ਹੇਮਚੰਦਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੇਮਚੰਦਰ (1145–1229) : ਗੁਜਰਾਤ ਦੇ ਪਿੰਡ ਧੁੰਧੁਕ ਦਾ ਰਹਿਣ ਵਾਲਾ ਹੇਮਚੰਦਰ ਜੈਨਮਤ ਦੀ ਸ਼ਵੇਤਾਂਬਰ ਸੰਪਰਦਾ ਦਾ ਪ੍ਰਮਾਣਿਕ ਅਚਾਰੀਆ ਸੀ ਜਿਸ ਦਾ ਜਨਮ 1145 ਵਿੱਚ ਹੋਇਆ। ਹੇਮਚੰਦਰ ਨੇ ਛੋਟੀ ਉਮਰ ਵਿੱਚ ਸੰਨਿਆਸ ਗ੍ਰਹਿਣ ਕੀਤਾ ਅਤੇ ਆਪਣੀ ਗਿਆਨ-ਸਾਧਨਾ ਅੰਹਿਲਵਾੜਾ-ਪਾਟਨ ਵਿੱਚ ਮਹਾਰਾਜਾ ਸਿੱਧਰਾਜ ਅਤੇ ਮਹਾਰਾਜ ਕੁਮਾਰ ਪਾਲ ਦੇ ਰਾਜਕਾਲ ਵਿੱਚ ਰਹਿ ਕੇ ਕੀਤੀ। ਉਸ ਨੇ ਵਿਆਕਰਨ, ਨਿਆਂ, ਛੰਦ, ਕਾਵਿ ਅਤੇ ਧਰਮ ਆਦਿ ਬਾਰੇ ਵਿਸ਼ਿਆਂ ਵਿੱਚ ਪੰਜਾਹ ਤੋਂ ਵੱਧ ਗ੍ਰੰਥਾਂ ਦੀ ਸਿਰਜਣਾ ਕੀਤੀ, ਜਿਨ੍ਹਾਂ ਵਿੱਚ ਕਾਵਿਯਾਨੁੰਸ਼ਾਸਨ ਅਭਿਧਾਨ ਚਿੰਤਾਮਣੀ, ਦੇਸ਼ੀਨਾਮਮਾਲਾ, ਯੋਗਸ਼ਾਸਤਰ, ਦਿਵਿਯਾਸ੍ਰੇਕਾਵਿਯ, ਤ੍ਰਿਸ਼ਟੀਸ਼ਲਾਕਾ ਪੁਰੁਸ਼ਚਿਤ੍ਰ ਆਦਿ ਪ੍ਰਸਿੱਧ ਹਨ।
ਹੇਮਚੰਦਰ ਨੇ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੋਹਾਂ ਦੇ ਵਿਆਕਰਨ ਸਿੱਧ ਹੈਮਸ਼ਬਦਾਨੁਸ਼ਾਸਨ ਦੀ ਰਚਨਾ 1196–1199 ਦੇ ਮੱਧ ਵਿੱਚ ਕੀਤੀ। ਇਸ ਦੇ ਅੱਠ ਅਧਿਆਇਆਂ ਵਿੱਚੋਂ ਪਹਿਲੇ ਸੱਤ ਅਧਿਆਇ ਜਿਨ੍ਹਾਂ ਵਿੱਚ 3566 ਸੂਤਰ ਹਨ, ਸੰਸਕ੍ਰਿਤ ਦਾ ਵਿਆਕਰਨ ਹੈ ਅਤੇ 1129 ਸੂਤਰਾਂ ਵਾਲੇ ਅੱਠਵੇਂ ਅਧਿਆਇ ਵਿੱਚ ਆਵਰ ਅਤੇ ਪ੍ਰਾਕ੍ਰਿਤ ਭਾਵ ਪੁਰਾਣੀ ਅਤੇ ਨਵੀਂ ਦੋਹਾਂ ਹੀ ਪ੍ਰਾਕ੍ਰਿਤ ਭਾਸ਼ਾਵਾਂ ਦਾ ਇਕੱਠੇ ਵਿਵੇਚਨ ਕੀਤਾ ਹੈ।
ਹੇਮਚੰਦਰ ਵੱਲੋਂ ਰਚਿਤ ਹੈਮ ਸ਼ਬਦਾਨੁਸ਼ਾਸਨ ਦੀ ਪ੍ਰੇਰਨਾ ਪਾਣਿਨੀ ਦੀ ਅਸ਼ਟਾਧਿਆਈ ਹੀ ਹੈ, ਪਰੰਤੂ ਇਹ ਇੱਕ ਅਤਿਅੰਤ ਮੌਲਿਕ ਅਤੇ ਵਿਵਹਾਰਿਕ ਗ੍ਰੰਥ ਹੈ। ਵੈਦਿਕ ਸ਼ਬਦ, ਪ੍ਰਤਯ, ਸ੍ਵਰ ਸੰਬੰਧਿਤ ਸੂਤਰਾਂ ਨੂੰ ਹੇਮਚੰਦਰ ਨੇ ਵਿਆਕਰਨ ਵਿੱਚ ਨਹੀਂ ਰੱਖਿਆ। ਇਹਨਾਂ ਦੇ ਸੂਤਰਾਂ ਦੀ ਭਾਸ਼ਾ ਪਾਣਿਨੀ-ਆਧਾਰਿਤ ਹੈ ਪਰ ਵਰਣਨਸ਼ੈਲੀ ਵਿੱਚ ਸਪਸ਼ਟ ਭੇਦ ਹੈ - ਹੇਮਚੰਦਰ ਨੇ ਆਪਣੇ ਸੂਤਰਾਂ ਨੂੰ ਸੰਗਿਆ ਰਹਿਤ ਰੱਖ ਕੇ ਅਤੇ ਉਦਾਹਰਨ ਦੇ ਕੇ ਸਰਲ ਬਣਾਇਆ ਹੈ। ਗ੍ਰੰਥਨਸ਼ੈਲੀ ਵਿੱਚ ਵੀ ਅੰਤਰ ਹੈ-ਇੱਕ ਵਿਸ਼ਿਯਕ ਸੂਤਰ ਇੱਕ ਹੀ ਥਾਂ ਤੇ ਸਥਿਤ ਹੈ ਅਤੇ ਪ੍ਰਕਿਰਿਆ ਦਾ ਨਿਰਵਾਹ ਬਿਨਾਂ ਸੰਗਿਆਵਾਂ ਦੀ ਕਲਿਸ਼ਟਤਾ ਦੇ ਅਤੇ ਪ੍ਰਤਯਾਹਾਰ ਪੱਧਤੀ ਦੀ ਥਾਂ ਤੇ ਵਰਨਮਾਲਾ ਕ੍ਰਮ ਤੋਂ ਹੀ ਕੀਤਾ ਹੈ ਅਤੇ ਲਕਾਰ ਵਿਵਸਥਾ ਨੂੰ ਤਿਆਗ ਕੇ ਵਰਤਮਾਨ, ਅਧਤਨੀ, ਸਵਸਤਨੀ ਆਦਿ ਸਰਲ ਸੰਗਿਆਵਾਂ ਦੁਆਰਾ ਹੀ ਕੀਤੀ ਹੈ। ਪਰਿਭਾਸ਼ਾ ਸੂਤਰਾਂ ਦੀ ਥਾਂ ਤੇ ਪਰਿਭਾਸ਼ਾਵਾਂ ਨੂੰ ਵਿਵਸਥਾ ਅਤੇ ਲੋੜ ਅਨੁਸਾਰ ਵਿਸ਼ਿਸ਼ਟ ਨਿਰਦੇਸ਼ਾਂ ਦੁਆਰਾ ਹੀ ਕਰਦੇ ਗਏ ਹਨ। ਇਹਨਾਂ ਦੇ ਦੋ ਹੀ ਸੂਤਰ ਪਰਿਭਾਸ਼ਾ-ਰੂਪ ਵਿੱਚ ਮੰਨੇ ਗਏ ਹਨ : 1-1-2, 1-1-3.
ਹੈਮਸ਼ਬਦਾਨੁਸ਼ਾਸਨ ਦੇ ਲਿਖਤ-ਪਾਠਾਂ ਵਿੱਚ ਧਾਤੂ ਪਾਠ, ਗਣਪਾਠ, ਹੈਮਲਿੰਗਾਨੁਸ਼ਾਸਨ, ਉਣਾਦਿ ਸਤਰ ਦੀ ਗਣਨਾ ਹੁੰਦੀ ਹੈ।
ਹੇਮਚੰਦਰ ਦਾ ਸਭ ਤੋਂ ਮਹੱਤਵਪੂਰਨ ਯੋਗ ਅਤੇ ਉਸ ਦੀ ਮੌਲਿਕਤਾ ਉਸ ਦੀ ਪ੍ਰਾਕ੍ਰਿਤ ਵਿਆਕਰਨ ਹੈ। ਪ੍ਰਾਕ੍ਰਿਤ, ਸ਼ੌਰਸੇਨੀ, ਮਾਗਧੀ, ਪੇਸ਼ਾਚੀ, ਚੂਲਿਕਾ ਅਤੇ ਅਪਭ੍ਰੰਸ਼ ਆਦਿ ਪ੍ਰਾਕ੍ਰਿਤ ਭਾਸ਼ਾਵਾਂ ਦਾ ਵਿਆਕਰਨ ਸਭ ਤੋਂ ਪਹਿਲਾਂ ਹੇਮਚੰਦਰ ਨੇ ਹੀ ਲਿਖਿਆ। ਉਸ ਦੇ ਪ੍ਰਾਕ੍ਰਿਤ ਸੂਤਰਾਂ, ਉਦਾਹਰਨਾਂ ਅਤੇ ਉਣਾਦਿ ਦੁਆਰਾ ਸੰਪੂਰਨ ਸ਼ਬਦਾਂ ਨਾਲ ਹਿੰਦੀ, ਗੁਜਰਾਤੀ, ਮਰਾਠੀ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੀਆਂ ਅਨੇਕ ਪ੍ਰਵਿਰਤੀਆਂ ਤੇ ਚਾਨਣਾ ਪੈਂਦਾ ਹੈ। ਇਸ ਕਾਰਨ ਅਤੇ ਆਪਣੀ ਨਵੀਂ ਵਿਆਕਰਨ- ਪੱਧਤੀ ਦੇ ਕਾਰਨ, ਹੇਮਚੰਦਰ ਪਾਣਿਨੀ ਤੋਂ ਬਾਅਦ ਪਹਿਲਾ ਅਤੇ ਇੱਕ ਮਾਤਰ ਮੌਲਿਕ ਵਿਆਕਰਨਕਾਰ ਹੈ ਅਤੇ ਉਸ ਦਾ ਭਾਰਤ ਦੇ ਭਾਸ਼ਾ ਅਤੇ ਵਿਆਕਰਨ ਦੇ ਇਤਿਹਾਸ ਵਿੱਚ ਅਤਿਅੰਤ ਮਹੱਤਵਪੂਰਨ ਸਥਾਨ ਹੈ।
ਹੇਮਚੰਦਰ ਨੇ ਵਿਆਕਰਨ ਤੇ ਕਈ ਵਿਆਖਿਆਵਾਂ ਲਿਖੀਆਂ ਹਨ। ਲਘੂ, ਮਧਿਅਮ ਅਤੇ ਵੱਡੀ ਵਰਿੱਤੀ ਹੇਮਚੰਦਰ ਨੇ ਆਪ ਲਿਖੀਆਂ। ਇਸ ਤੋਂ ਬਾਅਦ ਲਗਪਗ ਸਤਾਰਾਂ ਵਿਦਵਾਨਾਂ ਨੇ ਟੀਕਾ-ਟਿੱਪਣੀ ਦੀ ਰਚਨਾ ਕੀਤੀ, ਜੋ ਗ੍ਰੰਥ ਪ੍ਰਾਪਤ ਕਰਨੇ ਲਗਪਗ ਅਸੰਭਵ ਅਤੇ ਅਗਿਆਤ ਹਨ।
ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਹੇਮਚੰਦਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੇਮਚੰਦਰ, (ਪੁਲਿੰਗ) : ਇੱਕ ਪਰਸਿਧ ਜੈਨ ਵਿਆਕਰਣੀਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-18-11-10-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First