ਪੂਰਨ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੂਰਨ ਸਿੰਘ ( 1881– 1931 ) : ਆਧੁਨਿਕ ਪੰਜਾਬੀ ਸਾਹਿਤ ਦੇ ਇਸ ਵਿਲੱਖਣ ਕਵੀ ਦਾ ਜਨਮ 17 ਫਰਵਰੀ 1881 ਵਿੱਚ ਪਾਕਿਸਤਾਨ ਦੇ ਐਬਟਾਬਾਦ ਜ਼ਿਲ੍ਹੇ ਦੇ ਇੱਕ ਪਿੰਡ ਸਲਹੱਡ ਵਿਖੇ ਹੋਇਆ । ਪਿਤਾ ਸਰਕਾਰੀ ਨੌਕਰੀ ਕਰਦੇ ਸਨ । ਮਾਤਾ ਪਰਮਾ ਦੇਵੀ ਧਾਰਮਿਕ ਵਿਚਾਰਾਂ ਵਾਲੀ ਸੁੱਘੜ ਤੇ ਸੁਸ਼ੀਲ ਔਰਤ ਸੀ । ਸਥਾਨਿਕ ਪਿੰਡ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਉਪਰੰਤ ਉਸ ਨੇ ਰਾਵਲਪਿੰਡੀ ਦੇ ਮਿਸ਼ਨ ਸਕੂਲ ਤੋਂ ਮੈਟ੍ਰਿਕ ਦੀ ਪਰੀਖਿਆ ਪਾਸ ਕਰ ਕੇ ਡੀ.ਏ.ਵੀ. ਕਾਲਜ ਵਿੱਚ ਦਾਖ਼ਲਾ ਲਿਆ । ਪੂਰਨ ਸਿੰਘ ਬੀ.ਏ. ਦੀ ਪੜ੍ਹਾਈ ਦੌਰਾਨ ਹੀ ਭਗਤ ਗੋਕਲ ਚੰਦ ਤੋਂ ਵਜ਼ੀਫ਼ਾ ਪ੍ਰਾਪਤ ਕਰ ਕੇ ਜਪਾਨ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਗਿਆ । 1903 ਵਿੱਚ ਉਸ ਨੇ ਟੋਕੀਓ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਕੈਮਿਸਟਰੀ ਦੇ ਵਿਦਿਆਰਥੀ ਵਜੋਂ ਪ੍ਰਯੋਗਿਕ ਰਸਾਇਣ- ਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ । ਜਪਾਨ ਵਿੱਚ ਰਹਿੰਦਿਆਂ ਉਸ ਨੇ ਬੁੱਧ ਮੱਤ ਦਾ ਪ੍ਰਭਾਵ ਗ੍ਰਹਿਣ ਕੀਤਾ । 1903 ਵਿੱਚ ਸੁਆਮੀ ਰਾਮ ਤੀਰਥ ਦੇ ਸੰਪਰਕ ਵਿੱਚ ਆਇਆ ਤੇ ਸੰਨਿਆਸੀ ਬਣ ਗਿਆ ।

        ਜਪਾਨ ਤੋਂ ਵਾਪਸ ਭਾਰਤ ਪਰਤਣ ਉਪਰੰਤ ਪੂਰਨ ਸਿੰਘ ਨੇ ਕਲਕੱਤੇ ਰਹਿ ਕੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਭੂਮਿਕਾ ਨਿਭਾਈ । ਬ੍ਰਿਟਿਸ਼ ਸਰਕਾਰ ਵਿਰੁੱਧ ਜੋਸ਼ੀਲੀਆਂ ਤਕਰੀਰਾਂ ਦੇਣ ਕਰ ਕੇ ਉਸ ਨੂੰ ਗਰਿਫ਼ਤਾਰ ਕੀਤਾ ਗਿਆ ਪਰ ਜਲਦੀ ਹੀ ਛੱਡ ਦਿੱਤਾ ਗਿਆ । 1907 ਵਿੱਚ ਉਸ ਨੇ ਫਾਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿੱਚ ਨੌਕਰੀ ਕੀਤੀ । 1913 ਵਿੱਚ ਸਿੱਖ ਵਿੱਦਿਅਕ ਕਾਨਫਰੰਸ ਸਿਆਲਕੋਟ ਵਿੱਚ ਉਸ ਦਾ ਮੇਲ ਭਾਈ ਵੀਰ ਸਿੰਘ ਨਾਲ ਹੋਇਆ । ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਗੁਰਮਤਿ ਵਿਚਾਰਧਾਰਾ ਬਾਰੇ ਚਿੰਤਨ ਕੀਤਾ ਅਤੇ ਉਸੇ ਤੋਂ ਉਸ ਨੂੰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਨਾ ਮਿਲੀ । ਪੂਰਨ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਰਚਨਾ ਕੀਤੀ ।

        ਪੰਜਾਬੀ ਰਚਨਾਵਾਂ ਦੇ ਅੰਤਰਗਤ ਪੰਜਾਬੀ ਵਿੱਚ ਖੁਲ੍ਹੇ ਮੈਦਾਨ , ਖੁਲ੍ਹੇ ਘੁੰਡ , ਖੁਲ੍ਹੇ ਅਸਮਾਨੀ ਰੰਗ ਉਸ ਦੇ ਕਾਵਿ- ਸੰਗ੍ਰਹਿ ਹਨ ਅਤੇ ਖੁਲ੍ਹੇ ਲੇਖ ਨਿਬੰਧ-ਸੰਗ੍ਰਹਿ ਹੈ । ਪ੍ਰੀਤ , ਚੁਪ ਪ੍ਰੀਤ ( ਨਾਵਲ ) ਅਤੇ ਅਬਚੱਲੀ ਜੋਤ , ਕਲਾ ਤੇ ਕਲਾਧਾਰੀ ਦੀ ਪੂਜਾ , ਬੌਣੇ ਬੂਟੇ , ਸੋਹਣੀ , ਮੌਲਾ ਸ਼ਾਹ ਤੇ ਮੋਇਆਂ ਦੀ ਜਾਗ ਉਸ ਦੀਆਂ ਅਨੁਵਾਦਿਤ ਪੁਸਤਕਾਂ ਹਨ । ਪ੍ਰੋ. ਪੂਰਨ ਸਿੰਘ ਨੇ ਅੰਗਰੇਜ਼ੀ ਵਿੱਚ ਵੀ ਕਾਫ਼ੀ ਸਾਹਿਤ ਰਚਿਆ । Sisters of the Spinning Wheel , Unstrung Beads , An Afternoon with Self , At His Feet , Seven Baskets of Prose Poems , Bride of the Sky , Burning Candle and Temple Tupils ਉਸ ਦੇ ਕਾਵਿ-ਸੰਗ੍ਰਹਿ ਹਨ-The Spirit of Oriental Poetry ( ਸਾਹਿਤ ਸਮਾਲੋਚਨਾ ) ਅਤੇ The Story of Swami Rama , The Book of Ten Masters , Spirit Born People , Spirit of the Sikh ( Vol.III ) , Waltwhitman and the Sikh Inspiration ਉਸ ਦੁਆਰਾ ਰਚਿਤ ਜੀਵਨੀਆਂ ਹਨ ।

        ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਪੂਰਨ ਸਿੰਘ ਨੇ ਹਿੰਦੀ ਵਿੱਚ ਨਿਬੰਧ ਲਿਖੇ , ਜੋ ਸਰਸਵਤੀ ਪਤ੍ਰਿਕਾ ਵਿੱਚ ਛਪੇ । ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹਨਾਂ ਹਿੰਦੀ ਨਿਬੰਧਾਂ ਦਾ ਕੰਨਿਆਦਾਨ ਤੇ ਹੋਰ ਲੇਖ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੁਸਤਕ ਰੂਪ ਵਿੱਚ ਛਾਪਿਆ । ਇਸ ਤੋਂ ਇਲਾਵਾ ਉਸ ਨੇ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ । ਉਸ ਨੇ ਸਾਈਮਨ ਕਮਿਸ਼ਨ ਦੇ ਨਾਂ ਇੱਕ ਚਿੱਠੀ ਵੀ ਲਿਖੀ ।

        ਪੂਰਨ ਸਿੰਘ ਖੁੱਲ੍ਹ ਤੇ ਮਸਤੀ , ਵੇਗ ਤੇ ਜਜ਼ਬਾ , ਸੁਹਪਣ ਤੇ ਸੁਹਜ ਅਤੇ ਮਾਨਵਤਾ ਤੇ ਸਾਂਝੀਵਾਲਤਾ ਦਾ ਕਵੀ ਸੀ । ਉਸ ਦੀ ਕਵਿਤਾ ਛੰਦਾਬੰਦੀ ਦੀ ਕੈਦ ਤੋਂ ਮੁਕਤ ਹੈ , ਉਸ ਨੇ ਸੈਲਾਨੀ ਛੰਦ ਨੂੰ ਆਪਣੇ ਵਿਚਾਰਾਂ ਦਾ ਵਾਹਣ ਬਣਾਇਆ । ਉਸ ਦੀ ਕਵਿਤਾ ਵਿੱਚ ਰਾਗ , ਲੈਅ , ਨਿਰੰਤਰ ਚਾਲ , ਮਿਠਾਸ ਤੇ ਵਲਵਲਾ ਸਭ ਇੱਕੋ ਥਾਂ ਮਿਲਦੇ ਹਨ । ਉਸ ਦੀ ਕਵਿਤਾ ਦਾ ਮੁੱਖ ਸੁਰ ਪਹਿਲਾਂ ਪਹਿਲ ਰੁਮਾਂਟਿਕ ਫਿਰ ਬੌਧਿਕ ਤੇ ਰਹੱਸਵਾਦੀ ਹੈ । ਮਹਿੰਦਰ ਸਿੰਘ ਰੰਧਾਵਾ ਅਨੁਸਾਰ ਉਸ ਦੀ ਕਵਿਤਾ ਵਿੱਚ ‘ ਪੰਜਾਬੀ ਦੇ ਮੈਦਾਨਾਂ ਦੀ ਖੁੱਲ੍ਹ , ਸਰ੍ਹੋਂ ਦੇ ਖੇਤਾਂ ਦੀ ਸੁਗੰਧ ਅਤੇ ਪੰਜਾਂ ਦਰਿਆਵਾਂ ਦੇ ਬੇ-ਪ੍ਰਵਾਹ ਵਹਿਣ ਦੀ ਮਸਤੀ ਹੈ’ । ਨਵੀਨ ਪੱਛਮੀ ਸੱਭਿਅਤਾ ਤੋਂ ਮੂੰਹ ਮੋੜ ਕੇ ਉਸ ਨੇ ਸਾਦਗੀ ਤੇ ਸਧਾਰਨਤਾ ਨੂੰ ਸਲਾਹਿਆ ਹੈ । ਸੱਭਿਅਤਾ ਦੀਆਂ ਜਕੜਨਾਂ ਤੋਂ ਬਚਣ ਲਈ ਉਹ ਪਸ਼ੂ ਥੀਣ ਨੂੰ ਲੋਚਦਾ । ਪੂਰਨ ਸਿੰਘ ਦੀਆਂ ਸਤਰਾਂ ਹਨ :

ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ ।

                                    ਮੈਂ ਆਦਮੀ ਬਣ ਬਣ ਥਕਿਆ ।

                                                                                    ( ਖੁਲ੍ਹੇ ਮੈਦਾਨ )

        ਪੂਰਨ ਸਿੰਘ ਇੱਕ ਅਲਬੇਲਾ , ਖ਼ੁੱਦਦਾਰ ਅਤੇ ਆਤਮ- ਵਿਸ਼ਵਾਸੀ ਵਿਅਕਤੀ ਸੀ । ਕਿਸੇ ਦੀ ਅਧੀਨਗੀ ਸਹਿਣ ਕਰਨੀ , ਉਸ ਲਈ ਔਖੀ ਸੀ । ਜੀਵਨ ਵਿੱਚ ਉਸ ਨੇ ਆਪਣੀ ਮਾਂ , ਸੁਆਮੀ ਰਾਮ ਤੀਰਥ ਅਤੇ ਭਾਈ ਵੀਰ ਸਿੰਘ ਦਾ ਪ੍ਰਭਾਵ ਗ੍ਰਹਿਣ ਕੀਤਾ । ਉਸ ਨੇ ਜਪਾਨੀ ਤੇ ਬੌਧੀ ਜੀਵਨ ਵਿਧੀ , ਪੱਛਮੀ ਸਾਹਿਤ ਅਤੇ ਗੁਰਮਤਿ ਦਾ ਪ੍ਰਭਾਵ ਗ੍ਰਹਿਣ ਕਰਦਿਆਂ ਜੀਵਨ ਵਿੱਚ ਜਾਤੀ ਭੇਦ- ਭਾਵ , ਧਾਰਮਿਕ ਸੰਕੀਰਨਤਾ ਅਤੇ ਆਪਣੇ ਪਰਾਏ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਸਾਰਾ ਜੀਵਨ ਇੱਕ ਵਿਸ਼ਵ ਮਨੁੱਖ ਬਣ ਕੇ ਜੀਵਿਆ । ਉਸ ਦੀ ਸ਼ਖ਼ਸੀਅਤ ਤੇ ਰਚਨਾ ਦੋਵੇਂ ਵਿਲੱਖਣ ਹਨ । 1930 ਵਿੱਚ ਤਪਦਿਕ ਦੇ ਰੋਗ ਦਾ ਸ਼ਿਕਾਰ ਹੋਣ ਕਾਰਨ 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਪੂਰਨ ਸਿੰਘ ਦਾ ਦਿਹਾਂਤ ਹੋ ਗਿਆ ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.