ਉਦੈ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦੈ ਸਿੰਘ. ਦੇਖੋ , ਉਦਯ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਦੈ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਉਦੈ ਸਿੰਘ ( ਮ. 1705 ਈ. ) : ਮੁਲਤਾਨ ਜ਼ਿਲ੍ਹੇ ਦੇ ਅਲੀਪੁਰ ਪਿੰਡ ਦੇ ਨਿਵਾਸੀ ਭਾਈ ਮਨੀ ਸਿੰਘ ( ਵੇਖੋ ) ਦੇ ਪੁੱਤਰਾਂ ਵਿਚੋਂ ਇਕ ਜੋ ਬਹੁਤ ਸੂਰਵੀਰ ਯੋਧਾ ਸੀ । ਭਾਈ ਮਨੀ ਸਿੰਘ ਦੇ ਪੰਜ ਪੁੱਤਰ ( ਸਰਵ ਭਾਈ ਬਚਿਤ੍ਰ ਸਿੰਘ , ਉਦੈ ਸਿੰਘ , ਅਨਿਕ ਸਿੰਘ , ਅਜਬ ਸਿੰਘ , ਅਜਾਇਬ ਸਿੰਘ ) ਸਨ ਅਤੇ ਉਹ ਪੰਜੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਪਿਤ ਕਰ ਦਿੱਤੇ ਸਨ । ਖ਼ਾਲਸਾ ਸਾਜ਼ਨਾ ਵਾਲੇ ਦਿਨ ਹੀ ਪੰਜਾਂ ਨੇ ਗੁਰੂ ਜੀ ਤੋਂ ਅੰਮ੍ਰਿਤ ਪਾਨ ਕੀਤਾ । ਉਦੈ ਸਿੰਘ ਖ਼ਾਲਸਾ ਬਣਨ ਤੋਂ ਬਾਦ ਗੁਰੂ ਜੀ ਦੇ ਅੰਗ-ਸੰਗ ਰਿਹਾ ਅਤੇ ਹਰ ਯੁੱਧ ਵੇਲੇ ਗੁਰੂ ਜੀ ਦੇ ਅੰਗ ਰਖਿਅਕ ਦੀ ਜ਼ਿੰਮੇਵਾਰੀ ਨਿਭਾਈ । ਇਸ ਦਾ ਵਿਆਹ ਸੰਨ 1693 ਈ. ਵਿਚ ਆਨੰਦਪੁਰ ਸਾਹਿਬ ਵਿਚ ਹੋਇਆ । ਇਸ ਦੇ ਘਰ ਸੱਤ ਪੁੱਤਰਾਂ— ਸਰਵ ਭਾਈ ਮਹਿਬੂਬ ਸਿੰਘ , ਅਜੂਬ ਸਿੰਘ , ਫਤਹਿ ਸਿੰਘ , ਅਲਬੇਲ ਸਿੰਘ , ਮੋਹਰ ਸਿੰਘ , ਬਾਘ ਸਿੰਘ , ਅਨੋਖ ਸਿੰਘ ਨੇ ਜਨਮ ਲਿਆ । ਇਨ੍ਹਾਂ ਵਿਚੋਂ ਪੰਜ ਨੇ ਚਪੜ ਚਿੜੀ ਦੇ ਯੁੱਧ ਵਿਚ , ਇਕ ਨੇ ਬਿਲਾਸਪੁਰ ਅਤੇ ਇਕ ਨੇ ਸਢੌਰੇ ਵਿਚ ਹੋਏ ਧਰਮ-ਯੁੱਧਾਂ ਵਿਚ ਵੀਰ-ਗਤੀ ਪ੍ਰਾਪਤ ਕੀਤੀ ।

                      ਇਸ ਨੇ ਇਕ ਵਾਰ ਇਕ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਉਸ ਦੀ ਖਲ੍ਹ ਗੁਰੂ ਜੀ ਨੂੰ ਪੇਸ਼ ਕੀਤੀ । ਗੁਰੂ ਜੀ ਨੇ ਉਹ ਖਲ੍ਹ ਇਕ ਖੋਤੇ ਨੂੰ ਪਵਾ ਦਿੱਤੀ ਅਤੇ ਜੰਗਲ ਵਿਚ ਛਡ ਦਿੱਤਾ । ਉਸ ਨੂੰ ਸ਼ੇਰ ਸਮਝ ਕੇ ਸਭ ਡਰਨ ਲਗੇ ਪਰ ਜਦ ਹੀਂਗਣ ਨਾਲ ਉਸ ਦੀ ਅਸਲੀਅਤ ਦਾ ਪਾਜ ਉਘੜਿਆ , ਤਾਂ ਘੁੰਮਿਆਰ ਨੇ ਥੜਾ ਪਾ ਲਿਆ । ਇਸ ਘਟਨਾ ਰਾਹੀਂ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਖ਼ਾਲਸਾ ਬਣਨ ਤੋਂ ਬਾਦ ਸਿੰਘਾਂ ਨੂੰ ਆਪਣੀ ਪਿਛਲੀ ਜਾਤਿ-ਪਾਤਿ ਵਿਚ ਨਹੀਂ ਧਸਣਾ ਚਾਹੀਦਾ , ਨਹੀਂ ਤਾਂ ਮਾੜੀ ਦਸ਼ਾ ਹੋਏਗੀ ।

                      ਇਸ ਨੇ ਇਕ ਵਾਰ ਸ਼ਿਕਾਰ ਖੇਡਦਿਆਂ ਇਕ ਪਹਾੜੀ ਰਾਜੇ ਬਲੀਆ ਚੰਦ ਨੂੰ ਜ਼ਖ਼ਮੀ ਕੀਤਾ ਜਿਸ ਨੇ ਗੁਰੂ ਜੀ ਉਤੇ ਘਾਤ ਲਾਈ ਸੀ । ਸੰਨ 1700 ਈ. ਵਿਚ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿਚ ਇਸ ਨੇ ਹਿੱਸਾ ਲਿਆ ਅਤੇ ਸੌ ਸੈਨਿਕਾਂ ਸਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਰਿਹਾ । ਇਸ ਯੁੱਧ ਵਿਚ ਇਹ ਜ਼ਖ਼ਮੀ ਹੋਇਆ , ਪਰ ਦੂਜੇ ਦਿਨ ਹੀ ਪਹਾੜੀ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਅਤੇ ਨੇਜ਼ੇ ਵਿਚ ਪਰੋ ਕੇ ਗੁਰੂ ਜੀ ਦੀ ਹਜ਼ੂਰੀ ਵਿਚ ਲੈ ਆਇਆ । 15 ਮਾਰਚ , 1701 ਈ. ਨੂੰ ਇਸ ਦੀ ਅਗਵਾਈ ਅਧੀਨ ਸਿੰਘਾਂ ਨੇ ਬਜਰੂੜ ਦੇ ਗੁਜਰਾਂ ਨੂੰ ਸੋਧਿਆ । ਇਸ ਨੇ ਨਿਰਮੋਹਗੜ੍ਹ , ਬਸੋਲੀ ਅਤੇ ਕਲਮੋਟ ਦੇ ਯੁੱਧਾਂ ਵਿਚ ਵੀ ਹਿੱਸਾ ਲਿਆ । ਆਨੰਦਪੁਰ ਦੇ ਘੇਰੇ ਵੇਲੇ ਇਸ ਨੇ ਰਾਸ਼ਨ ਅਤੇ ਅਸਲ੍ਹਾ ਵੈਰੀਆਂ ਦੇ ਖ਼ੇਮਿਆਂ ਵਿਚੋਂ ਲੁੱਟ ਲਿਆਉਣ ਦੀ ਲਗਾਤਾਰ ਸੇਵਾ ਨਿਭਾਈ । ਆਨੰਦਪੁਰ ਦਾ ਕਿਲ੍ਹਾ ਛਡਣ ਵੇਲੇ ਇਹ ਪਿਛਲੇ ਦਸਤੇ ਵਿਚ ਸ਼ਾਮਲ ਸੀ ਜਿਸ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਰ ਰਹੇ ਸਨ । ਮੁਗ਼ਲ ਸੈਨਾ ਗੁਰੂ ਗੋਬਿੰਦ ਸਿੰਘ ਜੀ ਉਤੇ ਹਮਲਾ ਕਰਨਾ ਚਾਹੁੰਦੀ ਸੀ , ਪਰ ਇਸ ਨੇ ਹੋਰਨਾਂ ਸਿੰਘਾਂ ਨਾਲ ਰਲ ਕੇ ਵੈਰੀ ਦਲ ਨੂੰ ਆਪਣੀ ਬਹਾਦੁਰੀ ਨਾਲ ਠਲ੍ਹ ਪਾਈ ਰਖੀ ਅਤੇ 6 ਦਸੰਬਰ , 1705 ਈ. ਨੂੰ ਸ਼ਹੀਦੀ ਪ੍ਰਾਪਤ ਕੀਤੀ । ਇਸ ਦੀ ਯਾਦ ਵਿਚ ਕੀਰਤਪੁਰ ਤੋਂ ਛੇ ਮੀਲ ਦੱਖਣ ਵਲ ਸ਼ਾਹੀ ਟਿੱਬੀ ਉਤੇ ਗੁਰਦੁਆਰਾ ਬਣਿਆ ਹੋਇਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉਦੈ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦੈ ਸਿੰਘ ( ਅ.ਚ.1705 ) : ਇਕ ਯੋਧਾ ਅਤੇ ਸ਼ਹੀਦ ਸੀ , ਜੋ ਜ਼ਿਲਾ ਮੁਲਤਾਨ ( ਹੁਣ ਪਾਕਿਸਤਾਨ ) ਵਿਚ ਅਲੀਪੁਰ ਦੇ ਪਰਮਾਰ ਰਾਜਪੂਤ ਭਾਈ ਮਨੀ ਰਾਮ ਦੇ ਸੁਪੁੱਤਰਾਂ ਵਿਚੋਂ ਤੀਜਾ ਸੁਪੁੱਤਰ ਸੀ । ਉਦੈ ਸਿੰਘ ਨੇ ਆਪਣੇ ਚਾਰ ਭਰਾਵਾਂ ਦੇ ਨਾਲ 30 ਮਾਰਚ 1699 ਦੇ ਇਤਿਹਾਸਿਕ ਵਸਾਖੀ ਵਾਲੇ ਦਿਨ ਖ਼ਾਲਸੇ ਦਾ ਅੰਮ੍ਰਿਤ ਛੱਕਿਆ ਸੀ । ਇਹ ਉਹਨਾਂ 25 ਭਰੋਸੇਮੰਦ ਵਿਅਕਤੀਆਂ ਵਿਚੋਂ ਇਕ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ ਰੱਖਿਅਕ ਦਸਤੇ ਨੂੰ ਸੰਗਠਿਤ ਕੀਤਾ ਸੀ ਅਤੇ ਖ਼ਾਲਸਾ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਦੇ ਵਿਚ ਜਾਂ ਆਲੇ-ਦੁਆਲੇ ਹੋਈਆਂ ਲੜਾਈਆਂ ਵਿਚ ਅਹਿਮ ਹਿੱਸਾ ਲਿਆ ਸੀ । ਇਸਨੇ ਪਹਿਲਾਂ ਹੀ , 1698 ਵਿਚ ਬੰਦੂਕਚੀ ਹੋਣ ਵਜੋਂ ਆਪਣੀ ਮੁਹਾਰਤ ਦਾ ਉਸ ਸਮੇਂ ਸਬੂਤ ਪੇਸ਼ ਕਰ ਦਿੱਤਾ ਸੀ ਜਦੋਂ ਸ਼ਿਕਾਰ ਖੇਡਦੇ ਸਮੇਂ ਇਸਨੇ ਸ਼ੇਰ ਨੂੰ ਮਾਰ ਸੁੱਟਿਆ ਸੀ । ਇਸਨੇ ਸਾਹਸ ਵਿਖਾਂਦੇ ਹੋਏ ਬਲੀਆ ਚੰਦ ਨੂੰ ਜਖ਼ਮੀ ਕਰਕੇ ਉਸ ਉੱਤੇ ਉਦੋਂ ਕਾਬੂ ਪਾ ਲਿਆ ਜਦੋਂ ਉਸਨੇ ਆਪਣੇ ਇਕ ਹੋਰ ਪਹਾੜੀ ਰਾਜੇ ਆਲਮ ਚੰਦ ਨਾਲ ਮਿਲਕੇ ਘਾਟੀ ਵਿਚ ਸ਼ਿਕਾਰ ਕਰ ਰਹੇ ਗੁਰੂ ਜੀ ਤੇ ਅਚਾਨਕ ਹਮਲਾ ਕਰ ਦਿੱਤਾ ਸੀ । 1700 ਈ. ਵਿਚ ਅਨੰਦਪੁਰ ਦੀ ਪਹਿਲੀ ਲੜਾਈ ਦੀ ਪੂਰਵ ਸੰਧਿਆ ਸਮੇਂ ਉਦੈ ਸਿੰਘ ਨੇ ਕਿਲੇ ਦੀ ਮੋਰਚਾਬੰਦੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਨ ਉਪਰੰਤ ਰਾਖਵੀਂ ਫ਼ੌਜ ਦੀ ਕਮਾਨ ਸੰਭਾਲ ਲਈ ਸੀ । ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਸ ਦੇ ਰਾਹੀਂ ਹੀ , ਗੁਰੂ ਗੋਬਿੰਦ ਸਿੰਘ ਦੇ ਵੱਡੇ ਸੁਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਜੰਗ ਵਿਚ ਹਿੱਸਾ ਲੈਣ ਲਈ ਆਪਣੇ ਪਿਤਾ ਤੋਂ ਆਗਿਆ ਲਈ ਸੀ । ਗੁਰੂ ਜੀ ਨੇ ਬੇਨਤੀ ਮੰਨ ਲਈ ਅਤੇ ਉਦੈ ਸਿੰਘ ਨੂੰ ਕਿਹਾ ਕਿ ਉਹ ਆਪਣੇ 100 ਸੂਰਬੀਰਾਂ ਸਮੇਤ ਉਸ ਨਾਲ ਜਾਵੇ । ਉਦੈ ਸਿੰਘ ਲੜਾਈ ਵਿਚ ਬੜੀ ਬਹਾਦੁਰੀ ਨਾਲ ਲੜਿਆ ਅਤੇ ਭਾਵੇਂ ਕਿ ਪਹਿਲੇ ਦਿਨ ਦੀ ਜੰਗ ਦੌਰਾਨ ਇਸਨੇ ਕਈਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕੀਤਾ ਪਰ ਇਸਨੇ ਘੇਰਾ ਘੱਤਣ ਵਾਲਿਆਂ ਦੇ ਵਿਰੁੱਧ ਰਾਤ ਨੂੰ ਕੀਤੇ ਹਮਲੇ ਵਿਚ ਵੀ ਹਿੱਸਾ ਲਿਆ ਅਤੇ ਅਗਲੇ ਦਿਨ ਜਸਵਾਨ ਦੇ ਰਾਜੇ ਕੇਸਰੀ ਚੰਦ ਨੂੰ ਮਾਰ ਮੁਕਾਇਆ । ਇਸੇ ਬਹਾਦੁਰੀ ਨਾਲ ਇਹ ਨਿਰਮੋਹਗੜ੍ਹ , ਬਸੋਲੀ ਅਤੇ ਕਲਮੋਟ ਦੀਆਂ ਲੜਾਈਆਂ ਵਿਚ ਲੜਿਆ ਅਤੇ ਅਨੰਦਪੁਰ ਦੀ ਅਖ਼ੀਰੀ ਜੰਗ ਸਮੇਂ ਜਦੋਂ 5-6 ਦਸੰਬਰ 1705 ਦੀ ਰਾਤ ਨੂੰ ਘਿਰੇ ਹੋਏ ਸਿੱਖ ਅਨੰਦਪੁਰ ਖਾਲੀ ਕਰ ਰਹੇ ਸਨ ਤਾਂ ਉਦੈ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਕੋਲੋਂ ਫ਼ੌਜ ਦੇ ਪਿੱਛਲੇ ਦਸਤੇ ਦੀ ਕਮਾਂਨ ਆਪ ਸੰਭਾਲ ਲਈ । ਇਹ ਪਿੱਛਾ ਕਰ ਰਹੀ ਭਾਰੀ ਗਿਣਤੀ ਦੀ ਫ਼ੌਜ ਨਾਲ ਘੋਰ ਯੁੱਧ ਕਰਦਾ ਹੋਇਆ ਇਕ ਨੀਵੇਂ ਥੇਹ ਤੇ ਸ਼ਹੀਦ ਹੋ ਗਿਆ ਜੋ ਕੀਰਤਪੁਰ ਤੋਂ ਦੱਖਣ ਵੱਲ 6 ਕਿਲੋਮੀਟਰ ਦੂਰ ‘ ਸ਼ਾਹੀ` ਜਾਂ ‘ ਸਿਆਹੀ ਟਿੱਬੀ` ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਸਦੀ ਯਾਦ ਦੇ ਸਤਿਕਾਰ ਵਜੋਂ ਸ਼ਾਹੀ ਟਿੱਬੀ ਵਿਖੇ ਹੁਣ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ ।


ਲੇਖਕ : ਪ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.