ਜੱਸਾ ਸਿੰਘ ਰਾਮਗੜ੍ਹੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਸਾ ਸਿੰਘ ਰਾਮਗੜ੍ਹੀਆ ( 1723-1803 ਈ. ) : ਰਾਮਗੜ੍ਹੀਆ ਮਿਸਲ ਦੇ ਬਾਨੀ ਅਤੇ 18ਵੀਂ ਸਦੀ ਵਿਚ ਹੋਏ ਬਹਾਦਰ ਸਿੱਖ ਯੋਧਾ ਸ. ਜੱਸਾ ਸਿੰਘ ਦਾ ਜਨਮ 5 ਮਈ 1723 ਈ. ਨੂੰ ਲਾਹੌਰ ਜ਼ਿਲ੍ਹੇ ਦੇ ਇਛੋਗਿਲ ( ਈਚੋਗਿਲ ) ਪਿੰਡ ਵਿਚ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ । ਇਸ ਦੇ ਦਾਦਾ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਸੀ ਅਤੇ ਬੰਦਾ ਬਹਾਦਰ ਦੀਆਂ ਮੁਗ਼ਲਾਂ ਨਾਲ ਹੋਈਆਂ ਲੜਾਈਆਂ ਵਿਚ ਹਿੱਸਾ ਲਿਆ ਸੀ । ਸੰਨ 1739 ਈ. ਵਿਚ ਹੋਏ ਨਾਦਰ ਸ਼ਾਹ ਦੇ ਹਮਲੇ ਵੇਲੇ ਇਸ ਦਾ ਪਿਤਾ ਲੜਾਈ ਵਿਚ ਮਾਰਿਆ ਗਿਆ । ਉਸ ਤੋਂ ਬਾਦ ਇਹ ਨੰਦ ਸਿੰਘ ਸੰਘਣੀਆ ਦੇ ਜੱਥੇ ਵਿਚ ਸ਼ਾਮਲ ਹੋ ਗਿਆ ਅਤੇ ਯੁੱਧ-ਕਰਮ ਵਿਚ ਪ੍ਰਬੀਨਤਾ ਹਾਸਲ ਕੀਤੀ ।

                      ਭਾਈ ਕਾਨ੍ਹ ਸਿੰਘ ਅਨੁਸਾਰ ਆਪਣੀ ਕੁੜੀ ਨੂੰ ਮਾਰਨ ਦੇ ਦੋਸ਼ ਵਿਚ ਇਸ ਨੂੰ ਪੰਥ ਤੋਂ ਛੇਕਿਆ ਗਿਆ । ਸੰਨ 1745 ਈ. ਵਿਚ ਇਸ ਦੇ ਜਲੰਧਰ-ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਪਾਸ ਨੌਕਰੀ ਕਰ ਲੈਣ ’ ਤੇ ਪੰਥ ਵਿਚ ਇਸ ਪ੍ਰਤਿ ਅਨਾਦਰ ਦੀ ਭਾਵਨਾ ਪਸਰ ਗਈ । ਅਕਤੂਬਰ 1748 ਈ. ਵਿਚ ਜਦੋਂ ਦੀਵਾਲੀ ਦੇ ਮੌਕੇ ’ ਤੇ ਅੰਮ੍ਰਿਤਸਰ ਵਿਚ ਸਰਬੱਤ ਖ਼ਾਲਸਾ ਜੁੜਿਆ , ਤਾਂ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮ੍ਰਿਤਸਰ ਉਤੇ ਹਮਲਾ ਕਰ ਦਿੱਤਾ । ਬਹੁਤੇ ਸਿੱਖ ਨੇੜਲੇ ਜੰਗਲ ਵਲ ਖਿਸਕ ਗਏ , ਪਰ ਲਗਭਗ 500 ਸਿੱਖਾਂ ਨੇ ਨਵੀਂ ਬਣੀ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਵਿਚ ਸ਼ਰਣ ਲੈ ਲਈ । ਮੁਗ਼ਲ ਸੈਨਾ ਨੇ ਚਾਰ ਮਹੀਨੇ ਘੇਰਾ ਪਾਈ ਰਖਿਆ ਜਿਸ ਵਿਚ ਲਗਭਗ ਦੋ ਸੌ ਸਿੰਘ ਸ਼ਹੀਦ ਹੋ ਗਏ । ਬਾਕੀ ਬਚੇ ਅੰਦਰਲਿਆਂ ਸਿੰਘਾਂ ਨੇ ਸ. ਜੱਸਾ ਸਿੰਘ ਨੂੰ ਮਦਦ ਲਈ ਕਿਹਾ । ਜੱਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛਡ ਕੇ ਦੀਵਾਨ ਕੌੜਾ ਮੱਲ ਰਾਹੀਂ ਗੜ੍ਹੀ ਦਾ ਘੇਰਾ ਹਟਵਾਇਆ ਅਤੇ ਪੰਥ ਤੋਂ ਮਾਫ਼ੀ ਮੰਗੀ । ਨਵੰਬਰ , 1753 ਈ. ਵਿਚ ਮੀਰ ਮੰਨੂ ਦੀ ਮ੍ਰਿਤੂ ਤੋਂ ਬਾਦ ਪੰਜਾਬ ਵਿਚ ਅਰਾਜਕਤਾ ਪਸਰ ਗਈ । ਸਿੱਖਾਂ ਨੇ ਆਪਣੀ ਸ਼ਕਤੀ ਸੰਗਠਿਤ ਕਰਨੀ ਸ਼ੁਰੂ ਕਰ ਦਿੱਤੀ । ‘ ਰਾਮ ਰੌਣੀ ’ ਗੜ੍ਹੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜੱਸਾ ਸਿੰਘ ਨੂੰ ਸੌਂਪਿਆ ਗਿਆ । ਇਸ ਨੇ ਗੜ੍ਹੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਂ ‘ ਰਾਮਗੜ੍ਹ ’ ਰਖਿਆ । ਉਸ ਦਿਨ ਤੋਂ ਇਸ ਨੂੰ ‘ ਰਾਮਗੜ੍ਹੀਆ’ ਕਿਹਾ ਜਾਣ ਲਗਾ ।

                      ਅਪ੍ਰੈਲ 1758 ਈ. ਵਿਚ ਅਦੀਨਾ ਬੇਗ ਲਾਹੌਰ ਦਾ ਸੂਬੇਦਾਰ ਬਣਿਆ । ਉਸ ਨੇ ਮੀਰ ਅਜ਼ੀਜ਼ ਬਖ਼ਸ਼ੀ ਨੂੰ ਬਹੁਤ ਸਾਰੀ ਫ਼ੌਜ ਦੇ ਕੇ ਲਾਹੌਰ ਦੇ ਨੇੜੇ-ਤੇੜੇ ਦੇ ਜੰਗਲਾਂ ਨੂੰ ਸਾਫ਼ ਕਰਾਉਣਾ ਸ਼ੁਰੂ ਕੀਤਾ । ਜੱਸਾ ਸਿੰਘ ਨੇ ਜੈ ਸਿੰਘ ਕਨ੍ਹੀਆ ਅਤੇ ਕਈ ਹੋਰ ਸਰਦਾਰਾਂ ਸਮੇਤ ਰਾਮਗੜ੍ਹ ਵਿਚ ਸ਼ਰਣ ਲਈ , ਪਰ ਉਥੋਂ ਵੀ ਖਿਸਕਣਾ ਪਿਆ । ਸਤੰਬਰ 1758 ਈ. ਵਿਚ ਅਦੀਨਾ ਬੇਗ ਦੀ ਮ੍ਰਿਤੂ ਤੋਂ ਬਾਦ ਇਸ ਨੇ ਜੈ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿਚਾਲੇ ਵਾਲੇ ਖੇਤਰ ਉਤੇ ਅਧਿਕਾਰ ਜਮਾ ਲਿਆ । ਹੋਰਾਂ ਮਿਸਲਦਾਰਾਂ ਨਾਲ ਮਿਲ ਕੇ ਇਸ ਨੇ ਅਹਿਮਦਸ਼ਾਹ ਦੁਰਾਨੀ ਨਾਲ ਹੋਈਆਂ ਕਈ ਲੜਾਈਆਂ ਵਿਚ ਹਿੱਸਾ ਲਿਆ । ਸੰਨ 1770 ਈ. ਵਿਚ ਇਸ ਨੇ ਕਾਂਗੜੇ ਦੀਆ ਪਹਾੜੀ ਰਿਆਸਤਾਂ ਤੋਂ ਖ਼ਿਰਾਜ ਵਸੂਲ ਕਰਨਾ ਸ਼ੁਰੂ ਕੀਤਾ ਅਤੇ ਹੁਸ਼ਿਆਰਪੁਰ ਵਲ ਦੇ ਕਈ ਇਲਾਕਿਆਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ । ਨਵੇਂ ਨਵੇਂ ਇਲਾਕੇ ਜਿਤਣ ਦੀ ਹੋੜ ਵਿਚ ਇਸ ਦਾ ਜੱਸਾ ਸਿੰਘ ਆਹਲੂਵਾਲੀਆ ਨਾਲ ਵੈਰ ਪੈ ਗਿਆ । ਫਲਸਰੂਪ ਇਸ ਨੂੰ ਹਿਸਾਰ ਵਲ ਭਜਣਾ ਪਿਆ । ਉਥੇ ਇਸ ਨੇ ਹਿਸਾਰ ਦੇ ਮੁਸਲਮਾਨ ਹਾਕਮ ਤੋਂ ਬ੍ਰਾਹਮਣ ਲੜਕੀਆਂ ਨੂੰ ਮੁਕਤ ਕਰਾ ਕੇ ਬਹੁਤ ਜਸ ਖਟਿਆ । ਹੌਲੀ ਹੌਲੀ ਇਸ ਨੇ ਕਾਫ਼ੀ ਸੈਨਿਕ ਇਕੱਠੇ ਕਰ ਲਏ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਨਾਲ ਮਿਲ ਕੇ ਦਿੱਲੀ ਅਤੇ ਜਮਨਾ ਪਾਰ ਦੇ ਇਲਾਕਿਆਂ ਉਤੇ ਜਿਤਾਂ ਪ੍ਰਾਪਤ ਕੀਤੀਆਂ ।

                      ਅਕਤੂਬਰ 1783 ਈ. ਵਿਚ ਜੱਸਾ ਸਿੰਘ ਆਹਲੂਵਾਲੀਆ ਦੇ ਦੇਹਾਂਤ ਤੋਂ ਬਾਦ ਦਲ ਖ਼ਾਲਸਾ ਵਿਚ ਤ੍ਰੇੜਾਂ ਪੈ ਗਈਆਂ । ਜੈ ਸਿੰਘ ਕਨ੍ਹੀਆ ਅਤੇ ਮਹਾਂ ਸਿੰਘ ਸੁਕਰਚਕੀਆ ਆਪਸ ਵਿਚ ਲੜ ਪਏ । ਮਹਾਂ ਸਿੰਘ ਨੇ ਜੱਸਾ ਸਿੰਘ ਨੂੰ ਪੰਜਾਬ ਵਾਪਸ ਬੁਲਾ ਲਿਆ । ਦੋਹਾਂ ਨੇ ਮਿਲ ਕੇ ਸੰਨ 1787 ਈ. ਵਿਚ ਜੈ ਸਿੰਘ ਕਨ੍ਹੀਆ ਦੇ ਬਟਾਲਾ ਵਿਚਲੇ ਕਿਲ੍ਹੇ ਉਤੇ ਹਮਲਾ ਕੀਤਾ । ਜੈ ਸਿੰਘ ਹਾਰ ਗਿਆ ਅਤੇ ਉਸ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ । ਇਸ ਤਰ੍ਹਾ ਜੱਸਾ ਸਿੰਘ ਨੇ ਖੋਹੇ ਹੋਏ ਆਪਣੇ ਸਾਰਿਆਂ ਇਲਾਕਿਆਂ ਉਤੇ ਫਿਰ ਤੋਂ ਅਧਿਕਾਰ ਕਰ ਲਿਆ । ਬਾਰੀ ਅਤੇ ਜਲੰਧਰ ਦੁਆਬਾਂ ਦੇ ਬਹੁਤੇ ਇਲਾਕੇ ਇਸ ਦੇ ਅਧੀਨ ਹੋ ਗਏ । ਇਸ ਨੇ ਕਾਂਗੜਾ , ਨੂਰਪੁਰ , ਮੰਡੀ ਅਤੇ ਚੰਬੇ ਦੀਆਂ ਰਿਆਸਤਾਂ ਤੋਂ ਵੀ ਖ਼ਿਰਾਜ ਵਸੂਲ ਕਰਨਾ ਸ਼ੁਰੂ ਕੀਤਾ । ਸਮੁੱਚੇ ਤੌਰ ’ ਤੇ ਇਹ ਇਕ ਨਿਰਭੈ ਯੋਧਾ ਹੀ ਨਹੀਂ ਸੀ , ਸਗੋਂ ਬਹੁਤ ਧਰਮਾਤਮਾ ਅਤੇ ਨੇਕ-ਦਿਲ ਇਨਸਾਨ ਸੀ । ਗ਼ਰੀਬਾਂ ਦੀ ਬਹੁਤ ਮਦਦ ਕਰਦਾ ਸੀ । ਗੁਰਬਾਣੀ ਦੇ ਪਾਠ ਵਿਚ ਇਸ ਦੀ ਬਹੁਤ ਰੁਚੀ ਸੀ । ਇਸ ਦਾ ਦੇਹਾਂਤ 80 ਵਰ੍ਹਿਆਂ ਦੀ ਉਮਰ ਵਿਚ 20 ਅਪ੍ਰੈਲ 1803 ਈ. ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਹੋਇਆ । ਸੰਨ 1965 ਈ. ਵਿਚ ਇਸ ਦੇ ਸਿੰਘਪੁਰਾ ( ਜ਼ਿਲ੍ਹਾ ਹੁਸ਼ਿਆਰਪੁਰ ) ਸਥਿਤ ਕਿਲ੍ਹੇ ਦੀ ਨਿਸ਼ਾਨਦੇਹੀ ਕਰਕੇ ਸਮਾਰਕ ਤਿਆਰ ਕੀਤਾ ਗਿਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੱਸਾ ਸਿੰਘ ਰਾਮਗੜ੍ਹੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਸਾ ਸਿੰਘ , ਰਾਮਗੜ੍ਹੀਆ : ਵੇਖੋ ਰਾਮਗੜ੍ਹੀਆ , ਜੱਸਾ ਸਿੰਘ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.