ਗਿਆਨੀ ਸੰਪਰਦਾਇ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਆਨੀ ਸੰਪਰਦਾਇ : ਸਿੱਖ ਧਾਰਮਿਕ ਗ੍ਰੰਥ , ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨਾਲ ਸੰਬੰਧਿਤ ਤਿੰਨ ਮੁੱਖ ਪ੍ਰਣਾਲੀਆਂ ਵਿਚੋਂ ਇਕ ਹੈ । ਇਸ ਵਿਚ ਬਾਕੀ ਦੋ ਹਨ ਉਦਾਸੀ ਅਤੇ ਨਿਰਮਲੇ । ਪੰਜਾਬੀ ਦਾ ‘ ਗਿਆਨੀ ’ ਸ਼ਬਦ ਸੰਸਕ੍ਰਿਤ ਦੇ ‘ ਞੰਆਨੀ’ , ਞੰਆਨ ਧਾਤੂ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜਾਨਣਾ ਅਤੇ ਜਿਸ ਦਾ ਮੁੱਖ ਭਾਵ ਹੈ ਬਹੁਤ ਭਾਰੀ ਵਿਦਵਾਨ ਹੋਣਾ । ਸਿੱਖ ਪਰੰਪਰਾ ਵਿਚ ਗਿਆਨੀ ਉਹ ਵਿਦਵਾਨ ਹੈ ਜੋ ਸ਼ੁੱਧ ਆਚਰਨ ਵਾਲਾ ਹੋਵੇ , ਸ਼ੁੱਧ ਪਾਠ ਕਰ ਸਕਦਾ ਹੋਵੇ , ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਸਕਦਾ ਹੋਵੇ ਅਤੇ ਇਸ ਦੇ ਨਾਲ ਹੀ ਬਾਕੀ ਸਿੱਖ ਧਾਰਮਿਕ ਗ੍ਰੰਥਾਂ ਦੀ ਵੀ ਵਿਆਖਿਆ ਕਰ ਸਕਦਾ ਹੋਵੇ । ਸੰਪਰਦਾਇ ਦਾ ਭਾਵ ਹੈ ਇਕ ਸੀਮਿਤ ਚਿੰਤਨ ਪੱਧਤੀ ਦਾ ਅਭਿਆਸ ਕੇਂਦਰ ਜਿਸ ਦੀ ਪ੍ਰਵਾਨਿਤ ਮਾਨਤਾ ਹੋਵੇ ।

        ਅਧਿਕਾਰਪੂਰਬਕ ਕਿਹਾ ਜਾਂਦਾ ਹੈ ਕਿ ਗਿਆਨੀ ਸੰਪਰਦਾਇ ਭਾਈ ਮਨੀ ਸਿੰਘ ( ਦੇ. 1737 ) ਤੋਂ ਹੋਂਦ ਵਿਚ ਆਈ ਹੈ ਜਿਨ੍ਹਾਂ ਨੂੰ ਇਹ ਮਾਣ ਹਾਸਲ ਹੈ ਕਿ ਉਹਨਾਂ ਨੇ ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਪਦੇਸ਼ ਲਿਆ ਸੀ । ਸਤਾਰ੍ਹਵੀਂ ਸਦੀ ਦੇ ਅੰਤ ਵਿਚ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਭੇਜਿਆ । ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਨੇ ਕਥਾ ਕਰਨੀ ਅਰੰਭ ਕਰ ਦਿੱਤੀ ਜਿਸ ਵਿਚ ਇਹ ਇਕ ਸ਼ਬਦ ਲੈ ਕੇ ਗੁਰੂਆਂ ਅਤੇ ਇਹਨਾਂ ਦੇ ਸਿੱਖਾਂ ਦੀਆਂ ਜੀਵਨੀਆਂ ਤੋਂ ਕਹਾਣੀਆਂ ਲੈ ਕੇ ਵਿਆਖਿਆ ਕਰਦੇ ਸਨ । ਸਮੇਂ ਨਾਲ ਗੁਰਬਾਣੀ ਵਿਆਖਿਆ ਦੀ ਇਹ ਵਿਦਵਤਾਪੂਰਨ ਸ਼ੈਲੀ ਸਥਾਪਿਤ ਹੋ ਗਈ ।

        ਭਾਈ ਮਨੀ ਸਿੰਘ ਤੋਂ ਪਿੱਛੋਂ ਅਸਧਾਰਨ ਬੁੱਧੀਵਾਨ , ਉਹਨਾਂ ਦੇ ਤਿੰਨ ਵਿਦਿਆਰਥੀ ਵਿਆਖਿਆ ਦੇ ਇਸ ਖੇਤਰ ਵਿਚ ਆਏ ਜਿਨ੍ਹਾਂ ਦੇ ਨਾਂ ਹਨ : ਭਾਈ ਦੀਵਾਨ ਸਿੰਘ , ਭਾਈ ਗੁਰਦਿਆਲ ਸਿੰਘ ਅਤੇ ਭਾਈ ਗੁਰਬਖ਼ਸ਼ ਸਿੰਘ , ਜਿਨ੍ਹਾਂ ਨੇ ਭਾਈ ਮਨੀ ਸਿੰਘ ਦੁਆਰਾ ਸਥਾਪਿਤ ਵਿਆਖਿਆ ਪ੍ਰਣਾਲੀ ਨੂੰ ਅਗੇ ਵਧਾਇਆ । ਇਹਨਾਂ ਦੇ ਵੀ ਆਪਣੇ ਵਿਦਿਆਰਥੀ ਸਨ ਜਿਨ੍ਹਾਂ ਨੇ ਅਗਾਂਹ ਆਪਣੇ ਵਿਦਿਆਰਥੀਆਂ ਨੂੰ ਗੁਰਬਾਣੀ-ਵਿਆਖਿਆ ਵਿਚ ਨਿਪੁੰਨ ਬਣਾਇਆ । ਵਿਦਿਆਰਥੀਆਂ ਦੀ ਇਸ ਲੜੀ ਵਿਚ ਇਹ ਸੰਪਰਦਾਇ ਅੱਜ ਤਕ ਕਾਇਮ ਹੈ । ਹੇਠਾਂ ਲਿਖੀ ਸਾਰਣੀ ਵਿਚ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਅੱਜ ਤਕ ਦੇ ਸਾਰੇ ਮਹੱਤਵਪੂਰਨ ਨਾਂ ਦਿੱਤੇ ਹੋਏ ਹਨ :

        < img src = " images/333.jpg" height = " 42" width = " 42" >              

        < img src = " images/334.jpg" height = " 42" width = " 42" >                                  

        ਗਿਆਨੀ ਸੰਪਰਦਾਇ ਦੇ ਵਿਦਵਾਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਸਾਰਣੀਆਂ ਮਿਲਦੀਆਂ ਹਨ ਜਿਨ੍ਹਾਂ ਬਾਰੇ ਗਿਆਨੀ ਚੰਦਾ ਸਿੰਘ ( ਪ੍ਰਯਾਇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ) , ਗਿਆਨੀ ਹਜ਼ਾਰਾ ਸਿੰਘ ( ਸ੍ਰੀ ਗੁਰੂ ਗ੍ਰੰਥ ਕੋਸ਼ ) ਅਤੇ ਭਾਈ ਕਰਤਾਰ ਸਿੰਘ ਖ਼ਾਲਸਾ ਭਿੰਡਰਾਵਾਲੇ ( ਖ਼ਾਲਸਾ ਜੀਵਨ ਅਤੇ ਗੁਰਮਤ ਰਹਿਤ ਮਰਯਾਦਾ ) ਆਪਸ ਵਿਚ ਇਕ ਦੂਜੇ ਨਾਲ ਵਿਵਰਨ ਵਿਚ ਮੱਤ-ਭੇਦ ਰੱਖਦੇ ਹਨ । ਉਪਰੋਕਤ ਸਾਰਣੀਆਂ ਇਹਨਾਂ ਸਾਰੇ ਸ੍ਰੋਤਾਂ ਤੋਂ ਲੈ ਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਪਰਸਪਰ ਵਿਰੋਧਾਂ ਦਾ ਹੱਲ ਲੱਭਿਆ ਗਿਆ ਹੈ ।

        ਮੂਲ ਰੂਪ ਵਿਚ ਗਿਆਨੀ ਸੰਪਰਦਾਇ ਦੇ ਮੈਂਬਰਾਂ ਨੂੰ ਆਮ ਸਿੱਖਾਂ ਵਿਚ ਵਰਤਿਆ ਜਾਂਦਾ ਸ਼ਬਦ ਭਾਈ ਜਾਂ ਸੰਤ ਨਾਲ ਜਾਣਿਆ ਜਾਂਦਾ ਸੀ । ਭਾਈ ਸੰਤ ਸਿੰਘ ਦੇ ਲੜਕੇ ਭਾਈ ਗੁਰਮੁਖ ਨੇ ਸਿੱਖ ਕਾਲ ਵਿਚ ‘ ਗਿਆਨੀ’ ਦੀ ਉਪਾਧੀ ਸਰਦਾਰਾਂ ਤੋਂ ਪ੍ਰਾਪਤ ਕੀਤੀ । ਇਹ ਉਪਾਧੀ ਅੱਜ ਵੀ ਕਾਇਮ ਹੈ ਅਤੇ ਇਹ ਸੰਪਰਦਾਇ ਗਿਆਨੀ ਸੰਪਰਦਾਇ ਕਰਕੇ ਜਾਣੀ ਜਾਂਦੀ ਹੈ ਅਤੇ ਅੰਮ੍ਰਿਤਸਰ ਵਿਖੇ ਜਿਸ ਘਰ ਵਿਚ ਇਹ ਰਹਿੰਦੇ ਸਨ ‘ ਬੁੰਗਾ ਗਿਆਨੀਆਂ` ਦੇ ਨਾਂ ਨਾਲ ਪ੍ਰਸਿੱਧ ਹੋ ਗਿਆ । ਇਹਨਾਂ ਗਿਆਨੀਆਂ ਨੇ ਲੜੀਵਾਰ ਅੰਮ੍ਰਿਤਸਰ ਵਿਖੇ ਹਰਿਮੰਦਰ ਵਿਚ ਮੁੱਖ ਗ੍ਰੰਥੀਆਂ ਵਜੋਂ ਸੇਵਾ ਕੀਤੀ । ਭਾਈ ਸੂਰਤ ਸਿੰਘ ਤੋਂ ਪਿੱਛੋਂ ਭਾਈ ਗੁਰਦਾਸ ਸਿੰਘ , ਭਾਈ ਸੰਤ ਸਿੰਘ , ਭਾਈ ਗੁਰਮੁਖ ਸਿੰਘ ਅਤੇ ਗਿਆਨੀ ਪਰਦੁਮਨ ਸਿੰਘ ਨੇ ਸੇਵਾ ਨਿਭਾਈ । ਬਾਕੀਆਂ ਦੇ ਵੱਖ-ਵੱਖ ਥਾਵਾਂ ‘ ਤੇ ਆਪਣੇ ਡੇਰੇ ਸਨ । ਮੌਜੂਦਾ ਸਮੇਂ ਵਿਚ ਅੰਮ੍ਰਿਤਸਰ ਵਿਖੇ ਮਾਈ ਸੱਤੋ ਵਾਲੀ ਗਲੀ ਵਿਚ ਗਿਆਨੀ ਕਿਰਪਾਲ ਸਿੰਘ ਇਸ ਡੇਰੇ ਦੇ ਸੰਚਾਲਕ ਹਨ ਜਦੋਂ ਕਿ ਭਾਈ ਕਰਤਾਰ ਸਿੰਘ ਕਮਾਲੀਆ , ਪਟਿਆਲੇ ਆਪਣੇ ਡੇਰੇ ਵਿਚ 1989 ਵਿਚ ਅਕਾਲ ਚਲਾਣੇ ਤਕ ਸੇਵਾ ਕਰਦੇ ਰਹੇ । ਭਾਈ ਗੁਰਬਚਨ ਸਿੰਘ ਖ਼ਾਲਸਾ ਤੁਰ ਫਿਰ ਕੇ ਆਪਣੇ ਨਾਲ ਭਾਰੀ ਗਿਣਤੀ ਵਿਚ ਵਿਦਿਆਰਥੀ ਲੈ ਕੇ ਗੁਰਬਾਣੀ ਵਿਆਖਿਆ ਕਰਦੇ ਰਹੇ ਇਹਨਾਂ ਦਾ ਮੁੱਖ ਡੇਰਾ ਫ਼ਰੀਦਕੋਟ ਜ਼ਿਲੇ ਵਿਚ ਭਿੰਡਰਕਲਾਂ ਪਿੰਡ ਵਿਚ ਸੀ ਇਹਨਾਂ ਦੇ ਅਕਾਲ ਚਲਾਣੇ ਉਪਰੰਤ ਭਾਈ ਕਰਤਾਰ ਸਿੰਘ ਖ਼ਾਲਸਾ ਅਤੇ ਇਹਨਾਂ ਦੇ ਬਰਾਬਰ ਇਕ ਜਥਾ ਜਿਨ੍ਹਾਂ ਦੇ ਮੁਖੀ ਭਾਈ ਮੋਹਨ ਸਿੰਘ ਸਨ ਪ੍ਰਚਾਰ ਦਾ ਕੰਮ ਕਰਦੇ ਰਹੇ । 1977 ਵਿਚ ਭਾਈ ਕਰਤਾਰ ਸਿੰਘ ਦੇ ਅਕਾਲ ਚਲਾਣਾ ਕਰਨ ‘ ਤੇ ਇਸ ਦੀ ਜ਼ੁੰਮੇਵਾਰੀ ਭਾਈ ਜਰਨੈਲ ਸਿੰਘ ਨੇ ਸੰਭਾਲੀ ਜੋ ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋ ਗਏ ।

        ਸਿੱਖ ਧਰਮ ਦੇ ਸਿਧਾਂਤਾਂ ਨੂੰ ਮੰਨਣਾ ਅਤੇ ਗੁਰੂਆਂ ਵੱਲੋਂ ਸਿੱਖਾਂ ਲਈ ਨਿਰਧਾਰਿਤ ਮਰਯਾਦਾ ਦਾ ਪਾਲਣ ਕਰਨਾ ਗਿਆਨੀ ਸੰਪਰਦਾਇ ਦੇ ਮੈਂਬਰਾਂ ਦੇ ਵਿਸ਼ੇਸ਼ ਗੁਣ ਸਨ ।

        ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਵੇਲੇ ਇਹ ਗੁਰੂ ਗੋਬਿੰਦ ਸਿੰਘ ਦੁਆਰਾ ਖ਼ਾਲਸਾ ਦੇ ਨਿਰਧਾਰਿਤ ਨਿਯਮਾਂ ਨੂੰ ਮੰਨਦੇ ਹਨ ਅਤੇ ਜਿਵੇਂ ਕਿ ਉਦਾਸੀ ਅਤੇ ਨਿਰਮਲੇ ਕਰਦੇ ਸਨ ਇਹ ਨਾ ਤਾਂ ਬ੍ਰਹਮਚਾਰੀ ਹੋਣ ਅਤੇ ਨਾ ਹੀ ਤਪੱਸਿਆ ਕਰਨ ਦਾ ਪ੍ਰਚਾਰ ਕਰਦੇ ਹਨ । ਸਿਧਾਂਤਿਕ ਪੱਖੋਂ ਉਦਾਸੀ ਸਿੱਖ ਸਿਧਾਂਤਾਂ ਦੀ ਪੁਰਾਤਨ ਹਿੰਦੂ ਦ੍ਰਿਸ਼ਟੀਕੋਣ ਤੋਂ ਵਿਆਖਿਆ ਕਰਦੇ ਹਨ ਅਤੇ ਇਹ ਰਾਮ ਅਤੇ ਕ੍ਰਿਸ਼ਨ ਦੇ ਨਾਂ ਤੇ ਸਥਾਪਿਤ ਸੰਪਰਦਾਵਾਂ ਤੋਂ ਪ੍ਰੇਰਨਾ ਲੈਂਦੇ ਹਨ । ਨਿਰਮਲੇ ਸੰਸਕ੍ਰਿਤ ਭਾਸ਼ਾ ਵੱਲ ਆਪਣਾ ਝੁਕਾਅ ਰੱਖਦੇ ਹੋਣ ਕਰਕੇ ਵੇਦਾਂਤਿਕ ਦ੍ਰਿਸ਼ਟੀਕੋਣ ਤੋਂ ਵਿਆਖਿਆ ਕਰਦੇ ਹਨ । ਗਿਆਨੀਆਂ ਨੇ ਆਪਣਾ ਵੱਖਰਾ ਹੀ ਰਾਹ ਅਪਣਾਇਆ ਹੈ ਅਤੇ ਇਹ ਪੂਰੀ ਤਰ੍ਹਾਂ ਗੁਰੂਆਂ ਅਤੇ ਸਹਿਜੇ-ਸਹਿਜੇ ਖ਼ੁਦਮੁਖ਼ਤਿਆਰ ਰੂਪ ਵਿਚ ਵਧੀ ਫੁੱਲੀ ਸਿੱਖ ਪਰੰਪਰਾ ਦੇ ਆਧਾਰ ‘ ਤੇ ਗੁਰਬਾਣੀ ਦੀ ਵਿਆਖਿਆ ਕਰਦੇ ਹਨ । ਇਹਨਾਂ ਲਈ ਗੁਰਬਾਣੀ ਦੀ ਵਿਆਖਿਆ ਹਿਤ ਵੇਦ ਕੋਈ ਸ੍ਰੋਤ ਨਹੀਂ ਹਨ ਜਿਵੇਂ ਕਿ ਨਿਰਮਲਿਆਂ ਲਈ ਵੇਦ ਗੁਰਬਾਣੀ ਵਿਆਖਿਆ ਲਈ ਮੁੱਖ ਸਰੋਤ ਸਨ । ਨਾ ਹੀ ਇਹ ਗੁਰੂਆਂ ਦੀ ਬਾਣੀ ਨੂੰ ਵੇਦ ਵਿਆਖਿਆ ਦੀ ਵਿਆਖਿਆ ਮੰਨਦੇ ਹਨ । ਇਸੇ ਤਰ੍ਹਾਂ ਇਹਨਾਂ ਲਈ ਗੁਰੂ , ਵਿਸ਼ਣੁ ਦਾ ਅਵਤਾਰ ਨਹੀਂ ਸੀ ਅਤੇ ਨਾ ਹੀ ਇਹ ਹਿੰਦੂ ਵਰਣ-ਆਸ਼ਰਮ ਵਿਚ ਵਿਸ਼ਵਾਸ ਰੱਖਦੇ ਸਨ ।

        ਗਿਆਨੀ ਸੰਪਰਦਾਇ ਦੇ ਮੁੱਖ ਕੇਂਦਰਾਂ ਨੇ ਆਪਣਾ ਮੂਲ ਸਨਾਤਨੀ ਦਿੱਖ ਕਾਇਮ ਰੱਖੀ ਹੋਈ ਹੈ । ਅੱਜ-ਕੱਲ੍ਹ ਲਗ-ਪਗ ਸਾਰੇ ਸੇਵਾ ਕਰ ਰਹੇ ਗ੍ਰੰਥੀ ਜਿਨ੍ਹਾਂ ਵਿਚ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਸ਼ਾਮਲ ਹਨ ਜਾਂ ਤਾਂ ਅੰਮ੍ਰਿਤਸਰ ਜਾਂ ਦਮਦਮੀ ਟਕਸਾਲ ਦੇ ਪੜ੍ਹੇ ਹੋਏ ਗ੍ਰੰਥੀ ਹਨ ।

        ਗਿਆਨੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਤੇ ਵਿਚਾਰ ਦੇ ਸਭ ਤੋਂ ਵਧ ਨਿਪੁੰਨ ਵਿਆਖਿਆਕਾਰ ਰਹੇ ਹਨ । ਭਾਈ ਮਨੀ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਕਾਫ਼ੀ ਕੀਮਤੀ ਦੇਣ ਸਿੱਖ ਧਰਮ ਦੇ ਅਰੰਭ ਦੇ ਸਾਲਾਂ ਵਿਚ ਸਿੱਖ ਪੰਥ ਨੂੰ ਪ੍ਰਦਾਨ ਕੀਤੀ ਹੈ ਜਿਵੇਂ ( ਗਿਆਨ ਰਤਨਾਵਲੀ ਅਤੇ ਸਿੱਖਾਂ ਦੀ ਭਗਤ ਮਾਲਾ ) , ਭਾਈ ਚੰਦਾ ਸਿੰਘ ( ਪ੍ਰਯਾਇ ਗੁਰੂ ਗ੍ਰੰਥ ਸਾਹਿਬ ) , ਭਾਈ ਹਜ਼ਾਰਾ ਸਿੰਘ ( ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ) ਅਤੇ ਭਾਈ ਭਗਵਾਨ ਸਿੰਘ ( ਖਰੜਾ , ਟੀਕਾ ਜਪੁਜੀ ਅਤੇ ਗੁਰਬਾਣੀ ਵਿਆਕਰਣ ) । ਅਜੋਕੇ ਸਮੇਂ ਵਿਚ ਤੁਲਨਾਤਮਿਕ ਤੌਰ ‘ ਤੇ ਗਿਆਨੀ ਬਦਨ ਸਿੰਘ ( ਅ.ਚ. 1924 ) ਅਤੇ ਫ਼ਰੀਦਕੋਟ ਦੇ ਵਿਦਵਾਨ ਸਹਾਇਕ , ਭਾਈ ਬਿਸ਼ਨ ਸਿੰਘ ਗਿਆਨੀ ( ਅ.ਚ. 1936 ) , ਪੰਡਤ ਨਰੈਣ ਸਿੰਘ ਗਿਆਨੀ ( ਅ.ਚ. 1940 ) ਅਕਾਲੀ ਨਿਹਾਲ ਸਿੰਘ ( ਅ.ਚ. 1938 ) , ਭਾਈ ਵੀਰ ਸਿੰਘ ( ਅ.ਚ. 1957 ) ਅਤੇ ਭਾਈ ਕਿਰਪਾਲ ਸਿੰਘ ਜੋ ਸਾਰੇ ਦੇ ਸਾਰੇ ਮੁੱਖ ਰੂਪ ਵਿਚ ਗਿਆਨੀ ਸੰਪਰਦਾਇ ਵਿਚ ਸਨ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਜਾਂ ਅਧੂਰੇ ਟੀਕੇ ਤਿਆਰ ਕੀਤੇ ਹਨ । ਡਾ. ਅਰਨੈਸਟ ਟ੍ਰੰਪ ਅਤੇ ਮਿਸਟਰ ਐਮ.ਏ. ਮੈਕਾਲਿਫ਼ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਬਾਣੀਆਂ ਦਾ ਉਲੱਥਾ ਕਰਨ ਦਾ ਕੰਮ ਕੀਤਾ ਤਾਂ ਇਹਨਾਂ ਵਿਦਵਾਨਾਂ ਤੋਂ ਉਸਨੇ ਅਗਵਾਈ ਅਤੇ ਮਦਦ ਪ੍ਰਾਪਤ ਕੀਤੀ ।


ਲੇਖਕ : ਤ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.