ਹਾਸ਼ਮ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਾਸ਼ਮ : ਹਾਸ਼ਮ ਸ਼ਾਹ ਪੰਜਾਬੀ ਸੂਫ਼ੀ ਤੇ ਕਿੱਸਾ-ਕਾਵਿ ਦਾ ਮੂਹਰਲੀ ਕਤਾਰ ਦਾ ਕਵੀ ਹੋਇਆ ਹੈ। ਉਸ ਦਾ ਜਨਮ, ਪਿੰਡ ਜਗਦੇਉ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿੱਚ, 1735 ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਮੁਹੰਮਦ ਸ਼ਰੀਫ਼ ਸੀ ਤੇ ਮਾਤਾ ਦਾ ਨਾਂ ਰਾਜਨੀ ਮਾਈ। ਉਸ ਦੇ ਪਿਤਾ ਨੇ ਕਈ ਵਾਰ ਮੱਕੇ ਦਾ ਹੱਜ ਕੀਤਾ ਸੀ ਅਤੇ ਉਹ ਆਪਣੇ-ਆਪ ਨੂੰ ‘ਨੌਸ਼ਾਹੀਆ ਫ਼ਕੀਰ’ ਕਹਾਉਂਦਾ ਸੀ। ਹਾਸ਼ਮ ਦੀ ਉਮਰ ਅਜੇ ਚੌਦਾਂ ਸਾਲ ਦੀ ਹੀ ਸੀ ਜਦ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ।

 

     ਹਾਸ਼ਮ ਅਰਬੀ, ਫ਼ਾਰਸੀ ਤੇ ਹਿੰਦੀ ਦਾ ਚੰਗਾ ਗਿਆਤਾ ਸੀ। ਪਰ ਵਿਸ਼ਾਲ ਅਨੁਭਵ ਵੀ ਉਸ ਦੇ ਗਿਆਨ ਦਾ ਸ੍ਰੋਤ ਬਣਿਆ। ਹਿਕਮਤ ਦੀ ਵਿੱਦਿਆ ਉਸ ਨੂੰ ਵਿਰਾਸਤ ਵਿੱਚ ਮਿਲੀ ਪਰ ਇਸ ਵਿੱਚ ਵਾਧਾ ਉਸ ਨੇ ਆਪਣੇ ਅਭਿਆਸ ਨਾਲ ਕੀਤਾ। ਜੋਤਸ਼ ਵਿੱਚ ਵੀ ਉਸ ਨੂੰ ਮੁਹਾਰਤ ਸੀ। ਇਹ ਵਿੱਦਿਆ ਉਸ ਨੂੰ ਸਿਖਾਉਣ ਵਾਲਾ ਮੀਰ ਅਮੀਰੁਲਾ ਬਟਾਲਵੀ ਸੀ। ਮੌਲਾ ਬਖ਼ਸ਼ ਕੁਸ਼ਤਾ ਲਿਖਦਾ ਹੈ ਕਿ ਹਿੰਦੀ ਤੇ ਸੰਸਕ੍ਰਿਤ ਸਿੱਖਣ ਲਈ ਹਾਸ਼ਮ ਬਨਾਰਸ ਵੀ ਗਿਆ। ਜਗਦੇਉ ਲਾਗੇ ਕੰਦੋਵਾਲੀ ਪਿੰਡ ਵਿੱਚ ਮਾਣਕ ਦਾਸ ਨਾਂ ਦਾ ਇੱਕ ਸੰਤ ਬਾਬਾ ਰਹਿੰਦਾ ਸੀ। ਹਾਸ਼ਮ ਉੱਤੇ ਉਸ ਦਾ ਡੂੰਘਾ ਅਧਿਆਤਮਿਕ ਪ੍ਰਭਾਵ ਪਿਆ। ਉਂਞ ਉਹ ਸੂਫ਼ੀਆਂ ਦੇ ਕਾਦਰੀਆ ਫ਼ਿਰਕੇ ਨਾਲ ਸੰਬੰਧ ਰੱਖਦਾ ਸੀ ਜਿਸ ਦਾ ਮੋਢੀ ਸ਼ੇਖ਼ ਅਬਦੁਲ ਕਾਦਰ ਜੀਲਾਨੀ ਸੀ। ਇਸ ਦਰਵੇਸ਼ ਵਿੱਚ ਹਾਸ਼ਮ ਦੀ ਅਨਿਨ ਸ਼ਰਧਾ ਸੀ ਜਿਸ ਦੀ ਉਸਤਤ ਵਿੱਚ ਉਸ ਨੇ ਫ਼ਾਰਸੀ ਵਿੱਚ ਮੁਨਾਜਾਤ ਤੇ ਸੀਹਰਫੀ ਵੀ ਲਿਖੀ। ਕਿਹਾ ਜਾਂਦਾ ਹੈ ਕਿ ਹਾਸ਼ਮ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਮਾਣ ਸਨਮਾਨ ਮਿਲਦਾ ਸੀ ਤੇ ਉਸਦੀਆਂ ਰਚਨਾਵਾਂ ਦੀ ਡਾਢੀ ਕਦਰ ਸੀ। ਉਹ ਆਪਣੀ ਸ਼ਾਇਰੀ, ਹਕੀਮੀ ਤੇ ਫ਼ਕੀਰੀ ਕਰ ਕੇ ਪ੍ਰਸਿੱਧ ਹਸਤੀ ਸਮਝਿਆ ਜਾਣ ਲੱਗ ਪਿਆ। ਕਿਹਾ ਜਾਂਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਬਹੁਤ ਬਿਮਾਰ ਸੀ। ਉਸ ਨੇ ਹਾਸ਼ਮ ਨੂੰ ਬੁਲਾਇਆ ਤੇ ਆਪਣਾ ਕਲਾਮ ਸੁਣਾਉਣ ਲਈ ਆਖਿਆ। ਮਹਾਰਾਜਾ ਉਸ ਦਾ ਕਲਾਮ ਸੁਣ ਕੇ ਨੌ-ਬਰ-ਨੌ ਹੋ ਗਿਆ। ਜਦ ਲੋਕਾਂ ਵਿੱਚ ਉਸ ਦੀ ਲੋਕ-ਪ੍ਰਿਅਤਾ ਵਧਣ ਲੱਗੀ ਤਾਂ ਉਸ ਨੂੰ ਬਾਬਾ ਹਾਸ਼ਮ ਆਖਿਆ ਗਿਆ।

     ਹਾਸ਼ਮ ਨੇ ਪੰਜਾਬੀ ਵਿੱਚ ਚਾਰ ਕਿੱਸੇ-ਕਿੱਸਾ ਸੋਹਣੀ ਮਹੀਂਵਾਲ, ਕਿੱਸਾ ਸੱਸੀ ਪੁੰਨੂੰ, ਸ਼ੀਰੀ ਫ਼ਰਹਾਦ ਕੀ ਬਾਰਤਾ ਅਤੇ ਕਿੱਸਾ ਮਹਿਮੂਦਸ਼ਾਹ ਗਜ਼ਨਵੀ, ਦੋਹੜੇ, ਡਿਉਢਾਂ, ਸੀਹਰਫ਼ੀਆਂ, ਗਜ਼ਲਾਂ ਆਦਿ ਲਿਖੀਆਂ। ਪੰਜਾਬੀ ਵਿੱਚ ਵੀ ਹੀਰ ਰਾਂਝੇ ਕੀ ਬਿਰਤੀ ਲਿਖੀ। ਇਹ ਤੀਹ ਬੈਂਤਾਂ ਵਿੱਚ ਹੀਰ ਰਾਂਝੇ ਦੀ ਪ੍ਰੇਮ-ਕਹਾਣੀ ਹੈ। ਇਸ ਤੋਂ ਇਲਾਵਾ ਹਿੰਦੀ ਵਿੱਚ ਉਸ ਦੀਆਂ ਛੇ ਅਤੇ ਫ਼ਾਰਸੀ ਵਿੱਚ ਚਾਰ ਰਚਨਾਵਾਂ ਮਿਲਦੀਆਂ ਹਨ। ਸ਼ਾਇਰ ਮੁਹੰਮਦ ਬਖ਼ਸ਼ ਨੇ ਹਾਸ਼ਮ ਦੀ ਤਾਰੀਫ਼ ਕਰਦਿਆਂ ਹੋਇਆਂ ਉਸ ਨੂੰ ‘ਸੁਖ਼ਨ ਦਾ ਬਾਦਸ਼ਾਹ’ ਆਖਿਆ ਹੈ। ਹਾਸ਼ਮ ਨੂੰ ਉਸ ਦੇ ਸਾਹਿਤਿਕ ਹੁਨਰ ਕਰ ਕੇ ਹੀ ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਗੀਰ ਵੀ ਮਿਲੀ ਹੋਈ ਸੀ।

     ਹਾਸ਼ਮ ਦਾ ਨਾਂ ਉੱਚ-ਕੋਟੀ ਦੇ ਕਿੱਸਾਕਾਰਾਂ ਦੀ ਢਾਣੀ ਵਿੱਚ ਸ਼ਾਮਲ ਹੈ। ਸੂਫ਼ੀ ਸੰਤਾਂ ਵਿੱਚ ਉਹ ਉੱਚ-ਕੋਟੀ ਦਾ ਰਹੱਸਵਾਦੀ ਸ਼ਾਇਰ ਹੈ। ਉਸ ਨੇ ਅਧਿਆਤਮਿਕ ਰਹੱਸ ਨੂੰ ਇਸ਼ਕ ਦੇ ਰੂਪ ਵਿੱਚ ਤੱਕਿਆ। ਉਸ ਦਾ ਇਸ਼ਕ ਮਜ਼ਾਜੀ ਦਾ ਤਸੱਵਰ ਬਹੁਤ ਉੱਚਾ ਹੈ। ਉਸ ਨੇ ਇਸ਼ਕ ਨੂੰ ‘ਪਾਰਸ’ ਦੱਸਿਆ ਜਿਸਦੇ ਸਪਰਸ਼ ਨਾਲ ਸਿੱਧੜ ਜਿਹੀ ਜਟੇਟੀ ਹੀਰ ਜੱਗ-ਮਾਤਾ ਬਣ ਗਈ :

ਪਾਰਸ ਇਸ਼ਕ ਜਿਨ੍ਹਾਂ ਨੂੰ ਮਿਲਿਆ,

ਉਹਦੀ ਜਾਤ ਸ਼ਕਲ ਸਭ ਮੇਟੀ।

ਹਾਸ਼ਮ ਹੀਰ ਬਣੀ ਜਗ-ਮਾਤਾ,

            ਭਲਾ ਕੌਣ ਕੰਗਾਲ ਜਟੇਟੀ।

     ਸੱਸੀ ਪੁੰਨੂੰ ਹਾਸ਼ਮ ਦੀ ਬਹੁਤ ਹੀ ਮਕਬੂਲ ਰਚਨਾ ਹੈ। ਇਸ ਵਿੱਚ ਬਿਰਹੋਂ ਦੀ ਪ੍ਰਧਾਨਤਾ ਹੈ ਅਤੇ ਵਿਛੋੜੇ ਦੀਆਂ ਚੀਸਾਂ ਹਨ। ਪੁੰਨੂੰ ਦੇ ਭਰਾ ਉਸ ਨੂੰ ਸੱਸੀ ਦੇ ਘਰੋਂ ਅੱਧੀ ਰਾਤੀਂ ਚੁੱਕ ਕੇ ਲੈ ਜਾਂਦੇ ਹਨ। ਜਦ ਸੱਸੀ ਨੂੰ ਜਾਗ ਆਉਂਦੀ ਹੈ ਤਾਂ ਉਹ ਨੰਗੇ ਪੈਰੀਂ ਆਪਣੇ ਪ੍ਰੇਮੀ ਨੂੰ ਲੱਭਣ ਲਈ ਭੱਜਦੀ ਹੈ। ਹਾਸ਼ਮ ਨੇ ਇਸ ਘਟਨਾ ਨੂੰ ਬੜੇ ਕਰੁਣਾਮਈ ਢੰਗ ਨਾਲ ਚਿਤਰਿਆ ਹੈ :

ਬਾਲੂ ਰੇਤ ਤਪੇ ਵਿੱਚ ਥਲ ਦੇ,

ਜਿਉਂ ਜੌਂ ਭੁੰਨਣ ਭਠਿਆਰੇ,

ਸੂਰਜ ਭੱਜ ਵੜਿਆ ਵਿੱਚ ਬੱਦਲੀ,

            ਡਰਦਾ ਲਿਸ਼ਕ ਨਾ ਮਾਰੇ।

     ਹਾਸ਼ਮ ਦੀ ਰਚਨਾ ਵਿੱਚ ਗ਼ਜ਼ਬ ਦਾ ਸੰਕੋਚ ਹੈ। ਥੋੜ੍ਹੇ ਤੋਂ ਥੋੜ੍ਹੇ ਲਫ਼ਜ਼ਾਂ ਵਿੱਚ ਉਸ ਨੂੰ ਗੱਲ ਆਖਣ ਦੀ ਜਾਚ ਹੈ। ਇਸੇ ਹੁਨਰ ਨੇ ਉਸ ਦੀ ਸ਼ੈਲੀ ਨੂੰ ਕਰੁਣਾਮਈ ਬਣਾ ਦਿੱਤਾ ਹੈ। ਉਦਾਹਰਨ ਵਜੋਂ ਪੁੰਨੂੰ ਦਾ ਚਿਤਰਨ :

ਤਿਸ ਦਾ ਪੁੱਤ ਪੁੰਨੂੰ ਸ਼ਹਿਜ਼ਾਦਾ,

ਐਬ ਸੁਆਬ ਖਾਲੀ।

ਸੂਰਤ ਉਸ ਦੀ ਹਿਸਾਬੋਂ ਬਾਹਰ,

ਮਿੱਠਤ ਖ਼ੁਦਾਵੰਦ ਵਾਲੀ।

ਹਾਸ਼ਮ ਅਰਜ਼ ਕੀਤੀ ਉਸਤਾਦਾਂ,

            ਚਿਣਗ ਕੱਖਾਂ ਵਿੱਚ ਡਾਲੀ।

     ਭਾਵੇਂ ਉਸ ਦੀ ਭਾਸ਼ਾ ਵਿੱਚ ਉਰਦੂ ਤੇ ਫ਼ਾਰਸੀ ਦਾ ਰੰਗ ਝਲਕਦਾ ਹੈ ਪਰ ਸਮੁੱਚੇ ਤੌਰ ’ਤੇ ਹਾਸ਼ਮ ਦੀ ਭਾਸ਼ਾ ਸਰਲ ਹੈ। ਕਈ ਥਾਈਂ ਮੁਲਤਾਨੀ ਦੇ ਸ਼ਬਦ ਵੀ ਮਿਲਦੇ ਹਨ, ਜਿਵੇਂ ਪੁਛਾਵਸ, ਧਰਸਾਈ, ਵੰਝਾਈ ਆਦਿ।

     ਕਿੱਸਾ-ਕਾਵਿ ਦੇ ਨਾਲ-ਨਾਲ ਹਾਸ਼ਮ ਸੂਫ਼ੀ ਕਵਿਤਾ ਦਾ ਵੀ ਉਸਤਾਦ ਸੀ। ਉਸ ਦੇ ਦੋਹਰਿਆਂ ਵਿੱਚ ਸੂਫ਼ੀਆਨਾ ਰੰਗਤ ਝਲਕਾਂ ਮਾਰਦੀ ਹੈ। ਹਾਸ਼ਮ ਭਾਵੇਂ ਸੂਫ਼ੀ ਕਵਿਤਾ ਲਿਖ ਰਿਹਾ ਹੋਵੇ ਜਾਂ ਕਿੱਸਾ ਰਚ ਰਿਹਾ ਹੋਵੇ, ਉਸ ਦੀ ਕਵਿਤਾ ਵਿੱਚ ਪ੍ਰੇਮ ਦਾ ਰੰਗ ਪ੍ਰਧਾਨ ਹੈ। ਉਸ ਦੀ ਰਚਨਾ ਦਾ ਪ੍ਰਮੁਖ ਲੱਛਣ ਉਸ ਦੀ ਸੰਕੋਚਮਈ ਸ਼ੈਲੀ ਹੈ।

     ਪੰਜਾਬੀ ਵਿੱਚ ਹਾਸ਼ਮ ਦੀ ਸਭ ਤੋਂ ਮਸ਼ਹੂਰ ਤੇ ਮਕਬੂਲ ਰਚਨਾ ਕਿੱਸਾ ਸੱਸੀ ਪੁੰਨੂੰ ਹੈ। ਇਹ ਉਸ ਦਾ ਸ਼ਾਹਕਾਰ ਹੈ। ਉਸ ਦੇ ਸਮਕਾਲੀ ਕਵੀ ਤੇ ਆਲੋਚਕ ਮੌਲਵੀ ਅਹਿਮਦਯਾਰ ਨੇ ਵੀ ਇਸ ਰਚਨਾ ਦੀ ਭਰਵੀਂ ਤਾਰੀਫ਼ ਕੀਤੀ : ‘ਹਾਸ਼ਮ ‘ਸੱਸੀ’ ਸੋਹਣੀ ਜੋੜੀ, ਸੱਦ ਰਹਿਮਤ ਉਸਤਾਦੋਂ।’ ਹੁਣ ਵੀ ਵਾਰਿਸ ਦੀ ਹੀਰ, ਪੀਲੂ ਦਾ ਮਿਰਜ਼ਾ, ਕਾਦਰਯਾਰ ਦਾ ਪੂਰਨ ਤੇ ਹਾਸ਼ਮ ਦੀ ਸੱਸੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦੇ ਹਨ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹਾਸ਼ਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਾਸ਼ਮ: ਪੰਜਾਬੀ ਦਾ ਪ੍ਰਸਿੱਧ ਸੂਫ਼ੀ ਕਵੀ, ਰੁਮਾਂਟਿਕ ਤੇ ਸਰੋਦੀ ਗੀਤਕਾਰ ਅਤੇ ਬਿਰਹੋਂ ਤੇ ਕਿੱਸਾਕਾਰੀ ਦਾ ਸ਼ਿਰੋਮਣੀ ਸ਼ਾਹਸਵਾਰ ਹਾਸ਼ਮ ਇਕ ਅਜਿਹਾ ਸਰਬਪੱਖੀ ਤੇ ਬਹੁਰੰਗੀ ਕਲਾਕਾਰ ਹੈ ਜਿਸ ਉਤੇ ਪੰਜਾਬੀ ਭਾਸ਼ਾ ਰੱਜ ਕੇ ਮਾਣ ਕਰ ਸਕਦੀ ਹੈ। ਜਿੱਥੇ ਹਾਸ਼ਮ ਦੀ ਰਚਨਾ ਦੀ ਮਹਾਨਤਾ ਬਾਰੇ ਵਿਦਵਾਨਾਂ ਦੀ ਇਕ ਰਾਏ ਹੈ ਉਥੇ ਇਸਦੇ ਜਨਮ–ਸਥਾਨ, ਜੀਵਨ–ਕਾਲ, ਖ਼ਾਨਦਾਨ ਅਤੇ ਕਿੱਤੇ ਆਦਿ ਬਾਰੇ ਮਤਭੇਦ ਹਨ। ਫਿਰ ਵੀ ਹਾਸ਼ਮ ਦੇ ਕੁਝ ਵਧੇਰੇ ਪ੍ਰਵਾਨਿਤ ਜੀਵਨ–ਤੱਥਾਂ ਅਨੁਸਾਰ ਇਸ ਦਾ ਜਨਮ ਪਿੰਡ ਜਗਦੇਉ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 1752 ਈ. ਵਿਚ ਹਾਜੀ ਮੁਹੰਮਦ ਸ਼ਰੀਫ਼ ਦੇ ਘਰ ਹੋਇਆ ਜਾਂਦਾ ਹੈ ਜੋ ਪੀਰੀ–ਮੁਰੀਦੀ ਤੇ ਹਕੀਮੀ ਕਰਦਾ ਸੀ। ਉਸਦੇ ਗਹਿਰੇ ਪ੍ਰਭਾਵ ਕਾਰਨ ਹੀ ਹਾਸ਼ਮ ਉਨ੍ਹੀਵੀਂ ਸਦੀ ਦਾ ਪਹਿਲਾ ਮਹਾਨ ਸੂਫ਼ੀ ਕਵੀ ਬਣ ਸਕਿਆ।

          ਹਾਸ਼ਮ ਦਾ ਪੂਰਾ ਨਾਂ ਹਾਸ਼ਮ ਸ਼ਾਹ ਸੀ ਤੇ ਹਾਸ਼ਮ ਇਸ ਦਾ ਉਪਨਾਮ ਸੀ। ਜਦੋਂ ਇਸਦੀ ‘ਹਸ਼ਮਤ’ ਵਧੀ ਤਾਂ ਲੋਕ ਇਸ ਨੂੰ ਬਾਬਾ ਹਾਸ਼ਮ ਕਹਿਣ ਲਗ ਪਏ। ਪੀਰੀ–ਫ਼ਕੀਰੀ, ਹਕੀਮੀ ਤੇ ਸ਼ਾਇਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਵਾਲੇ ਇਸ ਮਹਾਂਕਵੀ ਬਾਰੇ ਪ੍ਰਸਿੱਧ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ। ਰਵਾਇਤ ਅਨੁਸਾਰ ਇਸਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਪਣੀ ਪ੍ਰਸਿੱਧ ਡਿਉਢ ‘ਕਾਮਿਲ ਸ਼ੌਕ ਮਾਹੀ ਦਾ ਮੈਨੂੰ ਰਹੇ ਜਿਗਰ ਵਿਚ ਵਸਦਾ, ਲੂੰ ਲੂੰ ਰਸਦਾ’ ਸੁਣਾ ਕੇ ਮਹਾਰਾਜੇ ਤੋਂ ਚੋਖਾ ਇਨਾਮ ਪ੍ਰਾਪਤ ਕੀਤਾ ਸੀ। ਇਸ ਦੀ ਮੌਤ 1823 ਈ. ਵਿਚ ਹੋਈ ਅਤੇ ਇਸਦਾ ਮਜ਼ਾਰ ਥਰਪਾਲ, ਜ਼ਿਲ੍ਹਾ ਸਿਆਲਕੋਟ ਵਿਖੇ ਹੈ। ਮੰਨਿਆ ਜਾਂਦਾ ਹੈ ਕਿ ਇਹ ਪਿੰਡ ਇਸ ਨੂੰ ‘ਸ਼ੇਰਿ–ਪੰਜਾਬ’ ਨੇ ਇਨਾਮ ਵਿਚ ਬਖ਼ਸ਼ਿਆ ਸੀ।

          ‘ਹਾਸ਼ਮ’ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ ਜਾਂ ਨਹੀਂ ਇਹ ਗੱਲ ਅਜੇ ਵਿਚਾਰਗੋਚਰ ਹੈ ਪਰ ਇਸ ਬਾਰੇ ਕੋਈ ਸ਼ਕ ਨਹੀਂ ਕਿ ਹਾਸ਼ਮ ਦੀ ਮਨੋਬਿਰਤੀ ਮਰਸੀਆ–ਗੋ ਦਰਬਾਰੀ ਕਵੀਆਂ ਵਾਲੀ ਨਹੀਂ ਸੀ। ਬਲਕਿ ਇਹ ਤਾਂ ਇਕ ਸੱਚਾ ਤੇ ਸੁੱਚਾ ਕਵੀ ਸੀ, ਜਿਸਨੇ ਆਪਣੇ ਬਹੁਰੰਗੀ ਭਾਵਾਂ ਨੂੰ ਅਨੂਠੀ ਸ਼ੈਲੀ ਵਿਚ ਪ੍ਰਗਟਾ ਕੇ ਲੋਕਪ੍ਰਿਯਤਾ ਦੀ ਬੇਸ਼ੁਮਾਰ ਦੌਲਤ ਇਕੱਠੀ ਕੀਤੀ।

          ਸੱਸੀ–ਪੁੰਨੂੰ, ਸੋਹਣੀ–ਮਹੀਂਵਾਲ, ਸ਼ੀਰੀਂ–ਫ਼ਰਿਹਾਦ, ਹੀਰ–ਹਾਸ਼ਮ (ਹੀਰ ਰਾਂਝੇ ਕੀ ਬਿਰਤੀ), ਲੈਲਾ ਮਜਨੂੰ, ਦੋਹੜੇ, ਡਿਉਢਾਂ, ਕਾਫ਼ੀਆਂ ਬਾਰਾ ਮਾਂਹ, ਵਾਰ ਮਹਾਂ ਸਿੰਘ ਆਦਿ ਪੰਜਾਬੀ ਰਚਨਾਵਾਂ ਯੂਸਫ਼ ਜ਼ੁਲੈ–ਖ਼ਾਂ, ਮਸਨਵੀ, ਗੰਜਿਮੁਆਨੀ ਆਦਿ ਫ਼ਾਰਸੀ ਕਿਰਤਾਂ ਅਤੇ ਗਿਆਨ  ਪ੍ਰਕਾਸ਼, ਸਵੱਯੇ, ਪੋਥੀ ਹਿਕਮਤ, ਪੋਥੀ ਰਾਜਨੀਤੀ ਆਦਿ ਹਿੰਦੀ ਰਚਨਾਵਾਂ ਹਾਸ਼ਮ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ। ਪਰ ਇਨ੍ਹਾਂ ਵਿਚੋਂ ਇਸ ਦੀ ਪ੍ਰਸਿੱਧੀ ਦਾ ਆਧਾਰ ਸੱਸੀ–ਪੁੰਨੂੰ, ਦੋਹੜੇ ਅਤੇ ਡਿਉਢਾਂ ਹੀ ਹਨ।

           ਹਾਸ਼ਮ ਦੀ ਸੱਸੀ, ਸੋਹਣੀ ਤੇ ਸ਼ੀਰੀਂ ਨਾਲ ਪੰਜਾਬੀ ਕਿੱਸਾ–ਗੋਈ ਇਕ ਨਵਾਂ ਰੰਗ ਫੜਦੀ ਹੈ। ਹਾਸ਼ਮ ਦੀ ‘ਸੱਸੀ’ ਨੂੰ ਪੰਜਾਬੀ ਸਾਹਿਤ ਵਿਚ ਠੀਕ ਉਹ ਥਾਂ ਪ੍ਰਾਪਤ ਹੈ ਜੋ ਵਾਰਸ ਦੀ ‘ਹੀਰ’, ਫ਼ਜ਼ਲ ਸ਼ਾਹ ਦੀ ‘ਸੋਹਣੀ’, ਪੀਲੂ ਦੇ ‘ਮਿਰਜ਼ੇ’ ਤੇ ਕਾਦਰਯਾਰ ਦੇ ‘ਪੂਰਨ’ ਨੂੰ ਪ੍ਰਾਪਤ ਹੈ। ਇਹ ਰਚਨਾ ਹਾਸ਼ਮ ਨੂੰ ਵਾਰਸ ਵਾਂਗ ਹੀ ਆਪਣੇ ਸਮੇਂ ਦੀ ਕਿੱਸਾਕਾਰੀ ਦਾ ਬਾਦਸ਼ਾਹ ਕਰਾਰ ਦੇ ਜਾਂਦੀ ਹੈ। ਬਾਵਾ ਬੁੱਧ ਸਿੰਘ ਦੇ ਇਨ੍ਹਾਂ ਸ਼ਬਦਾਂ ਵਿਚ ਕਈ ਅਤਿਕਥਨੀ ਨਹੀਂ ਪ੍ਰਤੀਤ ਹੁੰਦੀ– ‘ਹਾਸ਼ਮ ਨੇ ਸੱਸੀ ਕਾਹਦੀ ਆਖੀ, ਘਰ ਘਰ ਬਿਰਹੋਂ ਦਾ ਮੁਆਤਾ ਲਾ ਦਿੱਤਾ, ਮਾਰੂਥਲ ਜਗਮਗ ਕਰ ਦਿੱਤਾ’।

          ‘ਸੱਸੀ’ ਹਾਸ਼ਮ ਦੀ ਜਵਾਨੀ ਵੇਲੇ ਦੀ ਪਹਿਲੀ ਕਿਰਤ ਜਾਪਦੀ ਹੈ ਜਿਸ ਵਿਚ ਪ੍ਰੀਤ ਦਾ ਜੱਸ ਗਾਉਣ ਤੋਂ ਬਿਨਾਂ ਕਵੀ ਦਾ ਹੋਰ ਕੋਈ ਮੰਤਵ ਨਹੀਂ ਪ੍ਰਤੀਤ ਹੁੰਦਾ। ਦਵੱਈਆ ਛੰਦ ਵਿਚ ਲਿਖੇ ਇਸ ਸ਼ਾਹਕਾਰ ਦੇ ਕੁਲ 126 ਬੰਦ ਹਨ। ਸੰਜਮ ਤੇ ਸੰਕੋਚ ਤੋਂ ਵਧੇਰੇ ਕੰਮ ਲਿਆ ਗਿਆ ਹੈ। ਨਾਟਕੀ ਸ਼ੈਲੀ ਵਿਸਥਾਰ ਦੀ ਘਾਟ ਨੂੰ ਪੂਰਾ ਕਰਦੀ ਹੈ। ਰੁਮਾਂਸ ਕਲਾ ਦਾ ਇਹ ਸੁੰਦਰ ਨਮੂਨਾ ਇਸ਼ਕ ਦੇ ਵੇਗ ਨੂੰ ਬੜੇ ਹੀ ਸਹਿਜ–ਸੁਭਾਵਕ ਰੂਪ ਵਿਚ ਪ੍ਰਗਟਾਉਂਦਾ ਹੈ। ਬਿਆਨ ਸੂਤਰਬੱਧ ਹੈ, ਅਲੰਕਾਰਾਂ ਦੀ ਸੁਚੱਜੀ ਵਰਤੋਂ ਹੋਈ ਹੈ। ਸ਼ੈਲੀ ਰਚਨਹਾਰ ਦੀ ਕਾਰੀਗਰੀ ਦੀ ਮੂੰਹ ਬੋਲਦੀ ਤਸਵੀਰ ਹੈ। ਥਲਾਂ ਵਿਚ ਸੜਦੀ, ਭੁੱਜਦੀ, ਲੁੱਛਦੀ ਸੱਸੀ ਦੇ ਕਾਮਲ ਇਸ਼ਕ ਦੀ ਅਡੋਲਤਾ ਦਾ ਬਿਆਨ ਕਰਦਿਆਂ ਹਾਸ਼ਮ ਕਾਵਿਕਲਾ ਦੇ ਸੱਤਵੇਂ ਅਸਮਾਨ ਨੂੰ ਛੂਹ ਗਿਆ ਹੈ। ਇਨ੍ਹਾਂ ਅਮਰ ਸਤਰਾਂ ਦੇ ਸੋਜ਼ ਤੇ ਸਾਜ਼ ਤੋਂ ਕੌਣ ਇਨਕਾਰੀ ਹੋ ਸਕਦਾ ਹੈ :‒

                   ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ,

          ਬਾਲੂ ਰੇਤ ਤਪੇ ਵਿਚ ਥਲ ਦੇ ਜਿਉਂ ਜੌਂ ਭੁੰਨਣ ਭਠਿਆਰੇ।

          ਸੂਰਜ ਭੱਜ ਵੜਿਆ ਵਿਚ ਬਦਲੀ ਡਰਦਾ ਲਿਸ਼ਕ ਨਾ ਮਾਰੇ।

          ਹਾਸ਼ਮ ਵੇਖ ਯਕੀਨ ਸੱਸੀ ਦਾ ਸਿਦਕੋਂ ਮੂਲ ਨਾ ਹਾਰੇ।

          ਹਾਸ਼ਮ ਨੇ ਸ਼ਲੋਕ ਜਾਂ ਦਵੱਈਏ ਛੰਦ ਦੇ ਤੋਲ ਤੇ ਰੂਪ ਬਦਲ ਕੇ ‘ਦੋਹੜੇ’ ਦਾ ਇਕ ਨਵਾਂ ਛੰਦ ਸਿਰਜਿਆ ਤੇ ਆਪਣੇ ਦੋਹੜਾ ਸੰਗ੍ਰਹਿ ‘ਦਰਿਆਇ ਹਕੀਕਤ’ ਵਿਚ ਕਮਾਲ ਮਹਾਰਤ ਨਾਲ ਆਪਣੇ ਧਾਰਮਕ ਭਾਵਾਂ, ਰਹੱਸਮਈ ਅਨੁਭਵਾਂ ਤੇ ਸੂਫ਼ੀਆਨਾ ਰੰਗਣ ਦੀ ਤਰਜਮਾਨੀ ਆਪਣੇ ਜੀਵਨ–ਤਜਰਬੇ ਦਾ ਨਿਚੋੜ ਭਰਦਿਆਂ ਕੀਤੀ ਹੈ ਤੇ ਇਸ ਛੰਦ ਦੀ ਸਿਖਰ ਛੁਹ ਲਈ ਹੈ। ਇਨ੍ਹਾਂ ਦੋਹੜਿਆਂ ਵਿਚ ਫ਼ਾਰਸੀ, ਲਹਿੰਦੀ ਤੇ ਹਿੰਦੀ ਸ਼ਬਦਾਵਲੀ ਦੇ ਤਿੰਨ ਰੰਗ ਸ਼ਾਮਲ ਹਨ।

          ਹਾਸ਼ਮ ਦੀਆਂ ‘ਡਿਉਢਾਂ’ ਇਸ਼ਕ ਦੀ ਇੰਤਹਾ ਤੇ ਸੋਜ਼ ਦਾ ਸਾਗਰ ਪੇਸ਼ ਕਰਦੀਆਂ ਆਪਣੇ ਨਿਰੋਲ ਪੰਜਾਬੀ ਕਾਵਿ–ਰੂਪ ਵਿਚ ਯਾਦਗਾਰੀ ਕਿਰਤਾਂ ਹੋ ਨਿਬੜੀਆਂ ਹਨ।

          ਇਸਦਾ ‘ਸੋਹਣੀ ਮਹੀਂਵਾਲ’ ‘ਸੱਸੀ’ ਤੋਂ ਵਡੇਰਾ ਹੈ। ਬਿਆਨ ਵਿਚ ਉਸੇ ਤਰ੍ਹਾਂ ਦੀ ਸੰਖੇਪਤਾ ਤੇ ਸੰਜਮ ਹੈ। ਇਸਦੀ ‘ਹੀਰ’ ਮੁਕਬਲ ਦੇ ਆਧਾਰ ਤੇ ਬੈਂਤਾਂ ਵਿਚ ਲਿਖੀ ਹੋਈ ਹੈ। ਫ਼ਾਰਸੀ ਤੇ ਹਿੰਦੀ ਵਿਚ ਰਚੀਆਂ ਕਿਰਤਾਂ ਹਾਸ਼ਮ ਦਾ ਇਨ੍ਹਾਂ ਭਾਸ਼ਾਵਾਂ ਦਾ ਗਿਆਨ ਦਰਸਾਉਦੀਆਂ ਹਨ। ਕਰਤਾ ‘ਸੈਫੁਲ ਮਲੂਕ’ ‘ਸ਼ੀਰੀਂ ਫ਼ਰਿਹਾਦ’ ਨੂੰ ਹਾਸ਼ਮ ਦੀ ਸਭ ਤੋਂ ਕਮਜ਼ੋਰ ਰਚਨਾ ਮੰਨਦਾ ਹੈ।

          ਹਾਸ਼ਮ ਦੇ ਕਲਾਮ ਵਿਚ ਪਵਿੱਤਰ ਸਾਦਗੀ ਤੇ ਵਾਕਾਂ ਵਿਚ ਕੋਮਲ ਗੰਭੀਰਤਾ, ਸਾਦ–ਮੁਰਾਦੀ ਬਰੀਕੀ ਤੇ ਸੰਗੀਤਕ ਪ੍ਰਭਾਵ ਦੀ ਸੁਵੰਨਤਾ ਇਸ ਨੂੰ ਪੰਜਾਬੀ ਦਾ ‘ਉਮਰਿ–ਖ਼ਯਾਮ’ ਸਿੱਧ ਕਰਦੀ ਹੈ। ਕਵੀ ਦੀ ਬੇਪਰਵਾਹੀ, ਬੇਖ਼ੁਦੀ, ਕੋਮਲਤਾਈ, ਦਬੀ ਦਬੀ ਦਿਲਗੀਰੀ ਹਿਰਦੇ ਦੇ ਕੰਨਾਂ ਨਾਲ ਸੁਣੀ ਜਾ ਸਕਦੀ ਹੈ। ਇਸਦੀ ਬੋਲੀ ਠੇਠ ਪੰਜਾਬੀ ਹੈ ਜਿਸ ਦੀ ਸੋਜ਼ ਤੇ ਸਾਜ਼ ਭਰੀ ਰਵਾਨੀ ਹਾਸ਼ਮ ਦੀ ਆਪਣੀ ਹੀ ਵਿਸ਼ੇਸ਼ਤਾ ਹੈ। ਇਸ ਨੇ ਨਿਰੋਲ ਪੰਜਾਬੀ ਛੰਦਾਂ ਨੂੰ, ਵਿਸ਼ੇਸ਼ ਕਰਕੇ ਦਵੱਈਏ ਨੂੰ, ਆਪਣੀਆਂ ਚੁਸਤ ਬਹਿਰਾਂ ਵਿਚ ਵਰਤ ਕੇ ਬੇਮਿਸਾਲ ਤਰੀਕੇ ਨਾਲ ਸ਼ਿੰਗਾਰ ਦਿੱਤਾ ਹੈ।

           ਰੁਮਾਂਸ, ਬਿਰਹਾ, ਰਹੱਸ ਤੇ ਤਸੱਵੁਫ਼ ਦਾ ਸੁਮੇਲ ਇਸ ਦੀਆਂ ਰਚਨਾਵਾਂ ਵਿਚ ਆਪਣੇ ਇੰਦਰਧਨੁਖੀ ਰੰਗ ਬਿਖੇਰਦਾ ਹੈ। ਹਾਸ਼ਮ ਦੀ ਕਾਵਿ–ਕਲਾਂ ਬਾਰੇ ਮੁਹੰਮਦ ਬਖ਼ਸ਼ ਦੀਆਂ ਇਹ ਸਤਰਾਂ ਇਸਦੀ ਮਹਾਨਤਾ ਦੀ ਗਵਾਈ ਭਰਦੀਆਂ ਹਨ :‒

                ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ, ਗਿਣਤਰ ਵਿਚ ਨਾ ਆਵੇ।

          ਦੁੱਰਿ–ਯਤੀਮ ਜਵਾਹਰ ਲੜੀਆਂ, ਜ਼ਾਹਿਰ ਕੱਢ ਲੁਟਾਏ।।

                   ਹ. ਪੁ. – ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ–ਜੀਤ ਸਿੰਘ ਸੀਤਲ; ਦਾਸਤਾਨਿ ਸੱਸੀ ਹਾਸ਼ਮ–ਜੀਤ ਸਿੰਘ ਸੀਤਲ; ਪੰਜਾਬੀ ਸਾਹਿਤ ਦਾ ਇਤਿਹਾਸ ਪਿਆਰਾ ਸਿੰਘ ਭੋਗਲ; ਪੰ. ਸਾ. ਇ. – ਭਾ. ਵਿ. ਪੰ.; ਸੱਸੀ ਹਾਸ਼ਮ–ਹਰਨਾਮ ਸਿੰਘ ਸ਼ਾਨ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹਾਸ਼ਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਸ਼ਮ, ਪੁਲਿੰਗ : ੧. ਹਜ਼ਰਤ ਮੁਹੰਮਦ ਸਾਹਿਬ ਦੇ ਦਾਦੇ ਦੇ ਪਿਤਾ ਜੋ ਬਹੁਤ ਹਸਮੁਖ ਸਨ; ੨. ਇੱਕ ਪਰਸਿੱਧ ਪੰਜਾਬੀ ਕਵੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-21-03-11-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.