ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਬਖ਼ਸ਼ ਸਿੰਘ ਪ੍ਰੀਤਲੜੀ ( 1895-1977 ਈ. ) : ਸਿੱਖ ਧਰਮ ਅਤੇ ਭਾਰਤੀ ਸਭਿਆਚਾਰ ਬਾਰੇ ਆਧੁਨਿਕ ਪਰਿਪੇਖ ਵਿਚ ਉਦਾਰਤਾ ਨਾਲ ਸੋਚਣ ਅਤੇ ਆਧੁਨਿਕ ਪੰਜਾਬੀ ਵਾਰਤਕ ਵਿਚ ਨਿਖਾਰ ਲਿਆਉਣ ਵਾਲੇ ਸ. ਗੁਰਬਖ਼ਸ਼ ਸਿੰਘ ਦਾ ਜਨਮ 26 ਅਪ੍ਰੈਲ 1895 ਈ. ਨੂੰ ਸ. ਪਿਸ਼ੌਰਾ ਸਿੰਘ ਆਹਲੂਵਾਲੀਆ ਦੇ ਘਰ ਮਾਤਾ ਮਾਲਣੀ ਦੀ ਕੁੱਖੋਂ ਸਿਆਲਕੋਟ ਨਗਰ ਵਿਚ ਹੋਇਆ । ਜਦੋਂ ਸੱਤ ਸਾਲਾਂ ਦਾ ਹੋਇਆ , ਤਾਂ ਪਿਤਾ ਦਾ ਸਾਇਆ ਸਿਰੋਂ ਉਠ ਗਿਆ । ਦਾਦੀ , ਮਾਤਾ ਅਤੇ ਵੱਡੀ ਭੈਣ ਨੇ ਬੜੇ ਸਨੇਹ ਨਾਲ ਪਾਲਿਆ । ਪਰ ਪਿਤਾ ਦੇ ਪਿਆਰ ਦੀ ਘਾਟ ਪਿਆਰ ਦੇ ਅਜਿਹੇ ਸਰਵ- ਵਿਆਪੀ ਰੂਪ ਵਿਚ ਵਿਕਸਿਤ ਹੋਈ ਕਿ ਇਸ ਦਾ ਸਾਰਾ ਸਾਹਿਤ ਪ੍ਰੇਮਮਈ ਹੋ ਗਿਆ । ਸਿਰ ਉਤੇ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਆ ਪੈਣ ਨਾਲ ਇਸ ਨੇ ਬਚਪਨ ਤੋਂ ਹੀ ਮਿਹਨਤ ਵਿਚ ਰੁਚੀ ਰਖਣ ਦੀ ਬਿਰਤੀ ਨੂੰ ਆਪਣੇ ਵਿਅਕਤਿਤਵ ਦਾ ਅੰਗ ਬਣਾ ਲਿਆ ।

                      ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਇਹ ਐਫ਼.ਸੀ. ਕਾਲਜ ਲਾਹੌਰ ਵਿਚ ਦਾਖ਼ਲ ਹੋਇਆ , ਪਰ ਆਰਥਿਕ ਤੰਗੀ ਕਾਰਣ ਪੜ੍ਹਾਈ ਵਿਚੇ ਛਡ ਕੇ 15 ਰੁਪਏ ਮਹੀਨੇ’ ਤੇ ਕਲਰਕ ਜਾ ਲਗਿਆ ਅਤੇ ਮੌਕਾ ਮਿਲਣ’ ਤੇ ਆਪਣੀ ਵਿਦਿਆ ਪ੍ਰਾਪਤੀ ਦੀ ਤਾਂਘ ਦਾ ਪੇਲਿਆ ਥਾਮਸਨ ਸਿਵਲ ਇੰਜੀਨੀਅਰਿੰਗ ਕਾਲਜ , ਰੁੜਕੀ ਪਹੁੰਚ ਗਿਆ । ਸੰਨ 1913 ਈ. ਵਿਚ ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ ਹਾਸਲ ਕੀਤਾ । ਸੰਨ 1914 ਈ. ਵਿਚ ਪਹਿਲੀ ਵਿਸ਼ਵ ਜੰਗ ਛਿੜਨ’ ਤੇ ਫ਼ੌਜ ਵਿਚ ਇੰਜੀਨੀਅਰ ਭਰਤੀ ਹੋ ਕੇ ਈਰਾਨ ਅਤੇ ਇਰਾਕ ਆਦਿ ਮੁਲਕਾਂ ਵਿਚ ਕੰਮ ਕਰਨ ਲਈ ਜਾਣਾ ਪਿਆ । ਉਥੇ ਇਹ ਇਕ ਈਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਦੇ ਸੰਪਰਕ ਵਿਚ ਆਇਆ ਅਤੇ ਜੰਗ ਦੇ ਮੁਕਣ ਤੋਂ ਬਾਦ ਸੰਨ 1919 ਈ. ਵਿਚ ਉਸ ਦੀ ਸਿਫ਼ਾਰਿਸ਼ ਨਾਲ ਇਸ ਨੂੰ ਅਗੋਂ ਪੜ੍ਹਨ ਲਈ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ ਗਿਆ ।

                      ਅਮਰੀਕਾ ਵਿਚ ਇਹ ਇਕ ਗਿਆਨ-ਜਿਗਿਆਸੂ ਵਜੋਂ ਗਿਆ । ਉਥੋਂ ਦੇ ਵਾਤਾਵਰਣ , ਖ਼ੁਸ਼ਹਾਲ ਜੀਵਨ ਅਤੇ ਉਦਾਰ ਸਮਾਜਿਕ ਅਤੇ ਸਭਿਆਚਾਰਿਕ ਪਰੰਪਰਾਵਾਂ ਨੇ ਇਸ ਨੂੰ ਮੋਹ ਲਿਆ । ਸੰਨ 1922 ਈ. ਵਿਚ ਇਸ ਨੇ ਬੀ. ਐਸ-ਸੀ. ( ਇੰਜੀਨੀਅਰਿੰਗ ) ਦੀ ਡਿਗਰੀ ਹਾਸਲ ਕੀਤੀ ਅਤੇ ਕੁਝ ਸਮੇਂ ਲਈ ਥੰਮਸਟੋਨ ( ਓਹਾਇਓ ) ਵਿਚ ਨੌਕਰੀ ਕੀਤੀ , ਪਰ ਜਲਦੀ ਹੀ ਦੇਸ਼ ਪਰਤ ਆਇਆ । ਦੇਸ਼ ਆ ਕੇ ਇਸ ਨੂੰ ਨੌਕਰੀ ਨ ਮਿਲੀ । ਬੇਰੋਜ਼ਗਾਰੀ ਕਾਰਣ ਇਹ ਫਿਰ ਅਮਰੀਕਾ ਜਾਣ ਲਈ ਸੋਚਣ ਲਗ ਗਿਆ , ਪਰ ਇਕ ਅੰਗ੍ਰੇਜ਼ ਅਫ਼ਸਰ ਮਿਸਟਰ ਐਲਮ ਦੀ ਮਦਦ ਨਾਲ ਸੰਨ 1924 ਈ. ਵਿਚ ਇਹ ਰੇਲਵੇ ਵਿਚ ਸਹਾਇਕ ਇੰਜੀਨੀਅਰ ਲਗ ਗਿਆ । ਉਥੋਂ ਦਾ ਰਿਸ਼ਵਤਖ਼ੋਰੀ ਭਰਿਆ ਮਾਹੌਲ ਇਸ ਨੂੰ ਪਸੰਦ ਨ ਆਇਆ । ਫਲਸਰੂਪ ਇਸ ਨੇ ਸੰਨ 1932 ਈ. ਵਿਚ ਨੌਕਰੀ ਛਡ ਦਿੱਤੀ । ਫਿਰ ਇਸ ਨੇ ਨੌਸ਼ਹਿਰੇ ਵਿਚ ਅਕਾਲੀ ਫੂਲਾ ਸਿੰਘ ਦੀ ਸਮਾਧ ਨਾਲ ਲਗਦੀ ਜ਼ਮੀਨ ਨੂੰ ਪੱਟੇ ਉਤੇ ਲੈ ਕੇ ਉੇਥੇ ਆਧੁਨਿਕ ਲੀਹਾਂ’ ਤੇ ਮਸ਼ੀਨੀ ਢੰਗ ਨਾਲ ਵਾਹੀ ਕਰਨ ਦਾ ਉਦਘਾਟਨ ਕੀਤਾ । ਇਹ ਯਤਨ ਭਾਵੇਂ ਇਤਿਹਾਸਿਕ ਮਹੱਤਵ ਰਖਦਾ ਹੈ , ਪਰ ਇਸ ਉਦਮ ਵਿਚ ਇਹ ਸਫਲ ਨ ਹੋ ਸਕਿਆ ।

                      ਸਤੰਬਰ 1933 ਈ. ਵਿਚ ‘ ਪ੍ਰੀਤਲੜੀ’ ਨਾਂ ਦੀ ਪਤ੍ਰਿਕਾ ਦਾ ਪ੍ਰਕਾਸ਼ਨ ਆਰੰਭ ਕੀਤਾ । ਇਸ ਪਤ੍ਰਿਕਾ ਦੁਆਰਾ ਇਸ ਨੇ ਧਾਰਮਿਕ ਤੰਗਨਜ਼ਰੀ ਤੋਂ ਮੁਕਤ ਅਤੇ ਪੁਰਾਣੇ ਰੀਤਾਂ-ਰਿਵਾਜਾਂ ਅਤੇ ਵਹਿਮਾਂ-ਭਰਮਾਂ ਤੋਂ ਰਹਿਤ ਇਕ ਨਵੇਂ ਜੀਵਨ ਦਾ ਸੁਪਨਾ ਲੋਕਾਂ ਸਾਹਮਣੇ ਰਖਿਆ । ਇਸ ਦੀ ਨਵੀਂ ਵਿਚਾਰਧਾਰਾ ਤੋਂ ਲੋਕ ਕੀਲੇ ਗਏ ਅਤੇ ਪੰਜਾਬੀ ਪਾਠਕਾਂ ਵਿਚ ਇਕ ਨਵੀਂ ਸੋਹਜ ਬਿਰਤੀ ਦਾ ਵਿਕਾਸ ਹੋਇਆ । ਨੌਸ਼ਹਿਰੇ ਵਿਚ ਪੰਜਾਬੀ ਸਭਿਆਚਾਰ ਤੋਂ ਦੂਰ ਬੈਠਿਆਂ ਇਹ ਆਪਣੇ ਵਿਚਾਰਾਂ ਨੂੰ ਠੀਕ ਢੰਗ ਨਾਲ ਪ੍ਰਚਲਿਤ ਨ ਕਰ ਸਕਿਆ । ਸੰਨ 1936 ਈ. ਵਿਚ ਨੌਸ਼ਹਿਰੇ ਨੂੰ ਛਡ ਕੇ ਮਾਡਲ ਟਾਊਨ ਲਾਹੌਰ ਆ ਵਸਿਆ । ਆਪਣੇ ਪ੍ਰੀਤ ਸਿੱਧਾਂਤ ਨੂੰ ਇਸ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਮਿੱਤਰਾਂ ਸਾਹਮਣੇ ਖੁਲ੍ਹ ਕੇ ਰਖਣਾ ਸ਼ੁਰੂ ਕੀਤਾ । ਇਸ ਨੇ ਲਾਹੌਰ ਅਤੇ ਅੰਮ੍ਰਿਤਸਰ ਵਿਚਾਲੇ ਲੋਪੋਕੇ ਪਿੰਡ ਨੇੜੇ 15 ਏਕੜ ਜ਼ਮੀਨ ਖ਼ਰੀਦ ਕੇ ਸੰਨ 1938 ਈ. ਵਿਚ ਪ੍ਰੀਤ ਨਗਰ ਦੀ ਸਥਾਪਨਾ ਕੀਤੀ । ਉਸ ਵਕਤ ਦੇ ਬਹੁਤੇ ਪੰਜਾਬੀ ਸਾਹਿਤਕਾਰ ਪ੍ਰੀਤਨਗਰ ਦੇ ਹੀ ਢਲੇ ਹੋਏ ਸਿੱਕੇ ਹਨ । ਹੌਲੀ ਹੌਲੀ ਪ੍ਰੀਤ ਦੇ ਬੁਨਿਆਦੀ ਧੁਰੇ ਉਤੇ ਟਿਕੀਆਂ ਅਨੇਕ ਸੰਸਥਾਵਾਂ ਹੋਂਦ ਵਿਚ ਆਉਣ ਲਗੀਆਂ , ਜਿਨ੍ਹਾਂ ਵਿਚ ਪ੍ਰੀਤ ਨਗਰ , ਪ੍ਰੀਤ ਕਲਬ , ਪ੍ਰੀਤ ਸੈਨਾ , ਪ੍ਰੀਤ ਸੈਨਿਕ ਸਕੂਲ ਆਦਿ ਵਿਸ਼ੇਸ਼ ਉਲੇਖਯੋਗ ਹਨ । ਇਸ ਤਰ੍ਹਾਂ ਪ੍ਰੀਤ ਨਗਰ ਸਾਹਿਤਿਕ ਅਤੇ ਸਭਿਆਚਾਰਿਕ ਸਰਗਰਮੀਆਂ ਦਾ ਕੇਂਦਰ ਬਣ ਗਿਆ ।

                      ਸੰਨ 1947 ਈ. ਵਿਚ ਦੇਸ਼ ਵੰਡਿਆ ਗਿਆ । ਪ੍ਰੀਤ ਨਗਰ ਹਿੰਦ-ਪਾਕ-ਸਰਹਦ ਉਤੇ ਆ ਗਿਆ । ਸੰਪ੍ਰਦਾਇਕ ਦੰਗਿਆਂ ਤੋਂ ਡਰਦਿਆਂ ਪ੍ਰੀਤ-ਸੈਨਿਕਾਂ ਨੇ ਵਖਰੀਆਂ ਵਖਰੀਆਂ ਥਾਂਵਾਂ ਉਤੇ ਜਾ ਠਿਕਾਣੇ ਬਣਾਏ । ਪ੍ਰੀਤ-ਸੈਨਾ ਅਧਿਨਾਇਕ ਗੁਰਬਖ਼ਸ਼ ਸਿੰਘ ਖ਼ੁਦ ਦਿੱਲੀ ਜਾ ਟਿਕਿਆ । ਪਰ ਤਿੰਨ ਸਾਲ ਬਾਦ ਇਸ ਨੇ ਉਜੜਿਆ ਪ੍ਰੀਤ ਨਗਰ ਫਿਰ ਵਸਾਉਣ ਦਾ ਯਤਨ ਕੀਤਾ ।

                      ਸੰਨ 1912 ਈ. ਵਿਚ ਸ਼ਿਵਦੇਈ ( ਜਗਜੀਤ ਕੌਰ ) ਨਾਲ ਹੋਏ ਵਿਆਹ ਤੋਂ ਬਾਦ ਇਸ ਦੀ ਪਤਨੀ ( ਜੀਤੀ /ਜੀਤਾਂ ) ਨੇ ਗੁਰਬਖ਼ਸ਼ ਸਿੰਘ ਨਾਲ ਅੰਗ-ਸੰਗ ਹੋ ਕੇ ਕੰਮ ਕੀਤਾ । ਇਸ ਦੰਪਤੀ ਦੇ ਦੋ ਲੜਕਿਆਂ ਅਤੇ ਚਾਰ ਲੜਕੀਆਂ ਵਿਚ ਨਵਤੇਜ ਸਿੰਘ ਸਭ ਤੋਂ ਵੱਡਾ ਸੀ । ਇਸ ਦੀ ਪਤਨੀ ਨੇ ਸਮਾਜਿਕ ਤੌਰ ’ ਤੇ ਵਿਵਰਜਿਤ ਵਿਸ਼ਿਆਂ ਉਪਰ ਲਿਖਣ ਲਈ ਗੁਰਬਖ਼ਸ਼ ਸਿੰਘ ਨੂੰ ਹੱਲਾ-ਸ਼ੇਰੀ ਦਿੱਤੀ । ਪ੍ਰੀਤ ਲੜੀ ਸ਼ੁਰੂ ਕਰਨ ਤੋਂ ਬਾਦ ਇਸ ਨੂੰ ਕਈ ਦੇਸ਼ਾਂ ਵਿਚ ਜਾਣਾ ਪਿਆ , ਜਿਵੇਂ ਅਮਰੀਕਾ , ਕੈਨੇਡਾ , ਫਰਾਂਸ , ਇੰਗਲੈਂਡ , ਇਟਲੀ , ਆਸਟਰੀਆ , ਜਰਮਨੀ , ਚੀਨ , ਹੰਗਰੀ , ਰੁਮਾਨੀਆ , ਅਫ਼ਗ਼ਾਨਿਸਤਾਨ , ਸੋਵੀਅਤ ਯੂਨੀਅਨ ਆਦਿ ।

                      ਗੁਰਬਖ਼ਸ਼ ਸਿੰਘ ਨੂੰ ਉਸ ਦੀ ਅਦੁੱਤੀ ਸਾਹਿਤਿਕ ਦੇਣ ਕਾਰਣ ਪੰਜਾਬੀ ਜਗਤ ਵਿਚ ਬਹੁਤ ਸਤਿਕਾਰ ਮਿਲਿਆ । ਲੋਕੀਂ ਉਸ ਦੇ ਲੇਖਾਂ ਨੂੰ ਪੜ੍ਹਨ ਲਈ ‘ ਪ੍ਰੀਤਲੜੀ’ ਦੀ ਉਡੀਕ ਕਰਦੇ ਸਨ । ਉਸ ਦਾ ਲਿਖਿਆ ਸਾਰਾ ਸਾਹਿਤ ਪੁਸਤਕ ਰੂਪ ਧਾਰਣ ਕਰਨ ਤੋਂ ਪਹਿਲਾਂ ‘ ਪ੍ਰੀਤਲੜੀ’ ਰਾਹੀਂ ਛਾਪਿਆ ਗਿਆ । ਦੇਸ਼ ਵਿਦੇਸ਼ ਦੀਆਂ ਅਨੇਕ ਸੰਸਥਾਵਾਂ ਨੇ ਇਸ ਨੂੰ ਸਨਮਾਨਿਤ ਕੀਤਾ ਅਤੇ ਅਨੇਕ ਸਾਹਿਤਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਇਹ ਸੰਬੰਧਿਤ ਰਿਹਾ । ਇਸ ਪ੍ਰਤਿਭਾਵਾਨ ਸਾਹਿਤਕਾਰ ਦਾ ਅੰਤ 20 ਅਗਸਤ 1977 ਈ. ਨੂੰ ਪੀ.ਜੀ. ਆਈ. ਚੰਡੀਗੜ੍ਹ ਵਿਚ ਹੋਇਆ ।

                      ਸਾਹਿਤਿਕ ਖੇਤਰ ਵਿਚ ‘ ਪ੍ਰੀਤਲੜੀ’ ਪਤ੍ਰਿਕਾ ਇਸ ਦੀ ਮਹੱਤਵਪੂਰਣ ਅਤੇ ਅਭੁਲ ਦੇਣ ਹੈ ਜੋ ਇਸ ਤੋਂ ਬਾਦ ਵੀ ਚਲ ਰਹੀ ਹੈ । ਇਸ ਦਾ ਸਾਰਾ ਸਾਹਿਤ ‘ ਪ੍ਰੀਤਲੜੀ’ ਦੀ ਗੋਦ ਵਿਚੋਂ ਜਨਮਿਆ ਹੈ । ਇਸ ਦੇ ਜੀਵਨ-ਕਾਲ ਤਕ 29 ਲੇਖ-ਸੰਗ੍ਰਹਿ ਛਪ ਚੁਕੇ ਸਨ ਅਤੇ ਦੋ ਬਾਦ ਵਿਚ ਸੰਕਲਿਤ ਕੀਤੇ ਗਏ । ਇਨ੍ਹਾਂ ਲੇਖਾਂ ਦੇ ਵਿਭਿੰਨ ਵਿਸ਼ੇ ਹਨ । ਲੇਖਾਂ ਤੋਂ ਇਲਾਵਾ ਇਸ ਨੇ ਕਈ ਹੋਰ ਸਾਹਿਤ-ਰੂਪਾਂ ਉਤੇ ਵੀ ਹੱਥ ਅਜ਼ਮਾਇਆ ਹੈ । ਸੰਨ 1935 ਈ. ਵਿਚ ਇਸ ਦਾ ਪਹਿਲਾ ਨਾਟਕਰਾਜ ਕੁਮਾਰੀ ਲਤਿਕਾ’ ਛਪਿਆ ਸੀ । ਇਸ ਤੋਂ ਇਲਾਵਾ ਦੋ ਪੂਰੇ ਨਾਟਕ ਅਤੇ ਤਿੰਨ ਇਕਾਂਗੀ ਸੰਗ੍ਰਹਿ ਬਾਦ ਵਿਚ ਪ੍ਰਕਾਸ਼ਿਤ ਹੋਏ । ਇਸ ਨੇ ‘ ਅਣਵਿਆਹੀ ਮਾਂ ’ , ‘ ਰੁੱਖਾਂ ਦੀ ਜੀਰਾਂਦ’ ਅਤੇ ‘ ਗੁਲਾਬੋ’ ਨਾਂ ਦੇ ਤਿੰਨ ਨਾਵਲ ਲਿਖੇ ਅਤੇ 11 ਕਹਾਣੀ-ਸੰਗ੍ਰਹਿ ਛਾਪਣ ਦਾ ਉਦਮ ਕੀਤਾ ਅਤੇ ਬੱਚਿਆਂ ਲਈ ਵੀ ਪੰਜ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤੇ । ਇਸ ਨੇ ਆਪਣੀ ਜੀਵਨੀ ਤਿੰਨ ਭਾਗਾਂ ਵਿਚ ਛਾਪ ਕੇ ਆਪਣੇ ਜੀਵਨ ਸੰਘਰਸ਼ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ । ਇਸ ਨੇ ਆਪਣਾ ਸਫ਼ਰਨਾਮਾ ਲਿਖਣ ਤੋਂ ਇਲਾਵਾ ਕੁਝ ਮਹੱਤਵਪੂਰਣ ਰਚਨਾਵਾਂ ਦਾ ਅਨੁਵਾਦ ਵੀ ਕੀਤਾ , ਜਿਵੇਂ ‘ ਏਸ਼ੀਆ ਦਾ ਚਾਨਣ’ । ਇਸ ਦਾ ਸਾਰਾ ਸਾਹਿਤ ਸੰਨ 1996-97 ਈ. ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਛਾਪਿਆ ਜਾ ਚੁਕਾ ਹੈ । ਇਨ੍ਹਾਂ ਰਚਨਾਵਾਂ ਵਿਚ ਇਸ ਨੇ ਲਕੀਰ ਤੋਂ ਹਟ ਕੇ ਗੱਲ ਕੀਤੀ ਹੈ । ਇਸ ਦੀ ਵਿਚਾਰਧਾਰਾ ਖੜੋਤ ਨੂੰ ਤੋੜਦੀ ਹੈ ਅਤੇ ਆਦਰਸ਼ਵਾਦ ਤੋਂ ਸਮਾਜਵਾਦ ਵਲ ਯਾਤ੍ਰਾ ਕਰਦੀ ਹੈ । ਪਰ ਇਨ੍ਹਾਂ ਦੋਹਾਂ ਵਿਚਾਰਧਾਰਾਵਾਂ ਦਾ ਮੂਲਾਧਾਰ ਵਿਦੇਸ਼ੀ ਹੋਣ ਕਾਰਣ ਮਾਂਗਵਾ ਹੈ । ਫਲਸਰੂਪ ਇਹ ਇਕ ਗੰਭੀਰ ਦਾਰਸ਼ਨਿਕ ਨਹੀਂ ਬਣ ਸਕਿਆ , ਬਸ ਸਤੱਈ ਜਿਹਾ ਪ੍ਰਚਾਰਕ ਹੀ ਰਿਹਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਬਖ਼ਸ਼ ਸਿੰਘ ‘ ਪ੍ਰੀਤਲੜੀ’ : ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿਚੋਂ ਇਹ ਉਚ ਕੋਟੀ ਦਾ ਵਿਦਵਾਨ , ਲੇਖਕ , ਕਹਾਣੀਕਾਰ , ਨਾਟਕਕਾਰ , ਨਾਵਲਕਾਰ ਅਤੇ ਪਤੱਰਕਾਰ ਹੋਇਆ ਹੈ । ਇਸ ਦੇ ਪ੍ਰਸਿੱਧ ਮਾਸਕ ਪੱਤਰ ‘ ਪ੍ਰੀਤਲੜੀ’ ਦਾ ਨਾਂ ਇਸ ਦੇ ਨਾਂ ਨਾਲ ਸਦੀਵੀ ਤੌਰ ਤੇ ਜੁੜ ਗਿਆ । ਇਸ ਦਾ ਜਨਮ 1895 ਈ. ਵਿਚ ਸਿਆਲਕੋਟ ( ਹੁਣ ਪਾਕਿਸਤਾਨ ) ਵਿਖੇ ਸ. ਪਿਸ਼ੋਰਾ ਸਿੰਘ ਦੇ ਘਰ ਹੋਇਆ । ਰੁੜਕੀ ( ਉੱਤਰ ਪ੍ਰਦੇਸ਼ ) ਤੋਂ ਇੰਜੀਨੀਅਰਿੰਗ ਪਾਸ ਕਰਨ ਮਗਰੋਂ 1914 ਤੋਂ 1918 ਤੱਕ ਇਹ ਈਰਾਨ ਵਿਚ ਇੰਜੀਨੀਅਰ ਲੱਗਾ ਰਿਹਾ । ਫਿਰ 1919 ਤੋਂ 1923 ਤਕ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ । ਉਥੋਂ ਵਾਪਸ ਆ ਕੇ 1924 ਵਿਚ ਇਹ ਭਾਰਤੀ ਰੇਲਵੇ ਵਿਚ ਇੰਜੀਨੀਅਰ ਨਿਯੁਕਤ ਹੋਇਆ ਅਤੇ 1932 ਤੱਕ ਨੌਕਰੀ ਕੀਤੀ । ਮਗਰੋਂ 1932 ਤੋਂ 1936 ਤੱਕ ਇਹ ਨੌਸ਼ਹਿਰੇ ਵਿਚ ‘ ਸਮਾਧ ਅਕਾਲੀ ਫੂਲਾ ਸਿੰਘ’ ਦੇ ਗੁਰਦੁਆਰੇ ਵਿਚ ਮੈਨੇਜਰ ਲੱਗਾ ਰਿਹਾ , ਜਿਥੇ ਇਸ ਨੇ ਟ੍ਰੈਕਟਰ ਦੁਆਰਾ ਨਵੀਨ ਤਕਨੀਕੀ ਢੰਗ ਨਾਲ ਖੇਤੀ ਸ਼ੁਰੂ ਕੀਤੀ ।

                  ਸੰਨ 1933 ਵਿਚ ਨੌਸ਼ਹਿਰੇ ਤੋਂ ਹੀ ‘ ਪ੍ਰੀਤਲੜੀ’ ਮਾਸਕ ਪੱਤਰ ਸ਼ੁਰੂ ਕਰਕੇ ਸ. ਗੁਰਬਖ਼ਸ਼ ਸਿੰਘ ਨੇ ਆਪਣਾ ਪੱਤਰਕਾਰੀ ਜੀਵਨ ਸ਼ੁਰੂ ਕੀਤਾ । ‘ ਪ੍ਰੀਤਲੜੀ’ ਰਾਹੀਂ ਇਸ ਨੇ ਪੰਜਾਬੀਆਂ ਨੂੰ ਪੱਛਮ ਦੇ ਆਧੁਨਿਕ ਯੁਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ । ਸੰਨ 1936 ਵਿਚ ਇਹ ਨੌਸ਼ਹਿਰੇ ਤੋਂ ਮਾਡਲ ਟਾਊਨ , ਲਾਹੌਰ ਆ ਗਿਆ ਅਤੇ ਫਿਰ 1938 ਵਿਚ ਅੰਮ੍ਰਿਤਸਰ ਦੇ ਲਾਗੇ ਲੋਪੋਕੇ ਪਿੰਡ ਵਿਚ ਪੰਦਰਾਂ ਏਕੜ ਜ਼ਮੀਨ ਖ਼ਰੀਦ ਕੇ ‘ ਪ੍ਰੀਤ ਨਗਰ’ ਵਸਾਇਆ । ਇਸ ਨੇ ਪੰਜਾਬੀ ਸਾਹਿਤ ਦੇ ਰਸੀਆਂ ਨੂੰ ਇਥੇ ਆ ਕੇ ਵਸਣ ਦਾ ਸੱਦਾ ਦਿੱਤਾ । ‘ ਪ੍ਰੀਤਲੜੀ’ ਕੁਝ ਸਮਾਂ ਉਰਦੂ ਵਿਚ ਵੀ ਛਪਦੀ ਰਹੀ । ਪੰਜਾਬੀ ਵਿਚ ਇਹ ਦਿਨੋ ਦਿਨ ਬਹੁਤ ਹੀ ਹਰਮਨ ਪਿਆਰਾ ਮੈਗਜ਼ੀਨ ਬਣ ਗਿਆ । ਸੰਨ 1970 ਵਿਚ ‘ ਪ੍ਰੀਤਲੜੀ’ ਦੀਆਂ 18 , 000 ਕਾਪੀਆਂ ਛਪਦੀਆਂ ਸਨ ਅਤੇ ਕਈ ਸਾਲਾਂ ਤੱਕ ਇਹ ਪੰਜਾਬੀ ਦਾ ਸਭ ਤੋਂ ਵੱਧ ਛਪਣ ਵਾਲਾ ਮਾਸਕ ਪੱਤਰ ਰਿਹਾ । ਭਾਰਤ ਦਾ ਹੀ ਨਹੀਂ , ਸਗੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਵੀ ਇਸ ਦੀ ਬਹੁਤ ਮੰਗ ਹੈ । ਸੰਨ 1942 ਵਿਚ ਸ. ਗੁਰਬਖ਼ਸ਼ ਸਿੰਘ ਨੇ ਬੱਚਿਆਂ ਲਈ ਮਾਸਕ ‘ ਬਾਲ ਸੰਦੇਸ਼’ ਜਾਰੀ ਕੀਤਾ । ‘ ਪ੍ਰੀਤਲੜੀ’ ਵਾਂਗ ਇਸ ਨੂੰ ਵੀ ਪੰਜਾਬੀ ਜਗਤ ਵਿਚ ਬਹੁਤ ਮਕਬੂਲੀਅਤ ਹਾਸਲ ਹੋਈ । ਅਜ ਵੀ ਇਸ ਦੀ ਮੌਤ ਤੋਂ ਬਾਅਦ ਸ. ਗੁਰਬਖਸ਼ ਸਿੰਘ ਦੀ ਪੋਤ ਨੂੰਹ ਸ਼੍ਰੀਮਤੀ ਪੂਨਮ ਦੀ ਸੰਪਾਦਨਾ ਹੇਠ ਛਪ ਰਿਹਾ ਹੈ ।

                  ਸ. ਗੁਰਬਖ਼ਸ਼ ਸਿੰਘ ਨੇ ਇਕ ਆਦਰਸ਼ ਜੀਵਨ ਬਿਤਾਇਆ ਹੈ । ਆਪਣੀ ਸੰਤਾਨ ਨੂੰ ਵੀ ਇਸ ਨੇ ਪ੍ਰੀਤਨਗਰ ਦੇ ਖੁਲ੍ਹੇ-ਡੁੱਲੇ ਮਾਹੌਲ ਵਿਚ ਮੌਲਣ ਅਤੇ ਵਿਗਸਣ ਦਾ ਮੌਕਾ ਦਿੱਤਾ । ਇਸ ਦੇ ਦੋ ਸਪੁੱਤਰ ਸ. ਨਵਤੇਜ ਸਿੰਘ ( 1925-1981 ) ਅਤੇ ਸ. ਹਿਰਦੇਪਾਲ ਸਿੰਘ ਅਤੇ ਚਾਰ ਸਪੁੱਤਰੀਆਂ ਹਨ । ਸ. ਗੁਰਬਖ਼ਸ਼ ਸਿੰਘ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਮਰੀਕਾ , ਕੈਨੇਡਾ , ਇੰਗਲੈਂਡ , ਪੱਛਮੀ ਯੂਰਪ ਦੇ ਛੇ ਹੋਰ ਦੇਸ਼ਾਂ , ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਚਾਰ ਦੇਸ਼ਾਂ ਅਤੇ ਇਰਾਕ , ਈਰਾਨ , ਚੀਨ , ਹਾਂਗਕਾਂਗ , ਫ਼ਿਨਲੈਂਡ , ਅਫ਼ਗਾਨਿਸਤਾਨ ਸਮੇਤ ਵੀਹ ਦੇਸ਼ਾਂ ਦੀ ਵੱਖੋਂ ਵੱਖ ਯਾਤਰਾ ਕੀਤੀ । ਆਪਣੇ ਲੰਮੇ ਤਜਰਬੇ ਅਤੇ ਡੂੰਘੇ ਅਨੁਭਵ ਨੂੰ ਇਸ ਨੇ ਆਪਣੀਆਂ ਲਿਖਤਾਂ ਵਿਚ ਬੜੀ ਸੁਚੱਜਤਾ ਨਾਲ ਸਮੋਇਆ ਹੈ ।

                  ਗੁਰਬਖ਼ਸ਼ ਸਿੰਘ ਦੀ ਸਭ ਤੋਂ ਪਹਿਲੀ ਰਚਨਾ 1913 ਵਿਚ ਲਿਖੀ ‘ ਪ੍ਰਿਤਮਾ’ ਨਾਂ ਦੀ ਕਹਾਣੀ ਸੀ । ਇਵੇਂ ਹੀ ਨਾਟਕ ਖੇਤਰ ਵਿਚ ਇਸ ਦਾ ਪਹਿਲਾ ਨਾਟਕ 1922-23 ਵਿਚ ਲਿਖਿਆ ‘ ਪ੍ਰੀਤ ਮੁਕਟ’ ਸੀ ਜੋ ਪਹਿਲਾਂ ਮੂਲ ਰੂਪ ਵਿਚ ਅੰਗਰੇਜ਼ੀ ਵਿਚ ‘ Loves Crown’ ਨਾਂ ਹੇਠ ਛਪਿਆ ਸੀ । ਇਸ ਦਾ ਪਹਿਲਾਂ ਲੇਖ ‘ ਮੇਰੇ ਦਾਦੀ ਜੀ’ ( My Grand-Mother ) ਵੀ 1922-23 ਵਿਚ ਪਹਿਲਾਂ ਅੰਗਰੇਜ਼ੀ ਵਿਚ ਛਪਿਆ ਸੀ । ਇਸ ਤੋਂ ਮਗਰੋਂ ਰਚਨਾਵਾਂ ਦਾ ਪ੍ਰਵਾਹ ਚੱਲ ਪਿਆ ਅਤੇ 1970 ਤੱਕ ਵਿਦਵਾਨ ਲੇਖਕ ਦੀਆਂ 50 ਉੱਤਮ ਕਿਰਤਾਂ ਛਪ ਚੁੱਕੀਆਂ ਸਨ ।

                  ਕਹਾਣੀ ਦੇ ਖੇਤਰ ਵਿਚ ਸ. ਗੁਰਬਖ਼ਸ਼ ਸਿੰਘ ਦੀਆਂ ‘ ਨਾਗ ਪ੍ਰੀਤ ਦਾ ਜਾਦੂ’ ( 1940 ) , ‘ ਅਨੋਖੇ ਤੇ ਇਕੱਲੇ’ ( 1940 ) , ‘ ਅਸਮਾਨੀ ਮਹਾਂਨਦੀ’ ( 1940 ) , ‘ ਵੀਣਾ ਵਿਨੋਦ’ ( 1942 ) , ‘ ਪ੍ਰੀਤਾਂ ਦੇ ਪਹਿਰੇਦਾਰ’ ( 1946 ) , ‘ ਭਾਬੀ ਮੈਨਾ’ ( 1956 ) , ‘ ਪ੍ਰੀਤ ਕਹਾਣੀਆਂ’ ( 1950 ) , ‘ ਸ਼ਬਨਮ’ ( 1955 ) , ‘ ਇਸ਼ਕ ਜਿਨ੍ਹਾਂ ਦੀ ਹੱਡੀਂ ਰਖਿਆ’ ( 1959 ) , ‘ ਜ਼ਿੰਦਗੀ ਵਾਰਸ ਹੈ’ ( 1960 ) ਅਤੇ ‘ ਰੰਗ ਸਹਿਕਦਾ ਦਿਲ ’ ( 1970 ) ਪੁਸਤਕਾਂ ਪ੍ਰਸਿੱਧ ਹਨ । ਬੱਚਿਆਂ ਲਈ ਵੀ ਇਸ ਤੇ ਕਈ ਉੱਤਮ ਕਹਾਣੀ-ਸੰਗ੍ਰਹਿ ਉਪਲਬਧ ਹਨ । ਰਾਜਕੁਮਾਰੀ ਲਤਿਕਾ ( 1935 ) , ਪ੍ਰੀਤ ਮੁਕਟ ( 1936 ) , ਪ੍ਰੀਤਮਣੀ ( 1940 ) ਦੇ ਪੂਰਬ ਪੱਛਮ ( 1940 ) ਦੋ ਨਾਟਕ ਹਨ । ਨਾਵਲ ਦੇ ਖੇਤਰ ਵਿਚ ਵੀ ਇਸ ਦੀ ਭਰਪੂਰ ਦੇਣ ਹੈ , ‘ ਅਣਵਿਆਹੀ ਮਾਂ’ ( 1942 ) , ‘ ਮਾਂ’ ( ਅਨੁਵਾਦ 1960 ) ਅਤੇ ‘ ਰੁੱਖਾਂ ਦੀ ਜੀਰਾਂਦ’ ਵਰਣਨਯੋਗ ਨਾਵਲ ਹਨ ਪਰ ਸ. ਗੁਰਬਖ਼ਸ਼ ਸਿੰਘ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਅਤੇ ਉੱਤਮ ਦੇਣ ਇਸ ਦੇ ਲੇਖ ਹਨ । ਲੇਖਾਂ ਵਿਚ ਇਸ ਨੇ ਆਪਣਾ ਜੀਵਨ ਫ਼ਲਸਫ਼ਾ ਅਤੇ ਸਾਵੀਂ ਪੱਧਰੀ ਜਿੰਦਗੀ ਜਿਉਣ ਦੇ ਢੰਗ ਬਣੀ ਹੀ ਸੁੰਦਰ ਅਤੇ ਦਿਲਚਸਪ ਸ਼ੈਲੀ ਵਿਚ ਦਰਸਾਏ ਹਨ । ਪ੍ਰੀਤ ਮਾਰਗ ( 1934 ) , ਖੁਲ੍ਹਾ ਦਰ ( 1940 ) , ਫ਼ੈਸਲੇ ਦੀ ਘੜੀ ( 1941 ) , ਸਾਵੀਂ ਪੱਧਰੀ ਜਿੰਦਗੀ ( 1943 ) , ਮਨੋਹਰ ਸ਼ਖ਼ਸੀਅਤ ( 1943 ) , ਮੇਰੇ ਝਰੋਖੇ ’ ਚੋ ( 1946 ) , ਸਾਡੀ ਹੋਣੀ ਦਾ ਲਿਸ਼ਕਾਰਾ ( 1946 ) , ਮੇਰੀਆਂ ਅਭੁੱਲ ਯਾਦਾਂ ( 1947 ) , ਪ੍ਰਸੰਨ ਲੰਮੀ ਉਮਰ ( 1947 ) , ਇਕ ਦੁਨੀਆ ਦੇ ਤੇਰਾਂ ਸੁਪਨੇ ( 1947 ) , ਸਵੈ-ਪੂਰਨਤਾ ਦੀ ਲਗਨ ( 1947 ) , ਨਵਾਂ ਸ਼ਿਵਾਲਾ ( 1947 ) , ਭਖਦੀ ਜੀਵਨ ਚੰਗਿਆੜੀ ( 1950 ) , ਨਵੀਂ ਤਕੜੀ ਦੁਨੀਆ ( 1950 ) , ਜ਼ਿੰਦਗੀ ਦੀ ਰਾਸ ( 1957 ) ਅਤੇ ਇਕ ਝਾਤ ਪੂਰਬ ਪੱਛਮ ਤੇ ( 1958 ) ਇਸ ਦੇ ਪ੍ਰਸਿੱਧ ਲੇਖ-ਸੰਗ੍ਰਹਿ ਹਨ । ਜੀਵਨੀਆਂ ਵਿਚ ਪਰਮ ਮਨੁੱਖ ( 1943 ) , ਮੇਰੀ ਜੀਵਨ ਕਹਾਣੀ ( 1959 ) ਅਤੇ ਮੰਜ਼ਿਲ ਦਿੱਸ ਪਈ ( 1964 ) ਸ਼ਾਮਲ ਹਨ ।

                  ਸ. ਗੁਰਬਖ਼ਸ਼ ਸਿੰਘ ਨੇ 1933 ਵਿਚ ‘ ਪ੍ਰੀਤਲੜੀ’ ਸ਼ੁਰੂ ਕਰਨ ਤੋਂ ਲੈ ਕੇ ਆਪਣਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਨੂੰ ਅਰਪਣ ਕੀਤਾ । ਸੰਨ 1977 ਵਿਚ ਇਸ ਦੀ ਮੌਤ ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਹੁਤ ਘਾਟਾ ਪਿਆ ਹੈ । ਇਹ ਵਰਤਮਾਨ ਪੰਜਾਬੀ ਗਦ ਦਾ ਨਿਰਮਾਤਾ ਸੀ ਜੋ ਨਿਤ ਨਵੇਂ ਵਿਸ਼ੇ ਤੇ ਨਵੀਆਂ ਸੇਧਾਂ ਪ੍ਰਦਾਨ ਕਰਦਾ ਸੀ । ਇਹ ਲੋਕਾਂ ਨੂੰ ਅਗਾਂਹ-ਵਧੂ ਰੁਚੀਆਂ ਤੇ ਵਿਗਿਆਨਕ ਦਿੱਖ ਦੇ ਧਾਰਨੀ ਬਣਾਉਣ ਵਾਲਾ ਲੇਖਕ ਸੀ । ‘ ਮੇਰੇ ਝਰੋਖੇ ’ ਚੋਂ’ , ‘ ਪ੍ਰਸੰਨ ਲੰਮੀ ਉਮਰ , ‘ ਭਖਦੀ ਜੀਵਨ ਚੰਗਿਆੜੀ’ , ‘ ਸਮੇਂ ਦੇ ਪੈਰ-ਚਿਤਰ’ ਆਦਿ ਕਾਲਮ ਰਾਹੀਂ ਇਸ ਨੇ ਅਜੋਕੇ ਪੰਜਾਬੀ ਸਮਾਜ ਦੇ ਹਰ ਪੜ੍ਹੇ ਲਿਖੇ ਪੰਜਾਬੀ ਉਤੇ ਅਮਿੱਟ ਛਾਪ ਛੱਡੀ ਹੈ । ‘ ਪ੍ਰੀਤ ਲੜੀ’ ਦੇ ਪੰਨਿਆ ਰਾਹੀਂ ਇਸ ਨੇ ਮੋਹਨ ਸਿੰਘ , ਅੰਮ੍ਰਿਤਾ ਪ੍ਰੀਤਮ , ਬਲਵੰਤ ਗਾਰਗੀ , ਸੰਤੋਖ ਸਿੰਘ ਧੀਰ , ਜਸਵੰਤ ਸਿੰਘ ਰਾਹੀ , ਗੁਰਚਰਨ ਰਾਮਪੁਰੀ ਅਤੇ ਗੁਰਜੀਤ ਰਾਮਪੁਰੀ ਸਮੇਤ ਪੰਜਾਬੀ ਸਾਹਿਤ ਜਗਤ ਦੇ ਕਿੰਨੇ ਹੀ ਉੱਘੇ ਸਿਤਾਰਿਆਂ ਨੂੰ ਪਾਠਕਾਂ ਸਾਹਮਣੇ ਲਿਆਂਦਾ ਹੈ । ਸੰਸਾਰ ਅਮਨ ਲਹਿਰ ਦਾ ਸੰਦੇਸ਼ ਇਸ ਨੇ ਦੇਸ਼ ਦੇ ਵਿਸ਼ਾਲ ਹਿੱਸਿਆਂ ਵਿਚ ਪਹੁੰਚਾਇਆ ਹੈ ।

                  ਪੰਜਾਬੀ ਸਾਹਿਤ ਵਿਚ ਆਪਣੀ ਮੁਹਰ ਛਾਪ ਛੱਡਣ ਵਾਲੇ ਸ. ਗੁਰਬਖ਼ਸ਼ ਸਿੰਘ ਨੂੰ ਕਿੰਨੀਆਂ ਹੀ ਸੰਸਥਾਵਾਂ ਅਤੇ ਸਰਕਾਰਾਂ ਵੱਲੋਂ ਇਨਾਮ ਸਨਮਾਨ ਪ੍ਰਦਾਨ ਕੀਤੇ ਗਏ । ਇਨ੍ਹਾਂ ਵਿਚੋਂ ਭਾਰਤੀ ਸਾਹਿਤ ਅਕਾਦਮੀ ਵਲੋਂ ਫੈਲੋਸ਼ਿਪ , ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਿਰੋਮਣੀ ਸਾਹਿਤਕਾਰ ਦਾ ਪੁਰਸਕਾਰ ਤੇ ਤਿੰਨ ਵਾਰ ਪਹਿਲਾ ਸਾਹਿਤਕ ਇਨਾਮ ਅਤੇ ਸੋਵੀਅਤ ਲੈਂਡ ਨਹਿਰੂ ਐਵਾਰਡ ਸ਼ਾਮਲ ਹਨ । ਇਹ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ , ਕੇਂਦਰੀ ਲੇਖਕ ਸਭਾ ਦਾ ਪ੍ਰਧਾਨ , ਆਲ ਇੰਡੀਆ ਪੀਸ ਕੌਂਸਲ ਦਾ ਮੀਤ ਪ੍ਰਧਾਨ ਅਤੇ ਸੰਸਾਰ ਅਮਨ ਕੌਂਸਲ ਦਾ ਮੈਂਬਰ ਵੀ ਰਿਹਾ ।

                  ਹ. ਪੁ.– – ਪੰ. ਲਿ. ਕੋ.; ਪੰ. ਸਾ. ਇ; ਬਾਇਉਡੇਟਾ ਗੁਰਬਖਸ਼ ਸਿੰਘ ‘ ਪ੍ਰੀਤਲੜੀ’


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.