ਬਘੇਲ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਘੇਲ ਸਿੰਘ (ਮ. 1820 ਈ.): ਕਰੋੜੀਆ ਮਿਸਲ ਦਾ ਇਕ ਯੁੱਧ-ਵੀਰ ਨਾਇਕ ਜਿਸ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਨਾਂ ਦੇ ਪਿੰਡ ਵਿਚ ਧਾਲੀਵਾਲ ਜੱਟ ਪਰਿਵਾਰ ਵਿਚ ਹੋਇਆ। ਸ਼ੁਰੂ ਤੋਂ ਹੀ ਇਸ ਦੀ ਰੁਚੀ ਯੁੱਧ-ਕਰਮ ਵਲ ਸੀ। ਹੋਸ਼ ਸੰਭਾਲਦਿਆਂ ਹੀ ਇਸ ਨੇ ਕਈ ਜੁਝਾਰੂ ਸਿੰਘ ਆਪਣੇ ਨਾਲ ਰਲਾ ਲਏ ਅਤੇ ਆਪਣੇ ਜੱਥੇ ਨਾਲ ਇਧਰ ਉਧਰ ਮਾਰ-ਧਾੜ ਕਰਨ ਲਗਾ। ਅਹਿਮਦਸ਼ਾਹ ਦੁਰਾਨੀ ਦੇ ਹਮਲਿਆਂ ਵੇਲੇ ਦਲ ਖ਼ਾਲਸਾ ਨੇ ਆਪਣੀ ਸ਼ਕਤੀ ਮਜ਼ਬੂਤ ਕੀਤੀ ਅਤੇ ਮਿਸਲਦਾਰਾਂ ਨੇ ਮੁਗ਼ਲਾਂ ਦੀ ਬਾਦਸ਼ਾਹੀ ਨੂੰ ਭਰਵੀਂ ਚੁਣੌਤੀ ਦਿੱਤੀ। ਸ. ਬਘੇਲ ਸਿੰਘ ਨੇ ਦੁਆਬੇ ਵਿਚ ਕੁਝ ਇਲਾਕਿਆਂ ਨੂੰ ਜਿਤ ਕੇ ਹਰਿਆਣਾ ਕਸਬੇ ਨੂੰ ਆਪਣਾ ਸਦਰ ਮੁਕਾਮ ਬਣਾਇਆ। ਜਨਵਰੀ, 1764 ਈ. ਵਿਚ ਸਰਹਿੰਦ ਦੀ ਜਿਤ ਤੋਂ ਬਾਦ ਬਘੇਲ ਸਿੰਘ ਨੇ ਕਰਨਾਲ ਵਲ ਆਪਣੀ ਸ਼ਕਤੀ ਦਾ ਵਿਸਤਾਰ ਕੀਤਾ ਅਤੇ ਛੱਲੌਡੀ ਨੂੰ ਆਪਣੀ ਗਤਿਵਿਧੀ ਦਾ ਕੇਂਦਰ ਬਣਾਇਆ। ਉਸੇ ਸਾਲ ਦੇ ਫਰਵਰੀ ਮਹੀਨੇ ਵਿਚ ਇਸ ਨੇ ਉਸ ਵਕਤ ਦੇ ਸਿਰਕਢ ਯੁੱਧ-ਨਾਇਕਾਂ ਨਾਲ ਮਿਲ ਕੇ ਚਾਲੀ ਹਜ਼ਾਰ ਜੰਗਜੂ ਸੈਨਿਕਾਂ ਸਹਿਤ ਜਮੁਨਾ ਦਰਿਆ ਪਾਰ ਕੀਤਾ ਅਤੇ ਸਹਾਰਨਪੁਰ ਨੂੰ ਜਿਤਿਆ। ਇਸ ਸੈਨਿਕ ਦਲ ਨੇ ਰੁਹੇਲਾ ਸਰਦਾਰ ਨਜੀਬੁੱਦੌਲਾ ਦੀ ਰਿਆਸਤ ਨੂੰ ਉਜਾੜਿਆ ਅਤੇ ਪਰਤਣ ਵੇਲੇ ਉਸ ਤੋਂ 11 ਲੱਖ ਰੁਪਏ ਖ਼ਿਰਾਜ ਵਜੋਂ ਵਸੂਲ ਕੀਤੇ।

ਅਪ੍ਰੈਲ 1775 ਈ. ਵਿਚ ਇਸ ਨੇ ਰਾਇ ਸਿੰਘ ਭੰਗੀ ਅਤੇ ਤਾਰਾ ਸਿੰਘ ਗ਼ਾਇਬਾ ਸਹਿਤ ਜਮੁਨਾ ਨਦੀ ਪਾਰ ਕੀਤੀ ਅਤੇ ਜ਼ਾਬਿਤਾ ਖ਼ਾਨ ਰੁਹੇਲਾ ਦੀ ਰਿਆਸਤ ਉਤੇ ਹਮਲਾ ਕੀਤਾ। ਉਸ ਤੋਂ ਬਹੁਤ ਧਨ ਲੈ ਕੇ ਉਸ ਦੀਆਂ ਫ਼ੌਜਾਂ ਨੂੰ ਨਾਲ ਰਲਾਇਆ ਅਤੇ ਦਿੱਲੀ ਦੇ ਇਰਦ-ਗਿਰਦ ਦਾ ਇਲਾਕਾ ਲੁਟਿਆ। ਮਾਰਚ 1776 ਈ. ਵਿਚ ਮੁਜ਼ੱਫ਼ਰ- ਨਗਰ ਦੇ ਨੇੜੇ ਮੁਗ਼ਲ ਸਰਕਾਰ ਦੀਆਂ ਫ਼ੌਜਾਂ ਨੂੰ ਹਰਾਇਆ। ਇਸ ਤੋਂ ਬਾਦ ਇਸ ਨੂੰ ਸਤਲੁਜ ਅਤੇ ਯਮੁਨਾ ਦਰਿਆਵਾਂ ਦੇ ਇਲਾਕੇ ਵਿਚ ਆਪਣੀ ਧਾਕ ਜਮਾਈ ਅਤੇ ਸੰਕਟ ਵੇਲੇ ਪਟਿਆਲਾ-ਪਤਿ ਰਾਜਾ ਅਮਰ ਸਿੰਘ ਦੀ ਮਦਦ ਕੀਤੀ। ਇਸ ਨੇ ਹੋਰ ਸਿਰਕਢ ਸਿੱਖ ਜਰਨੈਲਾਂ ਨਾਲ ਮਿਲ ਕੇ ਇਕ ਵੱਡਾ ਸੈਨਾ-ਦਲ ਇਕੱਠਾ ਕੀਤਾ ਅਤੇ ਦਿੱਲੀ ਉਤੇ ਚੜ੍ਹਾਈ ਕੀਤੀ। ਲਗਭਗ ਤੀਹ ਹਜ਼ਾਰ ਸਿੱਖ ਸੈਨਾ ਨੇ ਦਿੱਲੀ ਤੋਂ ਬਾਹਰ ਜਿਸ ਥਾਂ ਉਤੇ ਡੇਰਾ ਕੀਤਾ, ਉਹ ਹੁਣ ਤੀਸ ਹਜ਼ਾਰੀ (ਵੇਖੋ) ਦੇ ਨਾਂ ਨਾਲ ਪ੍ਰਸਿੱਧ ਹੈ। ਅਜਮੇਰੀ ਗੇਟ ਵਾਲੇ ਪਾਸੇ ਤੋਂ ਹਮਲਾ ਕਰਕੇ ਹੋਜ਼ ਕਾਜ਼ੀ ਅਤੇ ਕਟੜਾ ਨੀਲ ਵਿਚੋਂ ਲੰਘਦੀ ਹੋਈ ਸਿੱਖ ਸੈਨਾ 11 ਮਾਰਚ 1783 ਈ. ਨੂੰ ਲਾਲ ਕਿਲ੍ਹੇ ਵਿਚ ਦਾਖ਼ਲ ਹੋਈ। ਦੀਵਾਨ-ਏ-ਆਮ ਉਤੇ ਕਬਜ਼ਾ ਕਰਕੇ ਸ਼ਾਹ ਆਲਮ ਸਾਨੀ ਤੋਂ ਬੇਗਮ ਸਮਰੂ ਦੀ ਵਿਚੋਲਗੀ ਰਾਹੀਂ ਤਿੰਨ ਲੱਖਰੁਪਏ ਹਰਜਾਨਾ ਲੈ ਕੇ ਦਿੱਲੀ ਤੋਂ ਸਿੱਖ ਜਰਨੈਲ ਇਸ ਸ਼ਰਤ ਉਤੇ ਪਰਤਣ ਨੂੰ ਮੰਨੇ ਕਿ ਮੁਗ਼ਲ ਬਾਦਸ਼ਾਹ ਸਿੱਖ ਗੁਰੂ-ਧਾਮਾਂ ਦੀ ਨਿਸ਼ਾਨਦੇਹੀ ਕਰਵਾਏਗਾ। ਸਿੱਖ ਸੈਨਾ ਦੇ ਪਰਤਣ ਤੋਂ ਬਾਦ ਸ. ਬਘੇਲ ਸਿੰਘ ਚਾਰ ਹਜ਼ਾਰ ਘੋੜ-ਸਵਾਰਾਂ ਸਹਿਤ ਦਿੱਲੀ ਰਿਹਾ ਅਤੇ ਛੇ ਆਨੇ ਦੇ ਹਿਸਾਬ ਨਾਲ ਟੈਕਸ ਇਕੱਠਾ ਕੀਤਾ। ਇਸ ਨੇ ਅੱਠ ਮਹੀਨੇ ਉਥੇ ਰਹਿ ਕੇ ਸੱਤ ਗੁਰੂ-ਧਾਮ—ਸੀਸ ਗੰਜ , ਬੰਗਲਾ ਸਾਹਿਬ, ਬਾਲਾ ਸਾਹਿਬ, ਰਕਾਬ ਗੰਜ, ਮਜਨੂੰ ਟਿੱਲਾ , ਮੋਤੀ ਬਾਗ਼ ਅਤੇ ਤੇਲੀਵਾੜਾ— ਦੀ ਉਸਾਰੀ ਕਰਵਾਈ। ਦਸੰਬਰ 1783 ਈ. ਵਿਚ ਇਹ ਦਿਲੀਓਂ ਪਰਤਿਆ। ਸੰਨ 1802 ਈ. ਵਿਚ ਇਸ ਦੀ ਅੰਮ੍ਰਿਤਸਰ ਵਿਚ ਮ੍ਰਿਤੂ ਹੋਈ ਅਤੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਕਸਬੇ ਵਿਚ ਸਮਾਧ ਬਣਵਾਈ ਗਈ। ਇਸ ਦੀ ਸਿੱਖ ਸਮਾਜ ਵਿਚ ਬਹੁਤ ਇਜ਼ਤ ਸੀ। ਸਤਿਕਾਰ ਵਜੋਂ ਲੋਕੀਂ ਇਸ ਤੋਂ ਅੰਮ੍ਰਿਤ ਪਾਨ ਕਰਨਾ ਗੌਰਵ ਸਮਝਦੇ ਸਨ। ਕਹਿੰਦੇ ਹਨ ਕਿ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਨੇ ਇਸ ਤੋਂ ਅੰਮ੍ਰਿਤ ਦੀ ਦਾਤ ਲਈ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਘੇਲ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਘੇਲ ਸਿੰਘ : ਇਹ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਵਡਾਲਾ ਦਾ ਰਹਿਣ ਵਾਲਾ ਸੀ। ਇਸ ਦਾ ਪਿਤਾ ਸਾਹਿਬ ਸਿੰਘ ਉਥੋਂ ਦੇ ਪ੍ਰਸਿੱਧ ਖ਼ਾਨਦਾਨ ਨਾਲ ਸਬੰਧ ਰੱਖਦਾ ਸੀ। ਸਾਹਿਬ ਸਿੰਘ ਦੀ ਮੌਤ ਤੋਂ ਬਾਅਦ ਸਰਕਾਰ ਨੇ ਤਿੰਨ ਚੌਥਾਈ ਜਾਗੀਰ ਤਾਂ ਵਾਪਸ ਲੈ ਲਈ ਅਤੇ ਬਾਕੀ ਚੌਥਾ ਹਿੱਸਾ ਉਸ ਦੇ ਦੋ ਪੁੱਤਰਾਂ-ਬਘੇਲ ਸਿੰਘ ਤੇ ਮੰਗਲ ਸਿੰਘ ਵਿਚ ਵੰਡ ਦਿੱਤਾ। ਮੰਗਲ ਸਿੰਘ ਦੀ 1892 ਈ. ਵਿਚ ਮੌਤ ਹੋ ਗਈ। ਸਾਹਿਬ ਸਿੰਘ ਦੇ ਦੂਜੇ ਪੁੱਤਰ ਦਾ ਜੀਵਨ ਨਵੇਕਲਾ ਸਥਾਨ ਰੱਖਦਾ ਸੀ। ਮਈ, 1857 ਵਿਚ ਜਦੋਂ ਭਾਰਤ ਦਾ ਸੁਤੰਤਰਤਾ ਸੰਗਰਾਮ (ਗ਼ਦਰ ਲਹਿਰ) ਸ਼ੁਰੂ ਹੋਇਆ ਤਾਂ ਬਘੇਲ ਸਿੰਘ ਨੂੰ ਡਿਪਟੀ ਕਮਿਸ਼ਨਰ ਨੇ ਬੁਲਾਵਾ ਭੇਜਿਆ। ਇਹ 200 ਆਦਮੀ ਲੈ ਕੇ ਸਿਆਲਕੋਟ ਪਹੁੰਚਿਆ ਤਾਂ ਇਸ ਨੂੰ ਪੁਲਿਸ ਵਿਚ ਸੂਬੇਦਾਰ ਨਿਯੁਕਤ ਕਰ ਦਿੱਤਾ ਗਿਆ। ਇਸ ਨੇ ਆਪਣੇ ਆਦਮੀਆਂ ਨੂੰ ਟ੍ਰੇਨਿੰਗ ਦੇ ਕੇ ਦਿੱਲੀ ਭੇਜ ਦਿੱਤਾ ਅਤੇ ਆਪ ਹੋਰ ਵਿਅਕਤੀਆਂ ਨੂੰ ਟ੍ਰੇਨਿੰਗ ਦੇਣ ਲਈ ਵਡਾਲੇ ਚਲਾ ਗਿਆ। ਉਥੇ ਇਸ ਨੇ ਛਾਉਣੀਆਂ ਵਿਚ ਹੋਣ ਵਾਲੀ ਕ੍ਰਾਂਤੀ ਬਾਰੇ ਸੁਣਿਆ ਅਤੇ ਇਹ ਇਕਦਮ ਇਕੱਲਾ ਹੀ ਸਿਆਲਕੋਟ ਲਈ ਰਵਾਨਾ ਹੋ ਗਿਆ ਅਤੇ ਥੋੜ੍ਹੇ ਜਿਹੇ ਯਤਨ ਤੇ ਮੁਸ਼ਕਿਲ ਤੋਂ ਬਾਅਦ ਇਹ ਕਿਲੇ ਵਿਚ ਪਹੁੰਚ ਗਿਆ। ਉਥੇ ਇਸ ਨੇ ਲੈਫ਼ਟੀਨੈਂਟ ਮੈਕਮਹਾਨ ਦਾ ਪੂਰੀ ਤਰ੍ਹਾਂ ਸਾਥ ਦਿੱਤਾ ਅਤੇ ਜਿਹੜੇ ਪਿੰਡ ਕ੍ਰਾਂਤੀ ਤੋਂ ਬਚੇ ਹੋਏ ਸਨ, ਉਨ੍ਹਾਂ ਲਈ ਮਦਦ ਪਹੁੰਚਾਉਣ ਵਿਚ ਸਹਾਇਤਾ ਕੀਤੀ। ਇਕ ਸਾਲ ਬਾਅਦ ਇਹ ਮਿਲਟਰੀ ਪੁਲਿਸ ਵਿਚ ਸ਼ਾਮਲ ਹੋ ਗਿਆ। ਛਾਂਟੀ ਸਮੇਂ 1861 ਈ. ਵਿਚ ਇਸ ਨੂੰ ਪੰਜਾਬ ਵਿਚ ਪੁਲਿਸ ਇੰਸਪੈਕਟਰ ਨਿਯੁਕਤ ਕਰ ਦਿੱਤਾ ਗਿਆ। ਆਪਣੀ ਬਾਰਾਂ ਸਾਲ ਦੀ ਨੌਕਰੀ ਦੌਰਾਨ ਇਹ ਬੜਾ ਕਾਬਲ ਤੇ ਨੇਕ ਅਫ਼ਸਰ ਸਾਬਤ ਹੋਇਆ। ਵਿਰਾਸਤ ਵਿਚ ਮਿਲੀ ਮਿਲਟਰੀ ਭਾਵਨਾ ਕਈ ਅਵਸਰਾਂ ਤੇ ਇਸ ਦੇ ਕੰਮ ਆਈ। ਸੰਨ 1873 ਵਿਚ ਇਸ ਨੂੰ ਅੰਡੇਮਾਨ ਵਿਚ ਅਸਿਸਟੈਂਟ ਸਪੁਰਡੈਂਟ ਨਿਯੁਕਤ ਕਰ ਦਿੱਤਾ ਗਿਆ। ਇਸ ਦੇ ਹਾਜ਼ਰ ਹੋਣ ਤੇ ਉਥੋਂ ਦੀ ਪੁਲਿਸ ਦਾ ਚਾਰਜ ਵੀ ਇਸ ਨੂੰ ਹੀ ਦੇ ਦਿੱਤਾ ਗਿਆ। ਨਿਆਂਇਕ ਤੇ ਰਾਜੀਤਿਕ ਡਿਊਟੀਆਂ ਨਿਭਾਉਣ ਤੋਂ ਇਲਾਵਾ ਇਹ ਪ੍ਰਾਂਤਕ ਦਰਬਾਰੀ ਵੀ ਸੀ। ਇਸ ਅਹੁਦੇ ਤੋਂ ਇਹ ਚੰਗੀ ਪੈਨਸ਼ਨ ਨਾਲ ਸੇਵਾ ਮੁਕਤ ਹੋਇਆ। ਚੰਗੀ ਸੇਵਾ ਕਾਰਨ ਵਾਇਸਰਾਏ ਨੇ ਇਸ ਨੂੰ ਰਾਇ ਬਹਾਦਰ ਦਾ ਖ਼ਿਤਾਬ ਦਿੱਤਾ। ਪੈਨਸ਼ਨ ਦੇ ਨਾਲ ਨਾਲ ਇਸ ਨੂੰ ਜੱਦੀ ਜਾਇਦਾਦ ਤੋਂ 125 ਰੁਪਏ ਦੀ ਆਮਦਨ ਸੀ। ਇਸ ਤੋਂ ਇਲਾਵਾ ਵਡਾਲਾ ਵਿਖੇ 220 ਏਕੜ ਅਤੇ ਲਾਹੌਰ ਦੇ ਰੱਖ ਪੈਮਾਰ ਵਿਖੇ 280 ਏਕੜ ਦੀ ਜਾਗੀਰ ਵੀ ਇਸ ਦੇ ਨਾਂ ਕੀਤੀ ਗਈ। 500 ਏਕੜ ਦੀ ਜਾਗੀਰ ਗੁਜਰਾਂਵਾਲੇ ਵੀ ਸੀ। ਇਸ ਦੇ ਦੋ ਪੁੱਤਰ ਠਾਕਰ ਸਿੰਘ ਤੇ ਹਾਕਮ ਸਿੰਘ ਸਨ। 

ਸੰਨ 1880 ਵਿਚ ਘੋੜੇ ਤੋਂ ਡਿੱਗ ਕੇ ਇਸ ਦਾ ਦੇਹਾਂਤ ਹੋ ਗਿਆ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-27-12-49-22, ਹਵਾਲੇ/ਟਿੱਪਣੀਆਂ: ਹ. ਪੁ. –ਚੀ. ਫੈ. ਨੋ. ਪੰ.Ⅱ: 62-63

ਬਘੇਲ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਘੇਲ ਸਿੰਘ : ਕਰੋੜਸਿੰਘੀਆ ਮਿਸਲ ਦਾ ਇਹ ਸਭ ਤੋਂ ਨਾਮਵਰ ਸਰਦਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਪਿੰਡ ਦਾ ਵਸਨੀਕ ਸੀ। ਕਰੋੜਾ ਸਿੰਘ ਦੀ ਮੌਤ ਮਗਰੋਂ ਉਸ ਦੀ ਔਲਾਦ ਨਾ ਹੋਣ ਕਾਰਨ ਇਸ ਨੂੰ ਮਿਸਲ ਦਾ ਮੁਖੀ ਬਣਾਇਆ ਗਿਆ। 

ਸੰਨ 1765 ਵਿਚ ਜਦੋਂ ਬੁੱਢਾ ਦਲ ਨੇ ਨਜੀਬੁੱਦੌਲਾ ਦੇ ਵਿਰੁੱਧ ਰਾਜਾ ਜਵਾਹਰ ਮਲ ਦੀ ਮਦਦ ਕੀਤੀ ਤਾਂ ਸ. ਬਘੇਲ ਸਿੰਘ ਵੀ ਖ਼ਾਲਸਾ ਫ਼ੌਜ ਵਿਚ ਸ਼ਾਮਲ ਸੀ। ਅਬਦਾਲੀ ਦੇ ਅੱਠਵੇਂ ਹਮਲੇ ਸਮੇਂ ਵੀ ਇਸ ਨੇ ਬਹੁਤ ਬਹਾਦਰੀ ਦਿਖਾਈ। ਬਟਾਲੇ ਦੀ ਲੜਾਈ ਵਿਚ ਇਸ ਨੇ ਅਬਦਾਲੀ ਦਾ ਡੇਰਾ ਲੁਟਿਆ। 1767 ਵਿਚ ਸਿੱਖਾਂ ਨੇ ਇਕ ਵਾਰ ਫ਼ਿਰ ਜਮਨਾ ਪਾਰ ਹਮਲਾ ਕੀਤਾ। ਇਸ ਲੜਾਈ ਵਿਚ ਇਹ ਜ਼ਖ਼ਮੀ ਹੋ ਗਿਆ ਅਤੇ ਸਿੱਖ ਵਾਪਸ ਪੰਜਾਬ ਪਰਤ ਆਏ। ਇਸ ਨੌਵੇਂ ਹਮਲੇ ਸਮੇਂ ਵਾਪਸ ਜਾਂਦਾ ਹੋਇਆ ਅਬਦਾਲੀ ਸਿਆਲਕੋਟ ਦੇ ਇਲਾਕੇ ਵਿਚੋਂ ਢੱਕਾਂ (ਔਰਤਾਂ) ਬੰਨ੍ਹ ਤੁਰਿਆ ਜੋ ਸ. ਜੱਸਾ ਸਿੰਘ, ਸ. ਚੜ੍ਹਤ ਸਿੰਘ ਤੇ ਸ. ਬਘੇਲ ਸਿੰਘ ਨੇ ਜਿਹਲਮ ਦੇ ਕੰਢੇ ਅਬਦਾਲੀ ਤੇ ਹਮਲਾ ਕਰ ਕੇ ਛੁਡਾ ਲਈਆਂ ਤੇ ਪੱਲਿਓਂ ਖਰਚ ਕਰ ਕੇ ਘਰੋ ਘਰੀ ਪਹੁੰਚਾਈਆਂ। 

ਜਮਨਾ ਤੋਂ ਲੈ ਕੇ ਅਟਕ ਦਰਿਆ ਤਕ ਜਦੋਂ ਸਿੱਖਾਂ ਦੀ ਰਾਜਸੀ ਤਾਕਤ ਵਧ ਗਈ ਤਾਂ ਸਿੱਖ ਮਿਸਲਾਂ ਆਪਸ ਵਿਚ ਲੜਨ ਲਗ ਪਈਆਂ। ਸਾਰੇ ਸਰਦਾਰ ਆਪਣੇ ਇਲਾਕੇ ਵਧਾਉਣ ਦੇ ਇਰਾਦੇ ਨਾਲ ਇਕ ਦੂਜੇ ਦੇ ਇਲਾਕੇ ਲੁੱਟਣ ਅਤੇ ਮੱਲਣ ਲਗ ਪਏ। ਸੰਨ 1768 ਵਿਚ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਨੇ ਸ. ਬਘੇਲ ਸਿੰਘ ਦੇ ਕੁਝ ਪਿੰਡ ਮੱਲ ਲਏ। ਸ. ਬਘੇਲ ਸਿੰਘ ਨੇ ਦੁਲਚਾ ਸਿੰਘ, ਸੁੱਖੂ ਸਿੰਘ, ਭਾਗ ਸਿੰਘ ਅਤੇ ਭੰਗਾ ਸਿੰਘ ਆਦਿ ਨੂੰ ਨਾਲ ਲੈ ਕੇ ਪਟਿਆਲੇ ਤੇ ਧਾਵਾ ਬੋਲ ਦਿੱਤਾ। ਘੁੜਾਮ ਨਜ਼ਦੀਕ ਅਮਰ ਸਿੰਘ ਦੀਆਂ ਫ਼ੌਜਾਂ ਨਾਲ ਲੜਾਈ ਹੋਈ। ਮਹਾਰਾਜਾ ਅਮਰ ਸਿੰਘ ਨੇ ਆਪਣੇ ਵਕੀਲ ਚੈਨ ਸਿੰਘ ਰਾਹੀਂ ਸੁਲ੍ਹਾ ਕਰ ਲਈ ਤੇ ਆਪਣੇ ਵੱਡੇ ਪੁੱਤਰ ਸਾਹਿਬ ਸਿੰਘ (ਬਾਅਦ ਵਿਚ ਮਹਾਰਾਜਾ) ਨੂੰ ਸ. ਬਘੇਲ ਸਿੰਘ ਹੱਥੋਂ ਅੰਮ੍ਰਿਤ ਛਕਾਇਆ। 

ਜਨਵਰੀ, 1783 ਵਿਚ ਬਘੇਲ ਸਿੰਘ ਦੀ ਜਥੇਦਾਰੀ ਹੇਠ ਸਿੱਖਾਂ ਨੇ ਫ਼ਿਰ ਜਮਨਾ ਪਾਰ ਹਮਲਾ ਕੀਤਾ ਅਤੇ ਗੰਗਾ ਤੋਂ ਉਰਾਰ ਵਾਲਾ ਸਾਰਾ ਇਲਾਕਾ ਲੁੱਟ ਲਿਆ। ਅਲੀਗੜ੍ਹ ਅਤੇ ਬੁਲੰਦ ਸ਼ਹਿਰ ਦੇ ਜ਼ਿਲ੍ਹੇ ਲੁੱਟ ਕੇ ਸਿੱਖ ਦਿੱਲੀ ਵੱਲ ਹੋ ਤੁਰੇ। ਮਾਰਚ, 1783 ਵਿਚ ਸਿੱਖਾਂ ਨੇ ਬਰਾਰੀ ਘਾਟ ਤੋਂ ਜਮਨਾ ਟਪ ਕੇ ਮਲਕਾ ਗੰਜ, ਸਬਜ਼ੀ ਮੰਡੀ ਤੇ ਮੁਗ਼ਲਪੁਰਾ ਆਦਿ ਲੁੱਟ ਲਏ। ਸ਼ਾਹੀ ਫ਼ੌਜ ਸਿੱਖਾਂ ਨਾਲ ਲੜ ਕੇ ਹਾਰ ਗਈ ਤਾਂ ਬਾਦਸ਼ਾਹ ਨੇ ਤਿੰਨ ਲੱਖ ਨਜ਼ਰਾਨਾ ਦੇ ਕੇ ਸਿੱਖਾਂ ਨਾਲ ਸੁਲ੍ਹਾ ਕਰ ਲਈ । ਸ. ਬਘੇਲ ਸਿੰਘ ਚਾਰ ਹਜ਼ਾਰ ਫ਼ੌਜ ਸਮੇਤ ਦਿੱਲੀ ਵਿਚ ਰਿਹਾ ਅਤੇ ਬਾਕੀ ਸਿੱਖ ਵਾਪਸ ਆ ਗਏ। ਇਸ ਦਾ ਡੇਰਾ ਸਬਜ਼ੀ ਮੰਡੀ ਵਿਚ ਸੀ। ਇਸ ਨੇ ਉਸ ਵਕਤ ਗੁ. ਮਾਤਾ ਸੁੰਦਰੀ ਜੀ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ ਆਦਿ ਗੁਰਦੁਆਰੇ ਬਣਵਾਏ। ਕੁਝ ਦੇਰ ਬਾਅਦ ਸਿੱਖ ਆਪਣਾ ਵਕੀਲ ਲਖਪਤ ਰਾਏ ਦਿੱਲੀ ਵਿਚ ਛੱਡ ਕੇ ਵਾਪਸ ਆ ਗਏ। 

ਜਨਵਰੀ, 1785 ਨੂੰ ਸ. ਬਘੇਲ ਸਿੰਘ, ਸ. ਗੁਰਦਿਤ ਸਿੰਘ ਤੇ ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਫ਼ਿਰ ਜਮਨਾ ਪਾਰ ਹਮਲਾ ਕੀਤਾ। ਇਸ ਵਾਰ ਇਨ੍ਹਾਂ ਨੇ ਗੰਗਾ ਪਾਰ ਚੌਦਸੀ ਵਿਚੋਂ ਲੱਖਾਂ ਰੁਪਏ ਦਾ ਮਾਲ ਲੁੱਟਿਆ। 30 ਮਾਰਚ, 1785 ਨੂੰ ਮਰਹੱਟਿਆਂ ਤੇ ਸਿੱਖਾਂ ਵਿਚ ਦੋਸਤੀ ਦਾ ਅਹਿਦਨਾਮਾ ਹੋ ਗਿਆ ਜਿਸ ਵਿਚ ਇਹ ਸ਼ਰਤ ਸੀ ਕਿ ਸਿੱਖ ਦਿੱਲੀ ਸਰਕਾਰ ਦੇ ਇਲਾਕੇ ਵਿਚ ਲੁੱਟ ਮਾਰ ਨਹੀਂ ਕਰਨਗੇ ਤੇ ਦਿੱਲੀ ਸਰਕਾਰ ਸਿੱਖਾਂ ਨੂੰ ਦਸ ਲਖ ਸਾਲਾਨਾ ਨਜ਼ਰਾਨਾ ਦਿਆ ਕਰੇਗੀ। 

ਸੰਨ 1798 ਵਿਚ ਜਦੋਂ ਜਾਰਜ ਥਾਮਸ ਨੇ ਜੀਂਦ ਉੱਤੇ ਹਮਲਾ ਕੀਤਾ ਤਾਂ ਸ. ਬਘੇਲ ਸਿੰਘ ਨੇ ਰਾਜਾ ਜੀਂਦ ਦੀ ਮਦਦ ਕੀਤੀ। 

ਸ. ਬਘੇਲ ਸਿੰਘ ਦੇ ਇਲਾਕੇ ਦੁਆਬਾ ਜਲੰਧਰ ਵਿਚ ਸਨ। ਸੰਨ 1806 ਦੀ ਸੁਲ੍ਹਾ ਨਾਲ ਸਤਲੁਜ ਦੇ ਸੱਜੇ ਹੱਥ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਤੇ ਖੱਬੇ ਹੱਥ ਦੇ ਇਲਾਕੇ ਅੰਗਰੇਜ਼ਾਂ ਦੇ ਅਧੀਨ ਮੰਨ ਲਏ ਗਏ। ਇਸ ਸਾਲ ਹੀ ਬਘੇਲ ਸਿੰਘ ਸਵਰਗਵਾਸ ਹੋ ਗਿਆ। ਇਸ ਦੀ ਕੋਈ ਔਲਾਦ ਨਹੀਂ ਸੀ। ਇਸ ਦੀ ਮੌਤ ਮਗਰੋਂ ਜਲੰਧਰ ਦੁਆਬੇ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜ਼ਬਤ ਕਰ ਕੇ ਸਰਦਾਰਨੀ ਰਾਮ ਕੌਰ (ਬਘੇਲ ਸਿੰਘ ਦੀ ਪਤਨੀ) ਨੂੰ ਜਾਗੀਰ ਦੇ ਦਿੱਤੀ। 

ਸ. ਬਘੇਲ ਸਿੰਘ ਤੋਂ ਪੰਥ ਦੇ ਉੱਚੇ ਘਰਾਣੇ ਅੰਮ੍ਰਿਤ ਛਕਣਾ ਪੁੰਨ ਕਰਮ ਮੰਨਦੇ ਸਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-27-12-50-39, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 831. ਸਿ. ਮਿ. : 115

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.