ਸੱਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਦ : ਸੱਦ ਪੰਜਾਬੀ ਲੋਕ-ਕਾਵਿ ਦਾ ਵਿਸ਼ੇਸ਼ ਰੂਪ ਹੈ।ਇਸਦੀ ਨਵੇਕਲੀ ਧਾਰਨਾ ਅਥਵਾ ਗਾਇਨ ਸ਼ੈਲੀ ਹੈ। ਇਸ ਗੀਤ ਦਾ ਗਾਇਨ ਲੰਮੀ ਹੇਕ ਨਾਲ ਕੀਤਾ ਜਾਂਦਾ ਹੈ। ਸਪਸ਼ਟ ਹੈ ਸੱਦ ਦਾ ਗਾਇਨ ਸ਼ੈਲੀਆਂ ਅਥਵਾ ਲੋਕ ਸੰਗੀਤ ਨਾਲ ਗੂੜ੍ਹਾ ਸੰਬੰਧ ਹੈ।

     ਸੱਦ ਦੇ ਕੋਸ਼ਗਤ ਅਰਥ ਪੁਕਾਰ, ਹਾਕ, ਬੁਲਾਵਾ ਅਥਵਾ ਅਵਾਜ਼ ਹਨ। ਉੱਚੀ ਅਵਾਜ਼ ਨਾਲ ਪਿਆਰੇ ਨੂੰ ਪੁਕਾਰਨਾ ਸੱਦ ਹੈ। ਮੁੱਢ ਵਿੱਚ ਸੱਦ ਦੀ ਵਰਤੋਂ ਉਹਨਾਂ ਗੀਤਾਂ ਲਈ ਕੀਤੀ ਜਾਂਦੀ ਸੀ ਜਿਨ੍ਹਾਂ ਵਿੱਚ ਪ੍ਰੀਤਮ ਪ੍ਰੇਮਿਕਾ ਨੂੰ ਸੰਬੋਧਨ ਕਰ ਕੇ ਮਨ ਦੇ ਭਾਵ ਪ੍ਰਗਟ ਕਰਦਾ ਸੀ। ਮਗਰੋਂ ਇਹ ਕਾਵਿ-ਰੂਪ ਕਿਸੇ ਵਿਛੜੇ ਪਿਆਰੇ ਦੇ ਵਿਰਾਗ ਵਿੱਚ ਪ੍ਰਗਟ ਭਾਵਾਂ ਲਈ ਰੂੜ੍ਹ ਹੋ ਗਿਆ। ਇਸ ਆਧਾਰ ਤੇ ਹੀ ਕੁਝ ਲੋਕ ਸੱਦ ਨੂੰ ਸੋਗ ਗੀਤ ਦਾ ਨਾਂ ਦਿੰਦੇ ਹਨ ਜਿਸ ਵਿੱਚ ਵਿਛੜੇ ਪਿਆਰੇ ਨੂੰ ਸੰਬੋਧਨ ਕੀਤਾ ਹੁੰਦਾ ਹੈ। ਇੱਕਮਤ ਅਨੁਸਾਰ ਸੱਦ ਵੀ ਮਰਸੀਏ ਵਾਂਗ ਕਿਸੇ ਦੀ ਮੌਤ ਪਿੱਛੋਂ ਲਿਖਿਆ ਜਾਂਦਾ ਹੈ ਪਰ ਇਸ ਤਰ੍ਹਾਂ ਦੀ ਕੋਈ ਸ਼ਰਤ ਸੱਦ `ਤੇ ਲਾਗੂ ਨਹੀਂ ਹੁੰਦੀ। ਹਾਂ, ਇਸ ਵਿੱਚੋਂ ਵਿਛੋੜੇ ਅਤੇ ਉਦਾਸੀ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ।

     ਕੁਝ ਵਿਦਵਾਨ ਸੱਦ ਨੂੰ ਛੰਦ ਵਜੋਂ ਲੈਂਦੇ ਹਨ ਪਰ ਸੱਦ ਛੰਦ ਜਾਂ ਉਸ ਦੀ ਜਾਤਿ ਨਹੀਂ। ਅਸਲ ਵਿੱਚ ਸੱਦ ਲਈ ਕੋਈ ਖ਼ਾਸ ਛੰਦ ਨਿਸ਼ਚਿਤ ਨਹੀਂ। ਲੋਕ-ਗੀਤਾਂ ਵਿੱਚ ਸੱਦ ਵੱਖ-ਵੱਖ ਛੰਦਾਂ ਵਿੱਚ ਰਚੀ ਮਿਲਦੀ ਹੈ। ਮਿਰਜ਼ੇ ਦੀ ਸੱਦ ‘ਦੋਹਿਰੇ` ਵਿੱਚ ਹੈ ਜਦ ਕਿ ਸੁੰਦਰ ਦੀ ਸੱਦ ‘ਹੁਲਾਸ` ਛੰਦ ਵਿੱਚ ਹੈ।

     ਧਨੀ ਰਾਮ ਚਾਤ੍ਰਿਕ ਆਪਣੀ ਲੋਕ-ਪ੍ਰਿਆ ਕਵਿਤਾ ‘ਮੇਲੇ ਵਿੱਚ ਜੱਟ` ਵਿੱਚ ਲਿਖਦਾ ਹੈ, ਚੰਗੀ ਜੇਹੀ ਸੱਦ ਲਾ ਦੇ ਬੱਲੇ ਬੇਲੀਆ...। ਇਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੱਦ ਪੇਂਡੂ ਲੋਕਾਂ ਦਾ ਪ੍ਰਿਆ ਗੀਤ ਸੀ ਜਿਸਨੂੰ ਉਹ ਮੇਲਿਆਂ ਮੁਸਾਹਬਿਆਂ ਵਿੱਚ ਲੰਮੀ ਹੇਕ ਨਾਲ ਗਾਇਆ ਕਰਦੇ ਸਨ। ਇਸ ਨੂੰ ਗਾਉਣ ਵਾਲਾ ਖੱਬਾ ਹੱਥ ਕੰਨ ਉਪਰ ਰੱਖ ਕੇ ਅਤੇ ਸੱਜੀ ਬਾਂਹ ਫੈਲਾ ਕੇ ਲੰਮੀ ਹੇਕ ਕੱਢਦਾ ਹੈ। ਕਾਵਿ-ਰੂਪ ਦੀ ਦ੍ਰਿਸ਼ਟੀ ਤੋਂ ਸੱਦ ਵਿੱਚ ਅਲਾਹੁਣੀ ਵਾਲੀ ਭਾਵਨਾ ਉਪਲਬਧ ਹੈ। ਦੋਹਾਂ ਵਿੱਚ ਵਿਅਕਤੀ ਦੀ ਮੌਤ ਮਗਰੋਂ ਉਸ ਦੇ ਗੁਣਾਂ ਦਾ ਜਸ ਅਤੇ ਸੰਸਾਰ ਦੀ ਅਸਥਿਰਤਾ ਦਾ ਉਲੇਖ ਹੁੰਦਾ ਹੈ। ਦੋਹਾਂ ਵਿੱਚ ਸੋਗੀ ਵਾਤਾਵਰਨ ਨੂੰ ਕਰੁਣਾ ਭਰੇ ਸ਼ਬਦਾਂ ਵਿੱਚ ਸਿਰਜਿਆ ਜਾਂਦਾ ਹੈ। ਪਰ ਦੋਹਾਂ ਵਿੱਚ ਵੱਖਰਤਾ ਇਹ ਹੈ ਕਿ ਇੱਕ ਤਾਂ ਸੱਦ ਲੰਮੀ ਹੇਕ ਵਿੱਚ ਗਾਈ ਜਾਂਦੀ ਹੈ, ਦੂਸਰਾ ਸੱਦ ਅਲਾਹੁਣੀ ਨਾਲੋਂ ਵਧੇਰੇ ਸੂਖਮ ਹੈ।

     ਮੱਧਕਾਲ ਵਿੱਚ ਪੀਲੂ ਦਾ ਲਿਖਿਆ ਕਿੱਸਾ ਮਿਰਜ਼ਾ ਸਾਹਿਬਾ  ਸੱਦ ਦੀ ਧਾਰਨਾ ਤੇ ਕੀਤੀ ਰਚਨਾ ਦੀ ਉੱਤਮ ਮਿਸਾਲ ਹੈ। ਪੰਜਾਬੀ ਵਿੱਚ ਮਿਰਜ਼ੇ ਦੀਆਂ ਸੱਦਾਂ ਏਨੀਆਂ ਹਰਮਨ ਪਿਆਰੀਆਂ ਹੋਈਆਂ ਕਿ ਇਸ ਰਚਨਾ ਨੂੰ ਲੋਕ- ਕਾਵਿ ਹੀ ਸਮਝਿਆ ਜਾਣ ਲੱਗ ਪਿਆ। ਕਿੱਸੇ ਦੀਆਂ ਬਹੁਤ ਸਾਰੀਆਂ ਸਤਰਾਂ ਅਜਿਹੀਆਂ ਦਰਦਨਾਕ ਅਤੇ ਧੂਹ ਪਾਊ ਹਨ ਕਿ ਪੇਂਡੂ ਮੇਲੇ ਇਹਨਾਂ ਬਿਨਾਂ ਅਧੂਰੇ ਸਮਝੇ ਜਾਂਦੇ ਹਨ। ਜਿਵੇਂ:

ਮੰਦਾ ਕੀਤਾ ਸੁਣ ਸਾਹਿਬਾਂ,

ਮੇਰਾ ਤਰਕਸ਼ ਟੰਗਿਆ ਜੰਡ।

ਤਿੰਨ ਸੌ ਕਾਨੀ ਮਿਰਜ਼ੇ ਜੱਟ ਦੀ,

ਨੀਂ ਮੈਂ ਦੇਂਦਾ ਸਿਆਲੀਂ ਵੰਡ।

ਪਹਿਲੋਂ ਮਾਰਦਾ ਵੀਰ ਸ਼ਮੀਰ ਦੇ,

ਦੂਜੀ ਕੁੱਲੇ ਦੇ ਤੰਗ।

ਤੀਜਾ ਮਾਰਾਂ ਉਸ ਨੂੰ ਸਾਹਿਬਾਂ,

            ਜੀਹਦੀ ਸੈਂ ਤੂੰ ਮੰਗ।

     ਮਿਰਜ਼ੇ ਤੋਂ ਪੂਰਵ ਸੱਸੀ ਪੁੰਨੂੰ ਦੀਆਂ ਸੱਦਾਂ ਲੋਕ-ਕਾਵਿ ਵਿੱਚ ਆਮ ਪ੍ਰਚਲਿਤ ਸਨ। ਉਦਾਹਰਨ ਵਜੋਂ :

            ਸੱਸੀ ਪੁੰਨੂੰ ਦੋ ਜਾਣੇ,

            ਕੋਈ ਮੁਖ ਪਰ ਜ਼ਰਦ ਰੁਮਾਲ ਵੇ,

            ਹਾਏ ਵੇ ਪੁੰਨੂੰ ਜ਼ਾਲਮਾ,

            ਦਿਲਾਂ ਦਿਆ ਮਹਿਰਮਾ

            ਸੁੱਤੀ ਨੂੰ ਛੋੜ ਕੇ ਨਾ ਜਾਣਾ ਵੇ।

     ਬਾਬਾ ਸੁੰਦਰ ਜੀ ਦੁਆਰਾ ਰਚਿਤ ‘ਸਦੁ` ਸਿਰਲੇਖ ਹੇਠ ਇੱਕ ਬਾਣੀ ਆਦਿ ਗ੍ਰੰਥ  ਵਿੱਚ ਦਰਜ ਹੈ। ਰਾਮਕਲੀ ਰਾਗ ਵਿੱਚ ਰਚੀ ਇਹ ਬਾਣੀ ਗੁਰੂ ਅਮਰ ਦਾਸ ਦੇ ਜੋਤੀ ਜੋਤ ਸਮਾਉਣ ਉਪਰੰਤ ਲਿਖੀ ਗਈ। ਇਸ ਰਾਹੀਂ ਚੜ੍ਹਾਈ ਕਰਨ ਵਾਲੇ ਪੁਰਸ਼ ਨੂੰ ਜੇਤੂ ਦੱਸ ਕੇ ਸਿੱਖ ਸੰਗਤਾਂ ਨੂੰ ਭਾਣਾ ਮੰਨਣ ਦੀ ਸਿੱਖਿਆ ਦਿੱਤੀ ਹੈ। ਇਹ ਸੱਦ ਸਿੱਖਾਂ ਵਿੱਚ ਪ੍ਰਾਣੀ ਦੇ ਭੋਗ ਸਮੇਂ ਪੜ੍ਹੀ ਜਾਂਦੀ ਹੈ। ਇਸ ਵਿੱਚ ਮੌਤ ਸੰਬੰਧੀ ਪ੍ਰਚਲਿਤ ਗ਼ਲਤ ਰਹੁ-ਰੀਤਾਂ ਦਾ ਖੰਡਨ ਕਰ ਕੇ ਸਤਿਸੰਗ ਅਤੇ ਕੀਰਤਨ ਦੀ ਮਹਿਮਾ ਕੀਤੀ ਗਈ ਹੈ:

ਸਤਿਗੁਰੂ ਭਾਣੇ ਆਪਣੈ ਸਹਿ ਪਰਵਾਰੁ ਸਦਾਇਆ॥

ਮਤ ਮੈ ਪਿਛੈ ਰੋਵਸੀ ਸੋ ਮੈ ਮੂਲ ਨ ਭਾਇਆ॥

ਮਿਤੁ ਪੈਝੇ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ॥

ਤੁਸੀ ਵੀਚਾਰ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ।

ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪ ਵਿਕਾਇਆ।

            ਸਭਿ ਸਿਖ ਬੰਧਨ ਪੁਤ ਭਾਈ ਰਾਮਦਾਸ ਪੈਰੀ ਪਾਇਆ।

     ਇਸੇ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਦਸਮ ਗ੍ਰੰਥ ਵਿੱਚ ‘ਵਿਖਮਪਦ` ਸੱਦ ਦਾ ਜ਼ਿਕਰ ਕੀਤਾ ਹੈ। (ਬਿਸਰਾਮ) ਇਸਦੇ ਤਿੰਨ ਚਰਣ ਅਤੇ ਪ੍ਰਤਿ ਚਰਣ 29 ਮਾਤਰਾਂ ਅਤੇ 17+12 ਤੇ ਬਿਸਰਾਮ ਹੈ:

ਸੁਣ ਕੈ ਸੱਦ ਮਾਹੀ ਦਾ ਮੇਹੀ, ਪਾਣੀ ਘਾਹ ਮੁਤੋਨੇ।

ਕਿਸ ਹੀ ਨਾਲ ਨਾ ਰਲੀਆ ਕਾਈ, ਕਾਰੀ ਸ਼ੌਕ ਪਯੋਨੇ।

            ਗਯਾ ਫਿਰਾਕ ਮਿਲਾ ਮਿੱਤ ਮਾਹੀ, ਤਾਹੀਂ ਸ਼ੁਕਰ ਕਿਤੋਨੇ।

          ਇਸ ਪ੍ਰਕਾਰ ਨਵੇਕਲੀ ਧਾਰਨਾ ਅਥਵਾ ਗਾਇਨ ਸ਼ੈਲੀ ਸੱਦ ਹਮੇਸ਼ਾ ਲੋਕ-ਕਾਵਿ ਅਤੇ ਵਿਸ਼ਿਸ਼ਟ ਕਾਵਿ ਵਿੱਚ ਬਰਕਰਾਰ ਰਹੀ। ਲੋਕ ਕਵੀਆਂ ਅਤੇ ਢਾਡੀਆਂ ਨੇ ਇਸ ਕਾਵਿ-ਰੂਪ ਨੂੰ ਲੋਕਾਂ ਨਾਲ ਜੋੜੀ ਰਖਿਆ ਹੈ।


ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਦ (ਨਾਂ,ਇ) ਬੁਲਾਵਾ ਜਾਂ ਵਾਜ ਦੇਣ ਦੀ ਵਿਧਾ ਅਤੇ ਨਿਵੇਕਲੀ ਸ਼ੈਲੀ ਨਾਲ ਸੰਬੰਧਿਤ ਇੱਕ ਲੋਕ-ਕਾਵਿ; ਮਿਰਤਕ ਦੇ ਭੋਗ ਸਮੇਂ ਪੜ੍ਹਿਆ ਜਾਣ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਦ [ਨਾਂਇ] ਅਵਾਜ਼, ਹੇਕ, ਕੂਕ , ਬੋਲ; ਇੱਕ ਛੰਦ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਜੋ ਮਿਰਤਕ ਦੇ ਭੋਗ ਸਮੇਂ ਪੜ੍ਹਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਦ. ਦੇਖੋ, ਸਦ ਅਤੇ ਸਦੁ। ੨ ਸ਼ਬਦ. ਧੁਨਿ. “ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ.” (ਵਿਚਿਤ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਦ : ‘ਸੱਦ’ ਦੇ ਕੋਸ਼ੀ ਅਰਥ ਹਨ ਪੁਕਾਰ, ਹਾਕ, ਆਵਾਜ਼। ਉੱਚੀ ਆਵਾਜ਼ ਨਾਲ ਕਿਸੇ (ਪ੍ਰਿਯ) ਨੂੰ ਪੁਕਾਰਨਾ ‘ਸੱਦ’ ਹੈ। ਇਹ ਇਕ ਪੁਰਾਤਨ ਪੰਜਾਬੀ ਕਾਵਿ–ਰੂਪ ਵੀ ਹੈ। ਇਸ ਵਿਚ ਪੇਂਡੂ ਲੋਕ ਲੰਮੀ ਹੇਕ ਲਾ ਕੇ ਪਿਆਰੇ ਨੂੰ ਸੰਬੋਧਨ ਕਰਦੇ ਹਨ, ਜਿਵੇਂ ‘ਮਿਰਜ਼ਿਆ ਜੱਟਾ ਹੋ’। ਵਾਸਤਵ ਵਿਚ ਇਹ ਸੋਗ ਭਰਿਆ ਗੀਤ ਹੈ ਜਿਸ ਵਿਚ ਵਿਛੜੇ ਪਿਆਰੇ ਨੂੰ ਸੰਬੋਧਨ ਕੀਤਾ ਹੁੰਦਾ ਹੈ।

          ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ‘ਸੱਦ’ ਵੀ ਮਰਸੀਏ ਵਾਂਗ ਕਿਸੇ ਦੀ ਮੌਤ ਤੋਂ ਪਿੱਛੇ ਲਿਖਿਆ ਜਾਂਦਾ ਹੈ। ਵਾਸਤਵ ਵਿਚ ਅਜਿਹੀ ਕੋਈ ਸ਼ਰਤ ਇਸ ਤੇ ਲਾਗੂ ਨਹੀਂ। ਹਾਂ, ਇਸ ਰਾਹੀਂ ਥੋੜਾ ਜਿਹਾ ਵਿਛੋੜੇ ਤੇ ਉਦਾਸੀ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ।

          ‘ਗੁਰੂ ਗ੍ਰੰਥ ਸਾਹਿਬ’ ਵਿਚ ਰਾਮਕਲੀ ਰਾਗ ਅੰਦਰ ‘ਸੱਦ’ ਨਾਂ ਹੇਠ ਬਾਬਾ ਸੁੰਦਰ ਰਚਿਤ ਬਾਣੀ ਦਰਜ ਹੈ। ਇਹ ਰਚਨਾ ਗੁਰੂ ਅਰਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਦੇ ਅਵਸਰ ਤੇ ਲਿਖੀ ਗਈ ਸੀ। ਇਸ ਵਿਚ ਸੋਗੀ ਵਾਤਾਵਰਣ ਨੂੰ ਦੂਰ ਕਰਣ ਲਈ ਗੁਰੂ ਜੀ ਦੀ ਸਿਖਿਆ ਦਰਜ ਹੈ, ਜਿਵੇਂ :

                   ਸਤਿਗੁਰ ਭਾਣੇ ਆਪਣੈ ਬਹਿ ਪਰਵਾਰ ਸਦਾਇਆ।

                   ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲ ਨ ਭਾਇਆ।

          ਸੱਦ ਦਾ ਕੋਈ ਖ਼ਾਸ ਛੰਦ ਨਿਯਤ ਨਹੀਂ। ਗੁਰੂ ਗ੍ਰੰਥ ਸਾਹਿਬ ਵਿਚ ‘ਸੁੰਦਰ’ ਜੀ ਰਚਿਤ ‘ਸੱਦ’ ਨੂੰ ਭਾਈ ਕਾਨ੍ਹ ਸਿੰਘ ਨੇ ‘ਹੁਲਾਸ’ ਛੰਦ ਦਾ ਇਕ ਭੇਦ ਦੱਸਿਆ ਹੈ। ਇਸ ਵਿਚ ਛੇ ਚਰਣ ਹਨ। ਪਹਿਲੇ ਚਰਣ ਦੀਆਂ 23 ਮਾਤ੍ਰਾਂ, ਦੂਜੇ ਦੀਆਂ 25 ਤੇ ਬਾਕੀ ਹਰ ਇਕ ਦੀਆਂ 28 ਮਾਤ੍ਰਾਂ ਹਨ; ਇਸੇ ਤਰ੍ਹਾਂ ‘ਦਸਮ ਗ੍ਰੰਥ’ ਵਿਚ ਵਿਖਮਪਦ ‘ਸੱਦ’ ਹੈ। ਇਸ ਦੇ ਤਿੰਨ ਚਰਣ ਹਨ ਤੇ 29 ਮਾਤ੍ਰਾਂ। ਪਹਿਲਾ ਵਿਸਰਾਮ 17 ਪਰ ਹੈ।

                   ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ,

                   ਕਿਸਹੀ ਨਾਲ ਨ ਰਲੀਆ ਕਾਈ, ਕਾਰੀ ਸੋਕ ਪਯੋਨੇ।

                   ਗਿਆ ਫਰਾਕ ਮਿਲਿਆ ਮਿਤਮਾਹੀ, ਤਾਹੀ ਕੁਕਰ ਕਿਤੋਨੇ।

          ਲੋਕ–ਕਾਵਿ ਵਿਚ ਪੀਲੂ ਰਚਿਤ ‘ਸੱਦ’ ਪ੍ਰਸਿੱਧ ਹੈ। ਇਸ ਵਿਚ ਕਵੀ ਨੇ ਮਿਰਜਾ ਸਾਹਿਬਾਂ ਦੀ ਪਿਆਰ ਕਥਾ ਬਿਆਨ ਕੀਤੀ ਹੈ। ਨਮੂਨਾ ਇਸ ਤਰ੍ਹਾਂ ਹੈ :

                   ਮਾੜੀ ਤੇਰੀ ਟੀਕਰੀ ਮਿਰਜ਼ਿਆ! ਲਿਆਇਆ ਕਿਧਰੋਂ ਟੋਰ।

                   ਸੁਕਾ ਇਹਦਾ ਚੌਕਟਾ, ਕਾਵਾਂ ਖਾਧੇ ਕਮਰੋੜ।

                   ਜੇ ਘਰ ਨਾ ਆਹੀ ਤੇਰੇ ਬਾਪਦੇ, ਮੰਗ ਲਿਆਵੰਦੋਂ ਹੋਰ।

                   ਘੋੜੀ ਖੀਵੇ ਖਾਨ ਦੀ ਬੜੀ ਮਰਾਤਬ ਖੋਰ।

                   ਭਜਿਆਂ ਨੂੰ ਜਾਣ ਨਾ ਦੇਣਗੇ, ਉਧਲ ਗਈਆਂ ਦੇ ਚੋਰ।

                   ਵਿਚ ਉਜਾੜ ਦੇ ਮਾਰਦੇ, ਤੇਰੀ ਸੁਟਣ ਧੌਣ ਮਰੋੜ।

          [ਸਹਾ. ਗ੍ਰੰਥ––ਮ. ਕੋ.; ਗੁ. ਛੰ. ਦਿ.; ਸ. ਸ. ਅਮੋਲ : ‘ਪੁਰਾਤਨ ਪੰਜਾਬੀ ਕਾਵਿ’]


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੱਦ : ਸੱਦ ਸ਼ਬਦ ਦਾ ਭਾਵ ਹਾਕ ਜਾਂ ਆਵਾਜ਼ ਹੈ। ਸਾਹਿਤ ਵਿਚ ਅਜਿਹੀ ਰਚਨਾ ਜਿਸ ਨੂੰ ਲੰਮੀ ਹੇਕ ਨਾਲ ਗਾਇਆ ਜਾਵੇ ਸੱਦ ਅਖਵਾਉਂਦੀ ਹੈ। ਸੱਦਾਂ ਗਾਉਣ ਦਾ ਰਿਵਾਜ ਪਿੰਡਾਂ ਵਿਚ ਬਹੁਤ ਜ਼ਿਆਦਾ ਰਿਹਾ ਹੈ। ਸੱਦ ਸ਼ਬਦ ਦਾ ਭਾਵ ਸੱਦਾ ਜਾਂ ਮਰਨ ਸਮੇਂ ਦਿੱਤਾ ਗਿਆ ਬੁਲਾਵਾ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਸੁੰਦਰ ਜੀ ਦੀ ਰਾਮਕਲੀ ਦੀ ਸੱਦ ਵਿਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦਾ ਵਰਣਨ ਹੈ। ਬਾਬਾ ਸੁੰਦਰ ਗੁਰੂ ਅਮਰਦਾਸ ਜੀ ਦਾ ਪੜਪੋਤਾ ਸੀ ਜੋ ਆਪ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਹਾਜ਼ਰ ਸੀ।

          ਭਾਈ ਕਾਨ੍ਹ ਸਿੰਘ ਅਨੁਸਾਰ ‘ਸੱਦ’ ਵਿਚ ਛੰਦਾਂ ਦੇ ਕਈ ਰੂਪ ਹੋਇਆ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਸੁੰਦਰ ਜੀ ਦੀ ਸੱਦ ਰਾਗ ਰਾਮਕਲੀ ਵਿਚ ਹੈ, ਜਿਸ ਦੇ ਛੇ ਚਰਣ ਹਨ ਅਤੇ ਇਹ ‘ਹੁਲਾਸ’ ਛੰਦ ਦੀ ਜਾਤੀ ਦਾ ਇਕ ਭੇਦ ਹੈ। ਪਹਿਲੇ ਚਰਣ ਦੀਆਂ 23 ਮਾਤਰਾ, ਦੂਜੇ ਦੀਆਂ 25, ਚਾਰ ਚਰਣਾਂ ਦੀਆਂ 28, ਦੂਜੀ ਤੁੱਕ ਦਾ ਅੰਤਿਮ ਪਦ ਸਿੰਘਾਵਲੋਕਨ ਨਿਆਇ ਨਾਲ ਤੀਜੀ ਤੁੱਕ ਦੇ ਮੁੱਢ ਹੁੰਦਾ ਹੈ :

ਉਦਾਹਰਣ :      ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ।

                   ਗੁਰੁ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ।

                   ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮ ਧਿਆਵਹੇ।

                   ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ।.......

ਪੀਲੂ ਦੇ ਮਿਰਜ਼ਾ ਸਹਿਬਾਂ ਦੇ ਕਿੱਸੇ ਨੂੰ ਮਿਰਜ਼ਾ ਸਾਹਿਬਾਂ ਦੀ ਸੱਦ ਵੀ ਕਿਹਾ ਜਾਂਦਾ ਹੈ। ਇਹ ਕਈ ਵਾਰੀ ਇਕੱਠਾਂ ਵਿਚ ਲੰਮੀ ਹੇਕ ਲਾ ਕੇ ਪੜ੍ਹੀ ਜਾਂਦੀ ਹੈ।

          ਦਸਮ ਗ੍ਰੰਥ ਵਿਚ ਵਿਖਮਪਦ ‘ਸਦ’ ਮਿਲਦਾ ਹੈ ਜਿਸ ਨੇ ਤਿੰਨ ਚਰਣ ਹਨ। ਭਾਈ ਕਾਨ੍ਹ ਸਿੰਘ ਅਨੁਸਾਰ ਪ੍ਰਤਿਚਰਣ 29 ਮਾਤਰਾ, ਪਹਿਲਾ ਵਿਸ਼ਰਾਮ 17 ਉਤੇ, ਦੂਜਾ 12 ਉਤੇ, ਅਤ ਯਗਣ : 155

ਉਦਾਹਰਣ :      ਸੁਣ ਕੈ ਸੱਦ ਮਾਹੀ ਦਾ ਮੇਹੀ, ਪਾਣੀ ਘਾਹ ਮੁਤੋਨੇ।

                   ਕਿਸ ਹੀ ਨਾਲ ਨ ਰਲੀਆ ਕਾਈ, ਕਾਰੀ ਸ਼ੌਕ ਪਯੋਨੇ।

                   ਗਯਾ ਫਿਰਾਕ ਮਿਲਾ ਮਿੱਤ ਮਾਹੀ, ਤਾਹੀ ਸ਼ੁਕਰ ਕਿਤੋਨੇ।


ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਸੱਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਦ, ਇਸਤਰੀ ਲਿੰਗ / ਲਾਗੂ ਕਿਰਿਆ : ੧. ਵਾਜ, ਹਾਕ, ਕੂਕ, ਅਵਾਜ਼, ਇਕ ਛੰਦ, ਕਲੀ, ਢੋਲਾ, ਬੋਲ, ਵਾਜ; ੨. ਗੁਰੂ ਗ੍ਰੰਥ ਸਾਹਿਬ ਦਾ ਇਕ ਸ਼ਬਦ ਜੋ ਮਿਰਤਕ ਦੇ ਭੋਗ ਸਮੇਂ ਪੜ੍ਹਿਆ ਜਾਂਦਾ ਹੈ ਮਰਸੀਆ (ਲਾਗੂ ਕਿਰਿਆ : ਲਾਉਣਾ)

–ਸੱਦ ਆਖਣਾ, ਕਿਰਿਆ ਸਕਰਮਕ : ਗਾਉਣਾ, ਢੋਲੇ ਗਾਉਣਾ, ਪੀਲੂ ਕਵੀ ਦੇ ਮਿਰਜੇ ਸਾਹਿਬਾਂ ਸਬੰਧੀ ਬੋਲਾਂ ਦਾ ਉਚਾਰਨਾ

–ਸਦ ਪੁਕਾਰ, ਇਸਤਰੀ ਲਿੰਗ : ਕਿਸੇ ਨੂੰ ਬੁਲਾ ਕੇ ਉਸ ਦਾ ਮਸ਼ਵਰਾ ਲੈਣ ਦਾ ਭਾਵ, ਪੁੱਛ ਗਿੱਛ, ਕੁਆਉਣ ਬੁਲਾਉਣ, ਸਲਾਹ ਮਸ਼ਵਰਾ, ਚੌਧਰ

–ਸੱਦਪੱਧ, ਸੱਦ ਭਰ, ਵਿਸ਼ੇਸ਼ਣ : ਜਿਥੋਂ ਤੀਕ ਵਾਜ ਸੁਣੀ ਜਾ ਸਕੇ, ਹਾਕ ਸੁਣੀ ਜਾ ਸਕਣ ਜਿੰਨੀ ਦੂਰੀ ਜਾਂ ਫਾਸਲਾ

–ਸੱਦ ਲਾਉਣਾ, ਕਿਰਿਆ ਸਕਰਮਕ : ਮਿਰਜੇ ਦੀਆਂ ਵਾਜਾਂ ਨੂੰ ਹੇਕ ਨਾਲ ਗਾਉਣਾ, ਢੋਲਾ ਗਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6619, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-04-55-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.