ਹਿਤੋਪਦੇਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਿਤੋਪਦੇਸ਼ : ਪੰਚਤੰਤਰ ਵਾਂਗ ਹਿਤੋਪਦੇਸ਼ ਵੀ ਇੱਕ ਪ੍ਰਸਿੱਧ ਨੀਤੀ ਗ੍ਰੰਥ ਹੈ। ਹਿਤੋਪਦੇਸ਼ ‘ਹਿਤ’ ਅਤੇ ‘ਉਪਦੇਸ਼’ ਦੋ ਸ਼ਬਦਾਂ ਦਾ ਸੁਮੇਲ ਹੈ, ਜਿਸ ਦਾ ਭਾਵ ਹੈ ‘ਭਲਾਈ ਦਾ ਉਪਦੇਸ਼'। ਇਸ ਗ੍ਰੰਥ ਵਿਚਲੀਆਂ ਕਈ ਨੀਤੀ-ਕਥਾਵਾਂ ਦੀ ਰਚਨਾ ਵੀ ਭਲਾਈ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਇਹਨਾਂ ਨੀਤੀ-ਕਥਾਵਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪੰਚਤੰਤਰ ਵਿੱਚੋਂ ਲਈਆਂ ਗਈਆਂ ਹਨ। ਇਸ ਕਰ ਕੇ ਕੁਝ ਵਿਦਵਾਨ ਇਸ ਨੀਤੀ ਗ੍ਰੰਥ ਨੂੰ ਪੰਡਤ ਵਿਸ਼ਣੂ ਸ਼ਰਮਾ ਦੀ ਹੀ ਰਚਨਾ ਮੰਨਦੇ ਹਨ। ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਭਾਸ਼ਾ ਸ਼ਾਸਤਰੀ ਨਗੇਂਦਰ ਨਾਥ ਵਸੂ ਨੇ ਵੀ ਹਿੰਦੀ ਵਿਸ਼ਵਕੋਸ਼ ਦੀ 25ਵੀਂ ਜਿਲਦ ਵਿੱਚ ਹਿਤੋਪਦੇਸ਼ ਨੂੰ ਪੰਚਤੰਤਰ ਦਾ ਹੀ ਇੱਕ ਸੰਸਕਰਨ ਆਖਿਆ ਹੈ। ਸੰਸਕ੍ਰਿਤ ਭਾਸ਼ਾ ਸਿੱਖਣ ਦੇ ਸ਼ੁਕੀਨ ਵਿਦਿਆਰਥੀ ਇਸ ਨੀਤੀ ਗ੍ਰੰਥ ਨੂੰ ਬੜੇ ਚਾਅ ਅਤੇ ਉਤਸ਼ਾਹ ਨਾਲ ਪੜ੍ਹਦੇ ਹਨ। ਪਰ ਦੂਜੇ ਪਾਸੇ ਕੁਝ ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਜਿੱਥੇ ਪੰਚਤੰਤਰ ਰਾਜੇ ਅਮਰ ਸ਼ਕਤੀ ਨੇ ਆਪਣੀ ਪ੍ਰੇਰਨਾ ਨਾਲ ਪੰਡਤ ਵਿਸ਼ਣੂ ਸ਼ਰਮਾ ਤੋਂ ਲਿਖਵਾਇਆ ਸੀ, ਉੱਥੇ ਹਿਤੋਪਦੇਸ਼ ਗ੍ਰੰਥ ਬੰਗਾਲ ਦੇ ਰਾਜੇ ਧਵਲ ਚੰਦਰ ਨੇ ਆਪਣੀ ਸਰਪ੍ਰਸਤੀ ਹੇਠ ਪੰਡਤ ਨਾਰਾਇਣ ਤੋਂ ਲਿਖਵਾਇਆ ਸੀ। ਹਿਤੋਪਦੇਸ਼ ਦੇ ਅੰਤ ਵਿੱਚ ਦਿੱਤੇ ਗਏ ਸਲੋਕਾਂ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ।

     ਹਿਤੋਪਦੇਸ਼ ਦੇ ਸਹੀ ਰਚਨਾ-ਕਾਲ ਬਾਰੇ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਕੁਝ ਨਹੀਂ ਆਖਿਆ ਜਾ ਸਕਦਾ, ਪਰ ਫਿਰ ਵੀ ਪ੍ਰਾਪਤ ਇਤਿਹਾਸਿਕ ਪ੍ਰਮਾਣ ਦੱਸਦੇ ਹਨ ਕਿ ਛੇਵੀਂ ਸਦੀ ਵਿੱਚ ਪਾਰਸੀ-ਸਮਰਾਟ ਨੌਸ਼ੇਰਵਾਂ ਦੇ ਹੁਕਮ ਅਨੁਸਾਰ ਹਿਤੋਪਦੇਸ਼ ਦਾ ਸਭ ਤੋਂ ਪਹਿਲਾਂ ਪਾਰਸੀ ਭਾਸ਼ਾ ਵਿੱਚ ਅਨੁਵਾਦ ਹੋਇਆ ਸੀ। ਪਾਰਸੀ ਵਿਦਵਾਨ ਹੁਸੈਨ ਵੈਜ ਕਸ਼ੀਫ਼ੀ ਵੱਲੋਂ ਹਿਤੋਪਦੇਸ਼ ਦਾ ਕੀਤਾ ਗਿਆ ਅਨੁਵਾਦ ਆਨਵਰ-ਇ-ਸੁਹੇਲ ਇਸਲਾਮ ਜਗਤ ਵਿੱਚ ਖ਼ੂਬ ਪ੍ਰਸਿੱਧ ਹੋਇਆ। ਪਰ ਬਾਅਦ ਵਿੱਚ ਇਸ ਅਨੁਵਾਦਿਤ ਗ੍ਰੰਥ ਵਿੱਚ ਅਕਬਰ ਬਾਦਸ਼ਾਹ ਦੇ ਮੰਤਰੀ ਅਬੁਲ ਫ਼ਜ਼ਲ ਨੇ ਕਈ ਦੋਸ਼ ਕੱਢੇ ਅਤੇ ਖ਼ੁਦ ਪਾਰਸੀ ਭਾਸ਼ਾ ਯਾਰ-ਇ- ਦਾਨਿਸ਼ ਅਰਥਾਤ ਗਿਆਨ ਦੀ ਛੂਹ ਅਨੁਵਾਦ ਕਰ ਕੇ ਪ੍ਰਕਾਸ਼ਿਤ ਕੀਤਾ। ਓਥੋਂ ਉਰਦੂ ਵਿੱਚ ਇਹ ਗ੍ਰੰਥ ਖਿਰਾਦ ਅਫਰੋਜ਼ ਦੇ ਨਾਂ ਹੇਠ ਛਪਿਆ। ਇਸ ਅਨੁਵਾਦ ਉਪਰੰਤ ਫਿਰ ਛੇਵੀਂ ਸਦੀ ਵਿੱਚ ਹੀ ਇਸ ਗ੍ਰੰਥ ਨੂੰ ਅਰਬੀ ਵਿੱਚ ਅਨੁਵਾਦਿਆ ਗਿਆ ਅਤੇ ਇਸ ਦਾ ਨਾਂ ਕਲੀਲਾ-ੳ- ਦਮਨਾ ਰੱਖਿਆ ਗਿਆ। ਫਿਰ ਇਸ ਨੂੰ ਹਿਬਰੂ, ਸੀਰਿਆਈ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਣ ਦਾ ਸ਼ਰਫ਼ ਹਾਸਲ ਹੋਇਆ। ਇਸ ਨੀਤੀ ਗ੍ਰੰਥ ਦੀ ਲੋਕ-ਪ੍ਰਿਅਤਾ ਨੂੰ ਵੇਖਦਿਆਂ ਕਾਪੁਆਵਾਸੀ ਜੌਹਨ ਨੇ ਪੰਦਰਵੀਂ ਸਦੀ ਵਿੱਚ ਇਸ ਦਾ ਅਨੁਵਾਦ ਹਿਬਰੂ ਜ਼ਬਾਨ ਵਿੱਚ ਕੀਤਾ। ਇਸ ਪ੍ਰਕਾਰ ਹੌਲੀ-ਹੌਲੀ ਲਗਪਗ ਸਾਰੀਆਂ ਯੂਰਪੀਅਨ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋਣ ਲੱਗਾ। ਹਿਤੋਪਦੇਸ਼ ਦੀ ਸਭ ਤੋਂ ਪੁਰਾਣੀ ਹੱਥ-ਲਿਖਤ, ਜੋ 1373 ਵਿੱਚ ਪ੍ਰਾਪਤ ਹੋਈ ਸੀ, ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਇਹ ਨੀਤੀ ਗ੍ਰੰਥ ਪੰਚਤੰਤਰ ਦੀ ਰਚਨਾ ਤੋਂ ਲਗਪਗ ਸੱਤ-ਅੱਠ ਸਦੀਆਂ ਬਾਅਦ ਹੋਂਦ ਵਿੱਚ ਆਇਆ ਸੀ। 1803 ਵਿੱਚ ਫੋਰਟ ਵਿਲੀਅਮ ਕਾਲਜ ਨੇ ਇੰਗਲੈਂਡ ਵਿੱਚ ਸੰਸਕ੍ਰਿਤ ਸਿਖਾਉਣ ਵਾਸਤੇ ਇਹ ਗ੍ਰੰਥ ਛਾਪਿਆ।

     ਇਸ ਨੀਤੀ ਗ੍ਰੰਥ ਦੀ ਰਚਨਾ ਦਾ ਕਾਰਨ ਵੀ ਪੰਚਤੰਤਰ ਦੀ ਰਚਨਾ ਵਾਲਾ ਹੀ ਹੈ। ਪਾਟਲੀ ਪੁੱਤਰ (ਵਰਤਮਾਨ ਨਾਂ ਪਟਨਾ) ਉੱਤੇ ਰਾਜ ਕਰਨ ਵਾਲੇ ਇੱਕ ਸਰਬਗੁਣ ਸੰਪੰਨ ਰਾਜੇ ਸੁਦਰਸ਼ਨ ਦੇ ਰਾਜਕੁਮਾਰ ਉਜੱਡ ਅਤੇ ਮੂਰਖ ਸਨ। ਇੱਕ ਦਿਨ ਸੁਦਰਸ਼ਨ ਨੇ ਕਿਸੇ ਵਿਅਕਤੀ ਕੋਲੋਂ ਸੰਸਕ੍ਰਿਤ ਦੇ ਨਿਮਨਲਿਖਤ ਸਲੋਕ ਸੁਣੇ :

            ਅਨੇਕ ਸੰਸ਼ੋਯੋਚਿਛੇਦ ਪ੍ਰੋਕਸ਼ਾਰਥਸਯ ਦਰਸ਼ਨਮ।

            ਸਰਵਸਯ ਲੋਚਨੰ ਸ਼ਾਸਤਰੰ ਯਸਯ ਨਾ ਸਤਯੰਧ ਏਵ ਸ:॥

ਅਰਥਾਤ ਅਨੇਕ ਸ਼ੰਕਾਵਾਂ ਨੂੰ ਦੂਰ ਕਰਨ ਵਾਲਾ ਅਤੇ ਭੂਤ ਅਤੇ ਭਵਿੱਖ ਦੇ ਦਰਸ਼ਨ ਕਰਵਾਉਣ ਵਾਲਾ ਵਿੱਦਿਆ ਰੂਪੀ ਨੇਤਰ ਜਿਸ ਵਿਅਕਤੀ ਕੋਲ ਨਹੀਂ, ਉਹ ਅੰਨ੍ਹਾ ਹੈ।

            ਯੌਵਨੰ ਧਨ ਸੰਪੱਤਿ : ਪ੍ਰਭੂਤਵਮ ਵਿਵੇਕਿਤਾ।

            ਇਕੈਕ ਮਪਯਰਾਥਯ, ਕਿਮ ਯੰਤਰ ਚਤੁਸ਼ਟਪਯਮ ?

ਅਰਥਾਤ ਜੋਬਨ (ਜਵਾਨੀ), ਧਨ ਦੌਲਤ, ਸੱਤਾ (ਸ਼ਕਤੀ) ਅਤੇ ਵਿਵੇਕਹੀਣਤਾ, ਇਹਨਾਂ ਵਿੱਚੋਂ ਜੇ ਮਨੁੱਖ ਵਿੱਚ ਇੱਕ ਵੀ ਦੋਸ਼ ਹੋਵੇ ਤਾਂ ਉਹ ਮਨੁੱਖ ਦਾ ਸੱਤਿਆਨਾਸ ਕਰ ਦਿੰਦਾ ਹੈ ਅਤੇ ਜਿਸ ਮਨੁੱਖ ਵਿੱਚ ਇਹ ਚਾਰੇ ਦੋਸ਼ ਹੋਣ, ਫਿਰ ਕੀ ਕਿਹਾ ਜਾਵੇ?

     ਰਾਜੇ ਸੁਦਰਸ਼ਨ ਨੇ ਇਹਨਾਂ ਸਲੋਕਾਂ ਬਾਰੇ ਗੰਭੀਰਤਾ ਨਾਲ ਮਨ ਵਿੱਚ ਵਿਚਾਰ ਕੀਤੀ ਅਤੇ ਆਪਣੇ ਰਾਜਕੁਮਾਰਾਂ ਦੀ ਅਵਸਥਾ ਬਾਰੇ ਸੋਚਿਆ ਕਿ ਉਹ ਵੀ ਤਾਂ ਵਿੱਦਿਆ ਦੇ ਗੁਣ ਤੋਂ ਹੀਣ ਅਤੇ ਭੈੜੇ ਰਸਤੇ `ਤੇ ਤੁਰਨ ਲੱਗੇ ਸਨ। ਅਜਿਹੇ ਗੁਣਹੀਣ ਪੁੱਤਰਾਂ ਦਾ ਕੀ ਲਾਭ ਜੋ ਨਾ ਧਾਰਮਿਕ ਖ਼ਿਆਲਾਂ ਦੇ ਅਤੇ ਨਾ ਹੀ ਵਿਦਵਾਨ ਹੋਣ। ਅਜਿਹੇ ਪੁੱਤਰ ਤਾਂ ਮਨ ਨੂੰ ਇਸ ਤਰ੍ਹਾਂ ਦੁੱਖ ਹੀ ਦੁੱਖ ਦਿੰਦੇ ਹਨ ਜਿਵੇਂ ਕਾਣੀ ਅੱਖ। ਪੁੱਤਰ ਪੈਦਾ ਹੀ ਨਾ ਹੋਵੇ ਜਾਂ ਪੈਦਾ ਹੋ ਕੇ ਮਰ ਜਾਵੇ ਅਤੇ ਮੂਰਖ ਪੁੱਤਰ-ਇਹਨਾਂ ਤਿੰਨ ਪ੍ਰਕਾਰ ਦੇ ਪੁੱਤਰਾਂ ਦੇ ਵਿੱਚੋਂ ਪਹਿਲੀ ਦੋ ਪ੍ਰਕਾਰ ਦੇ ਪੁੱਤਰ ਤਾਂ ਫਿਰ ਵੀ ਚੰਗੇ ਹਨ, ਪਰ ਤੀਜੇ ਭਾਵ ਮੂਰਖ ਪੁੱਤਰ ਦਾ ਹੋਣਾ ਵਧੇਰੇ ਦੁਖਦਾਇਕ ਹੁੰਦਾ ਹੈ। ਖ਼ਾਸ ਕਰ ਕੇ ਮੂਰਖ ਪੁੱਤਰ ਦੇ ਨਿੱਤ-ਨਿੱਤ ਦੇ ਉਲਾਂਭਿਆਂ ਤੋਂ ਮਾਪੇ ਅੰਦਰੋਂ ਹੀ ਅੰਦਰੋਂ ਦੁਖੀ ਰਹਿੰਦੇ ਹਨ।

     ਰਾਜੇ ਸੁਦਰਸ਼ਨ ਨੇ ਪੰਡਤਾਂ ਦੀ ਸਭਾ ਵਿੱਚ ਆਪਣੀ ਗੱਲ ਫਿਰ ਦੁਹਰਾਈ, “ਮੇਰੇ ਪੁੱਤਰ ਬੜੇ ਹੀ ਮੂਰਖ ਅਤੇ ਉਜੱਡ ਹਨ। ਕੀ ਤੁਹਾਡੇ ਵਿੱਚ ਕੋਈ ਐਸਾ ਵਿਦਵਾਨ ਹੈ, ਜੋ ਮੇਰੇ ਰਾਜਕੁਮਾਰਾਂ ਨੂੰ ਨੀਤੀ-ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕਰ ਦੇਵੇ?"

     ਰਾਜੇ ਨੂੰ ਇਸ ਤਰ੍ਹਾਂ ਗਿੜਗਿੜਾਉਂਦਾ ਤੱਕ ਕੇ ਪੰਡਤ ਵਿਸ਼ਣੂ ਸ਼ਰਮਾ ਬੋਲਿਆ, “ਹੇ ਰਾਜਨ! ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਬਾਲਾਂ ਨੂੰ ਆਉਣ ਵਾਲੇ ਛੇ ਮਹੀਨਿਆਂ ਵਿੱਚ ਰਾਜਨੀਤੀ ਅਤੇ ਸਮਾਜਿਕ ਗਿਆਨ ਦੇ ਸਕਾਂ।"

     ਪੰਡਤ ਵਿਸ਼ਣੂ ਸ਼ਰਮਾ ਨੇ ਜੋ ਆਖਿਆ ਸੀ, ਉਹ ਕਰ ਵਿਖਾਇਆ। ਰਾਜੇ ਸੁਦਰਸ਼ਨ ਨੇ ਖ਼ੁਸ਼ ਹੋ ਕੇ ਪੰਡਤ ਵਿਸ਼ਣੂ ਸ਼ਰਮਾ ਦਾ ਮਾਣ-ਸਤਿਕਾਰ ਕੀਤਾ।

     ਇਸ ਪ੍ਰਕਾਰ ਪੰਚਤੰਤਰ ਕਥਾ-ਸੰਗ੍ਰਹਿ ਵਾਂਗ ਹਿਤੋ ਪਦੇਸ਼ ਵਿੱਚ ਵੀ ਬਹੁਤ ਸਾਰੀਆਂ ਨੀਤੀ-ਕਥਾਵਾਂ ਅੰਕਿਤ ਹਨ, ਜਿਹੜੀਆਂ ਪਸ਼ੂ-ਪੰਛੀਆਂ ਦੇ ਮਾਧਿਅਮ ਦੁਆਰਾ ਰੋਚਕ ਬਿਰਤਾਂਤ ਦੀ ਸਿਰਜਣਾ ਕਰਦੀਆਂ ਹਨ।

     ਪੰਚਤੰਤਰ ਵਾਂਗ ਨੀਤੀ ਗ੍ਰੰਥ ਹਿਤੋਪਦੇਸ਼ ਵੀ ਕਈ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਹ ਭਾਗ ਹਨ : (ੳ) ਮਿੱਤਰ ਲਾਭ, (ਅ) ਮਿੱਤਰ ਭੇਦ, (ੲ) ਯੁੱਧ ਜਾਂ ਲੜਾਈ, ਅਤੇ (ਸ) ਸਹਿਮਤੀ।

     ਪਹਿਲੇ ਭਾਗ ਅਰਥਾਤ ‘ਮਿੱਤਰ ਲਾਭ’ ਵਿੱਚ ਲੋਭ- ਲਾਲਚ ਦੀਆਂ ਨੀਤੀ-ਕਥਾਵਾਂ ਸ਼ਾਮਲ ਹਨ, ਜਿਵੇਂ ‘ਲੋਭ ਬੁਰੀ ਬਲਾਅ’ ਵਿੱਚ ਇੱਕ ਕਪਟੀ ਬੁੱਢਾ ਬਘਿਆੜ ਰਾਹ ਜਾਂਦੇ ਇੱਕ ਵਿਅਕਤੀ ਨੂੰ ਸੋਨੇ ਦਾ ਕੰਙਣ ਦੇ ਕੇ ਆਪਣੇ ਕੋਲ ਬੁਲਾਉਂਦਾ ਹੈ ਅਤੇ ਧੋਖੇ ਨਾਲ ਉਸ ਨੂੰ ਮਾਰ ਕੇ ਖਾ ਜਾਂਦਾ ਹੈ। ਇੱਕ ਹੋਰ ਨੀਤੀ-ਕਥਾ ‘ਲੋਭੀ ਗਿੱਦੜ ਦਾ ਮਰਨਾ’ ਵਿੱਚ ਜਦੋਂ ਦੀਰਘਰਾਵ ਨਾਂ ਦਾ ਇੱਕ ਗਿੱਦੜ ਹਿਰਨ, ਸੂਰ, ਸੱਪ ਅਤੇ ਸ਼ਿਕਾਰੀ ਨੂੰ ਇੱਕ ਥਾਂ ਮਰੇ ਹੋਏ ਵੇਖਦਾ ਹੈ ਤਾਂ ਉਹ ਸੋਚਦਾ ਹੈ ਕਿ ਇੱਕ ਮਹੀਨਾ ਤਾਂ ਸ਼ਿਕਾਰੀ ਦਾ ਮਾਸ ਚਲੇਗਾ, ਇੱਕ-ਇੱਕ ਮਹੀਨਾ ਹਿਰਨ ਅਤੇ ਸੂਰ ਦੇ ਮਾਸ ਨਾਲ ਕੱਟ ਜਾਵੇਗਾ ਅਤੇ ਸੱਪ ਦੇ ਮਾਸ ਨਾਲ ਵੀ ਇੱਕ ਦਿਨ ਲੰਘ ਜਾਵੇਗਾ। ਇਸ ਲਈ ਅੱਜ ਧਨੁਸ਼ ਦੇ ਚਮੜੇ ਦਾ ਧਾਗਾ ਖਾ ਕੇ ਗੁਜ਼ਾਰਾ ਕੀਤਾ ਜਾਵੇ। ਲਾਲਚੀ ਗਿੱਦੜ ਕਸੇ ਹੋਏ ਧਨੁਸ਼ ਦੇ ਚਮੜੇ ਦਾ ਧਾਗਾ ਚਬਾਉਣ ਲੱਗਾ। ਅਚਾਨਕ ਹੀ ਧਾਗਾ ਟੁੱਟ ਗਿਆ ਅਤੇ ਧਨੁਸ਼ ਦਾ ਇੱਕ ਕੋਨਾ ਉਛਲ ਕੇ ਦੀਰਘਰਾਵ ਦੀ ਛਾਤੀ ਵਿੱਚ ਅਜਿਹਾ ਵੱਜਿਆ ਕਿ ਝਟਪਟ ਉਸ ਦਾ ਅੰਤ ਉੱਥੇ ਹੀ ਹੋ ਗਿਆ।

     ਦੂਜੇ ਖੰਡ ‘ਮਿੱਤਰ ਭੇਦ’ ਵਿੱਚ ‘ਮੂਰਖ ਬਾਂਦਰ’, ‘ਗਧੇ ਦੀ ਮੂਰਖਤਾ’, ‘ਸ਼ੇਰ ਅਤੇ ਮੂਰਖ ਬਿੱਲਾ’ ਅਤੇ ‘ਬਲ ਨਾਲ ਨਹੀਂ ਬੁੱਧੀ ਨਾਲ’ ਵਰਗੀਆਂ ਕਹਾਣੀਆਂ ਹਨ। ਇਹਨਾਂ ਵਿੱਚ ਮੂਰਖ ਪਾਤਰਾਂ ਨੂੰ ਨੁਕਸਾਨ ਉਠਾਉਂਦੇ ਦਰਸਾਇਆ ਗਿਆ ਹੈ, ਜਦ ਕਿ ਬੁੱਧੀਮਾਨ ਪਾਤਰ ਲਾਭ ਹਾਸਲ ਕਰਦੇ ਹਨ।

     ਤੀਜੇ ਭਾਗ ‘ਯੁੱਧ ਜਾਂ ਲੜਾਈ’ ਵਿੱਚ ‘ਪੰਛੀ ਅਤੇ ਮੂਰਖ ਬਾਂਦਰ’, ‘ਬਘਿਆੜ ਦੇ ਭੇਸ ਵਿੱਚ ਗਧਾ’ ਅਤੇ ‘ਖ਼ਰਗੋਸ਼ ਦਾ ਰਾਜਾ ਅਤੇ ਹਾਥੀ’, ‘ਬੁਰੀ ਸੰਗਤ ਦਾ ਫ਼ਲ’, ‘ਨੀਲੇ ਗਿੱਦੜ ਦੀ ਦੁਰਦਸ਼ਾ’ ਅਤੇ ‘ਕੁਬੇਰ ਦਾ ਸੁਪਨਾ’ ਆਦਿ ਨੀਤੀ ਕਹਾਣੀਆਂ ਸ਼ਾਮਲ ਹਨ। ਇਹਨਾਂ ਨੀਤੀ-ਕਹਾਣੀਆਂ ਵਿੱਚ ਮਾਨਵੀ ਅਤੇ ਜਨੌਰ ਪਾਤਰ ਹਊਮੈ ਵਿੱਚ ਗ੍ਰਸੇ ਹੋਏ ਹਨ ਅਤੇ ਇੱਕ-ਦੂਜੇ ਨਾਲ ਲੜਾਈ-ਝਗੜੇ ਕਰ ਕੇ ਨੁਕਸਾਨ ਉਠਾਉਂਦੇ ਹਨ। ਇਹ ਨੀਤੀ-ਕਹਾਣੀਆਂ ਮਨੁੱਖ ਨੂੰ ਲੜਾਈ ਝਗੜਿਆਂ ਵਿੱਚ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਨਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਪੁਸਤਕ ਦੇ ਆਖ਼ਰੀ ਭਾਗ ‘ਸਹਿਮਤੀ ਜਾਂ ਸੰਧੀ’ ਵਿੱਚ ‘ਹੰਸਾਂ ਦਾ ਮਿੱਤਰ’, ‘ਮੂਰਖ ਕਛੂਕੁੰਮਾ’, ‘ਫਿਰ ਚੂਹੇ ਦਾ ਚੂਹਾ’, ‘ਬੋਲੀ ਬਗਲੇ ਦਾ ਅੰਤ’ ਅਤੇ ‘ਬਿਨਾ ਵਿਚਾਰੇ ਜੋ ਕਰੇ’ ਆਦਿ ਪ੍ਰਸਿੱਧ ਨੀਤੀ-ਕਹਾਣੀਆਂ ਸ਼ਾਮਲ ਹਨ। ਇਹਨਾਂ ਕਹਾਣੀਆਂ ਵਿੱਚ ਮਨੁੱਖ ਨੂੰ ਆਪਣਾ ਬੁਰਾ-ਭਲਾ ਵਿਚਾਰਨ ਅਤੇ ਇੱਛਾਵਾਂ ਨੂੰ ਸੀਮਿਤ ਰੱਖਣ `ਤੇ ਬਲ ਦਿੱਤਾ ਗਿਆ ਹੈ। ਜੇਕਰ ਮਨੁੱਖ ਸਬਰ-ਸੰਤੋਖ ਅਤੇ ਸਹਿਜ ਭਾਵ ਨਾਲ ਜ਼ਿੰਦਗੀ ਜਿਊਂਦਾ ਹੈ ਅਤੇ ਕਿਸੇ ਲੋਭ-ਲਾਲਚ ਵਿੱਚ ਆ ਕੇ ਆਪਣੇ ਅਸੂਲਾਂ ਨੂੰ ਨਹੀਂ ਤੋੜਦਾ, ਉਹ ਜ਼ਿੰਦਗੀ ਵਿੱਚ ਹਮੇਸ਼ਾਂ ਸਫਲ ਰਹਿੰਦਾ ਹੈ।

     ਇਹਨਾਂ ਭਾਗਾਂ ਵਿੱਚ ਦਰਜ ਨੀਤੀ-ਕਥਾਵਾਂ ਦੀ ਬਣਤਰ ਪੰਚਤੰਤਰ ਵਾਲੀ ਹੈ ਪਰੰਤੂ ਤਰਤੀਬਾਂ ਵਿੱਚ ਕੁਝ ਪਰਿਵਰਤਨ ਕੀਤਾ ਗਿਆ ਹੈ। ‘ਚੂਹਾ ਤੇ ਰਿਸ਼ੀ’ ਅਤੇ ‘ਹੰਸ ਤੇ ਮੋਰਾਂ ਦੀ ਦੁਸ਼ਮਣੀ’ ਅਤੇ ‘ਫਿਰ ਪਿਆਰ ਪੈ ਜਾਣ’ ਵਰਗੀਆਂ ਲੋਕ-ਮੂੰਹਾਂ `ਤੇ ਚੜ੍ਹੀਆਂ ਕਹਾਣੀਆਂ ਇਸੇ ਭਾਗ ਵਿੱਚ ਹੀ ਦਰਜ ਹਨ।

     ਹਿਤੋਪਦੇਸ਼ ਦੇ ਸਲੋਕਾਂ ਵਿੱਚ ਸੁਚੱਜੀ ਜੀਵਨ-ਜਾਚ ਅਤੇ ਜੀਵਨ ਦੀ ਨਾਸ਼ਮਾਨਤਾ ਉੱਪਰ ਬਲ ਦਿੱਤਾ ਗਿਆ ਹੈ, ਪਰ ਇਸ ਨੀਤੀ ਗ੍ਰੰਥ ਦਾ ਇੱਕ ਵੱਡਾ ਲਾਭ ਉਪਦੇਸ਼ਮਈ ਢੰਗ ਨਾਲ ਬਾਲ-ਪਾਠਕਾਂ ਦਾ ਮਨੋਰੰਜਨ ਵੀ ਕਰਨਾ ਹੈ। ਜਨੌਰਾਂ ਨਾਲ ਸੰਬੰਧਿਤ ਇਹ ਨੀਤੀ- ਕਥਾਵਾਂ ਬਹੁਤ ਪ੍ਰਭਾਵਸ਼ਾਲੀ ਹਨ।

     ਪੰਜਾਬੀ ਵਿੱਚ ਹਿਤੋਪਦੇਸ਼ ਕਈ ਵਾਰੀ ਅਨੁਵਾਦ ਹੋ ਚੁੱਕਾ ਹੈ। ਦੁਨੀ ਚੰਦ ਨੇ ਮਿਤ੍ਰ ਲਾਭ ਨਾਂ ਹੇਠ ਇਸ ਦਾ ਉਲਥਾ ਪੰਜਾਬੀ ਵਿੱਚ ਕੀਤਾ ਹੈ, ਜੋ ਵਾਰਤਕ ਅਤੇ ਕਵਿਤਾ ਵਿੱਚ ਹੈ। ਸਿਆਣਪ ਦੇ ਖ਼ੂਬਸੂਰਤ ਅਖਾਣ ਅਤੇ ਸਲੋਕਾਂ ਦਾ ਇਹ ਨੀਤੀ ਗ੍ਰੰਥ ਅੱਜ ਵੀ ਬਹੁਤ ਮੁੱਲਵਾਨ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹਿਤੋਪਦੇਸ਼ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿਤੋਪਦੇਸ਼. ਬੰਗਾਲ ਦੇ ਰਾਜਾ ਧਵਲਚੰਦ੍ਰ ਦੇ ਦਰਬਾਰ ਦੇ ਕਵਿ ਨਾਰਾਯਣ ਦਾ ਰਚਿਆ ਹੋਇਆ ਸੰਸਕ੍ਰਿਤ ਭਾ੄੠ ਵਿੱਚ ਨੀਤਿਗ੍ਰੰਥ, ਜਿਸ ਵਿੱਚ ਹਿਤ ਭਰੇ ਉਪਦੇਸ਼ ਹਨ। ੨ ਵਿ੄ਨੁ ਸ਼ਮਾ੗ ਦਾ ਰਚਿਆ ਇੱਕ ਪ੍ਰਸਿੱਧ ਨੀਤਿਗ੍ਰੰਥ, ਜਿਸ ਵਿੱਚ ਮਿਤ੍ਰਲਾਭ. ਸੁਹ੍ਰਿਦ ਭੇਦ. ਵਿਗ੍ਰਹ ਅਤੇ ਸੰਧਿ ਆਦਿ ਦਾ ਮਨੋਹਰ ਕਹਾਣੀਆਂ ਦ੍ਵਾਰਾ ਵਰਣਨ ਹੈ. ਇਸਦਾ ਅਨੇਕ ਬੋਲੀਆਂ ਵਿੱਚ ਉਲਥਾ ਹੋ ਗਿਆ ਹੈ. ਦੇਖੋ, ਪੰਚਤੰਤ੍ਰ । ੩ ਹਿੱਤ (ਪਿਆਰ) ਦਾ ਉਪਦੇਸ਼. ਹਿਤਭਰੀ ਸਿਖ੍ਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਿਤੋਪਦੇਸ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਿਤੋਪਦੇਸ਼ : ਹਿਤੋਪਦੇਸ਼ ਸੰਸਕ੍ਰਿਤ ਕਥਾ-ਸਾਹਿਤ ਦਾ ਇਕ ਬੇਹਦ ਲੋਕਪ੍ਰਿਯ ਗ੍ਰੰਥ ਹੈ। ਜਿਹਾ ਕਿ ਇਸ ਦੇ (ਹਿਤ+ਉਪਦੇਸ਼) ਤੋਂ ਹੀ ਸਪਸ਼ਟ ਹੈ ਇਸਦੀ ਰਚਨਾ ਦਾ ਮੁੱਖ ਮੰਤਵ ਹਿਤ ਭਰੇ ਉਪਦੇਸ਼ ਹਨ। ਇਹ ਵਿਸ਼ਨੂੰ ਸ਼ਰਮਾ ਤੇ ਪੰਚਤੰਤਰ ਦੀ ਪਰੰਪਰਾ ਵਿਚ ਰਚੀ ਜਾਣ ਵਾਲੀ ਸਭ ਤੋਂ ਪ੍ਰਸਿੱਧ ਰਚਨਾ ਹੈ। ਇਸਦਾ ਕਰਤਾ ਬੰਗਾਲ ਦੇ ਰਾਜਾ ਧਵਲਚੰਦਰ ਦਾ ਦਰਬਾਰੀ ਕਵੀ ਨਾਰਾਯਣ ਪੰਡਿਤ ਸੀ। ਹਿਤੋਪਦੇਸ਼ ਦਾ ਰਚਨਾਕਾਲ 14 ਵੀਂ ਸਦੀ ਈਸਵੀ ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ।

          ਪੰਚਤੰਤਰ ਵਾਂਗ ਹੀ ਇਸ ਵਿਚ ਰੌਚਕ ਕਹਾਣੀਆਂ ਰਾਹੀਂ ਲੋਕ-ਵਿਵਹਾਰ ਦੀ ਸਿਖਿਆ ਦਿੱਤੀ ਗਈ ਹੈ ਅਤੇ ਜੀਵਨ-ਯਥਾਰਥ ਨੂੰ ਮੁੱਖ ਰਖਿਆ ਗਿਆ ਹੈ। ਹਿਤੋਪਦੇਸ਼ ਵਿਚ ਰਾਜਨੀਤੀ ਦਾ ਤੱਤ ਪੰਚਤੰਤਰ ਦੇ ਮੁਕਾਬਲੇ ਵਧੇਰੇ ਪ੍ਰਬਲ ਰੂਪ ਵਿਚ ਵਿਦਮਾਨ ਹੈ। ਆਪਣੇ ਮੂਲ-ਗ੍ਰੰਥ ਦੀ ਤੁਲਨਾ ਵਿਚ ਇਸ ਵਿਚ ਕਈ ਨਵੀਆਂ ਕਹਾਣੀਆਂ ਦਿਤੀਆਂ ਗਈਆਂ ਹਨ ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਹਿਤੋਪਦੇਸ਼ ਦਾ ਸੋਮਾ ਪੰਚਤੰਤਰ ਤੋਂ ਇਲਾਵਾ ਹੋਰ ਗ੍ਰੰਥ ਵੀ ਸਨ, ਜਿਨ੍ਹਾਂ ਵਿਚ ਸ਼ਿਸ਼ੁਪਾਲ ਵਧ, ਭਰਤਰੀਹਰੀ ਨੀਤੀਸ਼ਤਕ ਦਾ ਨਾਂ ਆਉਂਦਾ ਹੈ। ਹਿਤੋਪਦੇਸ਼ ਦੇ ਲੇਖਕ ਨੇ ਇਨ੍ਹਾਂ ਗ੍ਰੰਥਾਂ ਤੋਂ ਭਿੰਨ ਭਿੰਨ ਵਿਸ਼ੇ ਦੇ ਸ਼ਲੋਕ ਲੈ ਕੇ ਉਨ੍ਹਾਂ ਨੂੰ ਬਿਨਾ ਹੋਰ ਫੇਰ ਕੀਤੇ ਬੜੇ ਸੁਚੱਜੇ ਢੰਗ ਨਾਲ ਆਪਣੀਆਂ ਕਹਾਣੀਆਂ ਵਿਚ ਜੜ ਦਿਤਾ ਹੈ। ਸ਼ਾਇਦ ਕੁਝ ਸ਼ਲੋਕ ਲੇਖਕ ਦੇ ਆਪਣੇ ਵੀ ਹੋਣ ਪਰ ਲਗਭਗ ਸਾਰੇ ਹੀ ਉਪਦੇਸ਼ ਦੀ ਦ੍ਰਿਸ਼ਟੀ ਤੋਂ ਬੜੇ ਸੁੰਦਰ ਹਨ।

          ਹਿਤੋਪਦੇਸ਼ ਦੇ ਚਾਰ ਅਧਿਆਇ ਹਨ––1. ਮਿੱਤਰ ਲਾਭ; 2. ਸੁਹਿਰਦ ਭੇਦ; 3. ਵਿਗ੍ਰਹ ਅਤੇ 4. ਸੰਧੀ। ਇਸ ਪੁਸਤਕ ਵਿਚ ਚੰਗੇ ਮਿੱਤਰ ਦੇ ਗੁਣ, ਮਿੱਤਰਾਂ ਵਿਚ ਪੈਣ ਵਾਲੀ ਫੁੱਟ ਤੇ ਲੜਾਈ, ਦੁਸ਼ਮਣ ਨਾਲ ਸੰਧੀ ਆਦਿ ਅਨੇਕ ਗੱਲਾਂ ਕਹਾਣੀਆਂ ਰਾਹੀਂ ਸਮਝਾਈਆਂ ਗਈਆਂ ਹਨ। ਇਸਦੇ ਪਹਿਲੇ ਅਧਿਆਇ ਵਿਚ 8, ਦੂਜੇ ਵਿਚ 9, ਤੀਜੇ ਵਿਚ 9 ਤੇ ਚੌਥੇ ਵਿਚ 12 ਰੌਚਕ ਕਹਾਣੀਆਂ ਹਨ। ਹਰ ਇਕ ਕਹਾਣੀ ਬੜੇ ਸੁਭਾਵਕ ਢੰਗ ਨਾਲ ਸਰਲ ਗੱਦ ਵਿਚ ਸ਼ੁਰੂ ਕੀਤੀ ਜਾਂਦੀ ਹੈ ਅਤੇ ਹੌਲੀ ਹੌਲੀ ਸ਼ਲੋਕਾਂ ਰਾਹੀਂ ਉਪਦੇਸ਼ ਇਸ ਖੂਬੀ ਨਾਲ ਦਿਤਾ ਜਾਂਦਾ ਹੈ ਕਿ ਸੁਣਨ ਵਾਲੇ ਦੇ ਮਨ ਉਤੇ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ।

          ਪੰਚਤੰਤਰ ਤੇ ਆਧਾਰਿਤ ਹੋਣ ਦੇ ਬਾਵਜੂਦ ਵੀ ਹਿਤੋਪਦੇਸ਼ ਆਪਣੇ ਰਚਨਹਾਰ ਦੀ ਮੌਲਿਕ ਸਿਰਜਨਾ-ਸ਼ਕਤੀ ਦੀ ਗਵਾਹੀ ਭਰਦਾ ਹੈ। ਆਪਣੀ ਰੌਚਕ ਤੇ ਸਾਦ-ਮੁਰਾਦੀ ਸ਼ੈਲੀ ਕਾਰਨ ਹਿਤੋਪਦੇਸ਼ ਬਾਅਦ ਵਿਚ ਇੰਨਾ ਪ੍ਰਸਿੱਧ ਹੋਇਆ ਕਿ ਭਾਰਤ ਅਤੇ ਪੱਛਮੀ ਦੇਸ਼ਾਂ ਵਿਚ ਸੰਸਕ੍ਰਿਤ ਭਾਸ਼ਾ ਸਿੱਖਣ ਲਈ ਇਹ ਇਕ ਸਰਬ-ਸ੍ਰੇਸ਼ਟ ਮੁੱਢਲੀ ਪੁਸਤਕ ਵਜੋਂ ਪ੍ਰਸਿੱਧ ਹੋ ਗਿਆ। ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅਨੇਕ ਬਿਦੇਸ਼ੀ ਭਾਸ਼ਾਵਾਂ ਵਿਚ ਵੀ ਇਸ ਗ੍ਰੰਥ ਦਾ ਅਨੁਵਾਦ ਹੋਇਆ। ਹਿੰਦੀ ਭਾਸ਼ਾ ਵਿਚ ਨੰਦਦਾਸ, ਪਦਮਾਕਰ, ਬਦ੍ਰੀਲਾਲ, ਲੱਲੂਲਾਲ ਆਦਿ ਦੇ ਹਿਤੋਪਦੇਸ਼ ਪ੍ਰਸਿੱਧ ਹਨ।

          ਹ. ਪੁ.––ਹਿੰ. ਵਿ. ਕੋ. 2 : 327 ; ਹਿੰ. ਸੰ. ਲਿਟ ; 263-65 ; ਏ ਕਨਸਾਈਜ਼ ਹਿਸਟਰੀ ਆਫ਼ ਕਲਾਸੀਕਲ ਸੰਸਕ੍ਰਿਤ ਲਿਟਰੇਚਰ-ਗੌਰੀ ਨਾਥ ਸ਼ਾਸਤਰੀ––137; ਹਿੰ. ਸਾ. ਇਤਿ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.