ਫ਼ਰਾਇਡਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫ਼ਰਾਇਡਵਾਦ: ਮਨੁੱਖੀ ਮਨ ਅਤੇ ਇਸਦੇ ਅਵਚੇਤਨ ਦੀਆਂ ਪ੍ਰਕਿਰਿਆਵਾਂ ਦੇ ਅਧਿਐਨ ਨੂੰ ਮਨੋ-ਵਿਸ਼ਲੇਸ਼ਣ ਕਿਹਾ ਗਿਆ ਹੈ। ਕਿਉਂਕਿ ਫ਼ਰਾਇਡ ਆਧੁਨਿਕ ਮਨੋ- ਵਿਸ਼ਲੇਸ਼ਣ ਦਾ ਮੋਢੀ ਚਿੰਤਕ ਹੈ ਅਤੇ ਮਨੋ-ਵਿਗਿਆਨ ਮੂਲ ਰੂਪ ਵਿੱਚ ਅੱਜ ਵੀ ਫ਼ਰਾਇਡਵਾਦੀ ਹੈ, ਇਸ ਕਰ ਕੇ ਇਸ ਨੂੰ ਫ਼ਰਾਇਡਵਾਦ (Freudianism) ਦਾ ਨਾਂ ਦਿੱਤਾ ਗਿਆ ਹੈ। ਫ਼ਰਾਇਡ ਮੋਰੇਵੀਆ (ਜਿਹੜਾ ਕਿ ਹੁਣ ਦੇ ਚੈਕੋਸਲੋਵਾਕੀਆ ਦਾ ਹਿੱਸਾ ਹੈ) ਆਸਟਰੀਆ ਵਿੱਚ 1856 ਵਿੱਚ ਪੈਦਾ ਹੋਇਆ। ਉਸ ਨੇ ਆਪਣੀ ਮੁਢਲੀ ਵਿੱਦਿਆ ਵੀਆਨਾ ਤੋਂ ਅਤੇ ਡਾਕਟਰੀ ਵਿੱਦਿਆ ਪੈਰਿਸ ਤੋਂ ਹਾਸਲ ਕੀਤੀ। ਇਸ ਉਪਰੰਤ ਉਸ ਨੇ ਵੀਆਨਾ ਵਿੱਚ ਕਲੀਨਿਕ ਖੋਲ੍ਹਿਆ ਅਤੇ ਮਨੋਰੋਗੀਆਂ ਦਾ ਇਲਾਜ ਕਰਨ ਲੱਗਾ। ਉਸ ਦਾ ਵਿਚਾਰ ਸੀ ਕਿ ਮਨੋਰੋਗਾਂ ਦਾ ਕਾਰਨ ਬਚਪਨ ਦੇ ਭੁੱਲੇ-ਵਿਸਰੇ ਅਤੇ ਅਣਸੁਲਝੇ ਜਜ਼ਬਾਤੀ ਤਣਾਵਾਂ/ਝਟਕਿਆਂ ਵਿੱਚ ਲੁਕਿਆ ਹੁੰਦਾ ਹੈ। ਇਹਨਾਂ ਦੇ ਇਲਾਜ ਲਈ ਉਸ ਨੇ ਸੰਮੋਹਨ ਅਤੇ ‘ਗੱਲਬਾਤੀ ਇਲਾਜ` ਵਰਗੀਆਂ ਤਕਨੀਕਾਂ ਵਿਕਸਿਤ ਕੀਤੀਆਂ। ਉਸ ਅਨੁਸਾਰ ਮਨੋਰੋਗਾਂ ਦਾ ਇਲਾਜ ਇਹਨਾਂ ਮਾਨਸਿਕ/ ਜਜ਼ਬਾਤੀ ਧੱਕਿਆਂ ਨੂੰ ਸੁੱਤੇ ਅਵਚੇਤਨ `ਚੋਂ ਜਗਾ ਕੇ ਚੇਤੰਨ ਮਨ ਦੇ ਦ੍ਰਿਸ਼ਟੀਗੋਚਰ ਕਰਨ ਨਾਲ ਕੀਤਾ ਜਾ ਸਕਦਾ ਹੈ। ਇਸ ਵਿਸ਼ੇ `ਤੇ ਮੁਢਲਾ ਸਿਧਾਂਤਿਕ ਕੰਮ ਉਸ ਨੇ ਜ਼ੋਸਫ਼ ਬ੍ਰੀਊਅਰ ਨਾਲ ਮਿਲ ਕੇ ਆਪਣੀ ਪੁਸਤਕ ਸਟਡੀਜ਼ ਅੋਨ ਹਿਸਟੀਰੀਆ (1895) ਵਿੱਚ ਕੀਤਾ। ਉਸ ਨੇ ਇੰਟਰਨੈਸ਼ਨਲ ਸਾਇਕੋ- ਐਨਲਿਟਿਕਲ ਐਸੋਸੀਏਸ਼ਨ ਦਾ ਸੀ.ਜੀ.ਯੁੰਗ ਦੀ ਪ੍ਰਧਾਨਗੀ ਹੇਠ ਗਠਨ ਕੀਤਾ। ਉਸ ਨੇ ਇੰਟਰਪ੍ਰੱਟੇਸ਼ਨ ਆਫ਼ ਡਰੀਮਜ਼ (1900) ਵਿੱਚ ਤਰਕ ਦਿੱਤਾ ਕਿ ਸੁਪਨੇ ਦੱਬੀਆਂ ਹੋਈਆਂ ਕਾਮੁਕ ਇੱਛਾਵਾਂ ਦਾ ਪ੍ਰਗਟਾਵਾ ਹੁੰਦੇ ਹਨ। ਉਸ ਦੀਆਂ ਦੋ ਹੋਰ ਪ੍ਰਮੁਖ ਕ੍ਰਿਤਾਂ ਦੀ ਸਾਇਕੋ- ਪੈਥੋਲੋਜੀ ਆਫ਼ ਐਵਰੀਡੇ ਲਾਈਫ਼ ਅਤੇ ਥ੍ਰੀ ਐੱਸੇਜ਼ ਆਨ ਦੀ ਥਿਊਰੀ ਆਫ਼ ਸੈਕਸੁਅਲਿਟੀ ਵਿੱਚ ਬਾਲ- ਕਾਮੁਕਤਾ `ਤੇ ਬਲ ਦੇਣ ਕਾਰਨ ਅਤੇ ਅਵਚੇਤਨ ਨੂੰ ਮੁੱਖ ਤੌਰ `ਤੇ ਕਾਮੁਕਤਾ ਨਾਲ ਜੋੜਨ ਕਰ ਕੇ ਯੁੰਗ, ਐਡਲਰ ਅਤੇ ਰੈਂਕ ਵਰਗੇ ਉਸ ਦੇ ਅਹਿਮ ਸਹਿਯੋਗੀ ਉਸ ਦਾ ਸਾਥ ਛੱਡ ਗਏ। ਆਪਣੀ ਪੁਸਤਕ ਈਗੋ ਐਂਡ ਇਦ (1930) ਵਿੱਚ ਉਸ ਨੇ ਅਵਚੇਤਨ ਦੇ ਤੱਤਾਂ; ਜਿਵੇਂ ਕਿ ਇਦ, ਈਗੋ ਅਤੇ ਸੁਪਰਈਗੋ ਬਾਰੇ ਆਪਣੇ ਸਿਧਾਂਤ ਪੇਸ਼ ਕੀਤੇ। ਮੋਜ਼ਿਜ਼ ਐਂਡ ਮੋਨੋਥੀਇਜ਼ਮ (1939) ਵਿੱਚ ਉਸ ਨੇ ਮਨੋ-ਵਿਸ਼ਲੇਸ਼ਣ ਨੂੰ ਸੱਭਿਆਚਾਰਿਕ ਸਮੱਸਿਆਵਾਂ ਉਤੇ ਲਾਗੂ ਕਰਨ ਦਾ ਯਤਨ ਕੀਤਾ ਹੈ। ਉਸ ਨੇ ਆਪਣੀ ਪੁਸਤਕ ਇੰਟਰੋਡਕਟਰੀ ਲੈਕਚਰਜ਼ ਆਨ ਸਾਇਕੋਅਨ-ਲਿਸਿਜ਼ ਵਿੱਚ ਕਿਹਾ: ਜਿੱਥੇ ਕਾਮਨਾ ਹੈ, ਉਥੇ ਹਉਮੈ ਵੀ ਜ਼ਰੂਰ ਹੋਵੇਗੀ। ਉਸ ਦਾ ਕਹਿਣ ਦਾ ਭਾਵ ਹੈ ਕਿ ਜਿੱਥੇ ਮਨੁੱਖ ਵਿੱਚ ਕਾਮੁਕ ਇੱਛਾਵਾਂ ਦੀ ਪੂਰਤੀ ਦੀ ਇੱਛਾ ਹੁੰਦੀ ਹੈ, ਉਥੇ ਯਥਾਰਥ ਦਾ ਸਿਧਾਂਤ ਹਉਮੈ ਉਸ ਨੂੰ ਅਜਿਹਾ ਕਰਨ ਤੋਂ ਵਰਜਦਾ ਹੈ। ਫ਼ਰਾਇਡ ਨੇ ਮਨੋ- ਵਿਗਿਆਨ ਦੇ ਉਦੇਸ਼ ਦੀ ਚਰਚਾ ਕਰਦਿਆਂ ਕਿਹਾ ਕਿ: ‘ਹਉਮੈ` ਨੂੰ ਤਕੜਾ ਕਰਨਾ, ਸੁਪਰਈਗੋ ਤੋਂ ਮੁਕਤ ਕਰਾਉਣਾ, ਇਸਦੇ ਦ੍ਰਿਸ਼ਟੀ ਦੇ ਖੇਤਰ ਨੂੰ ਵਿਸ਼ਾਲ ਕਰਨਾ ਅਤੇ ਇਸਦੇ ਸੰਗਠਨ ਦੇ ਘੇਰੇ ਨੂੰ ਵਿਸਤ੍ਰਿਤ ਕਰਨਾ ਹੈ ਤਾਂ ਕਿ ਇਹ ਕਾਮਨਾ ਦੇ ਵਧੇਰੇ ਖੇਤਰਾਂ ਨੂੰ ਆਪਣੇ ਆਪ ਵਿੱਚ ਸਮੋ ਸਕੇ। ਬਿਯੋਂਡ ਦੀ ਪਲੈਜ਼ਰ ਪ੍ਰਿੰਸੀਪਲ ਵਿੱਚ ਉਸ ਨੇ ਦੱਸਿਆ ਕਿ ਜਿੱਥੇ ਮਨੁੱਖ ਵਿੱਚ ਜ਼ਿੰਦਗੀ ਨੂੰ ਸ਼ਿੱਦਤ ਨਾਲ ਜਿਊਂਣ, ਮਾਨਣ, ਪਿਆਰ ਕਰਨ ਦੀ ਮੂਲ ਪ੍ਰਵਿਰਤੀ ਈਰੋਸ ਹੁੰਦੀ ਹੈ, ਉਥੇ ਉਸ ਵਿੱਚ ਦੂਜੇ ਪ੍ਰਤਿ ਵਿਨਾਸ਼ਕਾਰੀ ਪ੍ਰਵਿਰਤੀ ਜਾਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾਂ ਮਰਨ ਦੀ ਪ੍ਰਵਿਰਤੀ ਥਨੈਟੋਜ਼ ਵੀ ਕਿਤੇ ਛੁਪੀ ਹੋਈ ਹੁੰਦੀ ਹੈ। ਇਸ ਤਰ੍ਹਾਂ ਫ਼ਰਾਇਡ ਜਿੱਥੇ ਮਨੁੱਖੀ ਸ਼ਾਨ ਅਤੇ ਫ਼ਖ਼ਰ ਦੀ ਗੱਲ ਕਰਦਾ ਹੈ ਉਥੇ ਉਹ ਮਨੁੱਖੀ ਗਿਰਾਵਟ ਅਤੇ ਨਿਘਾਰ ਦੀਆਂ ਸੰਭਾਵਨਾਵਾਂ ਵੱਲ ਵੀ ਧਿਆਨ ਦਿਵਾਉਂਦਾ ਹੈ। ਲਾਇਨਲ ਟ੍ਰਿਲਿੰਗ ਦੇ ਸ਼ਬਦਾਂ ਵਿੱਚ ਫ਼ਰਾਇਡ ਅਨੁਸਾਰ ਮਾਨਵ ਸੱਭਿਆਚਾਰ ਅਤੇ ਜੀਵ- ਵਿਗਿਆਨ ਦੀ ਇੱਕ ਜਟਿਲ ਗੁੰਝਲ ਹੈ। ਮਨੁੱਖ ਆਪਣੇ ਅੰਦਰ ਇੱਕ ਤਰ੍ਹਾਂ ਦਾ ਨਰਕ ਲਈ ਫਿਰਦਾ ਹੈ ਜਿਸ ਵਿੱਚ ਅਜਿਹੀਆਂ ਪ੍ਰਵਿਰਤੀਆਂ ਹਨ ਜਿਹੜੀਆਂ ਸੱਭਿਅਤਾ ਲਈ ਖ਼ਤਰਾ ਹੋ ਸਕਦੀਆਂ ਹਨ।

     ਨਿਰਸੰਦੇਹ ਮਨੁੱਖੀ ਅਵਚੇਤਨ ਅਤੇ ਮਨੁੱਖੀ ਅਮਲ ਵਿੱਚ ਅਵਚੇਤਨ ਦੇ ਰੋਲ ਬਾਰੇ ਫ਼ਰਾਇਡ ਨੇ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਹਨ। ਉਸ ਨੇ ਦਰਸਾਇਆ ਹੈ ਕਿ ਸਾਡਾ ਚੇਤਨ ਮਨ ਜਿਸ ਨੂੰ ਅਸੀਂ ਗਿਆਨ ਦਾ ਸਰੋਤ ਜਾਂ ਖੇਤਰ ਸਮਝਦੇ ਹਾਂ ਅਤੇ ਮਨੁੱਖੀ ਅਮਲ ਅਸਲ ਵਿੱਚ ਇੰਨੇ ਚੇਤੰਨ ਨਹੀਂ ਹੁੰਦੇ ਜਿੰਨਾ ਅਸੀਂ ਇਹਨਾਂ ਨੂੰ ਸਮਝਦੇ ਹਾਂ। ਉਸ ਅਨੁਸਾਰ ਮਨੋਰੋਗਾਂ ਦੇ ਕਾਰਨਾਂ ਨੂੰ ਦੱਬੇ ਹੋਏ ਬਚਪਨ ਦੇ ਅਭਿਆਸ ਅਤੇ ਦੱਬੀਆਂ ਹੋਈਆਂ ਕਾਮੁਕ ਇੱਛਾਵਾਂ ਵਿੱਚੋਂ ਲੱਭਿਆ ਜਾ ਸਕਦਾ ਹੈ ਅਤੇ ਇਹ ਇੱਛਾਵਾਂ ਦਾ ਪ੍ਰਮਾਣ ਸਾਨੂੰ ਸੁਪਨਿਆਂ ਵਿੱਚੋਂ ਮਿਲਦਾ ਹੈ। ਇਸੇ ਲਈ ਫ਼ਰਾਇਡ ਨੇ ਜ਼ੋਰ ਦੇ ਕੇ ਕਿਹਾ ਕਿ ਸੁਪਨੇ ਅਵਚੇਤਨ ਨੂੰ ਜਾਂਦੀ ਸ਼ਾਹੀ ਸੜਕ ਹਨ। ਇਸ ਤਰ੍ਹਾਂ ਫ਼ਰਾਇਡ ਨੇ ਮਨੁੱਖੀ ਜੀਵਨ ਦੇ ਵਿਸਰੇ ਹੋਏ ਅਵਚੇਤਨ ਦੇ ਸੱਚ ਨੂੰ ਧਿਆਨਗੋਚਰੇ ਕੀਤਾ। ਫ਼ਰਾਇਡਵਾਦੀ ਮਨੋਵਿਸ਼ਲੇਸ਼ਣ ਦਾ ਘੇਰਾ ਮਾਨਵ- ਵਿਗਿਆਨ, ਵਿੱਦਿਆ, ਕਲਾ, ਸੱਭਿਆਚਾਰ ਅਤੇ ਸਾਹਿਤਿਕ ਆਲੋਚਨਾ ਦੇ ਖੇਤਰਾਂ ਵਿੱਚ ਫੈਲਿਆ ਹੋਇਆ ਹੈ।

     ਫ਼ਰਾਇਡਵਾਦੀਆਂ ਨੇ ਕਲਾ ਦੇ ਸਰੂਪ ਅਤੇ ਕਲਾਕਾਰ ਦੇ ਅਵਚੇਤਨ ਬਾਰੇ ਵੀ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਉਸ ਨੇ ਕਲਾਕਾਰ ਦੇ ਸੁਭਾਅ ਅਤੇ ਉਸ ਦੀ ਕਲਾ ਵਿੱਚ ਨੇੜਲਾ ਰਿਸ਼ਤਾ ਸਥਾਪਿਤ ਕੀਤਾ। ਉਸ ਨੇ ਸਫੋਕਲੀਜ਼ ਦੇ ਨਾਟਕ ਈਡੀਪਸ ਤੋਂ ਪ੍ਰੇਰਿਤ ਹੁੰਦਿਆਂ ਈਡੀਪਸ ਕੰਪਲੈਕਸ ਦਾ ਸੰਕਲਪ ਦਿੱਤਾ ਜਿਸਦਾ ਅਰਥ ਇਹ ਸੀ ਸਮਲਿੰਗੀ ਧਿਰਾਂ ਯਾਨੀ ਪਿਤਾ ਅਤੇ ਪੁੱਤਰ ਵਿੱਚ ਇੱਕ ਕੁਦਰਤੀ ਵਿਰੋਧ ਅਤੇ ਵਿਰੋਧੀ ਲਿੰਗ ਇਸਤਰੀ ਜਾਂ ਮਰਦ ਜਾਂ ਮਾਤਾ ਤੇ ਪੁੱਤਰ ਵਿੱਚ ਕੁਦਰਤੀ ਆਕਰਸ਼ਣ ਹੁੰਦਾ ਹੈ। ਉਸ ਦੇ ਇਸ ਸੰਕਲਪ ਤੋਂ ਪ੍ਰੇਰਿਤ ਹੁੰਦਿਆਂ ਅਰਨਸਟ ਜੋਨਜ਼ ਨੇ ਸ਼ੇਕਸਪੀਅਰ ਦੇ ਨਾਟਕ ਹੈਮਲੇਟ ਵਿੱਚ ਹੈਮਲੇਟ ਦੀ ਅਕ੍ਰਿਆਸ਼ੀਲਤਾ ਅਤੇ ਆਪਣੇ ਚਾਚੇ ਨੂੰ ਮਾਰਨ ਦੀ ਅਸਫਲਤਾ ਦਾ ਕਾਰਨ ਈਡੀਪਸ ਕੰਪਲੈਕਸ ਜਾਂ ਪਿੱਤਰੀ ਡਰ ਦੱਸਿਆ।

     ਫ਼ਰਾਇਡ ਦੇ ਸਿਧਾਂਤ ਅਤੇ ਉਸ ਦੇ ਇਲਾਜ ਕਰਨ ਦੇ ਢੰਗ ਉਨ੍ਹੀਵੀਂ ਸਦੀ ਵਿੱਚ ਵੀ ਵਿਵਾਦਗ੍ਰਸਤ ਰਹੇ ਅਤੇ ਅੱਜ ਵੀ ਉਹ ਭਖਵੀਂ ਬਹਿਸ ਦਾ ਮੁੱਦਾ ਹਨ। 1933 ਵਿੱਚ ਜਦੋਂ ਉਸ ਦੀਆਂ ਪੁਸਤਕਾਂ ਨੂੰ ਬਰਲਿਨ ਵਿੱਚ ਸਾੜਿਆ ਜਾ ਰਿਹਾ ਸੀ ਤਾਂ ਉਸ ਨੇ ਕਿਹਾ :

     ਅਸੀਂ ਕੀ ਪ੍ਰਗਤੀ ਕਰ ਰਹੇ ਹਾਂ। ਮੱਧਕਾਲ ਵਿੱਚ ਤਾਂ ਉਹਨਾਂ ਨੇ ਮੈਨੂੰ ਹੀ ਸਾੜ ਦਿੱਤਾ ਹੁੰਦਾ, ਹੁਣ ਤਾਂ ਉਹ ਮੇਰੀਆਂ ਪੁਸਤਕਾਂ ਸਾੜ ਕੇ ਹੀ ਸੰਤੁਸ਼ਟ ਹਨ।

     1938 ਵਿੱਚ ਉਹ ਆਸਟਰੀਆ ਤੇ ਨਾਜ਼ੀਆਂ ਦੇ ਹਮਲੇ ਪਿੱਛੋਂ ਇੰਗਲੈਂਡ ਵਿੱਚ ਪਨਾਹ ਲੈਣ ਲਈ ਪਹੁੰਚਿਆ ਅਤੇ ਥੋੜ੍ਹੇ ਸਮੇਂ ਪਿਛੋਂ ਉਸ ਦਾ ਦਿਹਾਂਤ ਹੋ ਗਿਆ। ਇਹ ਗੱਲ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਖ਼ੁਦ ਵੀ ਘੱਟੋ-ਘੱਟ ਦੋ ਵਾਰ-ਪਹਿਲੀ ਵਾਰ 1885, ਦੂਜੀ ਵਾਰ 1907 ਵਿੱਚ ਆਪਣੇ ਹੀ ਦਸਤਾਵੇਜ਼ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਹਨਾਂ ਨੂੰ ਸਿਗਮੰਡ ਫ਼ਰਾਇਡ ਆਰਕਾਇਵ ਵਿੱਚ ਰੱਖਿਆ ਗਿਆ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਫ਼ਰਾਇਡਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ਰਾਇਡਵਾਦ [ਨਾਂਪੁ] ਫ਼ਰਾਇਡ ਦਾ ਮਨੋਵਿਗਿਆਨਿਕ ਸਿਧਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.