ਸੋਫੋਕਲੀਜ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੋਫੋਕਲੀਜ਼ (496–406 ਬੀ.ਸੀ.) : ਐਸਕਲੀਜ਼ ਅਤੇ ਯੂਰੀਪਡੀਜ਼ ਵਾਂਗ ਸੋਫੋਕਲੀਜ਼ (Sophocles), ਯੂਨਾਨ ਦਾ ਇੱਕ ਮਹਾਨ ਨਾਟਕਕਾਰ ਸੀ। ਉਸ ਦਾ ਜਨਮ 496 ਪੂਰਵ ਈਸਵੀ ਵਿੱਚ ਏਥਨਜ਼ ਸ਼ਹਿਰ ਦੇ ਨੇੜੇ ਸਥਿਤ ਇੱਕ ਪਿੰਡ ਕੋਲੋਨਸ ਵਿਖੇ ਹੋਇਆ। ਉਸ ਦਾ ਪਿਤਾ ਸੋਫੀਲਸ ਇੱਕ ਅਮੀਰ ਵਪਾਰੀ ਸੀ। ਸੋਫੋਕਲੀਜ਼ ਨੇ ਨਾਚ ਅਤੇ ਸੰਗੀਤ ਦੀ ਚੰਗੀ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਦੁਖਾਂਤ ਨਾਟਕ ਲਿਖਣਾ ਮਹਾਨ ਨਾਟਕਕਾਰ ਐਸਕਲੀਜ਼ ਦੇ ਮਾਰਗ ਦਰਸ਼ਨ ਹੇਠ ਸਿੱਖਿਆ। ਉਹ ਨਾਟਕਾਂ ਦੇ ਆਯੋਜਨ ਵਿੱਚ ਵੀ ਹਿੱਸਾ ਲੈਂਦਾ ਸੀ। 468 ਪੂਰਵ ਈਸਵੀ ਵਿੱਚ ਉਸ ਨੇ ਆਪਣੇ ਅਧਿਆਪਕ ਐਸਕਲੀਜ਼ ਨਾਲ ਹੋਏ ਨਾਟਕ ਪ੍ਰਦਰਸ਼ਨ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ। ਉਹ ਕੇਵਲ ਨਾਟਕ ਲਿਖਦਾ ਹੀ ਨਹੀਂ ਸੀ ਬਲਕਿ ਉਸ ਦਾ ਨਿਰਦੇਸ਼ਨ ਵੀ ਕਰਦਾ ਸੀ ਅਤੇ ਇੱਕ ਪਾਤਰ ਵਜੋਂ ਨਾਟਕਾਂ ਵਿੱਚ ਅਭਿਨੈ ਵੀ ਕਰਦਾ ਸੀ। ਲੇਖਕ ਵਜੋਂ ਆਪਣੇ ਸੱਠ ਸਾਲਾਂ ਦੇ ਜੀਵਨ ਦੌਰਾਨ ਉਸ ਨੇ ਨਾਟਕ ਕਲਾ ਉੱਤੇ ਇੱਕ ਕਿਤਾਬ ਅਤੇ ਇੱਕ ਸੌ ਤੇਈ ਨਾਟਕ ਲਿਖੇ ਪਰ ਹੁਣ ਉਸ ਦੇ ਸੱਤ ਨਾਟਕ ਹੀ ਉਪਲਬਧ ਹਨ ਜਿਨ੍ਹਾਂ ਦੇ ਨਾਂ ਹਨ-ਐਂਟੀਗਨੀ, ਇਡੀਪਸ ਰੈਕਸ, (ਇਡੀਪਸ ਟਿਰੈਨਸ), ਇਲੈਕਟ੍ਰਾ, ਅਜੈਕਸ, ਫਿਲੋਕਟੈਟੀਜ਼, ਟ੍ਰੈਚਿਨਿਆਈ ਅਤੇ ਇਡੀਪਸ ਐਟ ਕੋਲੋਨਸ । ਇਹਨਾਂ ਵਿੱਚੋਂ ਐਂਟੀਗਨੀ, ਇਡੀਪੈਸ ਰੈਕਸ ਅਤੇ ਇਡੀਪਸ ਐਟ ਕੋਲੋਨਸ ਨੂੰ ‘ਥੀਬਨ ਪਲੇਜ਼` ਕਿਹਾ ਜਾਂਦਾ ਹੈ। ਇਹ ਥੀਬੀਜ਼ ਦੇ ਰਾਜਾ ਇਡੀਪਸ ਦੇ ਪਰਿਵਾਰ ਅਤੇ ਬੱਚਿਆਂ ਦੀਆਂ ਤਕਦੀਰਾਂ ਨਾਲ ਸੰਬੰਧਿਤ ਹਨ।

     ਸੋਫੋਕਲੀਜ਼ ਆਪਣੇ ਸਮੇਂ ਦੀ ਇੱਕ ਨਾਮੀ ਹਸਤੀ ਸੀ। ਉਸ ਨੇ ਏਥਨਜ਼ ਦੀਆਂ ਰਾਜਨੀਤਿਕ ਸਰਗਰਮੀਆਂ ਵਿੱਚ ਉਲੇਖਯੋਗ ਭਾਗ ਲਿਆ ਅਤੇ ਰਾਜਨੀਤੀ ਅਤੇ ਸੈਨਾ ਦੇ ਖੇਤਰਾਂ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਤੇ ਵੀ ਕੰਮ ਕੀਤਾ। ਉਹ ਕਈ ਦੂਤਾਵਾਸਾਂ ਦਾ ਵੀ ਅਧਿਕਾਰੀ ਸੀ। ਉਸ ਨੇ ਸੰਗੀਤ ਅਤੇ ਸਾਹਿਤ ਦੀ ਇੱਕ ਅਕਾਦਮੀ ਦੀ ਵੀ ਸਥਾਪਨਾ ਕੀਤੀ। ਯੂਰੀਪਡੀਜ਼ ਦੀ ਮੌਤ ਤੋਂ ਕੁਝ ਮਹੀਨੇ ਬਾਅਦ ਹੀ ਉਸ ਦਾ ਦਿਹਾਂਤ ਹੋ ਗਿਆ।ਆਪਣੇ ਪੂਰਬਕਾਲੀ ਅਤੇ ਸਮਕਾਲੀ ਨਾਟਕਕਾਰਾਂ ਵਾਂਗ ਉਸ ਨੇ ਵੀ ਆਪਣੇ ਨਾਟਕਾਂ ਦੀ ਵਿਸ਼ਾ-ਸਮਗਰੀ ਯੂਨਾਨੀ ਮਹਾਂਕਾਵਾਂ ਤੋਂ ਹੀ ਲਈ ਅਤੇ ਮੁੱਖ ਤੌਰ ਤੇ ਐਟਿਕ, ਥੀਬਨ ਅਤੇ ਆਰਗਿਵ ਕਥਾਵਾਂ ਨੂੰ ਹੀ ਨਾਟਕਾਂ ਦਾ ਆਧਾਰ ਬਣਾਇਆ। ਆਪਣੇ ਸਮੇਂ ਦੀਆਂ ਮੰਚ ਸੰਬੰਧੀ ਵਿਸ਼ੇਸ਼ ਸਥਿਤੀਆਂ ਕਾਰਨ ਉਸ ਨੇ ਆਪਣੇ ਨਾਟਕਾਂ ਦੀ ਬਣਤਰ ਅਤੇ ਸ਼ੈਲੀ ਲਈ ਵਧੇਰੇ ਕਰ ਕੇ ਆਪਣੇ ਪੂਰਵਜਾਂ ਦਾ ਹੀ ਅਨੁਸਰਨ ਕੀਤਾ ਅਤੇ ਨਾਟਕ ਰਚਨਾ ਵਿੱਚ ਪਰੰਪਰਾ ਦੀ ਪਾਲਣਾ ਕੀਤੀ। ਪਰ ਉਸੇ ਢਾਂਚੇ ਵਿੱਚ ਲਿਖਦਿਆਂ ਹੋਇਆਂ ਵੀ ਉਸ ਨੇ ਪਰੰਪਰਾ ਨਾਲ ਮੇਲ ਖਾਂਦੀ ਪਰ ਆਪਣੀ ਵਿਲੱਖਣ ਨਾਟਕ-ਬਣਤਰ, ਤਕਨੀਕ ਅਤੇ ਸ਼ੈਲੀ ਦਾ ਵਿਕਾਸ ਕੀਤਾ ਅਤੇ ਯੂਨਾਨੀ ਦੁਖਾਂਤ ਨਾਟਕ ਨੂੰ ਚੰਗੇਰਾ ਬਣਾਉਣ ਲਈ ਐਸਕਲੀਜ਼ ਵਾਂਗ ਕਈ ਨਵੀਆਂ ਜੁਗਤਾਂ ਸ਼ਾਮਲ ਕੀਤੀਆਂ। ਉਸ ਨੇ ਮੰਚ ਸੰਬੰਧੀ ਨਵੀਆਂ ਤਕਨੀਕਾਂ ਦਾ ਪ੍ਰਯੋਗ ਕੀਤਾ, ਮੰਚ ਤੇ ਦ੍ਰਿਸ਼ ਦੇ ਪ੍ਰਯੋਗ ਨੂੰ ਸ਼ਾਮਲ ਕੀਤਾ ਅਤੇ ਨਾਚ ਮੰਡਲੀ (ਕੋਰੱਸ) ਦੇ ਗੀਤ ਨੂੰ ਨਾਟਕ ਦਾ ਇੱਕ ਅਟੁੱਟ ਹਿੱਸਾ ਬਣਾਇਆ।

     ਐਸਕਲੀਜ਼ ਨੇ ਨਾਟਕ ਵਿੱਚ ਦੂਜੇ ਅਭਿਨੇਤਾ ਨੂੰ ਲਿਆਂਦਾ ਸੀ ਪਰ ਸੋਫੋਕਲੀਜ਼ ਨੇ ਤੀਜੇ ਅਭਿਨੇਤਾ ਨੂੰ ਸ਼ਾਮਲ ਕੀਤਾ ਜਿਸ ਨਾਲ ਦੁਖਾਂਤ ਨਾਟਕ ਵਿੱਚ ਦਵੰਦ ਦਾ ਪ੍ਰਗਟਾਵਾ ਹੋਰ ਵੱਧ ਗਿਆ। ਸੋਫੋਕਲੀਜ਼ ਨੇ ਸੰਵਾਦ ਨੂੰ ਬਹੁਤ ਮਹੱਤਵਪੂਰਨ ਬਣਾਇਆ। ਜਦੋਂ ਕਿ ਐਸਕਲੀਜ਼ ਤਿੰਨ ਨਾਟਕਾਂ ਦੇ ਸਮੂਹ ਨੂੰ ਇੱਕ ਵੰਨਗੀ ਮੰਨਦਾ ਸੀ, ਸੋਫੋਕਲੀਜ਼ ਨੇ ਹਰ ਇੱਕ ਨਾਟਕ ਨੂੰ ਇੱਕ ਸੁਤੰਤਰ ਅੰਗ ਬਣਾਇਆ। ਉਸ ਦੇ ਹਰ ਨਾਟਕ ਦੀ ਕਥਾਨਕ ਅਤੇ ਬਣਤਰ ਬਹੁਤ ਪ੍ਰਭਾਵਸ਼ਾਲੀ ਹੈ। ਅਰਸਤੂ ਨੇ ਆਪਣੀ ਪੁਸਤਕ ਪੋਇਟਿਕਸ  ਵਿੱਚ ਇਡੀਪਸ ਰੈਕਸ  ਦੀ ਇਸ ਪਖੋਂ ਬਹੁਤ ਪ੍ਰਸੰਸਾ ਕੀਤੀ ਹੈ। ਆਪਣੀ ਦੋਸ਼-ਰਹਿਤ ਬਣਤਰ, ਵਿਸ਼ਵ ਪ੍ਰਸਿੱਧ ਕਥਾ-ਵਸਤੂ ਕਾਰਨ ਇਸ ਨਾਟਕ ਨੂੰ ਸੋਫੋਕਲੀਜ਼ ਦਾ ਉੱਚਤਮ ਨਾਟਕ ਮੰਨਿਆ ਜਾਂਦਾ ਹੈ। ਇਹ ਕੇਵਲ ਯੂਨਾਨ ਦਾ ਹੀ ਨਹੀਂ ਬਲਕਿ ਆਪਣੀ ਨਾਟਕ ਕਲਾ, ਸ਼ੈਲੀ ਅਤੇ ਵਿਸ਼ਾ-ਵਸਤੂ ਪਖੋਂ ਵਿਸ਼ਵ ਦਾ ਸਭ ਤੋਂ ਸਰਬੋਤਮ ਦੁਖਾਂਤ ਨਾਟਕ ਹੈ। ਇਹ ਨਾਟਕ ਮਾਨਵਜਾਤੀ ਦੀਆਂ ਜੀਵਨ ਅਤੇ ਹੋਂਦ ਸੰਬੰਧੀ ਸਮੱਸਿਆਵਾਂ, ਮਨੁੱਖ ਦੀ ਹਰ ਰਹੱਸ ਨੂੰ ਸਮਝਣ ਦੀ ਪ੍ਰਵਿਰਤੀ ਅਤੇ ਯਤਨ ਦੀ ਭਰਪੂਰਤਾ ਪਰ ਉਸ ਦੀ ਅਲਪ ਮੱਤ ਅਤੇ ਪਰਮਾਤਮਾ ਅਤੇ ਕੁਦਰਤ ਦੇ ਭੇਦਾਂ ਨੂੰ ਜਾਣਨ ਵਿੱਚ ਅਸਮਰਥਾ ਅਤੇ ਮਨੁੱਖੀ ਯਤਨਾਂ ਤੇ ਕਿਸਮਤ ਵਿਚਕਾਰ ਸੰਘਰਸ਼ ਨੂੰ ਬਹੁਤ ਭਾਵਪੂਰਤ ਤਰੀਕੇ ਨਾਲ ਚਿਤਰਿਤ ਕਰਦਾ ਹੈ। ਵੀਹਵੀਂ ਸਦੀ ਦੇ ਮਹਾਨ ਮਨੋਵਿਗਿਆਨਿਕ ਅਤੇ ਮਨੋਚਿਕਿਤਸਕ ਸਿਗਮੰਡ ਫ਼ਰਾਇਡ ਨੇ ਇਸ ਨਾਟਕ ਦੀ ਮਨੋਵਿਗਿਆਨਿਕ ਤਰੀਕੇ ਨਾਲ ਵਿਆਖਿਆ ਕੀਤੀ ਹੈ ਅਤੇ ਇਡੀਪਸ ਦੀ ਸਥਿਤੀ ਨੂੰ ਹਰੇਕ ਮਨੁੱਖ ਦੀ ਮਾਨਸਿਕ ਸਥਿਤੀ ਆਖਿਆ ਹੈ। ਇਡੀਪਸ ਦੀ ਸਥਿਤੀ ਤੋਂ ਉਸ ਨੇ ਇੱਕ ਨਵੇਂ ਸ਼ਬਦ ਅਤੇ ਸਿਧਾਂਤ ‘ਈਡੀਪਸ ਮਨੋਗ੍ਰੰਥੀ` ਦੀ ਰਚਨਾ ਕੀਤੀ ਜੋ ਆਧੁਨਿਕ ਸਾਹਿਤ ਅਤੇ ਆਲੋਚਨਾ ਦਾ ਇੱਕ ਮਹੱਤਵਪੂਰਨ ਭਾਗ ਬਣ ਗਏ ਹਨ। ਸੋਫੋਕਲੀਜ਼ ਦੇ ਨਾਟਕ ਭਾਵੇਂ ਜਾਣੀਆਂ-ਪਛਾਣੀਆਂ ਪੁਰਾਣਿਕ ਕਥਾਵਾਂ ਤੇ ਆਧਾਰਿਤ ਸਨ ਅਤੇ ਦਰਸ਼ਕਾਂ ਅਤੇ ਪਾਠਕਾਂ ਨੂੰ ਕਹਾਣੀ ਅਤੇ ਪਾਤਰਾਂ ਬਾਰੇ ਪਹਿਲੇ ਹੀ ਪਤਾ ਹੁੰਦਾ ਸੀ ਪਰ ਲੇਖਕ ਨੇ ਪਾਤਰਾਂ ਦਾ ਚਰਿੱਤਰ ਚਿਤਰਨ ਅਤੇ ਕਥਾਨਕ ਬੜੇ ਹੀ ਨਵੀਨ ਢੰਗ ਨਾਲ ਪੇਸ਼ ਕੀਤਾ ਸੀ ਜੋ ਪਾਠਕ ਅਤੇ ਦਰਸ਼ਕ ਨੂੰ ਕੀਲ ਲੈਂਦੇ ਹਨ।

     ਸੋਫੋਕਲੀਜ਼ ਦੇ ਨਾਟਕਾਂ ਪਿੱਛੇ ਇੱਕ ਡੂੰਘਾ ਦਾਰਸ਼ਨਿਕ ਤੱਤ ਹੈ। ਉਸ ਦੇ ਵਿਚਾਰ ਅਨੁਸਾਰ ਰੱਬੀ ਭੇਦ ਮਨੁੱਖ ਦੀ ਸਮਝ ਤੋਂ ਬਾਹਰ ਹਨ ਇਸ ਲਈ ਮਨੁੱਖ ਨੂੰ ਆਪਣੇ ਕੰਮ ਨੂੰ ਨਿਰਧਾਰਿਤ ਖੇਤਰ ਵਿੱਚ ਹੀ ਸੀਮਿਤ ਕਰਨਾ ਚਾਹੀਦਾ ਹੈ। ਗਿਆਨ ਦੀ ਅਧਿਕ ਲਾਲਸਾ ਅਤੇ ਹਉਮੇ ਦੈਵੀ ਕਰੋਪੀ ਨੂੰ ਸੱਦਾ ਦਿੰਦੇ ਹਨ ਅਤੇ ਮਨੁੱਖ ਦਾ ਵਿਨਾਸ਼ ਹੋ ਜਾਂਦਾ ਹੈ। ਸੋਫੋਕਲੀਜ਼ ਨੇ ਆਪਣੇ ਨਾਟਕਾਂ ਵਿੱਚ ਮਨੁੱਖ ਦੀ ਵਿਸ਼ਵ ਵਿੱਚ ਸਥਿਤੀ ਅਤੇ ਮਨੁੱਖ ਦੇ ਜੀਵਨ ਵਿੱਚ ਕਿਸਮਤ ਦੀ ਭੂਮਿਕਾ ਜਿਹੇ ਪ੍ਰਸ਼ਨਾਂ ਤੇ ਗੰਭੀਰਤਾਪੂਰਨ ਵਿਚਾਰ ਕੀਤਾ ਹੈ। ਸੋਫੋਕਲੀਜ਼ ਦੇ ਨਾਟਕਾਂ ਦੇ ਪਾਤਰਾਂ ਉੱਤੇ ਚਾਹੇ ਹੋਣੀ ਦਾ ਪ੍ਰਭਾਵ ਹਾਵੀ ਨਜ਼ਰ ਆਉਂਦਾ ਹੈ ਪਰ ਪਾਠਕ ਇਹ ਵੀ ਮਹਿਸੂਸ ਕਰਦਾ ਹੈ ਕਿ ਪਾਤਰ ਆਪਣੀ ਕਿਸਮਤ ਦੇ ਖ਼ੁਦ ਨਿਰਮਾਤਾ ਹਨ ਅਤੇ ਆਪਣੇ ਕਰਮਾਂ ਕਾਰਨ ਹੀ ਦੁੱਖ- ਸੁੱਖ ਭੋਗਦੇ ਹਨ। ਕਿਸਮਤ ਅਤੇ ਮਨੁੱਖੀ ਭੂਮਿਕਾ ਵਿੱਚ ਸੰਤੁਲਨ ਨੂੰ ਸੋਫੋਕਲੀਜ਼ ਨੇ ਨਿਪੁੰਨਤਾ ਨਾਲ ਵਿਖਾਇਆ ਹੈ। ਉਸ ਦੇ ਨਾਟਕਾਂ ਵਿੱਚ ਹਰ ਪੱਧਰ ਤੇ ਪਰਸਪਰ ਵਿਰੋਧੀ ਹਿਤਾਂ ਦੀ ਟੱਕਰ ਨਜ਼ਰ ਆਉਂਦੀ ਹੈ। ਹਰ ਦੁਖਾਂਤ ਨਾਟਕ ਵਾਂਗ ਸੋਫੋਕਲੀਜ਼ ਦੇ ਨਾਟਕਾਂ ਦੇ ਪਾਤਰ ਵੀ ਦੁੱਖਾਂ ਵਿੱਚੋਂ ਗੁਜ਼ਰਦੇ ਹਨ ਪਰ ਇਹਨਾਂ ਨਾਟਕਾਂ ਨੂੰ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਕਿ ਮਨੁੱਖ ਆਪਣੀਆਂ ਗ਼ਲਤੀਆਂ ਕਾਰਨ ਦੁੱਖ ਭੋਗਦੇ ਹਨ। ਲੇਖਕ ਕਿਸਮਤ ਦੀ ਮਾਰ ਕਾਰਨ ਸਤਾਏ ਪਾਤਰਾਂ ਨਾਲ ਹਮਦਰਦੀ ਕਰਦਾ ਹੈ। ਇਹਨਾਂ ਨਾਟਕਾਂ ਵਿੱਚ ਮਨੁੱਖ ਨੂੰ ਦੁੱਖਾਂ ਵਿੱਚੋਂ ਗੁਜ਼ਰ ਕੇ ਵਧੇਰੇ ਸੂਝਵਾਨ ਅਤੇ ਚੰਗੇਰੇ ਇਨਸਾਨ ਬਣਦੇ ਵਿਖਾਇਆ ਗਿਆ ਹੈ ਅਤੇ ਇਹਨਾਂ ਤੋਂ ਮਾਨਵੀ ਕਦਰਾਂ- ਕੀਮਤਾਂ ਦਾ ਸਤਿਕਾਰ ਅਤੇ ਸੰਭਾਲ ਕਰਨ ਦੀ ਪ੍ਰੇਰਨਾ ਮਿਲਦੀ ਹੈ। ਆਧੁਨਿਕ ਦੁਖਾਂਤ ਨਾਟਕ ਦੀਆਂ ਕਈ ਧਾਰਨਾਵਾਂ ਸੋਫੋਕਲੀਜ਼ ਦੀ ਹੀ ਦੇਣ ਹਨ। ਸੋਫੋਕਲੀਜ਼ ਨੇ ਹੀ ਇੱਕ ਮਹੱਤਵਪੂਰਨ ਪਾਤਰ ਨੂੰ ਨਾਟਕ ਦਾ ਕੇਂਦਰੀ ਪਾਤਰ ਬਣਾਉਣ ਦੀ ਪਿਰਤ ਪਾਈ। ਇਹਨਾਂ ਨਾਟਕਾਂ ਵਿੱਚ ਯੂਨਾਨੀ ਜੀਵਨ ਅਤੇ ਸੰਸਕ੍ਰਿਤੀ, ਜੋ ਸੋਫੋਕਲੀਜ਼ ਦੇ ਸਮੇਂ ਇਤਿਹਾਸ ਵਿੱਚ ਆਪਣੀ ਚਰਮ ਸੀਮਾ ਤੇ ਸਨ, ਦਾ ਚੰਗਾ ਪ੍ਰਗਟਾਵਾ ਕੀਤਾ ਗਿਆ ਹੈ।

     ਸੋਫੋਕਲੀਜ਼ ਦੇ ਦੁਖਾਂਤ ਨਾਟਕ ਵਿਸ਼ਵ-ਸਾਹਿਤ ਨੂੰ ਵਡਮੁੱਲੀ ਦੇਣ ਹਨ। ਇਹਨਾਂ ਦਾ ਵਿਸ਼ਵ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ।


ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੋਫੋਕਲੀਜ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਫੋਕਲੀਜ਼ : ਵੇਖੋ, ਸਾਫੋਕਲੀਜ਼


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.