ਨਿਰਗੁਣ ਬ੍ਰਹਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਰਗੁਣ ਬ੍ਰਹਮ : ਸਿੱਖ ਧਰਮ ਵਿਚ ਪਰਮਾਤਮਾ ਦਾ ਸਰੂਪ ਨਿਰਗੁਣ ਬ੍ਰਹਮ ਵਾਲਾ ਹੈ । ‘ ਨਿਰਗੁਣ’ ਦਾ ਸ਼ਾਬਦਿਕ ਅਰਥ ਹੈ ‘ ਗੁਣ-ਰਹਿਤ’ , ਪਰ ਆਪਣੇ ਪਰਿਭਾਸ਼ਿਕ ਰੂਪ ਵਿਚ ਇਸ ਦਾ ਅਰਥ ਹੈ ‘ ਗੁਣਾਤੀਤ’ , ਅਰਥਾਤ ਜੋ ਗੁਣਾਂ ਦੀ ਸੀਮਾ ਵਿਚ ਬੰਨ੍ਹਿਆ ਨ ਜਾ ਸਕੇ । ਉਪਾਸਨਾ ਖੇਤਰ ਵਿਚ ਇਹ ਇਕ ਅਜਿਹੀ ਅਨਿਰਵਚਨੀਯ ਸੱਤਾ ਦੀ ਸੰਗਿਆ ਦਾ ਬੋਧਕ ਹੈ , ਜੋ ਸਾਂਖੑਯ-ਦਰਸ਼ਨ ਦੇ ਸਤੋ , ਰਜੋ ਅਤੇ ਤਮੋ ਨਾਂ ਦੇ ਗੁਣਾਂ ਅਥਵਾ ਵੈਸ਼ੇਸ਼ਿਕ ਦਰਸ਼ਨ ਦੇ ਰੂਪ , ਰਸ , ਗੰਧ , ਸਪਰਸ਼ , ਪਰਿਮਾਣ , ਪ੍ਰਿਥਕਤ੍ਵ , ਸੰਯੋਗ , ਵਿਭਾਗ , ਦ੍ਵੈਸ਼ , ਯਤਨ , ਗੁਰੁਤ੍ਵ , ਸਨੇਹ , ਸੰਸਕਾਰ , ਅਦ੍ਰਿਸ਼ਟ , ਧਰਮ , ਅਧਰਮ , ਅਤੇ ਸ਼ਬਦ ਨਾਂ ਦੇ 24 ਗੁਣਾਂ ਤੋਂ ਪਰੇ ਸਮਝੀ ਜਾਂਦੀ ਹੈ , ਅਤੇ ਜਿਸ ਨੂੰ ਆਮ ਕਰਕੇ ਪਰਮਾਤਮਾ , ਬ੍ਰਹਮ ਜਾਂ ਪਰਮਤੱਤ੍ਵ ਨਾਂ ਦਿੱਤਾ ਜਾਂਦਾ ਹੈ ।

‘ ਨਿਰਗੁਣ’ ਸ਼ਬਦ ਦੀ ਉਕਤ ਵਿਆਖਿਆ ਦਾ ਸਮਰਥਨ ‘ ਸ਼੍ਵੈਤਾਸ਼੍ਵਤਰ-ਉਪਨਿਸ਼ਦ’ ( 6/11 ) ਤੋਂ ਸਹਿਜ ਹੀ ਹੋ ਜਾਂਦਾ ਹੈ , ਜਿਥੇ ਇਸ ਨੂੰ ‘ ਦੇਵ ’ ( ਪਰਮਾਤਮਾ ) ਦਾ ਇਕ ਵਿਸ਼ੇਸ਼ਣ ਮੰਨਿਆ ਗਿਆ ਹੈ , ਜਿਵੇਂ— ਸਾਰਿਆਂ ਪ੍ਰਾਣੀਆਂ ਵਿਚ ਸਥਿਤ ਇਕ ਦੇਵ ਹੈ , ਉਹ ਸਰਵ-ਵਿਆਪਕ , ਸਾਰੇ ਪ੍ਰਾਣੀਆਂ ਦਾ ਅੰਤਰ-ਆਤਮਾ , ਕਰਮਾਂ ਦੀ ਦੇਖ-ਭਾਲ ਕਰਨ ਵਾਲਾ , ਸਾਰਿਆਂ ਪ੍ਰਾਣੀਆਂ ਵਿਚ ਵਸਿਆ ਹੋਇਆ , ਸਭ ਦਾ ਸਾਖੀ , ਸਭ ਨੂੰ ਚੇਤਨਾ ਪ੍ਰਦਾਨ ਕਰਨ ਵਾਲਾ , ਸ਼ੁੱਧ ਅਤੇ ਨਿਰਗੁਣ ਹੈ ।

ਨਿਰਗੁਣ-ਬ੍ਰਹਮ ਦਾ ਵਰਣਨ-ਵਿਸ਼ਲੇਸ਼ਣ ਯੁਗ ਯੁਗ ਵਿਚ ਸੀਮਿਤ ਜਾਂ ਅਸੀਮਿਤ ਰੂਪ ਅਥਵਾ ਅਰਥ ਵਿਚ ਹੁੰਦਾ ਆਇਆ ਹੈ , ਪਰ ਇਸ ਦੇ ਸਰੂਪ ਸੰਬੰਧੀ ਵਾਸਤਵਿਕ ਅਤੇ ਅਨੁਭੂਤੀ ਜਨਕ ਅਭਿਵਿਅਕਤੀ ਮੱਧ-ਯੁਗ ਦੇ ਸੰਤਾਂ ਤੋਂ ਸ਼ੁਰੂ ਹੋਈ ਹੈ । ਕਈ ਵਾਰ ਬ੍ਰਹਮ ਦੇ ‘ ਨਿਰਗੁਣ’ ਸਰੂਪ ਦੇ ਉਪਾਸਕ ਮਤ ਨੂੰ ‘ ਨਿਰਗੁਣ-ਮਤ’ , ‘ ਨਿਰਗੁਣ-ਸੰਪ੍ਰਦਾਇ’ , ‘ ਨਿਰਗੁਣ-ਸੰਤਮਤ’ , ‘ ਨਿਰਗੁਣ-ਮਾਰਗ’ ਜਾਂ ‘ ਨਿਰਗਣ- ਪੰਥ ’ ਨਾਂ ਦਿੱਤੇ ਜਾਂਦੇ ਵੇਖੇ ਗਏ ਹਨ ਅਤੇ ਇਸ ਧਾਰਣਾ ਦੇ ਉਪਾਸਕਾਂ ਨੂੰ ‘ ਨਿਰਗੁਣੀਆ’ ਆਖਿਆ ਜਾਂਦਾ ਹੈ । ਸੰਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਭਾਰਤ ਦੇ ਵਖ ਵਖ ਭਾਸ਼ਾਈ ਖੇਤਰਾਂ ਵਿਚ ਹੋਏ ਦੋ ਮਹਾਨ ਨਿਰਗੁਣੀਏ ਸੰਤ ਹੋਏ ਹਨ , ਜਿਨ੍ਹਾਂ ਨੇ ਆਪਣੇ ਆਪਣੇ ਢੰਗ ਅਤੇ ਅਨੁਭੂਤੀ ਨਾਲ ਨਿਰਗੁਣ ਬ੍ਰਹਮ ਦਾ ਨਿਰੂਪਣ ਕੀਤਾ ਹੈ , ਪਰ ਸਮੁੱਚੇ ਤੌਰ ’ ਤੇ ਇਨ੍ਹਾਂ ਦੋਹਾਂ ਦੇ ਵਰਣਨ-ਵਿਸ਼ਲੇਸ਼ਣ ਵਿਚ ਕਾਫ਼ੀ ਸਮੀਪਤਾ ਰਹੀ ਹੈ ।

ਨਿਰਗੁਣ-ਬ੍ਰਹਮ ਦਾ ਵਰਣਨ , ਅਸਲ ਵਿਚ , ਬੜਾ ਔਖਾ ਅਤੇ ਕਈ ਵਾਰ ਬੜਾ ਅਸੰਭਵ ਵੀ ਹੈ , ਕਿਉਂਕਿ ਵਰਣਨ ਦੇ ਸਾਧਨਾਂ ਦੀ ਉਸ ਨਿਰਗੁਣ ਤਕ ਪਹੁੰਚ ਹੀ ਨਹੀਂ ਹੋ ਸਕਦੀ । ਇਸ ਗੱਲ ਨੂੰ ਸਪੱਸ਼ਟ ਕਰਦਿਆਂ ‘ ਹਿੰਦੀ ਕਾਵੑਯ ਮੇਂ ਨਿਰਗੁਣ ਸੰਪ੍ਰਦਾਯ’ ( ਪੰਨਾ 158 ) ਦੇ ਲੇਖਕ ਡਾ. ਪੀਤਾਂਬਰਦੱਤ ਬੜਥਵਾਲ ਨੇ ਦਸਿਆ ਹੈ ਕਿ ‘ ‘ ਪੂਰਣ ਰੂਪ ਵਿਚ ਉਸ ਸੱਤਾ ਦਾ ਕੋਈ ਢੁਕਵਾਂ ਵਿਚਾਰ ਹੀ ਨਹੀਂ ਕਰ ਸਕਦਾ , ਉਹ ਵਾਕ ਅਤੇ ਮਨ ਤੋਂ ਪਰੇ ਹੈ । ਬੁੱਧੀ ਮੂਰਤ ਰੂਪ ਦਾ ਆਧਾਰ ਚਾਹੁੰਦੀ ਹੈ ਅਤੇ ਬਾਣੀ ਰੂਪਕ ਦਾ , ਇਸ ਲਈ ਉਸ ਅਮੂਰਤ ਅਤੇ ਅਨੂਪਮ ਨੂੰ ਗ੍ਰਹਿਣ ਕਰਨ ਵਿਚ ਬੁੱਧੀ ਅਤੇ ਵਿਅਕਤ ਕਰਨ ਵਿਚ ਬਾਣੀ ਅਸਮਰਥ ਹੈ । ਬੁੱਧੀ ਨਾਲ ਅਸਾਨੂੰ ਉਨ੍ਹਾਂ ਪਦਾਰਥਾਂ ਦਾ ਗਿਆਨ ਹੋ ਸਕਦਾ ਹੈ ਜਿਹੜੇ ਇੰਦ੍ਰੀਆਂ ਦੇ ਗੋਚਰ ਹਨ , ਇੰਦ੍ਰੀਆਂ ਤੋਂ ਪਰੇ ਨਹੀਂ । ’ ’ ਲਗਭਗ ਸਾਰੇ ਸੰਤਾਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਹੈ । ਗੁਰੂ ਨਾਨਕ ਬਾਣੀ ਤੋਂ ਵੀ ਅਜਿਹੇ ਅਨੇਕ ਉਦਾਹਰਣ ਮਿਲ ਜਾਂਦੇ ਹਨ , ਜਿਥੇ ਗੁਰੂ ਜੀ ਪਰਮਾਤਮਾ ਨੂੰ ਅਵਿਅਕਤ ਮੰਨਦੇ ਹਨ— ( 1 ) ਸੋਚੈ ਸੋਚ ਹੋਵਈ ਜੇ ਸੋਚੈ ਲਖ ਵਾਰ ; ( 2 ) ਸਹਸ ਸਿਆਣਪਾ ਲਖ ਹੋਇ ਤਾ ਇਕ ਚਲੈ ਨਾਲਿ ( ਜਪੁ ਜੀ ) ।

                      ਪਰਮਾਤਮਾ ਦੀ ਅਨਿਰਵਚਨੀਅਤਾ ਦਾ ਸਪੱਸ਼ਟ ਉੱਲੇਖ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਹੋਇਆ ਹੈ । ਉਹ ਮੰਨਦੇ ਹਨ ਕਿ ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪਛਾਣਦਾ ਹੈ ਅਤੇ ਆਪਣੀ ਮਹਿਮਾ ਤੂੰ ਆਪ ਹੀ ਜਾਣਦਾ ਹੈ— ਤੇਰੀ ਮਹਿਮਾ ਤੂੰਹੈ ਜਾਣਹਿ ਆਪਣਾ ਆਪੁ ਤੂੰ ਆਪਿ ਪਛਾਣਹਿ ( ਗੁ.ਗ੍ਰੰ.108 ) ।

ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਬ੍ਰਹਮ ਦੀ ਵਿਆਖਿਆ ਬੜੀ ਗੰਭੀਰਤਾ ਅਤੇ ਪ੍ਰਤੱਖ ਅਨੁਭੂਤੀ ਦੁਆਰਾ ਨਿਖੇਧਾਤਮਕ ਸ਼ੈਲੀ ਵਿਚ ਕਈ ਪ੍ਰਸੰਗਾਂ ਵਿਚ ਕੀਤੀ ਹੈ । ਮਾਰੂ ਰਾਗ ਦੇ 15ਵੇਂ ਸੋਲਹੇ ਵਿਚ ਗੁਰੂ ਜੀ ਦਸਦੇ ਹਨ ਕਿ ਅਰਬਾਂ ਯੁਗਾਂ ਤਕ ਅੰਧਕਾਰ ਹੀ ਅੰਧਕਾਰ ਵਿਆਪਤ ਸੀ । ਉਦੋਂ ਨ ਧਰਤੀ ਸੀ , ਨ ਆਕਾਸ਼ , ਕੇਵਲ ਪਰਮਾਤਮਾ ਦਾ ਅਪਾਰ ਹੁਕਮ ਹੀ ਸੀ । ਉਦੋਂ ਨ ਦਿਨ ਸੀ , ਨ ਰਾਤ , ਨ ਚੰਦ ਸੀ , ਨ ਸੂਰਜ , ਪਰਮਾਤਮਾ ਸੁੰਨ ਸਮਾਧੀ ਵਿਚ ਸਥਿਤ ਸੀ । ਉਦੋਂ ਜੀਵਾਂ ਦੀਆਂ ਨ ਚਾਰ ਖਾਣੀਆਂ ਸਨ , ਨ ਹੀ ਬਾਣੀਆਂ , ਪਵਨ ਅਤੇ ਜਲ ਵੀ ਨਹੀਂ ਸੀ । ਉਤਪੱਤੀ , ਨਾਸ਼ , ਜੰਮਣਾ-ਮਰਨਾ ਵੀ ਨਹੀਂ ਸਨ । ਨ ਖੰਡ ਸਨ , ਨ ਪਾਤਾਲ ਅਤੇ ਨ ਹੀ ਸੱਤ ਸਮੁੰਦਰ । ...

ਗੁਰੂ ਨਾਨਕ ਦੇਵ ਜੀ ਨੇ ਉਪਰੋਕਤ ਪ੍ਰਕਰਣ ਵਿਚ ਨਿਰਗੁਣ ਬ੍ਰਹਮ ਦੀ ਨਿਰਵਿਕਲਪ ਅਵਸਥਾ ਲਈ ‘ ਸੁੰਨ-ਸਮਾਧਿ’ ਸ਼ਬਦ ਵਰਤਿਆ ਹੈ । ‘ ਸੁੰਨ’ ਨੂੰ ਹੀ ਉਹ ‘ ਸਿਧ-ਗੋਸਟਿ’ ਵਿਚ ਅੰਦਰ , ਬਾਹਿਰ ਸਰਬਤ੍ਰ ਵਿਆਪਤ ਮੰਨਦੇ ਹਨ— ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨਮਸੁੰਨੰ ( ਗੁ.ਗ੍ਰੰ.943 ) । ਇਸ ਸੁੰਨ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਮੰਨ ਕੇ ਗੁਰੂ ਜੀ ਨੇ ਮਾਰੂ ਰਾਗ ਦੇ 17ਵੇਂ ਸੋਲਹੇ ਵਿਚ ਇਸ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ‘ ਸਿਧ- ਗੋਸਟਿ ’ ਵਿਚ ਨਿਰਗੁਣ ਤੋਂ ਹੀ ਸਗੁਣ ਦੀ ਉਤਪੱਤੀ ਮੰਨਦੇ ਹੋਇਆਂ ਉਨ੍ਹਾਂ ਨੇ ਕਿਹਾ ਹੈ ਕਿ ਅਵਿਅਕਤ ਤੋਂ ਹੀ ਨਿਰਮਲ ਰੂਪ ਬ੍ਰਹਮ ਆਪ ਹੋਂਦ ਵਿਚ ਆਇਆ ਹੈ । ਫਿਰ ਨਿਰਗੁਣ- ਬ੍ਰਹਮ ਤੋਂ ਸਗੁਣ-ਬ੍ਰਹਮ ਦੀ ਉਤਪੱਤੀ ਹੋਈ ਹੈ— ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ( ਗੁ. ਗ੍ਰੰ.940 ) ।

‘ ਸਗੁਣ’ ਤੋਂ ਭਾਵ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਸਗੁਣਵਾਦੀ ਵੀ ਸਨ । ਅਸਲ ਵਿਚ , ਅਜਿਹੇ ਕਥਨਾਂ ਦੁਆਰਾ ਉਨ੍ਹਾਂ ਨੇ ਆਪਣੇ ਅਨੁਭਵ ਕੀਤੇ ਸਤਿ ਦਾ ਸਪੱਸ਼ਟੀਕਰਣ ਕੀਤਾ ਹੈ । ਉਨ੍ਹਾਂ ਦੀ ਬਾਣੀ ਵਿਚ ਅਵਤਾਰ- ਵਾਦ ਦਾ ਸਪੱਸ਼ਟ ਖੰਡਨ ਉਨ੍ਹਾਂ ਨੂੰ ਸਗੁਣਵਾਦੀ ਨਹੀਂ ਬਣਨ ਦਿੰਦਾ । ਗੁਰਬਾਣੀ ਵਿਚ ਨਿਰਗੁਣ ਆਧਾਰਿਤ ਸਗੁਣ ਬ੍ਰਹਮ ਸੰਬੰਧੀ ਕਥਨ ਤਿੰਨ ਰੂਪਾਂ ਵਿਚ ਵੇਖੇ ਜਾ ਸਕਦੇ ਹਨ । ਇਕ ਉਹ ਪ੍ਰਸੰਗ ਹਨ , ਜਿਥੇ ਪਰਮਾਤਮਾ ਦਾ ਵਿਰਾਟ ਰੂਪ ਚਿਤਰਿਆ ਗਿਆ ਹੈ , ਜਿਵੇਂ ਧਨਾਸਰੀ ਰਾਗ ਵਿਚ ਆਰਤੀ ਦਾ ਪ੍ਰਸੰਗ । ਦੂਜੇ ਉਹ ਪ੍ਰਸੰਗ ਹਨ , ਜਿਥੇ ਬ੍ਰਹਮ ਉਤੇ ਸੁੰਦਰ ਸਰੂਪ ਵਾਲੇ ਨਾਇਕ ਦੇ ਸ਼ਰੀਰਿਕ ਅਤੇ ਮਾਨਸਿਕ ਗੁਣਾਂ ਦਾ ਆਰੋਪਣ ਕੀਤਾ ਗਿਆ ਹੈ , ਜਿਵੇਂ ਵਡਹੰਸ ਰਾਗ ਦੇ ਦੂਜੇ ਛੰਦ ਵਿਚ ( ਤੇਰੇ ਬੰਕੇ ਲੋਇਣ ਦੰਤ ਰੀਸਾਲਾ ... ) । ਅਤੇ , ਤੀਜੇ ਉਨ੍ਹਾਂ ਪ੍ਰਸੰਗਾਂ ਵਿਚ , ਜਿਥੇ ਪਰਮਾਤਮਾ ਵਿਚ ਅਨੇਕ ਪ੍ਰਕਾਰ ਦੇ ਗੁਣਾਂ ਦੀ ਕਲਪਨਾ ਕੀਤੀ ਗਈ ਹੈ , ਜਿਵੇਂ ਸਰਬ- ਵਿਆਪਕ , ਅੰਤਰਯਾਮੀ , ਸਰਬ-ਸ਼ਕਤੀਮਾਨ , ਦਾਤਾ , ਭਗਤ-ਵੱਛਲ , ਕ੍ਰਿਪਾਲੂ , ਮਾਤਾ-ਪਿਤਾ , ਸ਼ਰਣ- ਦਾਤਾ । ਇਸ ਸਭ ਦੇ ਬਾਵਜੂਦ ਗੁਰਮਤਿ ਦਾ ਬ੍ਰਹਮ , ਕੁਲ ਮਿਲਾ ਕੇ , ਨਿਰਗੁਣ ਹੀ ਰਹਿੰਦਾ ਹੈ ।

ਗੁਰੂ ਨਾਨਕ ਦੇਵ ਜੀ ਦੇ ਨਿਰਗੁਣ-ਬ੍ਰਹਮ ਦੇ ਪ੍ਰਮਾਣਿਕ ਸਰੂਪ ਦੇ ਦਰਸ਼ਨ ਉਨ੍ਹਾਂ ਦੇ ਰਚੇ ਮੂਲ-ਮੰਤ੍ਰ ਵਿਚ ਹੁੰਦੇ ਹਨ— ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

ਸਾਰਾਸ਼ ਇਹ ਕਿ ਗੁਰਮਤਿ ਦਾ ਉਪਾਸੑਯ-ਦੇਵ ਨਿਰਗੁਣ-ਬ੍ਰਹਮ ਵਰਣਨ ਅਤੇ ਵਿਸ਼ਲੇਸ਼ਣ ਅਤੀਤ ਹੈ । ਉਸੇ ਤੋਂ ਸੰਸਾਰ ਦੀ ਉਤਪੱਤੀ ਅਤੇ ਵਿਸਤਾਰ ਹੁੰਦਾ ਹੈ ਅਤੇ ਉਸ ਦੇ ਵਿਸਤਾਰ ਵਿਚ ਹੀ ਪ੍ਰਭੂ ਵਿਆਪਤ ਹੈ । ਪ੍ਰਤਖ ਅਨੁਭਵ ਦੀ ਸਪੱਸ਼ਟ ਅਭਿਵਿਅਕਤੀ ਲਈ ਗੁਰਬਾਣੀ ਵਿਚ ਕਈ ਥਾਂਵਾਂ ਉਤੇ ਨਿਰਗੁਣ-ਬ੍ਰਹਮ ਦੇ ਗੁਣਾਂ ਦੀਆਂ ਕਲਪਨਾ ਸੂਚਕ ਉਕਤੀਆਂ ਮਿਲ ਜਾਂਦੀਆਂ ਹਨ , ਪਰ ਉਥੇ ਵੀ ਕੁਲ ਮਿਲਾ ਕੇ ਬ੍ਰਹਮ ਦਾ ਸਰੂਪ ਨਿਰਗੁਣ-ਬ੍ਰਹਮ ਵਾਲਾ ਹੀ ਰਹਿੰਦਾ ਹੈ । ਇਹ ਨਿਰਗੁਣ-ਬ੍ਰਹਮ ਇਕ , ਓਅੰਕਾਰ ਸਰੂਪ , ਸਤਿਨਾਮ ਵਾਲਾ , ਕਰਤਾ-ਪੁਰਖ , ਨਿਰਭਉ , ਨਿਰਵੈਰ , ਅਕਾਲ-ਮੂਰਤਿ , ਅਯੋਨਿਜ , ਸ੍ਵਯੰਭੂ ਹੈ ਅਤੇ ਇਸ ਦੀ ਪ੍ਰਾਪਤੀ ਗੁਰ ਦੁਆਰਾ ਸੰਭਵ ਹੁੰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.