ਅਫ਼ਜ਼ਲ ਅਹਿਸਨ ਰੰਧਾਵਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਫ਼ਜ਼ਲ ਅਹਿਸਨ ਰੰਧਾਵਾ ( 1937 ) : ਪਾਕਿਸਤਾਨ ਦੇ ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਸਿੱਧ ਗਲਪਕਾਰ ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ ਪਹਿਲੀ ਸਤੰਬਰ 1937 ਨੂੰ ਅੰਮ੍ਰਿਤਸਰ ਵਿੱਚ ਹੋਇਆ । ਉਸ ਸਮੇਂ ਉਸ ਦੇ ਪਿਤਾ ਇੱਥੇ ਪੁਲਿਸ ਵਿੱਚ ਥਾਣੇਦਾਰ ਸਨ । ਮਾਪਿਆਂ ਨੇ ਉਸ ਦਾ ਨਾਂ ਮੁਹੰਮਦ ਅਫ਼ਜ਼ਲ ਰੱਖਿਆ ਪਰ ਉਹ ਆਪਣੇ ਕਲਮੀ ਨਾਂ ਅਫ਼ਜ਼ਲ ਅਹਿਸਨ ਰੰਧਾਵਾ ਵਜੋਂ ਮਸ਼ਹੂਰ ਹੋਇਆ । ਅਫ਼ਜ਼ਲ ਰੰਧਾਵਾ ਦਾ ਜੱਦੀ ਪਿੰਡ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਵਿੱਚ ਕਿਆਮਪੁਰ ਹੈ ਜਿਹੜਾ ਰਾਵੀਓਂ ਪਾਰ ਕਰਤਾਰਪੁਰ ਦੇ ਨੇੜੇ ਹੈ । ਅਫ਼ਜ਼ਲ ਅਹਿਸਨ ਰੰਧਾਵਾ ਨੇ ਆਪਣੀ ਮੁਢਲੀ ਸਿੱਖਿਆ ਲਾਹੌਰ ਤੋਂ , ਮੈਟ੍ਰਿਕ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ , ਬੀ.ਏ. ਮੱਰੇ ਕਾਲਜ ਸਿਆਲਕੋਟ ਤੋਂ ਤੇ ਕਾਨੂੰਨ ਦੀ ਡਿਗਰੀ ਪੰਜਾਬ ਯੂਨੀਵਰਸਿਟੀ , ਲਾਹੌਰ ਤੋਂ ਹਾਸਲ ਕੀਤੀ । ਤਿੰਨ ਸਾਲ ਖੇਤੀ ਯੂਨੀਵਰਸਿਟੀ , ਫ਼ੈਸਲਾਬਾਦ ਵਿੱਚ ਨੌਕਰੀ ਕਰਨ ਪਿੱਛੋਂ ਵਕਾਲਤ ਸ਼ੁਰੂ ਕਰ ਦਿੱਤੀ । ਅਫ਼ਜ਼ਲ ਅਹਿਸਨ ਰੰਧਾਵਾ ਪੇਸ਼ੇ ਵਜੋਂ ਕਾਮਯਾਬ ਵਕੀਲ ਹੈ । ਉਹ ਰਾਜਨੀਤੀ ਵਿੱਚ ਵੀ ਦਿਲਚਸਪੀ ਲੈਂਦਾ ਰਿਹਾ ਹੈ । ਸਾਲ 1972 ਵਿੱਚ ਉਹ ਫ਼ੈਸਲਾਬਾਦ ਤੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ । 1975 ਵਿੱਚ ਪਾਕਿਸਤਾਨੀ ਪਾਰਲੀਮੈਂਟ ਦੇ ਸਦਭਾਵਨਾ ਪ੍ਰਤਿਨਿਧ ਮੰਡਲ ਦੇ ਮੈਂਬਰ ਵਜੋਂ ਸਵਿਟਜ਼ਰਲੈਂਡ , ਫ਼੍ਰਾਂਸ , ਯੋਗੋਸਲਾਵੀਆ ਤੇ ਰੋਮ ਦਾ ਦੌਰਾ ਵੀ ਕੀਤਾ । ਸਮੇਂ-ਸਮੇਂ ਉਹ ਵੱਖ-ਵੱਖ ਸੰਸਥਾਵਾਂ , ਅਦਾਰਿਆਂ , ਬੋਰਡਾਂ ਤੇ ਕਮੇਟੀਆਂ ਦਾ ਅਹੁਦੇਦਾਰ/ਮੈਂਬਰ ਵੀ ਰਿਹਾ , ਜਿਨ੍ਹਾਂ ਵਿੱਚੋਂ ਫ਼ੈਸਲਾਬਾਦ ਦੀ ਬਾਰ ਐਸੋਸੀਏਸ਼ਨ ਦਾ ਵਾਈਸ-ਚੇਅਰਮੈਨ , ਅਜ਼ਾਦ ਜੰਮੂ-ਕਸ਼ਮੀਰ ਕੌਂਸਲ , ਕੇਂਦਰੀ ਫ਼ਿਲਮ ਸੈਂਸਰ ਬੋਰਡ , ਰੇਡੀਓ ਤੇ ਟੈਲੀਵੀਜ਼ਨ ਦੀ ਕੇਂਦਰੀ ਕਮੇਟੀ , ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ , ਖੇਤੀ-ਬਾੜੀ ਯੂਨੀ- ਵਰਸਿਟੀ ਅਤੇ ‘ ਅਕਾਦਮੀ ਅਦਬੀਆਤ ਪਾਕਿਸਤਾਨ` ਦੀ ਮੈਂਬਰੀ ਖ਼ਾਸ ਵਰਣਨਯੋਗ ਹਨ । ਅਫ਼ਜ਼ਲ ਰੰਧਾਵਾ ਵਿਦੇਸ਼ਾਂ ਵਿੱਚ ਆਯੋਜਿਤ ਵਿਸ਼ਵ ਕਾਨਫਰੰਸਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਵੀ ਕਰਦਾ ਰਿਹਾ ਹੈ । ਸਾਲ 1973 ਵਿੱਚ ਉਸ ਨੇ ਪੰਜਵੀਂ ਏਸ਼ੀਆਈ ਲੇਖਕ ਕਾਨਫਰੰਸ ਵਿੱਚ ਪਾਕਿਸਤਾਨੀ ਹਕੂਮਤ ਦੇ ਨੁਮਾਇੰਦੇ ਵਜੋਂ ਸ਼ਮੂਲੀਅਤ ਕੀਤੀ ।

        ਪਰ ਪਾਕਿਸਤਾਨ ਦੀ ਸਿਆਸਤ ਰੰਧਾਵਾ ਨੂੰ ਬਹੁਤੀ ਰਾਸ ਨਹੀਂ ਆਈ । ਆਪਣੇ ਪਿੰਡ ਵਿੱਚ ਜ਼ਮੀਨ ਦੀ ਦੇਖ-ਭਾਲ ਅਤੇ ਵਕਾਲਤ `ਚੋਂ ਸਮਾਂ ਕੱਢ ਕੇ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੜ੍ਹਨ-ਲਿਖਣ ਨਾਲ ਜੋੜਿਆ ਹੋਇਆ ਹੈ । ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਹੁਣ ਤੱਕ ਉਸ ਦੀਆਂ ਇੱਕ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ । ਗਲਪ ਦੇ ਖੇਤਰ ਵਿੱਚ ਦੀਵਾ ਤੇ ਦਰਿਆ ( 1961 ) , ਦੁਆਬਾ ( 1981 ) , ਸੂਰਜ ਗ੍ਰਹਿਣ ( 1985 ) , ਪੰਧ ( 1998 ) ਨਾਮੀ ਨਾਵਲ ਅਤੇ ਰੰਨ , ਤਲਵਾਰ ਤੇ ਘੋੜਾ ( 1973 ) , ਮੁੰਨਾ ਕੋਹ ਲਾਹੌਰ ( 1989 ) ਨਾਮੀ ਕਹਾਣੀ- ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ । ਕਵਿਤਾ ਦੇ ਖੇਤਰ ਵਿੱਚ ਸ਼ੀਸ਼ਾ ਇੱਕ ਲਿਸ਼ਕਾਰੇ ਦੋ ( 1965 ) , ਰੱਤ ਦੇ ਚਾਰ ਸਫ਼ਰ ( 1975 ) , ਪੰਜਾਬ ਦੀ ਵਾਰ ( 1979 ) , ਮਿੱਟੀ ਦੀ ਮਹਿਕ ( 1983 ) , ਪਿਆਲੀ ਵਿੱਚ ਅਸਮਾਨ ( 1983 ) , ਛੇਵਾਂ ਦਰਿਆ ( 1997 ) ਛਪ ਚੁੱਕੇ ਹਨ । ਇਸ ਤੋਂ ਇਲਾਵਾ ਸੱਪ ਸ਼ੀਂਹ ਤੇ ਫ਼ਕੀਰ ਵਰਗੇ ਨਾਟਕ ਟੀ.ਵੀ. ਉਪਰ ਨਸ਼ਰ ਹੋ ਚੁੱਕੇ ਹਨ ਅਤੇ ਕੁਝ ਨਾਟਕ; ਕੁਝ ਮੌਲਿਕ ਰਚਨਾਵਾਂ ਇਸ ਵੇਲੇ ਛਪਾਈ ਅਧੀਨ ਹਨ । ਇਸ ਦੇ ਨਾਲ ਹੀ ਅੱਧੀ ਦਰਜਨ ਅਨੁਵਾਦ ਵੀ ਛਪ ਚੁੱਕੇ ਹਨ ਜਿਨ੍ਹਾਂ ਵਿੱਚੋਂ ਟੁੱਟ - ਭੱਜ ( ਅਫ਼ਰੀਕੀ ਨਾਵਲ ) , ਤਾਰੀਖ ਨਾਲ ਇੰਟਰਵਿਊ ( ਯੂਨਾਨੀ ) , ਕਾਲਾ ਪੈਂਡਾ ( 19 ਅਫ਼ਰੀਕੀ ਮੁਲਕਾਂ ਦੀਆਂ 82 ਕਵਿਤਾਵਾਂ ਅਤੇ ਅਮਰੀਕਾ ਦੇ 19 ਕਾਲੇ ਕਵੀਆਂ ਦੀਆਂ ਨਜ਼ਮਾਂ ਦੀ ਚੋਣ ) ; ਅਤੇ ਪਹਿਲਾਂ ਦੱਸੀ ਗਈ ਮੌਤ ਦਾ ਰੋਜ਼ਨਾਮਚਾ ( ਹਿਸਪਾਨਵੀ ਨਾਵਲ ) ਆਦਿ ਖ਼ਾਸ ਤੌਰ ਤੇ ਵਰਣਨਯੋਗ ਹਨ ।

        ਅਫ਼ਜ਼ਲ ਅਹਿਸਨ ਰੰਧਾਵਾ ਨੂੰ ਇਸ ਗੱਲ ਤੇ ਬਹੁਤ ਮਾਣ ਹੈ ਕਿ ਉਸ ਦੇ ਜੱਦੀ ਪਿੰਡ ਕਿਆਮਪੁਰ ਦੇ ਨੇੜੇ ਹੀ ਕਰਤਾਰਪੁਰ ਦਾ ਉਹ ਪਵਿੱਤਰ ਅਸਥਾਨ ਹੈ ਜਿਸ ਨੂੰ ਗੁਰੂ ਨਾਨਕ ਦੇਵ ਨੇ ਵਸਾਇਆ ਸੀ । 1947 ਤੋਂ ਪਿੱਛੋਂ ਕੋਈ ਵਿਰਲਾ ਹੀ ਸਿੱਖ ਇਸ ਭੂਮੀ ਦੇ ਦਰਸ਼ਨ ਕਰ ਸਕਿਆ ਹੈ । ਪਰ ਰੰਧਾਵਾ ਜਦ ਵੀ ਪਿੰਡ ਜਾਂਦਾ ਹੈ ਤਾਂ ਉਹ ਬੜੀ ਸ਼ਰਧਾ ਨਾਲ ਬਾਬੇ ਨਾਨਕ ਦੀ ਵਰੋਸਾਈ ਹੋਈ ਧਰਤੀ , ਬਾਬੇ ਨਾਨਕ ਦੀ ਯਾਦ ਵਿੱਚ ਉਸਾਰੇ ਗੁਰਦੁਆਰੇ ਨੂੰ ਪ੍ਰਣਾਮ ਕਰਦਾ ਹੈ । ਅਜਿੱਤੇ ਰੰਧਾਵੇ ਦੀ ਬਾਬਾ ਨਾਨਕ ਨਾਲ ਹੋਈ ਮੁਲਾਕਾਤ ਦੀ ਸਾਖੀ ਪੜ੍ਹ ਕੇ ਉਹ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ । ਉਹ ਮਹਿਸੂਸ ਕਰਦਾ ਹੈ ਕਿ ਜਿਵੇਂ ਅਜਿੱਤਾ ਰੰਧਾਵਾ ਉਸ ਦੇ ਵੱਡਿਕਿਆਂ ਵਿੱਚੋਂ ਹੀ ਹੋਵੇ । ਉਸ ਨੂੰ ਕਰਤਾਰਪੁਰ ਦੀ ਧਰਤੀ ਦੇ ਚੱਪੇ-ਚੱਪੇ ਵਿੱਚੋਂ ਬਾਬਾ ਨਾਨਕ ਦੀ ਰੱਬੀ ਬਾਣੀ ਰਾਹੀਂ ਸਾਂਝੀਵਾਲਤਾ , ਪਿਆਰ ਅਤੇ ‘ ਏਕ ਪਿਤਾ ਏਕਸ ਦੇ ਹਮ ਬਾਰਕ` ਦਾ ਸੰਦੇਸ਼ ਸੁਣਾਈ ਦਿੰਦਾ ਹੋਵੇ । ਇਸ ਪੈਗ਼ਾਮ ਨੂੰ ਉਹ ਆਪਣੀਆਂ ਰਚਨਾਵਾਂ ਦਾ ਆਧਾਰ ਵੀ ਬਣਾਉਂਦਾ ਹੈ ।

        ਅਫ਼ਜ਼ਲ ਅਹਿਸਨ ਰੰਧਾਵਾ ਇਸ ਦੁੱਖ ਨੂੰ ਬੜੀ ਗੰਭੀਰਤਾ ਨਾਲ ਮਹਿਸੂਸ ਕਰਦਾ ਹੈ ਕਿ ਭਾਰਤ ਦੀ ਸੁਤੰਤਰਤਾ , ਪਾਕਿਸਤਾਨ ਦੀ ਕਾਇਮੀ ਅਤੇ ਦੇਸ਼ ਦੀ ਵੰਡ ਨਾਲ ਜਿਹੜਾ ਮਨੁੱਖ ਟੋਟੇ-ਟੋਟੇ ਹੋਇਆ ਸੀ , ਉਸ ਦਾ ਨਾਂ ਹੀ ‘ ਪੰਜਾਬ` ਸੀ । ਉਸ ਸਮੇਂ ਉਹ ਕੇਵਲ ਦਸਾਂ ਵਰ੍ਹਿਆਂ ਦਾ ਸੀ । ਪਰ ਫ਼ਿਰਕਾਪ੍ਰਸਤੀ ਦੀ ਹਨ੍ਹੇਰੀ ਤੇ ਧਾਰਮਿਕ ਪਾਗਲਪੁਣੇ ਨੇ ਜਿਹੜੀ ਤਬਾਹੀ ਮਚਾਈ ਉਸ ਦੇ ਨਕਸ਼ ਰੰਧਾਵਾ ਦੇ ਬਾਲ-ਮਨ ਉਪਰ ਚੰਗੀ ਤਰ੍ਹਾਂ ਉੱਕਰੇ ਹੋਏ ਹਨ । ਆਪਣੇ ਬਜ਼ੁਰਗਾਂ ਪਾਸੋਂ ਸੁਣ ਕੇ ਜਾਂ ਇਤਿਹਾਸ ਦੀਆਂ ਪੁਸਤਕਾਂ ਪੜ੍ਹ ਕੇ ਜਿਵੇਂ-ਜਿਵੇਂ ਉਸ ਨੂੰ ਸਚਾਈ ਦਾ ਪਤਾ ਲੱਗਾ ਤਾਂ ਉਸ ਨੇ ਪੰਜਾਬ ਦੀ ਸਾਂਝੀ ਰਹਿਤਲ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ । 1947 ਤੋਂ ਪਹਿਲਾਂ ਅਤੇ ਪਿੱਛੋਂ ਪੰਜਾਬ ਦੀ ਜਿਹੜੀ ਤਸਵੀਰ ਉਸ ਦੀਆਂ ਰਚਨਾਵਾਂ ਵਿੱਚੋਂ ਨਿੱਖਰ ਕੇ ਸਾਮ੍ਹਣੇ ਆਈ ਹੈ , ਉਸ ਵਿੱਚ ਉਹਨਾਂ ਬਹਾਦਰ ਸਿੰਘ , ਸਿੰਘਣੀਆਂ ਤੇ ਯੋਧਿਆਂ ਦਾ ਵਰਣਨ ਹੈ ਜਿਹੜੇ ਆਪਣੀ ਅਣਖ ਦੀ ਖ਼ਾਤਰ ਮਰ ਮਿਟਦੇ ਹਨ । ਜਿਹੜੇ ਲੋਕ ਪੰਜਾਬੀ ਬੋਲੀ ਤੇ ਸਾਹਿਤ ਨੂੰ ਧਰਮ ਨਾਲ ਜੋੜ ਕੇ ਵੇਖਦੇ ਹਨ , ਉਹ ਉਸ ਨੂੰ ਪਾਕਿਸਤਾਨ ਅਤੇ ਇਸਲਾਮ ਦੇ ਵਿਰੋਧੀ ਵਜੋਂ ਵੇਖ ਕੇ ਰੰਧਾਵਾ ਉਪਰ ‘ ਪਾਕਿਸਤਾਨੀ ਸਿੱਖ` ਹੋਣ ਦਾ ਲੇਬਲ ਲਾਉਂਦੇ ਹਨ । ਅਜਿਹੇ ਪਿਛੋਕੜ ਵਿੱਚ ਅਫ਼ਜ਼ਲ ਰੰਧਾਵਾ ਇੱਕ ਅਜਿਹਾ ਸੂਰਮਾ ਹੈ ਜਿਹੜਾ ਆਪਣੀ ਕਲਮ ਰਾਹੀਂ ਸਾਂਝੀ ਪੰਜਾਬੀਅਤ ਦਾ ਵਾਤਾਵਰਨ ਪੈਦਾ ਕਰਨ ਲਈ ਹੱਕ ਤੇ ਸੱਚ ਦੀ ਲੜਾਈ ਲੜ ਰਿਹਾ ਹੈ । ਉਸ ਦੀਆਂ ਰਚਨਾਵਾਂ ਨਫ਼ਰਤ ਦੀ ਥਾਂ ਪਿਆਰ ਤੇ ਮੁਹੱਬਤ ਦਾ ਸੰਦੇਸ਼ ਦਿੰਦੀਆਂ ਹਨ । ਦੋਹਾਂ ਪੰਜਾਬਾਂ ਦੀ ਨਵੀਂ ਪੀੜ੍ਹੀ ਲਈ ਉਸ ਦੀਆਂ ਲਿਖਤਾਂ ਦਾ ਮਹੱਤਵ ਹੋਰ ਵੀ ਵਧੇਰੇ ਹੈ । ਲੇਖਕ ਨੂੰ ਆਪਣੀ ਜਨਮ-ਭੂਮੀ ਪੰਜਾਬ ਨਾਲ ਖ਼ਾਸ ਮੋਹ ਹੈ । ਉਸ ਦੀਆਂ ਲਿਖਤਾਂ ਜਿੱਥੇ ਪਾਠਕਾਂ ਨੂੰ ਟੁੰਬਦੀਆਂ ਹਨ , ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ , ਉਥੇ ਇਹਨਾਂ ਦਾ ਸਮਾਜਿਕ ਤੇ ਸੱਭਿਆਚਾਰਿਕ ਮਹੱਤਵ ਵੀ ਘੱਟ ਨਹੀਂ । ਇਹ ਰਚਨਾਵਾਂ ਪੰਜਾਬੀ ਬੋਲੀ ਤੇ ਸਾਹਿਤ ਨੂੰ ਅਮੀਰ ਬਣਾਉਂਦੀਆਂ ਹਨ ।

        ਅਫ਼ਜ਼ਲ ਅਹਿਸਨ ਰੰਧਾਵਾ ਦੇ ਸਾਰੇ ਨਾਵਲ , ਦੋਨੋਂ ਕਹਾਣੀ-ਸੰਗ੍ਰਹਿ ਅਤੇ ਕੁਝ ਕਵਿਤਾਵਾਂ ਭਾਰਤੀ ਪੰਜਾਬ ਵਿੱਚ ਗੁਰਮੁਖੀ ਅੱਖਰਾਂ ਵਿੱਚ ਵੀ ਛਪ ਚੁੱਕੀਆਂ ਹਨ । ਉਹ ਪਾਕਿਸਤਾਨ ਦੇ ਟਾਕਰੇ ਤੇ ਭਾਰਤ ਵਿੱਚ ਕਿਤੇ ਵਧੇਰੇ ਜਾਣਿਆ ਜਾਂਦਾ ਹੈ । ਪੰਜਾਬੀ ਤੋਂ ਛੁੱਟ ਰੰਧਾਵਾ ਉਰਦੂ ਅਤੇ ਅੰਗਰੇਜ਼ੀ ਦਾ ਵੀ ਚੰਗਾ ਲੇਖਕ ਹੈ ।

        ਵੱਖ-ਵੱਖ ਖੇਤਰਾਂ ਵਿੱਚ ਅਫ਼ਜ਼ਲ ਅਹਿਸਨ ਰੰਧਾਵਾ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਤੇ ਪਾਕਿਸਤਾਨ ਵਿੱਚ ਕੁਝ ਸੰਸਥਾਵਾਂ ਜਾਂ ਅਦਾਰਿਆਂ ਵੱਲੋਂ ਉਸਨੂੰ ਸਨਮਾਨ ਵੀ ਮਿਲ ਚੁੱਕੇ ਹਨ : ਉਸ ਦੇ ਪਲੇਠੇ ਨਾਵਲ ਦੀਵਾ ਤੇ ਦਰਿਆ ਨੂੰ 1961 ਵਿੱਚ ਅਤੇ ਦੁਆਬਾ ਨਾਵਲ ਨੂੰ 1981 ਵਿੱਚ ਪਾਕਿਸਤਾਨ ਰਾਈਟਰਜ਼ ਪੁਰਸਕਾਰ ਮਿਲਿਆ ਅਤੇ ਤੀਜੇ ਨਾਵਲ ਸੂਰਜ ਗ੍ਰਹਿਣ ਨੂੰ 1985 ਵਿੱਚ ਅਕਾਦਮੀ ਅਦਬੀਆਤ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਅਵਾਰਡ ਮਿਲਿਆ । ਇਸੇ ਤਰ੍ਹਾਂ ਉਸਨੂੰ ਕੈਨੇਡਾ ਤੋਂ 1985 ਵਿੱਚ ਅੰਤਰ-ਰਾਸ਼ਟਰੀ ਸ਼ਿਰੋਮਣੀ ਸਾਹਿਤਕਾਰ ਅਵਾਰਡ , 1994 ਵਿੱਚ ਇੰਟਰਨੈਸ਼ਨਲ ਸਾਹਿਤ ਸਭਾ ਯੂ.ਕੇ. ਦੁਆਰਾ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਅਕਾਦਮੀ ਅਕਸੀਆਤ ਪਾਕਿਸਤਾਨ , 1995 ਨੇ ਉਸ ਨੂੰ ਲਾਈਫ ਫੈਲੋਸ਼ਿਪ ਦਿੱਤੀ ਹੋਈ ਹੈ ।


ਲੇਖਕ : ਕਰਨੈਲ ਸਿੰਘ ਥਿੰਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.