ਸੋਹਿਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਹਿਲਾ ਸੰਗ੍ਯਾ—ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. “ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ.” (ਸੂਹੀ ਛੰਤ ਮ: ੧) “ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ.” (ਅਨੰਦੁ) ੨ ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। ੩ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸੋਹਿਲਾ” ਸਿਰਲੇਖ ਹੇਠਪੰਜ ਸ਼ਬਦਾਂ ਦੀ ਇੱਕ ਖਾਸ ਬਾਣੀ1, ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. “ਸੁਪਤਨ ਸਮੇ ਸੋਹਿਲਾ ਰਰੈ.” (ਗੁਪ੍ਰਸੂ) “ਤਿਤੁ ਘਰਿ ਗਾਵਹੁ ਸੋਹਿਲਾ”- ਪਾਠ ਹੋਣ ਕਰਕੇ ਇਹ ਸੰਗ੍ਯਾ— ਹੋਈ ਹੈ. ਮ੍ਰਿਤਕ ਸੰਸਕਾਰ ਸਮੇਂ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਸੋਹਿਲੇ ਦਾ ਪਾਠ ਭੀ ਕੀਤਾ ਜਾਂਦਾ ਹੈ. “ਸੋਹਲਿਾ ਪੜ੍ਹ ਪਰਸ਼ਾਦ ਵਰਤਾਈ। ਜੋ ਗੁਰੂ ਨਾਨਕ ਰੀਤਿ ਚਲਾਈ.” (ਗੁਵਿ ੬)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਹਿਲਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੋਹਿਲਾ  :  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਰਾਗਾਂ ਅਧੀਨ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਨਿਤਨੇਮ ਦੀਆਂ ਤਿੰਨ ਬਾਣੀਆਂ ਦੇ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਤੀਜੀ ਬਾਣੀ ਸੋਹਿਲਾ ਸਿਰਲੇਖ ਹੇਠ ਦਰਜ ਹੈ। ਇਸ ਬਾਣੀ ਦੇ ਪਹਿਲੇ ਸ਼ਬਦ ਵਿਚ ' ਤਿਤ ਘਰਿ ਗਾਵਹੁ ਸੋਹਿਲਾ ' ਪਾਠ ਹੋਣ ਕਰ ਕੇ ਇਹ ਨਾਂ ਰਖਿਆ ਗਿਆ ਹੈ। ਇਸੇ ਸ਼ਬਦ ਵਿਚ ' ਜੈ ਘਰਿ ਕੀਰਤਿ ਆਖੀਐ ' ਪਾਠ ਹੋਣ ਕਰ ਕੇ ਇਸ ਦਾ ਨਾਂ ਕੀਰਤਨ ਸੋਹਿਲਾ ਵੀ ਲਿਆ ਜਾਂਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਇਸ ਬਾਣੀ ਨੂੰ ਰਾਤ ਨੂੰ ਸੌਣ ਵੇਲੇ ਪੜ੍ਹਨ ਦਾ ਵਿਧਾਨ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਇਸ ਬਾਣੀ ਦੇ ਪਾਠ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ :–

             " ਸੋਦਰ ਆਰਤੀ ਗਾਵੀਅੇ ਅੰਮ੍ਰਿਤ ਵੇੇਲੇ ਜਾਪੁ ਉਚਾਰਾ "

                                                                    (ਵਾਰ ੧)

                 ਜੀਵਨ ਇਕ ਰਾਤ ਹੈ ਜਿਸ ਵਿਚ ਚਾਨਣ ਦੀ ਲੋੜ ਹੈ।  'ਸੋਹਿਲਾ'  ਇਕ  ' ਜੋਤਿ-ਕਵਿਤਾ ' ਹੈ ਜਿਸ ਦੇ ਅਸੂਲ ਜੀਵਨ-ਰਾਹ ਵਿਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਸੌਣ ਸਮੇਂ ਸੋਹਿਲੇ ਦੇ ਪਾਠ ਦੁਆਰਾ ਇਹ ਅਸੂਲ ਸਾਰੀ ਰਾਤ ਅਚੇਤ ਮਨ ਵਿਚ ਜਾਂ ਅਰਧ ਚੇਤਨ ਮਨ ਵਿਚ ਕੰਮ ਕਰਦੇ ਹਨ ਅਤੇ ਫਿਰ ਉਹ ਚੇਤਨ ਜੀਵਨ ਵਿਚ ਵੀ ਸਮਰੱਥ ਹੋ ਨਿਬੜਦੇ ਹਨ।

              ਇਸ ਬਾਣੀ ਵਿਚ ਪੰਜ ਸ਼ਬਦ ਸ਼ਾਮਲ ਕੀਤੇ ਗਏ ਹਨ। ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਰਚੇ ਹੋਏ ਰਾਗ ਗਉੜੀ,ਆਸਾ ਅਤੇ ਧਨਾਸਰੀ ਦੇ ਹਨ। ਚੌਥਾ ਸ਼ਬਦ ਗਉੜੀ ਰਾਗ ਵਿਚ ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਅਤੇ ਪੰਜਵਾਂ ਸ਼ਬਦ ਗਉੜੀ ਰਾਗ ਵਿਚ ਹੀ ਗੁਰੂ ਅਰਜਨ ਦੇਵ ਜੀ ਦਾ ਹੈ। ਇਹ ਪੰਜੇ ਸ਼ਬਦ ਸਬੰਧਤ ਰਾਗਾਂ ਵਿਚ ਵੀ ਦਿਤੇ ਗਏ ਹਨ। ਇਸ ਬਾਣੀ ਵਿਚ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਸ਼ਬਦ ਦਰਜ ਹੈ। ਇਸ ਲਈ ਇਹ ਸੰਭਵ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਦਾ ਸੰਕਲਨ  ਕੀਤਾ ਹੋਵਗਾ।

          ਸੋਹਿਲੇ ਦਾ ਅਰਥ ਹੈ ਵਿਆਹ ਆਦਿ ਖੁਸ਼ੀ ਦੇ ਸਮੇਂ ਗਾਇਆ ਜਾਣ ਵਾਲਾ ਗੀਤ। ਕੁੜੀ ਦੇ ਵਿਆਹ ਸਮੇਂ ਜ਼ਨਾਨੀਆਂ ਸੁਹਾਗ ਦੇ ਗੀਤ ਗਾਉਂਦੀਆਂਹਨ ਅਤੇ ਉਸ ਨੂੰ ਸਹੁਰੇ ਘਰ ਵਿਚ ਸੁਖੀ ਵਸਣ ਦੀਆਂ ਅਸੀਸਾਂ ਦਿੰਦੀਆਂ ਹਨ। ਇਸੇ ਤਰ੍ਹਾਂ ਇਸ ਬਾਣੀ ਦੇ ਪਹਿਲੇ ਸ਼ਬਦ ਵਿਚ ਜੀਵ ਨੂੰ ਉਪਦੇਸ਼ ਕੀਤਾ ਗਿਆ ਹੈ ਕਿ ਉਸ ਨੇ ਵੀ ਇਕ ਦਿਨ ਜਗਤ ਰੂਪੀ ਪੇਕਾ ਘਰ ਛੱਡ ਜਾਣਾ ਹੈ ਇਸ ਲਈ ਉਸ ਨੂੰ ਸਤਿਸੰਗ ਵਿਚ ਜਾ ਕੇ ਪ੍ਰਭੂ ਪਤੀ ਦੇ ਮਿਲਾਪ ਦੇ ਸੋਹਿਲੇ ਸੁਣਨੇ ਚਾਹੀਦੇ ਹਨ ਤਾਂ ਜੋ ਉਸ ਦਾ ਮਿਲਾਪ ਪ੍ਰਭੂ ਨਾਲ ਹੋ ਸਕੇ।

           ਦੂਜੇ ਸ਼ਬਦ ਵਿਚ ਜੀਵ ਨੂੰ ਸਿਧਾਂਤਾਂ ਦੇ ਵਖਰੇਵਿਆਂ ਤੋਂ ਬਚਣ ਲਈ ਉਪਦੇਸ਼ ਕੀਤਾ ਗਿਆ ਹੈ ਕਿ ਜਿਵੇਂ ਇਕ ਸੂਰਜ ਤੋਂ ਅਨੇਕ ਰੁੱਤਾਂ ਬਣੀਆਂ ਹਨ, ਇਸੇ ਤਰ੍ਹਾਂ ਸਭ ਸਿਧਾਂਤਾ ਦਾ ਮੂਲ ਇਕ ਪਰਮਾਤਮਾ ਹੈ ਤੇ ਉਸੇ ਵਿਚ ਜੀਵ ਨੂੰ ਧਿਆਨ ਰਖਣਾ ਚਾਹੀਦਾ ਹੈ।

             ਆਰਤੀ ਵਾਲੇ ਸ਼ਬਦ ਵਿਚ ਨਿਰਾਕਾਰ ਪ੍ਰਭੂ ਦੀ ਸਰਬ ਵਿਆਪਕਤਾ ਦਾ ਚਿੱਤਰ ਪੇਸ਼ ਕੀਤਾ ਗਿਆ ਹੈ ਕਿ ਭਾਵੇਂ ਸਾਰੇ ਰੂਪ ਉਸੇ ਤੋਂ ਪੈਂਦੇ ਹੋਏ ਹਨ ਪਰ ਉਸ ਦਾ ਆਪਣਾ ਕੋਈ ਆਕਾਰ ਨਹੀਂ ਹੈ। ਉਸ ਦੀ ਆਰਤੀ ਲਈ ਕਿਸੇ ਦੀਵੇ ਦੀ ਲੋੜ ਨਹੀਂ ਸਗੋਂ ਸਾਰੀ ਕੁਦਰਤ ਉਸ ਦੀ ਆਰਤੀ ਕਰ ਰਹੀ ਹੈ।

         ਚੌਥੇ ਸ਼ਬਦ ਵਿਚ ਜੀਵਾਂ ਨੂੰ ਦੁਖ ਦੇਣ ਵਾਲੇ ਕਾਮ, ਕ੍ਰੋਧ ਤੋਂ ਬਚਣ ਲਈ ਨਾਮ ਦੀ ਟੇਕ ਦਾ ਉਪਦੇਸ਼ ਹੈ।

         ਪੰਜਵੇਂ ਸ਼ਬਦ ਵਿਚ ਜੀਵ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਸ ਦੀ ਉਮਰ ਬੀਤਦੀ ਜਾ ਰਹੀ ਹੈ ਇਸ ਲਈ ਉਸ ਨੂੰ ਆਪਣੇ ਆਤਮਕ ਕਾਰਜ ਦੇ ਉਦੇਸ਼ ਲਈ ਸਦਾ ਤਤਪਰ ਰਹਿਣਾ ਚਾਹੀਦਾ ਹੈ।

        ਰਹਿਤਨਾਮੇ ਵਿਚ ਲਿਖਿਆ ਹੈ ਕਿ 'ਗੁਰੂ ਕਾ ਸਿਖ, ਕੀਰਤਨ ਸ਼ਬਦ ਸੋਹਿਲਾ ਪੜ੍ਹਕੇ ਸਵੇਂ'। ਇਸ ਲਈ ਇਸ ਬਾਣੀ ਦਾ ਪਾਠ ਸੌਣ ਵੇਲੇ ਕੀਤਾ ਜਾਂਦਾ ਹੈ। ਪ੍ਰਾਣੀ ਦੇ ਅੰਤਿਮ ਸੰਸਕਾਰ ਵੇਲੇ ਵੀ ਸੋਹਿਲੇ ਦਾ ਪਾਠ ਕੀਤਾ ਜਾਂਦਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-12-59-20, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਨੇਮ ਤੇ ਪ੍ਰੇਮ-ਡਾ. ਤਾਰਨ ਸਿੰਘ; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.