ਨਾਭਾ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਭਾ ਰਿਆਸਤ : ਇਸ ਦੀ ਸਥਾਪਨਾ ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਿਲੋਕੇ ( ਤਿਲੋਕ ਸਿੰਘ ) ਦੇ ਵੰਸ਼ਜ ਰਾਜਾ ਹਮੀਰ ਸਿੰਘ ਨੇ ਸੰਨ 1755 ਈ. ਵਿਚ ਕੀਤੀ । ਇਸ ਤੋਂ ਪਹਿਲਾਂ ਇਸ ਦਾ ਦਾਦਾ ਚੌਧਰੀ ਗੁਰਦਿੱਤ ਸਿੰਘ ਇਕ ਪ੍ਰਤਾਪੀ ਸਰਦਾਰ ਸੀ । ਉਸ ਨੇ ਕਾਫ਼ੀ ਇਲਾਕੇ ਜਿਤ ਕੇ ਆਪਣੀ ਜਾਗੀਰ ਵਿਚ ਵਾਧਾ ਕੀਤਾ ਸੀ । ਸਰਹਿੰਦ ਦੀ ਜਿਤ ਤੋਂ ਬਾਦ ਹਮੀਰ ਸਿੰਘ ਨੂੰ ਅਮਲੋਹ ਦਾ ਇਲਾਕਾ ਮਿਲਿਆ ਅਤੇ ਬਾਦ ਵਿਚ ਰੋੜੀ ਦਾ ਇਲਾਕਾ ਵੀ ਮਲਿਆ ।

ਦਸੰਬਰ 1783 ਈ. ਵਿਚ ਰਾਜਾ ਹਮੀਰ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦਾ ਅੱਠ ਸਾਲਾਂ ਦਾ ਪੁੱਤਰ ਰਾਜਾ ਜਸਵੰਤ ਸਿੰਘ ਗੱਦੀ ਉਤੇ ਬੈਠਾ । ਉਸ ਦੇ ਬਾਲਗ ਹੋਣ ਤਕ ਉਸ ਦੀ ਮਤਰੇਈ ਮਾਂ ਰਾਨੀ ਦੇਸਾਂ ਨੇ ਰਾਜ ਦਾ ਪ੍ਰਬੰਧ ਬੜੀ ਸੁਚਜਤਾ ਨਾਲ ਚਲਾਇਆ ਅਤੇ ਭੰਗੀ ਅਤੇ ਕਨ੍ਹੀਆ ਮਿਸਲਾਂ ਦੇ ਸਰਦਾਰਾਂ ਦੀ ਮਦਦ ਨਾਲ ਜੀਂਦ ਦੇ ਰਾਜਾ ਗਜਪਤਿ ਸਿੰਘ ਵਲੋਂ ਦਬਾਏ ਇਲਾਕਿਆਂ ਨੂੰ ਫਿਰ ਤੋਂ ਆਪਣੇ ਅਧਿਕਾਰ ਵਿਚ ਲਿਆਉਂਦਾ । ਇਸ ਨੇ ਮਈ 1809 ਈ. ਵਿਚ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਹਾਸਲ ਕਰ ਲਈ ਅਤੇ ਸੰਨ 1814 ਈ. ਵਿਚ ਕਾਬੁਲ ਦੀ ਮੁਹਿਮ ਵਿਚ ਅੰਗ੍ਰੇਜ਼ਾਂ ਦਾ ਸਾਥ ਦਿੱਤਾ । 22 ਮਈ 1840 ਈ. ਵਿਚ ਜਸਵੰਤ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਦੇਵਿੰਦਰ ਸਿੰਘ ਗੱਦੀ ਉਤੇ ਬੈਠਾ । ਉਹ ਸੂਧੇ ਸੁਭਾ ਦਾ ਲਾਈਲਗ ਪ੍ਰਸ਼ਾਸਕ ਸੀ ਅਤੇ ਅਧਿਕਤਰ ਬ੍ਰਾਹਮਣਾਂ ਦੁਆਰਾ ਘਿਰਿਆ ਰਹਿੰਦਾ ਸੀ । ਅੰਗ੍ਰੇਜ਼ਾਂ ਦੀ ਸਿੱਖਾਂ ਨਾਲ ਹੋਈ ਪਹਿਲੀ ਲੜਾਈ ਵਿਚ ਇਸ ਨੇ ਲਾਹੌਰ ਦਰਬਾਰ ਨਾਲ ਹਮਦਰਦੀ ਜਤਾਈ , ਜਿਸ ਦੇ ਫਲਸਰੂਪ ਲੜਾਈ ਤੋਂ ਬਾਦ ਇਸ ਨੂੰ ਸੰਨ 1846 ਈ. ਵਿਚ ਗੱਦੀਓਂ ਲਾਹ ਕੇ ਅਤੇ ਪੰਜਾਹ ਹਜ਼ਾਰ ਦੀ ਪੈਨਸ਼ਨ ਦੇ ਕੇ ਮਥੁਰਾ ਭੇਜ ਦਿੱਤਾ ਗਿਆ ਅਤੇ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰ ਲਿਆ ਗਿਆ । ਸੰਨ 1865 ਈ. ਵਿਚ ਉਸ ਦਾ ਦੇਹਾਂਤ ਹੋ ਗਿਆ ।

ਜਨਵਰੀ 1847 ਈ. ਵਿਚ ਰਾਜਾ ਦੇਵਿੰਦਰ ਸਿੰਘ ਦੇ ਸੱਤ ਸਾਲ ਦੇ ਲੜਕੇ ਟਿੱਕਾ ਭਰਪੂਰ ਸਿੰਘ ਨੂੰ ਗੱਦੀ ਉਤੇ ਬਿਠਾਇਆ ਗਿਆ । ਉਸ ਦੇ ਬਾਲਗ਼ ਹੋਣ ਤਕ ਹਕੂਮਤ ਦਾ ਪ੍ਰਬੰਧ ਤਿੰਨ ਅਧਿਕਾਰੀਆਂ ਦੀ ਕੌਂਸਲ ਨੇ ਚਲਾਇਆ । ਸੰਨ 1857 ਈ. ਦੇ ਗ਼ਦਰ ਵੇਲੇ ਇਸ ਨੇ ਬ੍ਰਿਟਿਸ਼ ਸਰਕਾਰ ਦੀ ਬਹੁਤ ਮਦਦ ਕੀਤੀ ਜਿਸ ਦੇ ਇਵਜ਼ਾਨੇ ਵਜੋਂ ਲੁਧਿਆਣਾ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਿਆਂ ਵਿਚ ਇਸ ਰਿਆਸਤ ਦਾ ਪਹਿਲਾਂ ਜ਼ਬਤ ਕੀਤਾ ਇਲਾਕਾ ਫਿਰ ਬਹਾਲ ਕਰ ਦਿੱਤਾ ਗਿਆ ਅਤੇ ਝੱਜਰ ਰਿਆਸਤ ਵਿਚੋਂ ਬਾਵਲ ਅਤੇ ਕਾਂਟੀ ਦਾ ਇਲਾਕਾ ਵੀ ਪ੍ਰਦਾਨ ਕੀਤਾ ਗਿਆ । ਰਾਜਾ ਭਰਪੂਰ ਸਿੰਘ ਪੜ੍ਹਿਆ ਲਿਖਿਆ ਅਤੇ ਰਿਆਸਤ ਦੇ ਪ੍ਰਬੰਧ ਵਿਚ ਵੀ ਨਿਪੁਣ ਸੀ । 9 ਨਵੰਬਰ 1863 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਭਰਾ ਭਗਵਾਨ ਸਿੰਘ ਗੱਦੀ ਉਤੇ ਬੈਠਾ ਜੋ ਰਾਜ-ਪ੍ਰਬੰਧ ਵਿਚ ਯੋਗ ਸਿੱਧ ਨ ਹੋਇਆ । ਉਹ ਵੀ ਅੱਠ ਸਾਲ ਬਾਦ 31 ਮਈ 1871 ਈ. ਨੂੰ ਬੇ-ਔਲਾਦ ਮਰ ਗਿਆ ।

ਉਸ ਤੋਂ ਬਾਦ ਬਡਰੁਖਾਂ ਸ਼ਾਖਾ ਦੇ ਸ. ਸੁਖਾ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜ-ਗੱਦੀ ਦੇ ਵਾਰਸ ਵਜੋਂ ਚੁਣਿਆ ਗਿਆ , ਕਿਉਂਕਿ ਉਹ ਸਭ ਨਾਲੋਂ ਜ਼ਿਆਦਾ ਨਜ਼ਦੀਕੀ ਸੰਬੰਧ ਵਾਲਾ ਸੀ । 10 ਅਗਸਤ 1871 ਈ. ਨੂੰ ਉਹ ਗੱਦੀ ਉਤੇ ਬੈਠਾ । ਉਸ ਨੇ ਦੀਵਾਨ ਸੇਵਾ ਸਿੰਘ ਦੀ ਸਹਾਇਤਾ ਨਾਲ ਸੁਚੱਜੇ ਢੰਗ ਨਾਲ ਰਾਜ ਚਲਾਇਆ । ਉਸ ਨੇ 40 ਸਾਲਾਂ ਦੇ ਰਾਜ-ਕਾਲ ਵਿਚ ਰਿਆਸਤ ਵਿਚ ਕਈ ਪ੍ਰਕਾਰ ਦੇ ਸੁਧਾਰ ਕੀਤੇ । ਨਵੀਆਂ ਇਮਾਰਤਾਂ ਬਣਵਾਈਆਂ , ਖ਼ਾਲਸਾ ਕਾਲਜ , ਅੰਮ੍ਰਿਤਸਰ ਦੇ ਖੋਲ੍ਹਣ ਵੇਲੇ ਕਾਫ਼ੀ ਮਾਇਕ ਸਹਾਇਤਾ ਦਿੱਤੀ , ਮੈਕਾਲਫ਼ ਤੋਂ ਸਿੱਖ ਧਰਮ ਬਾਰੇ ਇਤਿਹਾਸ ਲਿਖਾਉਣ ਵਿਚ ਉਚੇਚੀ ਰੁਚੀ ਵਿਖਾਈ । ਅੰਗ੍ਰੇਜ਼ ਸਰਕਾਰ ਨੇ ਉਸ ਨੂੰ ‘ ਮਹਾਰਾਜਾ’ ਪਦ ਪ੍ਰਦਾਨ ਕੀਤਾ । 25 ਦਸੰਬਰ 1911 ਈ. ਨੂੰ ਇਸ ਦਾ ਦੇਹਾਂਤ ਹੋਇਆ । ਇਸ ਤੋਂ ਬਾਦ 24 ਜਨਵਰੀ 1912 ਈ. ਨੂੰ ਟਿੱਕਾ ਰਿਪੁਦਮਨ ਸਿੰਘ ( ਵੇਖੋ ) ਗੱਦੀ ਉਤੇ ਬੈਠਾ । ਉਹ ਬੜਾ ਸਚੇਤ ਅਤੇ ਸਿੱਖ ਧਰਮ ਬਾਰੇ ਬੜਾ ਪ੍ਰਬੁਧ ਵਿਅਕਤੀ ਸੀ । ਉਸ ਦਾ ਝੁਕਾ ਕਾਂਗ੍ਰਸ ਵਲ ਵੀ ਸੀ । ਉਸ ਨੇ ਆਨੰਦ ਮੈਰਿਜ ਐਕਟ ਪਾਸ ਕਰਾਉਣ ਲਈ ਮੁਢਲੇ ਉਦਮ ਕੀਤੇ । ਨਨਕਾਣਾ ਸਾਹਿਬ ਦੇ ਸਾਕੇ ਵੇਲੇ ਉਸ ਨੇ ਕਾਲੀ ਦਸਤਾਰ ਬੰਨ੍ਹੀ । ਪਟਿਆਲਾ ਰਿਆਸਤ ਨਾਲ ਪੈਦਾ ਹੋਏ ਝਗੜੇ ਵਿਚ ਅੰਗ੍ਰੇਜ਼ ਸਰਕਾਰ ਨੇ ਉਸ ਨੂੰ ਕਸੂਰਵਾਰ ਠਹਿਰਾਇਆ । ਜੁਲਾਈ 1923 ਈ. ਵਿਚ ਉਸ ਨੂੰ ਗੱਦੀਓਂ ਉਤਾਰ ਦਿੱਤਾ ਗਿਆ ਅਤੇ ਤਿੰਨ ਲੱਖ ਸਾਲਾਨਾ ਪੈਨਸ਼ਨ ਦੇ ਕੇ ਦੇਹਰਾਦੂਨ ਭੇਜ ਦਿੱਤਾ ਗਿਆ । ਅਕਾਲੀਆਂ ਨੇ ਇਸ ਫ਼ੈਸਲੇ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸ ਨਿਮਿਤ ਰਖੇ ਗਏ ਅਖੰਡ ਪਾਠ ਦੇ ਖੰਡਿਤ ਹੋਣ’ ਤੇ ਅਕਾਲੀਆਂ ਨੇ ‘ ਜੈਤੋ ਦਾ ਮੋਰਚਾ ’ ਲਗਾਇਆ ।

ਜੁਲਾਈ 1923 ਈ. ਵਿਚ ਰਿਪੁਦਮਨ ਸਿੰਘ ਦੇ ਲੜਕੇ ਪ੍ਰਤਾਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ । ਪਰ ਉਸ ਦੇ ਬਾਲਗ ਹੋਣ ਤਕ ਅੰਗ੍ਰੇਜ਼ ਸਰਕਾਰ ਵਲੋਂ ਨਿਯੁਕਤ ਐਡਮਨਿਸਟ੍ਰੇਟਰ ਸੰਨ 1938 ਈ. ਤਕ ਕੰਮ ਚਲਾਉਂਦਾ ਰਿਹਾ । ਸੰਨ 1948 ਈ. ਤਕ ਮਹਾਰਾਜਾ ਪ੍ਰਤਾਪ ਸਿੰਘ ਰਾਜ ਕਰਦਾ ਰਿਹਾ । ਅਗਸਤ 1948 ਈ. ਵਿਚ ਇਸ ਰਿਆਸਤ ਨੂੰ ਪੰਜਾਬ ਦੀਆਂ ਹੋਰ ਰਿਆਸਤਾਂ ਸਮੇਤ ‘ ਪੈਪਸੂ ’ ਵਿਚ ਸ਼ਾਮਲ ਕਰ ਦਿੱਤਾ ਗਿਆ ।

ਇਸ ਰਿਆਸਤ ਦਾ ਕੁਲ ਰਕਬਾ 950 ਮਰਬਾ- ਮੀਲ ਸੀ ਅਤੇ 28 ਲੱਖ ਸਾਲਾਨਾ ਆਮਦਨ ਸੀ । ਸੰਨ 1931 ਈ. ਦੀ ਮਰਦਮਸ਼ੁਮਾਰੀ ਵੇਲੇ ਇਸ ਦੀ ਆਬਾਦੀ 2 , 87 , 574 ਸੀ । ਪੰਜਾਬ ਦੀਆਂ ਸਿੱਖ ਰਿਆਸਤਾਂ ਵਿਚ ਇਸ ਦਾ ਤੀਜਾ ਸਥਾਨ ਸੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.