ਵਾਕ ਲੈਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਾਕ ਲੈਣਾ : ‘ ਵਾਕ ਲੈਣ ’ ਤੋਂ ਭਾਵ ਹੈ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਸੇ ਸ਼ਬਦ ਦਾ ਪੜ੍ਹਨਾ । ਇਸ ਨੂੰ ‘ ਹੁਕਮ ਲੈਣਾ ’ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਸ਼ਬਦ ਗੁਰੂ ਜੀ ਦੀ ਆਗਿਆ /ਆਦੇਸ਼ ਦਾ ਸੂਚਕ ਹੈ । ਹਰ ਸਮਾਗਮ ਦੇ ਅੰਤ ਵਿਚ , ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ , ਅਰਦਾਸ ਤੋਂ ਬਾਦ ਪਾਠੀ/ਗ੍ਰੰਥੀ ਗ੍ਰੰਥ ਸਾਹਿਬ ਤੋਂ ਇਕ ਸ਼ਬਦ ਪੜ੍ਹਦਾ ਹੈ ।

ਸ਼ਬਦ ਕਿਹੜਾ ਪੜ੍ਹਿਆ ਜਾਏ ? ਇਸ ਬਾਰੇ ਵਿਧੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਿਤ ਕਰਕੇ ( ਖੋਲ੍ਹ ਕੇ ) ਜਿਸਤ ਪੰਨੇ ਦਾ ਮੁਢਲਾ ਸ਼ਬਦ ( ਜੇ ਉਥੋਂ ਆਰੰਭ ਹੋ ਰਿਹਾ ਹੋਵੇ ) ਜਾਂ ਤਾਕ ਪੰਨੇ ਦਾ ਆਖ਼ੀਰਲਾ ਸ਼ਬਦ ਜੋ ਜਾਂ ਤਾਂ ਉਸ ਪੰਨੇ ਉਤੇ ਸਮਾਪਤ ਹੋ ਜਾਵੇ , ਜਾਂ ਅਗਲੇ ਜਿਸਤ ਪੰਨੇ ਉਤੇ ਜਾਵੇ , ਨੂੰ ਪੜਿਆ ਜਾਵੇ ।

ਚਉਪਦੇ , ਅਸ਼ਟਪਦੀਆਂ , ਛੰਤ ‘ ਵਾਕ’ ਵਜੋਂ ਪੂਰੇ ਪੜ੍ਹੇ ਜਾਂਦੇ ਹਨ ਅਤੇ ਵਾਰਾਂ ਵਿਚ ਸ਼ਲੋਕਾਂ ਸਹਿਤ ਪਉੜੀ ਪੜ੍ਹੀ ਜਾਂਦੀ ਹੈ ।

ਸ਼ਬਦ ਕਿਵੇਂ ਪੜ੍ਹਿਆ ਜਾਏ ? ਇਸ ਬਾਰੇ ਆਮ ਪ੍ਰਚਲਿਤ ਵਿਧੀ ਹੈ ਕਿ ਪਾਠੀ/ਗ੍ਰੰਥੀ ਹੌਲੀ ਹੌਲੀ ਰੁਮਾਲੇ ਨੂੰ ਇਕੱਠਾ ਕਰੇ ਅਤੇ ਇਸ ਸਮੇਂ ਦੌਰਾਨ ਕੋਈ ਸ਼ਲੋਕ ਜਾਂ ਪਦਾ ਪੜ੍ਹਦਾ ਰਹੇ । ਜਦੋਂ ਰੁਮਾਲਾ ਇਕੱਠਾ ਹੋ ਜਾਏ ਅਤੇ ਗ੍ਰੰਥ ਸਾਹਿਬ ਦਾ ਪੱਤਰਾ ਉਘੜ ਆਏ ਤਾਂ ਸ਼ਬਦ ਦਾ ਹੌਲੀ ਹੌਲੀ ਜਾਂ ਸੁਰ ਸਹਿਤ ਪਾਠ ਕੀਤਾ ਜਾਏ । ਆਖ਼ੀਰਲੀਆਂ ਤੁਕਾਂ ਨੂੰ ਦੁਹਰਾਇਆ ਜਾਏ । ਇਸ ਤਰ੍ਹਾਂ ਪਾਠ-ਵਾਚਨ ਸਮਾਪਤ ਹੋ ਜਾਂਦਾ ਹੈ । ਫਿਰ ਕੜਾਹ ਪ੍ਰਸਾਦ ਦੇ ਵੰਡਣ ਨਾਲ ਦੀਵਾਨ ਦੀ ਸਮਾਪਤੀ ਹੋ ਜਾਂਦੀ ਹੈ ।

ਵਾਕ-ਲੈਣਾ ਨੂੰ ਹੁਕਮ-ਲੈਣਾ ਵੀ ਕਿਹਾ ਜਾਂਦਾ ਹੈ , ਕਿਉਂਕਿ ਸ਼ਬਦ ਵਿਚ ਗੁਰੂ ਦਾ ਉਪਦੇਸ਼ ਸਮੋਇਆ ਹੁੰਦਾ ਹੈ ਅਤੇ ਇਹ ਉਪਦੇਸ਼ ਅਸਲੋਂ ‘ ਧੁਰ ਕੀ ਬਾਣੀ ’ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.