ਪੰਜਾਬੀ ਨਾਟਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਨਾਟਕ : ਕੁਝ ਹੋਰ ਸਾਹਿਤ ਰੂਪਾਂ ਵਾਂਗ ਪੰਜਾਬੀ ਨਾਟਕ ਵੀ ਪੱਛਮੀ ਸਾਹਿਤ ਅਤੇ ਸਿੱਖਿਆ ਦੇ ਪ੍ਰਭਾਵ ਅਧੀਨ ਅਰੰਭ ਹੋਇਆ । ਹਾਲਾਂ ਕਿ ਸਾਡੇ ਪਾਸ ਪ੍ਰਭਾਵਸ਼ਾਲੀ ਲੋਕ-ਨਾਟ ਪਰੰਪਰਾ ਸੀਮਰਾਸੀ , ਭੰਡ , ਬਾਜ਼ੀਗਰ , ਰਾਸਧਾਰੀਏ , ਨਕਲੀਏ , ਸਵਾਂਗੀ ਆਦਿ ਦਾ ਲੋਕ-ਨਾਟ ਪਰੰਪਰਾ ਵਿੱਚ ਵੱਡਮੁਲਾ ਯੋਗਦਾਨ ਰਿਹਾ ਹੈ । ਪਰੰਤੂ ਲੋਕ ਨਾਟਕ ਅਤੇ ਰੰਗ-ਮੰਚ ਦੀ ਕਿਸੇ ਬੱਝਵੀਂ ਪਰੰਪਰਾ ਦੀ ਥੁੜ੍ਹ ਕਾਰਨ ਪੰਜਾਬੀ ਨਾਟਕ ਦਾ ਇਤਿਹਾਸ ਧੁੰਦਲਾ ਅਤੇ ਅਸਪਸ਼ਟ ਹੈ ।

        ਹਰਚਰਨ ਸਿੰਘ ਪੰਜਾਬੀ ਨਾਟਕ ਨੂੰ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੋੜ ਕੇ ਵੇਖਦਾ ਹੈ ਜੋ ਬਹੁਤਾ ਠੀਕ ਨਹੀਂ । ਨਾਟਕ ਰਤਨਾਕਰ ਦਾ ਲੇਖਕ ਪਿਆਰਾ ਸਿੰਘ ਗਿੱਲ ਪੰਜਾਬੀ ਨਾਟਕ ਦਾ ਅਰੰਭ ਗੁਰੂ ਗੋਬਿੰਦ ਸਿੰਘ ਰਚਿਤ ਬਚਿਤ੍ਰ ਨਾਟਕ ਨਾਲ ਜੋੜਦਾ ਹੈ । ਨਾਲ ਹੀ ਉਹ ਜੈ ਕ੍ਰਿਸ਼ਨ ਮਿਸਰ ਦੇ ਨਾਟਕ ਸੁਪਨ ਨਾਟਕ ਵਲ ਵੀ ਸੰਕੇਤ ਕਰਦਾ ਹੈ । ਪਰ ਇਹਨਾਂ ਰਚਨਾਵਾਂ ਦੇ ਕੇਵਲ ਨਾਂ ਹੀ ਨਾਟਕ ਹਨ । ਇਹ ਨਾਟ ਕਿਰਤਾਂ ਨਹੀਂ । 1887-88 ਵਿੱਚ ਐਸ.ਐਸ. ਬਚਿਤ ਰਚਿਤ ਇਕਾਂਗੀ ਨੁਮਾ ਨਾਟਕ ਮਲਕਾ ਅਸਤਰ ਨੂੰ ਵੀ ਨਾਟਕੀ ਦ੍ਰਿਸ਼ਟੀ ਤੋਂ ਕੋਈ ਵਧੇਰੇ ਮਹੱਤਵ ਨਹੀਂ ਦਿੱਤਾ ਜਾ ਸਕਦਾ । ਇਸ ਤਰ੍ਹਾਂ ਉਨ੍ਹੀਵੀਂ ਸਦੀ ਦੇ ਅੰਤ ਤਕ ਪੰਜਾਬੀ ਵਿੱਚ ਕੋਈ ਵੀ ਮੌਲਿਕ ਪੂਰਾ ਨਾਟਕ ਨਹੀਂ । 1899 ਵਿੱਚ ਡਾ. ਚਰਨ ਸਿੰਘ ਨੇ ਕਾਲੀਦਾਸ ਦੀ ਪ੍ਰਸਿੱਧ ਰਚਨਾ ਸ਼ਕੁੰਤਲਾ ਦਾ ਪੰਜਾਬੀ ਅਨੁਵਾਦ ਪ੍ਰਕਾਸ਼ਿਤ ਕੀਤਾ । ਇਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿੱਚ ਪਹਿਲਾ ਪੂਰਾ ਨਾਟਕ ਅਨੁਵਾਦਿਤ ਰਚਨਾ ਹੈ । ਪੰਜਾਬੀ ਵਿੱਚ ਇੱਕ ਮੌਲਿਕ ਨਾਟਕ ਬਾਵਾ ਬੁੱਧ ਸਿੰਘ ਨੇ 1909 ਵਿੱਚ ਚੰਦਰ ਹਰੀ ਲਿਖਿਆ । ਪੰਜਾਬੀ ਵਿੱਚ ਪੱਛਮੀ ਤਕਨੀਕ ਅਨੁਸਾਰ ਸਾਹਿਤਿਕ ਪੱਧਰ ਤੇ ਸੁਚੇਤ ਰੂਪ ਵਿੱਚ ਰੰਗ- ਮੰਚੀ ਦ੍ਰਿਸ਼ਟੀ ਤੋਂ ਨਾਟਕ ਲਿਖਣ ਦਾ ਮੁੱਢ ਵੀਹਵੀਂ ਸਦੀ ਦੇ ਅਰੰਭ ਵਿੱਚ ਬੱਝਾ ਕਿਹਾ ਜਾ ਸਕਦਾ ਹੈ । ਨੋਰ੍ਹਾ ਰਿਚਰਡਜ਼ ਦੀ ਪ੍ਰੇਰਨਾ ਸਦਕਾ ਪੰਜਾਬੀ ਵਿੱਚ ਪਹਿਲਾ ਪੂਰਾ ਨਾਟਕ ਆਈ.ਸੀ. ਨੰਦਾ ਦੇ ਇਕਾਂਗੀ ਸੁੱਭਦਰਾ ਨੂੰ ਹੀ ਮੰਨਿਆ ਜਾਂਦਾ ਹੈ ।

        ਪਿਛਲੇ ਸੌ ਸਾਲਾਂ ਵਿੱਚ ਪੰਜਾਬੀ ਨਾਟਕ ਦੇ ਪਸਾਰ ਵਿੱਚ ਪੰਜਾਬੀ ਨਾਟਕਕਾਰਾਂ ਦੀਆਂ ਤਿੰਨ ਮੁੱਖ ਪੀੜ੍ਹੀਆਂ ਕਾਰਜਸ਼ੀਲ ਰਹੀਆਂ ਹਨ । ਪਹਿਲੀ ਪੀੜ੍ਹੀ ਵਿੱਚ ਆਈ.ਸੀ. ਨੰਦਾ , ਹਰਚਰਨ ਸਿੰਘ , ਸੰਤ ਸਿੰਘ ਸੇਖੋਂ , ਬਲਵੰਤ ਗਾਰਗੀ , ਗੁਰਦਿਆਲ ਸਿੰਘ ਖੋਸਲਾ , ਅਮਰੀਕ ਸਿੰਘ ਅਤੇ ਗੁਰਦਿਆਲ ਸਿੰਘ ਫੁੱਲ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ । ਸੁਰਜੀਤ ਸਿੰਘ ਸੇਠੀ , ਹਰਸ਼ਰਨ ਸਿੰਘ , ਕਪੂਰ ਸਿੰਘ ਘੁੰਮਣ , ਗੁਰਚਰਨ ਸਿੰਘ ਜਸੂਜਾ , ਪਰਿਤੋਸ਼ ਗਾਰਗੀ ਦੂਸਰੀ ਪੀੜ੍ਹੀ ਦੇ ਨਾਟਕਕਾਰ ਹਨ । ਪੰਜਾਬੀ ਨਾਟਕਕਾਰਾਂ ਦੀ ਤੀਸਰੀ ਪੀੜ੍ਹੀ ਵਿੱਚ ਆਤਮਜੀਤ , ਅਜਮੇਰ ਔਲਖ , ਗੁਰਸ਼ਰਨ ਸਿੰਘ , ਚਰਨਦਾਸ ਸਿੱਧੂ , ਰਵਿੰਦਰ ਰਵੀ ਆਦਿ ਸ਼ਾਮਲ ਹਨ । ਸਮਕਾਲ ਵਿੱਚ ਮਨਜੀਤਪਾਲ ਕੌਰ , ਪਾਲੀ ਭੁਪਿੰਦਰ , ਦਵਿੰਦਰ ਕੁਮਾਰ , ਪ੍ਰੀਤ ਮਹਿੰਦਰ ਸੇਖੋਂ , ਸਤੀਸ਼ ਵਰਮਾ ਅਤੇ ਸਵਰਾਜ ਬੀਰ ਆਦਿ ਪੰਜਾਬੀ ਨਾਟਕ ਲਿਖ ਰਹੇ ਹਨ ।

        ਆਈ. ਸੀ. ਨੰਦਾ ਨੇ 1913 ਵਿੱਚ ਪੰਜਾਬੀ ਦਾ ਸਭ ਤੋਂ ਪਹਿਲਾ ਇਕਾਂਗੀ ਦੁਲਹਨ ( ਸੁਹਾਗ ) ਲਿਖਿਆ । ਇਨਾਮੀ ਮੁਕਾਬਲੇ ਲਈ ਲਿਖੇ ਇਸ ਇਕਾਂਗੀ ਨਾਲ ਪੰਜਾਬੀ ਵਿੱਚ ਰੰਗ-ਮੰਚੀ ਦ੍ਰਿਸ਼ਟੀ ਤੋਂ ਨਾਟਕ ਲਿਖਣ ਦੀ ਪਿਰਤ ਪਾਈ । 1914 ਵਿੱਚ ਦੁਲਹਨ ਮੰਚ ਉਪਰ ਸਫਲਤਾ ਸਹਿਤ ਖੇਡਿਆ ਗਿਆ । ਮਿਸਿਜ਼ ਨੋਰ੍ਹਾ ਰਿਚਰਡਜ਼ ਦੀ ਅਗਵਾਈ ਹੇਠ ‘ ਸਰਸਵਤੀ ਸਟੇਜ ਸੁਸਾਇਟੀ’ ਦੀ ਸਥਾਪਨਾ ਹੋਈ । ਇਸ ਦ੍ਰਿਸ਼ਟੀ ਤੋਂ ਮਿਸਿਜ਼ ਨੋਰ੍ਹਾ ਰਿਚਰਡਜ਼ ਨੂੰ ਪੰਜਾਬੀ ਨਾਟਕ ਦੀ ਪ੍ਰੇਰਨਾ ਅਤੇ ਆਈ. ਸੀ. ਨੰਦਾ ਨੂੰ ਪੰਜਾਬੀ ਨਾਟਕ ਦਾ ਮੋਢੀ ਸਵੀਕਾਰਿਆ ਗਿਆ ਹੈ । ਪੰਜਾਬੀ ਨਾਟਕ ਨੇ ਸੰਸਕ੍ਰਿਤ ਨਾਟਕ ਦੇ ਤੱਤ ਵੀ ਕਬੂਲੇ ਹਨ ਅਤੇ ਲੋਕ-ਨਾਟ ਪਰੰਪਰਾ ਅਤੇ ਪਾਰਸੀ ਥੀਏਟਰੀਕਲ ਕੰਪਨੀਆਂ ਤੋਂ ਪ੍ਰਭਾਵਿਤ ਵੀ ਰਿਹਾ ਹੈ । ਵੱਖ-ਵੱਖ ਦੌਰ ਦੇ ਨਾਟਕਕਾਰ ਸਮਾਜਿਕ ਸਥਿਤੀਆਂ , ਰਾਜਸੀ ਘਟਨਾਵਾਂ ਅਤੇ ਸਾਹਿਤਿਕ ਲਹਿਰਾਂ ਤੋਂ ਪ੍ਰਭਾਵਿਤ ਵੀ ਹੁੰਦੇ ਰਹੇ ਹਨ । ਸੰਚਾਰ ਦੀ ਦ੍ਰਿਸ਼ਟੀ ਤੋਂ ਪੰਜਾਬੀ ਨਾਟਕ ਨੇ ਨਵੀਆਂ ਨਾਟ-ਸ਼ੈਲੀਆਂ , ਨਵੇਂ ਰੂਪਾਂ ਅਤੇ ਨਵੇਂ-ਨਵੇਂ ਰੰਗ-ਮੰਚੀ ਢੰਗਾਂ ਨੂੰ ਵੀ ਅਪਣਾਇਆ ਹੈ । ਪੰਜਾਬੀ ਨਾਟਕ ਦਾ ਮੁੱਢ ‘ ਧਾਰਮਿਕ ਸੁਧਾਰ’ ਦੀ ਥਾਂ ਸਮਾਜਿਕ ਸਰੋਕਾਰਾਂ ਦੇ ਪ੍ਰਸੰਗ ਵਿੱਚ ਬੱਝਾ ਅਰਥਾਤ ਪੰਜਾਬੀ ਨਾਟਕ ਦਾ ਮੁਢਲਾ ਚਰਿੱਤਰ ਸਥਿਤੀਆਂ ਦੀ ਸਮਾਜਿਕ ਵਿਆਖਿਆ ਅਤੇ ਪ੍ਰਗਤੀਸ਼ੀਲ ਪਹੁੰਚ ਸੀ । ਪਰ ਹੌਲੀ-ਹੌਲੀ ਪੰਜਾਬੀ ਨਾਟਕ ਸਮਾਜਿਕ ਵਿਆਖਿਆ ਤੋਂ ਸਮੱਸਿਆਵਾਂ ਦੇ ਮਨੋਵਿਗਿਆਨਿਕ ਚਿਤਰਨ ਰਾਹੀਂ ਰਾਜਸੀ ਚੇਤਨਾ ਵਾਲਾ ਚਰਿੱਤਰ ਗ੍ਰਹਿਣ ਕਰ ਗਿਆ । ਪੰਜਾਬੀ ਨਾਟਕ ਵਿੱਚ ਰਾਜਸੀ ਵਿਆਖਿਆ ਦਾ ਸਿਲਸਿਲਾ ਸੰਤ ਸਿੰਘ ਸੇਖੋਂ ਦੇ ਨਾਟਕ ਕਲਾਕਾਰ ( 1946 ) ਰਾਹੀਂ ਅਰੰਭ ਹੋਇਆ ਅਤੇ ਅਜਮੇਰ ਸਿੰਘ ਅਤੇ ਚਰਨ ਦਾਸ ਸਿੱਧੂ ਰਾਹੀਂ ਸਿਖਰ ਗ੍ਰਹਿਣ ਕਰਦਾ ਹੈ ।

        ਲਗਪਗ 70 ਸਾਲ ਤੱਕ ਪੰਜਾਬੀ ਨਾਟਕ ਪੂਰੇ ਨਾਟਕ ਜਾਂ ਇਕਾਂਗੀ ਦੇ ਰੂਪ ਵਿੱਚ ਹੀ ਰਚਿਆ ਜਾਂਦਾ ਰਿਹਾ । ਪਰੰਤੂ ਰੰਗ-ਮੰਚੀ ਲਹਿਰ ਨੇ ਪੰਜਾਬੀ ਨਾਟਕ ਦੇ ਨਵੇਂ ਸਰੂਪ ਅਤੇ ਨਵੇਂ ਆਧਾਰ ਸਿਰਜੇ ਹਨ । ਹੁਣ ਪੰਜਾਬੀ ਨਾਟਕ ਵਿੱਚ ਲਘੂ ਨਾਟਕ , ਬਾਲ ਨਾਟਕ , ਸੰਗੀਤ ਨਾਟਕ , ਕਾਵਿ ਨਾਟਕ , ਨੁਕੜ ਨਾਟਕ ਆਦਿ ਕਈ ਰੂਪ ਪ੍ਰਚਲਿਤ ਹੋ ਗਏ ਹਨ । ਇਹਨਾਂ ਵਿੱਚੋਂ ਨੁਕੜ ਨਾਟਕ ਦਾ ਵਿਸ਼ੇਸ਼ ਮਹੱਤਵ ਹੈ । ਇਸ ਤਰ੍ਹਾਂ ਪੰਜਾਬੀ ਨਾਟਕ ਦੀ ਵਸਤੂ ਸਥਿਤੀ ਸੰਤੁਸ਼ਟੀ ਵਾਲੀ ਹੈ । ਕਈ ਤਰ੍ਹਾਂ ਦੀਆਂ ਨਾਟ- ਸ਼ੈਲੀਆਂ ਅਤੇ ਨਾਟ-ਪ੍ਰਵਿਰਤੀਆਂ ਪੰਜਾਬੀ ਨਾਟਕ ਵਿੱਚ ਪ੍ਰਵੇਸ਼ ਕਰਦੀਆਂ ਰਹੀਆਂ ਹਨ । 1960 ਤੋਂ ਪਹਿਲਾਂ ਯਥਾਰਥਵਾਦੀ ਨਾਟ ਸ਼ੈਲੀ ਪ੍ਰਮੁਖ ਸੀ । 1960 ਤੋਂ ਮਗਰੋਂ ਐਬਸਰਡ ਥੀਏਟਰ , ਐਪਿਕ ਥੀਏਟਰ , ਜ਼ੁਲਮ ਦਾ ਥੀਏਟਰ ਆਦਿ ਪ੍ਰਭਾਵ ਪੰਜਾਬੀ ਨਾਟਕ ਨੇ ਕਬੂਲੇ ਹਨ ।

        ਰੰਗ-ਮੰਚ ਦੀ ਦ੍ਰਿਸ਼ਟੀ ਤੋਂ ਪੰਜਾਬੀ ਨਾਟਕ ਦੀ ਸਥਿਤੀ ਆਸ਼ਾਜਨਕ ਰਹੀ ਹੈ । ਪਹਿਲਾਂ ਜਿੱਥੇ ਨਾਟਕ ਲਈ ‘ ਰੰਗ- ਮੰਚ’ ਦੀ ਘਾਟ ਸੀ ਹੁਣ ਰੰਗ-ਮੰਚ ਲਈ ਨਾਟਕ ਦੀ ਘਾਟ ਰੜਕਦੀ ਹੈ । ਕਵਿਤਾ , ਕਹਾਣੀ , ਨਾਵਲ ਆਦਿ ਦੇ ਰੂਪਾਂਤਰਨ ਰਾਹੀਂ ਇਸੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬੀ ਨਾਟਕ ਨਾਟਕੀ ਪ੍ਰਯੋਗਾਂ ਰਾਹੀਂ ਨਵੇਂ ਪਸਾਰ ਗ੍ਰਹਿਣ ਕਰ ਰਿਹਾ ਹੈ । ਇੱਕ-ਇੱਕ ਪਾਤਰੀ ਨਾਟਕ , ਅਨਾਟਕ , ਅਬੋਲ ਨਾਟਕ ਆਦਿ ਨਾਟਕੀ ਸਰੂਪ ਵੀ ਪੰਜਾਬੀ ਨਾਟਕ ਵਿੱਚ ਪ੍ਰਵੇਸ਼ ਕਰ ਚੁੱਕੇ ਹਨ । ਪੰਜਾਬੀ ਨਾਟਕ ਸ਼ੁਰੂ ਤੋਂ ਹੀ ਸ਼ੌਕੀਆ ਰੰਗ-ਮੰਚ ਵਜੋਂ ਪ੍ਰਵਾਨ ਚੜ੍ਹਿਆ ਹੈ । ਹੌਲੀ-ਹੌਲੀ ਕਸਬੀ ਰੰਗ-ਮੰਚ ਵੀ ਆ ਰਿਹਾ ਹੈ ।

        ਅੱਜ ਦੀ ਸਥਿਤੀ ਵਿੱਚ ਮੀਡੀਆ ਦੀ ਵੰਗਾਰ ਪੰਜਾਬੀ ਨਾਟਕ ਸਾਮ੍ਹਣੇ ਪ੍ਰਸ਼ਨ ਚਿੰਨ੍ਹ ਬਣ ਕੇ ਖੜੀ ਹੈ । ਮੁੱਖ ਵੰਗਾਰ ਇਹ ਹੈ ਕਿ ਕੀ ਪਰੰਪਰਿਕ ਰੰਗ-ਮੰਚੀ ਦ੍ਰਿਸ਼ ਵਿਭਿੰਨ ਵੇਰਵਿਆਂ ਨਾਲ ਭਰਪੂਰ ਸਕਰੀਨ ਦ੍ਰਿਸ਼ ਦਾ ਮੁਕਾਬਲਾ ਕਰ ਸਕੇਗਾ ? ਚਿੰਤਾ ਦਾ ਵਿਸ਼ਾ ਇਹ ਹੈ ਕਿ ਪਹਿਲਾਂ ਤੋਂ ਹੀ ਨਾਟਕ ਅਤੇ ਰੰਗ-ਮੰਚ ਤੋਂ ਬੇਮੁੱਖ ਦਰਸ਼ਕ ਕਿਤੇ ਨਾਟਕ ਤੋਂ ਨਿਰਲੇਪ ਹੀ ਨਾ ਹੋ ਜਾਣ । ਇਸ ਲਈ ਵਧੇਰੇ ਸੁਚੇਤ ਹੋਣ ਅਤੇ ਪੰਜਾਬੀ ਨਾਟਕ ਦੇ ਨਵੇਂ ਪਸਾਰ ਖੋਲ੍ਹਣ ਦੀ ਲੋੜ ਹੈ ।


ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.