ਅਹਿਮਦ ਸ਼ਾਹ ਦੁਰਾਨੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਿਮਦ ਸ਼ਾਹ ਦੁਰਾਨੀ ( ਅਬਦਾਲੀ ) ( 1722- 1772 ਈ. ) : ਸੱਦੋਜ਼ਈ ਕਬੀਲੇ ਦਾ ਇਕ ਪਠਾਣ ਜਿਸ ਦਾ ਅਸਲ ਨਾਂ ਅਹਿਮਦ ਖ਼ਾਨ ਸੀ । ਇਸ ਦਾ ਪਿਤਾ ਮੁਹੰਮਦ ਜ਼ਮਾਨ ਖ਼ਾਨ ਹੈਰਾਤ ਦੇ ਇਲਾਕੇ ਦਾ ਇਕ ਸਾਧਾਰਣ ਸਰਦਾਰ ਸੀ । ਨਾਦਰਸ਼ਾਹ ਨੇ ਸੰਨ 1731 ਈ. ਵਿਚ ਹੈਰਾਤ ਉਤੇ ਹਮਲਾ ਕਰਕੇ ਬਹੁਤ ਤਬਾਹੀ ਕੀਤੀ ਅਤੇ ਅਨੇਕ ਅਬਦਾਲੀਆਂ ਨੂੰ ਬੰਦੀ ਬਣਾ ਲਿਆ ਜਿਨ੍ਹਾਂ ਵਿਚ ਅਹਿਮਦ ਖ਼ਾਨ ਵੀ ਸ਼ਾਮਲ ਸੀ । ਇਸ ਤਰ੍ਹਾਂ ਇਹ ਬਚਪਨ ਤੋਂ ਨਾਦਰਸ਼ਾਹ ਦੀ ਸੇਵਾ ਵਿਚ ਗ਼ੁਲਾਮ ਵਜੋਂ ਰਹਿੰਦਾ ਰਿਹਾ । ਪਰ ਇਸ ਨੇ ਆਪਣੀ ਯੋਗਤਾ ਨਾਲ ਹੌਲੀ ਹੌਲੀ ਤਰੱਕੀ ਕੀਤੀ ਅਤੇ ਨਾਦਰਸ਼ਾਹ ਦੀ ਫ਼ੌਜ ਦਾ ਸੈਨਾਪਤੀ ਬਣਿਆ ।

                      ਸੰਨ 1747 ਈ. ਵਿਚ ਨਾਦਰਸ਼ਾਹ ਦੇ ਕਤਲ ਹੋਣ ’ ਤੇ ਇਸ ਨੇ ਸ਼ਕਤੀ ਇਕੱਠੀ ਕਰਕੇ ਬਾਦਸ਼ਾਹੀ ਹਾਸਲ ਕਰ ਲਈ ਅਤੇ ਅਹਿਮਦ ਖ਼ਾਨ ਤੋਂ ਅਹਿਮਦ ਸ਼ਾਹ ਬਣਿਆ । ਇਸ ਨੂੰ ਇਕ ਦਰਵੇਸ਼ ਸਾਬਰ ਸ਼ਾਹ ਨੇ ‘ ਦੁੱਰੇ ਦੁੱਰਾਨ’ ਦਾ ਖ਼ਿਤਾਬ ( ਪਦਵੀ ) ਬਖ਼ਸ਼ਿਆ ਜੋ ਕਾਲਾਂਤਰ ਵਿਚ ‘ ਦੁਰਾਨੀ’ ਰੂਪ ਵਿਚ ਪ੍ਰਸਿੱਧ ਹੋ ਗਿਆ । ਸੰਨ 1748 ਈ. ਵਿਚ ਇਸ ਨੇ ਹਿੰਦੁਸਤਾਨ ਉਤੇ ਪਹਿਲਾ ਹਮਲਾ ਕੀਤਾ , ਪਰ ਸਰਹਿੰਦ ਨੇੜੇ ਮੁਗ਼ਲ ਫ਼ੌਜ ਤੋਂ ਹਾਰ ਕੇ ਕਾਬਲ ਪਰਤ ਗਿਆ । ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਦੇਹਾਂਤ ਤੋਂ ਬਾਦ ਇਸ ਨੇ ਸੰਨ 1749 ਈ. ਵਿਚ ਫਿਰ ਹਮਲਾ ਕੀਤਾ ਅਤੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੂੰ ਹਰਾ ਕੇ ਮੁਲਤਾਨ , ਸਿੰਧ , ਪੰਜਾਬ ਆਦਿ ਸੂਬੇ ਆਪਣੇ ਅਧਿਕਾਰ ਵਿਚ ਕਰ ਲਏ । ਇਸ ਦੌਰਾਨ ਇਸ ਨੇ ਪੰਜਾਬ ਦੀ ਖ਼ੂਬ ਲੁਟ-ਮਾਰ ਕੀਤੀ । ਇਸ ਦੀ ਪਰਛਾਈ ਪੰਜਾਬੀ ਲੋਕ-ਗੀਤਾਂ ਵਿਚ ਮਿਲ ਜਾਂਦੀ ਹੈ , ਜਿਵੇਂ— ਕੁਝ ਹਾਲੀ ਦੀ ਕੁਝ ਪਾਲੀ ਦੀ ਬਾਕੀ ਅਹਿਮਦਸ਼ਾਹ ਅਬਦਾਲੀ ਦੀ

                      ਸੰਨ 1754 ਈ. ਵਿਚ ਅਹਿਮਦ ਸ਼ਾਹ ਦੀ ਮੌਤ ਤੋਂ ਬਾਦ ਆਲਮਗੀਰ ਦੂਜਾ ਦਿੱਲੀ ਦੀ ਗੱਦੀ ਉਤੇ ਬੈਠਾ । ਉਸ ਦੇ ਪ੍ਰਧਾਨ ਮੰਤਰੀ ਗ਼ਾਜ਼ੀਉੱਦੀਨ ਨੇ ਦੁਰਾਨੀ ਦੇ ਅਧੀਨ ਹੋ ਚੁੱਕੇ ਮੁਲਤਾਨ ਨਗਰ ਉਤੇ ਹਮਲਾ ਕੀਤਾ ਅਤੇ ਉਥੋਂ ਦੇ ਅਫ਼ਗ਼ਾਨ ਸੂਬੇਦਾਰ ਨੂੰ ਕੈਦ ਕਰ ਲਿਆ । ਇਸ ਤੋਂ ਚਿੜ੍ਹ ਕੇ ਦੁਰਾਨੀ ਨੇ ਸੰਨ 1756 ਈ. ਵਿਚ ਹਿੰਦੁਸਤਾਨ ਉਤੇ ਤੀਜਾ ਹਮਲਾ ਕੀਤਾ , ਦਿੱਲੀ ਨੂੰ ਜਿਤ ਕੇ 40 ਦਿਨ ਖ਼ੂਬ ਲੁਟ-ਮਾਰ ਕੀਤੀ ਅਤੇ ਨਜੀਬੁੱਦੌਲਾ ਨੂੰ ਪ੍ਰਧਾਨ ਮੰਤਰੀ ਬਣਾ ਕੇ ਆਪਣੇ ਦੇਸ਼ ਨੂੰ ਪਰਤ ਗਿਆ । ਇਸ ਤੋਂ ਬਾਦ ਵੀ ਇਸ ਨੇ ਕਈ ਹਮਲੇ ਕੀਤੇ , ਜਿਨ੍ਹਾਂ ਵਿਚੋਂ ਸੰਨ 1762 ਈ. ਵਾਲਾ ਹਮਲਾ ਸਿੱਖ-ਇਤਿਹਾਸ ਦਾ ਇਕ ਦੁਖਦਾਇਕ ਕਾਂਡ ਹੋ ਨਿਬੜਿਆ । 5 ਫਰਵਰੀ 1762 ਈ. ਨੂੰ ਇਸ ਨੇ ਕੁੱਪ-ਰਹੀੜਾ ਦੇ ਮੁਕਾਮ’ ਤੇ ਸਿੱਖ ਵਹੀਰ ਨੂੰ ਘੇਰ ਕੇ ਲਗਭਗ ਵੀਹ ਹਜ਼ਾਰ ਸਿੰਘ , ਸਿੰਘਣੀਆਂ ਅਤੇ ਬੱਚੇ ਸ਼ਹੀਦ ਕੀਤੇ । ਫਿਰ ਅਪ੍ਰੈਲ ਮਹੀਨੇ ਵਿਚ ਇਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬਾਰੂਦ ਨਾਲ ਉਡਾਇਆ । ਸੰਨ 1769 ਈ. ਦੇ ਸ਼ੁਰੂ ਵਿਚ ਇਸ ਨੇ ਹਿੰਦੁਸਤਾਨ ਉਤੇ ਆਖ਼ਰੀ ਵਾਰ ਹਮਲਾ ਕੀਤਾ । ਪਰ ਉਦੋਂ ਤਕ ਸਿੱਖ ਸੈਨਿਕ ਚੰਗੀ ਤਰ੍ਹਾਂ ਨਾਲ ਸੰਗਠਿਤ ਹੋ ਚੁਕੇ ਸਨ । ਉਨ੍ਹਾਂ ਦੀ ਸ਼ਕਤੀ ਨੂੰ ਵੇਖ ਕੇ ਇਹ ਅਗੇ ਵਧਣ ਦੀ ਹਿੰਮਤ ਨ ਕਰ ਸਕਿਆ ਅਤੇ ਨਿਰਾਸ਼ ਹੋ ਕੇ ਗੁਜਰਾਤ ਪਹੁੰਚਣ ਤੋਂ ਪਹਿਲਾਂ ਹੀ ਦੇਸ਼ ਪਰਤ ਗਿਆ । ਸੰਨ 1772 ਈ. ਵਿਚ ਇਸ ਦੀ ਨਕ ਦੇ ਉਸ ਜ਼ਖ਼ਮ ਕਾਰਣ ਮੌਤ ਹੋ ਗਈ ਜੋ ਇਸ ਦੁਆਰਾ ਹਰਿਮੰਦਿਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਵੇਲੇ ਇਕ ਕੰਕਰ ਨਾਲ ਲਗਾ ਸੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.