ਅਰਥ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਰਥ ਵਿਗਿਆਨ : ਆਧੁਨਿਕ ਭਾਸ਼ਾ ਵਿਗਿਆਨ ਵਿਚ ਅਰਥ ਵਿਗਿਆਨ , ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ । ਧੁਨੀ ਵਿਗਿਆਨ ਅਤੇ ਵਿਆਕਰਨ ਇਸੇ ਦੀਆਂ ਹੋਰ ਸ਼ਾਖਾਵਾਂ ਹਨ । ਭਾਰਤੀ ਅਰਥ ਪਰੰਪਰਾ ਦਾ ਇਕ ਲੰਮਾ ਇਤਿਹਾਸ ਹੈ ਪਰ ਪੱਛਮ ਵਿਚ ਇਸ ਦੀ ਵਰਤੋਂ ਇਸੇ ਸਦੀ ਵਿਚ ਹੋਣੀ ਸ਼ੁਰੂ ਹੋਈ । ਅਰਥ ਵਿਗਿਆਨ ਦਾ ਅੰਗਰੇਜ਼ੀ ਵਿਚ ਸਮਾਨਾਰਥਕ ਸ਼ਬਦ ਸਿਮਾਂਟਿਕਸ ( Semantics ) ਹੈ । ਇਸ ਦਾ ਸਰੋਤ ਯੁਨਾਨੀ ਹੈ ਅਤੇ ਫਰਾਂਸੀਸੀ ਵਿਚ ( Semautique ) ਵਜੋਂ ਅਪਣਾਇਆ ਗਿਆ । ਇਸ ਸੰਕਲਪ ਦੀ ਵਰਤੋਂ ਅਰਥਾਂ ਲਈ ਬਰੇਲ ਨੇ 1900 ਵਿਚ ਕੀਤੀ । ਅਮਰੀਕੀ ਸਰੰਚਨਾਵਾਦੀ ਭਾਸ਼ਾ ਵਿਗਿਆਨੀ ਬਲੂਮਫੀਲਡ ਇਸ ਵਿਸ਼ੇ ਨੂੰ ਭਾਸ਼ਾ ਵਿਗਿਆਨ ਦਾ ਵਿਸ਼ਾ ਨਹੀਂ ਮੰਨਦਾ । ਪਰ ਬਾਦ ਵਿਚ ਇਸ ਨੂੰ ਭਾਸ਼ਾ ਵਿਗਿਆਨ ਦੇ ਖੇਤਰ ਵਜੋਂ ਜਾਣਿਆ ਜਾਣ ਲੱਗਾ । ਸੋਸਿਓਰ ਦੇ ਚਿੰਨ੍ਹ , ਚਿਨਹਕ ਤੇ ਚਿਹਨਤ ਅਤੇ ਔਜਨ ਤੇ ਰਿਚਰਡਜ਼ ਦੇ Thought , Symbol , Referent ਸੰਕਲਪਾਂ ਨਾਲ ਇਸ ਖੇਤਰ ਨੂੰ ਖੋਜਣ ਲਈ ਉਤਸ਼ਾਹ ਮਿਲਿਆ । ਸੋਸਿਓਰ ਚਿੰਨ੍ਹ ਨੂੰ ਭਾਸ਼ਾਈ ਇਕਾਈ ਵਜੋਂ ਸਥਾਪਤ ਕਰਦਾ ਹੈ ਭਾਵੇਂ ਚਿੰਨ੍ਹ ਦਾ ਘੇਰਾ ਗੈਰ-ਭਾਸ਼ਾਈ ਸੰਚਾਰ ਤੱਕ ਫੈਲਿਆ ਹੋਇਆ ਹੈ । ਉਸ ਅਨੁਸਾਰ ਚਿੰਨ੍ਹ ਦੇ ਦੋ ਪੱਖ ਹਨ , ਉਸ ਦਾ ਰੂਪ ਅਤੇ ਅਰਥ । ਦੂਜੇ ਪਾਸੇ ਅੋਜਨ ਅਤੇ ਰਿਚਰਡਜ਼ ਅਨੁਸਾਰ ਚਿੰਨ੍ਹ ਅਤੇ ਸੋਚ ਰਾਹੀਂ ਵਸਤੂ ਤੱਕ ਪਹੁੰਚਿਆ ਜਾਂਦਾ ਹੈ । ਚਿੰਨ੍ਹ ਤੋਂ ਸਿੱਧੇ ਵਸਤੂ ਦਾ ਪਤਾ ਨਹੀਂ ਲਗਾਇਆ ਜਾ ਸਕਦਾ । ਇਸ ਤੋਂ ਪਹਿਲਾਂ ਨਾਮਕਰਨ ਨੂੰ ਹੀ ਅਰਥ ਦਾ ਅਧਾਰ ਬਣਾਇਆ ਜਾਂਦਾ ਸੀ , ਜਿਸ ਦੀ ਇਕ ਨਿਸ਼ਚਿਤ ਸੀਮਾ ਹੈ । ਨਾਮਕਰਨ ਕੇਵਲ ਨਾਂਵ ਸ਼ਬਦਾਂ ਤੱਕ ਹੀ ਸੀਮਿਤ ਹੁੰਦਾ ਹੈ । ਹੁਣ ਇਸ ਸੰਕਲਪ ਨੂੰ ਵਿਗਿਆਨ ਦੇ ਤੌਰ ’ ਤੇ ਜਾਣਿਆ ਜਾਂਦਾ ਹੈ । ਜਿਸ ਰਾਹੀਂ ਸ਼ਬਦਾਂ ਦੇ ਅਰਥਾਂ ਦਾ ਅਧਿਅਨ ਕੀਤਾ ਜਾਵੇ , ਉਸ ਵਿਗਿਆਨ ਨੂੰ ਅਰਥ ਵਿਗਿਆਨ ਕਿਹਾ ਜਾਂਦਾ ਹੈ । ਭਾਰਤੀ ਅਰਥ ਪਰੰਪਰਾ ਵਿਚ ਅਪੋਹ ਭਾਵ ਨਿਖੇਧ ਰਾਹੀਂ , ਸਫੋਟ ਭਾਵ ਧੁਨੀਆਂ ਜਾਂ ਸ਼ਬਦਾਂ ਦੇ ਉਚਾਰਨ ਰਾਹੀਂ , ਧੁਨੀ ਭਾਵ ਸ਼ਬਦ ਦੀ ਵਰਤੋਂ ਰਾਹੀਂ ਅਰਥਾਂ ਦਾ ਅਧਿਅਨ ਕੀਤਾ ਜਾਂਦਾ ਰਿਹਾ ਹੈ । ਭਾਰਤੀ ਅਰਥ ਪਰੰਪਰਾ ਵਿਚ ਧੁਨੀ ਨੂੰ ਸ਼ਬਦਾਂ ਦੀਆਂ ਸ਼ਕਤੀਆਂ ਲਈ ਵਰਤਿਆ ਜਾਂਦਾ ਰਿਹਾ ਹੈ । ਇਹ ਸ਼ਕਤੀਆਂ ਅਭਿਧਾ ( ਕੋਸ਼ਕ ) ਲਕਸ਼ਣਾ ( ਰੂਪਕ ) ਅਤੇ ਵਿਅੰਜਣਾ ( ਸੁਝਾਓ ) ਮੂਲਕ ਹਨ ਜਿਨ੍ਹਾਂ ਰਾਹੀਂ ਸ਼ਬਦਾਂ ਦੇ ਅਰਥ ਸਬੰਧੀ ਭਰਪੂਰ ਚਰਚਾ ਹੋਈ ਮਿਲਦੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.