ਰਾਸ਼ਟਰੀ ਏਕਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

National Integration ਰਾਸ਼ਟਰੀ ਏਕਤਾ : ਭਾਰਤ ਵਿਚ ਅੰਗ੍ਰੇਜ਼ੀ ਸ਼ਾਸਨ ਨੇ ਆਪਣੇ ਰਾਜ ਨੂੰ ਦੀਰਘ ਕਾਲ ਤਕ ਬਣਾਈ ਰੱਖਣ ਲਈ ਦੇਸ਼ ਨੂੰ ਪਰੰਪਰਾਗਤ ਵੰਡਾਂ , ਆਰਥਿਕ ਜਾਂ ਧਾਰਮਿਕ , ਸਭਿਅਚਾਰਕ ਜਾਂ ਪ੍ਰਾਦੇਸ਼ਿਕ ਵਿਚ ਜਕੜ ਰੱਖਿਆ ਸੀ । ਆਜ਼ਾਦੀ ਤੋਂ ਬਾਅਦ ਇਹਨਾਂ ਸਭ ਵੰਡਾਂ ਨੂੰ ਖ਼ਤਮ ਕਰਕੇ ਰਾਸ਼ਟਰੀ ਏਕਤਾ ਨੂੰ ਕਾਇਮ ਕਰਨਾ ਭਾਰਤ ਸਰਕਾਰ ਨੇ ਆਪਣਾ ਲਕਸ਼ ਬਣਾ ਲਿਆ । ਭਾਵੇਂ ਹੁਣ ਅਸੀਂ ਆਜ਼ਾਦ ਹਾਂ , ਪਰੰਤੂ ਅਜੇ ਵੀ ਅੰਦਰੂਨੀ ਅਤੇ ਵਿਦੇਸ਼ੀ ਸ਼ਕਤੀਆਂ ਸਾਡੀਆਂ ਉਹਨਾਂ ਕਮਜੋ਼ਰੀਆਂ ਦਾ ਲਾਭ ਉਠਾ ਕੇ ਦੇਸ਼ ਦੀ ਏਕਤਾ ਨੂੰ ਭੰਗ ਕਰਨ ਦਾ ਯਤਨ ਕਰਦੀਆਂ ਰਹਿੰਦੀਆਂ ਹਨ । ਸਾਡੀਆਂ ਰਾਜਨੀਤਿਕ ਪਾਰਟੀਆਂ ਦੀ ਤਾਕਤ ਪ੍ਰਾਪਤ ਕਰਨ ਦੀ ਜਦੋਜਹਿਦ ਵੀ ਜਾਤੀ , ਭਾਸ਼ਾ ਅਤੇ ਧਰਮ ਦੇ ਨਾਂ ਤੇ ਵੋਟ ਮੰਗ ਕੇ ਦੇਸ਼ ਦੀ ਏਕਤਾ ਨੂੰ ਭੰਗ ਕਰਨ ਦਾ ਯਤਨ ਕਰਦੀਆਂ ਹਨ । ਇਸ ਪੱਖੋਂ ਰਾਸ਼ਟਰੀ ਏਕਤਾ ਸਾਡੇ ਰਾਸ਼ਟਰੀ ਜੀਵਨ ਲਈ ਬਹੁਤ ਮਹੱਤਤਾ ਰੱਖਦੀ ਹੈ ।

          ਰਾਸ਼ਟਰੀ ਏਕਤਾ ਕੇਵਲ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਦੇਸ਼ ਦੇ ਹਰ ਭਾਗ ਵਿਚ ਘੱਟ-ਗਿਣਤੀਆਂ ਅਤੇ ਬਹੁ-ਗਿਣਤੀਆਂ ਵਿਚ ਪਰਸਪਰ ਸਹਿਯੋਗ ਹੋਵੇ । ਘੱਟ-ਗਿਣਤੀ ਕਮਿਸ਼ਨ ਨੇ ਰਾਸ਼ਟਰੀ ਏਕਤਾ ਨੂੰ ਉੱਨਤ ਕਰਨ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹਨ ਜਿਹਾ ਕਿ ਰਾਸ਼ਟਰੀ ਏਕਤਾ ਇੰਸਟੀਚਿਊਟ ਦੀ ਸਥਾਪਨਾ , ਹਰ ਸਾਲ ਇਕ ਰਾਸ਼ਟਰੀ ਏਕਤਾ ਸਪਤਾਹ ਮਨਾਉਣਾ; ਧਾਰਮਿਕ ਘੱਟ-ਗਿਣਤੀਆਂ ਨਾਲ ਸਬੰਧਤ ਨਾਗਰਿਕਾਂ ਨੂੰ ਇਕ ਦੂਜੇ ਦੇ ਧਾਰਮਿਕ ਤਿਉਹਾਰਾਂ ਅਤੇ ਸਭਿਆਚਾਰਕ ਉਤਸਵਾਂ ਜਿਹਾ ਕਿ ਹੋਲੀ , ਈਦ , ਦੁਸਹਿਰਾ , ਮਿਲਾਟ , ਸ੍ਰੀ ਗੁਰੂ ਨਾਨਕ ਜਨਮ ਦਿਵਸ , ਕ੍ਰਿਸਮਿਸ ਆਦਿ ਵਿਚ ਸ਼ਾਮਲ ਹੋਣ ਲਈ ਉਤਸਾਹਿਤ ਕਰਨਾ; ਯੂਨੀਵਰਸਿਟੀ , ਕਾਲਜ ਅਤੇ ਸਕੂਲ ਪੱਧਰਾਂ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਰਾਸ਼ਟਰੀ ਕੈਂਪ ਲਗਾਉਣਾ । ਰਾਸ਼ਟਰੀ ਏਕਤਾ ਲਈ ਫ਼ਿਰਕੂ ਅਤੇ ਜਾਤੀ ਭਾਵਨਾਵਾਂ ਨੂੰ ਭੜਕਾਉਣ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ । ਫ਼ਸਾਦਾਂ ਨੂੰ ਰੋਕਣ ਲਈ ਵਿਸ਼ੇਸ਼ ਏਜੰਸੀਆਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਪ੍ਰਸ਼ਾਸਕਾਂ ਨੂੰ ਫ਼ਿਰਕੂ ਇਕਸੁਰਤਾ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ । ਸੰਵੇਦਨਸ਼ੀਲ ਖ਼ੇਤਰਾਂ ਵਿਚ ਵਿਸ਼ੇਸ਼ ਰੂਪ ਵਿਚ ਸਿੱਖਿਅਤ ਸੀਨੀਅਰ ਅਫ਼ਸਰ ਲਗਾਏ ਜਾਣੇ ਚਾਹੀਦੇ ਹਨ ।

          ਐਪਰ ਬਹੁਤ ਹੀ ਕ੍ਰਾਂਤੀਕਾਰੀ ਸਿਫ਼ਾਰਸ਼ ਰਾਸ਼ਟਰੀ ਏਕਤਾ ਅਤੇ ਧਰਮ-ਨਿਰਪੇਖ ਪਰੰਪਰਾਵਾਂ ਅਤੇ ਸਾਰੇ ਵਰਗਾਂ ਦੇ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਲਈ ਇਕ ਵਿਸ਼ਾਲ ਸਕੀਮ ਤਿਆਰ ਕਰਨ ਦੀ ਸੀ । ਅਜਿਹੀ ਸਕੀਮ ਵਿਚ ਉਚਿਤ ਸੰਸਥਾਗਤ ਤੰਤਰ ਦੀ ਸਥਾਪਨਾ ਸ਼ਾਮਿਲ ਸੀ ਜੋ ਰਾਸ਼ਟਰੀ ਏਕਤਾ ਅਤੇ ਮਾਨਵ ਅਧਿਕਾਰਾਂ ਦੀ ਸੁਰੱਖਿਆ ਲਈ ਜਿੰਮੇਵਾਰ ਹੋਵੇ ।

          ਕੋਈ ਵੀ ਦੇਸ਼ ਉਦੋਂ ਤਕ ਪ੍ਰਾਪਤੀ ਦੇ ਸਿਖਰ ਤਕ ਨਹੀਂ ਅਪੜ ਸਕਦਾ ਜਦੋਂ ਤਕ ਦੇਸ਼ ਵਿਚ ਰਾਸ਼ਟਰੀ ਏਕਤਾ ਨਾ ਹੋਵੇ । ਸਾਡੇ ਦੇਸ਼ ਵਿਚ ਅਨੇਕ ਧਰਮ , ਜਾਤੀਆਂ ਅਤੇ ਪਰੰਪਰਾਵਾਂ ਵਾਲੇ ਲੋਕ ਵਧਦੇ ਹਨ , ਉਹਨਾਂ ਨੂੰ ਇਕ ਮਾਲਾ ਵਿਚ ਪੁਰੋ ਕੇ ਉਹਨਾਂ ਦੇ ਮਨਾਂ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕਰਨਾ ਹੀ ਰਾਸ਼ਟਰੀ ਏਕਤਾ ਦਾ ਪਹਿਲਾ ਉਦੇਸ਼ ਹੈ । ਇਸ ਲਈ ਸਰਕਾਰ ਤੋਂ ਇਲਾਵਾ ਗੈ਼ਰ-ਸਰਕਾਰੀ ਸੰਗਠਨਾਂ ਨੂੰ ਵੀ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਰਾਸ਼ਟਰੀ ਏਕਤਾ ਹੀ ਰਾਸ਼ਟਰੀ ਅਖੰਡਤਾ ਦੀ ਪ੍ਰਤੀਕ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.