ਚੀਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਨ [ਨਿਪੁ] ਦੱਖਣੀ ਏਸ਼ੀਆ ਦਾ ਇੱਕ ਸਮਾਜਵਾਦੀ ਗਣਤੰਤਰ ਜਿਸਦੀ ਰਾਜਧਾਨੀ ਬੀਜਿੰਗ (ਪੇਚਿੰਗ) ਅਤੇ ਵੱਸੋਂ ਕੋਈ ਇੱਕ ਅਰਬ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੀਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਨ. ਸੰਗ੍ਯਾ—ਚਿੰਨ੍ਹ. ਨਿਸ਼ਾਨ। ੨ ਸੰ. ਸੰਗ੍ਯਾ—ਪੂਰਵ ਏਸ਼ੀਆ ਦਾ ਪ੍ਰਸਿੱਧ ਦੇਸ਼ , ਜੋ ਭਾਰਤ ਦੇ ਉੱਤਰ ਹਿਮਾਲੇ ਤੋਂ ਪਰੇ ਹੈ. ਇਹ ਬਹੁਤ ਪੁਰਾਣਾ ਨਾਉਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਚੀਨਰਾਜ ਦਾ ਵਿਸ੍ਤਾਰ ੫੪੪੫੯੮੦ ਵਰਗ ਮੀਲ ਹੈ, ਅਤੇ ਜਨਸੰਖ੍ਯਾ—(ਆਬਾਦੀ) ੪੩੬੦੯੧੯੫੩ ਹੈ. ਚੀਨ ੧੮ ਵਡੇ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ. ਵਿਸ਼ੇ੄ ਕਰਕੇ ਚੀਨੀ ਲੋਕ ਬੁੱਧਮਤ ਦੇ ਹਨ. ਰਾਜਧਾਨੀ ਦਾ ਨਾਉਂ ਪੇਕਿਨ (Pekin)1ਹੈ. “ਚੀਨ ਮਚੀਨ ਕੇ ਸੀਸ ਨ੍ਯਾਵੈਂ.” (ਅਕਾਲ) ਦੇਖੋ, ਚੀਨੀ ਯਾਤ੍ਰੀ। ੩ ਚੀਣਾ ਅੰਨ । ੪ ਤਾਗਾ. ਸੂਤ । ੫ ਝੰਡੀ. ਧੁਜਾ। ੬ ਇੱਕ ਪ੍ਰਕਾਰ ਦਾ ਕਮਾਦ , ਜਿਸ ਦਾ ਚਣ ਨਾਉਂ ਪ੍ਰਸਿੱਧ ਹੈ। ੭ ਚੀਨ ਦੇਸ਼ ਦਾ ਨਿਵਾਸੀ। ੮ ਚੀਨ ਦੇਸ਼ ਦਾ ਵਸਤ੍ਰ। ੯ ਚੀਨਨਾ ਕ੍ਰਿਯਾ ਦਾ ਅਮਰ. ਦੇਖ! ਪਛਾਣ!


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੀਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੀਨ (ਕ੍ਰਿ.। ਸੰਸਕ੍ਰਿਤ ਚਿਹ੍ਨ=ਪਛਾਣ ਦਾ ਨਿਸ਼ਾਨ। ਪੁ. ਪੰਜਾਬੀ ਚਿਹਨਣਾ=ਪਛਾਣਨਾ। ਹਿੰਦੀ ਚੀਨਨਾ) ਜਾਣ ਕੇ, ਪਛਾਣ ਕੇ, ਬੁੱਝ ਕੇ। ਯਥਾ-‘ਆਤਮੁ ਚੀਨਿੑ ਭਏ ਨਿਰੰਕਾਰੀ ’। ਤਥਾ-‘ਕਹੁ ਨਾਨਕ ਹਰਿ ਹਰਿ ਪਦੁ ਚੀਨ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੀਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੀਨ : ਚੀਨ ਜਿਸ ਦਾ ਪੂਰਾ ਨਾਂ ‘ਪੀਪਲਜ਼ ਰਿਪਬਲਿਕ ਆਫ਼ ਚਾਈਨਾ’ ਹੈ, ਖੇਤਰਫਲ ਪੱਖੋਂ ਕੈਨੇਡਾ ਤੋਂ ਪਿਛੋਂ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਅਤੇ ਆਬਾਦੀ ਪੱਖੋਂ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਸੰਨ 1990 ਅਨੁਸਾਰ ਇਸ ਦੀ ਵਸੋਂ 1,13,36,82,501 ਅਤੇ ਖੇਤਰਫ਼ਲ ਤਾਈਵਾਨ ਸਮੇਤ 9,572,900 ਵ. ਕਿ. ਮੀ. ਹੈ। ਪੂਰੇ ਸੰਸਾਰ ਦੀ 20 ਫ਼ੀਸਦੀ ਵਸੋਂ ਇਸ ਇੱਕਲੇ ਦੇਸ਼ ਵਿਚ ਰਹਿੰਦੀ ਹੈ। ਖੇਤਰਫ਼ਲ ਤੇ ਵਸੋਂ ਪੱਖੋਂ ਯੂਰਪ, (ਰੂਸ ਨੂੰ ਕੱਢ ਕੇ) ਚੀਨ ਨਾਲੋਂ ਅੱਧਾ ਹੈ। ਸਾਧਾਰਣ ਤੌਰ ਤੇ ਚੀਨ ਦੇ ਪ੍ਰਾਂਤਾਂ ਦੀ ਯੂਰਪੀ ਦੇਸ਼ਾਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ ਚੀਨ ਦਾ ਜੀਆਂਗਸੀ (Kiangsi) ਪ੍ਰਾਂਤ ਸਵੀਡਨ ਦਾ ਇਕ ਤਿਹਾਈ ਪਰ ਇਸ ਦੀ ਆਬਾਦੀ ਸਵੀਡਨ ਨਾਲੋਂ ਤਿਗਣੀ ਹੈ।

          ਇਸੇ ਤਰ੍ਹਾਂ ਚੀਨ ਦੇ 22 ਪ੍ਰਾਂਤਾਂ ਵਿਚੋਂ 4 ਪ੍ਰਾਂਤ ਅਤੇ 2 ਖ਼ੁਦਮੁਖ਼ਤਾਰ ਖੇਤਰ ਫ਼ਰਾਂਸ ਨਾਲੋਂ ਵੱਡੇ ਹਨ।

          ਭੂਗੋਲਕ ਤੌਰ ਤੇ ਇਹ ਦੇਸ਼ ਬਹੁਤ ਹੀ ਲੰਬੇ-ਚੌੜੇ ਖੇਤਰ ਉੱਤੇ ਫੈਲਿਆ ਹੋਇਆ ਹੈ। ਇਸ ਦੀ ਪੂਰਬ ਤੋਂ ਪੱਛਮ ਵੱਲ ਚੌੜਾਈ 5,000 ਕਿ. ਮੀ. ਅਤੇ ਉੱਤਰ ਤੋਂ ਦੱਖਣ ਵੱਲ ਲੰਬਾਈ 5,500 ਕਿ. ਮੀ. ਹੈ। ਲਗਭਗ 12 ਦੇਸ਼ਾਂ ਦੀਆਂ ਹੱਦਾਂ ਇਸਦੇ ਨਾਲ ਲਗਦੀਆਂ ਹਨ। ਇਨ੍ਹਾਂ 12 ਤੋਂ ਇਲਾਵਾ ਜਾਪਾਨ ਅਤੇ ਫ਼ਿਲਪੀਨ ਵੀ ਇਸਦੇ ਨਾਲ ਲਗਦੇ ਸਮੁੰਦਰ ਵਿਚ ਫੈਲੇ ਹੋਏ ਦੀਪ ਸਮੂਹ ਹਨ। ਇਸ ਦੇ ਉੱਤਰ ਵੱਲ ਰੂਸ, ਮੰਗੋਲੀਆ (ਆਊਟਰ); ਪੂਰਬ ਵੱਲ ਉੱਤਰੀ ਕੋਰੀਆ, ਕੋਰੀਆ ਖਾੜੀ, ਪੀਲਾ ਸਾਗਰ ਅਤੇ ਪੂਰਬੀ ਚੀਨ ਸਾਗਰ ਹਨ। ਦੱਖਣ ਵੱਲ ਟਾਨਕਿਨ ਖਾੜੀ, ਉੱਤਰੀ ਵੀਅਤਨਾਮ, ਲਾਉਸ, ਬਰਮਾ, ਭਾਰਤ, ਭੂਟਾਨ, ਨੇਪਾਲ; ਪੱਛਮ ਵੱਲ ਕਸ਼ਮੀਰ (ਭਾਰਤ), ਅਫ਼ਗਾਨਿਸਤਾਨ, ਤਜਾਕਿਸਤਾਨ, ਕਿਰਗੀਜ਼ੀਆ ਅਤੇ ਕਜ਼ਾਕਿਸਤਾਨ ਦੀਆਂ ਹੱਦਾਂ ਨਾਲ ਲਗਦੀਆਂ ਹਨ।

          ਚੀਨ ਦੀ ਸੱਭਿਅਤਾ ਬਹੁਤ ਹੀ ਪੁਰਾਣੀ ਹੈ। ਇਹ ਲਗਭਗ 400 ਸਾਲ ਪੁਰਾਣੀ ਹੈ। ਇਥੋਂ ਦੇ ਲੋਕ ਬਹੁਤ ਪੁਰਾਣੇ ਸਮੇਂ ਤੋਂ ਹੀ ਸਿੱਕੇ ਬਣਾਉਣ, ਕਾਗਜ਼ ਬਣਾਉਣ, ਰੇਸ਼ਮੀ ਕੱਪੜਾ ਅਤੇ ਚੀਨੀ ਮਿੱਟੀ ਦੇ ਖ਼ੂਬਸੂਰਤ ਬਰਤਨ ਬਣਾਉਣ ਲਈ ਜਾਣੇ ਜਾਂਦੇ ਹਨ।

          ਸੰਨ 1912 ਵਿਚ ਇਸ ਦੇ ‘ਪੀਪਲਜ਼ ਰਿਪਬਲਿਕ’ ਬਣਨ ਤੋਂ ਪਹਿਲੋਂ ਇਸਦੇ ਕਈ ਨਾਂ ਸਨ। ਇਸਨੂੰ ‘ਫੁੱਲਾਂ ਦਾ ਦੇਸ਼’, ‘ਵਿਸ਼ਾਲ ਸਾਮਰਾਜ’, ‘ਚੀਨ ਸਾਮਰਾਜ’ ਮੱਧਵਰਤੀ ਸਾਮਰਾਜ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਸੀ। ਸੰਨ 1949 ਵਿਚ ਕਮਿਊਨਿਸਟਾਂ ਦੀ ਸਰਕਾਰ ਬਣਨ ਤੇ ਇਸ ਦੀ ਆਰਥਿਕਤਾ ਵਿਚ ਬਹੁਤ ਤਰੱਕੀ ਹੋਈ। ਇਨ੍ਹਾਂ ਨੇ ਹੀ ਦੇਸ਼ ਵਿਚ ਸਮਾਜਕ ਇਨਕਲਾਬ ਲਿਅਾ ਕੇ ਦੇਸ਼ ਦਾ ਆਰਥਿਕ, ਸਮਾਜਿਕ, ਸੰਸਕ੍ਰਿਤਿਕ ਸਾਰਾ ਢਾਂਚਾ ਹੀ ਬਦਲ ਦਿੱਤਾ। ਸੰਨ 1979 ਤੋਂ ਪਿੱਛੋਂ ਇਹ ਦੁਨੀਆ ਭਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਦੇਸ਼ ਬਣ ਗਿਆ ਹੈ ਅਤੇ 1971 ਵਿਚ ਇਹ ‘ਸੰਯੁਕਤ ਰਾਸ਼ਟਰ ਸੰਘ’ ਦਾ ਵੀ ਮੈਂਬਰ ਬਣ ਗਿਆ। ਦੇਸ਼ ਦੀ ਮੌਜੂਦਾ ਰਾਜਧਾਨੀ ‘ਬੀਜਿੰਗ’ ਹੈ। ਇਹ ਸੰਸਕ੍ਰਿਤਿਕ, ਵਿੱਦਿਅਕ, ਤਜਾਰਤੀ ਅਤੇ ਉਦਯੋਗਿਕ ਸ਼ਹਿਰ ਤੋਂ ਇਲਾਵਾ ਮਿਉਂਸਪਲਟੀ ਸ਼ਹਿਰ ਵੀ ਹੈ।

          ਪ੍ਰਸ਼ਾਸਨ ਦੀ ਸਹੀ ਵਿਵਸਥਾ ਬਣਾਏ ਰੱਖਣ ਲਈ ਦੇਸ਼ ਨੂੰ 22 ਪ੍ਰਾਂਤਾਂ (ਤਾਈਵਾਨ ਤੋਂ ਬਿਨਾਂ), ਪੰਜ ਖ਼ੁਦਮੁਖ਼ਤਾਰ ਖੇਤਰਾਂ ਅਤੇ ਤਿੰਨ ਖਾਸ ਮਿਉਂਸਪਲਟੀਆਂ (ਸ਼ੰਘਾਈ, ਬੀਜਿੰਗ ਅਤੇ ਤੀਐਨਸਿਨ) ਵਿਚ ਵੰਡਿਆ ਹੋਇਆ ਹੈ। ਸ਼ੰਘਾਈ ਦੇਸ਼ ਦੀ ਵੱਡੀ ਬੰਦਰਗਾਹ, ਸੱਨਅਤੀ ਅਤੇ ਤਜਾਰਤੀ ਸ਼ਹਿਰ ਹੈ। ਇਨ੍ਹਾਂ ਤੋਂ ਇਲਾਵਾ ਦੇਸ਼ ਵਿਚ ਮੁਕਡੈਨ, ਵੁ-ਹਾਨ, ਚੁੰਗਕਿੰਗ, ਡਾਈਰੈਨ, ਕੈਨਟਨ, ਹਾਰਬਿਨ, ਨਾਨਕਿੰਗ ਅਤੇ ਚਾਂਗਸਾ ਬਹੁਤ ਵੱਡੇ ਸ਼ਹਿਰ ਹਨ।

          ਦੇਸ਼ ਦੀਆਂ ਪ੍ਰਸ਼ਾਸਕੀ ਡਵੀਜ਼ਨਾਂ ਦਾ ਵੇਰਵਾ ਨਿਮਨ ਅਨੁਸਾਰ ਹੈ :––

ਮਿਉਂਸਪਲਟੀਆਂ––                             ਆਬਾਦੀ (1990)

ਬੀਜਿੰਗ (Bejing)                              1,08,19,407

ਤੀਐਨਸਿਨ (Tientsin)                       87,85,402

ਸ਼ੰਘਾਈ (Sanghai)                           1,33,41,896

 

ਪ੍ਰਾਂਤ                                            ਰਾਜਧਾਨੀ ਆਬਾਦੀ (1990)

ਆਨਹਵੇ (Anhwei)                        ਹਾ-ਫੇ (Ho-fei) 5,61,80,813

ਜਜੀਆਂਗ (Chekiang)                   ਹਾਂਗ-ਜੋ (Hongchow) 4,14,45,930

ਫੁਕਯੈਨ (Fukien)                         ਫੁ –ਜੋ (Foo-chow) 3,00,48,224

ਹੈਨਾਨ (Hainan)                            ਹਾਈ–ਕਾਊ (Hai-Kou) 65,57,482

ਹੇਲੁੰਗਜੀਆਂਗ (Heilung Kiang)       ਹਾਰਬਿਨ (Harbin) 3,52,14,873

ਹੋਨਾਨ (Honan)                            ਜਾਂਗ-ਜੋ (Cheng Chow) 8,55,09,535

ਹੋਪੇ (Hopeh)                              ਸਿਰਜ਼ੀਆਜਵਾਂਗ (Shih-ChiaChuang) 6,10,82,439

ਹੂਨਾਨ (Hunan)                             ਚਾਂਗਸ਼ਾ (Ch’ ang ’sha) 6,06,59,754

ਹੂਪੇ (Hupeh)                                ਵੂ-ਚਾਂਗ (Wu-Chang) 5,39,69,210

ਗਾਨਸੂ (Kansu)                            ਲਾਨ-ਜੋ (Lan’ Chou) 2,23,71,141

ਜੀਆਂਗਸੀ (Kiangsi)                       ਨਾਨਚਾਂਗ (Nan'Chang) 3,77,10,281                  ਜੀਆਂਗ–ਸੂ (Kiangsu)                    ਨਾਨਕਿੰਗ  (Nan-King) 6,70,56,519               ਕੀਰਿਨ (Kirin)                               ਚਾਂਗਚੁਨ (Chang Chun) 2,46,58,721

ਗਵਾਂਗਡੁੰਗ (Kwangtung)                 ਕੈਨਟਨ (Canton) 6,28,29,236

ਗਵੇਜੋ (Kwei chow)                         ਗਵੇਯਾਂਗ (Knei-yung) 3,23,91,066

ਲੀਆਉਨਿੰਗ (Lia-oning)                  ਮੁਕਡੈਨ (Mukden) 3,94,59,697

ਸ਼ਾਂਸੀ (Shansi)                              ਤਾਈਯੁਆਨ (Tai-yuan) 2,87,59,014

ਸ਼ਾਨਡੁੰਗ (Shantung)                       ਚੀ-ਨਾਨ (Chi-nan) 8,43,92,827

ਸ਼ੈਂਸੀ (Shensi)                               ਸ਼ੀ-ਆਨ (Sian) 3,28,82,403

ਸੈਚਵਾਨ (Szechwan)                       ਚੰਗਡੂ (Chengtu) 10,72,18,173

ਚਿੰਗਾਈ (Tsinghai)                          ਸ਼ੀਨਿੰਗ (HSining) 44,56,946

ਯੂਨਾਨ (Yunnan)                            ਕੁਨਮਿੰਗ (Kunming) 3,69,72,610

 

ਖ਼ੁਦਮੁਖ਼ਤਾਰ ਖੇਤਰ

ਅੰਦਰੂਨੀ ਮੰਗੋਲੀਆ                                ਹੁ ਹੇ -ਹਾਟ (Huhehot) 2,14,56,798

ਗਵਾਂਗਸੀ ਚਵਾਂਗ (Kwangsi Chuang)     ਨਾਨਕਿੰਗ (Nan-King) 4,22,45,765

ਨਿੰਗਸ਼ੀਆ ਹਵੀ (Ningsia Hui)                ਯਿਨ ਚਵਾਨ (Yin Chivan) 46,55,451

ਸ਼ਿਨਜੀਆਂਗ ਵੀਗੁਰ (Sinkiang Uighur)    ਉਰਮਚੀ (Urumchi) 1,51,55,778

ਤਿੱਬਤ (Tibet)                                     ਲ੍ਹਾਸਾ (Lhasa) 21,96,010

          ਰਾਜਨੀਤਿਕ ਵੰਡ ਅਨੁਸਾਰ 1705 ਈ. ਤੋਂ ਹੀ ਇਸ ਦੇ ਦੋ ਹਿੱਸੇ ਹਨ––ਮੁੱਖ ਚੀਨ (China Proper) ਅਤੇ ਬਾਹਰਲਾ ਚੀਨ (Outer China)।

          ਮੁੱਖ  ਚੀਨ––ਇਹ ਦੇਸ਼ ਦਾ ਦੱਖਣ-ਪੂਰਬੀ ਖੇਤਰ ਹੈ। ਸੰਨ 1705 ਵਿਚ ਇਸ ਵਿਚ 18 ਪ੍ਰਾਂਤ ਸ਼ਾਮਲ ਕੀਤੇ ਗਏ ਸਨ ਤੇ ਅੱਜ ਵੀ ਇਸ ਵਿਚ 18 ਪ੍ਰਾਂਤ ਅਤੇ ਦੋ ਖ਼ੁਦਮੁਖ਼ਤਾਰ ਖੇਤਰ (ਗਵਾਂਗਸੀ ਚਵਾਂਗ, ਨਿੰਗਸ਼ੀਆ ਹਵੀ) ਸ਼ਾਮਲ ਹਨ। ਇਹ ਦੇਸ਼ ਦਾ ਲਗਭਗ 36.7 ਫੀ ਸਦੀ ਰਕਬਾ ਤੇ 89 ਫੀ ਸਦੀ ਵਸੋਂ ਵਾਲਾ ਖੇਤਰ ਹੈ। ਇਸ ਦੀ ਉੱਤਰੀ ਹੱਦ ਚੀਨ ਦੀ ਮਹਾਨ ਦੀਵਾਰ ਦੇ ਨਾਲ ਨਾਲ ਹੈ।

          ਬਾਹਰਲਾ ਚੀਨ––ਇਸ ਵਿਚ ਮੁੱਖ ਚੀਨ ਦੇ ਉੱਤਰ ਵੱਲ ਦੇ ਪ੍ਰਾਂਤ ਕੀਰਿਨ, ਹੇਲੁੰਗਜੀਆਂਗ, ਲੀਆਉਨਿੰਗ, ਸਮੁੰਦਰ ਵਿਚ ਫੈਲੇ ਦੀਪ ਜਿਨ੍ਹਾਂ ਵਿਚ ਤਾਈਵਾਨ ਸਭ ਤੋਂ ਵੱਡਾ ਹੈ, ਅੰਦਰੂਨੀ ਮੰਗੋਲੀਆ, ਸ਼ਿਨਜੀਆਂਗ ਵੀਗੁਰ ਅਤੇ ਤਿੱਬਰ ਖ਼ੁਦਮੁਖ਼ਤਾਰ ਖੇਤਰ ਸ਼ਾਮਲ ਹਨ। ਉੱਤਰ ਵੱਲ ਦੇ ਪ੍ਰਾਂਤਾਂ ਨੂੰ ਮੰਚੂਰੀਆ ਕਿਹਾ ਜਾਂਦਾ ਹੈ।

          ਭੂਗੋਲਿਕ ਅਧਿਐਨ ਪੱਖੋਂ ਤਾਈਵਾਨ ਦੀਪ ਅਤੇ ਕਈ ਹੋਰ ਲਾਗੇ ਦੇ ਛੋਟੇ-ਵੱਡੇ 3,415 ਦੀਪਾਂ ਨੂੰ ਵੀ ਚੀਨ ਵਿਚ ਸ਼ਾਮਲ ਕੀਤਾ ਗਿਆ ਹੈ।

            ਭੂ-ਆਕ੍ਰਿਤੀ-ਵਿਗਿਆਨ

          ਧਰਾਤਲ––ਧਰਾਤਲ ਪੱਖੋਂ ਚੀਨ ਇਕ ਅਜਿਹਾ ਦੇਸ਼ ਹੈ ਜਿਸ ਵਿਚ ਹਰੇਕ ਤਰ੍ਹਾਂ ਦੀ ਧਰਾਤਲੀ ਨੁਹਾਰ ਵੇਖੀ ਜਾ ਸਕਦੀ ਹੈ। ਇਸ ਦਾ ਲਗਭਗ 60 ਫੀਸਦੀ ਖੇਤਰ ਪਰਬਤੀ ਹੈ ਜਿਸ ਦੀ ਉਚਾਈ 1,815 ਮੀ. (6,000 ਫੁੱਟ) ਤੋਂ ਵਧੇਰੇ ਹੈ। ਦੱਖਣ-ਪੱਛਮੀ ਚੀਨ ਸਾਰੇ ਸੰਸਾਰ ਵਿਚ ਸਭ ਤੋਂ ਵੱਧ ਉੱਘੜ-ਦੁੱਘੜਾ ਖੇਤਰ ਹੈ। ਪਰਬਤਾਂ ਤੋਂ ਇਲਾਵਾ ਇਥੇ ਸੰਸਾਰ ਭਰ ਦੀਆਂ ਸਭ ਤੋਂ ਉੱਚੀਆਂ ਸਿਖਰਾਂ, ਵਿਸ਼ਾਲ ਪਠਾਰ ਤੇ ਲੰਬੇ-ਚੌੜੇ ਸਾਹਿਲੀ ਮੈਦਾਨ ਮੌਜੂਦ ਹਨ। ਧਰਾਤਲੀ ਨੁਹਾਰ ਦਾ ਹਰੇਕ ਰੂਪ-ਪਰਬਤ, ਪਠਾਰ, ਪਹਾੜ, ਮੈਦਾਨ ਅਤੇ ਡੈਲਟਾਈ ਖੇਤਰ ਸਪਸ਼ਟ ਤੌਰ ਤੇ ਹੀ ਪਛਾਣੇ ਜਾ ਸਕਦੇ ਹਨ। ਦੇਸ਼ ਦੀ ਸਭ ਤੋਂ ਉੱਚੀ ਸਿਖਰ ਚੀਨ-ਨੇਪਾਲ ਸਰਹੱਦ ਤੇ ਮਾਊਂਟ ਐਵਰੈਸਟ (8,848 ਮੀ.) ਅਤੇ ਸਭ ਤੋਂ ਨੀਵੀਂ ਥਾਂ ਸ਼ਿਨਜ਼ੀਆਗ ਵੀਗੁਰ (Shikiang Vighur) ਵਿਚ ਆਇ ਤਿੰਗ ਹੂ (Ai-ting-hu) ਨਾਂ ਦੀ ਝੀਲ ਦੇ ਹੇਠਾਂ ਹੈ ਜੋ ਸਮੁੰਦਰ ਤਲ ਤੋਂ 154 ਮੀ. ਡੂੰਘੀ ਹੈ। ਇਸ ਤਰ੍ਹਾਂ ਇਕੋ ਦੇਸ਼ ਵਿਚ ਨੀਵੀਂ ਤੇ ਉੱਚੀ ਧਰਾਤਲ ਵਿਚ 9,002 ਮੀ. (30,000 ਫੁੱਟ) ਦਾ ਅੰਤਰ ਹੈ। ਧਰਾਤਲ ਪੱਖੋਂ ਪੂਰੇ ਦੇਸ਼ ਨੂੰ ਤਿੰਨ ਵੱਖ-ਵੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ :––

          (ੳ) ਮੁੱਖ ਚੀਨ

          (ਅ) ਬਾਹਰਲਾ ਚੀਨ

          (ੲ) ਤਿੱਬਤ ਦੀ ਪਠਾਰ

          ਮੁੱਖ ਚੀਨ––ਮੁੱਖ ਚੀਨ ਨੂੰ ਤਿੰਨ ਦਰਿਆ ਉੱਤਰੀ, ਕੇਂਦਰੀ ਅਤੇ ਦੱਖਣੀ ਤਿੰਨ ਹਿੱਸਿਆਂ ਵਿਚ ਵੰਡਦੇ ਹਨ।

          ਧੁਰ ਉੱਤਰੀ ਖੇਤਰ ਵਿਚ ਹਵਾਂਗ-ਹੋ ਦਰਿਆ ਵਗਦਾ ਹੈ। ਇਹ ਖੇਤਰ ਇਸੇ ਦਰਿਆ ਨਾਲ ਲਿਆਂਦੀ ਮਿੱਟੀ ਜਾਂ ਗਾਦ ਤੋਂ ਬਣਿਆ ਹੋਇਆ ਹੈ। ਇਹ ਅਸਲ ਵਿਚ ਜਲੋਢੀ ਪੱਖਾ ਜਿਹਾ ਹੀ ਹੈ ਜਿਥੇ ਹਵਾਂਗ-ਹੋ ਦਰਿਆ ਨੇ ਮਿੱਟੀ ਜਮ੍ਹਾ ਕਰ ਕਰ ਕੇ ਪੀਲੇ ਸਾਗਰ ਦੀ ਪੁਰਾਣੀ ਖਾੜੀ ਵਾਲੀ ਥਾਂ ਨੂੰ ਵੀ ਪੂਰ ਦਿੱਤਾ ਤੇ ਸ਼ਾਨਡੁੰਗ ਟਾਪੂ ਨੂੰ ਮੁੱਖ ਧਰਤੀ ਨਾਲ ਹੀ ਮਿਲਾ ਦਿੱਤਾ। ਇਸ ਨੀਵੇਂ ਮੈਦਾਨੀ ਖੇਤਰ ਦਾ ਰਕਬਾ 3,20,000 ਵ. ਕਿ. ਮੀ. (1,25,000 ਵ. ਮੀਲ) ਹੈ ਤੇ ਇਹ ਦੇਸ਼ ਦਾ ਬਹੁਤ ਹੀ ਉਪਜਾਊ ਖੇਤਰ ਹੈ। ਸ਼ਾਨਡੁੰਗ ਅਗਨੀ ਤੇ ਰੂਪਾਂਤਰਤ ਚਟਾਨਾਂ ਵਾਲਾ ਬਹੁਤ ਹੀ ਕੱਟਿਆ ਵੱਢਿਆ ਪਹਾੜੀ ਖੇਤਰ ਹੈ ਜਿਸ ਦੀ ਉਚਾਈ 845 ਮੀ. (2,800 ਫੁੱਟ) ਹੈ ਪਰ ਇਸ ਦੀਆਂ ਕਈ ਸਿਖਰਾਂ 1,515 ਮੀ. (5,000 ਫੁੱਟ) ਤਕ ਉੱਚੀਆਂ ਹਨ। ਹਵਾਂਗ-ਹੋ ਦਰਿਆਈ ਮੈਦਾਨ ਦੇ ਪੱਛਮ ਵੱਲ ਲੋਅਸ ਪਠਾਰ ਹੈ ਜਿਹੜੀ 99 ਮੀ. (300 ਫੁੱਟ) ਤੋਂ 999 ਮੀ. (3,000 ਫੁੱਟ) ਮੋਟੀਆਂ ਰੇਤਲੀ ਮਿੱਟੀ ਦੀਆਂ ਪਰਤਾਂ ਦੀ ਬਣੀ ਹੋਈ ਹੈ। ਇਸੇ ਪਠਾਰ ਉਪਰੋਂ ਦੀ ਇਹ ਦਰਿਆ ਆਪਣੇ ਨਾਲ ਪੀਲੀ ਮਿੱਟੀ ਲਿਆ ਕੇ ਬੇਸਿਨਾਂ ਵਿਚ ਡਿਪਾਜ਼ਿਟ ਕਰਦੇ ਰਹੇ ਹਨ।

          ਮੁੱਖ ਚੀਨ ਦਾ ਦੂਜਾ ਜਾਂ ਕੇਂਦਰੀ ਹਿੱਸਾ ਯੰਗਸੀ ਦਰਿਆਈ ਬੇਸਿਨ ਵਾਲਾ ਹੈ। ਮੁੱਖ ਚੀਨ ਦੇ ਉੱਤਰੀ ਹਿੱਸੇ ਨੂੰ ਕੇਂਦਰੀ ਹਿੱਸੇ ਨਾਲੋਂ ਵੱਖ ਕਰਨ ਵਾਲੀ ਚਿਨ ਲਿੰਗ ਸ਼ਾਨ (Tsin Ling Shan) ਪਰਬਤੀ ਲੜੀ ਹੈ। ਇਸ ਲੜੀ ਦੇ ਪਰਬਤੀ ਵਧਾਉ ਦੇਸ਼ ਦੇ ਐਨ ਵਿਚਕਾਰ ਅੱਧ ਵਿਚ ਫੈਲੇ ਹੋਏ ਹਨ। ਇਨ੍ਹਾਂ ਨਾਲ ਉੱਤਰੀ ਚੀਨ ਤੇ ਦੱਖਣੀ ਚੀਨ ਦੋਵਾਂ ਦੀ ਜਲਵਾਯੂ ਇਕ ਦੂਜੇ ਨਾਲੋਂ ਬਹੁਤ ਭਿੰਨ ਹੋ ਜਾਂਦੀ ਹੈ। ਯੰਗਸੀ ਬੇਸਿਨ ਦੇ ਵੀ ਅੱਗੇ ਤਿੰਨ ਹਿੱਸੇ ਹਨ-ਸੈਚਵਾਨ ਬੇਸਿਨ, ਯੰਗਸੀ ਦੀ ਵਾਦੀ ਅਤੇ ਹੇਠਲਾ ਡੈਲਟਾਈ ਖੇਤਰ।

          ਸੈਚਵਾਨ ਬੇਸਿਨ ਨੂੰ ਰੈੱਡ ਬੇਸਿਨ ਵੀ ਕਹਿੰਦੇ ਹਨ। ਇਹ ਆਪਣੇ 1,92,000 ਵ. ਕਿ. ਮੀ. (75,000 ਵ. ਮੀਲ) ਰਕਬੇ ਨਾਲ ਆਲੇ-ਦੁਆਲਿਉਂ ਪਰਬਤਾਂ ਨਾਲ ਘਿਰਿਆ ਹੋਇਆ ਹੈ। ਇਹ ਪਰਬਤ ਪੱਛਮ ਤੇ ਉੱਤਰ ਵੱਲ ਵਧੇਰੇ ਉੱਚੇ ਹਨ। ਬੇਸਿਨ ਦੇ ਪੂਰਬ ਵੱਲ ਉੱਤਰ-ਪੂਰਬ ਤੋਂ ਦੱਖਣ-ਪੱਛਮ ਦੀ ਦਿਸ਼ਾ ਵਿਚ ਮੋੜਦਾਰ ਪਰਬਤ ਹਨ ਜਿਨ੍ਹਾਂ ਵਿਚ ਬਹੁਤ ਡੂੰਘੀਆਂ ਖੱਡਾਂ ਤੇ ਪਹਾੜੀ ਲੜੀਆਂ ਹਨ। ਇਨ੍ਹਾਂ ਪਹਾੜੀਆਂ ਉੱਤੇ ਪੌੜੀਆਂ ਬਣਾ ਕੇ ਵਾਹੀ ਯੋਗ ਕਰ ਲਿਆ ਗਿਆ ਹੈ।

          ਯੰਗਸੀ ਦਰਿਆਈ ਬੇਸਿਨ ਦੇ ਵਿਚਕਾਰਲੇ ਹਿੱਸੇ ਵਿਚ ਪ੍ਰਾਚੀਨ ਝੀਲਾਂ ਦੇ ਖੁਸ਼ਕ ਬੇਸਿਨ ਹਨ। ਇਨ੍ਹਾਂ ਬੇਸਿਨਾਂ ਦੇ ਇਰਦ ਗਿਰਦ ਨਵੇਂ ਪਹਾੜ ਹਨ। ਇਸੇ ਬੇਸਿਨ ਦੇ ਪੱਛਮੀ ਹਿੱਸੇ ਵਿਚ ਡੁੰਗ-ਡਿੰਗ ਹੁ ਝੀਲ ਹੈ ਜਿਹੜੀ ਗਰਮੀਆਂ ਵਿਚ ਬਹੁਤ ਵੱਡੀ ਤੇ ਖੁਸ਼ਕ ਮੌਸਮ ਵਿਚ ਛੋਟੀ ਜਿਹੀ ਹੀ ਰਹਿ ਜਾਂਦੀ ਹੈ। ਬੇਸਿਨ ਦੇ ਪੂਰਬ ਵਿਚ ਪੋਯਾਂਗ ਝੀਲ ਹੈ। ਇਨ੍ਹਾਂ ਦੋਵੇਂ ਝੀਲਾਂ ਦਾ ਪਾਣੀ ਯੰਗਸੀ ਦਰਿਆ ਵਿਚ ਜਾਂਦਾ ਹੈ। ਇਹ ਖੇਤਰ ਚੀਨ ਦਾ ਬਹੁਤ ਉਪਜਾਊ ਖੇਤਰ ਹੈ।

          ਯੰਗਸੀ ਦਾ ਹੇਠਲਾ ਹਿੱਸਾ ਜਾਂ ਡੈਲਟਾਈ ਖੇਤਰ ਪ੍ਰਸਿੱਧ ਸ਼ਹਿਰ ਸ਼ੰਘਾਈ ਦੇ ਨੇੜੇ ਹੈ। ਇਥੇ ਝੀਲਾਂ, ਤਲਾਬਾਂ ਅਤੇ ਨਹਿਰਾਂ ਦੀ ਭਰਮਾਰ ਹੈ। ਇਹ ਇਕ ਨੀਵਾਂ ਤੇ ਪੱਧਰਾ ਜਿਹਾ ਤੇ 4.5 ਮੀ. (15 ਫੁੱਟ) ਤਕ ਹੀ ਉੱਚਾ ਖੇਤਰ ਹੈ।

          ਮੁੱਖ ਚੀਨ ਦਾ ਦੱਖਣੀ ਖੇਤਰ ਸ਼ੀ ਜੀਆਂਗ ਦਰਿਆ ਦਾ ਬੇਸਿਨ ਹੈ। ਇਹ ਖੇਤਰ ਉੱਤਰ ਨਾਲੋਂ ਬਹੁਤ ਉੱਘੜ-ਦੁੱਘੜਾ ਹੈ। ਮਸ਼ਹੂਰ ਬੰਦਰਗਾਹ ਕੈਨਟਨ ਦੇ ਨੇੜੇ ਇਹ ਸਾਰਾ ਡੈਲਟਾਈ ਮੈਦਾਨ ਹੈ। ਇਸ ਦੇ ਨੇੜੇ ਦੇ ਸਾਗਰ ਵਿਚ ਕੇਮਾਏ, ਹਾਂਗ ਕਾਂਗ, ਮਾਟਸੂ ਅਤੇ ਹਾਈਨਾਨ ਵੱਡੇ ਦੀਪ ਹਨ।

          ਸ਼ੀ-ਜੀਆਂਗ ਬੇਸਿਨ ਦੇ ਪੱਛਮ ਵੱਲ ਯੂਨਾਨ ਅਤੇ ਗਵੇਜ਼ੋ ਦੇ ਪਠਾਰ ਹਨ। ਇਸ ਪਠਾਰ ਦੀ ਉਚਾਈ ਵੀ 1,815 ਮੀ. (6,000 ਫੁੱਟ) ਹੈ। ਇਸੇ ਪਠਾਰ ਦੇ ਪੱਛਮ ਵੱਲ ਤੀਹ-ਚਿਆਂਗ ਸ਼ਾਨ (Tieh-Chiang Shan) ਪਰਬਤ 3,682 ਮੀ. ਉੱਚੇ ਹਨ। ਇਸ  ਪਰਬਤ ਉੱਤੇ ਵੱਡੇ ਦਰਿਆਵਾਂ ਦੇ ਵਹਿਣਾਂ ਕਾਰਨ ਬਹੁਤ ਹੀ ਡੂੰਘੀਆਂ ਜਿਹੀਆਂ ਘਾਟੀਆਂ ਬਣ ਗਈਆਂ ਹਨ। ਪਠਾਰ ਦੇ ਪੂਰਬ ਵੱਲ ਚੂਨਾ ਚਟਾਨਾਂ ਦੀ ਧਰਾਤਲ ਹੈ।

          2. ਬਾਹਰਲਾ ਚੀਨ––ਇਸ ਵਿਚ ਮੰਚੂਰੀਆ, ਅੰਦਰੂਨੀ ਮੰਗੋਲੀਆ ਅਤੇ ਸ਼ਿਨਜ਼ੀਆਂਗ ਵੀਗੁਰ ਸ਼ਾਮਲ ਹਨ। ਮੰਚੂਰੀਆ ਵੀ ਚੀਨ ਦੇ ਹੋਰਨਾਂ ਖੇਤਰਾਂ ਵਾਂਗ ਆਲੇ-ਦੁਆਲਿਉਂ ਪਰਬਤਾਂ ਨਾਲ ਘਿਰਿਆ ਹੋਇਆ ਹੈ। ਇਸ ਦੇ ਉੱਤਰ ਵੱਲ ਸੁੰਗਾਰੀ ਦਰਿਆ ਤੇ ਦੱਖਣ ਵੱਲ ਲੀਅਉ ਹੂ ਦਰਿਆ ਵਗਦੇ ਹਨ। ਇਨ੍ਹਾਂ ਦੋਹਾਂ ਦਰਿਆਈ ਬੇਸਿਨਾਂ ਦਰਮਿਆਨ ਨੀਵੀਆਂ ਪਰਬਤੀ ਲੜੀਆਂ ਹਨ। ਮੰਚੂਰੀਆ ਦੇ ਮੈਦਾਨ ਦੇ ਉੱਤਰ ਵੱਲ ਈਸਟ ਮੰਚੂਰੀਅਨ ਅਤੇ ਲੈਸਰ ਖਿੰਗਨ ਤੇ ਪੱਛਮ ਵੱਲ ਗ੍ਰੇਟਰ ਖਿੰਗਨ ਪਹਾੜ ਹਨ। ਗ੍ਰੇਟਰ ਖਿੰਗਨ ਪਹਾੜ ਮੰਗੋਲੀਆ ਦੀ ਵਿਸ਼ਾਲ ਪਠਾਰ ਦੇ ਪੂਰਬ ਵਿਚ ਫੈਲੇ ਹੋਏ ਹਨ।

          ਮੁੱਖ ਚੀਨ ਦੇ ਪੱਛਮੀ ਹਿੱਸੇ ਵਿਚ ਬਹੁਤ ਉੱਚੇ ਪਰਬਤ ਪਠਾਰ ਤੇ ਇਨ੍ਹਾਂ ਦਰਮਿਆਨ ਕਈ ਬੇਸਿਨ ਹਨ। ਇਸੇ ਹਿੱਸੇ ਵਿਚ ਪਰਬਤਾਂ ਦਾ ਕੇਂਦਰੀ ਬਿੰਦੂ ਹੈ ਜਿਸਨੂੰ ਪਾਮੀਰ ਨਾਟ ਕਹਿੰਦੇ ਹਨ ਅਤੇ ਇਸ ਨੂੰ ਕਈ ਵੇਰ ਸੰਸਾਰ ਦੀ ਛੱਤ ਵੀ ਕਹਿ ਦਿੰਦੇ ਹਨ। ਪਾਮੀਰ ਨਾਟ ਤੋਂ ਪਰਬਤੀ ਲੜੀਆਂ ਰੂਸ, ਚੀਨ, ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵੱਲ ਜਾਂਦੀਆਂ ਹਨ। ਉੱਤਰ-ਪੱਛਮ ਵੱਲ ਇਹ ਪਰਬਤੀ ਲੜੀਆਂ ਸ਼ਿਨਜ਼ੀਆਂਗ ਦੇ ਆਲੇ-ਦੁਆਲੇ ਫੈਲ ਜਾਂਦੀਆਂ ਹਨ। ਇਸੇ ਬੇਸਿਨ ਦੇ ਅੱਗੋਂ ਜੁੰਗਾਰੀਆ ਅਤੇ ਡਾਰੀਮ ਦਰਿਆਈ ਬੇਸਿਨ ਦੇ ਦੋ ਹਿੱਸੇ ਹਨ। ਜੁੰਗਾਰੀਆ ਦੇ ਉੱਤਰ ਵੱਲ ਅਲਤਾਈ ਪਰਬਤ ਅਤੇ ਦੱਖਣ ਵੱਲ ਤੀਐਨ ਸ਼ਾਨ ਹਨ। ਤਾਰੀਮ ਬੇਸਿਨ ਦੇ ਉੱਤਰ ਵੱਲ ਤੀਐਨ ਸ਼ਾਨ ਅਤੇ ਦੱਖਣ ਵੱਲ ਕੁਨਲੁਨ 7,000 ਮੀ. (23,000 ਫੁੱਟ) ਤਕ ਉੱਚੇ ਪਰਬਤ ਹਨ। ਕੁਨਲੁਨ ਦੀ ਇਕ ਹੋਰ ਸ਼ਾਖਾ ਅਲਤਾਈਨ ਤਾਂਗ ਉੱਤਰ-ਪੂਰਬ ਦੀ ਦਿਸ਼ਾ ਵਿਚ ਫੈਲੀ ਹੋਈ ਹੈ। ਅਗੋਂ ਇਹ ਪਰਬਤ ਪੂਰਬ ਵੱਲ ਨਾਨਸ਼ਾਨ ਤੇ ਅੱਗੇ ਚਿਨ-ਲਿੰਗ ਸ਼ਾਨ ਨਾਲ ਰਲ ਜਾਂਦੇ ਹਨ।

          3. ਤਿੱਬਤ ਦੀ ਪਠਾਰ––ਚੀਨ ਦੇ ਦੱਖਣ-ਪੱਛਮੀ ਖੇਤਰ ਵਿਚ ਇਕ ਵਿਸ਼ਾਲ ਪਠਾਰ ਹੈ। ਇਹ ਲਗਭਗ ਦੇਸ਼ ਦੇ ਇਕ ਚੌਥਾਈ ਖੇਤਰ ਉੱਪਰ ਹੈ। ਇਸਦੇ ਉੱਤਰ ਵੱਲ ਕੁਨਲੁਨ ਪਰਬਤੀ ਸਿਲਸਿਲਾ ਅਤੇ ਦੱਖਣ ਵੱਲ ਹਿਮਾਲਾ ਪਰਬਤ ਹਨ। ਇਸ ਪਠਾਰ ਦੀ ਔਸਤ ਉਚਾਈ 4,000 ਮੀ. ਤੋਂ 4,545 ਮੀ. ਤਕ ਹੈ। ਇਸੇ ਪਠਾਰ ਉੱਤੇ ਸਾਈਦਾਮ ਬੇਸਿਨ ਹੈ। ਇਸੇ ਬੇਸਿਨ ਉੱਤੇ ਖਾਰੇ ਪਾਣੀ ਦੀਆਂ ਝੀਲਾਂ ਅਤੇ ਮਾਰੂਥਲ ਵੀ ਹਨ। ਇਸੇ ਪਠਾਰ ਉੱਤੋਂ ਚੀਨ ਦੇ ਕਈ ਵੱਡੇ ਦਰਿਆ ਯੰਗਸੀ, ਹਵਾਂਗ ਹੋ ਅਤੇ ਇਨ੍ਹਾਂ ਤੋਂ ਇਲਾਵਾ ਏਸ਼ੀਆ ਮਹਾਂਦੀਪ ਦੇ ਮੇਕਾਂਗ, ਸਾਲਵੀਨ, ਬ੍ਰਹਮਪੁੱਤਰ ਦਰਿਆ ਨਿਕਲਦੇ ਹਨ ਜਿਹੜੇ ਹਿੰਦ-ਚੀਨ ਵਿਚ ਵਗਦੇ ਹੋਏ ਹਿੰਦ ਮਹਾਂ-ਸਾਗਰ ਵਿਚ ਜਾ ਡਿਗਦੇ ਹਨ।

          ਜਲ-ਪ੍ਰਵਾਹ––ਪੂਰੇ ਦੇਸ਼ ਦਾ ਜਲ ਨਿਕਾਸ ਤਿੰਨ ਵੱਡੇ ਦਰਿਆ-ਹਵਾਂਗ ਹੋ, ਯੰਗਸੀ ਅਤੇ ਸ਼ੀਜੀਆਂਗ ਜਾਂ ਸਿਕਿਆਂਗ ਦਰਿਆ ਕਰਦੇ ਹਨ। ਇਨ੍ਹਾਂ ਤਿੰਨਾਂ ਵਿਚੋਂ ਸਭ ਤੋਂ ਲੰਬਾ ਦਰਿਆ ਯੰਗਸੀ ਹੈ ਜਿਹੜਾ ਤਿੱਬਤ ਦੇ ਉੱਚੇ ਖੇਤਰਾਂ ਵਿਚੋਂ ਨਿਕਲਦਾ ਹੋਇਆ ਮੱਧਵਰਤੀ ਚੀਨ ਵਿਚ ਵਹਿੰਦਾ ਹੈ ਜਿਥੇ ਇਸ ਵਿਚ ਕਈ ਸਹਾਇਕ ਦਰਿਆ ਆ ਕੇ ਨਾਲ ਰਲ ਜਾਂਦੇ ਹਨ। ਇਹ ਦਰਿਆ ਵਿਚਲੇ ਵਹਿਣ ਵਿਚ ਬਹੁਤ ਚੌੜਾ ਹੋ ਜਾਂਦਾ ਹੈ। ਇਸ ਵਿਚ ਮਿਨ, ਕਿਆਲਿੰਗ ਹਾਨ,  ਵੁ , ਡੁੰਗ ਤਿੰਗ ਹੁ ਅਤੇ ਪੋਯਾਂਗ ਝੀਲਾਂ ਦਾ ਪਾਣੀ ਵੀ ਆਉਂਦਾ ਹੈ। ਇਹ ਲਗਭਗ 18,90,000 ਵ. ਕਿ. ਮੀ. (7,56,000ਵ. ਮੀਲ) ਰਕਬੇ ਦਾ ਜਲ ਨਿਕਾਸ ਕਰਦਾ ਹੋਇਆ ਸਮੁੰਦਰ ਦੇ ਲਾਗੇ 64 ਕਿ. ਮੀ. ਚੌੜਾ ਡੈਲਟਾਈ ਖੇਤਰ ਬਣਾਉਂਦਾ ਹੋਇਆ ਸ਼ੰਘਾਈ ਦੇ ਨੇੜੇ ਕਈ ਸ਼ਾਖਾਵਾਂ ਰਾਹੀਂ ਸਮੁੰਦਰ ਵਿਚ ਜਾ ਡਿਗਦਾ ਹੈ।

          ਦੱਖਣੀ ਚੀਨ ਦਾ ਦਰਿਆ ਸ਼ੀ-ਜੀਆਂਗ 1,920 ਕਿ. ਮੀ. ਦੇ ਖੇਤਰ ਵਿਚ ਵਹਿੰਦਾ ਹੋਇਆ ਡੈਲਟੇ ਦੇ ਲਾਗੇ ਕਈ ਸ਼ਾਖਾਵਾਂ ਵਿਚ ਵੰਡਿਆ ਜਾਂਦਾ ਹੈ। ਇਸ ਦੀ ਇਕ ਸ਼ਾਖਾ ਪਰਲ ਦਰਿਆ ਹੈ ਜਿਸ ਤੇ ਕੈਨਟਨ ਸ਼ਹਿਰ ਵਸਿਆ ਹੋਇਆ ਹੈ। ਉੱਤਰੀ ਚੀਨ ਦਾ ਹਵਾਂਗ-ਹੋ ਜਾਂ ਪੀਲਾ ਵੱਡਾ ਦਰਿਆ ਹੈ। ਇਹ ਦਰਿਆ ਕੁਨਲੁਨ ਪਹਾੜਾਂ ਵਿਚੋਂ ਨਿਕਲਦਾ ਹੈ ਤੇ ਪਹਾੜਾਂ ਤੇ ਆਲੇ-ਦੁਆਲੇ ਵਿੰਗ ਵਲੇਵੇਂ ਖਾਂਦਾ ਹੋਇਆ ਉੱਤਰੀ ਚੀਨ ਸਾਗਰ ਵਿਚ ਜਾ ਡਿਗਦਾ ਹੈ। ਇਨ੍ਹਾਂ ਤਿੰਨ ਦਰਿਆਵਾਂ ਤੋਂ ਇਲਾਵਾ ਦੇਸ਼ ਵਿਚ 5,000 ਤੋਂ ਵੱਧ ਦਰਿਆ ਹਨ ਜਿਨ੍ਹਾਂ ਵਿਚੋਂ ਹਰੇਕ ਦਰਿਆ ਔਸਤਨ 102 ਵ. ਕਿ. ਮੀ. ਰਕਬੇ ਦਾ ਜਲ ਨਿਕਾਸ ਕਰਦਾ ਹੈ। ਉੱਤਰ ਵੱਲ ਦੇ ਮੰਚੂਰੀਆ ਦੇ ਆਮੁਰ ਅਤੇ ਇਸ ਦੇ ਸਹਾਇਕ ਦਰਿਆ ਪਾਈ, ਹਵਾਈ, ਮਿਨ ਹੋਰ ਵਰਣਨਯੋਗ ਦਰਿਆ ਹਨ। ਦਰਿਆਵਾਂ ਦਾ ਵਹਿਣ ਆਮ ਤੌਰ ਤੇ ਪੱਛਮ ਤੋਂ ਪੂਰਬ ਵੱਲ ਹੀ ਹੈ। ਇਨ੍ਹਾਂ ਦਰਿਆਵਾਂ ਤੋਂ ਇਲਾਵਾ ਏਸ਼ੀਆ ਮਹਾਂਦੀਪ ਦੇ ਕਈ ਦਰਿਆ ਜਿਵੇਂ ਬ੍ਰਹਮਪੁੱਤਰ, ਸਾਲਵੀਨ, ਮੇਕਾਂਗ, ਸਿੰਧ ਨਿਕਲਦੇ ਤਾਂ ਚੀਨ ਵਿਚੋਂ ਹਨ ਪਰ ਵਹਿੰਦੇ ਵੱਖੋ-ਵੱਖ ਦੇਸ਼ਾਂ ਵਿਚ ਹਨ। ਇਹ ਸਾਰੇ ਹਿੰਦ ਮਹਾਂਸਾਗਰ ਦੀਆਂ ਖਾੜੀਆਂ ਵਿਚ ਡਿਗਦੇ ਹਨ।

          ਦਰਿਆਵਾਂ ਵਿਚ ਪਾਣੀ ਵਰਖਾ ਨਾਲ ਜਾਂ ਬਰਫ਼ ਪਿਘਲਣ ਨਾਲ ਆਉਂਦਾ ਹੈ। ਦੇਸ਼ ਦੇ ਕਈ ਹਿੱਸਿਆਂ ਜਿੱਥੇ ਵਰਖਾ ਹੁੰਦੀ ਹੈ ਦਰਿਆਵਾਂ ਵਿਚ ਪਾਣੀ ਬਾਰ੍ਹਾਂ ਮਹੀਨੇ ਹੀ ਆਉਂਦਾ ਰਹਿੰਦਾ ਹੈ ਪਰ ਬਰਫ਼ ਨਾਲ ਢਕੇ ਖੇਤਰਾਂ ਦੇ ਦਰਿਆਵਾਂ ਵਿਚ ਪਾਣੀ ਬਰਫ਼ ਪਿਘਲਣ ਤੇ ਹੀ ਅਉਂਦਾ ਹੈ। ਚੀਨ ਦੇ ਦੱਖਣ-ਪੂਰਬ ਵੱਲ ਦੇ ਤਾਈਵਾਨ ਅਤੇ ਹੈਨਾਨ ਟਾਪੂਆਂ ਉੱਤੇ ਔਸਤ ਸਾਲਾਨਾ ਵਰਖਾ 150 ਸੈਂ. ਮੀ. ਤੋਂ ਵਧੇਰੇ ਹੁੰਦੀ ਹੈ ਤੇ ਉਥੇ ਇਸ ਪਾਣੀ ਦਾ ਦੋ-ਤਿਹਾਈ ਪਾਣੀ ਦਰਿਆ ਬਣ ਕੇ ਵਹਿਣ ਲਗ ਜਾਂਦਾ ਹੈ। ਦੇਸ਼ ਦਾ ਸਭ ਤੋਂ ਜ਼ਿਆਦਾ ਜਲ-ਪ੍ਰਵਾਹ ਇਸੇ ਖੇਤਰ ਵਿਚ ਹੁੰਦਾ ਹੈ ਜਦੋਂ ਕਿ ਸਭ ਤੋਂ ਘਟ ਮਾਰੂਥਲਾਂ ਤੇ ਹੁੰਦਾ ਹੈ। ਡਾਰੀਮ ਤੇ ਉੱਤਰ-ਪੂਰਬੀ ਗਾਨਸੂ ਤੇ ਵੀ ਵਰਖਾ ਦੀ ਘਾਟ ਕਰਕੇ ਦਰਿਆ ਬਹੁਤ ਛੋਟੇ ਹੁੰਦੇ ਹਨ ਜੋ ਸਿਰਫ ਪਹਾੜਾਂ ਦੇ ਪੈਰਾਂ ਤਕ ਹੀ ਪਹੁੰਚਦੇ ਹਨ ਤੇ ਉਸ ਤੋਂ ਅੱਗੇ ਇਹ ਧਰਤੀ ਹੇਠਾਂ ਹੀ ਵਿਲੀਨ ਹੋ ਜਾਂਦੇ ਹਨ। ਤਿੱਬਤ ਦੀ ਪਠਾਰ ਦਾ ਉੱਤਰੀ ਹਿੱਸਾ ਠੰਢਾ ਹੋਣ ਕਾਰਨ ਦਰਿਆਵਾਂ ਦੇ ਪਾਣੀ ਨੂੰ ਬਰਫ਼ ਵਿਚ ਬਦਲ ਦਿੰਦਾ ਹੈ। ਇਸੇ ਖੇਤਰ ਵਿਚ ਬਰਫ਼ ਪਿਘਲਣ ਤੇ ਝੀਲਾਂ ਜਿਹੀਆਂ ਬਣ ਜਾਂਦੀਆਂ ਹਨ ਦੇਸ਼ ਦੀਆਂ ਵੱਡੀਆਂ ਝੀਲਾਂ ਵੀ ਇਥੇ ਹੀ ਹਨ।

          ਚੀਨ ਦੇ ਵੱਡੇ ਦਰਿਆ ਪੱਛਮ ਵੱਲੋਂ ਨਿਕਲ ਕੇ ਅੱਗੇ ਵਹਿੰਦੇ ਹੋਏ ਪੂਰਬ ਵੱਲ ਸਾਗਰਾਂ ਵਿਚ ਜਾ ਡਿਗਦੇ ਹਨ ਪਰ ਦੇਸ਼ ਦੇ ਘਣੀ ਵਸੋਂ ਵਾਲੇ ਇਲਾਕੇ ਇਨ੍ਹਾਂ ਦਰਿਆਵਾਂ ਦੇ ਦੱਖਣ ਵਿਚ ਹਨ। ਇਸੇ ਲਈ ਇਨ੍ਹਾਂ ਦਰਿਆਵਾਂ ਨੂੰ ਨਹਿਰਾਂ ਨਾਲ ਇਕ ਦੂਜੇ ਨਾਲ ਮਿਲਾ ਕੇ ਉੱਤਰ ਤੋਂ ਦੱਖਣ ਵੱਲ ਦੇ ਆਵਾਜਾਈ ਮਾਰਗਾਂ ਵਿਚ ਬਦਲਿਆ ਗਿਆ ਹੈ। ਸਭ ਤੋਂ ਪੁਰਾਣਾ ਤੇ ਵੱਡਾ ਜਲ-ਮਾਰਗ ‘ਗ੍ਰੈਂਡ ਕੈਨਾਲ’ ਵਾਲਾ ਹੈ ਜਿਹੜਾ ਬੀਜਿੰਗ ਨੂੰ ਚਾਂਗ-ਜੋ ਨਾਲ ਜੋੜਦਾ ਹੈ।

          ਚੀਨ ਵਿਚ ਝੀਲਾਂ ਤਾਂ ਭਾਵੇਂ ਅਣਗਿਣਤ ਹਨ ਪਰ ਇਨ੍ਹਾਂ ਵਿਚੋਂ ਪਾਣੀ ਹੇਠ ਰਕਬੇ ਪੱਖੋਂ ਜਾਂ ਪਾਣੀ ਦੇ ਸੋਮਿਆਂ ਪੱਖੋਂ ਡੁੰਗ-ਤਿੰਗ-ਹੁ ਪ੍ਰੋਯਾਂਗ ਹੁ, ਤਾਈ ਅਤੇ ਹੰਗ-ਟਸੀ-ਹੁ ਹੀ ਵਰਣਨ ਯੋਗ ਹਨ।

          ਜਲਵਾਯੂ––ਚੀਨ ਲਗਭਗ ਸ਼ੀਤ-ਊਸ਼ਣ ਖੰਡ ਵਿਚ ਫੈਲਿਆ ਹੋਇਆ ਹੈ ਪਰ ਇਸ ਦੀ ਜਲਵਾਯੂ ਹੋਰ ਸ਼ੀਤ ਊਸ਼ਣ ਖੰਡੀ ਦੇਸ਼ਾਂ ਦੇ ਮੁਕਾਬਲੇ ਬਹੁਤ ਠੰਢਾ ਹੈ। ਇੰਨੀ ਠੰਢ ਦੇ ਬਾਵਜੂਦ ਇਹ ਸ਼ੀਤ-ਊਸ਼ਣ ਖੰਡੀ ਦੇਸ਼ਾਂ ਸੰਯੁਕਤ ਰਾਜ ਅਮਰੀਕਾ ਤੇ ਪੱਛਮ ਯੂਰਪੀ ਦੇਸ਼ਾਂ ਦੇ ਮੁਕਾਬਲਤਨ ਘੱਟ ਠੰਢਾ ਹੈ।

          ਚੀਨ ਦੀ ਜਲਵਾਯੂ ਉੱਤੇ ਇਸ ਦੀ ਮਹਾਂਦੀਪ ਦੇ ਐਨ ਪੂਰਬ ਵੱਲ ਦੀ ਸਥਿਤੀ, ਸਮੁੰਦਰ ਤੋਂ ਧਰਤੀ ਵੱਲ ਚੱਲਣ ਵਾਲੀਆਂ ਸਥਾਨਕ ਹਵਾਵਾਂ ਜਾਂ ਮਾਨਸੂਨ ਹਵਾਵਾਂ, ਚੱਕਰਵਾਤ ਅਤੇ ਊਸ਼ਣ ਖੰਡੀ ਟਾਈਫੂਨ ਜਾਂ ਵਾਵਰੋਲਿਆਂ ਦਾ ਬਹੁਤ ਪ੍ਰਭਾਵ ਪੈਂਦਾ ਹੈ। ਸਰਦੀ ਤੇ ਗਰਮੀ ਦੋਵਾਂ ਮੋਸਮਾਂ ਵਿਚ ਚੀਨ ਦੇ ਨੇੜੇ ਉੱਚ-ਦਾਬ ਹਵਾ ਦੇ ਕੇਂਦਰ ਬਣਦੇ ਹਨ। ਇਨ੍ਹਾਂ ਉੱਚ-ਦਾਬ ਕੇਂਦਰਾਂ ਵਲੋਂ ਘੱਟ ਦਾਬ ਵਾਲੇ ਖੇਤਰਾਂ ਵੱਲ ਹਵਾਵਾਂ ਚਲਦੀਆਂ ਹਨ। ਸਰਦੀਆਂ ਵਿਚ ਸਾਈਬੇਰੀਆ ਵਿਚ ਉੱਚ-ਦਾਬ ਹਵਾ ਦਾ ਕੇਂਦਰ ਬਣਨ ਕਾਰਨ ਉਥੋਂ ਠੰਢੀਆਂ ਖੁਸ਼ਕ ਹਵਾਵਾਂ ਚੀਨ ਵਿਚ ਆ ਜਾਂਦੀਆਂ ਹਨ। ਇਸ ਸਮੇਂ ਉੱਤਰ ਅਤੇ ਪੱਛਮੀ ਚੀਨ ਵਿਚ ਮੌਸਮ ਸਾਫ਼ ਧੁੱਪ ਵਾਲਾ ਹੁੰਦਾ ਹੈ ਤੇ ਦੱਖਣੀ ਚੀਨ ਅਤੇ ਯਾਂਗਸੀ ਵਾਦੀ ਵਿਚ ਕਾਫ਼ੀ ਧੁੰਦਲਾ ਜਿਹਾ ਬੱਦਲਵਾਈ ਵਾਲਾ ਮੌਸਮ ਹੁੰਦਾ ਹੈ। ਗਰਮੀਆਂ ਵਿਚ ਉੱਚ-ਦਾਬ ਹਵਾ ਦਾ ਕੇਂਦਰ ਸ਼ਾਂਤ ਮਹਾਂਸਾਗਰ ਉੱਤੇ ਹੁੰਦਾ ਹੈ। ਕਿਉਂਕਿ ਮੁੱਖ ਧਰਤੀ ਉੱਤੇ ਤਾਪਮਾਨ ਜ਼ਿਆਦਾ ਹੁੰਦਾ ਹੈ ਤੇ ਸਮੁੰਦਰ ਤੇ ਤਾਪਮਾਨ ਧਰਤੀ ਦੇ ਮੁਕਾਬਲਤਨ ਥੋੜ੍ਹਾ ਹੁੰਦਾ ਹੈ ਇਸ ਲਈ ਉਥੇ ਹਵਾ ਦਾ ਦਬਾਉ ਬਹੁਤਾ ਹੁੰਦਾ ਹੈ। ਹਵਾਵਾਂ ਬਹੁਤੇ ਦਬਾਉ ਵਾਲੇ ਖੇਤਰਾਂ ਤੋਂ ਘੱਟ ਦਬਾਉ ਵਾਲੇ ਖੇਤਰਾਂ ਵੱਲ ਚਲਦੀਆਂ ਹਨ। ਇਸ ਲਈ ਸ਼ਾਂਤ ਮਹਾਂਸਾਗਰ ਵਲੋਂ ਚੀਨ ਮੁੱਖ ਧਰਤੀ ਵੱਲ ਹਵਾਵਾਂ ਚੱਲਣ ਲਗ ਜਾਂਦੀਆਂ ਹਨ। ਇਹ ਨਮੀ-ਭਰਪੂਰ ਹੁੰਦੀਆਂ ਹਨ ਤੇ ਪਹਾੜਾਂ ਦੇ ਨਾਲ ਨਾਲ ਉੱਪਰ ਉਠ ਕੇ ਠੰਢੀਆਂ ਹੋ ਕੇ ਖੂਬ ਵਰਖਾ ਕਰਦੀਆਂ ਹਨ। ਇਨ੍ਹਾਂ ਗਰਮੀ ਤੇ ਸਰਦੀ ਮੌਸਮਾਂ ਵਿਚ ਚੱਲਣ ਵਾਲੀਆਂ ਹਵਾਵਾਂ ਬਾਰੇ ਨਾਨਕਿੰਗ ਵਿਚ 1930-31 ਵਿਚ ਤਜਰਬੇ ਕੀਤੇ ਗਏ ਜਿਨ੍ਹਾਂ ਤੋਂ ਇਹ ਸਾਬਤ ਹੋਇਆ ਹੈ ਕਿ ਇਹ ਦੋਵੇਂ ਮੌਸਮਾਂ ਦੀਆਂ ਹਵਾਵਾਂ ਪਹਾੜਾਂ ਦੇ ਨਾਲ ਨਾਲ ਸਿਰਫ 1512 ਮੀ. ਹੀ ਉਪਰ ਉਠਦੀਆਂ ਹਨ ਅਤੇ ਇੰਨੀ ਕੁ ਉਚਾਈ ਤੀਕ ਹੀ ਇਹ ਵਰਖਾ ਕਰਦੀਆਂ ਹਨ। ਜਦੋਂ ਕਿ ਇਸ ਤੋਂ ਉੱਚੀਆਂ ਥਾਵਾਂ ਤੇ ਪੱਛਮੀ ਪੌਣਾਂ ਚਲਦੀਆਂ ਹਨ।

          ਇਨ੍ਹਾਂ ਮੌਸਮੀ ਹਵਾਵਾਂ ਤੋਂ ਇਲਾਵਾ ਇਥੇ ਚੱਕਰਵਾਤ ਜਾਂ ਵਾਵਰੋਲੇ ਵੀ ਆਉਂਦੇ ਰਹਿੰਦੇ ਹਨ। ਇਹ ਪੱਛਮ ਤੋਂ ਪੂਰਬ ਵੱਲ ਆਉਂਦੇ ਹਨ। ਕਈ ਵਾਵਰੋਲੇ ਮੱਧ ਏਸ਼ੀਆ ਤੋਂ ਅਤੇ ਕਈ ਯੂਰਪ ਵੱਲੋਂ ਆਉਂਦੇ ਹਨ। ਯਾਂਗਸੀ ਵਾਦੀ ਵਿਚ ਇਹ ਸਰਦੀ ਤੇ ਬਸੰਤ ਰੁੱਤੇ ਆਉਂਦੇ ਹਨ। ਜੁਲਾਈ-ਅਗਸਤ ਮਹੀਨਿਆਂ ਵਿਚ ਇਹ ਉੱਤਰੀ ਚੀਨ ਨੂੰ ਲੰਘ ਜਾਂਦੇ ਹਨ। ਪੱਛਮ ਵੱਲੋਂ ਆਉਂਦੇ ਇਹ ਵਾਵਰੋਲੇ ਦੱਖਣ-ਪੂਰਬ ਵੱਲੋਂ ਆਉਂਦੀਆਂ ਮੌਸਮੀ ਹਵਾਵਾਂ ਨਾਲ ਮਿਲਦੇ ਹਨ। ਇਹ ਸਮੁੰਦਰ ਵੱਲੋਂ ਆਉਂਦੀਆਂ ਨਮੀ ਵਾਲੀਆਂ ਹਵਾਵਾਂ ਉੱਪਰ ਉੱਠ ਕੇ ਠੰਢੀਆਂ ਹੋ ਕੇ ਵਰਖਾ ਕਰਦੀਆਂ ਹਨ। ਸਰਦੀਆਂ ਵਿਚ ਇਹ ਵਾਵਰੋਲੇ ਉੱਤਰ-ਪੱਛਮ ਦੀ ਦਿਸ਼ਾ ਵੱਲੋਂ ਆਉਂਦੀਆਂ ਖੁਸ਼ਕ ਹਵਾਵਾਂ ਨਾਲ ਮਿਲਦੇ ਹਨ। ਸਰਦੀਆਂ ਵਿਚ ਇਨ੍ਹਾਂ ਨਾਲ ਵਰਖਾ ਤਾਂ ਨਹੀਂ ਹੁੰਦੀ ਪਰ ਠੰਢ ਬਹੁਤ ਹੋ ਜਾਂਦੀ ਹੈ।

          ਪੱਛਮੀ ਸ਼ਾਂਤ ਮਹਾਂਸਾਗਰ ਵਿਚ ਬਣਨ ਵਾਲੇ ਚੱਕਰਵਾਤ ਜਾਂ ਟਾਈਫੂਨ ਹਰ ਸਾਲ ਚੀਨ ਮੁੱਖ ਧਰਤੀ ਵੱਲ ਵਧਦੇ ਹਨ। ਇਨ੍ਹਾਂ ਵਿਚੋਂ ਬਹੁਤ ਮਾਰਸੈਲ ਅਤੇ ਕੋਰੋਲਾਇਨਾ ਟਾਪੂਆਂ ਦੇ ਲਾਗੇ ਬਣਦੇ ਹਨ। ਮਈ ਮਹੀਨੇ ਵਿਚ ਇਹ ਗਵਾਂਗਡੁੰਗ ਵਿਚ ਅਤੇ ਜੁਲਾਈ-ਅਗਸਤ ਵਿਚ ਚੀਨ ਦੇ ਕੇਂਦਰੀ ਤਟ ਤੇ ਪਹੁੰਚ ਜਾਂਦੇ ਹਨ। ਅਕਤੂਬਰ ਤੋਂ ਮਗਰੋਂ ਉੱਤਰ-ਪੱਛਮੀ ਹਵਾਵਾਂ ਇਨ੍ਹਾਂ ਟਾਈਫੂਨਾਂ ਨੂੰ ਸਮੁੰਦਰ ਵੱਲ ਧੱਕ ਦਿੰਦੀਆਂ ਹਨ। ਇਨ੍ਹਾਂ ਟਾਈਫੂਨਾਂ ਨਾਲ ਤੇਜ਼ ਤੂਫ਼ਾਨ, ਹਨੇਰ੍ਹੀਆ, ਵਰਖਾ ਵਾਲਾ ਮੌਸਮ ਹੋ ਜਾਂਦਾ ਹੈ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੁੰਦਾ ਹੈ।

          ਵਰਖਾ––ਚੀਨ ਵਿਚ ਵਰਖਾ ਦੱਖਣ-ਪੂਰਬ ਤੋਂ ਉੱਤਰ-ਪੱਛਮ ਵੱਲ ਘਟਦੀ ਜਾਂਦੀ ਹੈ। ਅਜਿਹਾ ਦੇਸ਼ ਦੀ ਸਮੁੰਦਰ ਨੇੜੇ ਦੀ ਸਥਿਤੀ ਕਰਕੇ ਹੈ। ਸਮੁੰਦਰ ਦੇ ਨੇੜੇ ਦੇ ਸਾਹਿਲੀ ਖੇਤਰਾਂ ਤੇ ਵਰਖਾ ਬਹੁਤੀ ਤੇ ਧੁਰ ਅੰਦਰੂਨੀ ਮੰਗੋਲੀਆ ਵੱਲ ਘਟਦੀ ਜਾਂਦੀ ਹੈ ਕਿਉਂਕਿ ਹਵਾਵਾਂ ਸਮੁੰਦਰ ਵੱਲੋਂ ਚਲਦੀਆਂ ਹਨ ਤੇ ਮਾਰੂਥਲਾਂ ਜਾਂ ਸਮੁੰਦਰ ਤੋਂ ਦੂਰ ਦੇ ਖੇਤਰਾਂ ਤੱਕ ਪਹੁੰਚਦੇ ਹੀ ਉਨ੍ਹਾਂ ਵਿਚ ਨਮੀ ਘਟ ਜਾਂਦੀ ਹੈ। ਔਸਤ ਸਾਲਾਨਾ ਵਰਖਾ ਦੀ ਵੰਡ ਇਸ ਪ੍ਰਕਾਰ ਹੈ। ਦੱਖਣੀ-ਪੂਰਬੀ ਸਾਹਿਲੀ ਖੇਤਰਾਂ ਤੇ ਔਸਤ ਸਾਲਾਨਾ ਵਰਖਾ 200 ਸੈਂ. ਮੀ., ਯਾਂਗਸੀ ਵਾਦੀ ਵਿਚ 100 ਸੈਂ. ਮੀ. ਉੱਤਰ ਵੱਲ ਹਵਾਈ ਹੂ ਵਾਦੀ ਵਿਚ 75 ਸੈਂ. ਮੀ. ਅਤੇ ਹਵਾਂਗ ਹੋ ਦੀਆਂ ਹੇਠਲੀਆਂ ਸ਼ਾਖਾਵਾਂ ਦੇ ਲਾਗੇ 50 ਸੈਂ. ਮੀ. ਹੀ ਰਹਿ   ਜਾਂਦੀ ਹੈ। ਲੋਐਸ ਪਠਾਰ ਦੇ ਉੱਤਰ ਤਕ ਵਰਖਾ ਹੋਰ ਵੀ ਘੱਟ ਜਾਂਦੀ ਹੈ। ਇਥੇ ਇਹ 30 ਸੈਂ. ਮੀ. ਤੋਂ 50 ਸੈਂ. ਮੀ. ਹੁੰਦੀ ਹੈ। ਪੱਛਮੀ ਅੰਦਰੂਨੀ ਮੰਗੋਲੀਆ, ਗਾਨਸੂ ਲਾਂਘੇ ਅਤੇ ਡਾਰੀਮ ਬੇਸਿਨ ਵਿਚ ਵਰਖਾ 10 ਸੈਂ. ਮੀ. ਤੋਂ ਵੀ ਘੱਟ ਹੁੰਦੀ ਹੈ। ਇਹ ਇਥੋਂ ਦੇ ਦੁਨੀਆ ਵਿਚ ਅਸਲੀ ਮਾਰੂਥਲੀ ਖੇਤਰ ਹਨ ਜਿਥੇ ਕਈ ਕਈ ਸਾਲ ਵਰਖਾ ਦੀ ਬੂੰਦ ਵੀ ਨਹੀਂ ਡਿਗਦੀ। ਇਹ ਮਹਾਂਦੀਪੀ ਸਥਿਤੀ ਤੇ ਸਮੁੰਦਰ ਤੋਂ ਦੂਰੀ ਕਰਕੇ ਵਾਪਰਦਾ ਹੈ।

          ਤਾਪਮਾਨ––ਪੂਰੇ ਦੇਸ਼ ਵਿਚ ਔਸਤ ਸਾਲਾਨਾ ਤਾਪ-ਅੰਤਰ ਬਹੁਤ ਜ਼ਿਆਦਾ ਹੁੰਦਾ ਹੈ। ਔਸਤ ਸਾਲਾਨਾ ਤਾਪ-ਅੰਤਰ ਦੱਖਣ ਤੋਂ ਉੱਤਰ ਵੱਲ ਘਟਦਾ ਜਾਂਦਾ ਹੈ ਜਿਵੇਂ ਕਿ ਇਨ੍ਹਾਂ ਥਾਵਾਂ ਦੇ ਤਾਪਮਾਨਾਂ ਦੇ ਵੇਰਵੇ ਤੋਂ ਪਤਾ ਲਗਦਾ ਹੈ। ਪਰਲ ਵਾਦੀ ਵਿਚ 20°, ਸੈਂ. ਯਾਂਗਸੀ ਵਾਦੀ ਦੀਆਂ ਮਧਵਰਤੀ ਤੇ ਹੇਠਲੀਆਂ ਸ਼ਾਖਾਵਾਂ ਦੇ ਆਸਪਾਸ 15° ਤੋਂ 20° ਸੈਂ., ਉੱਤਰੀ ਚੀਨ ਤੇ ਸ਼ਿਨ-ਜੀਆਂਗ ਦੇ ਦੱਖਣ ਵਲ 10° ਸੈਂ., ਉੱਤਰ-ਪੂਰਬ ਦੇ ਧੁਰ ਦੱਖਣ ਵੱਲ 5° ਸੈਂ. ਹੁੰਦਾ ਹੈ। ਕੁਝ ਇਕ ਥਾਵਾਂ ਨੂੰ ਛੱਡ ਕੇ ਸਮੁੱਚੇ ਦੇਸ਼ ਵਿਚ ਜਨਵਰੀ ਸਭ ਤੋਂ ਠੰਢਾ ਤੇ ਜੁਲਾਈ ਸਭ ਤੋਂ ਗਰਮ ਮਹੀਨਾ ਹੁੰਦਾ ਹੈ। ਸਰਦੀਆਂ ਵਿਚ ਉੱਤਰੀ ਤੇ ਦੱਖਣੀ ਖੇਤਰਾਂ ਦੇ ਤਾਪਮਾਨਾਂ ਵਿਚ 50° ਸੈਂ. ਦਾ ਅੰਤਰ ਰਿਕਾਰਡ ਕੀਤਾ ਗਿਆ ਹੈ। ਅਪਰੈਲ ਮਹੀਨੇ ਵਿਚ ਹੀਲੁੰਗਜ਼ਿਆਂਗ ਨੂੰ ਛੱਡ ਕੇ ਪੂਰੇ ਦੇਸ਼ ਦਾ ਤਾਪਮਾਨ 0° ਸੈਂ. ਤੋਂ ਵਧੇਰੇ ਹੁੰਦਾ ਹੈ, ਇਸੇ ਮਹੀਨੇ ਉੱਤਰ-ਪੂਰਬੀ ਮੈਦਾਨਾਂ ਦਾ 2° ਤੋਂ 8° ਬੀਜਿੰਗ ਤੇ ਸ਼ਿੰਘਾਈ ਵਿਚਲੇ ਮੈਦਾਨਾਂ ਦਾ 12° ਤੋਂ 15° ਅਤੇ ਦੱਖਣ ਵੱਲ ਦੇ ਖੇਤਰਾਂ ਦਾ 20° ਸੈਂ. ਹੁੰਦਾ ਹੈ। ਗਰਮੀਆਂ ਵਿਚ ਉੱਤਰੀ ਦੇ ਦੱਖਣੀ ਚੀਨ ਦੇ ਤਾਪਮਾਨ ਦਾ ਬਹੁਤ ਫ਼ਰਕ ਨਹੀਂ ਹੁੰਦਾ। ਜੁਲਾਈ ਵਿਚ ਕੈਨਟਨ ਤੇ ਬੀਜਿੰਗ ਦੇ ਤਾਪਮਾਨ ਵਿਚ 3° ਸੈਂ. ਦਾ ਹੀ ਅੰਤਰ ਹੁੰਦਾ ਹੈ। ਇਸੇ ਮਹੀਨੇ ਯਾਂਗਸੀ ਅਤੇ ਇਸਦੀਆਂ ਮਧਵਰਤੀ ਤੇ ਹੇਠਲੀਆਂ ਸਹਾਇਕ ਨਦੀਆਂ ਦੀਆਂ ਵਾਦੀਆਂ ਵਿਚ ਗਰਮੀ ਬਹੁਤ ਪੈਂਦੀ ਹੈ। ਉਦਾਹਰਣ ਦੇ ਤੌਰ ਤੇ ਨਾਨਚਾਂਗ ਅਤੇ ਚਾਂਗਸ਼ਾ ਦਾ ਔਸਤ ਤਾਪਮਾਨ 29° ਸੈਂ. ਤੋਂ ਵੱਧ ਹੁੰਦਾ ਹੈ।

          ਉੱਤਰੀ ਚੀਨ ਵਿਚ ਪਤਝੜ ਦਾ ਮੌਸਮ ਬਸੰਤ ਨਾਲੋਂ ਠੰਢਾ ਹੁੰਦਾ ਹੈ ਪਰ ਦੱਖਣੀ ਚੀਨ ਵਿਚ ਇਹ ਇਸਦੇ ਉਲਟ ਹੁੰਦਾ ਹੈ। ਉੱਤਰੀ ਹੀਲੁੰਗਜ਼ਿਆਂਗ ਵਿਚ ਗਰਮੀ ਨਾਂ-ਮਾਤਰ ਤੇ ਦੱਖਣੀ ਗਵਾਂਗਡੁੰਗ ਵਿਚ ਸਰਦੀ ਨਾਂ-ਮਾਤਰ ਹੁੰਦੀ ਹੈ। ਯੂਨਾਨ ਪਠਾਰ ਤੇ ਸਾਰਾ ਸਾਲ ਹੀ ਮੌਸਮ ਵਧੀਆ ਰਹਿੰਦਾ ਹੈ, ਸਰਦੀ ਦੋ ਮਹੀਨੇ ਤੋਂ ਵੀ ਘੱਟ ਪੈਂਦੀ ਹੈ। ਇਥੇ ਬਸੰਤ ਤੇ ਪਤਝੜ ਦਾ ਮੌਸਮ 310 ਦਿਨਾਂ ਤਕ ਬਣਿਆ ਰਹਿੰਦਾ ਹੈ।

          ਬਨਸਪਤੀ ਅਤੇ ਜੀਵ-ਜੰਤੂ––ਚੀਨ ਦੀ ਬਨਸਪਤੀ ਵਿਚ ਬਹੁਤ ਹੀ ਭਿੰਨਤਾ ਮਿਲਦੀ ਹੈ। ਇਥੇ ਊਸ਼ਣ-ਖੰਡੀ ਤੇ ਸ਼ੀਤ ਊਸ਼ਣ ਖੰਡੀ ਵਾਵਰੋਲਿਆਂ ਦੇ ਚੱਲਣ ਨਾਲ ਉੱਤਰੀ ਤੇ ਦੱਖਣੀ ਚੀਨ ਦੀ ਜਲਵਾਯੂ ਇਕ ਦੂਜੇ ਨਾਲੋਂ ਬਿਲਕੁਲ ਵੱਖਰੀ ਜਿਹੀ ਬਣ ਜਾਂਦੀ ਹੈ ਜਿਥੇ ਉੱਤਰੀ ਚੀਨ ਦੇ ਹੀਲੁੰਗਜ਼ਿਆਂਗ ਪ੍ਰਾਂਤ ਵਿਚ ਆਰਕਟਿਕ ਕਿਸਮਾਂ ਦੀ ਬਨਸਪਤੀ ਵੇਖਣ ਨੂੰ ਮਿਲਦੀ ਹੈ ਉਥੇ ਦੱਖਣੀ ਚੀਨ ਦੇ ਗਵਾਂਗਡੁੰਗ ਪ੍ਰਾਂਤ ਵਿਚ ਊਸ਼ਣ-ਖੰਡੀ ਬਨਸਪਤੀ ਦੀ ਕਿਸਮ ਮਿਲਦੀ ਹੈ। ਪੂਰੇ ਦੇਸ਼ ਵਿਚ ਸਿਰਫ ਧਰੁਵੀ ਬਨਸਪਤੀ ਦੀ ਕਿਸਮ ਨੂੰ ਛੱਡ ਸ਼ੀਤ-ਊਸ਼ਣ ਤੇ ਊਸ਼ਣ ਖੰਡੀ ਹਰਕੇ ਕਿਸਮ ਦੀ ਬਨਸਪਤੀ ਮਿਲਦੀ ਹੈ। ਚੀਨੀ ਊਸ਼ਣ-ਖੰਡੀ ਖੇਤਰ ਵਿਚ ਭੂ-ਮਧ ਰੇਖਾ ਦਾ ਦੱਖਣ ਵਲ ਦੇ ਇੰਡੋਨੇਸ਼ੀਆ ਅਤੇ ਦੱਖਣੀ ਪੂਰਬੀ ਏਸ਼ਿਆਈ ਮੁਲਕਾਂ ਵਾਲੀ ਬਨਸਪਤੀ ਮਿਲਦੀ ਹੈ। ਦੱਖਣੀ ਚੀਨ ਸਾਗਰ ਦੇ ਨਾਲ ਲਗਦੇ ਤੱਟੀ ਖੇਤਰਾਂ ਵਿਚ ਮੈਂਗ੍ਰੋਵ ਦਰਖ਼ਤ ਮਿਲਦੇ ਹਨ। ਇਸ ਤਰ੍ਹਾਂ ਪੂਰੇ ਦੇਸ਼ ਵਿਚ ਕਈ ਕਿਸਮਾਂ ਦੇ ਜੰਗਲ ਮਿਲਦੇ ਹਨ। ਇਥੇ ਬੀਜਾਂ ਵਾਲੇ ਪੌਦਿਆਂ ਦੀਆਂ 30,000 ਕਿਸਮਾਂ ਮਿਲਦੀਆਂ ਹਨ ਜਿਹੜੀਆਂ ਸੰਸਾਰ ਵਿਚ ਮਿਲਣ ਵਾਲੀਆਂ 2,700 ਮੁੱਖ ਕਿਸਮਾਂ ਦਾ ਨਿਰੂਪਣ ਕਰਦੀਆਂ ਹਨ। ਜੰਗਲਾਂ ਦੀ ਲੱਕੜੀ ਵਿਚ ਵੀ 2500 ਕਿਸਮਾਂ ਹਨ। ਇਥੋਂ ਦੇ ਜੰਗਲਾਂ ਦੀ ਲੱਕੜੀ ਆਰਥਿਕ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਇਮਾਰਤੀ ਲੱਕੜੀ ਦੱਖਣ-ਪੂਰਬੀ ਤੱਟ ਤੇ ਦੱਖਣ-ਪੱਛਮੀ ਮੰਚੂਰੀਆ ਦੇ ਜੰਗਲਾਂ ਤੋਂ ਮਿਲਦੀ ਹੈ। ਇਮਾਰਤੀ ਲੱਕੜੀ ਵਿਚ ਚੀਲ, ਸਪਰੂਸ, ਲਾਰਚ, ਐਲਮ, ਬਰਚ, ਬਲੂਤ ਅਤੇ ਫਰ ਦੇ ਦਰਖ਼ਤ ਹਨ। ਇਨ੍ਹਾਂ ਤੋਂ ਇਲਾਵਾ ਚਨਾਰ, ਦਿਉਦਾਰ, ਬੈਂਤ, ਭੋਜ-ਪੱਤਰ, ਐਸ਼-ਰੁੱਖ, ਮੈਪਲ, ਜਿੰਗੋ ਅਤੇ ਦੱਖਣੀ ਚੀਨ ਵਿਚ ਸਾਗੋ-ਪਾਮ, ਕਿੱਕਰ, ਬੋੜ੍ਹ ਅਤੇ ਫ਼ਲਦਾਰ ਦਰਖ਼ਤ ਮਿਲਦੇ ਹਨ। ਫ਼ਲਦਾਰ ਦਰਖ਼ਤਾਂ ਦੀ ਵੀ ਭਰਮਾਰ ਹੈ। ਇਥੇ ਸ਼ੀਤ-ਊਸ਼ਣ ਤੇ ਉਪ-ਊਸ਼ਣ ਖੰਡੀ ਫ਼ਲਾਂ ਦੀਆਂ ਦੋਨੋਂ ਕਿਸਮਾਂ ਮਿਲਦੀਆਂ ਹਨ। ਇਥੇ ਆੜੂ, ਖੁਰਮਾਣੀ, ਚੈਰੀ, ਨਾਸ਼ਪਾਤੀ, ਨਿੰਬੂ, ਵੱਡੇ ਨਿੰਬੂ, ਅਨਾਰ, ਅੰਬ, ਅੰਜੀਰ, ਕੇਲੇ, ਲੀਚੀ, ਜੈਤੂਨ ਅਤੇ ਲੁਕਾਠ ਫ਼ਲਾਂ ਵਾਲੇ ਦਰਖ਼ਤ ਮਿਲਦੇ ਹਨ। ਇਸ ਤੋਂ ਬਿਨਾਂ ਇਥੋਂ ਸੇਬਾਂ ਦੀਆਂ ਵੀ ਕਈ ਕਿਸਮਾਂ ਮਿਲਦੀਆਂ ਹਨ ਪਰ ਇਹ ਸੰਯੁਕਤ ਰਾਜ ਅਮਰੀਕਾ ਦੇ ਸੇਬਾਂ ਤੋਂ ਖਾਣ ਵਿਚ ਘੱਟ ਸਵਾਦੀ ਹੁੰਦੀਆਂ ਹਨ। ਅਖਰੋਟ ਤੇ ਪਿਸਤੇ ਦੇ ਬੂਟੇ ਵੀ ਮਿਲਦੇ ਹਨ। ਕਈ ਦਰਖ਼ਤਾਂ ਦੇ ਦੁੱਧ ਤੋਂ ਦਵਾਈਆਂ ਵੀ ਬਣਦੀਆਂ ਹਨ। ਸ਼ੀਸ਼ਮ ਤੇ ਕਈ ਹੋਰ ਟੰਗ ਆਇਲ ਵਰਗੇ ਦਰਖ਼ਤਾਂ ਦੇ ਫ਼ਲਾਂ ਦੇ ਬੀਜਾਂ ਵਿਚੋਂ ਤੇਲ ਕੱਢਿਆ ਜਾਂਦਾ ਹੈ ਜੋ ਪੇਂਟ ਤੇ ਵਾਰਨਸ਼ ਬਣਾਉਣ ਦੇ ਕੰਮ ਆਉਂਦਾ ਹੈ।

          ਬਨਸਪਤੀ ਤੇ ਧਰਾਤਲ ਦੇ ਵਖਰੇਵੇਂ ਕਰਕੇ ਇਥੇ ਜੀਵ-ਜੰਤੂਆਂ ਦੀਆਂ ਵੀ ਅਨੇਕਾਂ ਹੀ ਕਿਸਮਾਂ ਮਿਲਦੀਆਂ ਹਨ। ਸੰਸਾਰ-ਭਰ ਦੇ ਅਨੇਕਾਂ ਹੀ ਦੁਰਲੱਭ ਜੀਵ-ਜੰਤੂ ਇਥੋਂ ਦੇ ਜੰਗਲਾਂ ਵਿਚ ਰਹਿੰਦੇ ਹਨ। ਇਥੇ ਸ਼ੀਤ-ਊਸ਼ਣ, ਊਸ਼ਣ-ਖੰਡੀ ਤੋਂ ਇਲਾਵਾ ਪੇਲੀਆਰਕਟਿਕ ਖੇਤਰਾਂ (ਯੂਰਪ, ਏਸ਼ੀਆ, ਉੱਤਰੀ ਅਰਬ, ਅਫ਼ਰੀਕਾ ਦੇ ਸਹਾਰਾ ਦੇ ਉੱਤਰ ਵੱਲ ਦੇ ਖੇਤਰ) ਵਾਲੇ ਜੀਵ-ਜੰਤੂ ਵੀ ਮਿਲਦੇ ਜੁਲਦੇ ਹਨ। ਉੱਤਰ-ਪੂਰਬੀ ਖੇਤਰ ਵਿਚ ਸਾਇਬੇਰੀਅਨ ਨਸਲਾਂ ਨਾਲ ਮਿਲਦੇ ਜਾਨਵਰ ਮਿਲਦੇ ਹਨ। ਸਭ ਤੋਂ ਵੱਧ ਨਸਲਾਂ ਦੇ ਜੀਵ-ਜੰਤੂ ਪਹਾੜੀ ਲੜੀਆਂ ਉੱਤੇ ਅਤੇ ਤਿੱਬਤ ਦੀ ਹੱਦ ਦੇ ਨਾਲ ਲਗਦੀਆਂ ਵਾਦੀਆਂ ਦੇ ਜੰਗਲਾਂ ਵਿਚ ਰਹਿੰਦੇ ਹਨ। ਹਿਰਨਾਂ ਦੀਆਂ ਵੀ ਕਈ ਕਿਸਮਾਂ ਵੇਖੀਆਂ ਜਾਂਦੀਆਂ ਹਨ ਪਰ ਉੱਤਰੀ ਸ਼ਾਂਸੀ ਤੇ ਮੰਗੋਲੀਆ ਦੇ ਜੰਗਲਾਂ ਵਿਚੋਂ ਇਨ੍ਹਾਂ ਵਿਚੋਂ ਕਈ ਤਾਂ ਸ਼ਿਕਾਰੀਆਂ ਨੇ ਮਾਰ ਮੁਕਾਈਆਂ ਹਨ। ਉੱਤਰੀ ਚੀਨ ਤੇ ਮੰਚੂਰੀਆ ਵਿਚ ਫਰ ਵਾਲੇ ਜਾਨਵਰ ਬਹੁਤੇ ਹੁੰਦੇ ਹਨ ਜਿਨ੍ਹਾਂ ਵਿਚੋਂ ਬਿੱਜੂ, ਸੇਬਲ (ਨਿਉਲੇ ਵਰਗਾ ਜੀਵ), ਅਬਾਬੀਲ, ਊਦ-ਬਲਾਵ, ਲਕੜਬੱਗਾ, ਲੂੰਬੜੀ, ਗਾਲੜ੍ਹ ਵਰਣਨ ਯੋਗ ਹਨ। ਬਾਂਦਰਾਂ ਦੀਆਂ ਵੀ ਕਈ ਨਸਲਾਂ ਮਿਲਦੀਆਂ ਹਨ। ਥਣਧਾਰੀ ਜੀਵਾਂ ਵਿਚੋਂ ਅੱਧੇ ਤਾਂ ਕੁਤਰਣ ਵਾਲੇ ਹੁੰਦੇ ਹਨ। ਉੱਤਰੀ-ਚੀਨ ਵਿਚ ਕੀੜੇ-ਪਤੰਗੇ ਥੋੜ੍ਹੇ ਹੁੰਦੇ ਹਨ। ਰੇਂਗਣ ਵਾਲੇ ਜੀਵਾਂ ਵਿਚ ਭਾਰਤੀ ਫ਼ਨੀਅਰ ਸੱਪ ਤੇ ਕੱਛੂਕੁੰਮੇ ਮਿਲਦੇ ਹਨ। ਇਥੇ ਪੰਛੀ ਵੀ ਬਹੁਤ ਮਿਲਦੇ ਹਨ ਜਿਨ੍ਹਾਂ ਵਿਚ ਤਿੱਤਰਾਂ ਦੀਆਂ ਕਈ ਕਿਸਮਾਂ ਬਾਜ਼, ਸ਼ਿਕ, ਗਰੁੜ ਅਤੇ ਕਈ ਗਾਉਣ ਵਾਲੇ ਪੰਛੀਆਂ ਵਿਚ ਮੈਨਾ, ਬੁਲਬੁਲ ਤੇ ਲਾਰਕ ਅਤੇ ਕਈ ਹੋਰ ਪੰਛੀ ਜਿਵੇਂ ਕਬੂਤਰ, ਵੁਡਪੈਕਰ (ਲੰਬੀ ਚੁੰਝ ਵਾਲੇ ਪੰਛੀ), ਗਿਰਗਟ, ਚਮਗਿੱਦੜ, ਕਾਲਾ ਕਾਂ, ਅਬਾਬੀਲ ਕਈ ਤਰ੍ਹਾਂ ਦੀਆਂ ਚਿੜੀਆਂ ਓਰੀਓਲ, ਬੰਟਿੰਗ ਅਤੇ ਸੁਰੀਲੀ ਆਵਾਜ਼ ਵਾਲਾ ‘ਰੈਨ’ ਮਿਲਦੇ ਹਨ। ਇਥੋਂ ਦੇ ਪਾਣੀਆਂ ਵਿਚ ਕਈ ਜਲ-ਥਲ ਪੰਛੀ, ਮੱਛੀਆਂ, ਬੱਤਖਾਂ, ਸਾਰਸ, ਕਰੋਚ ਮਰਗ਼ਾਬੀਆਂ ਅਤੇ ਜਲ ਕਾਂ ਮਿਲਦੇ ਹਨ।

          ਪੂਰੇ ਚੀਨ ਵਿਚ ਉੱਚੇ ਪਹਾੜਾਂ ਉੱਤੇ ਆਰਕਟਿਕ ਜਾਨਵਰ ਤੇ ਪੂਰਬੀ ਚੀਨ ਵਿਚ ਦੱਖਣ-ਪੂਰਬ ਦੇ ਊਸ਼ਣ-ਖੰਡੀ ਜਾਨਵਰਾਂ ਨਾਲੋਂ ਤੇ ਪੇਲੀਆਰਕਟਿਕ ਨਾਲੋਂ ਵੱਖਰੀ ਕਿਸਮ ਦੇ ਤੇ ਧੁਰ ਦੱਖਣੀ ਖੇਤਰਾਂ ਵਿਚ ਊਸ਼ਣ ਖੰਡੀ ਜਾਨਵਰ ਮਿਲਦੇ ਹਨ। ਇਨ੍ਹਾਂ ਵਿਚ ਥਣਧਾਰੀ, ਜਲ-ਥਲ ਪ੍ਰਾਣੀ ਹੁੰਦੇ ਹਨ। ਧੁਰ ਉੱਤਰ ਵਲ ਸਾਇਬੇਰੀਆਈ ਨਸਲਾਂ ਨਾਲ ਮਿਲਦੀਆਂ-ਜੁਲਦੀਆਂ ਨਸਲਾਂ ਹੁੰਦੀਆਂ ਹਨ।

          ਇਤਿਹਾਸ

          ਚੀਨ ਦਾ ਇਤਿਹਾਸ ਬੜਾ ਪੁਰਾਣਾ ਹੈ। ਸੰਨ 1927 ਵਿਚ ਪੀਕਿੰਗ ਤੋਂ 48 ਕਿ. ਮੀ. ਦੂਰ ਦੱਖਣ-ਪੱਛਮ ਵੱਲ ਇਕ ਗੁਫ਼ਾ ਵਿਚੋਂ ਮਿਲੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ 350,000 ਸਾਲ ਪਹਿਲਾਂ ਵੀ ਇੱਥੇ ਵਸੋਂ ਸੀ। ਚੀਨੀ ਸੱਭਿਅਤਾ ਹਵਾਂਗ ਹੋ ਦਰਿਆ ਤੋਂ ਆਰੰਭ ਹੋਈ। ਇਥੇ ਹੋਈ ਖੁਦਾਈ ਤੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਅੱਜ ਦੇ ਹੋਨਾਨ ਸ਼ਾਨਡੁੰਗ ਅਤੇ ਸ਼ਾਂਸੀ ਪ੍ਰਾਂਤਾਂ ਵਿਚ ਹੀ ਚੀਨੀ ਸਭਿਆਚਾਰ ਦਾ ਮੁੱਢ ਬੱਝਾ।

          2000 ਤੋਂ 1800 ਈ. ਪੂ. ਦੌਰਾਨ ਇਥੋਂ ਦੇ ਲੋਕ ਨਿਰਮਾਣ ਕਲਾ ਵਿਚ ਕਾਫ਼ੀ ਉੱਨਤ ਹੋ ਚੁੱਕੇ ਸਨ। ਭਾਸ਼ਾ ਵਿਚ ਲਿਪੀ ਦੀ ਵਰਤੋਂ ਸ਼ੁਰੂ ਹੋ ਚੁੱਕੀ ਸੀ। ਖੇਤੀਬਾੜੀ ਤੇ ਪਸ਼ੂ ਪਾਲਣਾ ਇਥੋਂ ਦੇ ਲੋਕਾਂ ਦਾ ਮੁੱਖ ਧੰਦਾ ਸੀ। ਇਸੇ ਕਾਲ ਵਿਚ ਆਨਯਾਂਗ ਅਤੇ ਹੋਨਾਨ ਦੇ ਆਸਪਾਸ ਸ਼ਾਂਗ ਬੰਸੀ ਰਾਜੇ ਰਾਜ ਕਰਦੇ ਸਨ ਤੇ ਇਨ੍ਹਾਂ ਨੇ ਤਿੰਨ ਸਦੀਆਂ ਦੇ ਕਰੀਬ ਰਾਜ ਕੀਤਾ। ਇਨ੍ਹਾਂ ਦੇ ਰਾਜ ਦੌਰਾਨ ਕਾਂਸੀ ਦੀਆਂ ਬਣੀਆਂ ਸੁੰਦਰ ਚੀਜ਼ਾਂ ਦਾ ਨਿਰਮਾਣ ਹੋਇਆ। ਲੋਕਾਂ ਵਿਚ ਕਲੰਡਰ ਦੀ ਵਰਤੋਂ ਸ਼ੁਰੂ ਹੋਈ।

          ਸ਼ਾਂਗ ਬੰਸੀ ਰਾਜਿਆਂ ਦੀ ਗਿਰਾਵਟ ਮਗਰੋਂ 1122 ਈ. ਪੂ. ਤੋਂ ਚਾਓ ਵੰਸ਼ ਦਾ ਰਾਜ ਸ਼ੁਰੂ ਹੋਇਆ। ਇਨ੍ਹਾਂ ਨੇ ਕਾਫ਼ੀ ਲੰਬੇ ਸਮੇਂ 221 ਈ. ਪੂ. ਤਕ ਰਾਜ ਕੀਤਾ। ਅਨੁਮਾਨ ਕੀਤਾ ਜਾਂਦਾ ਹੈ ਕਿ ਇਹ ਰਾਜੇ ਸ਼ਾਂਗ ਬੰਸੀ ਰਾਜਿਆਂ ਨਾਲੋਂ ਘੱਟ ਸੱਭਿਅ ਸਨ। ਇਨ੍ਹਾਂ ਨੇ ਸ਼ੀਆਨ ਨੇੜੇ ਆਪਣਾ ਰਾਜ ਕਾਇਮ ਕੀਤਾ ਅਤੇ ਇਹ ਲਗਭਗ 500 ਸਾਲ ਤਕ ਛੋਟੇ ਛੋਟੇ ਰਾਜਾਂ ਤੇ ਰਾਜ ਕਰਦੇ ਰਹੇ।

          221 ਈ. ਪੂ. ਵਿਚ ਚਿੰਨ ਬੰਸ ਦਾ ਰਾਜ ਸ਼ੁਰੂ ਹੋਇਆ। ਸ਼ੀ ਹਵਾਂਗ ਤੀ ਨੇ ਆਪਣੇ ਆਪ ਨੂੰ ਪਹਿਲਾ ਖ਼ੁਦਮੁਖ਼ਤਿਆਰ ਰਾਜਾ ਹੋਣ ਦਾ ਐਲਾਨ ਕੀਤਾ। ਇਸਨੇ ਜਾਗੀਰਦਾਰੀ ਢਾਂਚੇ ਦਾ ਅੰਤ ਕੀਤਾ ਅਤੇ ਇਸੇ ਸਮੇਂ ਦੌਰਾਨ ਚੀਨ ਦੀ ‘ਮਹਾਨ ਦੀਵਾਰ’ ਦਾ ਨਿਰਮਾਣ ਹੋਇਆ। ਇਸ ਸਮੇਂ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਾਹਿਤ ਅਤੇ ਕਲਾ ਵਿਚ ਸ਼ਲਾਘਾਯੋਗ ਉੱਨਤੀ ਹੋਈ। ਦੇਸ਼ ਦੇ ਵੱਖ-ਵੱਖ ਭਾਗਾਂ ਨੂੰ ਜੋੜਨ ਲਈ ਸੜਕ ਮਾਰਗ ਵੀ ਬਣਵਾਏ ਗਏ, ਸਿੰਜਾਈ ਯੋਜਨਾਵਾਂ ਬਣੀਆਂ। ਕੇਂਦਰੀ ਸਰਕਾਰ ਅਧੀਨ ਜਾਂ ਰਾਜੇ ਦੇ ਦਰਬਾਰੀਆਂ ਅਧੀਨ ਹੀ ਸਾਰਾ ਪ੍ਰਸ਼ਾਸਨ ਰੱਖਿਆ ਗਿਆ। ਇਸੇ ਬੰਸ ਦੇ ਨਾਉਂ ਤੇ ਚੀਨ ਦਾ ਨਾਉਂ ਪਿਆ।

          206 ਈ. ਪੂ. ਵਿਚ ਚੀਨ ਉਪਰ ਹਾਨ ਬੰਸ ਦਾ ਰਾਜ ਆਰੰਭ ਹੋਇਆ। ਲਿਉਪੇਂਗ ਇਸ ਦਾ ਪਹਿਲਾ ਰਾਜਾ ਸੀ। ਇਸ ਨੇ ਆਪਣੀ ਯੋਗਤਾ, ਸਿਆਣਪ ਤੇ ਕਾਬਲੀਅਤ ਨਾਲ ਸਾਮਰਾਜ ਦੀ ਸਥਾਪਨਾ ਕੀਤੀ। ਉੱਤਰ-ਪੱਛਮ ਵਿਚ ਰਾਜਧਾਨੀ ਵੀ ਬਣਾਈ। ਇਸੇ ਬੰਸ ਦੇ ਰਾਜੇ ਨੇ 140-87 ਈ. ਪੂ. ਦੌਰਾਨ ਬਦੇਸ਼ੀ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਮੱਧ ਏਸ਼ੀਆ ਦੇ ਲੋਕਾਂ ਨਾਲ ਆਪਣੇ ਸੰਬੰਧ ਵੀ ਬਣਾਏ। ਹਾਨ ਰਾਜਿਆਂ ਨੇ ਮੱਧ-ਏਸ਼ੀਆ, ਕੋਰੀਆ, ਹਿੰਦ-ਚੀਨ ਵੱਲ ਵੀ ਆਪਣਾ ਰਾਜ ਵਧਾ ਲਿਆ ਇਸੇ ਸਮੇਂ ਵਿਚ ਕਾਗਜ਼ ਅਤੇ ਸੀਸਮੋਗ੍ਰਾਫ਼ ਯੰਤਰ ਨੂੰ ਈਜਾਦ ਕੀਤਾ ਗਿਆ। ਸੰਨ 9 ਵਿਚ ਹਾਨਾਂ ਦਾ ਰਾਜ ਕਮਜ਼ੋਰ ਹੋ ਗਿਆ। ਦੇਸ਼ ਵਿਚ ਕਾਫ਼ੀ ਸਮੇਂ ਤਕ ਅਰਾਜਕਤਾ ਫੈਲੀ ਰਹੀ। ਇਸੇ ਸਮੇਂ ਵਿਚ ਭਾਰਤ ਵਲੋਂ ਬੁੱਧ ਮਤ ਦੇ ਪ੍ਰਚਾਰਕ ਇਥੇ ਆਏ।

          581 ਈ. ਵਿਚ ਯਾਂਗ ਚਯੇਨ ਨੇ ਅਰਾਜਕਤਾ ਖ਼ਤਮ ਕਰਕੇ ਸੂਈ ਬੰਸ ਦਾ ਰਾਜ ਸਥਾਪਿਤ ਕੀਤਾ। ਇਸਨੇ ਨਾ ਸਿਰਫ਼ ਇਕ ਸਾਮਰਾਜ ਦੀ ਸਥਾਪਨਾ ਕੀਤੀ ਸਗੋਂ ਇਸ ਵਿਚ ਹੋਰ ਨਵੇਂ ਇਲਾਕੇ ਵੀ ਸ਼ਾਮਲ ਕੀਤੇ। ਇਨ੍ਹਾਂ ਰਾਜਿਆਂ ਨੇ ਮੰਗੋਲੀਆ ਦੇ ਤੁਰਕ ਸਾਮੰਤਾਂ ਨੂੰ ਵੀ ਆਪਣੇ ਅਧੀਨ ਕਰ ਲਿਆ, ਪੂਰਬੀ ਦੀਪ-ਸਮੂਹਾਂ ਨਾਲ ਸੰਪਰਕ ਸਥਾਪਿਤ ਕੀਤੇ। ਸੰਨ 618 ਵਿਚ ਲੀਸੀਹ ਮਿਨ ਤੇ ਉਸਦੇ ਪੁੱਤਰ ਲੀ ਯੁਆਨ ਨੇ ਤੁੰਗ ਬੰਸ ਦਾ ਰਾਜ ਸਥਾਪਤ ਕੀਤਾ। ਇਨ੍ਹਾਂ ਰਾਜਿਆਂ ਨੇ ਸਾਮਰਾਜ ਨੂੰ ਪ੍ਰਾਂਤਾਂ ਵਿਚ ਵੰਡਿਆ, ਸਰਕਾਰੀ ਨੌਕਰੀਆਂ ਲਈ ਪ੍ਰੀਖਿਆਵਾਂ ਨਿਸ਼ਚਿਤ ਕੀਤੀਆਂ, ਸਿੱਖਿਆ ਦਾ ਪ੍ਰਬੰਧ, ਸਿੰਜਾਈ ਲਈ ਨਹਿਰਾਂ ਦੀ ਖੁਦਾਈ ਅਤੇ ਬਾਹਰਲੇ ਦੇਸ਼ਾਂ ਦਾ ਮਿੱਤਰਤਾ ਪੂਰਨ ਸਬੰਧ ਕਾਇਮ ਕਰਨ ਵਰਗੇ ਮਹੱਤਵਪੂਰਨ ਕੰਮ ਕੀਤੇ। ਇਸ ਬੰਸ ਦੇ ਅੰਤ ਸਮੇਂ 907-960 ਦੌਰਾਨ ਦੇਸ਼ ਵਿਚ ਫ਼ੌਜੀ ਹਕੂਮਤ ਅਤੇ ਲੜਾਈਆਂ ਦਾ ਹੀ ਦੌਰ ਜਾਰੀ ਰਿਹਾ। ਇਸ ਸਮੇਂ ਵਿਚ ਛਪਾਈ ਦਾ ਕੰਮ ਜ਼ੋਰਾਂ ਤੇ ਸੀ ਤੇ ਕਈ ਗ੍ਰੰਥ ਵੀ ਛਾਪੇ ਗਏ।

          960 ਵਿਚ ਸੁੰਗ ਬੰਸ ਦੇ ਚਾਓ ਕੁਆਂਗ ਯਿਨ ਨੇ ਆਪਣਾ ਰਾਜ ਸਥਾਪਿਤ ਕਰਕੇ ਦੇਸ਼ ਵਿਚ ਅਮਨ ਅਤੇ ਏਕਤਾ ਕਾਇਮ ਕੀਤੀ। ਇਸ ਬੰਸ ਦੇ ਰਾਜਿਆਂ ਨੇ ਵੀ ਸਾਮਰਾਜ ਦਾ ਮਾਣ ਵਧਾਇਆ ਪਰ ਉੱਤਰ ਵਿਚ ਜੂਚੈਨ ਦੇ ਹਮਲੇ ਕਾਰਨ ਇਸ ਬਾਦਸ਼ਾਹ ਨੂੰ ਆਪਣੀ ਰਾਜਧਾਨੀ ਦੱਖਣ ਵੱਲ ਲੈ ਜਾਣੀ ਪਈ। ਯੰਗਸੀ ਦਰਿਆ ਦੇ ਦੱਖਣ ਵੱਲ 1279 ਈ. ਤਕ ਇਸ ਬੰਸ ਦੇ ਰਾਜਿਆਂ ਨੇ ਰਾਜ ਕੀਤਾ। ਇਸੇ ਸਾਲ ਹੀ ਮੰਗੋਲ ਹਮਲਾਵਰ ਚੰਗੇਜ਼ ਖ਼ਾਂ ਨੇ ਸੁੰਗ ਸਾਮਰਾਜ ਤੇ ਅਧਿਕਾਰ ਕਰ ਲਿਆ ਅਤੇ ਇਸ ਦੇ ਪੋਤੇ ਕੁਬਲਾ ਖ਼ਾਂ ਦਾ ਸਾਮਰਾਜ ਦੇ ਸਮਰਾਟ ਹੋਣ ਦਾ ਐਲਾਨ ਹੋਇਆ ਅਤੇ ਇਸਨੇ ਖ਼ਾਨਬਾਲੀਕ (ਹੁਣ ਬੀਜਿੰਗ) ਨੂੰ ਆਪਣੀ ਸਰਦੀਆਂ ਦੀ ਰਾਜਧਾਨੀ ਬਣਾਇਆ। ਚੀਨ ਦੇ ਦੱਖਣੀ ਪ੍ਰਾਂਤਾਂ ਤੇ ਮੰਗੋਲਾਂ ਨੇ ਬੜੀ ਔਖਿਆਈ ਨਾਲ ਕਬਜ਼ਾ ਕੀਤਾ। ਸੰਨ 1368 ਵਿਚ ਚੀਨ ਦੀ ਸੈਨਾ ਨੇ ਰਾਜਧਾਨੀ ਖ਼ਾਨਬਾਲੀਕ ਤੇ ਆਪਣਾ ਕਬਜ਼ਾ ਕਰ ਲਿਆ ਤੇ ਹੌਲੀ ਹੌਲੀ ਮੰਗੋਲਾਂ ਨੂੰ ਮੰਚੂਰੀਆ, ਯੂਨਾਨ ਤੇ ਗਰਮੀਆਂ ਦੀ ਰਾਜਧਾਨੀ ਖੰਜਰੇਬ ਵਿਚੋਂ ਵੀ ਭੱਜਣਾ ਪਿਆ। ਸੰਨ 1368 ਵਿਚ ਜੂ ਯੁਆਨ ਜਾਂਗ ਨੇ ਮਿੰਗ ਬੰਸ ਅਧੀਨ ਚੀਨੀ ਸਾਮਰਾਜ ਦੀ ਵਾਗਡੋਰ ਸੰਭਾਲੀ। ਇਸ ਬੰਸ ਦੇ ਰਾਜਿਆਂ ਨੇ ਨਵੇਂ ਸ਼ਹਿਰ ਉਸਾਰੇ, ਉਤਪਾਦਨ ਵਿਚ ਵਾਧਾ ਕੀਤਾ ਅਤੇ ਜਲ-ਮਾਰਗਾਂ ਦਾ ਵਿਕਾਸ ਕੀਤਾ। ਇਸ ਜ਼ਮਾਨੇ ਵਿਚ ਵਿਸ਼ਵ ਕੋਸ਼ ਤਿਆਰ ਕੀਤੇ ਗਏ।

          ਮਾਂਚੂਆਂ ਨੇ ਆਪਣੇ ਆਪ ਨੂੰ ਖ਼ੂਬ ਸ਼ਕਤੀਸ਼ਾਲੀ ਬਣਾ ਕੇ ਚੀਨ ਤੇ ਉਦੋਂ ਹਮਲਾ ਕੀਤਾ ਜਦੋਂ ਇਥੋਂ ਦੇ ਲੋਕ ਆਪੋ ਵਿਚ ਵੰਡੇ ਹੋਏ ਸਨ। ਸੰਨ 1659 ਵਿਚ ਇਨ੍ਹਾਂ ਨੇ ਮਿੰਗ ਬੰਸ ਦੇ ਕਠਪੁਤਲੀਏ ਬਾਦਸ਼ਾਹ ਨੂੰ ਗੱਦੀਉਂ ਲਾਹ ਦਿੱਤਾ ਅਤੇ ਲਗਭਗ 100 ਸਾਲ ਤਕ ਇਥੇ ਸ਼ਾਂਤੀ ਕਾਇਮ ਰੱਖੀ। ਸੰਨ 1899 ਵਿਚ ਚੀਨੀਆਂ ਦੇ ਗੁਪਤ ਸੰਗਠਨਾਂ ਨੇ ਮਾਂਚੂ ਰਾਜਿਆਂ ਦਾ ਤਖ਼ਤਾ ਪਲਟਣਾ ਆਰੰਭ ਕਰ ਦਿੱਤਾ ਅਤੇ 1911 ਵਿਚ ਮਾਂਚੂ ਰਾਜ ਖ਼ਤਮ ਕਰ ਦਿੱਤਾ ਗਿਆ।

          ਇਤਿਹਾਸ :

          10 ਅਕਤੂਬਰ, 1911 ਨੂੰ ਚੀਨ ਵਿਚ ਭਾਰੀ ਇਨਕਲਾਬ ਆਇਆ ਜਿਸ ਦਾ ਮੁੱਖ ਕਾਰਨ ਸਤੰਬਰ ਵਿਚ ਰੇਲਵੇ ਲਾਈਨਾਂ ਵਿਛਾਉਣ ਦੀ ਯੋਜਨਾ ਸੀ ਜਿਸਦੇ ਵਿਰੋਧ ਵਿਚ ਲੋਕ ਭੜਕ ਪਏ ਸਨ। ਇਕ ਆਜ਼ਾਦ ਦੇਸ਼ ਦੀ ਸਥਾਪਨਾ ਲਈ ਪੀਕਿੰਗ ਵਿਖੇ ਇਕ ਰਾਸ਼ਟਰੀ ਪਰਿਸ਼ਦ ਦੀ ਸਥਾਪਨਾ ਕੀਤੀ ਗਈ ਅਤੇ 12 ਫ਼ਰਵਰੀ, 1912 ਨੂੰ ਚੀਨ ਦੇ ਬਾਦਸ਼ਾਹ ਸ਼ੁਆਨ ਤੁੰਗ ਨੇ ਸਿੰਘਾਸਨ ਛੱਡ ਦਿੱਤਾ। ਇਸ ਨਾਲ ਚੀਨ ਉੱਤੇ 2,000 ਸਾਲਾਂ ਤੋਂ ਚਲੀ ਆ ਰਹੀ ਰਜਵਾੜਾ ਸ਼ਾਹੀ ਦਾ ਅੰਤ ਹੋ ਗਿਆ ਅਤੇ ਸੁਨ-ਯਾਤ-ਸੈਨ ਨੂੰ ਨਵੇਂ ਸੰਵਿਧਾਨ ਅਧੀਨ ਗਣਰਾਜ ਦਾ ਨਵਾਂ ਪ੍ਰੈਜ਼ੀਡੈਂਟ ਚੁਣ ਲਿਆ ਗਿਆ। ਸੰਨ 1920 ਵਿਚ ਜੀਆਂਗ ਕਾਈਸ਼ੈਕ ਦੀ ਰਹਿਨੁਮਾਈ ਹੇਠ ਚੀਨੀ ਕਮਿਊਨਿਸਟਾਂ ਨੇ ਰੂਸ ਦੀ ਸਹਾਇਤਾ ਨਾਲ ਚੀਨ ਵਿਚ ਪੱਕਾ ਰਾਜ ਸਥਾਪਿਤ ਕਰਨ ਦਾ ਜਤਨ ਕੀਤਾ। ਪਰ ਛੇਤੀ ਹੀ ਜੀਆਂਗ ਕਮਿਊਨਿਸਟ ਪਾਰਟੀ ਨਾਲੋਂ ਵੱਖ ਹੋ ਗਿਆ ਅਤੇ ਉਸ ਨੇ ਆਪਣੀ ਵੱਖਰੀ ਫ਼ੌਜ ਅਤੇ ਸਰਕਾਰ ਬਣਾ ਲਈ। ਸੰਨ 1932 ਵਿਚ ਜਾਪਾਨ ਨੇ ਮੰਚੂਰੀਆ ਤੇ ਕਬਜ਼ਾ ਕਰ ਲਿਆ ਅਤੇ 1937 ਵਿਚ ਚੀਨ ਦੀ ਜਾਪਾਨ ਨਾਲ ਲੜਾਈ ਸ਼ੁਰੂ ਹੋ ਗਈ। ਇਸ ਸਮੇਂ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਨੇ ਦੇਸ਼ ਦੇ ਲੋਕਾਂ ਦੀ ਹਮਾਇਤ ਹਾਸਲ ਕਰ ਲਈ ਅਤੇ ਪਾਰਟੀ ਮਕਬੂਲ ਹੋ ਗਈ। ਮਾਓ-ਸੀ-ਤੁੰਗ ਇਸ ਪਾਰਟੀ ਦਾ ਨੇਤਾ ਅਤੇ ਚਾਓ ਐਨ ਲਾਈ ਪ੍ਰਮੁੱਖ ਸਮਝੌਤਾਕਾਰ ਬਣਾਇਆ ਗਿਆ।

          ਵਿਸ਼ਵ ਦੀ ਦੂਜੀ ਵੱਡੀ ਜੰਗ ਵਿਚ ਕਮਿਊਨਿਸਟ ਪਾਰਟੀ ਨੇ ਜੀਆਂਗ ਦੀਆਂ ਫ਼ੌਜਾਂ ਅਤੇ ਦੂਜੀਆਂ ਇਤਿਹਾਦੀ ਤਾਕਤਾਂ ਦੀ ਜਾਪਾਨ ਵਿਰੁੱਧ ਪੂਰੀ ਮਦਦ ਕੀਤੀ ਪਰ ਜਾਪਾਨ ਦੀ ਹਾਰ ਉਪਰੰਤ ਕਮਿਊਨਿਸਟਾਂ ਨੇ ਜੀਆਂਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਮਿਊਨਿਸਟਾਂ ਨੇ ਉੱਤਰੀ ਚੀਨ ਦੇ ਵਿਸ਼ਾਲ ਇਲਾਕਿਆਂ ਉਤੇ ਆਪਣਾ ਕਬਜ਼ਾ ਨਿਰੰਤਰ ਜਮਾਈ ਰੱਖਿਆ। ਛੇਤੀ ਹੀ ਦੇਸ਼ ਵਿਚ ਨੈਸ਼ਨਲਿਸਟਾਂ ਅਤੇ ਕਮਿਊਨਿਸਟਾਂ ਵਿਚਕਾਰ ਯੁੱਧ ਛਿੜ ਗਿਆ, ਜਿਸ ਦੇ ਨਤੀਜੇ ਵਜੋਂ ਨੈਸ਼ਨਲਿਸਟਾਂ ਦੀਆਂ ਅੰਦਰੂਨੀ ਸਮੱਸਿਆਵਾਂ ਹੋਰ ਗੰਭੀਰ ਰੂਪ ਧਾਰਨ ਕਰ ਗਈਆਂ। ਦੂਜੇ ਪਾਸੇ ਕਮਿਊਨਿਸਟਾਂ ਨੇ ਇਸ ਮੌਕੇ ਨੂੰ ਆਪਣਾ ਬੋਲਬਾਲਾ ਸਥਾਪਿਤ ਕਰਨ ਹਿੱਤ ਵਰਤੋਂ ਵਿਚ ਲਿਆਉਣ ਲਈ ਸੋਚਿਆ। ਸੰਨ 1947 ਵਿਚ ਪ੍ਰੈਜ਼ੀਡੈਂਟ ਟਰੂਮੈਨ ਨੇ ਚੀਨ ਵਿਚ ਅਮਨ ਸਥਾਪਿਤ ਕਰਨ ਅਤੇ ਦੋਹਾਂ ਧਿਰਾਂ ਵਿਚਕਾਰ ਲੋਕਤੰਤਰੀ ਅਸੂਲਾਂ ਤੇ ਅਧਾਰਤ ਕੁਲੀਸ਼ਨ ਸਰਕਾਰ ਕਾਇਮ ਕਰਨ ਲਈ ਮਾਰਸ਼ਲ ਮਿਸ਼ਨ ਨੂੰ ਚੀਨ ਭੇਜਿਆ। ਨੈਸ਼ਨਲਿਸਟ ਸਰਕਾਰ ਨੇ ਇਕ ਨਵਾਂ ਸੰਵਿਧਾਨ ਜਾਰੀ ਕਰ ਦਿੱਤਾ ਅਤੇ ਨਾਲ ਹੀ ਵੱਖ-ਵੱਖ ਵਿਚਾਰਧਾਰਾ ਦੇ ਸਿਆਸੀ ਧੜਿਆਂ ਨੂੰ ਸ਼ਾਮਲ ਕਰਨ ਲਈ ਪੀਪਲਜ਼ ਪੁਲਿਟੀਕਲ ਕਨਸਲਟੇਟਿਵ ਕਾਨਫਰੰਸ ਸਥਾਪਿਤ ਕੀਤੀ। ਅਜਿਹਾ ਕਰਨ ਦੇ ਬਾਵਜੂਦ ਦੇਸ਼ ਵਿਚ ਸ਼ਾਂਤੀ ਕਾਇਮ ਨਾ ਹੋ ਸਕੀ ਅਤੇ ਘਰੇਲੂ ਯੁੱਧ ਫਿਰ ਛਿੜ ਪਿਆ। ਸੰਨ 1949 ਦੌਰਾਨ ਸਾਰਾ ਮਹਾਂਦੀਪੀ ਚੀਨ ਕਮਿਊਨਿਸਟਾਂ ਅਧੀਨ ਹੋ ਗਿਆ ਅਤੇ ਨੈਸ਼ਨਲਿਸਟ ਸਰਕਾਰ ਦਾ ਮੁੱਖ ਜੀਆਂਗ ਕਾਈ ਸ਼ੈਕ ਤਾਈਵਾਨ ਨੂੰ ਭੱਜ ਗਿਆ।

          1 ਅਕਤੂਬਰ, 1949 ਨੂੰ ਮਾਓ-ਸੀ-ਤੁੰਗ ਨੇ ਪੀਕਿੰਗ ਵਿਚ ਪੀਪਲਜ਼ ਰੀਪਬਲਿਕ ਆਫ਼ ਚਾਈਨਾ ਦੀ ਸਥਾਪਨਾ ਦਾ ਐਲਾਨ ਕੀਤਾ। ਚੀਨ ਵਿਚ ਇਕ ਨਵੇਂ ਯੁੱਗ ਦਾ ਆਰੰਭ ਹੋਇਆ। ਮਾਓ-ਸੀ-ਤੁੰਗ ਚੀਨ ਗਣਰਾਜ ਦਾ ਮੁਖੀ ਅਤੇ ਚਾਓ-ਐੱਨ-ਲਾਈ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਸੰਨ 1949-53 ਦੌਰਾਨ ਨਵੀਂ ਹਕੂਮਤ ਨੇ ਸਰਬ-ਸੱਤਾਧਾਰੀ ਕੰਟਰੋਲ ਸਥਾਪਿਤ ਕਰਨ ਲਈ ਕਦਮ ਉਠਾਏ। ਲੋਕਾਂ ਦੇ   ਮਨਾਂ ਵਿਚ ਮਾਰਕਸਵਾਦੀ ਲੈਨਿਨਵਾਦੀ-ਮਾਓਵਾਦੀ ਵਿਚਾਰਧਾਰਾ ਭਰਨ ਲਈ ਇਕ ਵਿਸ਼ਾਲ ਉਪਰਾਲਾ ਕੀਤਾ ਗਿਆ।

          ਅਕਤੂਬਰ, 1950 ਵਿਚ ਚੀਨ ਨੇ ਤਿੱਬਤ ਉੱਤੇ ਕਬਜ਼ਾ ਕਰ ਲਿਆ। ਸੰਨ 1950-53 ਦੌਰਾਨ ਚੀਨ ਕੋਰੀਆਈ ਯੁੱਧ ਵਿਚ ਰੁਝਿਆ ਰਿਹਾ ਅਤੇ ਇਸ ਯੁੱਧ ਦਾ ਦੇਸ਼ ਦੀ ਪਹਿਲਾਂ ਹੀ ਕਮਜ਼ੋਰ ਹੋਈ ਆਰਥਿਕਤਾ ਉਤੇ ਕਾਫ਼ੀ ਬੋਝ ਪਿਆ। ਸੰਨ 1954 ਵਿਚ ਇਕ ਸੰਵਿਧਾਨ ਜਾਰੀ ਕੀਤਾ ਗਿਆ। ਸੰਭਵ ਤੌਰ ਤੇ ਸਰਕਾਰ ਦਾ ਸਭ ਤੋਂ ਸ੍ਰੇਸ਼ਠ ਅੰਗ “ਪੀਪਲਜ਼ ਕਾਂਗਰਸ” ਸੀ। ਅਸਲ ਵਿਚ ਸਾਰੀ ਤਾਕਤ ਕਮਿਊਨਿਸਟ ਪਾਰਟੀ ਦੇ ਹੱਥਾਂ ਵਿਚ ਕ੍ਰੇਂਦਿਤ ਰਹੀ।

          ਸੰਨ 1953-54 ਉਪਰੰਤ ਹਕੂਮਤ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਸੋਵੀਅਤ ਨਮੂਨੇ ਤੇ ਹੀ ਦੇਸ਼ ਦਾ ਉਦਯੋਗਿਕ ਵਿਕਾਸ ਕਰਨ ਤੇ ਲਾ ਦਿੱਤੀਆਂ। ਸੰਨ 1955 ਦੇ ਅਖ਼ੀਰ ਤੱਕ ਮਾਓ ਸਮੁੱਚੀ ਖੇਤੀਬਾੜੀ ਦਾ ਸਹਿਕਾਰੀਕਰਣ ਕਰਨ ਸਬੰਧੀ ਪ੍ਰੋਗਰਾਮ ਆਰੰਭ ਕਰਨ ਦੇ ਯੋਗ ਹੋ ਗਿਆ। ਸੰਨ 1958 ਵਿਚ ਚੀਨ ਦੇ ਕਮਿਊਨਿਸਟ ਨੇਤਾਵਾਂ ਅਤੇ ਮਾਓ ਨੇ ਚੀਨ ਦੀ ਆਰਥਿਕਤਾ ਦੇ ਆਧੁਨਿਕੀਕਰਣ ਨੂੰ ਹੋਰ ਤੇਜ਼ ਕਰਨ ਲਈ ਇਕ ਗ੍ਰੇਟ ਲੀਪ ਫਾਰਵਰਡ ਨਾਂ ਦਾ ਉਤਸ਼ਾਹਪੂਰਣ ਉਪਰਾਲਾ ਸ਼ੁਰੂ ਕੀਤਾ। ਪ੍ਰਮੁੱਖ ਤੌਰ ਤੇ ਇਹ ਪ੍ਰੋਗਰਾਮ ਅਸਫ਼ਲ ਹੀ ਰਿਹਾ ਅਤੇ ਨਤੀਜੇ ਵਜੋਂ ਪਾਰਟੀ ਦੇ ਅੰਦਰ ਹੀ ਗਰਮਦਲੀਆਂ ਅਤੇ ਨਰਮਦਲੀਆਂ ਵਿਚਕਾਰ ਗੰਭੀਰ ਫੁੱਟ ਪੈ ਗਈ।

          ਸੰਨ 1966 ਵਿਚ ਗਰਮਦਲੀਆਂ ਨੂੰ ਬੁਲਾਇਆ ਗਿਆ ਅਤੇ ਚੀਨ ਦੇ ਲੋਕਾਂ ਵਿਚ ਮੁੜ ਤੋਂ ਇਨਕਲਾਬੀ ਜੋਸ਼ ਭਰਨ ਲਈ ਮਾਓ ਨੇ “ਕਲਚਰਲ ਰੈਵੋਲੂਸ਼ਨ” ਦਾ ਐਲਾਨ ਕੀਤਾ। ਇਸ ਦੇ ਫਲਸਰੂਪ ਦੇਸ਼ ਵਿਚ ਧੁੰਦੂਕਾਰ ਫੈਲ ਗਿਆ ਅਤੇ ਹਿੰਸਕ ਕਾਰਵਾਈਆਂ ਨੇ ਗਰਮਦਲੀਆਂ ਨੂੰ ਬਦਨਾਮ ਕਰ ਦਿੱਤਾ। ਸੰਨ 1976 ਵਿਚ ਚਾਰ ਗਰਮਦਲੀਆਂ ਦੀ ਜੁੰਡਲੀ (ਗੈਂਗ ਆਫ਼ ਫੋਰ) ਜਿਸਦੀ ਆਗੂ ਮਾਓ ਦੀ ਵਿਧਵਾ ਸੀ, ਨੂੰ ਕਲਚਰਲ ਰੈਵੋਲੂਸ਼ਨ ਨੂੰ ਚਲਾਉਣ ਕਾਰਨ ਕੈਦ  ਕਰਕੇ ਮੁਕੱਦਮਾ ਚਲਾਇਆ ਗਿਆ। ਕਲਚਰਲ ਰੈਵੋਲੂਸ਼ਨ ਨੂੰ ਇਕ ਗ਼ਲਤੀ ਕਰਾਰ ਦਿੱਤਾ ਗਿਆ। ਚਾਰਾਂ ਪ੍ਰਮੁੱਖ ਗਰਮਦਲੀਆਂ ਨੂੰ 1981 ਵਿਚ ਰਾਜ ਧਰੋਹ ਕਰਨ ਲਈ ਸਜਾ ਹੋਈ। ਸੰਨ 1982 ਵਿਚ ਕਮਿਊਨਿਸਟ ਪਾਰਟੀ ਨੇ ਵਾਈਸ ਪ੍ਰੈਜ਼ੀਡੈਂਟ ਡੈਂਗ ਜ਼ਿਆਓਪਿੰਗ ਦੀ ਅਗਵਾਈ ਹੇਠ ਪਾਰਟੀ ਦੇ ਇਕ ਨਵੇਂ ਸੰਵਿਧਾਨ ਨੂੰ ਪ੍ਰਵਾਨਗੀ ਦਿੱਤੀ ਅਤੇ ਇਹ ਸੰਵਿਧਾਨ ਮਾਓ ਦੇ ਰੈਡੀਕਲਵਾਦ ਨਾਲੋਂ ਮੁਕੰਮਲ ਰੂਪ ਵਿਚ ਹੀ ਵੱਖਰਾ ਸੀ। ਨਵੰਬਰ 1987 ਵਿਚ ਡੈਂਗ ਜ਼ਿਆਓਪਿੰਗ ਨੇ ਪੋਲਿਟਬਿਊਰੋ ਤੋਂ ਅਤੇ ਨਵੰਬਰ 1989 ਵਿਚ ਮਿਲਟਰੀ ਕਮਿਸ਼ਨਾਂ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ।

          15 ਅਪ੍ਰੈਲ, 1989 ਨੂੰ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ, ਹੂ ਯਾਓਬੈਂਗ ਦੇ ਜਨਾਜ਼ੇ ਸਮੇਂ ਬੀਜਿੰਗ ਵਿਚ ਵਿਦਿਆਰਥੀਆਂ ਵਲੋਂ ਵਿਆਪਕ ਮੁਜ਼ਾਹਰੇ ਕੀਤੇ ਗਏ। ਇਹੀ ਮੁਜ਼ਾਹਰੇ ਬੜੀ ਤੇਜ਼ੀ ਨਾਲ ਇਕ ਲੋਕ-ਪ੍ਰਿਯ “ਲੋਕਤੰਤਰ ਪੱਖੀ ਲਹਿਰ” ਦਾ ਰੂਪ ਧਾਰਨ ਕਰ ਗਏ। ਸ਼ੰਘਾਈ ਅਤੇ ਹੋਰਨਾਂ ਪ੍ਰਾਂਤਿਕ ਕੇਂਦਰਾਂ ਨੇ ਵੀ ਸੁਧਾਰ ਲਿਆਉਣ ਦੀ ਮੰਗ ਕੀਤੀ। ਸੋਵੀਅਤ ਪ੍ਰੈਜ਼ੀਡੈਂਟ ਗੋਰਬਾਚੋਵ ਦੇ ਸਿਖਰ ਸੰਮੇਲਨ (15-17 ਮਈ) ਦੇ ਦੌਰੇ ਦੌਰਾਨ, ਸਰਕਾਰ ਦੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਮੁਜ਼ਾਹਰੇ ਹੋਰ ਤਾਕਤ ਫੜ ਗਏ ਅਤੇ ਅਖ਼ੀਰ ਨੂੰ ਇਹ ਮੁਜ਼ਾਹਰੇ ਬੀਜਿੰਗ ਦੇ ਤਾਇਆਨੈਨਮਨ ਸੁਕੇਅਰ ਅੱਗੋ ਇਕ ਧਰਨੇ ਦਾ ਰੂਪ ਧਾਰ ਗਏ। ਇਸ ਧਰਨੇ ਦਾ ਫ਼ੌਜ ਨੇ ਪਹਿਲਾਂ ਸ਼ਾਂਤਮਈ ਢੰਗ ਨਾਲ ਸਾਮ੍ਹਣਾ ਕੀਤਾ ਪਰ 4 ਜੂਨ, 1989 ਨੂੰ ਫ਼ੌਜ ਦੇ ਦਸਤਿਆਂ ਨੇ ਮੁਜ਼ਾਹਰਾਕਾਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ 200 ਤੋਂ ਵੱਧ ਮੁਜ਼ਾਹਰਾਕਾਰ ਅਤੇ ਕਈ ਦਰਜਨਾਂ ਸਿਪਾਹੀ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਇਕ ਬਹੁਤ ਹੀ ਸ਼ਕਤੀਸ਼ਾਲੀ ਧੜੇ ਨੇ ਪਾਰਟੀ ਪੋਲਿਟਬਿਉਰੋ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਜ਼ਿਆਂਗ ਜੈਮਿਨ ਨੂੰ ਜਨਰਲ ਸੈਕਟਰੀ ਨਿਯੁਕਤ ਕਰ ਦਿੱਤਾ। ਮਈ 1980 ਤੋਂ ਜਨਵਰੀ 1990 ਤੱਕ ਦੇਸ਼ ਵਿਚ ਮਾਰਸ਼ਲ ਲਾਅ ਲਾ ਦਿੱਤਾ ਗਿਆ ਅਤੇ ਕਈ ਨਾਮਵਰ ਮੁਜ਼ਾਹਰਾਕਾਰਾਂ ਨੂੰ ਫ਼ਾਂਸੀ ਲਾ ਦਿੱਤਾ ਗਿਆ।

          ਆਰਥਿਕਤਾ

          ਖਣਿਜ––ਚੀਨ ਵਿਚ ਖਾਣ-ਖੁਦਾਈ ਦਾ ਕੰਮ ਸਦੀਆਂ ਤੋਂ ਹੀ ਹੁੰਦਾ ਆ ਰਿਹਾ ਹੈ।

          ਹਜ਼ਾਰਾਂ ਸਾਲਾਂ ਤੋਂ ਚੀਨੀ ਲੋਕ ਸਿੱਕਾ, ਚਾਂਦੀ, ਜਿਸਤ, ਤਾਂਬੇ ਅਤੇ ਖਣਿਜੀ ਧਾਤਾਂ ਦੀ ਵਰਤੋਂ ਕਰਦੇ ਆ ਰਹੇ ਹਨ। ਸਦੀਆਂ ਤੋਂ ਹੀ ਇਹ ਲੋਕਾਂ ਢਾਲਦੇ ਆ ਰਹੇ ਹਨ ਪਰ ਖਾਣ ਖੁਦਾਈ ਵਿਚ ਵਰਤੀ ਜਾਂਦੀ ਮਸ਼ੀਨਰੀ ਅਤੇ ਔਜ਼ਾਰ ਬਹੁਤ ਹੀ ਪੁਰਾਣੇ ਹਨ। ਸੰਨ 1949 ਤੋਂ ਪਿਛੋਂ ਕਮਿਊਨਿਸਟਾਂ ਦੇ ਸੱਤਾ ਵਿਚ ਆਉਣ ਉਪਰੰਤ ਇਥੋਂ ਦੇ ਖਣਿਜਾਂ ਦੀ ਭਾਲ ਤੇ ਉਨ੍ਹਾਂ ਦੀ ਵਰਤੋਂ ਬਾਰੇ ਖ਼ਾਸ ਧਿਆਨ ਦਿੱਤਾ। ਇੰਜ ਨਵੇਂ ਖਣਿਜਾਂ ਦੀ ਵੀ ਖੋਜ ਹੋਈ। ਛੋਟੀਆਂ ਛੋਟੀਆਂ ਖਾਣਾਂ ਦੀ ਥਾਂ ਵੱਡੀਆਂ ਖਾਣਾਂ ਨੇ ਮੱਲ ਲਈ ਤੇ ਉਨ੍ਹਾਂ ਵਿਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਕੀਤੀ ਜਾਣ ਲੱਗੀ।

          ਚੀਨ ਦਾ ਖਣਿਜਾਂ ਵਿਚੋਂ ਸਭ ਤੋਂ ਮਹੱਤਵਪੂਰਨ ਖਣਿਜ ਕੋਲਾ ਹੈ। ਕੋਲਾ ਲਗਭਗ ਸਾਰਿਆਂ ਪ੍ਰਾਂਤਾਂ ਵਿਚ ਹੈ। ਸਾਰੇ ਦੇਸ਼ ਵਿਚ 737,190 ਮਿਲੀ. ਟਲ ਕੋਲੇ ਦੇ ਭੰਡਾਰ ਹਨ। ਇਥੋਂ ਸਾਲ 1985 ਵਿਚ 850 ਮਿਲੀ ਟਨ ਕੋਲਾ ਕੱਢਿਆ ਗਿਆ। ਇਥੋਂ ਦੇ ਬਹੁਤੇ ਭੰਡਾਰ ਬਿਟੂਮੀਨਸ ਤੇ ਲਿਗਨਾਈਟ ਕੋਲੇ ਦੇ ਹੀ ਹਨ। ਬਹੁਤ ਸਾਰੀਆਂ ਥਾਵਾਂ ਤੇ ਐਂਥਰੇਸਾਈਟ ਕੋਲਾ ਵੀ ਮਿਲਦਾ ਹੈ। ਥੋੜ੍ਹਾ ਬਹੁਤ ਕੋਲਾ ਤਾਂ ਹਰੇਕ ਪ੍ਰਾਂਤ ਵਿਚੋਂ ਕੱਢਿਆ ਜਾਂਦਾ ਹੈ। ਸੰਨ 1958 ਤੋਂ ਪਿਛੋਂ ਕੋਲੇ ਦੇ ਉਤਪਾਦਨ ਵਿਚ ਬਹੁਤ ਵਾਧਾ ਹੋਇਆ। ਸੰਨ 1966-69 ਦੀ ਕ੍ਰਾਂਤੀ ਤੋਂ ਪਿਛੋਂ ਹਰੇਕ ਪ੍ਰਾਂਤ ਵਿਚ ਹੀ ਆਪਣੀਆਂ ਲੋੜਾਂ ਦੀ ਪੂਰਤੀ ਖਾਤਰ ਕੋਲੇ ਦਾ ਉਤਪਾਦਨ ਕੀਤਾ ਗਿਆ। ਇਸ ਦੌਰਾਨ ਕੋਲੇ ਦੇ ਉਤਪਾਦਨਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਲੇ ਦੇ ਮੁੱਖ ਉਤਪਾਦਨ ਖੇਤਰ ਚੀਨ ਵਿਚ ਹਨ। ਦੇਸ਼ ਦੇ ਵੱਡੇ ਦੋ ਉਤਪਾਦਨ ਖੇਤਰ ਫੁ ਸ਼ਨ ਤੇ ਫੁ ਸ਼ਿਨ ਦੋਵੇਂ ਲੀਆਉਨਿੰਗ ਵਿਖੇ ਹਨ। ਮੁੱਖ ਤੌਰ ਤੇ ਲੀਆਉਨਿੰਗ ਹੇਲੁੰਗਜ਼ੀਆਂਗ, ਕੀਰਿਨ, ਹੂਪੇ ਅਤੇ ਸ਼ਾਂਸੀ ਕੋਲੇ ਦੇ ਮੁੱਖ ਉਤਪਾਦਕ ਪ੍ਰਾਂਤ ਹਨ।

          ਇਥੋਂ ਦਾ ਦੂਜਾ ਮੁੱਖ ਖਣਿਜ ਪੈਟਰੋਲ ਹੈ। ਸੰਸਾਰ ਦਾ 2 ਫ਼ੀ ਸਦੀ ਪੈਟਰੋਲ ਇਥੋਂ ਹੀ ਕੱਢਿਆ ਜਾਂਦਾ ਹੈ। ਪੈਟਰੋਲੀਅਮ ਖੇਤਰ ਗਾਨਸੂ ਪ੍ਰਾਂਤ ਵਿਚ ਯੂਮੈਨ ਤੇ ਸ਼ਿਨ ਕੀਆਂਗ ਵਿਚ ਅਤੇ ਚਿੰਗਹਾਈ ਦੇ ਸਾਈਦਾਮ ਬੇਸਿਨ ਵਿਚ ਹਨ। ਇਹ ਖੇਤਰ ਹਾਲੇ ਵੀ ਪਛੜੇ ਹੋਏ ਹੀ ਹਨ। ਚੀਨ ਦੀਆਂ ਤੇਲ ਵਾਲੀਆਂ ਚਟਾਨਾਂ ਵਿਚੋਂ ਆਧੁਨਿਕ ਤਰੀਕਿਆਂ ਨਾਲ ਤੇਲ ਕੱਢਿਆ ਜਾਂਦਾ ਹੈ। ਇਥੋਂ ਨਿਕਲਿਆ ਪੈਟਰੋਲ ਦੇਸ਼ ਦੀ 1/3 ਮੰਗ ਨੂੰ ਹੀ ਪੂਰਾ ਕਰਦਾ ਹੈ। ਬਾਕੀ ਰੋਮਾਨੀਆ ਤੇ ਹੋਰ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਸਾਲ 1986 ਵਿਚ ਦੇਸ਼ ਭਰ ਵਿਚੋਂ 129.6 ਮਿਲੀ. ਟਨ ਤੇਲ ਕੱਢਿਆ ਗਿਆ।

          ਚੀਨ ਵਿਚ ਲੋਹੇ ਦੇ ਵੀ ਵਿਸ਼ਾਲ ਭੰਡਾਰ ਹਨ ਪਰ ਇਨ੍ਹਾਂ ਵਿਚੋਂ ਘਟੀਆ ਕਿਸਮ ਦਾ ਲੋਹਾ ਮਿਲਦਾ ਹੈ। ਇਥੋਂ ਦੇ ਸਾਲਾਨਾ ਉਤਪਾਦਨ 40,000,000 ਤੋਂ 60,000,000 ਟਨ ਤੱਕ ਦੇ ਹਨ। ਕੋਲੇ ਦੀਆਂ ਛੋਟੀਆਂ ਖਾਣਾਂ ਲੀਆਉਨਿੰਗ ਆਨਹਵੇ ਤੇ ਹੂਪੇ ਪ੍ਰਾਂਤਾਂ ਵਿਚ ਹਨ। ਉੱਤਰ-ਪੱਛਮੀ ਹੂਪੇ ਤੇ ਅੰਦਰੂਲੀ ਮੰਗੋਲੀਆ ਦੀਆਂ ਖਾਣਾਂ ਤੋਂ ਵਧੀਆ ਕਿਸਮ ਦਾ ਲੋਹਾ ਮਿਲਦਾ ਹੈ।

          ਚੀਨ ਵਿਚ ਮੈਂਗਨੀਜ਼ ਵੀ ਮਿਲਦਾ ਹੈ ਜਿਸ ਦਾ ਸਾਲਾਨਾ ਉਤਪਾਦਨ 2 ਮਿਲੀ. ਟਨ ਦਾ ਹੈ। ਇਸ ਦਾ ਬਹੁਤਾ ਹਿੱਸਾ ਹੂਨਾਨ ਦੇ ਚਾਂਗਸ਼ਾ ਖੇਤਰ, ਗਵਾਂਗਸੀ ਤੇ ਹੂਪੇ ਵਿਚੋਂ ਮਿਲਦਾ ਹੈ ਪਰ ਕਾਫ਼ੀ ਹਿੱਸਾ ਗਵਾਂਗਡੁੰਗ, ਗਵੇਜੋ ਤੇ ਹੂਪੇ ਵਿਚੋਂ ਵੀ ਕੱਢਿਆ ਜਾਂਦਾ ਹੈ।

          ਇਥੇ ਜਿਸਤ, ਸਿੱਕਾ, ਤਾਂਬਾ ਆਦਿ ਵੀ ਮਿਲਦੇ ਹਨ ਪਰ ਇਨ੍ਹਾਂ ਦਾ ਉਤਪਾਦਨ ਬਹੁਤਾ ਨਹੀਂ ਹੈ।

          ਅੱਜਕੱਲ੍ਹ ਇਥੋਂ ਐਂਟੀਮਨੀ ਖਣਿਜ ਵੀ ਮਿਲਦਾ ਹੈ ਜਿਸ ਦਾ ਉਤਪਾਦਨ ਸਾਲ 1984 ਵਿਚ 9000 ਟਨ ਸੀ। ਟੰਗਸਟਨ, ਸਲਫ਼ਰ, ਬਾਕਸਾਈਟ, ਐਸਬੈਸਟਾੱਸ ਖਣਿਜ ਵੀ ਕੱਢੇ ਜਾਂਦੇ ਹਨ। ਕੁਝ ਮਾਤਰਾ ਵਿਰ ਬੇਰਾਈਟ, ਬਿਸਮਥ, ਸੋਨਾ, ਗ਼੍ਰੈਫਾਈਟ, ਜਿਪਸਮ ਪਾਰਾ, ਮਾਲੀ-ਬਡੇਨਮ ਅਤੇ ਚਾਂਦੀ ਖਣਿਜ ਵੀ ਮਿਲਦੇ ਹਨ।

          ਖੇਤੀਬਾੜੀ––ਚੀਨ ਮੁੱਢ ਤੋਂ ਹੀ ਖੇਤੀ ਪ੍ਰਧਾਨ ਦੇਸ਼ ਰਿਹਾ ਹੈ। ਇਥੋਂ ਤਕ ਕਿ ਕਾਂਸੀ ਯੁਗ ਦੇ ਮਿਲੇ ਥੇਹਾਂ ਦੀ ਖੁਦਾਈ ਤੋਂ ਵੀ ਇਥੇ ਖੇਤੀ ਕੀਤੇ ਜਾਣ ਦੇ ਸਬੂਤ ਮਿਲੇ ਹਨ। ਅੱਜ ਵੀ ਇਥੋਂ ਦੀ 60 ਤੋਂ 70 ਫ਼ੀਸਦੀ ਵਸੋਂ ਖੇਤੀਬਾੜੀ ਤੇ ਇਸ ਨਾਲ ਸਬੰਧਤ ਕਿੱਤਿਆਂ ਵਿਚ ਲੱਗੀ ਹੋਈ ਹੈ। ਦੇਸ਼ ਦੇ ਸਾਰੇ ਉਤਪਾਦਨਾਂ ਵਿਚ 30 ਤੋਂ 50 ਫ਼ੀ ਸਦੀ ਹਿੱਸਾ ਜ਼ਰਾਇਤੀ ਉਤਪਾਦਨਾਂ ਦਾ ਹੁੰਦਾ ਹੈ। ਇਥੇ ਰਾਜਿਆਂ ਅਧੀਨ ਸਾਮਰਾਜੀ ਚੀਨ ਵਿਚ ਵੀ ਖੇਤੀਬਾੜੀ ਨੂੰ ਅਹਿਮ ਦਰਜਾ ਦਿੱਤਾ ਗਿਆ ਸੀ, ਇਥੋਂ ਤੱਕ ਕਿ ਕਿਸਾਨਾਂ ਨੂੰ ਆਮ ਸ਼ਹਿਰੀਆਂ ਨਾਲੋਂ ਉੱਚਾ ਦਰਜਾ ਹਾਸਲ ਸੀ। ਇਹ ਵਿਦਵਾਨਾਂ ਤੋਂ ਮਗਰੋਂ ਦੂਜੇ ਦਰਜੇ ਦੇ ਸ਼ਹਿਰੀ ਹੋਇਆ ਕਰਦੇ ਸਨ। ਰਾਜੇ ਮਹਾਰਾਜੇ ਖੇਤੀਬਾੜੀ ਨਾਲ ਸਬੰਧਤ ਕਈ ਰਸਮਾਂ ਵਿਚ ਆਪ ਹਿੱਸਾ ਲਿਆ ਕਰਦੇ ਸਨ ਤੇ ਪ੍ਰਾਂਤਾਂ ਵਿਚ ਉਨ੍ਹਾਂ ਦੇ ਨੁਮਾਇੰਦੇ ਅਗੋਂ ਆਪ ਇਨ੍ਹਾਂ ਰਸਮਾਂ ਵਿਚ ਸ਼ਾਮਲ ਹੋਇਆ ਕਰਦੇ ਸਨ।

          ਅੱਜਕੱਲ੍ਹ ਚੀਨ ਦੀ ਵਸੋਂ ਦੇ ਵਾਧੇ ਕਾਰਨ ਹਰ ਸੰਭਵ ਵਾਹੀਯੋਗ ਭੂਮੀ ਨੂੰ ਵਾਹ ਲਿਆ ਗਿਆ ਹੈ। ਇਥੋਂ ਤੱਕ ਕਿ ਪਹਾੜਾਂ ਦੀਆਂ ਢਲਾਣਾਂ ਤੇ ਵੀ ਪੌੜੀਨੁਮਾ ਖੇਤ ਬਣਾ ਕੇ ਫ਼ਸਲਾਂ ਉਗਾਈਆਂ ਜਾਂਦੀਆਂ ਹਨ।

          ਸੈਚਵਾਨ ਬੇਸਿਨ ਵਿਚ ਸਾਰੀਆਂ ਪਹਾੜੀ ਢਲਾਣਾਂ ਤੇ ਖੇਤੀ ਕੀਤੀ ਜਾਂਦੀ ਹੈ। ਦੱਖਣੀ ਚੀਨ ਵਿਚ ਪਹਾੜਾਂ ਦੀਆਂ ਢਲਾਣਾਂ ਤੇ ਦਰਖ਼ਤ, ਬਾਗ਼ ਅਤੇ ਇਮਾਰਤੀ ਲੱਕੜੀ ਵਾਲੇ ਵਣਾਂ ਨੂੰ ਛੱਡ ਕੇ ਬਾਕੀ ਖੇਤਰ ਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਅਨਾਜੀ ਫ਼ਸਲਾਂ ਉਗਾਈਆਂ ਜਾਂਦੀਆਂ ਹਨ।

          ਚੀਨ ਵਿਚ ਸੰਘਣੀ ਖੇਤੀ ਹੀ ਪ੍ਰਚੱਲਤ ਰਹੀ ਹੈ। ਥੋੜ੍ਹੀ ਥੋੜ੍ਹੀ ਥਾਂ ਤੇ ਕਈ ਕਈ ਫ਼ਸਲਾਂ ਉਗਾ ਲਈਆਂ ਜਾਂਦੀਆਂ ਹਨ। ਇਥੋਂ ਦਾ ਕਿਸਾਨ ਮੁੱਢ ਤੋਂ ਹੀ ਸੰਘਣੀ ਖੇਤੀ ਕਰਦਾ ਆ ਰਿਹਾ ਹੈ। ਕਮਿਊਨਿਸਟਾਂ ਦੇ ਭੂਮੀ ਸਬੰਧੀ ਕੀਤੇ ਸੁਧਾਰਾਂ ਤੋਂ ਪਹਿਲਾਂ ਖੇਤਾਂ ਦਾ ਆਕਾਰ ਬਹੁਤ ਹੀ ਛੋਟਾ ਜਿਹਾ ਸੀ। ਇਹ ਇਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ਹੁੰਦਾ ਸੀ। ਸੰਨ 1950-52 ਵਿਚ ਇਥੋਂ ਦੀ ਸਰਕਾਰ ਨੇ ਭੂਮੀ ਸਬੰਧੀ ਕਈ ਸੁਧਾਰ ਕੀਤੇ। ਇਨ੍ਹਾਂ ਨੇ ਸਾਰੇ ਮੁਲਕ ਦੀ ਵਾਹੀਯੋਗ ਭੂਮੀ ਨੂੰ ਇਕੱਠਾ ਕਰਕੇ ਫਿਰ ਵੰਡਿਆ ਤੇ ‘ਸਹਿਕਾਰੀ ਖੇਤੀ’ ਜਾਂ ਸਰਕਾਰ ਅਧੀਨ ਫ਼ਾਰਮ ਬਣਾ ਦਿੱਤੇ। ਸੰਨ 1956 ਤੱਕ ਚੀਨ ਦੇ 90 ਫ਼ੀਸਦੀ ਕਿਸਾਨ ਪਰਿਵਾਰਾਂ ਨੂੰ ਇਨ੍ਹਾਂ ਸਹਿਕਾਰੀ ਖੇਤੀ ਦਾ ਮੈਂਬਰ ਬਣਾ ਲਿਆ ਗਿਆ। ਸੰਨ 1958 ਵਿਚ ਇਨ੍ਹਾਂ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲਾ ਕੇ ‘ਪੀਪਲਜ਼ ਕਮਿਊਨਜ਼’ ਬਣਾ ਦਿੱਤੀਆਂ ਜਿਸ ਵਿਚ ਸਾਰੇ ਕਿਸਾਨਾਂ ਦੀ ਨਿੱਜੀ ਜਾਇਦਾਦ ਵੀ ਸ਼ਾਮਲ ਕਰ ਲਈ ਗਈ। ਅੱਜਕੱਲ੍ਹ ਇਹ ਕਮਿਊਨਾਂ ਹੀ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਜਾਂ ਅਧੀਨ ਕਾਮਿਆਂ ਦੀ ਦੇਖ ਰੇਖ ਕਰਦੀਆਂ ਹਨ। ਇਨ੍ਹਾਂ ਕਮਿਊਨਾਂ ਦੇ ਆਗੂ ਇਨ੍ਹਾਂ ਕਿਸਾਨਾਂ ਵਿਚੋਂ ਹੀ ਚੁਣੇ ਜਾਂਦੇ ਹਨ। ਇਹੋ ਹੀ ਪੂੰਜੀ ਲਗਾਉਂਦੀਆਂ ਹਨ ਤੇ ਸਾਰੇ ਉਤਪਾਦਨਾਂ ਨੂੰ ਕੰਟਰੋਲ ਕਰਦੀਆਂ ਹਨ। ਇਹ ਆਪਣੇ ਮੈਂਬਰਾਂ ਜਾਂ ਅਧੀਨ ਕਿਸਾਨ ਪਰਿਵਾਰਾਂ ਲਈ ਵਿੱਦਿਅਕ, ਸਿਹਤ, ਸੰਸਕ੍ਰਿਤਕ, ਸਮਾਜ ਭਲਾਈ ਆਦਿ ਸਭ ਸਹੂਲਤਾਂ ਮੁਹੱਈਆਂ ਕਰਦੀਆਂ ਹਨ। ਇਹ ਕਈ ਛੋਟੇ ਮੋਟੇ ਉਦਯੋਗ ਵੀ ਖੋਲ੍ਹਦੀਆਂ ਹਨ ਜਿਨ੍ਹਾਂ ਤੋਂ ਕਿਸਾਨਾਂ ਨੂੰ ਹੋਰ ਲਾਭ ਹੋ ਸਕੇ ਜਾਂ ਕਮਿਊਨਾਂ ਦੇ ਕੁੱਲ ਉਤਪਾਦਨ ਵਧ ਸਕਣ। ਦੇਸ਼ ਵਿਚ ਇਸ ਸਮੇਂ 60,000 ਤੋਂ 74,000 ਕਮਿਊਨਾਂ ਹਨ ਜਿਨ੍ਹਾਂ ਵਿਚੋਂ ਕਈ ਤਾਂ ਛੋਟੀ ਪੱਧਰ ਦੀਆਂ ਹਨ ਪਰ ਕਈ ਵੱਡੀਆਂ ਵੀ ਹਨ ਜਿਨ੍ਹਾਂ ਵਿਚ 10,000 ਕਿਸਾਨ ਹਨ ਤੇ 25,000 ਏਕੜ ਭੂਮੀ ਤੇ ਕਾਸ਼ਤ ਕਰਦੀਆਂ ਹਨ। ਇਨ੍ਹਾਂ ਵੱਡੀਆਂ ਛੋਟੀਆਂ ਕਮਿਊਨਾਂ ਤੋਂ ਇਲਾਵਾ ਇਥੇ ਕਈ ‘ਸਟੇਟ ਫ਼ਾਰਮ’ ਵੀ ਹਨ। ਸੰਨ 1960 ਵਿਚ 2,500 ਸਟੇਟ ਫ਼ਾਰਮ ਸਨ ਜਿਨ੍ਹਾਂ ਵਿਚ 2,800,000 ਵਿਅਕਤੀ 13,000,000 ਏਕੜ ਭੂਮੀ ਤੇ ਖੇਤੀ ਕਰਦੇ ਸਨ। ਸੰਨ 1990 ਵਿਚ ਇਨ੍ਹਾਂ ਫ਼ਾਰਮਾਂ ਦੀ ਗਿਣਤੀ 2,335 ਹੋ ਗਈ।

          ਇਨ੍ਹਾਂ ਕਮਿਊਨਾਂ ਤੇ ਸਟੇਟ ਫ਼ਾਰਮਾਂ ਦੇ ਬਣਨ ਨਾਲ ਖੇਤੀਬਾੜੀ ਤੇ ਮਾੜਾ ਅਸਰ ਪਿਆ। ਉਤਪਾਦਨ ਪਹਿਲਾਂ ਜਿੰਨੇ ਨਾ ਰਹੇ ਪਰ ਫਿਰ 1966-69 ਤੋਂ ਮਗਰੋਂ ਇਹੋ ਜਿਹੀਆਂ ਯੋਜਨਾਵਾਂ ਬਣਾਈਆਂ ਗਈਆਂ ਜਿਨ੍ਹਾਂ ਨਾਲ ਉਤਪਾਦਨਾਂ ਵਿਚ ਬਹੁਤ ਵਾਧਾ ਹੋਇਆ। ਇਥੋਂ ਤੱਕ ਕਿ ਅਨਾਜਾਂ ਦੇ ਉਤਪਾਦਨ 1971 ਵਿਚ 246,000,000 ਟਨ ਹੋ ਗਏ ਜੋ ਇਸ ਸਮੇਂ ਦੇ ਰੀਕਾਰਡ ਉਤਪਾਦਨ ਸਨ। ਇਸ ਤੋਂ ਪਿੱਛੋਂ ਵੀ ਜ਼ਰਾਇਤੀ ਉਤਪਾਦਨ ਵਧਦੇ ਰਹੇ। ਸਾਲ 1984 ਵਿਚ ਹੋਏ ਸਾਰੇ ਜ਼ਰਾਇਤੀ ਉਤਪਾਦਨਾਂ ਦਾ ਮੁੱਲ 375,500 ਮਿਲੀਅਨ ਯੁਆਨ ਸੀ।

          ਚੀਨ ਵਿਚ ਸੰਘਣੀ ਖੇਤੀ ਹੋਣ ਦੇ ਬਾਵਜੂਦ ਇਹ ਆਧੁਨਿਕ ਨਹੀਂ ਹੈ। ਅੱਜਕੱਲ੍ਹ ਮਸ਼ੀਨਰੀ ਦੀ ਵਰਤੋਂ ਆਮ ਹੁੰਦੀ ਹੈ। ਸਾਲ 1985 ਵਿਚ ਛੋਟੇ ਵੱਡੇ ਟ੍ਰੈਕਟਰਾਂ ਦੀ ਗਿਣਤੀ 853,914 ਅਤੇ ਫ਼ਸਲਾਂ ਕੱਟਣ ਦੀਆਂ ਕੰਬਾਈਨਾਂ ਦੀ ਗਿਣਤੀ 35,861 ਸੀ।

          ਖੇਤੀ ਲਈ ਵਧੀਆ ਖਾਦਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਵਧੀਆ ਬੀਜਾਂ ਦੀ ਵਰਤੋਂ ਨਾਲ ਉਤਪਾਦਨਾਂ ਵਿਚ ਵਾਧਾ ਹੋਇਆ ਹੈ। ਸਿੰਜਾਈ ਯੋਜਨਾਂਵਾਂ ਨਾਲ ਇਥੋਂ ਦੀ 100,000,000 ਤੋਂ 110,000,000 ਏਕਟ ਭੂਮੀ ਸੇਂਜੂ ਹੋ ਗਈ ਹੈ ਪਰ ਇਹ ਕਾਸ਼ਤ ਕੀਤੀ ਜਾਂਦੀ ਭੂਮੀ ਦਾ 50 ਫ਼ੀਸਦੀ ਤੋਂ ਵੀ ਘੱਟ ਹੈ।

          ਚੀਨ ਦੀ ਮੁੱਖ ਫ਼ਸਲ ਝੋਨਾ ਹੈ। ਇਸ ਤੋਂ ਇਲਾਵਾ ਕਣਕ, ਆਲੂ, ਚੁਕੰਦਰ, ਤਿਲਹਨ, ਕਪਾਹ, ਚਾਹ, ਤਮਾਖੂ ਉਗਾਏ ਜਾਂਦੇ ਹਨ। ਅਨਾਜੀ ਫ਼ਸਲਾਂ ਦੀ ਬਰਾਮਦ ਕੀਤੀ ਜਾਂਦੀ ਹੈ।

          ਪਸ਼ੂ ਪਾਲਣ––ਇਥੇ ਪਸ਼ੂ ਪਾਲਣ ਦਾ ਧੰਦਾ ਵੀ ਪ੍ਰਚੱਲਤ ਹੈ। ਘੋੜੇ, ਗਊਆਂ, ਭੇਡਾਂ, ਬੱਕਰੀਆਂ, ਸੂਰ ਆਦਿ ਪਾਲੇ ਜਾਂਦੇ ਹਨ। ਸਾਲ 1984 ਵਿਚ ਜਾਨਵਰਾਂ ਤੋਂ ਕੁੱਲ 1541 ਮਿਲੀ. ਟਨ ਮਾਸ ਪ੍ਰਾਪਤ ਕੀਤਾ ਗਿਆ ਹੈ।

          ਮੱਛੀ-ਪਾਲਣ-ਸੰਨ 1985 ਵਿਚ 6.97 ਮਿਲੀ. ਟਨ ਮੱਛੀਆਂ ਫੜੀਆਂ ਗਈਆਂ।

          ਉਦਯੋਗ––ਸੰਨ 1949 ਵਿਚ ਕਮਿਊਨਿਸਟ ਪਾਰਟੀ ਦੇ ਸੱਤਾ ਵਿਚ ਆਉਣ ਪਿੱਛੋਂ ਤਾਂ ਦੇਸ਼ ਵਿਚ ਉਦਯੋਗਿਕ ਉੱਨਤੀ ਬਹੁਤ ਤੇਜ਼ੀ ਨਾਲ ਹੋਈ। ਸੰਨ 1950 ਤੋਂ 1958 ਦੌਰਾਨ ਸੱਨਅਤੀ ਉਤਪਾਦਨ ਨਾਂਹ ਦੇ ਬਰਾਬਰ ਹੀ ਸੀ ਪਰ 1970 ਈ. ਵਿਚ ਸਿਖਰ ਤੇ ਪਹੁੰਚ ਗਿਆ। ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ ਦੇਸ਼ ਵਿਚ ਇੰਨੇ ਥੋੜ੍ਹੇ ਸਾਲਾਂ ਵਿਚ ਇਸ ਉਤਪਾਦਨ ਵਿਚ 320ਫ਼ੀ ਸਦੀ ਵਾਧਾ ਹੋਇਆ। ਸੰਨ 1959-1960 ਵਿਚ ਇਹ ਉਤਪਾਦਨ ਤੇਜ਼ੀ ਨਾਲ ਵਧ ਰਹੇ ਸਨ ਪਰ 1961 ਈ. ਵਿਚ ਸੋਵੀਅਤ ਸੰਘ ਨੇ ਚੀਨ ਨੂੰ ਮਾਲੀ ਸਹਾਇਤਾ ਦੇਣੀ ਬੰਦ ਕਰ ਦਿੱਤੀ ਜਿਸ ਦਾ ਅਸਰ ਉਦਯੋਗਾਂ ਦੀ ਉੱਨਤੀ ਤੇ ਮਾੜਾ ਪਿਆ। ਸੰਨ 1961 ਵਿਚ ਉਤਪਾਦਨ ਵਧਣ ਦੀ ਬਜਾਇ ਘੱਟ ਕੇ 1957 ਦੇ ਸਾਲਾਨਾ ਉਤਪਾਦਨਾਂ ਦੇ ਬਰਾਬਰ ਹੋ ਗਏ। ਇਸ ਪਿੱਛੋਂ ਫਿਰ ਉਤਪਾਦਨ ਵਧੇ ਤੇ ਸਾਲ 1966 ਵਿਚ ਇਸ ਪੱਖੋਂ ਵਰਣਨਯੋਗ ਸਾਲ ਗਿਣਿਆ ਗਿਆ। ਇਸ ਵਿਚ ਇਹ ਉਤਪਾਦਨ ਬਹੁਤ ਵਧੇ। ਇਸ ਪਿੱਛੋਂ ਇਕ ਵੇਰ ਫਿਰ ਮੰਦਾ ਹੋਇਆ ਕਿ 1967-68 ਦੌਰਾਨ ਸਮਾਜਕ ਇਨਕਲਾਬੀ ਲਹਿਰ ਜ਼ੋਰਾਂ ਤੇ ਸੀ। ਸੱਨਅਤੀ ਅਦਾਰਿਆਂ ਵਿਚੋਂ ਤਜਰਬੇਕਾਰ ਅਹੁਦੇਦਾਰਾਂ ਦੀ ਨੌਕਰੀਉਂ-ਬਰਖ਼ਾਸਤੀ, ਕਾਮਿਆਂ ਦੀ ਲੰਬੇ ਸਮੇਂ ਲਈ ਗੈਰਹਾਜ਼ਰੀ, ਮਸ਼ੀਨਰੀ ਦਾ ਨੁਕਸਾਨ ਆਦਿ ਕਾਰਨਾਂ ਕਰਕੇ ਉਤਪਾਦਨ ਇੰਨੇ ਘਟੇ ਕਿ ਇਹ 1966 ਦੇ ਉਤਪਾਦਨਾਂ ਨਾਲੋਂ ਵੀ 30-35 ਫ਼ੀ ਸਦੀ ਘੱਟ ਗਏ। ਸੰਨ 1967 ਤੋਂ 1971 ਈ. ਤੱਕ ਲਗਾਤਾਰ ਵਾਧਾ ਹੁੰਦਾ ਗਿਆ। ਸਾਲ 1971 ਦੇ ਉਤਪਾਦਨ 1966 ਦੇ ਉਤਪਾਦਨਾਂ ਨਾਲੋਂ 35ਫ਼ੀ ਸਦੀ ਵਧ ਰਹੇ।

          ਸੰਨ 1950 ਤੋਂ ਪਿੱਛੋਂ ਦੇਸ਼ ਦੀਆਂ ਆਰਥਿਕ ਤੇ ਸੱਨਅਤਾਂ ਸਬੰਧੀ ਨੀਤੀਆਂ ਵਿਚ ਕਈ ਵਿਸ਼ੇਸ਼ਤਾਈਆਂ ਸਨ। ਸਾਲ 1953-57 ਦੀਆਂ ਆਰਥਿਕ ਨੀਤੀਆਂ ਵਿਚ ਭਾਰੀ ਸੱਨਅਤਾਂ ਵਿਸ਼ਾਲ ਪ੍ਰਾੱਜੈਕਟਾਂ ਵਿਚ ਵਰਤੀ ਜਾਣ ਵਾਲੀ ਮਸ਼ੀਨਰੀ ਬਣਾਉਣ ਤੇ ਹੀ ਜ਼ੋਰ ਦਿੱਤਾ ਗਿਆ ਸੀ। ਇਹ ਸਭ ਅਦਾਰੇ ਸੋਵੀਅਤ ਸੰਘ ਵੱਲੋਂ ਦਿੱਤੀ ਗਈ ਪੂੰਜੀ ਤੇ ਹੀ ਨਿਰਭਰ ਸਨ। ਸੰਨ 1958 ਦੌਰਾਨ ਕਾਰਖ਼ਾਨਿਆਂ ਵਿਚ ਦੇਸ਼ ਦੀ ਆਪਣੀ ਪੂੰਜੀ ਲਗਾਈ ਗਈ ਤੇ ਇਥੋਂ ਦੇ ਲੋਕਾਂ ਨੂੰ ਹੀ ਰੋਜ਼ਗਾਰ ਦਿੱਤਾ ਗਿਆ। ਛੋਟੀਆਂ ਸੱਨਅਤਾਂ ਵਿਚ ਆਮ ਵਰਤੋਂ ਦੀਆਂ ਚੀਜ਼ਾਂ ਹੀ ਬਣਾਈਆਂ ਜਾਣ ਦੀ ਯੋਜਨਾ ਸੀ। ਪਹਿਲਾਂ ਤਾਂ ਇਹ ਲਾਹੇਵੰਦ ਸਾਬਤ ਹੋਈਆਂ ਪਰ 1966 ਵਿਚ ਇਹ ਸਿੱਟਾ ਕੱਢਿਆ ਗਿਆ ਕਿ ਆਪਣੇ ਦੇਸ਼ ਵਿਚ ਬਣਿਆ ਮਾਲ ਇੰਨਾ ਵਧੀਆ ਨਹੀਂ ਹੈ। ਇਸ ਉੱਤੇ ਲਾਗਤ ਵੀ ਬਹੁਤੀ ਆਈ ਹੈ। ਕਈ ਸੱਨਅਤੀ ਅਦਾਰੇ ਬੰਦ ਕਰ ਦਿੱਤੇ ਗਏ। ਸੰਨ 1963-64 ਵਿਚ ਉਦਯੋਗਾਂ ਵਿਚ ਲਾਈ ਜਾਂਦੀ ਪੂੰਜੀ ਵਿਚ ਵਾਧਾ ਕੀਤਾ ਗਿਆ। ਸਮਾਜਕ ਕ੍ਰਾਂਤੀ ਵਾਲੇ ਸਾਲਾਂ ਵਿਚ ਛੋਟੇ ਕਾਰਖ਼ਾਨੇ ਹੋਰ ਲਾਏ ਗਏ ਤਾਂ ਕਿ ਨਿਤ ਵਰਤੋਂ ਦੀਆਂ ਛੋਟੀਆਂ-ਮੋਟੀਆਂ ਚੀਜਾਂ ਦੇਸ਼ ਵਿਚ ਹੀ ਬਣਨ। ਇਸ ਸਮੇਂ ਰਸਾਇਣਕ ਇੰਜੀਨੀਅਰਿੰਗ ਵਸਤਾਂ, ਕੱਪੜਾ, ਸੀਮਿੰਟ ਆਦਿ ਤਿਆਰ ਹੋਣ ਲਗਿਆ। ਇਨ੍ਹਾਂ ਸਭ ਵਿਚੋਂ ਸਾਰਿਆਂ ਨਾਲੋਂ ਵਧੇਰੇ ਜ਼ੋਰ ਲੋਹੇ-ਇਸਪਾਤ ਉਦਯੋਗ ਤੇ ਦਿੱਤਾ ਗਿਆ। ਜਾਪਾਨੀਆਂ ਦੇ ਅੰਕੜਿਆਂ ਅਨੁਸਾਰ ਚੀਨ ਵਿਚ ਸੰਨ 1972 ਵਿਚ 23,000,000 ਟਨ ਇਸਪਾਤ ਤਿਆਰ ਹੋਇਆ। ਸਟੀਲ ਦੀਆਂ ਬਣੀਆਂ ਚੀਜ਼ਾਂ ਦੀ ਕਿਸਮ ਵੀ ਵਧੀਆ ਸੀ ਪਰ ਹੋਰ ਵਧੀਆ ਇਸਪਾਤ ਚਾਦਰਾਂ ਬਣਾਉਣ ਲਈ ਯੂਰਪੀ ਦੇਸ਼ਾਂ ਤੇ ਜਾਪਾਨ ਤੋਂ ਮੰਗਵਾਇਆ ਗਿਆ। ਦੇਸ਼ ਵਿਚ ਲੋਹੇ-ਇਸਪਾਤ ਦਾ ਉਤਪਾਦਨ ਲੀਆਉਨਿੰਗ ਪ੍ਰਾਂਤ ਦੇ ਆਨਸ਼ਾਨ, ਹੂਪੇ ਪ੍ਰਾਂਤ ਦੇ ਵੂਹਾਨ, ਸ਼ੰਘਾਈ, ਬੈਨ-ਚੀ ਤੋਂ ਅਤੇ ਸੈਚਵਾਨ ਪ੍ਰਾਂਤ ਦੇ ਚੰਗਕਿੰਗ ਵਿਚ ਹੁੰਦਾ ਹੈ।

          ਇੰਜੀਨੀਅਰਿੰਗ ਵਸਤਾਂ ਵਿਚ ਜ਼ਰਾਇਤੀ ਸੰਦ ਬਣਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਪੂਰੇ ਦੇਸ਼ ਵਿਚ ਛੋਟੀਆਂ-ਮੋਟੀਆਂ ਵਰਕਸ਼ਾਪਾਂ ਤੇ ਕਾਰਖ਼ਾਨੇ ਲਾਏ ਗਏ ਹਨ ਪਰ ਵੱਡੀਆਂ ਸੱਨਅਤਾਂ, ਸ਼ੰਘਾਈ, ਹਾਰਬਿਨ ਲੋਯਾਂਗ, ਕੈਨਟਨ ਅਤੇ ਤੀਐਨਸ਼ਿਨ ਵਿਖੇ ਹਨ।

          ਰਸਾਇਣਿਕ ਉਦਯੋਗਾਂ ਵਿਚ ਖਾਦਾਂ, ਪਲਾਸਟਕ ਅਤੇ ਨਕਲੀ ਰੇਸ਼ੇ ਤਿਆਰ ਕੀਤੇ ਜਾਂਦੇ ਹਨ। ਕੱਪੜੇ ਦੇ ਉਤਪਾਦਨ ਵਿਚ ਇਹ ਸੰਸਾਰ ਵਿਚ ਪਹਿਲੇ ਨੰਬਰ ਤੇ ਹੈ। ਸੰਨ 1985 ਵਿਚ ਸਾਰੇ ਸੱਨਅਤੀ ਉਤਪਾਦਨਾਂ ਦੀ ਕੀਮਤ 875,960 ਲੱਖ ਯੁਆਨ ਸੀ।

          ਇਨ੍ਹਾਂ ਸਾਰੇ ਕਾਰਖ਼ਾਨਿਆਂ ਨੂੰ ਊਰਜਾ ਕੋਲੇ ਤੋਂ ਹੀ ਦਿੱਤੀ ਜਾਂਦੀ ਹੈ। ਇਸ ਲਈ ਕੋਲੇ ਤੋਂ ਊਰਜਾ ਬਣਾਉਣ ਦੇ ਵੀ ਕਈ ਤਰ੍ਹਾਂ ਦੇ ਪਲਾਂਟ ਲਗਾਏ ਗਏ ਹਨ।

          ਆਵਾਜਾਈ ਦੇ ਸਾਧਨ––ਇਸ ਦੇਸ਼ ਵਿਚ ਆਵਾਜਾਈ ਦੇ ਸਾਧਨ ਕਾਫ਼ੀ ਉੱਨਤ ਹੋ ਚੁੱਕੇ ਹਨ। ਦੇਸ਼ ਭਰ ਵਿਚ ਆਵਾਜਾਈ ਅਤੇ ਢੋਆ-ਢੁਆਈ ਦਾ ਕੰਮ ਰੇਲਾਂ, ਸੜਕਾਂ ਅਤੇ ਦਰਿਆਈ ਮਾਰਗਾਂ ਨਾਲ ਪੂਰਾ ਕੀਤਾ ਜਾਂਦਾ ਹੈ। ਰੇਲਾਂ ਦੀ ਸਾਰੀ ਜ਼ਿੰਮੇਵਾਰੀ ਆਵਾਜਾਈ ਮੰਤਰਾਲੇ ਉਪਰ ਹੈ। ਸੰਨ 1990 ਮੁਤਾਬਕ ਇਥੇ 53,378 ਕਿ. ਮੀ. ਲੰਬੀ ਰੇਲ ਪਟੜੀ ਸੀ। ਇਸ ਵਿਚੋਂ 6,900 ਕਿ. ਮੀ. ਬਿਜਲੀ ਨਾਲ ਚਲਦੀ ਸੀ। ਇਹ ਰੇਲ ਪਟੜੀਆਂ ਸਾਰੇ ਪ੍ਰਾਂਤਾਂ ਅਤੇ ਖ਼ੁਦਮੁਖ਼ਤਾਰ ਖੇਤਰਾਂ ਨੂੰ ਆਪੋ ਵਿਚ ਜੋੜਦੀਆਂ ਹਨ। ਸੰਨ 1991 ਵਿਚ ਸ਼ਿਨਜ਼ਿਆਂਗ ਤੋਂ ਕਜ਼ਾਕਿਸਤਾਨ ਤੱਕ ਰੇਲ ਲਾਈਨ ਵਛਾਈ ਗਈ। ਇਸ ਦੇਸ਼ ਵਿਚ ਸੜਕਾਂ ਦਾ ਵੀ ਜਾਲ ਵਿਛਿਆ ਹੋਇਆ ਹੈ। ਇਹ ਸੜਕਾਂ ਦੇਸ਼ ਭਰ ਦੇ 90 ਫ਼ੀ ਸਦੀ ਸ਼ਹਿਰਾਂ ਨੂੰ ਆਪੋ ਵਿਚ ਜੋੜਦੀਆਂ ਹਨ। ਸੰਨ 1990 ਵਿਚ ਇਥੇ 10,28,348 ਕਿ. ਮੀ. ਲੰਬੀਆਂ ਸੜਕਾਂ ਸਨ। ਅੰਦਰੂਨੀ ਜਲ ਮਾਰਗ ਵੀ ਢੋਆ-ਢੁਆਈ ਦਾ ਵੱਡਾ ਸਾਧਨ ਹਨ। ਸਾਰੇ ਦਰਿਆਈ ਮਾਰਗਾਂ ਦੀ ਲੰਬਾਈ 109,300 ਕਿ. ਮੀ. ਦੇ ਲਗਭਗ ਹੈ। ਇਸਦੇ 80 ਫ਼ੀ ਸਦੀ ਹਿੱਸੇ ਵਿਚ ਛੋਟੇ ਜਹਾਜ਼ ਅਤੇ ਕਿਸ਼ਤੀਆਂ ਚਲਦੇ ਹਨ। ਡਾਈਰੈਨ, ਕੈਨਟਨ, ਹਵਾਂਗਪੁ, ਲੀਆਉਯਾਂਗ, ਸਿੰਗਤਾਓ, ਜਾਨਜੀਆਂਗ, ਸ਼ੰਘਾਈ, ਸ਼ੀਗਾਂਗ, ਵੱਡੀਆਂ ਦਰਿਆਈ ਬੰਦਰਗਾਹਾਂ ਹਨ। ਸੰਨ 1980 ਵਿਚ ਇਸ ਦੇਸ਼ ਵਿਚ 1,100 ਜਹਾਜ਼ਾਂ ਦਾ ਵਪਾਰੀ ਜਹਾਜ਼ੀ ਬੇੜਾ ਹੁੰਦਾ ਸੀ। ਹਵਾਈ ਉੜਾਨਾਂ ਲਈ ਅੰਤਰ-ਰਾਸ਼ਟਰੀ ਹਵਾਈ ਅੱਡਾ ਸਿਰਫ਼ ਬੀਜਿੰਗ ਹੈ। ਅੰਦਰੂਨੀ ਖੇਤਰਾਂ ਵਿਚ ਆਵਾਜਾਈ ਲਈ ਹਰੇਕ ਪ੍ਰਾਂਤ ਅਤੇ ਖ਼ੁਦਮੁਖਤਾਰ ਖੰਡ ਵਿਚ ਹਵਾਈ ਅੱਡੇ ਹਨ।

          ਸੰਨ 1990 ਵਿਚ ਤੇਲ ਅਤੇ ਗੈਸ ਦੀ ਢੋਆ-ਢੁਆਈ ਲਈ 15,900 ਕਿ. ਮੀ. ਲੰਬੀ ਪਾਈਪ ਲਾਈਨ ਵਿਛੀ ਹੋਈ ਸੀ।

          ਸੰਚਾਰ ਦੇ ਸਾਧਨ––ਸੰਚਾਰ ਦੀਆਂ ਸੇਵਾਵਾਂ ਵਿਚ ਡਾਕ, ਤਾਰ ਅਤੇ ਟੈਲੀਫੋਨ ਸੇਵਾਵਾਂ ਹਨ। ਸੰਨ 1950 ਵਿਚ ਇਹ ਮੰਤਰਾਲਾ ਹੋਂਦ ਵਿਚ ਆਇਆ ਸੀ ਜਿਸਨੇ ਸਾਰੀਆਂ ਕਾਉਂਟੀਆਂ ਮਿਉਂਸਪਲਟੀਆਂ ਤੇ ਜ਼ਿਲ੍ਹਿਆਂ ਵਿਚ ਸ਼ਾਖਾਵਾਂ ਖੋਲ੍ਹੀਆਂ ਹੋਈਆਂ ਸਨ। ਸੰਨ 1970 ਵਿਚ ਇਸ ਵਿਭਾਗ ਦੀ ਸਮਰੱਥਾ ਕਾਫ਼ੀ ਵੱਧ ਗਈ। ਇਸ ਦੌਰਾਨ 24 ਘੰਟਿਆਂ ਵਿਚ 19,000,000 ਮੈਗਜ਼ੀਨ ਤੇ ਅਖ਼ਬਾਰਾਂ ਅਤੇ 5,500,000 ਚਿੱਠੀਆਂ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਈਆਂ ਜਾਣ ਲੱਗੀਆਂ। ਇਸ ਤਰ੍ਹਾਂ ਬੀਜਿੰਗ ਦਾ ਛਪਿਆ ਅਖ਼ਬਾਰ ਲਗਭਗ ਅੱਧੇ ਨਾਲੋਂ ਵੱਧ ਪ੍ਰਾਂਤਾਂ ਵਿਚ ਉਸੇ ਦਿਨ ਪਹੁੰਚਣ ਲੱਗਾ। ਸੰਨ 1990 ਵਿਚ ਕੁਲ ਡਾਕ ਘਰਾਂ ਦੀ ਗਿਣਤੀ 53,600 ਸੀ। ਸੰਨ 1990 ਵਿਚ ਦੇਸ਼ ਭਰ ਵਿਚ 68,50,300 ਟੈਲੀਫ਼ੋਨ ਅਤੇ 3,826 ਫੈਕਸ ਮਸ਼ੀਨਾਂ ਸਨ।

          ਪ੍ਰਸਾਰਣ ਦਾ ਕੰਮ ਦੂਰਦਰਸ਼ਨ, ਰੇਡੀਉ ਆਦਿ ਰਾਹੀਂ ਹੁੰਦਾ ਸੀ। ਸੰਨ 1991 ਵਿਚ ਇਥੇ 121,211,690 ਰੇਡੀਓ ਅਤੇ 126 ਮਿਲੀਅਨ ਟੈਲੀਵੀਜ਼ਨ ਸੈੱਟ ਸਨ।

          ਮਨੋਰੰਜਨ ਦਾ ਵੱਡਾ ਸਾਧਨ ਸਿਨੇਮਾ ਘਰ ਹੁੰਦੇ ਹਨ। ਸੰਨ 1990 ਵਿਚ ਇਥੇ 14,561 ਸਿਨੇਮਾ ਘਰ ਬਣੇ ਹੋਏ ਸਨ।

          ਲੋਕ

          ਚੀਨ ਤਰ੍ਹਾਂ-ਤਰ੍ਹਾਂ ਦੇ ਲੋਕਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਬੋਲਣ ਵਾਲਿਆਂ ਦਾ ਦੇਸ਼ ਹੈ। ਇਨ੍ਹਾਂ ਸਭ ਲੋਕਾਂ ਨੂੰ ਮੰਗੋਲ ਨਸਲ ਦੀ ਸੰਤਾਨ ਮੰਨਿਆ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਆਮ ਤੌਰ ਤੇ ਚੀਨੀ ਹੀ ਆਖਿਆ ਜਾਂਦਾ ਹੈ। ਇਨ੍ਹਾਂ ਦੇ ਮੂਲ ਬਾਰੇ ਬਹੁਤਾ ਪਤਾ ਤਾਂ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਇਹ ਲੋਕ ਹਵਾਂਗ ਹੋ ਦੀ ਹੇਠਲੀ ਘਾਟੀ ਵਿਚ ਰਹਿੰਦੇ ਰਹੇ ਹਨ। ਇਹ ਕਿਧਰੋਂ ਆਏ, ਇਹ ਵੀ ਪਤਾ ਨਹੀਂ। ਤਾਂਬੇ ਅਤੇ ਪੱਥਰ ਯੁਗ ਵਿਚ ਇਹ ਇਥੇ ਵੱਸੇ ਹੋਏ ਸਨ। ਇਸ ਤੋਂ ਪਿਛਲੀਆਂ ਸਦੀਆਂ ਵਿਚ ਇਹ ਲੋਕ ਦੱਖਣੀ ਚੀਨ ਅਤੇ ਪੱਛਮੀ ਚੀਨ ਵੱਲ ਜਾਂਦੇ ਰਹੇ। ਉਧਰ ਜਾ ਕੇ ਇਹ ਉਨ੍ਹਾਂ ਲੋਕਾਂ ਨਾਲ ਮਿਲ-ਜੁਲ ਗਏ। ਇਸ ਸਮੇਂ ਤੋਂ ਪਿਛਲੀਆਂ ਕਈ ਸਦੀਆ ਤੱਕ ਉੱਤਰ ਅਤੇ ਉੱਤਰ-ਪੱਛਮ ਵੱਲੋਂ ਦੀ ਹਮਲਾਵਰ ਆਉਂਦੇ ਰਹੇ। ਬਾਹਰੋਂ ਆਉਣ ਵਾਲਿਆਂ ਵਿਚ ਤੁਰਕ, ਮੰਗੋਲ, ਤੁੰਗਸ, ਮਾਂਚੂ ਅਤੇ ਕਈ ਹੋਰ ਨਸਲਾਂ ਦੇ ਲੋਕ ਵੀ ਸਨ। ਇਥੇ ਤਿੱਬਤੀ-ਬਰਮੀ ਅਤੇ ਥਾਈ ਭਾਸ਼ਾਵਾਂ ਵਾਲੇ ਲੋਕ ਵੀ ਮਿਲਦੇ ਹਨ ਜਿਸ ਤੋਂ ਥਾਈ ਅਤੇ ਬਰਮੀਆਂ ਦੇ ਵੀ ਇਧਰ ਆਉਣ ਦਾ ਸੰਕੇਤ ਮਿਲਦਾ ਹੈ। ਇਕ ਸਮੇਂ ਤੇ ਥਾਈ ਲੋਕ ਚੀਨ ਦੇ ਦੱਖਣੀ ਹਿੱਸਿਆਂ ਵਿਚ ਇਧਰ-ਉਧਰ ਕਾਫ਼ੀ ਗਿਣਤੀ ਵਿਚ ਵੱਸੇ ਹੋਏ ਸਨ।

          ਮੋਟੇ ਤੌਰ ਤੇ ਚੀਨੀ, ਮੰਗੋਲ ਨਸਲ ਵਿਚੋਂ ਹਨ। ਇਨ੍ਹਾਂ ਦੀ ਦਿਖ ਬਣਤਰ ਇਕੋ ਜਿਹੀ ਹੀ ਹੈ। ਇਨ੍ਹਾਂ ਦੇ ਕਾਲੇ ਵਾਲ, ਪੀਲਾ ਰੰਗ, ਤਿਰਛੀਆਂ ਅੱਖਾਂ, ਪੁਰਸ਼ਾਂ ਦੇ ਠੋਡੀ ਤੇ ਦਾੜ੍ਹੀ ਹੋਣਾ ਇਨ੍ਹਾਂ ਦੀ ਪਛਾਣ ਹੈ ਪਰ ਇਨ੍ਹਾਂ ਵਿਚ ਇਕਸਾਰਤਾ ਨਹੀਂ ਹੈ। ਦੱਖਣ ਵੱਲ ਦੇ ਲੋਕ ਉੱਤਰ ਵਾਲਿਆਂ ਨਾਲੋਂ ਵੱਖਰੇ ਜਾਪਦੇ ਹਨ। ਉੱਤਰ ਵੱਲ ਦੇ ਲੋਕ ਲੰਬੇ ਕੱਦ ਦੇ ਮੋਟੇ ਅਤੇ ਸੁਸਤ ਹਨ। ਚੀਨ ਦੇ ਦੱਖਣ ਅਤੇ ਦੱਖਣ-ਪੱਛਮੀ ਹਿੱਸਿਆਂ ਵਿਚ ਗ਼ੈਰ-ਚੀਨੀ ਲੋਕ ਵਧੇਰੇ ਹਨ ਜਿਨ੍ਹਾਂ ਦੀ ਬੋਲੀ ਅਤੇ ਸਭਿਆਚਾਰ ਆਮ ਚੀਨੀਆਂ ਨਾਲੋਂ ਬਿਲਕੁਲ ਵੱਖਰਾ ਹੈ। ਇਨ੍ਹਾਂ ਵਿਚ ਮਿਆਓ ਯਾਓ, ਯੀ, ਕੁਆਂਗ, ਪੁਈ ਅਤੇ ਨੁੰਗ ਵਰਣਨਯੋਗ ਕਬੀਲੇ ਹਨ। ਇਨ੍ਹਾਂ ਲੋਕਾਂ ਨੇ ਆਪਣੀ ਵੱਖਰੀ ਹੋਂਦ ਬਣਾ ਰੱਖੀ ਹੈ। ਚੁਆਂਗ ਕਬੀਲੇ ਦੇ ਲੋਕ ਗਵਾਂਗਸੀ ਚੁਆਂਗ, ਯੂਨਾਨ ਅਤੇ ਗਵਾਗਡੁੰਗ ਵਿਚ ਆਬਾਦ ਹਨ। ਇਨ੍ਹਾਂ ਦੀ ਗਿਣਤੀ ਚੀਨੀਆਂ ਨਾਲੋਂ ਵੱਖਰੇ ਸਮੂਹਾਂ ਵਿਚ ਸਭ ਤੋਂ ਜ਼ਿਆਦਾ ਹੈ। ਪੁਈ ਲੋਕ ਦੱਖਣੀ ਗਵੇਜ਼ੋ ਵਿਚ ਰਹਿੰਦੇ ਹਨ। ਇਨ੍ਹਾਂ ਦੇ ਖ਼ੁਦਮੁਖ਼ਤਾਰ ਖੰਡ ਵਿਚ ਮਿਆਓ ਲੋਕ ਵੀ ਹਨ। ਤੁੰਗ ਸਮੂਹ ਦੇ ਲੋਕ ਗਵਾਂਗਸੀ ਅਤੇ ਗਵੇਜ਼ੋ ਵਿਚ ਹਨ। ਤਿੱਬਤ ਵਿਚ ਤਿੱਬਤੀ ਹਨ ਜਿਹੜੇ ਚੀਨੀਆਂ ਨਾਲੋਂ ਵੱਖਰੇ ਹਨ। ਇਹ ਬੁੱਧ ਦੇ ਲਾਮਾ ਮੱਤ ਦੇ ਅਨੁਯਾਈ ਹਨ। ਵੱਖਰੀ ਸੰਸਕ੍ਰਿਤੀ ਕਾਰਨ ਸਰਕਾਰ ਨੇ ਇਨ੍ਹਾਂ ਨੂੰ ਵੱਖਰੇ ਭੂਗੋਲਿਕ ਖੰਡ ਵਿਚ ਕੁਝ ਖ਼ੁਦਮੁਖ਼ਤਾਰੀ ਦਿੱਤੀ ਹੋਈ ਹੈ। ਚੀਨੀਆਂ ਨਾਲੋਂ ਵੱਖਰੇ ਸਮੂਹ ਦੇ ਲੋਕ ਜਿਥੇ ਕਿਤੇ ਬਹੁ ਗਿਣਤੀ ਵਿਚ ਵਸਦੇ ਹਨ ਉਥੇ ਇਨ੍ਹਾਂ ਨੂੰ ਵੱਖਰੇ ਖ਼ੁਦਮੁਖ਼ਤਾਰ ਖੰਡ ਵਾਲੇ ਅਧਿਕਾਰ ਪ੍ਰਾਪਤ ਹਨ ਪਰ ਘੱਟ ਗਿਣਤੀ ਲੋਕਾਂ ਨੂੰ ਵੀ ਆਮ ਚੀਨੀਆਂ ਵਾਲੇ ਹੱਕ ਪ੍ਰਾਪਤ ਹਨ। ਇਹੋ ਜਿਹੇ ਲੋਕਾਂ ਦੇ 55 ਸਮੂਹ ਹਨ ਜਿਹੜੇ ਦੇਸ਼ ਦੇ 60ਫ਼ੀ ਸਦੀ ਰਕਬੇ ਉਪਰ ਆਬਾਦ ਹਨ। ਵੈਸੇ ਇਹ ਕੁਝ ਵਸੋਂ ਦਾ ਸਿਰਫ 6 ਫ਼ੀ ਸਦੀ ਹੀ ਹਨ। ਬਾਕੀ ਲੋਕ ਚੀਨੀ ਜਾਂ ਹਾਨ ਨਸਲ ਦੇ ਹਨ।

          ਇਨ੍ਹਾਂ ਮੂਲ ਲੋਕਾਂ ਅਤੇ ਘੱਟ ਗਿਣਤੀ ਲੋਕਾਂ ਤੋਂ ਇਲਾਵਾ ਇਥੇ ਬਿਲਕੁਲ ਹੀ ਵੱਖਰੀ ਨਸਲ ਦੇ ਲੋਕ ਵੀ ਆਬਾਦ ਹਨ। ਇਹੋ ਜਿਹੇ ਲੋਕਾਂ ਵਿਚ ਵੀ ਗੁਰ ਅਤੇ ਕਾਜ਼ਾਕ ਸਮੂਹ ਹਨ ਜਿਹੜੇ ਸ਼ਿਨਜੀਆਂਗ ਵੀਗੁਰ ਵਿਚ ਰਹਿੰਦੇ ਹਨ। ਮਾਂਚੂ ਅਤੇ ਹੁਈ ਮੁਸਲਮਾਨਾਂ ਵਿਚੋਂ ਹਨ।

          ਆਬਾਦੀ ਅਤੇ ਆਬਾਦੀ ਦੀ ਵੰਡ––ਸੰਨ 1990 ਵਿਚ ਦੇਸ਼ ਦੀ ਵਸੋਂ 1,13,36,82,501 ਸੀ। ਭੂਗੋਲਿਕ ਵਖਰੇਵਿਆਂ ਕਾਰਨ ਦੇਸ਼ ਵਿਚ ਵਸੋਂ ਇਕਸਾਰ ਨਹੀਂ ਹੈ। ਪੂਰਬੀ ਚੀਨ, ਪੱਛਮੀ ਚੀਨ ਅਤੇ ਉੱਤਰ-ਪੱਛਮੀ ਚੀਨ ਵਿਚ ਵਸੋਂ ਦੀ ਵੰਡ ਦਾ ਕਾਫ਼ੀ ਫ਼ਰਕ ਹੈ। ਨਦੀਆਂ ਦੇ ਡੈਲਟੇ ਜਿਨ੍ਹਾਂ ਵਿਚ ਯੰਗਸੀ ਡੈਲਟਾ ਅਤੇ ਸੈਂਚਵਾਨ ਬੇਸਿਨ ਵੀ ਸ਼ਾਮਲ ਹਨ, ਵੱਧ ਵਸੋਂ ਵਾਲੇ ਇਲਾਕੇ ਹਨ।

          ਆਬਾਦੀ ਦੇ ਵਾਧੇ ਦੀ ਦਰ-ਜਨਮ ਅਤੇ ਮੌਤ ਆਦਿ––ਚੀਨ ਦੀ ਵਸੋਂ ਮੁੱਢ ਤੋਂ ਹੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਰਹੀ ਹੈ। ਇਥੋਂ ਤੱਕ ਕਿ 800 ਈ. ਪੂ. ਵਿਚ ਇਥੋਂ ਦੀ ਆਬਾਦੀ 13,700,000 ਸੀ। ਦੂਜੀ ਸਦੀ ਵਿਚ ਆਬਾਦੀ 59,600,000 ਸੀ। 12ਵੀਂ ਸਦੀ ਵਿਚ ਆਰਥਿਕ ਅਤੇ ਸਮਾਜਿਕ ਉਨਤੀ ਹੋਣ ਨਾਲ ਵਸੋਂ ਹੋਰ ਵੀ ਵਧਣ ਲਗੀ। ਪਿਛੋਂ ਅੰਦਰੂਨੀ ਗੜਬੜ, ਬਾਹਰਲੇ ਹਮਲਿਆਂ ਨੇ ਇਹ ਵਾਧਾ ਰੋਕ ਦਿੱਤਾ। ਸੰਨ 1381 ਵਿਚ ਇਥੇ 59,900,000 ਲੋਕ ਸਨ। ਪੰਦਰ੍ਹਵੀਂ ਸਦੀ ਵਿਚ ਫਿਰ ਵਾਧਾ ਹੋਇਆ। ਸਤਾਰ੍ਹਵੀਂ ਸਦੀ ਵਿਚ ਲੜਾਈਆਂ ਕਾਰਨ ਆਬਾਦੀ ਘਟ ਗਈ। 18ਵੀਂ ਸਦੀ ਫਿਰ ਖੁਸ਼ਹਾਲੀ ਦਾ ਸਮਾਂ ਸੀ। ਇਸ ਪਿੱਛੋਂ 1834 ਵਿਚ ਇਹ ਆਬਾਦੀ 401,000,000 ਹੋ ਗਈ। 19 ਵੀਂ ਸਦੀ ਵਿਚ ਫਿਰ ਮੰਦਹਾਲੀ ਫੈਲ ਗਈ। ਇਹ ਸਦੀ ਰਾਜਸੀ ਗੜਬੜਾਂ ਤੇ ਖ਼ਾਨਾਜੰਗੀ ਵਾਲੀ ਸੀ। ਪੱਛਮੀ ਅਤੇ ਸਰਹੱਦੀ ਖੇਤਰ ਦਾ ਰਕਬਾ ਕਾਫ਼ੀ ਹੈ ਪਰ ਵਸੋਂ ਵਿਰਲੀ ਹੈ। ਉੱਤਰੀ ਖੇਤਰ ਵੀ ਘੱਟ ਵਸੋਂ ਵਾਲੇ ਹਨ। ਉੱਚੇ ਪਰਬਤੀ ਖੇਤਰ ਜਿਵੇਂ ਤਿੱਬਤ, ਕੇਂਦਰੀ ਜੁੰਸਾਰੀਆ ਦੇ ਪੂਰਬੀ ਹਿੱਸੇ, ਲੋਪ ਨੋਰ ਦੇ ਪੂਰਬੀ ਹਿੱਸੇ ਵੀ ਘੱਟ ਵਸੋਂ ਵਾਲੇ ਹਨ। ਸੰਨ 1960 ਦੇ ਪਿਛਲੇ ਸਾਲਾਂ ਵਿਚ ਸਰਹੱਦੀ ਖੇਤਰਾਂ ਨੂੰ ਵਿਕਸਤ ਕਰਨ ਖਾਤਰ ਸਰਕਾਰ ਨੇ ਇਨ੍ਹਾਂ ਨੂੰ ਵੱਧ ਤੋਂ ਵੱਧ ਵਸਾਉਣ ਦਾ ਯਤਨ ਕੀਤਾ ਸੀ। ਇਨ੍ਹਾਂ ਹਿੱਸਿਆਂ ਵਿਚ ਰੇਲ-ਸੜਕ ਮਾਰਗ ਬਣਾ ਕੇ, ਸੱਨਅਤੀ ਸ਼ਹਿਰ ਉਸਾਰ ਕੇ ਅਤੇ ਹੋਰ ਸਹੂਲਤਾਂ ਦੇ ਕੇ ਲੋਕਾਂ ਨੂੰ ਰਹਿਣ ਲਈ ਪ੍ਰੇਰਿਆ ਸੀ। ਇਨ੍ਹਾਂ ਯਤਨਾਂ ਸਦਕਾ ਅੱਜਕੱਲ੍ਹ ਇਹ ਖੇਤਰ ਆਬਾਦ ਹੋਏ ਹਨ। ਮੰਚੂਰੀਆ ਵਿਚ 1923 ਈ. ਤੋਂ ਪਿੱਛੋਂ ਬਹੁਤ ਲੋਕ ਬਾਹਰੋਂ ਆ ਕੇ ਵਸਦੇ ਰਹੇ ਹਨ। ਇਥੇ ਸ਼ਹਿਰ ਬਣਨ ਨਾਲ ਨਵੀਆਂ ਸੱਨਅਤਾਂ ਦੇ ਵਿਕਾਸ ਨਾਲ ਲੋਕ ਮੰਚੂਰੀਆ ਦੇ ਪਿੰਡਾਂ ਤੋਂ ਸ਼ਹਿਰਾਂ ਵੱਲ ਖਿੱਚੇ ਆਏ ਹਨ। ਇਸ ਲਈ ਅੱਜ ਇਹ ਵੱਡਾ ਸੱਨਅਤੀ ਖੇਤਰ ਬਣ ਗਿਆ ਹੈ। ਸੰਨ 1949 ਵਿਚ ਕਮਿਊਨਿਸਟਾਂ ਨੇ ਦੇਸ਼ ਦੀ ਵਾਗਡੋਰ ਸੰਭਾਲੀ। ਇਨ੍ਹਾਂ ਅਧੀਨ ਡਾਕਟਰੀ ਸਹੂਲਤਾਂ ਉੱਤੇ ਵਧੇਰੇ ਜ਼ੋਰ ਸੀ। ਸਿਹਤ ਭਲਾਈ ਸਕੀਮਾਂ ਵਧੇਰੇ ਸਨ ਜਿਸ ਕਾਰਨ ਮੌਤ ਦਰ ਘਟੀ ਪਰ ਜਨਮ ਦਰ ਉਵੇਂ ਹੀ ਰਹੀ। ਸੰਨ 1955-58 ਦੌਰਾਨ ਵਸੋਂ ਦੇ ਵਾਧੇ ਨੂੰ ਰੋਕਣ ਲਈ ਜਨਮ ਦਰ ਘਟਾਉਣ ਦੀ ਲੋੜ ਮਹਿਸੂਸ ਹੋਈ। ਇਸ ਲਈ ਸਰਕਾਰ ਨੇ ਨਵੇਂ ਪ੍ਰੋਗਰਾਮ ਬਣਾਏ। ਵਿਆਹ ਦੀ ਉਮਰ ਵਧਾ ਕੇ ਲੜਕੀਆਂ ਲਈ 25 ਤੋਂ 27 ਅਤੇ ਆਦਮੀਆਂ ਦੀ 25 ਤੋਂ 29 ਕਰ ਦਿੱਤੀ। ਤਿੰਨ ਬੱਚਿਆਂ ਦੇ ਪਰਿਵਾਰ ਨੂੰ ਪੂਰਾ ਪਰਿਵਾਰ ਮੰਨਿਆ ਜਾਣ ਲਗਾ। ਜੱਚਾ-ਬੱਚਾ ਦੇਖ ਭਾਲ, ਗਰਭਪਾਤ ਸਬੰਧੀ ਨਿਯਮ ਹੋਰ ਵੀ ਆਸਾਨ ਬਣਾ ਕੇ ਵਧਦੀ ਆਬਾਦੀ ਨੂੰ ਕਾਬੂ ਪਾਉਣ ਦੀ ਹਰ ਸੰਭਵ  ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਸੰਨ 1990 ਵਿਚ ਜਨਮ ਦੀ ਦਰ 1000 ਪਿੱਛੇ 21.06 ਅਤੇ ਮੌਤ ਦੀ ਦਰ 6.67 ਪ੍ਰਤੀ ਹਜ਼ਾਰ ਹੋ ਗਈ। ਅੱਜਕੱਲ੍ਹ ਇਸ ਦੇਸ਼ ਵਿਚ ਇਕ ਬੱਚਾ ਪਰਿਵਾਰ ਨੂੰ ਲੋਕਪ੍ਰਿਅ ਕਰਨ ਖਾਤਰ ਸਰਕਾਰ ਕਈ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ। ਅਜਿਹੇ ਪਰਿਵਾਰਾਂ ਨੂੰ ਮੈਡੀਕਲ, ਸਮਾਜ ਭਲਾਈ, ਮਕਾਨ ਆਦਿ ਦੇਣ ਸਮੇਂ ਸਰਕਾਰੀ ਤੌਰ ਤੇ ਪਹਿਲ ਦਿੱਤੀ ਜਾਂਦੀ ਹੈ।

          ਧਰਮ––ਚੀਨ ਦੇ ਲੋਕਾਂ ਦੇ ਕਈ ਵਿਸ਼ਵਾਸ ਅਤੇ ਹੋਰ ਧਾਰਮਿਕ ਰਿਵਾਜ ਹਨ। ਧਰਮ ਪ੍ਰਤੀ ਇਹ ਲੋਕ ਬੜੇ ਉਦਾਰ ਹਨ। ਸ਼ਾਇਦ ਇਸੇ ਕਰਕੇ ਹੋਰਨਾਂ ਧਰਮਾਂ ਨੂੰ ਛੇਤੀ ਅਪਣਾ ਲੈਂਦੇ ਹਨ। ਇਹ ਅਨੇਕਾਂ ਦੇਵੀ-ਦੇਵਤਿਆਂ ਵਿਚ ਵਿਸ਼ਵਾਸ ਰੱਖਦੇ ਹਨ। ਚੰਗੀਆਂ ਮਾੜੀਆਂ ਰੂਹਾਂ, ਭੂਤਾਂ, ਪ੍ਰੇਤਾਂ ਅਤੇ ਹੋਰ ਦੁਖਾਂ ਤਕਲੀਫ਼ਾਂ ਨੂੰ ਦੂਰ ਕਰਨ ਲਈ ਇਹ ਕਈ ਸਾਧਨ ਅਪਣਾਉਂਦੇ ਹਨ। ਸਾਰੇ ਦੇਵਤਿਆਂ ਤੋਂ ਉੱਤੇ ਇਕ ਪਰਮਾਤਮਾ ਦੀ ਹੋਂਦ ਵੀ ਮੰਨਦੇ ਹਨ। ਬਾਦਸ਼ਾਹਾਂ ਦੇ ਰਾਜ ਵੇਲੇ ਇਹ ਬਾਦਸ਼ਾਹ ਨੂੰ ਪਰਮਾਤਮਾ ਦਾ ਦਰਜਾ ਦਿੰਦੇ ਸਨ ਕਿਉਂਕਿ ਇਹ ਸਾਰੇ ਦੇਸ਼ ਦਾ ਪਾਲਣਹਾਰ ਹੁੰਦਾ ਸੀ। ਚੀਨ ਦੇ ਲੋਕਾਂ ਦੇ ਜੀਵਾਤਮਵਾਦੀ ਹੋਣ ਤੋਂ ਇਲਾਵਾ ਵੀ ਇਥੇ ਪੰਜ ਧਰਮਾਂ ਦਾ ਪ੍ਰਭਾਵ ਵਧੇਰੇ ਵੇਖਿਆ ਜਾਂਦਾ ਹੈ। ਕਨਫਿਊਸ਼ਸ, ਤਾਓਮੱਤ, ਬੁੱਧ ਮੱਤ, ਈਸਾਈ ਅਤੇ ਇਸਲਾਮ ਮੱਤ ਇਥੋਂ ਦੇ ਲੋਕਾਂ ਦੇ ਮੁੱਖ ਧਰਮ ਹਨ। ਤੀਜੀ ਸਦੀ ਤੋਂ ਵੀਹਵੀਂ ਸਦੀ ਤੱਕ ਕਨਫਿਊਸ਼ਸ ਮੱਤ ਇਥੋਂ ਦੇ ਲੋਕਾਂ ਦਾ ਵੱਡਾ ਧਰਮ ਸੀ। ਇਸਨੂੰ ਰਾਜਿਆਂ ਦਾ ਸਮਰਥਨ ਵੀ ਪ੍ਰਾਪਤ ਸੀ। ਤਾਓ ਮੱਤ ਵੀ ਲੋਕਾਂ ਵਿਚ ਪ੍ਰਧਾਨ ਰਿਹਾ ਹੈ ਪਰ ਇਸ ਉੱਤੇ ਭਾਰਤ ਵੱਲੋਂ ਆਏ ਬੁੱਧ ਮੱਤ ਦਾ ਰੰਗ ਵੀ ਚੜ੍ਹਿਆ। ਤਾਓ ਅਤੇ ਬੋਧੀਆਂ ਦੇ ਇਥੇ ਮੱਠ ਬਣੇ ਹੋਏ ਹਨ। ਬੁੱਧ ਧਰਮ ਚੀਨ ਦੀ ਸਮਾਜਿਕ ਜ਼ਿੰਦਗੀ ਦਾ ਅੰਗ ਬਣ ਚੁਕਿਆ ਹੈ। ਤਿੱਬਤੀ ਵੀ ਬੋਧੀਆਂ ਦੇ ਲਾਮਾ ਫ਼ਿਰਕੇ ਨੂੰ ਮੰਨਦੇ ਹਨ। ਇਥੇ ਕਈ ਮੱਠ ਬਣੇ ਹੋਏ ਹਨ। ਤਿੱਬਤੀਆਂ ਦਾ ਧਾਰਮਿਕ ਆਗੂ ਦਲਾਈ ਲਾਮਾ ਹੈ। ਮੁਸਲਮਾਨ ਚੀਨ ਦੇ ਲਗਭਗ ਹਰੇਕ ਪ੍ਰਾਂਤ ਵਿਚ ਰਹਿੰਦੇ ਹਨ। ਅਸਲ ਵਿਚ ਇਹ ਲੋਕ 7ਵੀਂ ਸਦੀ ਵਿਚ ਇਸਲਾਮ ਦੇ ਪ੍ਰਭਾਵ ਹੇਠ ਆਏ ਚੀਨੀਆਂ ਵਿਚੋਂ ਹੀ ਹਨ ਨਾ ਕਿ ਇਹ ਕੋਈ ਹੋਰ ਮੁਸਲਮਾਨ ਹਨ। ਵੈਸੇ ਇਹ ਚੀਨੀਆਂ ਨਾਲ ਹੀ ਰਚ-ਮਿਚ ਗਏ ਹਨ। ਇਨ੍ਹਾਂ ਦੀ ਗਿਣਤੀ 1986 ਵਿਚ 14 ਲੱਖ ਸੀ।

          ਅੱਜ ਤੋਂ 3 ਸਦੀਆਂ ਪਹਿਲਾਂ ਈਸਾਈ ਮਿਸ਼ਨਰੀ ਵੀ ਇਧਰ ਆਏ ਸਨ ਜਿਨ੍ਹਾਂ ਦੇ ਪ੍ਰਭਾਵ ਹੇਠ ਆਏ ਲੋਕਾਂ ਨੇ ਕੈਥੋਲਿਕ ਅਤੇ ਪ੍ਰੋਟੈਸਟੈਂਟ ਮੱਤ ਕਬੂਲ ਕਰ ਲਿਆ ਸੀ। ਅਜਿਹੇ ਲੋਕਾਂ ਦੀ ਗਿਣਤੀ ਸਿਰਫ਼ 1 ਫ਼ੀ ਸਦੀ ਹੈ। ਵੀਹਵੀਂ ਸਦੀ ਵਿਚ ਕਮਿਊਨਿਸਟਾਂ ਨੇ ਈਸਾਈ ਧਰਮ ਵਿਰੋਧੀ ਪ੍ਰਚਾਰ ਵਧੇਰੇ ਕੀਤਾ ਜਿਸ ਕਾਰਨ ਇਹ ਧਰਮ ਦੇਸ਼ ਵਿਚ ਫ਼ੈਲ ਨਾ ਸਕਿਆ। ਚੀਨ ਵਿਚ ਬੋਧੀਆਂ ਦੇ ਅਨੇਕਾਂ ਮੱਠ ਅਤੇ ਪੈਗੋਡੇ ਬਣੇ ਹੋਏ ਹਨ।

          ਭਾਸ਼ਾ––ਦੇਸ਼ ਬਹੁਤ ਵੱਡਾ ਹੋਣ ਕਰਕੇ ਇਥੇ ਵੱਖਰੇ ਭਾਸ਼ਾਈ ਪਰਿਵਾਰਾਂ ਦਾ ਵੀ ਬੋਲਬਾਲਾ ਹੈ ਜਿਨ੍ਹਾਂ ਵਿਚੋਂ ਚੀਨੀ-ਤਿੱਬਤੀ ਅਲਤਾਈ, ਇੰਡੋਯੂਰਪੀਅਨ ਅਤੇ ਆਸਟ੍ਰੋ-ਏਸ਼ਿਆਟਿਕ ਭਾਸ਼ਾਈ ਪਰਿਵਾਰ ਹਨ। ਇਨ੍ਹਾਂ ਵਿਚੋਂ ਚੀਨੀ-ਤਿੱਬਤੀ ਪਰਿਵਾਰ ਦੀ ਹਾਨ-ਚੀਨੀ ਭਾਸ਼ਾ ਸਭ ਤੋਂ ਵੱਧ ਮਹੱਤਵਪੂਰਨ ਹੈ ਅਤੇ ਇਹ ਸਭ ਤੋਂ ਵੱਧ ਲੋਕਾਂ ਦੀ ਭਾਸ਼ਾ ਹੈ। ਹਾਨ ਚੀਨੀ ਦੇਸ਼ ਭਰ ਵਿਚ ਵੱਖ-ਵੱਖ ਲਹਿਜਿਆਂ ਨਾਲ ਬੋਲੀ ਜਾਂਦੀ ਹੈ। ਸਭ ਤੋਂ ਵੱਧ ਮਹੱਤਵਪੂਰਨ ਬੋਲੀ ਮੰਡਾਰਿਨ ਹੈ। ਇਹੋ ਦੇਸ਼ ਦੀ ਰਾਸ਼ਟਰੀ ਭਾਸ਼ਾ ਦਾ ਆਧਾਰ ਹੈ। ਇਸੇ ਨਾਲ ਮਿਲਦੇ ਜੁਲਦੇ ਲਹਿਜੇ ਵਾਲੀ ਕੇਂਦਰੀ ਅਤੇ ਦੱਖਣੀ ਹੁਨਾਨ ਦੇ ਲੋਕਾਂ ਦੀ ਭਾਸ਼ਾ ਹੈ।

          ਸਿਹਤ––ਸਰਕਾਰ ਦੀਆਂ ਨੀਤੀਆਂ ਵਿਚ ਸਿਹਤ ਭਲਾਈ ਅਤੇ ਸ਼ਹਿਰਾਂ ਨੂੰ ਸਾਫ਼ ਸੁਥਰਾ ਬਣਾਏ ਰੱਖਣ ਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ। ਜਿਥੇ ਇਹ ਦੇਸ਼ 20 ਵੀਂ ਸਦੀ ਦੇ ਸ਼ੁਰੂ ਵਾਲੇ ਸਾਲਾਂ ਵਿਚ ਬਹੁਤ ਗੰਦਾ ਹੁੰਦਾ ਸੀ ਉਥੇ ਇਹ ਅੱਜਕੱਲ੍ਹ ਸਾਫ਼ ਸੁਥਰਾ ਵਿਖਾਈ ਦਿੰਦਾ ਹੈ। ਇਹੋ ਕਾਰਨ ਹੈ ਕਿ ਇਥੇ ਛੂਤ ਦੀਆਂ ਬੀਮਾਰੀਆਂ ਕਾਫ਼ੀ ਹੱਦ ਤੱਕ ਖ਼ਤਮ ਹੋ ਗਈਆਂ ਹਨ। ਚੀਨ ਦੀਆਂ ਸਿਹਤ ਭਲਾਈ ਨੀਤੀਆਂ ਅਨੁਸਾਰ ਡਾਕਟਰਾਂ ਨੂੰ ਪਿੰਡਾਂ ਵਿਚ ਕੰਮ ਕਰਨ ਲਈ ਖ਼ਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਮੈਡੀਕਲ ਟੀਮਾਂ ਤੇ ਡਾਕਟਰ ਪਿੰਡਾਂ ਦਾ ਦੌਰਾ ਕਰਦੇ ਹੀ ਰਹਿੰਦੇ ਹਨ। ਇਥੇ 5,000 ਵਿਅਕਤੀਆਂ ਦੀ ਦੇਖਭਾਲ ਲਈ ਇਕ ਡਾਕਟਰ ਹੈ। ਮੈਡੀਕਲ ਦੇ ਸਟਾਫ਼ ਤੋਂ ਛੁੱਟ ਦੇਸ਼ ਦੀ ਫ਼ੌਜ ਵੀ ਸਮੇਂ-ਸਮੇਂ ਤੇ ਪਿੰਡਾਂ ਵਿਚ ਜਨਤਾ ਦੀ ਦੇਖਭਾਲ ਲਈ ਜਾਂਦੀ ਹੈ। ਸੰਨ 1949 ਤੋਂ ਪਿੱਛੋਂ ਚਿਕਿਤਸਾ ਵਿਗਿਆਨ ਵਿਚ ਇਸ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। ਇਥੇ ਬਹੁਤ ਪੁਰਾਣੇ ਸਮੇਂ ਤੋਂ ਇਲਾਜ ਦਾ ਇਕ ਹੋਰ ਤਰੀਕਾ ਸੂਈ ਛੇਦਨ ਵੀ ਪ੍ਰਚੱਲਤ ਹੈ ਜਿਸ ਨਾਲ ਬੋਲੇ ਤੇ ਗੁੰਗੇਪਨ ਤੋਂ ਇਲਾਵਾ ਕਈ ਹੋਰ ਮਾਰੂ ਬੀਮਾਰੀਆਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾਂਦਾ ਹੈ।

          ਸਿਹਤ ਦੀਆਂ ਵਧੀਆ ਸਹੂਲਤਾਂ ਕਾਰਨ ਅੱਜਕੱਲ੍ਹ ਇਥੋਂ ਦੇ ਲੋਕਾਂ ਦੀ ਔਸਤ ਆਯੂ 60 ਦੀ ਥਾਂ 70 ਸਾਲ ਹੋ ਗਈ ਹੈ।

          ਸਿੱਖਿਆ––ਪਹਿਲੀ ਪੰਜ ਸਾਲਾ ਯੋਜਨਾ (1953 ਈਂ ਤੋਂ 1957 ਈ.) ਵਿਚ ਪੜ੍ਹਨ-ਲਿਖਣ ਵਾਲਿਆਂ ਦੀ ਗਿਣਤੀ 54,000,000 ਤੋਂ 71,000,000 ਹੋ ਗਈ। ਸੰਨ 1960 ਵਿਚ ਇਹ 100,000,000 ਹੋ ਗਈ। ਇਥੋਂ ਦੀ ਸਿੱਖਿਆ ਬਾਰੇ ਆਮ ਦੇਸ਼ਾਂ ਦੀ ਸਿੱਖਿਆ ਨਾਲੋਂ ਵੱਖਰੀ ਗੱਲ ਇਹ ਹੈ ਕਿ ਇਥੇ ਮੁੱਢਲੀ ਜਾਂ ਪ੍ਰਾਇਮਰੀ ਸਿੱਖਿਆ ਇਕ ਤਰ੍ਹਾਂ ਨਾਲ ਲਾਜ਼ਮੀ ਹੀ ਹੈ ਪਰ ਉਚੇਰੀ ਵਿਦਿਆ ਕੋਈ ਜ਼ਰੂਰੀ ਨਹੀਂ ਹੈ। ਸੰਨ 1950 ਵਿਚ ਇਥੇ ਦਿਨ ਵਿਚ ਅੱਧਾ ਵਕਤ ਪੜ੍ਹਾਈ ਤੇ ਅੱਧਾ ਵਕਤ ਕੰਮ ਵਾਲੇ ਸਕੂਲ ਖੋਲ੍ਹੇ ਗਏ ਸਨ। ਇਨ੍ਹਾਂ ਦੀ ਗਿਣਤੀ 1960 ਤੱਕ ਕਾਫ਼ੀ ਵਧ ਗਈ ਤੇ ਇਹ ਕੰਮ ਤੇ ਪੜ੍ਹਾਈ ਵਾਲਾ ਤਜਰਬਾ ਠੀਕ ਸਾਬਤ ਹੋਇਆ। ਹਰੇਕ ਵਿਦਿਆਰਥੀ ਲਈ ਸਕੂਲੀ ਸਿੱਖਿਆ ਦੇ ਨਾਲ ਨਾਲ ਖੇਤਾਂ, ਫ਼ੈਕਟਰੀਆਂ ਵਿਚ ਜਾਂ ਕੋਈ ਹੋਰ ਕੰਮ ਕਰਨਾ ਲਾਜ਼ਮੀ ਕੀਤਾ ਹੋਇਆ ਹੈ। ਸੰਨ 1966 ਦੇ ਸਮਾਜਕ ਕ੍ਰਾਂਤੀ ਵੇਲੇ ਸੈਂਟਰਲ ਕਮੇਟੀ ਨੇ ਮਿਡਲ ਸਕੂਲ ਤੇ ਉੱਚੀ ਵਿੱਦਿਆ ਦੀਆਂ ਸੰਸਥਾਵਾਂ ਬੰਦ ਕਰ ਦੇਣ ਦਾ ਫ਼ੈਸਲਾ ਕੀਤਾ ਤਾਂ ਕਿ ਸਿੱਖਿਆ ਸਬੰਧੀ ਸਿਲੇਬਸ ਦਾਖ਼ਲੇ ਦੇ ਨਿਯਮ, ਇਮਤਿਹਾਨਾਂ ਆਦਿ ਵਿਚ ਨਵੇਂ ਸਿਸਟਮ ਲਾਗੂ ਕਰ ਕੇ ਇਨ੍ਹਾਂ ਸਕੂਲਾਂ ਨੂੰ ਫਿਰ ਖੋਲ੍ਹਿਆ ਜਾਵੇ। ਇਨ੍ਹਾਂ ਵਿਚੋਂ ਕੱਢੇ ਗਏ ਵਿਦਿਆਰਥੀਆਂ ਨੇ ‘ਰੈੱਡ ਗਾਰਡ’ ਫ਼ੌਜ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਸੰਨ 1967 ਵਿਚ ਇਹ ਸਕੂਲ ਮੁੜ ਖੋਲ੍ਹੇ ਗਏ ਜਿਨ੍ਹਾਂ ਵਿਚ ਮਾਓ ਦੇ ਸਾਮਵਾਦੀ ਸਿਧਾਂਤਾਂ ਨੂੰ ਹੀ ਪੜ੍ਹਾਉਣ ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਸਭ ਬਦਲੇ ਹੋਏ ਸਿਧਾਂਤਾਂ, ਸਿਲੇਬਸਾਂ, ਨਵੀਆਂ ਲਿਖੀਆਂ ਪਾਠ ਪੁਸਤਕਾਂ ਨੂੰ ਲਾਗੂ ਨਾ ਕਰਨ ਲਈ ਬਹੁਤ ਥਾਵਾਂ ਤੇ ਵਿਦਰੋਹ ਤਾਂ ਹੋਏ ਪਰ ਵਿਦਰੋਹੀ ਕੁਚਲ ਦਿੱਤੇ ਗਏ। ਇਸ ਦੌਰਾਨ ਪ੍ਰਾਈਵੇਟ ਸਕੂਲਾਂ ਨੂੰ ਵੀ ਸਰਕਾਰ ਹੇਠ ਕਰ ਲਿਆ ਗਿਆ। ਮਿਸ਼ਨਰੀ ਅਧਿਆਪਕਾਂ ਨੂੰ ਦੇਸ਼ੋਂ ਕੱਢ ਦਿੱਤਾ ਗਿਆ ਅਤੇ ਬਾਹਰਲੇ ਮੁਲਕਾਂ ਵਿਚ ਸੋਵੀਅਤ ਸੰਘ ਤੋਂ ਬਿਨਾਂ ਹੋਰ ਥਾਵਾਂ ਤੇ ਜਾ ਕੇ ਸਿੱਖਿਆ ਹਾਸਲ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ। ਇਨ੍ਹਾਂ ਸਾਮਵਾਦੀਆਂ ਅਧੀਨ ਸਕੂਲਾਂ ਵਿਚ ਦਾਖ਼ਲੇ ਦੇ ਵੀ ਨਵੇਂ ਕਾਨੂੰਨ ਬਣਾਏ ਗਏ ਜਿਸ ਅਨੁਸਾਰ ਵਿਦਿਆਰਥੀ ਨੇ ਆਮ ਜਨਤਾ ਜਾਂ ਆਪਣੇ ਰਿਹਾਇਸ਼ੀ ਥਾਵਾਂ ਤੇ ਕੀ ਕੰਮ ਕੀਤਾ ਹੈ ਜਾਂ ਕਮਿਊਨਿਸਟ ਪਾਰਟੀ ਵਾਸਤੇ ਕੀ ਕਰ ਦਿਖਾਇਆ ਹੈ, ਦੇ ਆਧਾਰ ਤੇ। ਉਸਨੂੰ ਦਾਖ਼ਲਾ ਵੀ ਇਨ੍ਹਾਂ ਲੋਕਾਂ ਦੀ ਸਿਫ਼ਾਰਸ਼ਾਂ ਤੇ ਹੀ ਮਿਲਦਾ ਹੈ ਨਾਂ ਕਿ ਉਸਦੀ ਵਿਦਿਅਕ ਯੋਗਤਾ ਤੇ ਜੋ ਉਹ ਰੱਖਦਾ ਹੈ। ਇਥੋਂ ਦੇ ਵਿਦਿਆਰਥੀਆਂ ਨੂੰ ਬਹੁਤਾ ਸਮਾਂ ਪੜ੍ਹਾਈ-ਲਿਖਾਈ ਤੋਂ ਇਲਾਵਾ ਕੰਮ-ਧੰਦਿਆਂ ਵਿਚ ਲਾਉਣਾ ਪੈਂਦਾ ਹੈ। ਇਸੇ ਕਰਕੇ ਪ੍ਰਾਇਮਰੀ ਸਿਖਿਆ ਵਿਚ ਤਾਂ ਵਾਧਾ ਹੋ ਰਿਹਾ ਹੈ ਪਰ ਉਚੇਰੀ ਵਿਦਿਆ ਲਈ ਬਹੁਤ ਹੀ ਘੱਟ ਵਿਦਿਆਰਥੀ ਰੁਚੀ ਰੱਖਦੇ ਹਨ। ਸੰਨ 1992 ਦੇ ਅੰਕੜਿਆਂ ਅਨੁਸਾਰ ਇਥੋਂ ਦੀ 23.5 ਫ਼ੀ ਸਦੀ ਆਬਾਦੀ ਪੜ੍ਹੀ-ਲਿਖੀ ਸੀ। ਸਿੱਖਿਆ ਵਿਚ ਕਾਫੀ ਸੁਧਾਰ ਲਿਆਂਦੇ ਗਏ ਹਨ। ਸੰਨ 1989 ਵਿਚ ਇਥੋਂ ਦੇ 97 ਫ਼ੀ ਸਦੀ ਬੱਚੇ ਸਕੂਲਾਂ ਵਿਚ ਮੁੱਢਲੀ ਸਿੱਖਿਆ ਲੈਣ ਲਈ ਗਏ।

          ਦੇਸ਼ ਵਿਚ ਉੱਚੀ ਵਿਦਿਆ ਲਈ ਕਈ ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿਚੋਂ ਬੀਜਿੰਗ ਯੂਨੀਵਰਸਿਟੀ ਮਸ਼ਹੂਰ ਹੈ।

          ਰਾਜ-ਪ੍ਰਬੰਧ

          ਚੀਨ ਇਕ ਕਮਿਊਨਿਸਟ ਦੇਸ਼ ਹੈ ਜਿਥੇ ਕਮਿਊਨਿਸਟ ਪਾਰਟੀ ਦਾ ਸਰਕਾਰੀ, ਆਰਥਿਕ, ਸਮਾਜਿਕ ਸਭ ਸੰਸਥਾਵਾਂ ਉੱਤੇ ਕਾਬੂ ਹੈ। ਚੀਨ ਦੀ ਕਮਿਊਨਿਸਟ ਪਾਰਟੀ 1921 ਈ. ਵਿਚ ਹੋਂਦ ਵਿਚ ਆਈ ਸੀ ਅਤੇ 1 ਅਕਤੂਬਰ, 1948 ਵਿਚ ਸੱਤਾ ਵਿਚ ਆ ਗਈ। ਸੰਨ 1921 ਤੋਂ 1935 ਵਿਚਕਾਰਲੇ ਸਾਲਾਂ ਵਿਚ ਇਸ ਪਾਰਟੀ ਵਿਚ ਆਪਸੀ ਮੱਤਭੇਦ ਸੀ। ਗ਼ੈਰ-ਕਮਿਊਨਿਸਟ ਲੋਕਾਂ ਅਤੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਇਨ੍ਹਾਂ ਦਾ ਆਪਸ ਵਿਚ ਕਾਫ਼ੀ ਮਤਭੇਦ ਸੀ। ਅਖ਼ੀਰ ਗਵੇਜੋ ਵਿਚਲੀ 1935 ਦੀ ਪਾਰਟੀ ਦੀ ਬੈਠਕ ਵਿਚ ਮਾਓ-ਜ਼ੇ-ਤੁੰਗ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਜਿਹੜਾ 1976 ਈ. ਆਪਣੀ ਮੌਤ ਤੱਕ ਇਸੇ ਅਹੁਦੇ ਤੇ ਕਾਇਮ ਰਿਹਾ।

          ਇਹ ਪਾਰਟੀ ਮਾਰਕਸ-ਲੈਨਿਨ ਦੇ ਵਿਚਾਰਾਂ ਦੀ ਸਮਰਥਕ ਸੀ। ਇਹ ਕਾਮਿਆਂ-ਕਿਰਤੀਆਂ ਦਾ ਪੂੰਜੀਵਾਦੀਆਂ ਦੇ ਖਿਲਾਫ਼ ਇਕ ਸੰਗਠਨ ਸੀ। ਪ੍ਰੋਲਤਾਰੀ ਲੋਕਾਂ ਦੀ ਇਹ ਪਾਰਟੀ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਕਾਇਮ ਕੀਤੀ ਗਈ ਸੀ। ਇਸ ਦਾ ਉਦੇਸ਼ ਸਮਾਜ ਵਿਚ ਪੂੰਜੀਵਾਦ ਦਾ ਖ਼ਾਤਮਾ ਕਰਨਾ ਸੀ। ਇਸ ਪਾਰਟੀ ਨੇ ਚੀਨ ਵਿਚ ਸਮਾਜਿਕ ਕ੍ਰਾਂਤੀ ਲਿਆਂਦੀ। ਮਾਓ ਨੇ 1966-69 ਦੇ ਸਾਲਾਂ ਵਿਚ ਇਸ ਪਾਰਟੀ ਦਾ ਸਾਰਾ ਕਾਰਜਕਾਰੀ ਢਾਂਚਾ ਬਦਲ ਦਿੱਤਾ। ਸੰਨ 1967-69 ਵਿਚਕਾਰਲੇ ਸਾਲਾਂ ਵਿਚ ਕ੍ਰਾਂਤੀਕਾਰੀ ਕਮੇਟੀਆਂ ਬਣਾਈਆਂ ਗਈਆਂ। ਪੀ. ਐਲ. ਏ. ਦੀਆਂ ਸ਼ਕਤੀਆਂ ਬਹੁਤ ਵਧਾ ਦਿੱਤੀਆਂ ਗਈਆਂ। ਅੱਜ ਵੀ ਇਹੋ ਪਾਰਟੀ ਦੇਸ਼ ਦੀ ਸਿਆਸਤ ਵਿਚ ਹਾਵੀ ਹੈ। ਇਸ ਕਮੇਟੀ ਦੀ ਇਕ ਸੈਂਟਰਲ ਕਮੇਟੀ ਹੈ ਜਿਸ ਵਿਚ 300 ਮੈਂਬਰ ਹੁੰਦੇ ਹਨ। ਇਹ 7 ਮੈਂਬਰੀ ਸਟੈਂਡਿੰਗ ਕਮੇਟੀ ਦੀ ਚੋਣ ਕਰਦੀ ਹੈ। ਇਹ ਦੇਸ਼ ਦੇ ਮਹੱਤਵਪੂਰਨ ਫ਼ੈਸਲੇ ਲੈਂਦੀ ਹੈ। ਪਾਰਟੀ ਦੇ ਅਹੁਦੇਦਾਰਾਂ ਪਾਸ ਹੀ ਸਰਕਾਰ ਦੇ ਮਹੱਤਵਪੂਰਨ ਅਹੁਦੇ ਹੁੰਦੇ ਹਨ।

          ਸੰਵਿਧਾਨ––ਸਾਲ 1949 ਵਿਚ ਇਹ ਦੇਸ਼ ਕਮਿਊਨਿਸਟਾਂ ਅਧੀਨ ਆਇਆ। ਇਸ ਸਮੇਂ ਦੇਸ਼ ਦਾ ਸੰਵਿਧਾਨ ਘੜਿਆ ਗਿਆ ਜਿਸ ਨੂੰ ਸੰਨ 1954, 1975 ਅਤੇ 1978 ਮੁੜ ਤਰਮੀਮ ਕਰਕੇ ਫਿਰ ਬਣਾਇਆ ਗਿਆ। ਦੇਸ਼ ਦੀ ਪੰਜਵੀਂ ਨੈਸ਼ਨਲ ਪੀਪਲਜ਼ ਕਾਂਗਰਸ ਨੇ 1982 ਦਾ ਨਵਾਂ ਵਿਸਤ੍ਰਿਤ ਸੰਵਿਧਾਨ ਅਪਣਾਇਆ। ਇਸ ਸੰਵਿਧਾਨ ਦੀ ਇਕ ਭੂਮਿਕਾ ਹੈ ਅਤੇ 138 ਧਾਰਾਵਾਂ ਹਨ। ਇਸ ਨੂੰ 4 ਕਾਂਡਾਂ ਵਿਚ ਲਿਖਿਆ ਹੋਇਆ ਹੈ।

          ਭੂਮਿਕਾ ਵਿਚ ਚੀਨ ਦੇ ਮਾਰਕਸ, ਲੈਨਿਨ ਦੇ ਸਿਧਾਂਤਾਂ ਉੱਤੇ ਮਾਓ ਦੀ ਵਿਚਾਰਧਾਰਾ ਹੇਠ ਇਸ ਦੇਸ਼ ਦੇ ਨਿਰਮਾਣ ਬਾਰੇ ਦਸਿਆ ਹੈ। ਪਹਿਲੇ ਕਾਂਡ ਦੀਆਂ 1 ਤੋਂ 32 ਧਾਰਾਵਾਂ ਵਿਚ ਇਸ ਦੇਸ਼ ਨੂੰ ਕਾਮਿਆਂ ਤੇ ਕਿਸਾਨਾਂ ਦੇ ਰਾਜ ਹੇਠ ਦਸਿਆ ਹੈ। ਦੂਜੇ ਕਾਂਡ ਵਿਚ 33 ਤੋਂ 56 ਧਾਰਾਵਾਂ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਸਬੰਧੀ ਹੈ। ਇਸ ਵਿਚ ਕਾਨੂੰਨ ਮੁਤਾਬਕ ਸਾਰੇ ਨਾਗਰਿਕ ਬਰਾਬਰ ਹਨ। ਤੀਜੇ ਕਾਂਡ ਦੀਆਂ 57 ਤੋਂ 137 ਧਾਰਾਵਾਂ ਰਾਜ ਦੇ ਪ੍ਰਸ਼ਾਸਕੀ ਢਾਂਚੇ ਨਾਲ ਸਬੰਧਤ ਹਨ। ਇਸ ਅਨੁਸਾਰ ਦੇਸ਼ ਦਾ ਪ੍ਰਬੰਧਕੀ ਢਾਂਚਾ ਵਿਉਂਤਬੱਧ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਪ੍ਰਸ਼ਾਸਕੀ ਸੰਸਥਾ ‘ਨੈਸ਼ਨਲ ਪੀਪਲਜ਼ ਕਾਂਗਰਸ’ ਹੈ ਜਿਸ ਦੀ ਇਕ ਸਟੈਂਡਿੰਗ ਕਮੇਟੀ ਹੈ। ਸਥਾਨਕ ਸਰਕਾਰਾਂ ਸਥਾਨਕ ਪ੍ਰਬੰਧ ਚਲਾਉਂਦੀਆਂ ਹਨ। ਚੌਥੇ ਕਾਂਡ ਦੀਆਂ 136-138 ਧਾਰਾਵਾਂ ਦੇਸ਼ ਦੇ ਝੰਡੇ ਬਾਰੇ, ਰਾਜਧਾਨੀ ਅਤੇ ਰਾਸ਼ਟਰੀ ਚਿੰਨ੍ਹ ਨਾਲ ਸਬੰਧਤ ਹਨ। ਇਸ ਸੰਵਿਧਾਨ ਮੁਤਾਬਕ ਦੇਸ਼ ਦੀ ਕਾਂਗਰਸ ਨੂੰ ਸੰਵਿਧਾਨ ਸੋਧਣ ਦੀ ਤਾਕਤ ਵੀ ਦਿੱਤੀ ਗਈ। ਇਸ ਸੰਵਿਧਾਲ ਅਨੁਸਾਰ ਦੇਸ਼ ਦੇ ਮੁਖੀ ਦਾ ਅਹੁਦਾ ਜਿਹੜਾ ਪਹਿਲਾਂ ਖ਼ਤਮ ਕਰ ਦਿੱਤਾ ਗਿਆ ਸੀ, ਫਿਰ ਬਹਾਲ ਕੀਤਾ ਗਿਆ। ਇਹ ਕਾਂਗਰਸ ਦੇਸ਼ ਦੇ ਮੁਖੀ ਨੂੰ ਅਹੁਦਿਓਂ ਬਰਖ਼ਾਸਤ ਵੀ ਕਰ ਸਕਦੀ ਹੈ।

          ਇਥੋਂ ਦੇ ਹਰੇਕ ਨਾਗਰਿਕ ਨੂੰ 18 ਸਾਲ ਦੀ ਉਮਰ ਵਿਚ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ। ਸਾਲ 1978 ਦੇ ਸੰਵਿਧਾਨ ਅਨੁਸਾਰ ਨੈਸ਼ਨਲ ਪੀਪਲਜ਼ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਕਾਰਜਕਾਰੀ ਸਭਾ ਹੈ। ਇਹ ਪ੍ਰਾਂਤਾਂ, ਖ਼ੁਦਮੁਖ਼ਤਾਰ ਖੰਡਾਂ, ਸਥਾਨਕ ਸਰਕਾਰਾਂ ਉੱਤੇ ਕਾਬੂ ਰੱਖਦੀ ਹੈ। ਇਹ ਇਕੋ ਹੀ ਵੱਡੀ ਕਾਰਜਕਾਰੀ ਸੰਸਥਾ ਹੈ ਜਿਸ ਦੇ 1983 ਈ. ਵਿਚ 300 ਮੈਂਬਰ ਸਨ। ਇਸ ਕਮੇਟੀ ਦੇ ਡਿਪਟੀ 5 ਸਾਲਾਂ ਲਈ ਚੁਣੇ ਜਾਂਦੇ ਹਨ। ਇਨ੍ਹਾਂ ਦੀ ਚੋਣ ਹੇਠਲੇ ਪੱਧਰ ਤੇ ਮਿਉਂਸਪਲਟੀਆਂ, ਖ਼ੁਦਮੁਖ਼ਤਾਰ ਖੰਡਾਂ ਅਤੇ ਪੀ. ਐੱਲ. ਏ. ਦੇ ਮੈਂਬਰਾਂ ਦੁਆਰਾ ਹੁੰਦੀ ਹੈ। ਦੇਸ਼ ਦੀ 6ਵੀਂ ਕਾਂਗਰਸ ਵਿਚ ਕਾਮੇ, ਕਿਰਤੀ ਅਤੇ ਫ਼ੌਜੀਆਂ ਨੂੰ ਬਹੁਮੱਤ ਪ੍ਰਾਪਤ ਹੋਇਆ। ਕੁੱਲ ਡਿਪਟੀਆਂ ਵਿਚੋਂ 25 ਫ਼ੀ ਸਦੀ ਡਿਪਟੀ ਔਰਤਾਂ ਹਨ। ਤਾਈਵਾਨ ਅਤੇ ਹੋਰ ਘੱਟ ਗਿਣਤੀ ਵਾਲੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਡਿਪਟੀ ਵੀ ਇਸ ਕਾਂਗਰਸ ਵਿਚ ਸ਼ਾਮਲ ਹਨ। ਇਸ ਕਾਰਜਕਾਰੀ ਸੰਸਥਾ ਕੋਲ ਕਾਨੂੰਨ ਬਣਾਉਣ, ਆਰਥਿਕ ਯੋਜਨਾਵਾਂ ਬਣਾਉਣ ਆਦਿ ਵਰਗੀਆਂ ਕਈ ਸ਼ਕਤੀਆਂ ਹਨ। ਇਸ ਸੰਸਥਾ ਦੀ ਇਕ ਸਹਾਇਕ ਸੰਸਥਾ ਸਟੈਂਡਿੰਗ ਕਮੇਟੀ ਹੈ। ਇਹ ਸੈਸ਼ਨ ਵਾਲੇ ਦਿਨਾਂ ਵਿਚ ਕਾਂਗਰਸ ਦੀ ਥਾਂ ਤੇ ਕੰਮ ਕਰਦੀ ਹੈ। ਸੈਸ਼ਨ ਵਾਲੇ ਦਿਨਾਂ ਤੋਂ ਬਗ਼ੈਰ ਵੀ ਇਹ ਕਈ ਕੰਮ ਕਰਦੀ ਹੈ। ਇਹ ਮਹੀਨੇ ਵਿਚ ਇਕ ਵਾਰੀ ਜ਼ਰੂਰ ਬੈਠਦੀ ਹੈ ਤੇ ਕਈ ਮਹੱਤਵਪੂਰਨ ਨੀਤੀਆਂ ਨਿਰਧਾਤਰ ਕਰਦੀ ਹੈ। ਇਹੋ ਕਾਂਗਰਸ ਦੇ ਪ੍ਰੀਮੀਅਰ, ਉਪ-ਪ੍ਰੀਮੀਅਰ, ਮੰਤਰੀ ਅਤੇ ਕਮਿਸ਼ਨਾਂ ਦੇ ਮੰਤਰੀਆਂ ਦੀ ਨਿਯੁਕਤੀ ਕਰਦੀ ਹੈ।

          ਸਟੇਟ ਕੌਂਸਲ––ਦੇਸ਼ ਦੀ ਇਕ ਹੋਰ ਪ੍ਰਸ਼ਾਸਕੀ ਸੰਸਥਾ ਸਟੇਟ ਕੌਂਸਲ ਹੈ। ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰ ਹੈ। ਇਹ ਮੰਤਰਾਲਿਆਂ ਦੇ ਅਤੇ ਕਮਿਸ਼ਨਾਂ ਦੇ ਕੰਮਾਂ ਉਪਰ ਨਿਗਰਾਨੀ ਰੱਖਦੀ ਹੈ।

          ਸਮਾਜਿਕ ਕ੍ਰਾਂਤੀ ਤੋਂ ਪਹਿਲਾਂ ਇਸ ਅਧੀਨ 90 ਮੰਤਰਾਲੇ ਅਤੇ ਕਮਿਸ਼ਨ ਸਨ ਪਰ ਅੱਜਕੱਲ੍ਹ ਇਨ੍ਹਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਸੰਨ 1987 ਵਿਚ ਸਟੇਟ ਕੌਂਸਲ ਅਧੀਨ 32 ਮੰਤਰਾਲੇ ਅਤੇ 10 ਕਮਿਸ਼ਨ ਸਨ। ਚੂ-ਐਨ-ਲਾਈ ਇਸ ਕੌਂਸਲ ਦੀ ਸਥਾਪਨਾ ਤੋਂ ਮੌਤ (1976) ਤੱਕ ਇਸ ਦਾ ਪ੍ਰੀਮੀਅਰ ਰਿਹਾ ਹੈ। ਇਹ ਫ਼ੌਜ ਦੀ ਸਹਾਇਤਾ ਨਾਲ ਕਈ ਵਾਰੀ ਸਥਿਤੀ ਉੱਤੇ ਕਾਬੂ ਪਾ ਕੇ ਨੀਤੀਆਂ ਲਾਗੂ ਕਰਦੀ ਰਹੀ ਹੈ ਜਿਸ ਕਰਕੇ ਫ਼ੌਜ ਇਥੋਂ ਦੇ ਪ੍ਰਬੰਧਕੀ ਢਾਂਚੇ ਦਾ ਅਟੁੱਟ ਹਿੱਸਾ ਬਣ ਰਹੀ ਹੈ।

          ਸਥਾਨਕ ਪ੍ਰਸ਼ਾਸਨ––ਇਹੋ ਜਿਹੇ ਪ੍ਰਸ਼ਾਸਨ ਲਈ ਪੂਰੇ ਦੇਸ਼ ਨੂੰ 22 ਪ੍ਰਾਂਤਾਂ, 5 ਖ਼ੁਦਮੁਖ਼ਤਾਰ ਖੰਡਾਂ, ਤਿੰਨ ਮਿਉਂਸਪਲਟੀਆਂ ਵਿਚ ਵੰਡਿਆ ਹੋਇਆਹੈ। ਪ੍ਰਾਂਤ ਅਗੋਂ ਪ੍ਰੀਫੈਕਚਰਾਂ ਅਤੇ ਖ਼ੁਦਮੁਖ਼ਤਾਰ ਪ੍ਰੀਫੈਕਚਰਾਂ ਵਿਚ ਵੰਡੇ ਹੋਏ ਹਨ। ਇਨ੍ਹਾਂ ਦੀਆਂ ਅਗੋਂ ਕਾਉਂਟੀਆਂ ਹਨ। ਕਾਉਂਟੀ ਪੱਧਰ ਤੱਕ ਦੀਆਂ ਕਾਂਗਰਸਾਂ ਦੇ ਮੈਂਬਰਾਂ ਦੀ ਚੋਣ ਆਮ ਚੋਣਾਂ ਰਾਹੀਂ ਹੁੰਦੀ ਹੈ ਜਦੋਂ ਕਿ ਪ੍ਰਾਂਤ, ਖ਼ੁਦਮੁਖ਼ਤਾਰ ਖੰਡ ਅਤੇ ਮਿਉਂਸਪਲਟੀ ਸਰਕਾਰ ਦੇ ਪ੍ਰਬੰਧ ਅਧੀਨ ਹਨ। ਹਰੇਕ ਪੱਧਰ ਤੇ ਇਨ੍ਹਾਂ ਦੀਆਂ ਕਾਂਗਰਸਾਂ ਅਤੇ ਉਨ੍ਹਾਂ ਦੀਆਂ ਸਟੈਂਡਿੰਗ ਕਮੇਟੀਆਂ ਹਨ। ਇਹ ਆਪਣੇ ਪੱਧਰ ਤੇ ਆਪਣੇ ਖੇਤਰ ਦਾ ਪ੍ਰਬੰਧ ਚਲਾਉਂਦੀਆਂ ਹਨ। ਸਥਾਨਕ ਆਰਥਿਕ ਯੋਜਨਾਵਾਂ ਬਜਟ ਅਤੇ ਲੇਖੇ ਜੋਖੇ ਸਬੰਧੀ ਕੰਮ ਕਰਦੀਆਂ ਹਨ।

          ਫ਼ੌਜ––ਦੇਸ਼ ਦੀ ਫ਼ੌਜ ‘ਪੀ.ਐਲ.ਏ.’ (ਪੀਪਲਜ਼ ਲਿਬਰੇਸ਼ਨ ਆਰਮੀ) ਵਿਚ ਜਲ-ਥਲ ਤੇ ਵਾਯੂ ਤਿੰਨੇ ਸੇਵਾਵਾਂ ਸ਼ਾਮਲ ਹਨ। ਸੰਨ 1934 ਈ. ਤੱਕ ਇਸਨੂੰ ‘ਰੈੱਡ ਆਰਮੀ’ ਅਤੇ ਚੀਨ-ਜਾਪਾਨ ਜੰਗਾਂ ਵੇਲੇ ਅੱਠਵੀਂ ‘ਰੂਟ ਆਰਮੀ’ ਅਤੇ ਨਿਊ ਫੋਰਥ ਆਰਮੀ’ ਕਹਿੰਦੇ ਸਨ। ਇਸ ਦਾ ਮੌਜੂਦਾ ਨਾਂ ‘ਪੀਪਲਜ਼ ਲਿਬਰੇਸ਼ਨ ਆਰਮੀ’ 1946 ਈ. ਦੀ ਖ਼ਾਨਾਜੰਗੀ ਵੇਲੇ ਪਿਆ। ਪੀ.ਐਲ.ਏ. ਦਾ ਇਤਿਹਾਸ 1 ਅਗਸਤ, 1927 ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ ਹੈ। ਸੰਨ 1936 ਤੋਂ 1938 ਦੌਰਾਨ ਕਮਿਊਨਿਸਟ ਲਹਿਰ ਦੇ ਆਗੂ ਮਾਓ ਦੇ ਲੈਕਚਰਾਂ ਤੇ ਲਿਖ਼ਤਾਂ ਨੇ ਫ਼ੌਜੀਆਂ ਦੇ ਦਿਲਾਂ ਤੇ ਡੂੰਘਾ ਪ੍ਰਭਾਵ ਪਾਇਆ ਜਿਸ ਤੋਂ ਉਹ ਮਾਓ ਪੱਖੀ ਹੋ ਗਏ।

          30 ਜੁਲਾਈ, 1955 ਦੇ ਕਾਨੂੰਨ ਅਨੁਸਾਰ ਚੀਨ ਦੇ ਹਰੇਕ ਆਦਮੀ ਨੂੰ ਜਿਸ ਦਿਨ ਉਹ 18 ਸਾਲ ਦਾ ਹੋ ਜਾਵੇ, ਫ਼ੌਜੀ ਭਰਤੀ ਲਈ ਨਾਂ ਦਰਜ ਕਰਵਾਉਣਾ ਜ਼ਰੂਰੀ ਹੈ। ਭਰਤੀ ਹੋਣ ਉਪਰੰਤ 2 ਤੋਂ 6 ਸਾਲ ਦੀ ਫ਼ੌਜੀ ਸੇਵਾ ਲਾਜ਼ਮੀ ਹੈ ਤੇ ਇਹ ਸਮਾਂ ਵਧਾਇਆ ਵੀ ਜਾ ਸਕਦਾ ਹੈ। ਫ਼ੌਜ ਦੇ ਚਿਕਿਤਸਾ, ਤਕਨੀਕੀ ਅਤੇ ਪਸ਼ੂ-ਚਿਕਿਤਸਾ ਮਹਿਕਮਿਆਂ ਵਿਚ ਔਰਤਾਂ ਵੀ ਕੰਮ ਕਰਦੀਆਂ ਹਨ। ਸੰਨ 1954 ਵਿਚ ਰੱਖਿਆ ਮੰਤਰਾਲਾ ਬਣਾਇਆ ਗਿਆ। ਰੱਖਿਆ ਮੰਤਰੀ ਪੈਗ-ਤੀ-ਹੁਆਏ ਦੀ ਅਗਵਾਈ ਹੇਠ ਪੀ.ਐੱਲ.ਏ. ਨੂੰ ਸੋਵੀਅਤ ਸੰਘ ਵਾਂਗ ਹੀ ਸਿਖਲਾਈ ਦਿਤੀ ਜਾਣ ਲੱਗੀ। ਇਸ ਦੇ ਬਾਰੇ ਇਹ ਵੀ ਖਿਆਲ ਸੀ ਕਿ ਇਹ ਮਾਓ ਪੱਖੀ ਕ੍ਰਾਂਤੀਕਾਰੀਆਂ ਨੂੰ ਦਬਾਉਣ ਲਈ ਫ਼ੌਜ ਨੂੰ ਆਧੁਨਿਕ ਸਿਖਲਾਈ ਦਿਵਾ ਰਿਹਾ ਹੈ। ਇਸੇ ਕਰਕੇ 1959 ਈ. ਵਿਚ ਇਸ ਨੂੰ ਇਸ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਤੋਂ ਪਿਛੋਂ ਲਿਨ ਪਿਆਓ ਨਵਾਂ ਰੱਖਿਆ ਮੰਤਰੀ ਬਣਿਆ ਜਿਸਨੇ ਉਨ੍ਹਾਂ ਤੋਂ ਫ਼ੌਜ ਵਿਚ ਫ਼ੌਜੀ ਸਿਖਲਾਈ ਥੋੜ੍ਹੀ ਤੇ ਸਿਆਸੀ ਕੰਮ ਬਹੁਤਾ ਲਿਆ। 1965 ਈ. ਵਿਚ ਫ਼ੌਜੀਆਂ ਦੇ ਸਾਰੇ ਅਹੁਦੇ ਖ਼ਤਮ ਕਰ ਦਿੱਤੇ ਗਏ। ਰੱਖਿਆ ਮੰਤਰੀ ਨੇ ਮਾਓ ਦੇ ਅਸੂਲਾਂ ਤੇ ਆਧਾਰਿਤ ‘ਲਾਂਗ ਲਿਵ ਦਾ ਵਿਕਟਰੀ ਆਫ਼ ਪੀਪਲਜ਼ ਵਾਰਸ’ ਕਿਤਾਬ ਵੀ ਲਿਖੀ ਜਿਸ ਤੋਂ ਪੀ. ਐੱਲ. ਏ. ਦੀ ਮਾਓ ਪ੍ਰਤੀ ਵਫ਼ਾਦਾਰੀ ਦਾ ਹੋਰ ਸਬੂਤ ਮਿਲਿਆ। ਇਸੇ ਫ਼ੌਜ਼ ਨੇ ਮਾਓ ਦੀ ਅਗਵਾਈ ਹੇਠ ਸਮਾਜਿਕ ਇਨਕਲਾਬ ਲਿਆਉਣ ਵਿਚ ਅਹਿਮ ਰੋਲ ਅਦਾ ਕੀਤਾ। ਸਮਾਜਿਕ ਇਨਕਲਾਬ ਵੇਲੇ ਜਿਹੜੇ ਅਫ਼ਸਰ, ਮਾਰਸ਼ਲ, ਕਮਾਂਡਰ ਮਾਓ ਪੱਖੀ ਨਹੀਂ ਸਨ, ਅਹੁਦਿਉਂ ਬਰਖ਼ਾਸਤ ਕਰ ਦਿਤੇ ਗਏ। ਕਈ ਹੋਰ ਖੇਤਰਾਂ ਵਿਚ ਵੀ ਪੀ. ਐੱਲ. ਏ. ਨੇ ਹੀ ਨੀਤੀਆਂਬਣਾਈਆਂ ਜਿਹੜੀਆਂ ਨਿਰਦੇਸ਼ ਹੀ ਬਣ ਗਈਆਂ। ਪੀ.ਐਲ.ਏ. (ਪੀਪਲਜ਼ ਲਿਬਰੇਸ਼ਨ ਆਰਮੀ) ਨੂੰ ਮੇਨ ਜਾਂ ਵੱਡੀ ਅਤੇ ਸਥਾਨਕ ਜਾਂ ਛੋਟੀ ਇਕਾਈ ਵਿਚ ਵੰਡਿਆ ਹੋਇਆ ਹੈ। ਦੇਸ਼ ਨੂੰ ਮਿਲਟਰੀ ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਸ ਸਮੇਂ ਦੇਸ਼ ਵਿਚ ਕੁੱਲ 7 ਜ਼ੋਨ ਹਨ। ਮੁੱਖ ਫ਼ੌਜ ਹਰੇਕ ਜ਼ੋਨ ਵਿਚ ਤਾਇਨਾਤ ਹੈ ਜਿਹੜੀ ਰੱਖਿਆ ਮੰਤਰਾਲੇ ਦੇ ਅਧੀਨ ਹੁੰਦੀ ਹੈ। ਸਥਾਨਕ ਫ਼ੌਜ ਸਿਰਫ਼ ਆਪਣੇ ਖੇਤਰ ਦੀ ਸੁਰੱਖਿਆ ਦੀ ਹੀ ਜ਼ਿੰਮੇਵਾਰ ਹੈ। ਪੀ.ਐੱਲ.ਏ. ਦੀਆਂ 24 ਇੰਟੈਗਰੇਟਡ ਗਰੁਪ ਆਰਮੀਜ਼ ਹਨ ਜਿਨ੍ਹਾਂ ਵਿਚ 10 ਬਕਤਰਬੰਦ ਦਸਤੇ, 84 ਪਿਆਦਾ ਫ਼ੌਜੀ ਦਲ 7 ਤੋਪਖ਼ਾਨਾ ਡਿਵੀਜ਼ਨਾਂ ਅਤੇ 50 ਇੰਜੀਨੀਅਰੀ ਰੈਜਮੈਂਟ ਹਨ। ਸੰਨ 1992 ਵਿਚ ਪੀ.ਐੱਲ.ਏ. ਫ਼ੌਜੀਆਂ ਦੀ ਸੰਖਿਆ 2.3 ਮਿਲੀਅਨ ਸੀ। ਪੁਲਿਸ ਵਿਚ 30,000 ਸਿਪਾਹੀ ਸਨ। ਇਨ੍ਹਾਂ ਫ਼ੌਜੀਆਂ ਤੋਂ ਇਲਾਵਾ ਇਕ ਹੋਰ ਸੈਨਾ ‘ਪੀਪਲਜ਼ ਮਿਲੀਸ਼ੀਆ’ ਹੈ। ਇਸ ਵਿਚ 6 ਲੱਖ ਸਿਖਲਾਈ ਪ੍ਰਾਪਤ ਜਵਾਨ ਹਨ। ਇਸ ਤੋਂ ਇਲਾਵਾ ਹਜ਼ਾਰਾਂ ਹੀ ਵਿਅਕਤੀਆਂ ਨੂੰ ਥੋੜ੍ਹੀ ਬਹੁਤ ਫ਼ੌਜੀ ਸਿਖਲਾਈ ਦਿੱਤੀ ਗਈ ਹੈ। ਹੋਰ ਦੇਸ਼ਾਂ ਵਾਂਗ ਇਥੋਂ ਦੀ ਸੈਨਾ ਦੇ ਵੀ ਜਲ-ਥਲ ਅਤੇ ਹਵਾਈ ਤਿੰਨ ਅੰਗ ਹਨ। ਸਾਲ 1987 ਵਿਚ ਨੇਵੀ ਵਿਚ ਕੁਲ 298,000 ਅਫ਼ਸਰ ਅਤੇ ਹੋਰ ਅਹੁਦੇਦਾਰ ਸਨ। ਅੱਜਕੱਲ੍ਹ ਇਸ ਵਿਚ ਪਣਡੁੱਬੀਆਂ, ਦੂਰ ਤਕ ਮਾਰ ਕਰਨ ਵਾਲੀਆਂ ਮਿਸਾਈਲ, ਜੰਗੀ ਜਹਾਜ਼ ਅਤੇ ਕਿਸ਼ਤੀਆਂ ਹਨ।

          ਹਵਾਈ ਸੈਨਾ ਵਿਚ ਵੀ 470,000 ਫ਼ੌਜੀ ਹਨ। ਅੱਜਕਲ੍ਹ ਇਹ ਦੇਸ਼ ਨਿਊਕਲੀ ਹਥਿਆਰਾਂ ਦੀ ਵਰਤੋਂ ਉੱਤੇ ਵੀ ਪੂਰਾ ਜ਼ੋਰ ਲਾ ਰਿਹਾ ਹੈ। ਸੰਨ 1964 ਤੋਂ ਪਿੱਛੋਂ ਇਸ ਨੇ 27 ਅਜਿਹੇ ਪ੍ਰਯੋਗ ਕੀਤੇ ਹਨ। ਇਸ ਦੇਸ਼ ਕੋਲ ਇਸ ਵੇਲੇ 4 ਅੰਤਰ ਮਹਾਂਦੀਪੀ ਮਿਸਾਈਲਾਂ, 60 ਦਰਮਿਆਨੀ ਦੂਰੀ ਤੇ ਮਾਰ ਕਰਨ ਵਾਲੀਆਂ ਅਤੇ 50 ਹੋਰ ਮਿਸਾਈਲਾਂ ਹਨ। ਇਹ ਸਭ ਪੀ.ਐੱਲ.ਏ. ਦੀਆਂ ਪ੍ਰਾਪਤੀਆਂ ਹਨ।

          ਮਾਪ-ਤੋਲ-ਪ੍ਰਣਾਲੀ––ਇਥੇ ਮੀਟ੍ਰਿਕ ਸਿਸਟਮ ਲਾਗੂ ਹੈ ਪਰ ਇਸ ਦੇ ਨਾਲ-ਨਾਲ ਪੁਰਾਣੇ ਮਾਪ-ਤੋਲ ਦੇ ਢੰਗ ਵੀ ਪ੍ਰਚੱਲਤ ਹਨ।

          ਕਰੰਸੀ––ਇਸ ਦੇਸ਼ ਦੀ ਕਰੰਸੀ ਰੈਨਮਿਨਬੀ ਹੈ। ਇਸਨੂੰ ਪੀਪਲਜ਼ ਬੈਂਕ ਡਾਲਰ ਵੀ ਆਖਦੇ ਹਨ। ਆਮ ਤੌਰ ਤੇ ਇਸ ਦਾ ਨਾਂ ‘ਯੁਆਨ’ ਹੈ। ਇਸ ਦੇ ਅਗੋਂ 100 ਫੈਨ ਹੁੰਦੇ ਹਨ ਤੇ ਇਕ ਯੁਆਨ ਵਿਚ 10 ਜਿਆਓ ਹੁੰਦੇ ਹਨ ਤੇ ਇਕ ਜਿਆਓ 10 ਫੈਨ ਦੇ ਬਰਾਬਰ ਹੈ। 1,2,5 ਫੈਨ ਦੇ ਸਿੱਕੇ ਹੁੰਦੇ ਹਨ ਤੇ ਬਾਕੀ ਜਿਆਓ ਨੋਟਾਂ ਦੀ ਸ਼ਕਲ ਵਿਚ ਹੁੰਦੇ ਹਨ।

          ਝੰਡਾ––ਚੀਨ ਦੇ ਝੰਡੇ ਦਾ ਰੰਗ ਲਾਲ ਹੈ ਜਿਸ ਵਿਚ ਉਪਰ ਵੱਲ ਝੰਡੇ ਦੇ ਨਾਲ ਪੀਲੇ ਰੰਗ ਦਾ ਵੱਡਾ ਸਿਤਾਰਾ ਹੈ ਜਿਸ ਦੇ ਸੱਜੇ ਪਾਸੇ ਚਾਰ ਹੋਰ ਛੋਟੇ ਸਿਤਾਰੇ ਅਰਧ-ਚਕਰ ਜਿਹੇ ਵਿਚ ਬਣੇ ਹੋਏ ਹਨ।

          ਹ. ਪੁ.––ਸਟੇ. ਯੀ. ਬੁ. 1987, 1993-94; ਐਨ. ਬ੍ਰਿ. ਮੈ. 6 : 31; ਕੋਲ. ਐਨ. 4 : 705


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.