ਸ਼ੁਕਰਚੱਕੀਆ ਮਿਸਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸ਼ੁਕਰਚੱਕੀਆ ਮਿਸਲ : ਸਿੱਖ ਮਿਸਲਾਂ ਵਿਚੋਂ ਇਹ ਸਭ ਤੋਂ ਮਹੱਤਵਪੂਰਨ ਮਿਸਲ ਹੈ ਜਿਸ ਦੇ ਵਾਰਸਾਂ ਨੂੰ ਪੰਜਾਬ ਉੱਪਰ ਰਾਜ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਰਣਜੀਤ ਸਿੰਘ ਇਸੇ ਮਿਸਲ ਦੇ ਸਰਦਾਰ ਮਹਾਂ ਸਿੰਘ ਦਾ ਪੁੱਤਰ ਸੀ।
ਇਸ ਮਿਸਲ ਦੇ ਸ਼ਿਜਰੇ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਵੜੈਚ ਗੋਤ ਦਾ ਇਕ ਜੱਟ ਕਾਲੂ, ਲਾਹੌਰ ਤੋਂ 65-80 ਕਿ. ਮੀ. ਦੂਰ ਮੌਜਾ ਪਿੰਡੀ ਭੱਟੀਆਂ ਵਿਚ ਰਹਿੰਦਾ ਸੀ। ਇਸ ਥਾਂ ਤੋਂ ਆਪਣੀ ਪਤਨੀ ਨਾਲ ਚਲ ਕੇ ਕਾਲੂ ਇਕ ਪਿੰਡ ਸਾਂਸਰੀ (ਸੈਂਹਸਰਾ) ਰਾਜਾ ਸਾਂਸੀ ਕੋਲ ਪਹੁੰਚਿਆ ਜੋ ਅੰਮ੍ਰਿਤਸਰ ਤੋਂ 9 ਕਿ. ਮੀ. ਦੀ ਦੂਰੀ ਤੇ ਹੈ। ਇਸ ਜਗ੍ਹਾ ਉਨ੍ਹਾਂ ਦਿਨਾਂ ਵਿਚ ਸਾਂਸੀ ਲੋਕ ਰਿਹਾ ਕਰਦੇ ਸਨ। ਇਥੇ ਹੀ ਕਾਲੂ ਦੇ ਘਰ ਇਕ ਬੱਚਾ ਪੈਦਾ ਹੋਇਆ ਜਿਸ ਦਾ ਨਾਂ ਜਦੂਮਾਨ ਰਖਿਆ ਗਿਆ। ਕਾਲੂ ਉਸ ਥਾਂ ਤੋਂ ਉੱਠ ਕੇ ਵਜ਼ੀਰਾਬਾਦ ਤੋਂ ਕੁਝ ਦੂਰੀ ਤੇ ਇਕ ਪਿੰਡ ਸੰਦ ਵਿਚ ਰਹਿਣ ਲਗ ਪਿਆ ਜਿਥੇ ਉਹ 1488 ਈ. ਵਿਚ ਸਵਰਗਵਾਸ ਹੋਇਆ। ਜਦੂਮਾਨ ਸਾਂਸੀ ਲੋਕਾਂ ਵਿਚ ਪਲਿਆ ਸੀ ਇਸ ਲਈ ਮੁੱਢਲੀ ਉਮਰ ਵਿਚ ਉਨ੍ਹਾਂ ਲੋਕਾਂ ਦਾ ਅਸਰ ਕਬੂਲਦੇ ਹੋਏ ਉਸ ਨੇ ਵੀ ਉਨ੍ਹਾਂ ਲੋਕਾਂ ਦਾ ਕਿੱਤਾ ਅਪਣਾਇਆ। ਇਸ ਨੇ ਸਾਂਸੀਆਂ ਦੀਆਂ ਮੁਹਿੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਅਜਿਹੀ ਹੀ ਇਕ ਮੁਹਿੰਮ ਵਿਚ ਸੰਨ 1515 ਵਿਚ ਮਰ ਗਿਆ। ਇਸ ਦੇ ਪੁੱਤਰ ਗਲਬੇ ਵਿਚ ਵੀ ਇਹ ਸਾਰੀਆਂ ਆਦਤਾਂ ਮੌਜੂਦ ਸਨ। ਇਹ ਮਾਝੇ ਵਿਚ ਕਾਫ਼ੀ ਲੁੱਟ ਮਾਰ ਕਰਦਾ ਰਿਹਾ ਤੇ 1549 ਈ. ਵਿਚ ਸੰਧ ਵਿਖੇ ਪੂਰਾ ਹੋਇਆ। ਇਸ ਦਾ ਪੁੱਤਰ ਕਿਦੋ ਪਹਿਲਾਂ ਪਹਿਲ ਸੰਧ ਵਿਖੇ ਰਹਿੰਦਾ ਰਿਹਾ ਪਰ 1555 ਈ. ਵਿਚ ਗੁਜਰਾਂਵਾਲੇ ਦੇ ਕੋਲ ਇਕ ਛੋਟੇ ਜਿਹੇ ਪਿੰਡ ਸ਼ੁਕਰਚੱਕ ਵਿਚ ਰਹਿਣ ਲਗਾ। ਇਸ ਨੇ ਆਪਣੇ ਨਾਲ ਆਪਣੇ ਪਿਤਾ ਤੋਂ ਵਿਰਾਸਤ ਵਿਚ ਮਿਲੇ ਡੰਗਰ ਢੋਰ ਵੀ ਆਪਣੇ ਨਾਲ ਲੈ ਆਂਦੇ ਅਤੇ ਇਹ ਬੜੀ ਸ਼ਾਂਤ ਜ਼ਿੰਦਗੀ ਬਤੀਤ ਕਰਨ ਲੱਗਾ। ਸ਼ੁੱਕਰਚੱਕ ਵਿਖੇ ਇਸ ਨੇ ਕਾਫ਼ੀ ਜ਼ਮੀਨ ਬਣਾ ਲਈ ਅਤੇ ਖੇਤੀ ਕਰਕੇ ਆਪਣੇ ਟੱਬਰ ਦਾ ਪਾਲਣ-ਪੋਸਣ ਕਰਦਾ ਰਿਹਾ। ਇਸ ਦੀ ਮੌਤ (1578 ਈ. ) ਤੋਂ ਬਾਅਦ ਇਸ ਦੇ ਲੜਕੇ ਰਾਜਾਦਬ ਨੇ ਵੀ ਸ਼ੁਕਰਚੱਕ ਵਿਚ ਆਪਣਾ ਕਾਰੋਬਾਰ ਜਾਰੀ ਰਖਿਆ। ਇਸ ਦੀ 1620 ਈ. ਵਿਚ ਮੌਤ ਹੋ ਜਾਣ ਕਾਰਨ ਇਸਦੇ ਤਿੰਨ ਪੁਤਰਾਂ (ਤੇਲੂ, ਨੀਲੂ ਤੇ ਤਖਤ ਮੱਲ) ਵਿਚੋਂ ਤਖਤ ਮੱਲ ਨੇ ਸ਼ੁਕਰਚੱਕ ਅਤੇ ਖਿਆਲੀ ਵਿਚ ਜ਼ਮੀਨ ਲੈਣ ਤੋਂ ਬਾਅਦ ਸ਼ਾਹੂਕਾਰੇ ਦਾ ਕੰਮ ਕਰਨਾ ਸ਼ੁਰੂ ਕੀਤਾ। ਇਥੇ ਇਹ ਆਪਣੇ ਇਲਾਕੇ ਵਿਚ ਕਾਫ਼ੀ ਪ੍ਰਸਿੱਧੀ ਹਾਸਲ ਕਰਨ ਵਿਚ ਕਾਮਯਾਬ ਹੋਇਆ। ਤਖਤ ਮੱਲ ਦੀ ਮੌਤ 1653 ਈ. ਵਿਚ ਹੋਈ। ਇਸ ਦੇ ਦੋ ਲੜਕੇ ਬਾਲੂ ਅਤੇ ਬਾਰਾ ਸਨ। ਬਾਲੂ 18 ਸਾਲ ਦੀ ਉਮਰ ਵਿਚ ਇਕ ਪਿੰਡ ਤੇ ਹਮਲਾ ਕਰਨ ਸਮੇਂ ਕਤਲ ਹੋ ਗਿਆ। ਬਾਰਾ ਜਿਸ ਨੂੰ ਉਸ ਦੇ ਸ਼ਾਂਤ ਸੁਭਾਅ ਕਰਕੇ ਭਾਈ ਵੀ ਕਿਹਾ ਜਾਂਦਾ ਸੀ, ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖਿਆ ਅਤੇ ਅੰਮ੍ਰਿਤ ਛਕਣ ਲਈ ਅੰਮ੍ਰਿਤਸਰ ਵੱਲ ਵੀ ਤੁਰਿਆ ਪਰ ਕਿਸੇ ਕਾਰਨ ਇਹ ਇਥੇ ਪਹੁੰਚ ਨਾ ਸਕਿਆ। ਫਿਰ ਇਸ ਨੇ ਸ਼ੁਕਰਚੱਕ ਅਤੇ ਖਿਆਲੀ ਦੇ ਲਾਗੇ ਗੁਰੂ ਨਾਨਕ ਦਾ ਸਿੱਖ ਹੋ ਕੇ ਬਾਣੀ ਦਾ ਪ੍ਰਚਾਰ ਆਰੰਭਿਆ। ਸੰਨ 1679 ਵਿਚ ਇਸ ਦਾ ਦੇਹਾਂਤ ਹੋਇਆ ਅਤੇ ਇਸ ਦੀ ਆਖ਼ਰੀ ਇੱਛਾ ਸੀ ਕਿ ਇਸ ਦਾ ਪੁੱਤਰ ਬੁੱਢਾ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਬਣੇ। ਇਸ ਦੇ ਪੁੱਤਰ ਨੇ 9 ਸਾਲ ਦੀ ਉਮਰ ਵਿਚ ਅੰਮ੍ਰਤਸਰ ਪਹੁੰਚ ਕੇ ਅੰਮ੍ਰਿਤ ਛਕਿਆ ਤੇ ਬੁੱਢਾ ਸਿੰਘ ਬਣ ਗਿਆ ਪਰ ਇਹ ਆਪਣੇ ਪਿਤਾ ਵਾਂਗ ਸ਼ਾਂਤ ਸੁਭਾਅ ਦਾ ਨਹੀਂ ਸੀ। ਇਸ ਨੇ ਸਿੱਖਾਂ ਅਤੇ ਸਾਂਸੀਆਂ ਦੇ ਗਰੁੱਪਾਂ ਨਾਲ ਮਿਲ ਕੇ ਦੱਖਣ ਦੇ ਇਲਾਕੇ ਵਿਚ ਕਈ ਧਾੜਾਂ ਮਾਰਨ ਵਿਚ ਹਿੱਸਾ ਲਿਆ। ਆਪਣੀ ਬਹਾਦਰੀ ਕਾਰਨ ਇਹ ਸਾਰ ਇਲਾਕੇ ਵਿਚ ਨਾਮਣਾ ਖੱਟ ਚੁਕਿਆ ਸੀ। ਇਸ ਨੇ ਸ਼ੁਕਰਚੱਕ ਵਿਚ ਆਪਣੇ ਲਈ ਇਕ ਬਹੁਤ ਵੱਡਾ ਘਰ ਬਣਾਇਆ। ਆਸ ਪਾਸ ਦੇ ਲੋਕਾਂ ਨੇ ਇਸ ਨੂੰ ਚੌਧਰੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਬੁੱਢਾ ਸਿੰਘ ਜਿਸ ਘੋੜੀ ਉੱਪਰ ਸਵਾਰੀ ਕਰਦਾ ਸੀ ਉਹ ਵੀ ਆਪਣੇ ਮਾਲਕ ਵਾਂਗ ਇਲਾਕੇ ਵਿਚ ਮਸ਼ਹੂਰ ਸੀ। ਲੋਕ ਇਸ ਘੋੜੀ ਨੂੰ ਦੇਸੀ ਘੋੜੀ ਕਿਹਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਇਸ ਨੇ ਦੇਸੀ ਘੋੜੀ ਉਪਰ ਜੇਹਲਮ, ਰਾਵੀ ਅਤੇ ਚਨਾਬ ਨੂੰ 50 ਵਾਰ ਪਾਰ ਕੀਤਾ। ਇਹ ਬਹੁਤ ਹਸਮੁਖ ਅਤੇ ਲੋਕਾਂ ਉਪਰ ਤਰਸ ਖਾਣ ਵਾਲਾ ਵਿਅਕਤੀ ਸੀ। ਸੰਨ 1716 ਵਿਚ ਜਲੋਧਰ ਕਾਰਨ ਇਸ ਦੀ ਮੌਤ ਹੋ ਗਈ। ਇਸ ਦੇ ਦੋ ਪੁੱਤਰ ਨੌਧ ਸਿੰਘ ਅਤੇ ਚੰਦਾ ਸਿੰਘ ਹੋਏ। ਚੰਦਾ ਸਿੰਘ ਸੰਧਾਵਾਲੀਆ ਖ਼ਾਨਦਾਨ ਦਾ ਮੋਢੀ ਸੀ।
ਨੌਧ ਸਿੰਘ ਦੇ ਵੇਲੇ ਡੰਗਰ ਚੋਰੀ ਕਰਨ ਦੇ ਕੰਮ ਨੂੰ ਚੰਗਾ ਨਹੀ ਸੀ ਸਮਝਿਆ ਜਾਂਦਾ ਸਗੋਂ ਧਾੜਵੀਆਂ (ਜੋ ਡਾਕੇ ਮਾਰਿਆ ਕਰਦੇ ਸਨ) ਦੀ ਕਾਫ਼ੀ ਮਾਨਤਾ ਹੁੰਦੀ ਸੀ। ਨੌਧ ਸਿੰਘ ਨੇ ਧਾੜਾਂ ਮਾਰ ਕੇ ਬਹੁਤ ਸਾਰੀ ਦੌਲਤ ਇਕੱਠੀ ਕਰ ਲਈ ਅਤੇ ਸਤਲੁਜ ਤੇ ਰਾਵਲਪਿੰਡੀ ਤੱਕ ਇਸ ਦਾ ਦਬਦਬਾ ਕਾਫ਼ੀ ਵਧ ਗਿਆ । ਇਸ ਦੀ ਪ੍ਰਸਿੱਧੀ ਅਤੇ ਦੌਲਤ ਤੋਂ ਪ੍ਰਭਾਵਿਤ ਹੋ ਕੇ ਮਜੀਠੇ ਦੇ ਇਕ ਸਾਂਸੀ ਜੱਟ ਗੁਲਾਬ ਸਿੰਘ ਨੇ ਇਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ।
ਨੌਧ ਸਿੰਘ ਨੇ ਨਵਾਬ ਕਪੂਰ ਸਿੰਘ (ਮਿਸਲ ਫ਼ੈਜ਼ਲਪੁਰੀਆ) ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਦਾ ਟਾਕਰਾ ਕੀਤਾ ਅਤੇ ਕਾਫ਼ੀ ਮਾਲ ਹਾਸਲ ਕੀਤਾ। ਜਦੋਂ ਮਿਸਲਾਂ ਬਣੀਆਂ ਤਾਂ ਉਹ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਬਣ ਗਿਆ। ਨੌਧ ਸਿੰਘ ਦੇ ਘਰ 1721 ਈ. ਵਿਚ ਚੜ੍ਹਤ ਸਿੰਘ ਦਾ ਜਨਮ ਹੋਇਆ। ਸਰਦਾਰ ਚੜ੍ਹਤ ਸਿੰਘ ਨੇ 1752 ਈ. ਵਿਚ ਰਾਜਾ ਸਾਂਸੀ ਵਿਖੇ ਸਾਂਸੀਆਂ, ਦਲਿਤਾਂ ਅਤੇ ਹੋਰ ਧਾੜਵੀਆਂ ਦਾ ਇਕ ਤਕੜਾ ਟੋਲਾ ਤਿਆਰ ਕਰ ਲਿਆ। ਇਸ ਨੇ ਆਪਣੇ ਆਪ ਨੂੰ ਫੈਜ਼ਲਪੁਰੀਆ ਮਿਸਲ ਤੋਂ ਵੱਖ ਰੱਖਿਆ ਅਤੇ ਸ਼ੁਕਰਚੱਕੀਆ ਮਿਸਲ ਦੀ ਸ਼ਕਤੀ ਵਿਚ ਵਾਧਾ ਕੀਤਾ। ਚੜ੍ਹਤ ਸਿੰਘ ਅਹਿਮਦ ਸ਼ਾਹ ਦੇ ਹਰ ਹਮਲੇ ਸਮੇਂ ਦੁਰਾੱਨੀਆਂ ਦਾ ਟਾਕਰਾ ਕਰਦਾ ਰਿਹਾ। ਉਸ ਦੇ ਕੱਚੀ ਸਰਾਂ ਵਿਖੇ ਟਿਕਾਣਾ ਬਣਾ ਕੇ ਗੁਜਰਾਂਵਾਲੇ ਨਾਲ ਲਗਦੇ ਕਾਫ਼ੀ ਇਲਾਕੇ ਤੇ ਕਬਜ਼ਾ ਕਰ ਲਿਆ। ਸੰਨ 1756 ਵਿਚ ਗੁਜਰਾਂਵਾਲੇ ਦੇ ਸਰਦਾਰ ਅਮੀਰ ਸਿੰਘ ਦੀ ਲੜਕੀ ਨਾਲ ਉਸ ਦੀ ਸ਼ਾਦੀ ਹੋ ਜਾਣ ਤੇ ਚੜ੍ਹਤ ਸਿੰਘ ਦੀ ਸ਼ਕਤੀ ਵਿਚ ਵਾਧਾ ਹੋਇਆ। ਸਰਦਾਰ ਚੜ੍ਹਤ ਸਿੰਘ ਜੰਮੂ ਦੀ ਲੜਾਈ (1774 ਈ.) ਵਿਚ ਮਾਰਿਆ ਗਿਆ ਅਤੇ ਉਸ ਦਾ ਵੱਡਾ ਪੁੱਤਰ ਮਹਾਂ ਸਿੰਘ ਮਿਸਲ ਦਾ ਵਿਆਹ ਜੀਂਦ ਦੇ ਰਾਜਾ ਗਜਪਤ ਸਿੰਘ ਦੀ ਲੜਕੀ ਨਾਲ ਹੋਇਆ।
ਸਰਦਾਰ ਮਹਾਂ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਸੀ। ਇੰਜ ਇਹ ਮਿਸਲ ਰਣਜੀਤ ਸਿੰਘ ਦੇ ਸਮੇਂ, ਮਿਸਲਾਂ ਦੇ ਏਕੀਕਰਨ ਕਾਰਨ ਹੋਰਨਾਂ ਮਿਸਲਾਂ ਵਾਂਗ ਸਿੱਖ ਰਾਜ ਦੀ ਸਥਾਪਨਾਂ ਸਮੇਂ ਸਿੱਖ ਰਾਜ ਵਿਚ ਹੀ ਸ਼ਾਮਲ ਹੋ ਗਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-04-27-31, ਹਵਾਲੇ/ਟਿੱਪਣੀਆਂ: ਹ. ਪੁ.–ਸਿ. ਮਿ; ਚੀ. ਫੈ. ਨੋ. ਪੰ.
ਵਿਚਾਰ / ਸੁਝਾਅ
Please Login First