ਹੇਅਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੇਅਰਾ : ਪੰਜਾਬ ਵਿੱਚ ਵਿਆਹ ਸਮੇਂ ਕਈ ਪ੍ਰਕਾਰ ਦੇ ਲੋਕ-ਗੀਤ ਗਾਏ ਜਾਂਦੇ ਹਨ, ਜਿਵੇਂ ਸਿਠਣੀਆਂ, ਸੁਹਾਗ, ਘੋੜੀਆਂ ਅਤੇ ਛੰਦ ਆਦਿ। ਇਹਨਾਂ ਲੋਕ-ਗੀਤ ਰੂਪਾਂ ਵਿੱਚ ‘ਹੇਅਰਾ’ ਵੀ ਇੱਕ ਅਜਿਹਾ ਕਾਵਿ-ਰੂਪ ਹੈ, ਜਿਸ ਦਾ ਗਾਇਨ ਵਿਆਹੁਲੀ ਕੁੜੀ ਅਤੇ ਵਿਆਹੁਲੇ ਮੁੰਡੇ ਦੋਵਾਂ ਦੇ ਘਰਾਂ ਵਿੱਚ ਕੀਤਾ ਜਾਂਦਾ ਹੈ। ਵਿਦਵਾਨਾਂ ਨੇ ‘ਹੇਅਰਾ’ ਸ਼ਬਦ ਦੀ ਉਤਪਤੀ ‘ਹੇਹ’ ਧਾਤੂ (ਮੂਲ ਸ਼ਬਦ) ਤੋਂ ਮੰਨੀ ਹੈ, ਜਿਸ ਦੇ ਅਰਥ ਹਨ ‘ਸੰਯੋਗ ਦੀ ਇੱਛਾ’। ਇਸ ਤਰ੍ਹਾਂ ‘ਹੇਅਰੇ’ ਉਹ ਲੋਕ-ਗੀਤ ਬਣਦੇ ਹਨ, ਜਿਹੜੇ ਇਸਤਰੀਆਂ ਵੱਲੋਂ ਮਰਦਾਂ ਨੂੰ ਸੰਬੋਧਨ ਕਰ ਕੇ ਉਹਨਾਂ ਤੇ ਭਾਰੂ ਪੈਣ ਦੀ ਕੋਸ਼ਿਸ਼ ਹਿਤ ਗਾਏ ਜਾਂਦੇ ਹਨ।ਜਿਨ੍ਹਾਂ ਹੇਅਰਿਆਂ ਵਿੱਚ ਖ਼ੂਨ ਤੋਂ ਬਾਹਰੀ ਰਿਸ਼ਤਿਆਂ ਨੂੰ ਸੰਬੋਧਨ ਹੁੰਦਾ ਹੈ, ਉਹਨਾਂ ਵਿੱਚ ਅਕਸਰ ਕਾਮ ਵੇਗ ਪ੍ਰਸਤੁਤ ਹੋ ਜਾਂਦੇ ਹਨ। ਅਜਿਹੇ ਹੇਅਰੇ ਔਰਤਾਂ ਵੱਲੋਂ ਖ਼ੂਨ ਤੋਂ ਬਾਹਰੀ ਰਿਸ਼ਤਿਆਂ ਵਾਲੇ ਮਰਦਾਂ ਨੂੰ ਸੰਬੋਧਿਤ ਹੁੰਦੇ ਹਨ, ਅਜਿਹੇ ਹੇਅਰਿਆਂ ਵਿੱਚ ਸਿਰਫ਼ ਕਾਮ ਭਾਵ ਹੀ ਉਜਾਗਰ ਹੁੰਦੇ ਹਨ, ਪਰ ਜਿਨ੍ਹਾਂ ਹੇਅਰਿਆਂ ਵਿੱਚ ਭੈਣ ਵੱਲੋਂ ਵੀਰ ਨੂੰ ਜਾਂ ਭੈਣ ਨੂੰ ਸੰਬੋਧਨ ਹੁੰਦਾ ਹੈ, ਉਹਨਾਂ ਹੇਅਰਿਆਂ ਵਿੱਚ ਅੰਤਾਂ ਦਾ ਮੋਹ-ਪਿਆਰ ਨਜ਼ਰ ਆਉਂਦਾ ਹੈ। ਜਿਨ੍ਹਾਂ ਹੇਅਰਿਆਂ ਵਿੱਚ ਕੋਈ ਔਰਤ ਕਿਸੇ ਦੂਜੀ ਔਰਤ ਨੂੰ ਸੰਬੋਧਿਤ ਹੋਵੇ, ਜਿਸ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਨਾ ਹੋਵੇ ਤਾਂ ਉਹਨਾਂ ਹੇਅਰਿਆਂ ਵਿੱਚ ਕਿਤੇ ਪਿਆਰ, ਕਿਤੇ ਸਤਿਕਾਰ ਅਤੇ ਕਿਤੇ ਪ੍ਰਸੰਸਾ ਭਰੇ ਭਾਵ ਨਜ਼ਰ ਆਉਂਦੇ ਹਨ। ਹੇਅਰਾ ਵਿਆਹ ਦੇ ਮੌਕੇ ਨੂੰ ਹੋਰ ਖ਼ੁਸ਼ੀ ਭਰਪੂਰ ਬਣਾਉਂਦਾ ਹੈ। ਇਹ ਕਦੇ ਵਿਛੋੜੇ ਦੇ ਦਰਦ ਨੂੰ ਵਧਾਉਣ, ਕਦੇ ਘਟਾਉਣ, ਕਦੇ ਅਗਲੇ ਘਰ ਦੇ ਸੁਫਨੇ ਵੇਖਣ, ਕਦੇ ਰਿਸ਼ਤਿਆਂ ਦੀ ਅਹਿਮੀਅਤ ਸਮਝਣ, ਕਦੇ ਬਰਾਤੀਆਂ ਦੀ ਅਣਮੇਲ ਸਥਿਤੀ ਦਾ ਮੌਜੂ ਉਡਾਉਣ ਅਤੇ ਕਦੇ ਦੋ ਪਰਿਵਾਰਾਂ ਦੇ ਸੁਭਾਗੇ ਮੇਲ ਦੀ ਕਲਪਨਾ ਨਾਲ ਜੁੜਿਆ ਗੀਤ-ਰੂਪ ਬਣ ਕੇ ਸਾਮ੍ਹਣੇ ਆਉਂਦਾ ਹੈ। ਕਈ ਹੇਅਰੇ ਰੀਤਾਂ ਨਾਲ ਸੰਬੰਧਿਤ ਹੋਣ ਕਰ ਕੇ ਪਵਿੱਤਰ ਬੋਲਾਂ ਦਾ ਸਥਾਨ ਵੀ ਰੱਖਦੇ ਹਨ।

     ‘ਹੇਅਰਾ’ ਵਿਆਹ ਨਾਲ ਸੰਬੰਧਿਤ ਵੱਖ-ਵੱਖ ਮੌਕਿਆਂ ਤੇ ਔਰਤਾਂ ਵੱਲੋਂ ਉਚਾਰਿਆ ਜਾਣ ਵਾਲਾ ਗੀਤ ਰੂਪ ਹੈ, ਜਿਸ ਨੂੰ ‘ਦੋਹਾ’ ਵੀ ਕਿਹਾ ਜਾਂਦਾ ਹੈ। ਇਹ ਗੀਤ ਬਾਕੀ ਰੀਤ-ਮੂਲਕ (ਰੀਤ ਨਾਲ ਜੁੜੇ) ਗੀਤਾਂ ਵਾਂਗ ਹੀ ਸੰਬੰਧਿਤ ਕਾਰਜ ਦੀ ਸੰਪੂਰਨਤਾ ਦੇ ਨਾਲ-ਨਾਲ ਉਚਾਰਿਆ ਜਾਂਦਾ ਹੈ। ਅਜਿਹੇ ਹੇਅਰੇ ਉਸ ਰੀਤ ਦਾ ਬੋਲਗਤ (ਬੋਲੀ ਵਿੱਚ) ਪ੍ਰਗਟਾਵਾ ਹੁੰਦੇ ਹਨ।

     ‘ਹੇਅਰਾ’ ਦੋ ਸਤਰਾਂ ਵਾਲਾ ਸੰਬੋਧਨੀ ਕਾਵਿ-ਰੂਪ ਹੈ। ਇਸ ਵਿੱਚ ਚਾਰ ਵਾਰ ਸੰਬੋਧਨੀ ਹੇਕਾਂ, ਤਿੰਨ ਵਾਰ ਸੰਬੋਧਨ, ਉਚਾਰ ਨੂੰ ਲੈਅ, ਸਮਤੋਲ ਤੇ ਸੁਖਾਵਾਂ ਬਣਾਉਣ ਲਈ ‘ਵੇ ਕੋਈ’, ‘ਨੀ ਕੋਈ’ ਦੀ ਵਰਤੋਂ ਕੀਤੀ ਜਾਂਦੀ ਹੈ। ਸੰਬੋਧਨੀ ਹੇਕ ਨੂੰ ਜਿੰਨਾ ਹੋ ਸਕੇ, ਲਮਕਾਇਆ ਜਾਂਦਾ ਹੈ। ਪਹਿਲੇ ਦੋ ਸੰਬੋਧਨ, ਸੰਬੋਧਕ (ਬੋਲਣ ਵਾਲਾ) ਅਤੇ ਸੰਬੋਧਿਤ (ਜਿਸ ਲਈ ਹੇਅਰਾ ਲਾਇਆ ਜਾਂਦਾ ਹੈ) ਦੇ ਰਿਸ਼ਤੇ ਨੂੰ ਅਤੇ ਤੀਜਾ ਨਿੱਜੀ ਭਾਵ ਪ੍ਰਗਟਾਉਂਦਾ ਹੈ। ਹੇਅਰੇ ਵਿੱਚ ਸੰਬੋਧਕ ਆਪ ਸਿੱਧੇ ਤੌਰ ਤੇ ਸ਼ਾਮਲ ਹੋ ਕੇ ਸੰਬੋਧਿਤ ਧਿਰ ਨੂੰ ਮੁਖ਼ਾਤਬ ਹੁੰਦਾ ਹੈ। ਇਸ ਵਿੱਚ ਦੂਜੀ ਸਤਰ ਦੇ ਆਖ਼ਰੀ ਸ਼ਬਦ ਤੋਂ ਮੂਹਰਲੇ ਸ਼ਬਦ ਤੇ ਲੰਮੀ ਹੇਕ ਆਉਂਦੀ ਹੈ। ਵਿਆਹ ਸੰਬੰਧੀ ਸਾਰੇ ਲੋਕ-ਗੀਤ ਰੂਪਾਂ ਵਿੱਚ ਅੰਤਲੇ ਸ਼ਬਦ ਤੇ ਹੇਕ ਲਮਕਾਈ ਜਾਂਦੀ ਹੈ ਪਰ ਹੇਅਰੇ ਵਿੱਚ ਅੰਤਲਾ ਬੋਲ ਇਕਦਮ ਉਚਾਰ ਦਿੱਤਾ ਜਾਂਦਾ ਹੈ। ਅੰਤਲੇ ਸ਼ਬਦ ਤੋਂ ਪਹਿਲੇ ਸ਼ਬਦ ਉੱਤੇ ਗਾਇਕ ਆਪਣੇ ਅਭਿਆਸ ਮੁਤਾਬਕ ਲੰਮੀ ਹੇਕ ਲਾਉਂਦੇ ਹਨ। ਵਿਸ਼ੇ ਪੱਖੋਂ ਹੇਅਰਿਆਂ ਵਿੱਚ ਭਾਵੇਂ ਕਾਫ਼ੀ ਵੰਨ-ਸਵੰਨਤਾ ਹੈ, ਪਰ ਇਹਨਾਂ ਦੀ ਗਾਇਨ ਸ਼ੈਲੀ (ਗਾਉਣ ਦਾ ਢੰਗ) ਸੀਮਤ, ਨਿਸ਼ਚਿਤ ਅਤੇ ਕਰੜੇ ਕਾਵਿ ਸੰਜਮ ਵਿੱਚ ਨਿਭਦੀ ਹੈ।

     ਹੇਅਰਾਕਾਰ ਸਵਾਣੀ ਹੇਅਰੇ ਨੂੰ ਧੀਮੀ ਸੁਰ ਵਿੱਚ ਉਚਾਰਨਾ ਸ਼ੁਰੂ ਕਰਦੀ ਹੈ। ਸੁਰਾਂ ਦੇ ਉੱਚੀ ਹੁੰਦੇ ਜਾਣ ਨਾਲ ਪਹਿਲੀ ਸਤਰ ਵਿੱਚ ‘ਵੇ ਕੋਈ’ ਤੋਂ ਪਹਿਲੇ ਵਾਕਾਂਸ਼ ਦੇ ਆਖ਼ਰੀ ਸ੍ਵਰ ਉੱਤੇ ਲੰਮੀ ਹੇਕ ਲਾਈ ਜਾਂਦੀ ਹੈ। ਫੇਰ ‘ਵੇ ਕੋਈ’ ਤੋਂ ਹੌਲੀ ਜਿਹੀ ਸ਼ੁਰੂ ਹੋ ਕੇ ਅਖੀਰਲੇ ਸ਼ਬਦ ਤੋਂ ਪਹਿਲੇ ਬੋਲ ਦੇ ਅੰਤਲੇ ਅੱਖਰ ਉੱਤੇ ਸ੍ਵਰ ਨੂੰ ਲੰਮੀ ਹੇਕ ਵਿੱਚ ਲਮਕਾ ਕੇ ਆਖ਼ਰੀ ਸ਼ਬਦ ਇਕ ਦਮ ਬੋਲਿਆ ਜਾਂਦਾ ਹੈ। ਇਸ ਤਰ੍ਹਾਂ ਦੂਜੀ ਸਤਰ ਦੀ ਸੰਬੋਧਨੀ ਸੁਰ ਤੇ ਲਮਕਾ ਹੁੰਦਾ ਹੈ। ‘ਵੇ ਕੋਈ’ ਅੱਗੇ ਹੇਕ ਲਮਕਾ ਕੇ ਦੂਜੇ ਆਖ਼ਰੀ ਸ਼ਬਦ ਤੇ ਆ ਕੇ ਰੁੱਕ ਜਾਂਦੀ ਹੈ। ਅਜਿਹਾ ਵਿਸ਼ੇਸ਼ਣ ਮੁੱਖ ਸੰਬੋਧਨੀ ਸੁਰ ਨੂੰ ਲਮਕਾਉਣ ਲਈ ਕੀਤਾ ਜਾਂਦਾ ਹੈ। ਹੇਅਰੇ ਦੀ ਪਹਿਲੀ ਸਤਰ ਦਾ ਆਖ਼ਰੀ ਸ਼ਬਦ ਤੇ ਦੂਜੀ ਸਤਰ ਦਾ ਆਖ਼ਰੀ ਸ਼ਬਦ ਬਾਕੀ ਬੋਲਾਂ ਵਾਂਗ ਗਾਇਆ ਨਹੀਂ ਉਚਾਰਿਆ ਜਾਂਦਾ ਹੈ। ਭਾਵੇਂ ਆਖ਼ਰੀ ਸ਼ਬਦ ਦੇ ਅੰਤ ਉੱਤੇ ਦੀਰਘ ਸ੍ਵਰ (ਈ, ਊ, ਆ, ਏ, ਐ, ਔ) ਵੀ ਕਿਉਂ ਨਾ ਆ ਜਾਵੇ, ਉਸ ਨੂੰ ਲਘੂ ਸ੍ਵਰ (ਅ, ਇ, ਉ) ਵਜੋਂ ਹੀ ਉਚਾਰਿਆ ਜਾਂਦਾ ਹੈ।

     ਹੇਅਰਾ ਕਿਸੇ ਖ਼ਾਸ ਹਾਲਤ ਵਿੱਚ ਖ਼ਾਸ ਵਿਅਕਤੀ ਵੱਲੋਂ ਖ਼ਾਸ ਵਿਅਕਤੀ ਨੂੰ ਹੀ ਸੰਬੋਧਿਤ ਹੁੰਦਾ ਹੈ। ਹੇਅਰੇ ਦੀ ਇਹਨਾਂ ਤੱਥਾਂ ਤੋਂ ਬਾਹਰ ਵਰਤੋਂ ਨਹੀਂ ਹੁੰਦੀ। ਇਹ ਠਹਿਰਾਉ ਭਰੇ (ਸ਼ੋਰ-ਸ਼ਰਾਬੇ ਤੋਂ ਸੱਖਣੇ) ਸੱਭਿਆਚਾਰਿਕ ਮੌਕਿਆਂ ਦੌਰਾਨ ਗਾਇਆ ਜਾਣ ਵਾਲਾ ਸਹਿਜ-ਸੁਭਾਵੀ ਗੀਤ-ਰੂਪ ਹੈ ਅਰਥਾਤ ਹੇਅਰੇ ਨੂੰ ਗਾਉਣ ਦੇ ਮੌਕੇ ਸ਼ਾਂਤ ਸਥਿਤੀਆਂ ਵਾਲੇ ਹੁੰਦੇ ਹਨ। ਹੇਅਰੇ ਉਹਨਾਂ ਰਸਮਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿੱਚ ਸ਼ੋਰ ਦੀ ਥਾਂ ਠਹਿਰਾਅ ਜਾਂ ਧੀਮਾਪਨ ਹੁੰਦਾ ਹੈ, ਅਰਥਾਤ ਮੰਗਲਮਈ ਭਾਵਨਾਵਾਂ ਨਾਲ ਭਰਪੂਰ ਰਸਮ ਦੇ ਨਿਭਾਉ ਸਮੇਂ ਜਾਂ ਭਾਵੁਕ ਸਥਿਤੀਆਂ ਵੇਲੇ ਹੇਅਰਾ ਗਾਉਣ ਦਾ ਸਹੀ ਮੌਕਾ ਹੁੰਦਾ ਹੈ। ਇਹਨਾਂ ਦਾ ਗਾਇਨ ਮੰਗਣੀ ਮੌਕੇ, ਨਾਨਕੇ ਮੇਲ ਦੇ ਆਉਣ ਮੌਕੇ, ਲਾੜੇ ਨੂੰ ਸ਼ਿੰਗਾਰਨ ਮੌਕੇ, ਸਲਾਮੀ ਦੇਣ ਮੌਕੇ, ਘੋੜੀ ਫੇਰਨ ਮੌਕੇ, ਬਰਾਤ ਆਉਣ ਤੋਂ ਬਾਅਦ, ਫੇਰਿਆਂ ਵੇਲੇ, ਬਰਾਤ ਨੂੰ ਰੋਟੀ ਖੁਆਉਣ ਮੌਕੇ, ਛੰਦ ਸੁਣਨ ਮੌਕੇ, ਵਰੀ ਦਿਖਾਉਣ ਮੌਕੇ, ਦੋ ਧਿਰਾਂ ਵਿੱਚ ਵਾਦ- ਵਿਵਾਦ ਛਿੜਨ ਮੌਕੇ, ਕੁੜੀ ਦੀ ਡੋਲੀ ਤੋਰਨ ਦੇ ਮੌਕੇ, ਡੋਲੀ ਆਉਣ ਮੌਕੇ, ਪਿਆਲਾ ਦੇਣ ਮੌਕੇ, ਜਠੇਰਿਆਂ ਦੀ ਪੂਜਾ ਕਰਨ ਜਾਂਦੇ ਸਮੇਂ/ਛਟੀਆਂ ਖੇਡਣ ਮੌਕੇ ਅਤੇ ਕੰਙਣਾ ਖੇਡਣ ਮੌਕੇ ਕੀਤਾ ਜਾਂਦਾ ਹੈ।

     ਮੰਗਣੀ ਮੌਕੇ, ਲਾੜੇ ਨੂੰ ਸ਼ਿੰਗਾਰਨ ਮੌਕੇ, ਸਲਾਮੀ ਦੇਣ ਸਮੇਂ ਦੇ ਹੇਅਰੇ ਟਿਕਾਅ ਦੀ ਸਥਿਤੀ ਵਿੱਚ ਪੇਸ਼ ਹੁੰਦੇ ਹਨ। ਇਹਨਾਂ ਹੇਅਰਿਆਂ ਦਾ ਸਮੁੱਚਾ ਸ਼ਬਦੀ ਜਗਤ ਇੱਕੋ ਭਾਵ ਖੇਤਰ ਨਾਲ ਸੰਬੰਧਿਤ ਹੁੰਦਾ ਹੈ। ਬਾਕੀ ਮੌਕਿਆਂ ਉੱਤੇ ਤਨਾਉ-ਮੁਕਤ (ਪਿਆਰ ਦੀ ਭਾਵਨਾ ਵਾਲੇ) ਅਤੇ ਤਨਾਉ ਯੁਕਤ (ਟਕਰਾਅ ਦੀ ਭਾਵਨਾ ਵਾਲੇ) ਦੋਵੇਂ ਤਰ੍ਹਾਂ ਦੇ ਹੇਅਰੇ ਗਾਏ ਜਾਂਦੇ ਹਨ :

     ਜਿਦੇ ਵੇ ਵੀਰਾਂ ਤੂੰ ਜਨਮਿਆ

     ਤੇਰੀ ਮਾਂ ਨੇ ਖਾਧੀ ਖੀਰ।

     ਕੰਧੀ ਚਾਨਣ ਹੋ ਗਿਆ

     ਕੋਈ ਜੱਗ ਵਿੱਚ ਹੋਇਆ

                        -ਵੇ ਅੰਤੋਂ ਪਿਆਰਿਆ ਵੇ - ਸੀਰ।

     ਉਪਰੋਕਤ ਹੇਅਰੇ ਵਿੱਚ ਜਦੋਂ ਭੈਣ, ਵੀਰ ਨੂੰ ਸਜਿਆ- ਸੰਵਰਿਆ ਘੋੜੀ ਚੜ੍ਹਿਆ ਵੇਖਦੀ ਹੈ ਤਾਂ ਵੀਰ ਨੂੰ ਵੇਖ ਕੇ ਉਸ ਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਵੀਰ ਦੀ ਹੋਂਦ ਨਾਲ ਉਸ ਦਾ ਜੱਗ ਵਿੱਚ ਸੀਰ ਹੁੰਦਾ ਹੈ। ਵੀਰ ਦਾ ਜਨਮ, ਮਾਂ ਵੱਲੋਂ ਖ਼ੁਸ਼ੀ ਵਿੱਚ ਖੀਰ ਭਾਵ ਮਿੱਠਾ ਖਾਣਾ, ਸਾਰੇ ਪਾਸੇ ਚਾਨਣ ਹੋਣਾ, ਮਾਂ ਨੂੰ ਸਮਾਜ ਵਿੱਚ ਇੱਜ਼ਤ ਵਾਲਾ ਸਥਾਨ ਮਿਲਣਾ ਆਦਿ ਭੈਣ ਦੇ ਵੀਰ ਪ੍ਰਤਿ ਪਿਆਰ ਦੀ ਭਾਵਨਾ ਵਾਲੇ ਚਿੱਤਰ ਹਨ। ‘ਵੇ ਅੰਤੋਂ ਪਿਆਰਿਆ’ ਕਹਿ ਕੇ ਸੁਰ ਲਮਕਾਉਣੀ ਵੀਰ ਪ੍ਰਤਿ ਭਾਵੁਕ ਸਾਂਝ ਨੂੰ ਦਰਸਾਉਂਦੀ ਹੈ। ਇਹ ਪਿਆਰ ਭਰਪੂਰ ਇਕਾਗਰ ਭਾਵ ਟਿਕਾਅ ਵਾਲੀ ਹਾਲਤ ਸਮੇਂ ਹੀ ਪੇਸ਼ ਹੋ ਸਕਦੇ ਹਨ :

     ਚੁਟਕੀ ਵੀ ਮਾਰਾਂ ਸ਼ੇਰਿਆ ਰਾਖ ਦੀ

     ਹਾਂ ਵੇ... ਤੈਨੂੰ ਗਧਾ ਲੈਂਦੀ ਵੇ ਬਣਾ

     ਨੌਂ ਮਣ ਛੋਲੇ ਲੱਦ ਕੇ

     ਤੈਨੂੰ ਪਾਵਾਂ ਸ਼ਹਿਰ ਦੇ

                        - ਵੇ ਗੁੱਸਾ ਮਤ ਕਰੀਂ ਵੇ - ਰਾਹ।

     ਇਹ ਹੇਅਰਾ ਦੋ ਧਿਰਾਂ ਵਿੱਚ ਟਕਰਾਉ ਦੀ ਅਵਸਥਾ ਨੂੰ ਪੇਸ਼ ਕਰਦਾ ਹੈ। ਇਸ ਤਰ੍ਹਾਂ ਦੇ ਟਕਰਾਉ ਵਾਲੇ ਹੇਅਰਿਆਂ ਵਿਚਲਾ ਸੰਬੋਧਨ, ਗੱਲ ਕਹਿਣ ਦਾ ਢੰਗ ਤੇ ਪ੍ਰਕਾਰਜ ਸਿੱਠਣੀ ਵਰਗਾ ਹੁੰਦਾ ਹੈ। ਅਜਿਹੇ ਹੇਅਰਿਆਂ ਦਾ ਵਿਸ਼ਾ ਟਕਰਾਅ ਵਾਲਾ ਹੁੰਦਾ ਹੈ। ਇਸ ਕਰ ਕੇ ਸੰਬੋਧਕ ਧਿਰ ਤਨਜ਼/ਵਿਅੰਗ/ਮਸ਼ਕਰੀ ਵਾਲੇ ਅੰਦਾਜ਼ ਵਿੱਚ ਸੰਬੋਧਿਤ ਹੁੰਦੀ ਹੈ। ਸੰਬੋਧਕ (ਹੇਅਰਾ ਗਾਉਣ ਵਾਲੀ ਇਸਤਰੀ) ਸੰਬੋਧਿਤ (ਜਿਸ ਲਈ ਹੇਅਰਾ ਗਾ ਰਹੀ ਹੋਵੇ) ਦਾ ਨਾਂ ਲੈ ਕੇ ਉਸ ਨੂੰ ਵਿਅੰਗ ਦਾ ਕੇਂਦਰ ਬਣਾਉਂਦੀ ਹੈ। ਸੰਬੋਧਿਤ ਨੂੰ ਗਧਾ ਬਣਾ ਕੇ, ਨੌਂ ਮਣ ਛੋਲੇ ਲੱਦ ਕੇ, ਸ਼ਹਿਰ ਦੇ ਰਾਹ ਪਾਉਣ ਦੀ ਕਲਪਨਾ ਕਰ ਕੇ ਠਿੱਠ ਕੀਤਾ ਗਿਆ ਹੈ। ਇਹ ਸਿਠਣੀ ਵਰਗੀ ਕਾਟਵੀਂ ਮਸ਼ਕਰੀ ਜਾਂ ਸੰਬੋਧਿਤ ਨੂੰ ਨੈਤਿਕ ਪੱਖੋਂ ਗਿਰਨ ਦਾ ਤਾਹਨਾ ਨਾ ਹੋ ਕੇ ਉਸ ਉੱਤੇ ਵਿਅੰਗ ਕੱਸ ਕੇ ਹੱਸਿਆ ਗਿਆ ਹੈ। ਉਸ ਨੂੰ ‘ਗੁੱਸਾ ਮਤ ਕਰੀਂ’ ਕਹਿ ਕੇ ਸਿਆਣਪ ਵਰਤਦਿਆਂ, ਸ਼ਾਂਤ ਕਰ ਕੇ ਵਿਅੰਗ ਪੈਦਾ ਕੀਤਾ ਜਾਂਦਾ ਹੈ। ਸਿਠਣੀ ਵਿੱਚ ਇਹੀ ਸੰਬੋਧਨ ਤਨਾਉ ਤੋਂ ਟਕਰਾਉ ਵੱਲ ਜਾਂਦਾ ਹੈ, ਪਰ ਇੱਥੇ ਬਚਾਉ ਵੱਲ ਜਾਂਦਾ ਹੈ। ਇੱਥੇ ਸੰਬੋਧਨ ਲਹਿਜ਼ਾ ਸ਼ਿਸ਼ਟਾਚਾਰੀ ਧੁਨ ਅਪਣਾਉਂਦਾ ਹੈ। ਇਸ ਪ੍ਰਕਾਰ ਪਰਿਵਾਰ ਅਤੇ ਕਬੀਲੇ ਨੂੰ ਆਧਾਰ ਬਣਾ ਕੇ ਰਚੇ ਗਏ ਹੇਅਰਿਆਂ ਵਿੱਚ ਪ੍ਰਸੰਸਾ, ਮੋਹ ਪਰ ਕਿਸੇ ਹੋਰ ਨੂੰ ਆਧਾਰ ਬਣਾ ਕੇ ਰਚੇ ਗਏ ਹੇਅਰਿਆਂ ਵਿੱਚ ਵਿਅੰਗ ਪ੍ਰਧਾਨ ਰਹਿੰਦਾ ਹੈ। ‘ਹੇਅਰਾ’ ਪੰਜਾਬੀ ਲੋਕ-ਮਨ ਦੀ ਅਜਿਹੀ ਉਪਜ ਹੈ, ਜਿਸ ਦਾ ਰਚੇਤਾ ਨਾਮਾਲੂਮ ਹੁੰਦਾ ਹੈ ਅਤੇ ਇਹ ਕੇਵਲ ਇਸਤਰੀ ਸ਼੍ਰੇਣੀ ਵੱਲੋਂ ਹੀ ਗਾਇਆ ਜਾਣਾ ਸਵੀਕ੍ਰਿਤ ਹੈ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹੇਅਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੇਅਰਾ (ਨਾਂ,ਪੁ) ਵਿਆਹ ਆਦਿ ਸਮੇਂ ਗਾਇਆ ਜਾਣ ਵਾਲਾ ਲੋਕ-ਗੀਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.