਾ` ਕਹਿ ਕੇ ਗੱਲ ਸ਼ੁਰੂ ਕੀਤੀ ਜਾਂਦੀ ਸੀ।

     ਪੁਰਾਤਨ ਪੰਜਾਬੀ ਵਾਰਤਕ ਦੀਆਂ ਕੁਝ ਇੱਕ ਪੁਸਤਕਾਂ ਜਿਵੇਂ-ਬਚਨ ਸਾਈਂ ਲੋਕਾਂ ਦੇ ਅਤੇ ਸੁਖ਼ਨ ਫ਼ਕੀਰਾਂ ਦੇ ਵਿੱਚ ਸੁਖ਼ਨ ਦੇ ਨਮੂਨੇ ਪੜ੍ਹਨ ਨੂੰ ਮਿਲਦੇ ਹਨ ਭਾਵੇਂ ਇਸ ਰੂਪਾਕਾਰ ਦਾ ਮੂਲ ਪਿੰਡਾ ਪੰਜਾਬੀ ਹੈ ਪਰੰਤੂ ਇਸ ਦੀ ਭਾਸ਼ਾ ਉਪਰ ਮੁਲਤਾਨੀ ਭਾਸ਼ਾ ਦਾ ਮੁਹਾਵਰਾ ਜਿਵੇਂ ਆਹਾ (ਸੀ) ਪ੍ਰਤੱਖ ਨਜ਼ਰ ਆਉਂਦਾ ਹੈ। ਜਿਸ ਸਮੇਂ ਇਹ ਸੁਖ਼ਨ ਸ਼ਰਧਾਲੂਆਂ ਜਾਂ ਪ੍ਰੇਮੀਆਂ ਨੂੰ ਉਚਾਰੇ ਜਾਂਦੇ ਸਨ ਉਸ ਸਮੇਂ ਅਰਬੀ, ਫ਼ਾਰਸੀ ਅਤੇ ਲਹਿੰਦੀ ਭਾਸ਼ਾਵਾਂ ਦਾ ਚੋਖਾ ਪ੍ਰਭਾਵ ਸੀ। ਇਸ ਕਰ ਕੇ ਇਹਨਾਂ ਭਾਸ਼ਾਵਾਂ ਦੇ ਅਨੇਕ ਸ਼ਬਦ ਵੀ ‘ਸੁਖ਼ਨ` ਦਾ ਅੰਗ ਬਣ ਗਏ।

     ਸੁਖ਼ਨ ਦੀ ਵੰਨਗੀ ਦੇ ਦੋ ਨਮੂਨੇ ਪੇਸ਼ ਹਨ :

     1. ਅਥਿ ਸੁਖਨਿ ਫਕੀਰਾਂ ਕੇ ਲਿਖੇ॥ਏਕ ਫਕੀਰ ਏਕ ਰੋਜੁ ਆਖਦਾ ਆਹਾ॥ ਜੋ ਇੱਕੁ ਖਜਾਨੇ ਦਬੇ ਹੋਏ ਦੇ ਉਤੇ ਸਤਿ ਸਤਰਾਂ ਨਸੀਹਤੀ ਦੀਆਂ ਲਿਖੀਆਂ ਹੋਈਆ ਡਿਠੀਆਂ ਮੈਂ॥੧॥ਪਹਿਲੀ ਇਹ ਜੋ ਅਵਸੋਸ ਆਵੰਦਾ ਹੈ ਮੈਨੂੰ ਉਸ ਆਦਮੀ ਤੇ ਜੋ ਜਾਣਦਾ ਹੈ॥ਜੋ ਮਰਣਾ ਸਚੁ ਹੈ॥ਅਰੁ ਉਹੁ ਹਸਣੇ ਅਰੁ ਖੇਡਣੇ ਵਿੱਚ ਲਾਗਿ ਰਹਿਆ ਹੈ॥੨॥ਦੂਜਾ ਅਵਸੋਸ ਆਵੰਦਾ ਹੈ ਮੈਨੂੰ॥ਉਸ ਆਦਮੀ ਤੇ ਜੋ ਜਾਣਦਾ ਹੈ॥ਜੋ ਦੁਨੀਆ ਨਾਸਵੰਤ ਹੈ॥ਅਰੁ ਇਸਿਥਿਰ ਨਹੀ॥ਅਰੁ ਊਪਰਿ ਉਸ ਦੇ ਭਰੋਸਾ ਕਰਦਾ ਹੈ॥੩॥ਤੀਜਾ ਅਵਸੋਸ ਆਵੰਦਾ ਹੈ ਮੈਨੂੰ ਉਸ ਆਦਮੀ ਤੇ ਜੋ ਜਾਣਦਾ ਹੈ॥ਜੋ ਕੰਮ ਸਭੇ ਲਿਖੇ ਧੁਰਿ ਦਰਗਾਹਿ ਦੇ ਹੈਨਿ॥ਅਰੁ ਉਹ ਅਵਸੋਸ ਕਰਿਦਾ ਹੈ॥ਉਸ ਵਸਤੁ ਦਾ ਜੇਹੜੀ ਗੁਜਰ ਜਾਵੈ॥੪॥ਚਉਥਾ ਅਵਸੋਸ ਆਵੰਦਾ ਹੈ ਮੈਨੂੰ॥ ਉਸ ਆਦਮੀ ਤੇ ਜੋ ਜਾਣਦਾ ਹੈ॥ਜੋ ਦਿਨ ਚੜਿਕ ਦੇ ਥੋੜੇ ਹੈਨੁ ਅਰ ਉਹੁ ਇਕਠੇ ਕਰਣੇ ਮਾਲ ਦੇ ਉਤੇ ਉਦਮੁ ਕਰਦਾ ਹੈ॥੫॥ਪਾਂਚਵਾ ਅਵਸੋਸ ਆਵੰਦਾ ਹੈ ਮੈਨੂੰ॥ ਉਸ ਆਦਮੀ ਤੇ ਜੋ ਜਾਣਦਾ ਹੈ॥ਜੋ ਅਗਨਿ ਨਰਕ ਦੀ ਤੇਜ ਡਾਢੀ ਹੈ॥ਅਰ ਪਾਪ ਕਰਣੇ ਦੇ ਵਿਚਿ ਦਿਲਾਵਰੀ ਕਰਦਾ ਹੈ॥੬॥ਛਿਵਾਂ ਅਵਸੋਸ ਆਵੰਦਾ ਹੈ॥ ਮੈਨੂੰ ਉਸ ਆਦਮੀ ਤੇ ਜੋ ਜਾਣਦਾ ਹੈ ਸੁਅਰਗ ਸਚੁ ਹੈ॥ਅਰ ਉਹ ਕੰਮਾਂ ਧਰਮ ਦਿਆਂ ਵਿਚ ਢਿਲਾ ਹੋਇ ਰਹਿੰਦਾ ਹੈ॥੭॥ਸਤਵਾਂ ਅਵਸੋਸ ਆਵੰਦਾ ਹੈ ॥ਮੈਨੂੰ ਉਸ ਆਦਮੀ ਤੇ ਜੋ ਜਾਣਦਾ ਹੈ॥ ਸਾਈਂ ਇੱਕ ਹੈ ਅਰੁ ਦੂਸਰਾ ਸਰੀਕ ਹੋਰ ਉਸ ਦਾ ਕੋਈ ਨਹੀਂ॥ਅਰੁ ਉਹ ਪਰੀਤਿ ਹੋਰਨਾਂ ਦੇ ਨਾਲ ਕਰਦਾ ਹੈ॥ਸੋ ਸਾਈਂ ਰਖਿਆ ਕਰੇ ਮੇਰੀ॥ਇਨਾ ਸਤਾਂ ਆਦਮੀਆਂ ਦੇ ਕੋਲੂ॥ਨਾ ਕਰਿ ਢਿਲ ਕੰਮਿ ਧਰਮ ਦੇ ਵਿਚਿ ਹੇ ਪਿਆਰੇ॥ਜੋ ਕਲ ਨੂੰ ਕਰੇਂਗਾ॥ਅਵਸੋਸ॥ ਅਵਸੋਸ॥ਸੋ ਹੁਣਿ ਹੀ ਮਨਿ ਆਪਣੇ ਦੇ ਕੰਨਿ ਤਿਕੁ ਰਖਿ॥ਜੋ ਕਲ ਨੂੰ ਆਵੇ ਦਿਲ ਤੇਰੇ ਤੇ ਖੁਸਹਾਲੀ॥੧॥

      2. ਸੁਖਨਿ ਹੈ ਫਕੀਰ ਦਾ॥ਏਕੁ ਰੋਜ ਇੱਕ ਫਕੀਰ ਆਖਦਾ ਥਾ॥ਜੋ ਚਾਰਿ ਹਜਾਰ ਕਿਤਾਬ ਪੜੀ ਮੈਂ। ਸੋ ਉਹਨਾਂ ਦੇ ਵਿੱਚੋਂ ਚਾਰਿ ਗਲਾਂ ਲਈਆਂ ਮੈਂ॥ਉਨਾਂ ਚਉਹਾਂ ਗਲਾਂ ਨੂੰ ਦਿਨ ਵਿਚਿ ਹਜਾਰ ਵਾਰੀ ਪੜਦਾ ਹਾਂ ਮੈਂ॥ਪਹਲੀ ਇਹੁ ਹੇ ਮਨ ਮੇਰੇ॥ਜੋ ਬੰਦਗੀ ਸਾਈਂ ਦਾ ਕਰਦਾ ਹੈ ਤਾ ਕਰੁ॥ਨਹੀਂ ਤਾਂ ਰਿਜਕੁ ਉਸ ਦਾ ਨ ਖਾਉ॥ਅਰ ਦੂਜਾ ਇਹ॥ਹੇ ਮਨ ਮੇਰੇ ਜੋ ਸਾਈਂ ਦੇ ਦਿਤੇ ਤੇ ਰਾਜੀ ਨ ਹੋਵਹਿ ਤਬ ਤੂ ਸਾਈਂ ਹੋਰ ਢੂੰਢ॥ਜੋ ਤੈਨੂੰ ਰਿਜਕ ਬਹੁਤਾ ਦੇਵੈ॥ਪਰ ਤੀਜਾ ਇਹ॥ਹੇ ਮਨ ਮੇਰੇ ਜੋ ਗਲ ਸਾਈਂ ਮਨਹਿ ਕੀਤੀ ਹੈ॥ਤਿਸ ਕੋਨੂੰ ਤੂ ਹਟ॥ਨਹੀਂ ਤਾਂ ਮੁਲਖ ਉਸ ਦੇ ਵਿਚਹੁ ਦੂਰ ਹੋਇ॥ਅਰ ਚਉਥੀ ਗਲ ਇਹ॥ਹੇ ਮਨ ਮੇਰੇ ਜੋ ਤਉ ਪਾਪ ਕਰਣਾ ਹੈ॥ਪਹਲਾ ਜਗਾ ਪੈਦੇ ਕਰਿ ਜਿਥੇ ਸਾਈਂ ਤੈਨੂੰ ਨ ਦੇਖਹਿ॥ਨਹੀਂ ਤਾਂ ਪਾਪ ਨ ਕਰਿ॥੨॥


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁਖ਼ਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਖ਼ਨ [ਨਾਂਇ] ਬਚਨ , ਕੌਲ , ਵਾਅਦਾ; ਕਾਵਿ-ਰਚਨਾ, ਰਚਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਸੁਖ਼ਨ meaning


Amanpreet Kaur, ( 2022/10/27 10:4547)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.