ਸੱਦਕੜੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਦਕੜੇ : ਇਹ ਸਾਹਿਤ ਦਾ ਇੱਕ ਪੁਰਾਤਨ ਕਾਵਿ-ਰੂਪ ਹੈ। ‘ਸੱਦਕੜੇ` ਸਦਕੇ ਜਾਣ ਜਾਂ ਵਾਰੇ ਜਾਣ ਦਾ ਦੂਜਾ ਨਾਂ ਹੈ। ਮਾਵਾਂ ਆਪਣੇ ਪੁੱਤਰਾਂ ਨੂੰ ਇਹ ਆਮ ਕਹਿੰਦੀਆਂ ਹਨ, ‘ਸੱਦਕੜੇ ਜਾਵਾਂ।` ਇਸ ਕਾਵਿ-ਰੂਪ ਵਿੱਚ ਆਪਣੇ ਪਿਆਰੇ ਵਾਸਤੇ ਸਭ ਕੁੱਝ ਵਾਰ ਦੇਣ ਦੇ ਰਲੇ-ਮਿਲੇ ਭਾਵ ਹੁੰਦੇ ਹਨ। ਇਸ ਵਿੱਚ ਇੱਕ ਵਿਅਕਤੀ ਦਾ ਦੂਜੇ ਵਿਅਕਤੀ ਜਾਂ ਇਸ਼ਟ ਪ੍ਰਤਿ ਭਗਤੀ-ਪਿਆਰ ਵਾਲਾ ਸਿਦਕ ਜਾਂ ਮੋਹ ਮੁਹੱਬਤ ਸ਼ਾਮਲ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ‘ਸੱਦਕੜੇ` ਦਿਲੀ-ਮੁਹੱਬਤ ਦਾ ਅਜਿਹਾ ਤੀਖਣ ਪ੍ਰਗਟਾਵਾ ਹੁੰਦਾ ਹੈ ਜੋ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਰਹੇ ਵਿਅਕਤੀ ਦੇ ਮੂੰਹੋਂ ਆਪ- ਮੁਹਾਰੇ ਉਚਾਰਿਆ ਜਾਂਦਾ ਹੈ। ਇਸਨੂੰ ਉਚਾਰਨ ਸਮੇਂ ਖ਼ੁਸ਼ੀ ਅਤੇ ਖੇੜੇ ਦਾ ਪ੍ਰਭਾਵ ਪੈਂਦਾ ਹੈ। ਲੈਅ ਅਤੇ ਤਾਲ ਦਾ ਸੁਮੇਲ ਵਾਤਾਵਰਨ ਨੂੰ ਰਸੀਲਾ ਬਣਾ ਦਿੰਦਾ ਹੈ।

     ‘ਸੱਦਕੜੇ` ਕਾਵਿ-ਰੂਪ ਵਿਚਲੀ ਪ੍ਰਬਲ ਭਾਵਨਾ ਆਮ ਤੌਰ ਤੇ ਔਰਤ ਵੱਲੋਂ ਪ੍ਰਗਟ ਕੀਤੀ ਜਾਂਦੀ ਹੈ। ਗੱਲੀਂ-ਬਾਤੀਂ ਕੋਈ ਔਰਤ ਆਪ-ਮੁਹਾਰੇ ਬੱਚਿਆਂ ਨੂੰ ਕਹਿ ਦਿੰਦੀ ਹੈ, ‘ਤੇਰੇ ਸੱਦਕੜੇ ਜਾਂ ਸਦਕੇ ਜਾਵਾਂ`। ਇਹ ਕਹਿਣ ਪਿੱਛੇ ਉਸ ਔਰਤ ਦੀ ਪ੍ਰੇਮ ਭਾਵਨਾ ਤਾਂ ਕਾਰਜਸ਼ੀਲ ਹੁੰਦੀ ਹੀ ਹੈ, ਇਸਦੇ ਨਾਲ ਹੀ ਉਸ ਵਿਅਕਤੀ ਵਾਸਤੇ ਖ਼ੁਸ਼ਹਾਲ ਜੀਵਨ ਦੀ ਕਾਮਨਾ ਅਤੇ ਲੰਮੀ ਉਮਰ ਲਈ ਅਸ਼ੀਰਵਾਦ ਦਾ ਭਾਵ ਵੀ ਛੁਪਿਆ ਹੁੰਦਾ ਹੈ।

     ‘ਸੱਦਕੜੇ` ਦੇ ਕੁਝ ਹੋਰ ਨਾਂ ਘੋਲ ਘੁਮਾਵਾਂ ਜਾਂ ਕੁਰਬਾਨ ਜਾਣਾ ਵੀ ਹੈ। ਇਸ ਦਾ ਇੱਕ ਹੋਰ ਨਾਂ ‘ਘੁੰਮਾਈਆਂ` ਵੀ ਹੈ ਜੋ ਡੋਲੀ ਚੜ੍ਹਨ ਵੇਲੇ ਦਾ ਗੌਣ ਹੈ। ਇਹ ਕਾਵਿ-ਰੂਪ ਭਾਰਤੀ ਪੰਜਾਬੀ ਵਿੱਚ ਘੱਟ ਪ੍ਰਚਲਿਤ ਹੈ ਪਰੰਤੂ ਪਾਕਿਸਤਾਨੀ ਪੰਜਾਬ ਦੇ ਇਲਾਕੇ ਧਨੀ ਪੋਠੋਹਾਰ ਜਿਸ ਵਿੱਚ ਰਾਵਲਪਿੰਡੀ, ਕੈਂਬਲਪੁਰ (ਅਟਕ), ਜਿਹਲਮ ਦੀ ਸੁਹਾਂ ਨਦੀ ਦੇ ਆਰ-ਪਾਰ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕੇ ਮੀਰਪੁਰ ਦਾ ਇਲਾਕਾ ਵੀ ਸ਼ਾਮਲ ਹੈ, ਵਿੱਚ ਇਹ ਕਾਵਿ-ਰੂਪ ਅੱਜ ਵੀ ਗੁਣਗੁਣਾਇਆ ਜਾਂਦਾ ਹੈ। ਜਿਵੇਂ :

ਮੈਂ ਕੁਰਬਾਨ ਮਹਿੰਡੇ ਗਿਰਾਂਏ ਦੀਏ ਢੰਨੇਂ।

ਢੰਨ ਵਿਚਾਰੀ ਕੇ ਕਰੈ

ਬਿਗਾਨਿਆ ਦਾਅਵੇ ਬੰਨੇਂ।

        ਜਾਂ

ਮੈਂ ਕੁਰਬਾਨ ਮਹਿੰਡੇ ਵਿਹੜੇ ਦੀਏ ਬੇਰੇ।

ਬੇਰ ਵਿਚਾਰੀ ਕੇ ਕਰੈ,

            ਸਾਹੁਰੇ ਬੈਠੇ ਡੋਲੀ ਘੇਰੇ।

     ‘ਸੱਦਕੜੇ` ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਨਹੀਂ ਹੁੰਦੀ ਅਤੇ ਨਾ ਹੀ ਇਸ ਵੰਨਗੀ ਦੇ ਅੰਤ ਵਿੱਚ ਕਿਸੇ ਸ਼ਾਇਰ ਦਾ ਨਾਂ ਅੰਕਿਤ ਕੀਤਾ ਗਿਆ ਹੁੰਦਾ ਹੈ। ਸੱਦਕੜੇ ਵਿਚਲਾ ਵਲਵਲਾ ਅਤੇ ਜਜ਼ਬਾ ਏਨਾ ਅਸਰਦਾਇਕ ਹੁੰਦਾ ਹੈ ਕਿ ਸੁਣਨ ਵਾਲੇ ਦਾ ਮਨ ਕੀਲਿਆ ਜਾਂਦਾ ਹੈ। ਇਸ ਵਿੱਚ ਕੋਮਲ ਭਾਵ ਤਾਂ ਪ੍ਰਗਟ ਹੁੰਦੇ ਹੀ ਹਨ, ਨਾਲ ਹੀ ਢੁੱਕਵੀਆਂ ਤਸ਼ਬੀਹਾਂ ਨਾਲ ਇਸ ਨੂੰ ਹੋਰ ਵੀ ਮਾਣਨਯੋਗ ਬਣਾ ਦਿੱਤਾ ਜਾਂਦਾ ਹੈ।

     ‘ਸੱਦਕੜੇ` ਦੀ ਬਣਤਰ ਬੜੀ ਸਾਦ-ਮੁਰਾਦੀ ਅਤੇ ਸਿੱਧੀ-ਸਾਦੀ ਹੁੰਦੀ ਹੈ। ਨਾ ਤਾਂ ਇਸ ਵਿੱਚ ਕਿਸੇ ਪ੍ਰਮਾਣਿਕ ਛੰਦ ਦੀ ਵਰਤੋਂ ਹੁੰਦੀ ਹੈ ਅਤੇ ਨਾ ਹੀ ਮਾਤਰਾਵਾਂ-ਚਰਨਾਂ ਆਦਿ ਦਾ ਕੋਈ ਮਾਪਦੰਡ ਨਿਸ਼ਚਿਤ ਕੀਤਾ ਜਾਂਦਾ ਹੈ। ਪਿੰਗਲ ਦੇ ਨਿਯਮਾਂ ਅਨੁਸਾਰ ਇਸ ਵਿੱਚ ਵਜ਼ਨ, ਤੋਲ ਅਤੇ ਤੁਕਾਂਤ ਆਦਿ ਘੱਟ ਹੀ ਹੁੰਦੇ ਹਨ। ਹਾਂ ਇਸ ਵਿੱਚ ਸੰਗੀਤਮਈ ਭਾਵ ਜ਼ਰੂਰ ਮੌਜੂਦ ਰਹਿੰਦੇ ਹਨ। ਇਸ ਕਾਵਿ-ਰੂਪ ਨੂੰ ਗਾਉਣ-ਸੁਣਾਉਣ ਵਾਲੇ ਦੇ ਮਨ ਦੀ ਅਵਸਥਾ ਸਹਿਜ ਵਿੱਚ ਰਹਿੰਦੀ ਹੈ। ਇਸ ਵਿੱਚ ਦਿਲ ਦੀਆਂ ਹੂਕਾਂ, ਪ੍ਰੇਮ ਚਿੰਗਾਰੀ ਦੀਆਂ ਚਿਣਗਾਂ, ਘਰ ਬਾਹਰ ਪ੍ਰਤਿ ਸਨੇਹ ਅਤੇ ਰੋਸੇ-ਸ਼ਿਕਵੇ ਵੀ ਸੱਦਕੜੇ ਵਿੱਚ ਸ਼ਾਮਲ ਹੋ ਸਕਦੇ ਹਨ।

     ‘ਸੱਦਕੜੇ` ਦੀ ਬਣਤਰ ‘ਟੱਪੇ` ਨਾਲ ਕੁਝ ਹੱਦ ਤੱਕ ਮਿਲਦੀ-ਜੁਲਦੀ ਹੈ। ਇਸ ਵਿੱਚ ਵੀ ਟੱਪੇ ਵਾਂਗ ਵਿਛੋੜੇ ਅਤੇ ਮਿਲਾਪ ਦਾ ਵਰਣਨ ਹੁੰਦਾ ਹੈ। ਪ੍ਰੇਮ ਦੇ ਤੀਖਣ ਆਵੇਸ਼ ਨਾਲ ਭਰਪੂਰ ‘ਸੱਦਕੜੇ` ਦਾ ਇਹ ਨਮੂਨਾ ਜਿੱਥੇ ‘ਟੱਪੇ` ਦਾ ਭੁਲੇਖਾ ਪਾਉਂਦਾ ਹੈ ਉੱਥੇ ਹੀ ਆਪਣੇ ਦਿਲ ਦੇ ਜਾਨੀ ਦਾ ਕੋਲ ਨਾ ਹੋਣਾ ਵੀ ਨਿਰਾਸਤਾ ਭਰੇ ਭਾਵਾਂ ਨੂੰ ਪ੍ਰਗਟ ਕਰਦਾ ਹੈ :

ਮੈਂ ਸਦਕੜੇ ਆਪਣੇ ਵਤਨਾਂ ਦੇ ਪਾਣੀ

ਪਾਣੀ ਸ਼ੂਹਦਾ ਕੀ ਕਰੇ

            ਜੇ ਕੋਲ ਨਾ ਹੋਵੇ ਜਾਨੀ।

     ਮਨ ਦੀਆਂ ਤੀਬਰ ਲਹਿਰਾਂ ਦੇ ਵੇਗ ਵਿੱਚੋਂ ਪੈਦਾ ਹੋਏ ਅਜਿਹੇ ਮਨੋਭਾਵ ਸਦਕੜਿਆਂ ਦਾ ਅੰਗ ਬਣਦੇ ਰਹਿੰਦੇ ਹਨ।

     ਪੰਜਾਬੀ ਵਿੱਚ ‘ਸੱਦਕੜੇ` ਲੋਰੀ ਵਰਗੇ ਮੌਖਿਕ ਰੂਪ ਨਾਲ ਵੀ ਮਿਲ-ਜੁਲ ਕੇ ਪ੍ਰਗਟ ਹੁੰਦਾ ਹੈ। ਮਾਂ ਆਪਣੇ ਪੁੱਤਰ ਤੋਂ ਸੱਦਕੜੇ ਜਾਂਦੀ ਹੋਈ ਆਪਣੀਆਂ ਭਾਵਨਾਵਾਂ ਵੀ ਵਿਅਕਤ ਕਰਦੀ ਰਹਿੰਦੀ ਹੈ ਅਤੇ ਆਪਣੇ ਨੰਨ੍ਹੇ-ਮੁੰਨੇ ਬੱਚੇ ਨੂੰ ਚੁੰਮਦੀ-ਚੱਟਦੀ ਉਸ ਨੂੰ ਸੰਗੀਤਮਈ ਖ਼ੁਸ਼ੀ ਅਤੇ ਖੇੜਾ ਪ੍ਰਦਾਨ ਕਰਦੀ ਹੈ। ਇਸ ਲੋਰੀ ਵਿੱਚੋਂ ਇੱਕ ਮਾਂ ਵੱਲੋਂ ਆਪਣੇ ਪੁੱਤਰ ਤੋਂ ਸਦਕੜੇ ਜਾਂ ਵਾਰੀ-ਘੋਲੀ ਜਾਣ ਦੇ ਜਜ਼ਬੇ ਵੀ ਡੁੱਲ੍ਹ-ਡੁੱਲ੍ਹ ਪੈ ਰਹੇ ਹਨ :

ਲੋਰੀ ਲੱਕੜੇ, ਊਂ ਊਂ।

ਤੇਰੀ ਮਾਂ ਸਦਕੜੇ, ਊਂ ਊਂ।

ਲੋਰੀ ਮਲੋਰੀ, ਦੁਧ ਕਟੋਰੀ,

ਪੀ ਲੈ ਨਿਕਿਆ, ਲੋਕਾਂ ਤੋਂ ਚੋਰੀ।

ਲੋਰੀ ਲੱਕੜੇ, ਊਂ ਊਂ।

ਮੇਰੀ ਜਾਨ ਸਦਕੜੇ, ਊਂ ਊਂ...।

ਲੋਰੀ ਦੇਨੀ ਆਂ ਚੜ੍ਹ ਕੇ ਚੁਬਾਰੇ।

ਨਿੱਕੇ ਦੀ ਮਾਂ ਪਈ ਰਾਜ ਗੁਜ਼ਾਰੇ।

ਲੋਰੀ ਲੱਕੜੇ ਊਂ ਊਂ।

            ਮੇਰੀ ਜਿੰਦ ਸਦਕੜੇ ਊਂ ਊਂ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.