ਸ੍ਵੈਜੀਵਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ੍ਵੈਜੀਵਨੀ : ਆਪ ਲਿਖੀ ਆਪਣੀ ਜੀਵਨ ਕਹਾਣੀ ਨੂੰ ਸ੍ਵੈਜੀਵਨੀ ਜਾਂ ਆਤਮਕਥਾ ਕਿਹਾ ਜਾਂਦਾ ਹੈ। ਸ੍ਵੈਜੀਵਨੀ  ਵਿੱਚ ਸੁਚੇਤ ਜਾਂ ਅਚੇਤ ਰੂਪ ਵਿੱਚ ਲੇਖਕ ਦੇ ਵਿਅਕਤਿਤਵ ਦਾ ਪ੍ਰਗਟਾਵਾ ਹੁੰਦਾ ਹੈ। ਇਸ ਸਾਹਿਤ ਰੂਪ ਵਿੱਚ ਲੇਖਕ ਆਪਣੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਜਾਂ ਕਾਰਜਾਂ ਦਾ ਬਿਓਰਾ ਹੀ ਪੇਸ਼ ਨਹੀਂ ਕਰਦਾ ਸਗੋਂ ਪੁਨਰ ਸਿਰਜਦਾ ਹੈ। ਦੁਬਾਰਾ ਸਿਰਜਿਆ ਹੋਣ ਕਰ ਕੇ ਇਸ ਦੀ ਗਿਣਤੀ ਸਿਰਜਣਾਤਮਿਕ ਸਾਹਿਤ ਵਿੱਚ ਕੀਤੀ ਜਾਂਦੀ ਹੈ। ਇਸ ਦ੍ਰਿਸ਼ਟੀ ਤੋਂ ਇਹ ਯਾਦਾਂ ਜਾਂ ਸੰਸਮਰਨ ਤੋਂ ਵੀ ਭਿੰਨ ਹੈ। ਯਾਦਾਂ ਵਿੱਚ ਦੂਸਰੇ ਵਿਅਕਤੀਆਂ ਦੇ ਜੀਵਨ ਬਾਰੇ ਵੀ ਬਹੁਤ ਕੁਝ ਹੁੰਦਾ ਹੈ ਜਦ ਕਿ ਸ੍ਵੈਜੀਵਨੀ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਪੁਨਰ ਉਸਾਰੀ ਹੈ। ਇਹ ਡਾਇਰੀ ਤੋਂ ਵੀ ਭਿੰਨ ਹੈ। ਇਸ ਵਿੱਚ ਲੇਖਕ ਜ਼ਿੰਦਗੀ ਦੀ ਵਿਸ਼ਾਲ ਪਿੱਠ-ਭੂਮੀ ਵਿੱਚ ਆਪਣੇ ਜੀਵਨ ਨੂੰ ਘੋਖਦਾ ਹੈ ਅਤੇ ਆਪਣੇ ਅੰਦਰਲੇ ਨੂੰ ਉੱਤਮ ਪੁਰਖ ਵਿੱਚ ਬਿਆਨ ਕਰਦਾ ਹੈ। ਇਸ ਤਰ੍ਹਾਂ ਸ੍ਵੈਜੀਵਨੀ ਇੱਕ ਝਰੋਖਾ ਹੈ ਜਿਸ ਰਾਹੀਂ ਅਸੀਂ ਮਹਾਨ ਵਿਅਕਤੀ ਦੇ ਮਨ ਅੰਦਰ ਝਾਕ ਸਕਦੇ ਹਾਂ।

     ਜੀਵਨ ਸਫ਼ਰ ਵਿੱਚ ਆਪਣੇ ਨਾਲ ਬੀਤੇ ਅਨੁਭਵਾਂ ਨੂੰ ਦੂਜਿਆਂ ਨਾਲ ਸਾਂਝੇ ਕਰਨ ਦੀ ਭਾਵਨਾ ਵਿੱਚ ਸ੍ਵੈਜੀਵਨੀ  ਦਾ ਜਨਮ ਹੋਇਆ। ਇਸ ਲਈ ਸ੍ਵੈਜੀਵਨੀ ਆਪੇ ਦੀ ਪਛਾਣ, ਤਲਾਸ਼, ਅਥਵਾ ਆਤਮ ਬਿਰਤਾਂਤ ਦੀ ਕੁਸ਼ਲ ਕਲਾ ਹੈ। ਸ੍ਵੈਜੀਵਨੀਕਾਰ ਖ਼ੁਦ ਹੀ ਪਾਤਰ ਹੁੰਦਾ ਹੈ। ਆਪਾ ਸਕਾਰ ਕਰਦਿਆਂ ਉਸ ਨੂੰ ਕਿਸੇ ਕਲਪਨਾ ਜਾਂ ਫੋਕੇ ਆਦਰਸ਼ ਦੀ ਲੋੜ ਨਹੀਂ ਹੁੰਦੀ ਉਹ ਕੇਵਲ ਹੰਢਾਏ ਸੱਚ ਨੂੰ ਪੇਸ਼ ਕਰਦਾ ਹੈ। ਇਸ ਤਰ੍ਹਾਂ ਸ੍ਵੈਜੀਵਨੀ ਵਿੱਚ ਬਿਆਨੇ ਗਏ ਤਜਰਬੇ ਅਤੇ ਅਨੁਭਵ-ਹੰਡਾਏ ਤਜਰਬਿਆਂ ਨਾਲੋਂ ਵੀ ਵਧੇਰੇ ਸੱਚੇ ਹੁੰਦੇ ਹਨ। ਸ੍ਵੈਜੀਵਨੀ ਲਿਖੇ ਜਾਣ ਤੋਂ ਪਹਿਲਾਂ ਜੀਵੀ ਜਾਂਦੀ ਹੈ।

     ਸ੍ਵੈਜੀਵਨੀ ਦਾ ਵਿਸ਼ਾ ਜੀਵਨ ਹੈ। ਸ੍ਵੈਜੀਵਨੀ ਲਿਖ ਕੇ ਆਪਣੇ ਆਪ ਨੂੰ ਭੁਲਣਾ ਵੀ ਹੁੰਦਾ ਹੈ ਅਤੇ ਯਾਦ ਕਰਨਾ ਵੀ। ਇਸ ਤਰ੍ਹਾਂ ਸ੍ਵੈਜੀਵਨੀ ਲਿਖਣ ਦਾ ਮੁੱਖ ਉਦੇਸ਼ ਆਤਮ-ਪਰੀਖਿਆ, ਆਤਮ-ਨਿਰਮਾਣ, ਬੀਤ ਚੁੱਕੇ ਦੀ ਪੁਨਰ-ਸੁਰਜੀਤੀ ਹੈ। ਆਪਾ ਪ੍ਰਗਟਾਉਣ ਦੇ ਨਾਲ ਸ੍ਵੈਜੀਵਨੀ ਸਮੇਂ ਦੇ ਸਮਾਜ, ਸੱਭਿਆਚਾਰ, ਰਾਜਨੀਤੀ ਅਤੇ ਸਾਹਿਤ ਦੀ ਤਸਵੀਰ ਵੀ ਪੇਸ਼ ਕਰਦੀ ਹੈ ਅਤੇ ਲੋਕਾਂ ਲਈ ਸਿੱਖਿਆ ਦਾ ਸਾਧਨ ਵੀ ਬਣਦੀ ਹੈ। ਕਈ ਵਾਰੀ ਸ੍ਵੈਜੀਵਨੀ ਰਾਹੀਂ ਮਨੁੱਖ ਕੀਤੇ ਬੁਰੇ ਕੰਮਾਂ ਦਾ ਪਛਤਾਵਾ ਕਰਦਾ ਹੈ। ਗਾਂਧੀ ਜੀ ਨੇ ਆਪਣੀ ਸ੍ਵੈਜੀਵਨੀ  ਵਿੱਚ ਆਪਣੀਆਂ ਗ਼ਲਤੀਆਂ ਤੇ ਭੁੱਲਾਂ ਨੂੰ ਨਸ਼ਰ ਕੀਤਾ ਹੈ। ਰੂਸੋ ਨੇ ਆਪਣੀ ਸ੍ਵੈਜੀਵਨੀ ਕਨਫ਼ੈਸ਼ਨ ਵਿੱਚ ਲਿਖਿਆ ਹੈ :

      ਜਦ ਰੱਬ ਵਲੋਂ ਮੈਨੂੰ ਬੁਲਾਵਾ ਆਵੇਗਾ, ਤਾਂ ਮੈਂ ਆਪਦੀ ਸ੍ਵੈਜੀਵਨੀ ਉਸ ਅੱਗੇ ਪੇਸ਼ ਕਰਾਂਗਾ ਅਤੇ ਕਹਾਂਗਾ ਕਿ ਹੇ ਈਸ਼ਵਰ! ਮੈਂ ਇਸੇ ਤਰ੍ਹਾਂ ਸੰਸਾਰ ਵਿੱਚ ਵਿਚਰਿਆ ਹਾਂ। ਮੈਂ ਆਪਣੇ ਪੁੰਨ ਅਤੇ ਪਾਪ ਤੇਰੇ ਸਾਹਮਣੇ ਪੇਸ਼ ਕਰਦਾ ਹਾਂ।

     ਸ੍ਵੈਜੀਵਨੀ ਵਿੱਚ ਪਾਠਕ ਦੀ ਖਿੱਚ ਦਾ ਕੋਈ ਨਾ ਕੋਈ ਆਧਾਰ ਹੋਣਾ ਜ਼ਰੂਰੀ ਹੈ। ਪਾਠਕ ਦੀ ਦਿਲਚਸਪੀ ਉਸ ਸ੍ਵੈਜੀਵਨੀ ਵਿੱਚ ਹੀ ਹੋ ਸਕਦੀ ਹੈ ਜਿਸ ਦਾ ਜੀਵਨੀਕਾਰ ਕੋਈ ਪ੍ਰਤਿਭਾਸ਼ਾਲੀ ਵਿਅਕਤੀ ਹੋਵੇ। ਐਸੇ ਅਧਿਕਾਰੀ ਅਤੇ ਵਿਲੱਖਣ ਵਿਅਕਤਿਤਵ ਦੇ ਰਹੱਸ ਜਾਣਨ ਦੀ ਇੱਛਾ ਪਾਠਕ ਵਿੱਚ ਬਣੀ ਰਹੇਗੀ। ਐਸਾ ਅਧਿਕਾਰੀ ਵਿਅਕਤੀ ਕੋਈ ਚਿੰਤਕ, ਕਲਾਕਾਰ, ਸੁਹਿਰਦ ਵਿਅਕਤੀ, ਅਨੁਭਵੀ ਘੁਮੱਕੜ, ਸਾਹਿਤਕਾਰ, ਦੇਸ਼ ਭਗਤ, ਵੱਡਾ ਸਿਆਸਤਦਾਨ, ਅਭਿਨੇਤਾ, ਖਿਡਾਰੀ, ਵਿਗਿਆਨੀ ਆਦਿ ਹੀ ਹੋ ਸਕਦਾ ਹੈ। ਅਜਿਹੇ ਵਿਅਕਤੀ ਦੇ ਜੀਵਨ ਦੇ ਕੁਝ ਅਮੀਰ ਪ੍ਰਭਾਵ ਹੋਣਗੇ ਜਿਹੜੇ ਦੂਜਿਆਂ ਨਾਲ ਸਾਂਝੇ ਕੀਤੇ ਜਾ ਸਕਣ ਯੋਗ ਹੋਣ।

     ਸ੍ਵੈਜੀਵਨੀ ਅੰਦਰਲੇ ਭਾਵਾਂ ਅਤੇ ਬਾਹਰਲੇ ਅਨੁਭਵਾਂ ਨੂੰ ਬਿਰਤਾਂਤਕ ਸ਼ੈਲੀ ਵਿੱਚ ਪੇਸ਼ ਕਰਨ ਦੀ ਕਲਾ ਹੈ। ਇਸ ਕਲਾ ਕੁਸ਼ਲਤਾ ਲਈ ਮੁਢਲੀ ਲੋੜ ਤੱਥਾਂ ਦੀ ਚੋਣ ਦੀ ਹੈ ਕਿਉਂਕਿ ਨਿੱਜੀ ਜੀਵਨ ਦੀ ਹਰ ਘਟਨਾ ਪੇਸ਼ ਕਰਨ ਯੋਗ ਨਹੀਂ ਹੁੰਦੀ। ਫਿਰ ਇਹਨਾਂ ਘਟਨਾਵਾਂ ਨੂੰ ਕਿਸ ਲੜੀ ਵਿੱਚ ਪੇਸ਼ ਕਰਨਾ ਹੈ, ਇਸ ਕਾਂਟ-ਛਾਂਟ ਦਾ ਵਿਸ਼ਲੇਸ਼ਣ ਵੀ ਲੇਖਕ ਦੇ ਦ੍ਰਿਸ਼ਟੀਕੋਣ ਤੇ ਨਿਰਭਰ ਹੈ। ਸ੍ਵੈਜੀਵਨੀ ਲੇਖਕ ਆਪਣੀ ਸਮਾਜਿਕ ਸਥਿਤੀ, ਉਪਲਬਧੀ, ਜੀਵਨ ਫ਼ਲਸਫ਼ੇ ਅਤੇ ਸ੍ਵੈਜੀਵਨੀ ਲਿਖਣ ਦੇ ਮੰਤਵ ਸਭ ਨੂੰ ਧਿਆਨ ਵਿੱਚ ਰੱਖ ਕੇ, ਇੱਕ ਪੈਟਰਨ ਜਾਂ ਮਾਪਦੰਡ ਤਿਆਰ ਕਰਦਾ ਹੈ। ਫਿਰ ਉਸ ਆਧਾਰ ਤੇ ਜੀਵੇ ਪਲਾਂ ਨੂੰ ਬਿਆਨ ਕਰਦਾ ਹੈ। ਇਸ ਤਰ੍ਹਾਂ ਉਹ ਅਤੀਤ ਅਤੇ ਵਰਤਮਾਨ ਨੂੰ ਆਪਸ ਵਿੱਚ ਮਿਲਾਉਂਦਾ ਹੈ। ਲੇਖਕ ਜਿੰਨਾ ਆਪਣੇ ਬਾਰੇ ਜਾਣਦਾ ਹੈ ਓਨਾ ਉਸ ਬਾਰੇ ਹੋਰ ਕੋਈ ਨਹੀਂ ਜਾਣਦਾ ਹੁੰਦਾ। ਇਸ ਲਈ ਉਸਨੂੰ ਘਟਨਾਵਾਂ ਨੂੰ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਚਿਤਰਨਾ ਚਾਹੀਦਾ ਹੈ।

     ਯਾਦਾਂ ਅਤੇ ਘਟਨਾਵਾਂ ਅਨੁਸਾਰ ਕਲਾ ਰੂਪ ਦੀ ਚੋਣ ਕਰਨਾ ਹੀ ਸ੍ਵੈਜੀਵਨੀਕਾਰ ਲਈ ਵੱਡੀ ਚੁਨੌਤੀ ਹੈ। ਸ੍ਵੈਜੀਵਨੀਕਾਰ ਦੀ ਸਫਲਤਾ ਜਿੱਥੇ ਘਟਨਾਵਾਂ ਦੀ ਚੋਣ ਜਾਂ ਤਰਤੀਬ ਤੇ ਨਿਰਭਰ ਕਰਦੀ ਹੈ ਉੱਥੇ ਇਸ ਤੇ ਵੀ ਨਿਰਭਰ ਹੈ ਕਿ ਉਸ ਨੇ ਘਟਨਾਵਾਂ ਨੂੰ ਕਿੰਨਾ ਰੋਚਕ ਅਤੇ ਕਲਾਮਈ ਬਣਾਇਆ ਹੈ। ਸ੍ਵੈਜੀਵਨੀ ਲਿਖਣ ਲਈ ਪਹਿਲਾਂ ਆਪਣੇ-ਆਪ ਦੀ ਸੋਝੀ ਹੋਣੀ ਜ਼ਰੂਰੀ ਹੈ। ਫਿਰ ਇਸ ਆਪੇ ਨੂੰ ਇੱਕ ਵਿੱਥ ਤੇ ਰੱਖ ਕੇ ਅਨਾਤਮ (objective) ਹੋ ਕੇ ਵੇਖਣ ਦੀ ਜਾਚ ਹੋਣੀ ਚਾਹੀਦੀ ਹੈ। ਆਤਮਕਥਾ ਵਿੱਚ ‘ਕਥਾ` ਸ਼ਬਦ ਤੋਂ ਭਾਵ ਹੈ ਕਿ ਇਸ ਸਾਹਿਤ ਰੂਪ ਵਿੱਚ ਕਥਾ ਸਾਹਿਤ ਦੀਆਂ ਵਿਸ਼ੇਸ਼ਤਾਈਆਂ ਹੋਣੀਆਂ ਚਾਹੀਦੀਆਂ ਹਨ। ਪਰ ਸ੍ਵੈਜੀਵਨੀ ਵਿੱਚ ਨਾਵਲ ਵਾਲੀ ਗਾਲਪਨਿਕ ਖੁੱਲ੍ਹ ਨਹੀਂ ਲਈ ਜਾ ਸਕਦੀ ਕਿਉਂਕਿ ਸ੍ਵੈਜੀਵਨੀ  ਵਿੱਚ ਤਾਂ ਦੇਖੇ ਬੀਤੇ ਜੀਵਨ ਨੂੰ ਹੀ ਚਿਤਰਿਆ ਹੁੰਦਾ ਹੈ। ਵਾਰਤਕ ਵਿੱਚ ਹੋਣ ਕਰ ਕੇ ਸ੍ਵੈਜੀਵਨੀ ਦੀ ਸਾਹਿਤਿਕਤਾ ਉਸ ਦੀ ਵਾਰਤਕ ਦੀ ਪੱਧਰ ਵਿੱਚ ਵੀ ਹੈ। ਸ੍ਵੈਜੀਵਨੀ ਵਿੱਚ ਸਾਹਿਤਿਕ ਅੰਸ਼ ਉਸ ਵਿੱਚ ਪੇਸ਼ ਸੱਚੇ ਅਨੁਭਵ ਕਾਰਨ ਹੀ ਆਉਂਦਾ ਹੈ। ਹੋਰ ਸਾਹਿਤ ਰੂਪਾਂ ਦੇ ਮੁਕਾਬਲੇ ਸ੍ਵੈਜੀਵਨੀ ਸਾਹਿਤ ਰੂਪ ਵਿੱਚ ਕਾਫ਼ੀ ਖੁੱਲ੍ਹਾਂ ਲਈਆਂ ਜਾਂਦੀਆਂ ਹਨ। ਹਰ ਲੇਖਕ ਪੇਸ਼ਕਾਰੀ ਦੀ ਆਪਣੀ ਵਿਧੀ ਘੜਦਾ ਹੈ। ਇਸ ਲਈ ਕਈ ਸ੍ਵੈਜੀਵਨੀਆਂ ਵਿੱਚ ਗਲਪ ਅੰਸ਼ ਵਧੇਰੇ ਹਨ ਤੇ ਕਈਆਂ ਵਿੱਚ ਨਾਟਕੀ ਜਾਂ ਕਾਵਿਕ ਅੰਸ਼ਾਂ ਦੀ ਭਰਮਾਰ ਹੈ।

          ਇੱਕ ਖੇਤਰ ਦੇ ਵਿਅਕਤੀ ਦੀ ਸ੍ਵੈਜੀਵਨੀ ਦੂਸਰੇ ਖੇਤਰ ਦੇ ਵਿਅਕਤੀ ਦੀ ਸ੍ਵੈਜੀਵਨੀ ਤੋਂ ਸੁਭਾਵਿਕ ਹੀ ਭਿੰਨ ਹੋਵੇਗੀ। ਉਦਾਹਰਨ ਵਜੋਂ ਸਿਆਸਤਦਾਨ ਦੀ ਜੀਵਨੀ ਖਿਡਾਰੀ ਦੀ ਜੀਵਨੀ ਤੋਂ ਵੱਖਰੀ ਤਰ੍ਹਾਂ ਦੀ ਹੋਵੇਗੀ, ਇੱਕ ਕਲਾਕਾਰ ਦੀ ਸ੍ਵੈਜੀਵਨੀ ਅਤੇ ਫ਼ੌਜੀ ਦੀ ਜੀਵਨੀ ਵਿੱਚ ਅੰਤਰ ਹੋਵੇਗਾ। ਕਈ ਕਾਰਨਾਂ ਕਰ ਕੇ ਸਾਹਿਤਿਕ ਸ੍ਵੈਜੀਵਨੀ ਹੋਰ ਸ੍ਵੈਜੀਵਨੀਆਂ ਨਾਲੋਂ ਵਿਸ਼ੇਸ਼ ਹੁੰਦੀ ਹੈ। ਇੱਕ ਤਾਂ ਸਾਹਿਤਕਾਰ ਦਾ ਸੰਵੇਦਨਸ਼ੀਲ ਆਪਾ ਹੈ ਜਿਸ ਕਾਰਨ ਉਹ ਹਰ ਘਟਨਾ ਜਾਂ ਸਥਿਤੀ ਦੇ ਪ੍ਰਭਾਵ ਨੂੰ ਬਰੀਕੀ ਨਾਲ ਮਹਿਸੂਸ ਕਰਦਾ ਹੈ। ਦੂਸਰਾ ਸਾਹਿਤਕਾਰ ਦੀ ਭਾਸ਼ਾ ਸਮਰੱਥਾ ਹੈ ਜਿਸ ਕਾਰਨ ਉਸ ਦਾ ਅੰਦਾਜ਼ ਬਾਕੀਆਂ  ਨਾਲੋਂ  ਵਧੇਰੇ  ਪ੍ਰਭਾਵਸ਼ਾਲੀ  ਹੁੰਦਾ  ਹੈ। ਸਾਹਿਤਕਾਰ ਦੀ ਸ੍ਵੈਜੀਵਨੀ  ਇੱਕ ਪ੍ਰਕਾਰ ਦੀ ਸਾਹਿਤਿਕ ਰਚਨਾ ਹੀ ਹੁੰਦੀ ਹੈ। ਇਹ ਸਾਹਿਤਕਾਰ ਦੀ ਸ਼ਖ਼ਸੀਅਤ ਦੇ ਵਿਕਾਸ ਨਾਲ-ਨਾਲ ਉਸ ਦੇ ਸਾਹਿਤਿਕ ਵਿਕਾਸ ਨੂੰ ਸਮਝਣ ਵਿੱਚ ਵੀ ਸਹਾਈ ਹੁੰਦੀ ਹੈ।


ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.