ਭਰਤ ਮੁਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਰਤ ਮੁਨੀ : ਸੰਸਕ੍ਰਿਤ ਸਾਹਿਤ ਵਿੱਚ ਨਾਟਯ ਸ਼ਾਸਤਰ ਵਰਗੀ ਰਚਨਾ ਕਰਨ ਵਾਲੇ ਭਰਤ ਮੁਨੀ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ । ਉਸ ਨੂੰ ਪੌਰਾਣਿਕ ਪੁਰਖ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਪੌਰਾਣਿਕ ਸ਼ੈਲੀ ਵਿੱਚ ਨਾਟਯ ਸ਼ਾਸਤਰ ਦੀ ਰਚਨਾ ਕੀਤੀ ਹੈ । ਨਾਟਯ ਸ਼ਾਸਤਰ ਦਾ ਮਹੱਤਵ ਦੱਸਦੇ ਹੋਏ ਭਰਤ ਮੁਨੀ ਕਹਿੰਦਾ ਹੈ ਕਿ ਵਿਸ਼ਵ ਦਾ ਅਜਿਹਾ ਕੋਈ ਗਿਆਨ , ਵਿੱਦਿਆ , ਕਲਾ , ਯੋਗ ਅਤੇ ਕਰਮ ਨਹੀਂ ਹੈ ਜੋ ਇਸ ਵਿਚ ਨਾ ਆਉਂਦਾ ਹੋਵੇ ।

        ਇਸ ਗ੍ਰੰਥ ਦੇ ਰਚਨਾ ਕਾਲ ਬਾਰੇ ਕਾਫੀ ਮੱਤ-ਭੇਦ ਹੈ । ਮੈਕਡਾਨਲ ਇਸ ਨੂੰ ਛੇਵੀਂ ਸਦੀ ਦੀ ਰਚਨਾ ਮੰਨਦਾ ਹੈ । ਐਮ.ਐਸ. ਹਰ ਪ੍ਰਸਾਦ ਸ਼ਾਸਤਰੀ ਅਨੁਸਾਰ ਇਹ ਈਸਾ ਤੋਂ ਪੂਰਵ ਦੂਜੀ ਸਦੀ ਦੀ ਰਚਨਾ ਹੈ । ਪਰੰਤੂ ਪੀ.ਵੀ. ਕਾਣੇ ਨੇ ਬੜੇ ਵਜ਼ਨਦਾਰ ਸਬੂਤਾਂ ਨਾਲ ਨਾਟਯ ਸ਼ਾਸਤਰ ਦਾ ਰਚਨਾ ਕਾਲ ਪਹਿਲੀ ਸਦੀ ਈਸਵੀ ਦੇ ਨੇੜੇ ਮੰਨਿਆ ਹੈ । ਹੁਣ ਲਗਪਗ ਸਾਰੇ ਵਿਦਵਾਨ ਕਾਣੇ ਦੇ ਮੱਤ ਨਾਲ ਸਹਿਮਤ ਹਨ ।

        ਨਾਟਯ ਸ਼ਾਸਤਰ ਪਹਿਲੀ ਆਲੋਚਨਾ ਪੁਸਤਕ ਹੈ ਜਿਸ ਵਿੱਚ ਭਾਰਤੀ ਆਲੋਚਨਾ ਦੇ ਪ੍ਰਸਿੱਧ ਸਿਧਾਂਤ ਕਾਵਿ- ਰਸ ਬਾਰੇ ਪਹਿਲੀ ਵਾਰ ਵਿਗਿਆਨਿਕ ਢੰਗ ਨਾਲ ਵਰਣਨ ਹੋਇਆ ਮਿਲਦਾ ਹੈ ਅਤੇ ਇਸ ਤੋਂ ਇਲਾਵਾ ਬਾਕੀ ਸਾਹਿਤ ਸਿਧਾਂਤਾਂ ਬਾਰੇ ਪ੍ਰਮਾਣਿਕ ਸੂਚਨਾ ਪ੍ਰਾਪਤ ਹੁੰਦੀ ਹੈ ।

        ਨਾਟਯ ਸ਼ਾਸਤਰ ਦੇ ਪਹਿਲੇ ਅਧਿਆਇ ਵਿੱਚ ਨਾਟਕ ਦੀ ਉਤਪਤੀ ਦੇ ਵਰਣਨ ਦੇ ਨਾਲ ਨਾਟਕ ਦੇ ਸਰੂਪ ਅਤੇ ਮਹੱਤਵ ਤੇ ਵਿਚਾਰ ਕੀਤਾ ਗਿਆ ਹੈ । ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਦਾ ਪਾਠਾਂਸ਼ ਸੰਗੀਤ ਰਿਗਵੇਦ ਤੋਂ , ਅਭਿਨਯ ਯਜੁਰਵੇਦ ਤੋਂ ਅਤੇ ਰਸ ਅਥਰਵੇਦ ਤੋਂ ਲਿਆ ਗਿਆ ਹੈ ।

        ਦੂਜੇ ਅਧਿਆਇ ਵਿੱਚ ਨਾਟਕ ਮੰਡਪ ਦੇ ਬਣਾਉਣ ਦੇ ਢੰਗ ਬਾਰੇ ਦੱਸਿਆ ਗਿਆ ਹੈ । ਇਸ ਵਿੱਚ ਨਾਟਕ ਮੰਡਪ ਦੇ ਸ਼ਿਲਪ , ਆਕਾਰ ਅਤੇ ਸਾਧਨ ਦਾ ਵਿਸਤਾਰ ਦੱਸਿਆ ਗਿਆ ਹੈ । ਤੀਜੇ ਅਧਿਆਇ ਵਿੱਚ ਨਾਟਕ ਮੰਡਲ ਦੀ ਸੁਰੱਖਿਆ ਲਈ ਕਈ ਦੇਵਤਿਆਂ ਦੀ ਪੂਜਾ ਅਤੇ ਵਰ ਪ੍ਰਾਪਤੀ ਦਾ ਵਿਵੇਚਨ ਕੀਤਾ ਗਿਆ ਹੈ । ਚੌਥੇ ਅਧਿਆਇ ਵਿੱਚ ਤਾਂਡਵ ਨਾਚ ਦੀ ਉਤਪਤੀ ਅਤੇ ਉਸ ਦੇ ਸ਼ਿਲਪ ਦਾ ਵਰਣਨ ਹੈ । ਪੰਜਵੇਂ ਅਧਿਆਇ ਵਿੱਚ ਨਾਟਕ ਦੇ ਸ਼ੁਰੂ ਵਿਚ ਪੇਸ਼ ਕਰਨ ਵਾਲੇ ਪੂਰਵਰੰਗ , ਨਾਂਦੀ ਅਤੇ ਪ੍ਰਸਤਾਵਨਾ ਬਾਰੇ ਦੱਸਿਆ ਗਿਆ ਹੈ । ਛੇਵਾਂ ਅਧਿਆਇ ਰਸ ਅਧਿਆਇ ਹੈ । ਇਸ ਵਿੱਚ ਰਸ- ਨਿਸ਼ਪਤੀ , ਰਸਾਂ ਦਾ ਭਾਵਾਂ ਨਾਲ ਸੰਬੰਧ , ਰਸਾਂ ਦੇ ਦੇਵਤਾ ਅਤੇ ਸਥਾਈ ਭਾਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੋਈ ਹੈ । ਸੱਤਵੇਂ ਅਧਿਆਇ ਵਿੱਚ ਭਾਵ , ਸੰਚਾਰੀ ਭਾਵ , ਸਾਤਵਿਕ ਭਾਵਾਂ ਬਾਰੇ ਦੱਸਿਆ ਗਿਆ ਹੈ । ਅੱਠਵੇਂ ਅਧਿਆਇ ਵਿੱਚ ਅਭਿਨਯ ਅਤੇ ਇਸ ਦੇ ਭੇਦਾਂ ਬਾਰੇ ਦੱਸਿਆ ਗਿਆ ਹੈ । ਨੌਂਵੇਂ ਅਧਿਆਇ ਵਿੱਚ ਨਾਚ ਦੀਆਂ ਮੁਦਰਾਵਾਂ ਵਿੱਚ ਹੱਥ , ਪੈਰ ਆਦਿ ਦੀਆਂ ਅਲੱਗ- ਅਲੱਗ ਮੁਦਰਾਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਹੈ । ਦਸਵੇਂ ਅਧਿਆਇ ਵਿੱਚ ਕਮਰ ਅਤੇ ਸਰੀਰ ਦੇ ਹੋਰ ਅੰਗਾਂ ਦੀਆਂ ਮੁਦਰਾਵਾਂ ਬਾਰੇ ਵਿਵੇਚਨ ਹੈ । ਗਿਆਰ੍ਹਵੇਂ ਅਧਿਆਇ ਵਿੱਚ ਚਾਰੀ ਨਿਰੁਪਣ ਵਿੱਚ ਅਕਾਸ਼ਚਾਰੀ ਆਦਿ ਦਾ ਵਰਣਨ ਕੀਤਾ ਗਿਆ ਹੈ । ਬਾਰਵੇਂ ਅਧਿਆਇ ਵਿੱਚ ਚਾਰਿਆ ਦੇ ਸੰਯੋਗ ਨਾਲ ਬਣਨ ਵਾਲੇ ਮੰਡਲਾਂ ਦੇ ਲੱਛਣ ਭੇਦ ਆਦਿ ਦਾ ਵਿਵੇਚਨ ਕੀਤਾ ਗਿਆ ਹੈ ।

        ਤੇਰ੍ਹਵੇਂ ਅਧਿਆਇ ਵਿੱਚ ਗਤੀ ਪ੍ਰਚਾਰ ਦਾ ਵਰਣਨ ਹੈ । ਇਸ ਵਿੱਚ ਰਸ ਦੇ ਅਨੁਸਾਰ ਪਾਤਰਾਂ ਦੀਆਂ ਗਤੀਆਂ ਬਾਰੇ ਦੱਸਿਆ ਗਿਆ ਹੈ । ਇਸ ਵਿੱਚ ਦੇਵਤਾ , ਰਾਜਾ , ਮੱਧਮ ਵਰਗ ਦੇ ਪਾਤਰ ਅਤੇ ਨਿਮਨ ਵਰਗ ਦੇ ਲੋਕਾਂ ਦੀ ਗਤੀ ਵਿੱਚ ਲੱਗਣ ਵਾਲੇ ਸਮੇਂ ਦਾ ਵਰਣਨ ਕੀਤਾ ਗਿਆ ਹੈ । ਚੌਦ੍ਹਵੇਂ ਅਧਿਆਇ ਵਿੱਚ ਲੋਕ ਧਰਮੀ ਅਤੇ ਨਾਟਕ ਧਰਮੀ ਦੋ ਨਾਟਕ ਪ੍ਰਕਾਰਾਂ ਬਾਰੇ ਦੱਸਿਆ ਗਿਆ ਹੈ । ਇਸ ਵਿੱਚ ਨਾਟਕ ਦੀ ਅੰਕ ਯੋਜਨਾ , ਦੇਸ ਪਹਿਰਾਵਾ ਆਦਿ ਤੇ ਨਿਰਭਰ ਚਾਰ ਤਰ੍ਹਾਂ ਦੀਆਂ ਪ੍ਰਵ੍ਰਿਤੀਆਂ ਦਾ ਵਿਵੇਚਨ ਕੀਤਾ ਹੋਇਆ ਹੈ । ਪੰਦ੍ਹਰਵੇਂ ਅਤੇ ਸੋਲ੍ਹਵੇਂ ਅਧਿਆਇ ਵਿੱਚ ਅਭਿਨਯ ਸ਼ੁਰੂ ਹੁੰਦਾ ਹੈ । ਇਸ ਵਿੱਚ ਨਾਟਕ ਦੀਆਂ ਸੰਧੀਆਂ ਅਤੇ ਸੰਵਾਦ ਦੱਸੇ ਗਏ ਹਨ । ਇਸ ਤੋਂ ਇਲਾਵਾ ਇਸ ਵਿੱਚ ਛੰਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਸਤਾਰ੍ਹਵੇਂ ਅਧਿਆਇ ਵਿੱਚ ਕਾਵਿ ਦੇ ਲੱਛਣਾਂ , ਅਲੰਕਾਰਾਂ ਅਤੇ ਗੁਣਾਂ ਬਾਰੇ ਵਿਵੇਚਨ ਪ੍ਰਾਪਤ ਹੁੰਦਾ ਹੈ । ਅਠਾਰ੍ਹਵੇਂ ਅਧਿਆਇ ਵਿੱਚ ਭਾਸ਼ਾਵਾਂ ਦਾ ਵਿਵੇਚਨ ਹੈ ਅਤੇ ਇਸ ਵਿੱਚ ਭਾਸ਼ਾ ਦੇ ਨਿਯਮ ਦੱਸੇ ਗਏ ਹਨ । ਉਨ੍ਹੀਵੇਂ ਅਧਿਆਇ ਵਿੱਚ ਉੱਚ , ਮੱਧਮ ਅਤੇ ਨਿਮਨ ਵਰਗ ਦੇ ਪਾਤਰਾਂ ਨੂੰ ਸੰਬੋਧਨ ਕਰਨ ਲਈ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਵਰਣਨ ਕੀਤਾ ਗਿਆ ਹੈ । ਵੀਹਵੇਂ ਅਧਿਆਇ ਵਿੱਚ ਦਸ ਰੂਪਕਾਂ ਦਾ ਨਿਰੂਪਣ ਕੀਤਾ ਗਿਆ ਹੈ । ਇੱਕੀਵੇਂ ਅਧਿਆਇ ਵਿੱਚ ਨਾਟਕ ਦੇ ਕਥਾਨਕ , ਸ਼ਿਲਪ ਅਤੇ ਕਲਾ ਆਦਿ ਬਾਰੇ ਦੱਸਿਆ ਗਿਆ ਹੈ । ਬਾਈਵੇਂ ਅਧਿਆਇ ਵਿੱਚ ਨਾਟਕ ਵਿੱਚ ਉਪਯੋਗੀ ਵ੍ਰਿਤੀਆਂ ਅਤੇ ਇਹਨਾਂ ਦੇ ਭੇਦ ਹਨ । ਤੇਈਵੇਂ ਅਧਿਆਇ ਵਿੱਚ ਨਾਟਕ ਦੀ ਵੇਸ਼ਭੂਸ਼ਾ ਦਾ ਵਿਵੇਚਨ ਕੀਤਾ ਗਿਆ ਹੈ । ਚੌਵੀਵੇਂ ਅਧਿਆਇ ਵਿੱਚ ਆਮ ਅਭਿਨਯ ਦਾ ਵਰਣਨ ਹੈ । ਇਸ ਵਿੱਚ ਪਾਤਰਾਂ ਦੇ ਉੱਤਮ , ਮੱਧਮ ਅਤੇ ਨੀਚ ਸੁਭਾਉ ਦਾ ਨਿਰੂਪਣ ਕੀਤਾ ਗਿਆ ਹੈ । ਇਸ ਵਿੱਚ ਇਸਤਰੀਆਂ ਦੇ ਗਹਿਣਿਆਂ ਅਤੇ ਨਾਇਕਾਂ ਦੇ ਪ੍ਰਕਾਰਾਂ ਬਾਰੇ ਵਿਸਤਾਰ- ਪੂਰਵਕ ਦੱਸਿਆ ਗਿਆ ਹੈ । ਪੱਚੀਵੇਂ ਅਧਿਆਇ ਵਿੱਚ ਪੁਰਖਾਂ ਦੇ ਗੁਣਾਂ , ਉਹਨਾਂ ਦੇ ਮਿੱਤਰਾਂ ਆਦਿ ਅਤੇ ਇਸਤਰੀਆਂ ਦੇ ਯੋਵਨ ਦੀਆਂ ਚਾਰ ਅਵਸਥਾਵਾਂ ਦਾ ਵਿਵੇਚਨ ਪ੍ਰਾਪਤ ਹੁੰਦਾ ਹੈ । ਛੱਬੀਵੇਂ ਅਧਿਆਇ ਵਿੱਚ ਚਿੱਤਰ ਅਭਿਨਯ ਹੈ । ਸਤਾਈਵੇਂ ਅਧਿਆਇ ਵਿੱਚ ਦੇਵੀ ਅਤੇ ਮਨੁੱਖੀ ਸਿੱਧੀਆਂ ਦਾ ਵਰਣਨ ਕੀਤਾ ਗਿਆ ਹੈ । ਅਠਾਈਵੇਂ ਅਧਿਆਇ ਤੋਂ ਚੌਂਤੀਵੇਂ ਅਧਿਆਇ ਤੱਕ ਸੰਗੀਤ ਸ਼ਾਸਤਰ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਹੈ । ਪੈਂਤੀਵੇਂ ਅਧਿਆਇ ਵਿੱਚ ਪੁਰਖ ਅਤੇ ਇਸਤਰੀਆਂ ਦੇ ਸੁਭਾਉ ਅਤੇ ਚਾਰ ਤਰ੍ਹਾਂ ਦੀ ਨਾਇਕਾ ਦਾ ਵਿਵੇਚਨ ਹੈ । ਛੱਤੀਵੇਂ ਅਤੇ ਸੈਂਤੀਵੇਂ ਅਧਿਆਇ ਵਿੱਚ ਨਾਟਕ ਅਵਤਰਨ ਦੀ ਕਥਾ ਦਾ ਵਰਣਨ ਹੈ । ਇਸ ਤਰ੍ਹਾਂ ਭਰਤ ਮੁਨੀ ਰਚਿਤ ਨਾਟਯ ਸ਼ਾਸਤਰ ਦਾ ਮੁੱਖ ਵਿਸ਼ਾ ਭਾਵੇਂ ਨਾਟਕੀ ਆਲੋਚਨਾ ਹੈ ਪਰ ਇਸ ਵਿੱਚ ਕਾਵਿ ਆਲੋਚਨਾ ਦੇ ਅੰਗਾਂ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ ।

        ਨਾਟਯ ਸ਼ਾਸਤਰ ਵਿੱਚ ਪ੍ਰਾਚੀਨ ਕਾਲ ਵਿੱਚ ਪ੍ਰਚਲਿਤ ਕਈ ਤਰ੍ਹਾਂ ਦੀਆਂ ਸ਼ੈਲੀਆਂ ਦਾ ਮਿਸ਼ਰਨ ਹੈ । ਸਾਰਾ ਨਾਟਯ ਸ਼ਾਸਤਰ ਗੱਦ ਅਤੇ ਪਦ ਦੋ ਤਰ੍ਹਾਂ ਦੀਆਂ ਸ਼ੈਲੀਆਂ ਵਿੱਚ ਹੈ । ਨਾਟਯ ਸ਼ਾਸਤਰ ਦਾ ਭਾਰਤੀ ਸਾਹਿਤ ਸ਼ਾਸਤਰ ਦੇ ਅਧਿਐਨ ਵਿੱਚ ਮਹੱਤਵਪੂਰਨ ਯੋਗਦਾਨ ਹੈ । ਇਸ ਵਿੱਚ ਪਹਿਲੀਵਾਰ ਛੰਦਾਂ , ਅਲੰਕਾਰਾਂ , ਗੁਣਾਂ , ਵ੍ਰਿਤੀਆਂ ਅਤੇ ਰਸਾਂ ਆਦਿ ਦਾ ਵਿਵੇਚਨ ਮਿਲਦਾ ਹੈ । ਨਾਟਯ ਸ਼ਾਸਤਰ ਵਿਚ ਨਾਟਕ ਦੀ ਰਚਨਾ ਅਤੇ ਨਾਟਕ ਦੇ ਪ੍ਰਦਰਸ਼ਨ ਦੇ ਦੋਹਰੇ ਮਹੱਤਵ ਨੂੰ ਖ਼ਿਆਲ ਵਿੱਚ ਰੱਖ ਕੇ ਮਨੁੱਖ ਦੀਆਂ ਮਾਨਸਿਕ ਦਸ਼ਾਵਾਂ ਦਾ ਵਰਣਨ ਕੀਤਾ ਗਿਆ ਹੈ । ਇਸ ਵਿੱਚ ਦਿੱਤਾ ਗਿਆ ਨਾਇਕ ਅਤੇ ਨਾਇਕਾ ਦਾ ਵਿਵਰਨ ਅਤੇ ਵਰਗੀਕਰਨ ਉਹਨਾਂ ਦੇ ਮਨੋਵਿਗਿਆਨਿਕ ਸੁਭਾਅ ਦੇ ਅਨੁਸਾਰ ਹੈ । ਇਹ ਨਾਟਕ ਦੀ ਕਲਾ ਦਾ ਇੱਕ ਰਚਨਾਤਮਿਕ ਅਤੇ ਸ਼ਕਤੀਸ਼ਾਲੀ ਪੱਖ ਹੈ । ਨਾਟਯ ਸ਼ਾਸਤਰ ਤੋਂ ਨਾਟਕ , ਨਾਚ ਅਤੇ ਸੰਗੀਤ ਵਰਗੀਆਂ ਕਲਾਵਾਂ ਦਾ ਹੀ ਗਿਆਨ ਪ੍ਰਾਪਤ ਨਹੀਂ ਹੁੰਦਾ ਸਗੋਂ ਇਸ ਵਿੱਚ ਚਿੱਤਰਕਲਾ ਦਾ ਵੀ ਮਹੱਤਵਪੂਰਨ ਗਿਆਨ ਮਿਲਦਾ ਹੈ । ਇਸ ਤਰ੍ਹਾਂ ਚਿੱਤਰਕਲਾ ਦੇ ਸਿਧਾਂਤ ਅਤੇ ਮੂਰਤੀ ਨਿਰਮਾਣ ਜਾਂ ਸ਼ਿਲਪ ਸ਼ਾਸਤਰ ਦੇ ਵਿਗਿਆਨ ਵੀ ਨਾਟਯ ਸ਼ਾਸਤਰ ਨਾਲ ਗਹਿਰਾ ਸੰਬੰਧ ਰੱਖਦੇ ਹਨ । ਨਾਟਯ ਸ਼ਾਸਤਰ ਤੋਂ ਕਈ ਤਰ੍ਹਾਂ ਦੀਆਂ ਲੋਕਪ੍ਰਥਾਵਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।

        ਨਾਟਯ ਸ਼ਾਸਤਰ ਵਿੱਚ ਸਭ ਤੋਂ ਵੱਧ ਜ਼ੋਰ ਰਸਾਂ ਦੇ ਵਰਣਨ ਉੱਤੇ ਹੈ ਅਤੇ ਇਸ ਦੀ ਸਭ ਤੋਂ ਵੱਡੀ ਦੇਣ ਰਸਾਂ ਦਾ ਵਿਸ਼ਲੇਸ਼ਣ ਹੀ ਹੈ । ਇਸ ਪੱਖ ਤੋਂ ਭਰਤ ਮੁਨੀ ਭਾਰਤੀ ਆਲੋਚਨਾ ਵਿਚ ਰਸ ਸਿਧਾਂਤ ਦੇ ਆਦਿ ਪ੍ਰਵਰਤਕ ਹਨ । ਭਰਤ ਮੁਨੀ ਦੇ ਇਸ ਗ੍ਰੰਥ ਨੂੰ ਹੀ ਆਲੋਚਨਾ ਦਾ ਮੁਢਲਾ ਤੇ ਬੁਨਿਆਦੀ ਗ੍ਰੰਥ ਸਵੀਕਾਰ ਕੀਤਾ ਗਿਆ ਹੈ । ਇਸ ਤਰ੍ਹਾਂ ਭਰਤ ਮੁਨੀ ਦਾ ਨਾਟਯ ਸ਼ਾਸਤਰ ਭਾਰਤੀ ਸਾਹਿੱਤਕ ਆਲੋਚਨਾ ਦਾ ਪਹਿਲਾ ਸਿਧਾਂਤਿਕ ਸੁਲਭ ਗ੍ਰੰਥ ਹੈ ।


ਲੇਖਕ : ਰੰਜਨਾ ਮਹਿਤਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.