ਗੁਰਬਾਣੀ ਬਨਾਮ ਕਾਵਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਬਾਣੀ ਬਨਾਮ ਕਾਵਿ : ਇਸ ਵਿਚ ਸੰਦੇਹ ਨਹੀਂ ਕਿ ਗੁਰਬਾਣੀ ਕਾਵਿ-ਸ਼ੈਲੀ ਅਥਵਾ ਵਿਧੀ ਵਿਚ ਲਿਖੀ ਗਈ ਹੈ , ਪਰ ਇਹ ਕਾਵਿ ਨਹੀਂ ਹੈ । ਦੋਹਾਂ ਵਿਚ ਕਈਆਂ ਪੱਖਾਂ ਤੋਂ ਬੁਨਿਆਦੀ ਅੰਤਰ ਹਨ । ਪਹਿਲਾ ਅੰਤਰ ਹੈ ਰਚੈਤਿਆਂ ਸੰਬੰਧੀ । ਭਾਵੇਂ ਦੋਹਾਂ ਦੇ ਰਚੈਤਾ ਮਨੁੱਖ ਹਨ , ਪਰ ਬਾਣੀਕਾਰ ਕੋਈ ਮਹਾਪੁਰਸ਼ , ਸੰਤ , ਭਗਤ ਅਥਵਾ ਸਾਧਕ ਹੁੰਦਾ ਹੈ , ਜਦਕਿ ਕਵੀ ਇਕ ਸਾਧਾਰਣ ਸੰਵੇਦਨਸ਼ੀਲ ਮਨੁੱਖ ਹੁੰਦਾ ਹੈ । ਬਾਣੀਕਾਰ ਇਸ ਭੌਤਿਕ ਜਗਤ ਵਿਚ ਰਹਿੰਦਾ ਹੋਇਆ ਵੀ ਜਾਗਤਿਕ ਪ੍ਰਪੰਚ ਤੋਂ ਮੁਕਤ ਹੁੰਦਾ ਹੈ ਜਦਕਿ ਕਵੀ ਜਗਤ ਦਾ ਭੌਤਿਕ ਸੁਖ-ਦੁਖ ਹੰਢਾਉਂਦਾ ਹੋਇਆ ਜੀਵਨ ਬਤੀਤ ਕਰਦਾ ਹੈ । ਕਵੀ ਦਾ ਸੰਬੰਧ ਦਿਸਦੇ ਸੰਸਾਰ ਨਾਲ ਹੈ ਜਦਕਿ ਬਾਣੀਕਾਰ ਦਿਸਦੇ ਜਗਤ ਤੋਂ ਨਿਰਲਿਪਤ ਗੂੜ੍ਹ ਰਹੱਸਾਂ ਨੂੰ ਆਪਣੀ ਬਾਣੀ ਰਾਹੀਂ ਪ੍ਰਗਟ ਕਰਦਾ ਹੈ । ਇਸ ਤਰ੍ਹਾਂ ਕਵੀ ਦੀ ਦ੍ਰਿਸ਼ਟੀ ਸੀਮਿਤ ਹੈ ਅਤੇ ਬਾਣੀਕਾਰ ਦੀ ਬਿਰਤੀ ਪਾਰਗਾਮੀ ਹੈ । ਕਵੀ ਤਿੰਨ ਗੁਣਾਂ— ਰਜੋ , ਸਤੋ ਅਤੇ ਤਮੋ— ਤੋਂ ਪ੍ਰਭਾਵਿਤ ਹੈ । ਪਰ ਬਾਣੀਕਾਰ ਸਾਤਵਿਕ ਰੁਚੀਆਂ ਨੂੰ ਪ੍ਰਸਾਰਨ ਵਾਲਾ ਸਹਿਜ ਮਨੁੱਖ ਹੈ । ਬਾਣੀਕਾਰ ਆਪਣੇ ਭੀਤਰੀ ਅਨੁਭਵ ( ਰਹੱਸ-ਅਨੁਭਵ ) ਨੂੰ ਬਾਣੀ ਰਾਹੀਂ ਜਿਗਿਆਸੂਆਂ ਨਾਲ ਸਾਂਝਾ ਕਰਦਾ ਹੈ , ਜਦਕਿ ਕਵੀ ਆਪਣੇ ਭਾਵਾਂ ਨੂੰ ਕਵਿਤਾ ਰਾਹੀਂ ਰੂਪਾਇਤ ਕਰਦਾ ਹੈ । ਸਪੱਸ਼ਟ ਹੈ ਕਿ ਬਾਣੀ ਅਤੇ ਕਾਵਿ ਦੇ ਰਚੈਤੇ ਭਿੰਨ ਭਿੰਨ ਸ਼ਖ਼ਸੀਅਤਾਂ ਵਾਲੇ ਮਨੁੱਖ ਹਨ ।

                      ਦੋਹਾਂ ਦੇ ਅੰਤਰ ਦਾ ਦੂਜਾ ਕਾਰਣ ਹੈ ਉਨ੍ਹਾਂ ਦੇ ਪ੍ਰੇਰਣਾ-ਸਰੋਤ । ਬਾਣੀਕਾਰ ਵਿਸਮਾਦੀ ਅਵਸਥਾ ਨੂੰ ਮਾਣਦਾ ਹੋਇਆ ਆਪਣਾ ਅਨੁਭਵ ਪ੍ਰਗਟਾਉਂਦਾ ਹੈ ਅਤੇ ਕਵੀ ਕਲਪਨਾ ਦੇ ਬਲ ’ ਤੇ ਕਵੀ-ਕਰਮ ਨੂੰ ਨਿਭਾਉਂਦਾ ਹੈ । ਕਵੀ ਵਸਤੂ ਤੋਂ ਪ੍ਰੇਰਿਤ ਹੁੰਦਾ ਹੈ , ਬਾਣੀਕਾਰ ਧਰਮ ਤੋਂ । ਕਵੀ ਪ੍ਰਭੂ ਸਿਰਜਿਤ ਪ੍ਰਕ੍ਰਿਤੀ ਉਤੇ ਕੇਂਦਰਿਤ ਰਹਿੰਦਾ ਹੈ , ਜਦ ਕਿ ਬਾਣੀਕਾਰ ਬ੍ਰਹਮ-ਨਿਸ਼ਠ ਅਵਸਥਾ ਵਿਚ ਵਿਚਰਦਾ ਹੈ । ਕਵੀ ਮਾਇਆ ਦੇ ਜਾਲ ਵਿਚ ਉਲਝਿਆ ਹੋਇਆ ਹੈ , ਜਦਕਿ ਬਾਣੀਕਾਰ ਆਪਣੇ ਅਧਿਆਤਮੀ ਗਿਆਨ ਰਾਹੀਂ ਮਾਇਆਵੀ ਪ੍ਰਪੰਚ ਤੋਂ ਬਾਹਰ ਨਿਕਲ ਕੇ ਅਦ੍ਰਿਸ਼ਟ ਪਰਮ- ਸੱਤਾ ਨਾਲ ਸੰਬੰਧ ਸਥਾਪਿਤ ਕਰਦਾ ਹੈ । ਕਵੀ ਲੌਕਿਕਤਾ ਤੋਂ ਪ੍ਰੇਰਿਤ ਹੈ ਅਤੇ ਬਾਣੀਕਾਰ ਪਰਾ-ਲੌਕਿਕਤਾ ਤੋਂ ਅਨੁਪ੍ਰਾਣਿਤ ਹੈ ।

                      ਕਵੀ ਦਾ ਮਾਨਸਿਕ ਤਣਾਉ ਭਾਵੁਕਤਾ ਨੂੰ ਰੂਪਾਇਤ ਕਰਨ ਨਾਲ ਖ਼ਤਮ ਹੋ ਜਾਂਦਾ ਹੈ , ਜਦਕਿ ਬਾਣੀਕਾਰ ਸਤਿ ਦੀ ਭਾਲ ਕਰਦਾ ਹੋਇਆ ਉਸ ਵਿਚ ਸਮਾਉਣ ਦਾ ਯਤਨ ਕਰਦਾ ਹੈ । ਕਵੀ ਕਾਵਿ ਰਾਹੀਂ ਮਨੁੱਖੀ ਭਾਵਾਂ ਨੂੰ ਝੰਝੋੜਦਾ ਹੈ , ਪਰ ਬਾਣੀ ਮਨੁੱਖ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ । ਕਾਵਿ ਦੀ ਪ੍ਰਕ੍ਰਿਤੀ ਸਾਹਿਤਿਕ ਹੈ , ਬਾਣੀ ਦੀ ਪ੍ਰਕ੍ਰਿਤੀ ਅਧਿਆਤਮਿਕ । ਬਾਣੀ ਦੀ ਪ੍ਰਕ੍ਰਿਤੀ ਦੇਸ਼-ਕਾਲ ਦੀਆਂ ਸੀਮਾਵਾਂ ਤੋਂ ਉੱਚੀ ਉਠ ਕੇ ਪੂਰੀ ਮਨੁੱਖਤਾ ਦੀ ਸਮਸਿਆ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ , ਜਦਕਿ ਕਵਿਤਾ ਦੇਸ਼-ਕਾਲ ਦੀਆਂ ਸੀਮਾਵਾਂ ਨੂੰ ਉਲੰਘਣ ਦੇ ਸਮਰਥ ਨਹੀਂ ਹੁੰਦੀ ।

                      ਕਵੀ ਦੀ ਉਡਾਰੀ ਦਿਸਦੇ ਜਗਤ ਤੋਂ ਕਲਪਨਾ ਲੋਕ ਵਲ ਹੈ , ਪਰ ਬਾਣੀਕਾਰ ਦ੍ਰਿਸ਼ਟਮਾਨ ਜਗਤ ਤੋਂ ਬ੍ਰਹਮ-ਲੋਕ ਵਲ ਯਾਤ੍ਰਾ ਕਰਦਾ ਹੈ । ਕਵੀ ਦਾ ਸਚ ਸਥਾਈ ਨਹੀਂ ਹੁੰਦਾ , ਪਰ ਬਾਣੀਕਾਰ ਦਾ ਸਤਿ ਪਰਮ-ਸਤਿ ਹੈ ਜੋ ਅਪਰਿਵਰਤਨਸ਼ੀਲ ਅਤੇ ਕਾਲਾਤੀਤ ਹੈ ।

ਕਵੀ ਦਾ ਉਦੇਸ਼ ਕਾਵਿ-ਰਸ ਜਾਂ ਸਾਹਿਤਿਕ ਆਨੰਦ ਦੇਣਾ ਹੈ , ਪਰ ਬਾਣੀਕਾਰ ਜਿਗਿਆਸੂ ਨੂੰ ਬ੍ਰਹਮਾਨੰਦ ਦਾ ਅਨੁਭਵ ਕਰਾਉਂਦਾ ਹੈ । ਕਵੀ ਦਾ ਕਥਨ ਅਨੁਭਵ-ਸਿੱਧ ਨਹੀਂ ਹੁੰਦਾ , ਪਰ ਬਾਣੀਕਾਰ ਦਾ ਸਭ ਕੁਝ ਆਵੇਸ਼ਿਤ ਹੁੰਦਾ ਹੈ । ਉਸ ਦੇ ਬੋਲ ਆਪਣੇ ਨਹੀਂ ਹੁੰਦੇ । ਉਸ ਦੀ ਬਾਣੀ ‘ ਧੁਰ ਕੀ ਬਾਣੀ ’ , ‘ ਖਸਮ ਕੀ ਬਾਣੀ ’ , ‘ ਸਚ ਕੀ ਬਾਣੀ’ ਹੁੰਦੀ ਹੈ ਜੋ ਜਿਗਿਆਸੂਆਂ ਅੰਦਰ ਕਥਨੀ ਅਤੇ ਕਰਨੀ ਦਾ ਭੇਦ ਮਿਟਾ ਦਿੰਦੀ ਹੈ ।

ਕਵੀ ਅਤੇ ਬਾਣੀਕਾਰ ਦੇ ਕਾਵਿ-ਸਾਧਨ ਭਾਵੇਂ ਇਕੋ ਜਿਹੇ ਹੁੰਦੇ ਹਨ ਜਿਵੇਂ ਬਿੰਬ , ਅਲੰਕਾਰ , ਛੰਦ , ਕਾਵਿ- ਰੂਪ , ਪ੍ਰਤੀਕ , ਭਾਸ਼ਾ ਆਦਿ ਪਰ ਦੋਹਾਂ ਦੀ ਚੋਣ ਵਖ ਵਖ ਹੁੰਦੀ ਹੈ । ਇਹ ਚੋਣ ਵਿਸ਼ੇ ਦੇ ਸਰੂਪ ਕਰਕੇ ਬਦਲਦੀ ਹੈ । ਦੋਹਾਂ ਦੀ ਪਹੁੰਚ ਵਖਰੀ ਵਖਰੀ ਹੈ ਅਤੇ ਨਿਭਾ ਵੀ ਭਿੰਨ ਭਿੰਨ ਹੈ , ਭਾਵੇਂ ਅਭਿਵਿਅਕਤੀ ਦੀ ਪ੍ਰਕ੍ਰਿਆ ਕਾਫ਼ੀ ਸਮਾਨ -ਧਰਮੀ ਹੈ , ਪਰ ਵਖਰਤਾ ਪਹੁੰਚ ਮਾਰਗਾਂ ਕਰਕੇ ਹੈ । ਸਚ ਤਾਂ ਇਹ ਹੈ ਕਿ ਜਿਥੇ ਕਵੀ ਦਾ ਕਰਮ-ਖੇਤਰ ਖ਼ਤਮ ਹੁੰਦਾ ਹੈ , ਉਥੇ ਬਾਣੀਕਾਰ ਦੇ ਧਿਆਨ ਮਾਰਗ ਦਾ ਆਰੰਭ ਹੁੰਦਾ ਹੈ । ਕਵੀ ਦੀ ਭਾਸ਼ਾ ਕਲਪਨਾ ਦੇ ਪਰਾਂ ਨਾਲ ਉਡ ਕੇ ਪਾਠਕ /ਸਰੋਤਾਂ ਦੀ ਸੂਝ ਤੋਂ ਪਰੇ ਹੋ ਜਾਂਦੀ ਹੈ , ਜਦਕਿ ਬਾਣੀਕਾਰ ਲੋਕਾਂ ਨੂੰ ਲੋਕਾਂ ਦੀ ਭਾਸ਼ਾ ਵਿਚ ਸੰਦੇਸ਼ ਦੇ ਕੇ ਉਸ ਨੂੰ ਅਧਿਕ ਗ੍ਰਹਿਣ ਕਰਨ ਯੋਗ ਬਣਾਉਂਦਾ ਹੈ । ਕੁਲ ਮਿਲਾ ਕੇ ਦੋਹਾਂ ਦੀ ਆਧਾਰ-ਭੂਮੀ ਇਕ ਹੈ , ਪਰ ਦਿਸ਼ਾਵਾਂ ਵਖਰੀਆਂ ਵਖਰੀਆਂ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.