ਗਿਰੰਥ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਰੰਥ : ਦੀਵਾਨਾ ਸੰਪਰਦਾਇ ਦੀ ਧਾਰਮਿਕ ਪੁਸਤਕ ਦਾ ਸਿਰਲੇਖ ਹੈ । ਆਮ ਤੌਰ ‘ ਤੇ ਇਸਦੇ ਲੇਖਕ ਹਰੀਆ ਅਤੇ ਬਾਲਾ ਮੰਨੇ ਜਾਂਦੇ ਹਨ । ਇਹ ਦੋਵੇਂ ਇਸ ਸੰਪਰਦਾਇ ਦੇ ਮੁੱਖ ਵਿਅਕਤੀ ਸਨ , ਜੋ ਚੌਥੇ ਨਾਨਕ , ਗੁਰੂ ਰਾਮਦਾਸ ਜੀ ਦੇ ਪੋਤੇ ਮਿਹਰਬਾਨ ਦੇ ਸ਼ਾਗਿਰਦ ਬਣ ਗਏ ਸਨ । ਇਸ ਗਿਰੰਥ ਦੇ ਖਰੜੇ ਦੀਆਂ ਕਾਪੀਆਂ ਵਿਚੋਂ ਇਕ ਅਣਪ੍ਰਕਾਸ਼ਿਤ ਖਰੜਾ ਪਟਿਆਲਾ ਵਿਖੇ ਪ੍ਰੋਫ਼ੈਸਰ ਪ੍ਰੀਤਮ ਸਿੰਘ ਦੇ ਨਿੱਜੀ ਸੰਗ੍ਰਹਿ ਵਿਚ ਸੁਰੱਖਿਅਤ ਪਿਆ ਹੈ । ਇਸ ‘ ਤੇ ਮਿਤੀ ਜੇਠ 1792 ਬਿਕਰਮੀ/ ਮਈ 1735 ਈ. ਦਿੱਤੀ ਗਈ ਹੈ ਅਤੇ ਇਸਦੇ 694 ਪੰਨੇ ਹਨ । ਇਸ ਗਿਰੰਥ ਦੀ ਵਿਸ਼ਾ ਸੂਚੀ ਨੂੰ ਸਿੱਖ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਰਾਗਾਂ ਜਿਵੇਂ : ਗਉੜੀ , ਆਸਾ , ਭੈਰਉ , ਪ੍ਰਭਾਤੀ , ਗੂਜਰੀ , ਰਾਮਕਲੀ , ਸੋਰਠਿ , ਮਾਝ ਆਦਿ ਵਿਚ ਪ੍ਰਗਟਾਇਆ ਗਿਆ ਹੈ । ਵੱਖ-ਵੱਖ ਰਾਗਾਂ ਵਿਚ ਸ਼ਬਦਾਂ ਅਤੇ ਸਲੋਕਾਂ ਤੋਂ ਇਲਾਵਾ ਗਿਰੰਥ ਵਿਚ ਕੁਝ ਹੋਰ ਮਹੱਤਵਪੂਰਨ ਰਚਨਾਵਾਂ ਸੁਖਮਨੀ , ਕ੍ਰਿਸ਼ਨ ਅਵਤਾਰ ਲੀਲਾ ਅਤੇ ਗੋਸ਼ਟੀ ਗੋਰਖ ਗਨੇਸ਼ ਕੀ ਵੀ ਹਨ । ਸੁਖਮਨੀ ( ਪੰਨੇ 189-405 ) ਜੋ ਖਰੜੇ ਦੇ ਤਕਰੀਬਨ ਇਕ ਤਿਹਾਈ ( 1/3 ) ਹਿੱਸੇ ਵਿਚ ਹੈ ਅਤੇ ਜਿਹੜੀ ਨਾਂ ਤੋਂ ਹਰੀਆ ਦੇ ਜ਼ੁੰਮੇ ਲਾਈ ਗਈ ਹੈ , ਗਿਰੰਥ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ । ਰੂਪ ਪੱਖੋਂ ਇਹ ਰਚਨਾ ( ਸੁਖਮਨੀ ) ਗੁਰੂ ਅਰਜਨ ਦੇਵ ਜੀ ਦੀ ਇਸੇ ਨਾਂ ਨਾਲ ਸੰਬੰਧਿਤ ਬਾਣੀ ਨਾਲ ਸਮਰੂਪੀ ਹੈ । ਇਸ ਵਿਚ 82 ਅਸ਼ਟਪਦੀਆਂ ਹਨ । ਹਰ ਅਸ਼ਟਪਦੀ ਵਿਚ 8 ਪਉੜੀਆਂ ਹਨ ਅਤੇ ਹਰ ਪਉੜੀ ਵਿਚ ਦਸ ਸਤਰਾਂ ਹਨ । ਹਰ ਪਉੜੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਵਾਂਗ ਇਕ ਜਾਂ ਦੋ ਸਲੋਕ ਦਿੱਤੇ ਗਏ ਹਨ । ਹਰੀਆ , ਦੀ ਰਚਨਾ ਸਿਮਰਨ ‘ ਤੇ ਜ਼ਿਆਦਾ ਬਲ ਦਿੰਦੀ ਹੈ , ਅਰਥਾਤ ਪਰਮਾਤਮਾ ਦੇ ਨਾਮ ਦਾ ਨਿਰੰਤਰ ਜਾਪ ਕਰਨਾ । ਇਸ ਗਿਰੰਥ ਦੀ ਸਮਾਪਤੀ 57ਵੇਂ ਕਾਵਿ ਬੰਦ ਦੇ ਸਿਰਲੇਖ ‘ ਠੁੱਠਾ ’ ( ਸ਼ਾਬਦਿਕ ਅਰਥ-ਮਿੱਟੀ ਦਾ ਬਣਿਆ ਕਟੋਰਾ ਜਾਂ ਭੀਖ ਮੰਗਣ ਵਾਲਾ ਕੌਲ ) ਨਾਲ ਹੁੰਦੀ ਹੈ । ਇਹ ਸੰਗੀਤਿਕ ਕਵਿਤਾ ਜਾਪਦੀ ਹੈ ਜੋ ਇਸ ਪੰਥ ਦੇ ਅਨੁਯਾਈਆਂ ਦੁਆਰਾ ਗਾਉਣ ਲਈ ਰਚੀ ਗਈ ਸੀ । ਹਾਲਾਂਕਿ ਦੀਵਾਨਿਆਂ ਦਾ ਸਿੱਖ ਧਰਮ ਨਾਲ ਕੁਝ ਵੀ ਸਾਂਝਾ ਨਹੀਂ ਹੈ , ਪਰ ਗਿਰੰਥ ਦੇ ਲੇਖਕ ਆਪਣੇ ਆਪ ਨੂੰ ਨਾਨਕਪੰਥੀ , ਯਾਨੀ ਗੁਰੂ ਨਾਨਕ ਜੀ ਦੇ ਅਨੁਯਾਈ ( ਪੰਨਾ 410 ) ਕਹਿੰਦੇ ਹਨ ।


ਲੇਖਕ : ਕ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.