ਸ਼ੈਲੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ੈਲੇ ( 1792– 1822 ) : ਰੁਮਾਂਟਿਕ ਕਾਲ ਦੇ ਮਹਾਨ ਕਵੀਆਂ ਵਿੱਚੋਂ ਇੱਕ ਜਾਣੇ-ਪਛਾਣੇ ਕਵੀ ਪਰਸੀ ਬਿਸ਼ੇ ਸ਼ੈਲੇ ( Percy Byshe Shelley ) ਦਾ ਜਨਮ ਸਸੈਕਸ ਵਿੱਚ ਟਿਮੋਥੀ ਸ਼ੈਲੀ ਦੇ ਘਰ 1792 ਵਿੱਚ ਹੋਇਆ । ਛੋਟੀ ਉਮਰ ਤੋਂ ਹੀ ਸ਼ੈਲੇ ਬਹੁਤ ਕਲਪਨਾਸ਼ੀਲ , ਚੁਸਤ ਅਤੇ ਸ਼ਰਾਰਤੀ ਬੱਚਾ ਸੀ ਜਿਸ ਨੂੰ ‘ ਮੈਡ ਸ਼ੈਲੀ’ ਕਿਹਾ ਜਾਂਦਾ ਸੀ । ਏਟਨ ਅਤੇ ਆਕਸਫੋਰਡ ਤੋਂ ਰਵਾਇਤੀ ਵਿੱਦਿਆ ਪ੍ਰਾਪਤ ਕਰ ਕੇ ਸ਼ੈਲੇ ਬਹੁਤ ਨਿਰਾਸ਼ ਹੋਇਆ ਅਤੇ ਇਸੇ ਗੱਲ ਨੇ ਉਸ ਵਿੱਚ ਵਿਦਰੋਹੀ ਪ੍ਰਵਿਰਤੀਆਂ ਪੈਦਾ ਕਰ ਦਿੱਤੀਆਂ । ਉਹ ਗਰਮ-ਖ਼ਿਆਲ ਲੇਖਕਾਂ ਜਿਵੇਂ ਕਿ ਵਿਲੀਅਮ ਗਾਡਵਿਨ , ਪੇਨ ਆਦਿ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਦੇ ਰਹਿਣ-ਸਹਿਣ ਅਤੇ ਵਰਤਾਓ ਵਿੱਚ ਹੈਰਾਨ ਕਰਨ ਵਾਲੀਆਂ ਤਬਦੀਲੀਆਂ ਵਾਪਰੀਆਂ । ਇਸ ਸਮੇਂ ਦੌਰਾਨ ਉਸ ਨੇ ਆਪਣੀ ਭੈਣ ਐਲਿਜ਼ਾਬੈੱਥ ਨਾਲ ਮਿਲ ਕੇ ਕੁਝ ਛੋਟੇ ਨਾਵਲ ਅਤੇ ਕਵਿਤਾਵਾਂ ਲਿਖੀਆਂ ਜਿਨ੍ਹਾਂ ਵਿੱਚ ਜ਼ੈਸਟਰੋਜ਼ੀ , ਉਰੀਜਨਲ ਪੋਇਟਰੀ ਬਾਇ ਵਿਕਟਰ ਐਂਡ ਕੇਜ਼ਾਇਰ ਅਤੇ ਸੇਂਟ ਇਰਵਿਨ   ਸ਼ਾਮਲ ਹਨ । ਆਕਸਫੋਰਡ ਵਿੱਚ ਪੜ੍ਹਦਿਆਂ ਸ਼ੈਲੇ ਨੇ ਆਪਣੇ ਦੋਸਤ ਟੋਮੱਸ ਜੈਫਰਸਨ ਹੌਗ ਨਾਲ ਮਿਲ ਕੇ ਦਾ ਨਸੈਸਟੀ ਆਫ਼ ਏਥਿਜ਼ਮ ਨਾਮਕ ਪਰਚਾ ਛਪਵਾ ਕੇ ਵੰਡਿਆ ਜਿਸ ਕਾਰਨ ਉਸ ਨੂੰ ਅਤੇ ਹੌਗ ਨੂੰ ਆਕਸਫੋਰਡ ਵਿੱਚੋਂ ਕੱਢ ਦਿੱਤਾ ਗਿਆ । ਆਪਣੇ ਪਿਤਾ ਦੇ ਕਹਿਣ ਤੇ ਪਰਚਾ ਵਾਪਸ ਲੈਣ ਤੋਂ ਇਨਕਾਰ ਕਰਨ ਤੇ ਉਸ ਨੂੰ ਪਰਿਵਾਰ ਵਿੱਚੋਂ ਬੇਦਖ਼ਲ ਕਰ ਦਿੱਤਾ ਗਿਆ ।

 

                  ਸ਼ੈਲੇ ਨੇ ਇੱਕ ਸੋਲ੍ਹਾਂ ਸਾਲ ਦੀ ਲੜਕੀ ਹੈਰੀਅਨ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਦੋਵੇਂ ਸਕਾਟਲੈਂਡ ਜਾ ਕੇ ਰਹਿਣ ਲੱਗ ਪਏ ਜਿੱਥੇ ਸ਼ੈਲੇ ਜਨਤਾ ਵਿੱਚ ਭਾਸ਼ਣ ਦੇਣ ਦਾ ਕੰਮ ਕਰਨ ਲੱਗ ਪਿਆ । ਇਸ ਦੌਰਾਨ ਗਾਡਵਿਨ ਨਾਲ ਉਸ ਦਾ ਸੰਪਰਕ ਕਾਇਮ ਰਿਹਾ । ਇਸੇ ਸਮੇਂ ਦੌਰਾਨ ਸ਼ੈਲੇ ਨੇ ਕੁਝ ਹੋਰ ਪਰਚੇ ਲਿਖੇ ਜੋ ਆਮ ਕਰ ਕੇ ਰਾਜਨੀਤਿਕ ਵਿਸ਼ਿਆਂ ਨਾਲ ਸੰਬੰਧਿਤ ਸਨ । ਹੈਰੀਅਟ ਨਾਲ ਵਿਆਹ ਟੁੱਟਣ ਤੋਂ ਬਾਅਦ ਉਹ ਗਾਡਵਿਨ ਦੀ ਧੀ ਮੈਰੀ ਗਾਡਵਿਨ ਅਤੇ ਉਸ ਦੀ ਮਤੇਈ ਭੈਣ ਜੇਨ ਕਲੇਅਰ ਨਾਲ ਭੱਜ ਗਿਆ । ਅਗਲੇ ਅੱਠ ਸਾਲ ਇਹਨਾਂ ਤਿੰਨਾਂ ਦਾ ਆਪਸੀ ਰਿਸ਼ਤਾ ਬਣਿਆ ਰਿਹਾ ਅਤੇ ਇਹਨਾਂ ਨੇ ਮਿਲ ਕੇ 1817 ਵਿੱਚ ਇੱਕ ਰਸਾਲਾ ਹਿਸਟਰੀ ਆਫ਼ ਏ ਸਿਕਸ ਵੀਕ ਟੂਅਰ ਕੱਢਿਆ । ਹੈਰੀਅਟ ਦੀ ਮੌਤ ਹੋ ਜਾਣ ਮਗਰੋਂ ਸ਼ੈਲੇ ਨੇ ਮੈਰੀ ਨਾਲ ਵਿਆਹ ਕਰਵਾ ਲਿਆ । ਹੈਰੀਅਟ ਦੇ ਪਰਿਵਾਰ ਤੋਂ ਆਪਣੇ ਦੋਵੇਂ ਬੱਚਿਆਂ ਨੂੰ ਲੈਣ ਲਈ ਕੀਤੇ ਮੁਕੱਦਮੇ ਦੀ ਹਾਰ ਨਾਲ ਸ਼ੈਲੇ ਨੂੰ ਬਹੁਤ ਗਹਿਰਾ ਸਦਮਾ ਲੱਗਾ ਜਿਸ ਦਾ ਜ਼ਿਕਰ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਵੀ ਕੀਤਾ । ਲੇਅ ਹੰਟ , ਜਾਨ ਕੀਟਸ , ਹੈਜ਼ਲਿਟ ਵਰਗੇ ਅਜ਼ਾਦ-ਖ਼ਿਆਲ ਕਵੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਸ਼ੈਲੇ ਦੇ ਜੀਵਨ ਵਿੱਚ ਕੁਝ ਸਥਿਰਤਾ ਆਈ ਅਤੇ ਉਹ ਪਰਿਵਾਰ ਸਮੇਤ ਵਿੰਡਸਰ ਫੌਰੈਸਟ ਨੇੜੇ ਬਿਸ਼ਪ ਗੇਟ ਵਿੱਚ ਰਹਿਣ ਲੱਗ ਪਿਆ ਪਰ 1818 ਵਿੱਚ ਇਟਲੀ ਚੱਲਾ ਗਿਆ ਜਿੱਥੇ ਉਸ ਦੇ ਦੋ ਬੱਚਿਆਂ ਦੀ ਮੌਤ ਅਤੇ ਸ਼ੈਲੇ ਦੀ ਆਪਣੀ ਬਿਮਾਰੀ ਨੇ ਉਸ ਦੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਨੂੰ ਪਰੇਸ਼ਾਨੀਆਂ ਨਾਲ ਭਰ ਦਿੱਤਾ । ਗਲਫ ਆਫ਼ ਸਪੇਜ਼ੀਆ ਵਿੱਚ ਰਹਿੰਦਿਆਂ 1822 ਵਿੱਚ ਕਿਸ਼ਤੀ ਉਲਟ ਜਾਣ ਕਾਰਨ ਸ਼ੈਲੇ ਦੀ ਮੌਤ ਹੋ ਗਈ । ਉਸ ਵੇਲੇ ਉਸ ਦੀ ਉਮਰ ਕੇਵਲ ਤੀਹ ਸਾਲ ਸੀ ।

                  ਸ਼ੈਲੇ ਨੇ ਸੰਖੇਪ ਜਿਹੇ ਜੀਵਨ ਵਿੱਚ ਬਹੁਤ ਸਾਰੀਆਂ ਕਵਿਤਾਵਾਂ , ਕਾਵਿ-ਨਾਟਕ , ਛੋਟੀਆਂ ਕਵਿਤਾਵਾਂ ਅਤੇ ਰਾਜਨੀਤਿਕ ਲੇਖ ਲਿਖੇ । ਪਰ ਇੱਕ ਲੇਖਕ ਵਜੋਂ ਸ਼ੈਲੇ ਦੀ ਪਛਾਣ ਉਸ ਦੀਆਂ ਕਾਵਿ-ਰਚਨਾਵਾਂ ਕਰ ਕੇ ਹੈ ।

                  ਸ਼ੈਲੇ ਦੀ ਸਭ ਤੋਂ ਪਹਿਲੀ ਛਪਣ ਵਾਲੀ ਕਵਿਤਾ ਕੁਈਨ ਮੈਬ ਸੀ ਜੋ 1813 ਵਿੱਚ ਛਪੀ । ਇਹ ਕਵਿਤਾ ਕ੍ਰਾਂਤੀਕਾਰੀ ਦਾਰਸ਼ਨਿਕ ਵਿਲੀਅਮ ਗਾਡਵਿਨ ਦੇ ਪ੍ਰਭਾਵ ਹੇਠ ਲਿਖੀ ਗਈ ਸੀ ਜਿਸ ਵਿੱਚ ਕਵੀ ਨੇ ਧਰਮ , ਯੁੱਧ , ਰਾਜਤੰਤਰ ਆਦਿ ਦੀ ਆਲੋਚਨਾ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਇੱਕ ਆਦਰਸ਼ ਪ੍ਰਜਾਤੰਤਰਵਾਦ ਦੀ ਕਲਪਨਾ ਕੀਤੀ ਹੈ । ਇਸ ਤੋਂ ਬਾਅਦ ਸ਼ੈਲੇ ਨੇ ਹਿੰਮ ਟੂ ਇੰਟਲੈਕਚੁਅਲ ਬਿਊਟੀ  ਲਿਖੀ ਜਿਸ ਵਿੱਚ ਉਸ ਦੀ ਸੁੰਦਰਤਾ ਦੇ ਪ੍ਰਤਿ ਲਗਨ ਦਾ ਅਨੁਮਾਨ ਲੱਗਦਾ ਹੈ , ਜਿਸ ਨੂੰ ਉਹ ਇੱਕ ਦੇਵੀ ਸਮਾਨ ਸਮਝਦਾ ਹੈ । ਆਪਣੀ ਅਗਲੀ ਕਵਿਤਾ ‘ ਅਲਾਸਟਰ’ ਵਿੱਚ ਸ਼ੈਲੇ ਨੇ ਨਿੱਜੀ ਆਦਰਸ਼ਵਾਦ ਦੀ ਨਿਖੇਧੀ ਕਰਦਿਆਂ ਮਨੁੱਖੀ-ਪਿਆਰ ਲਈ ਪ੍ਰੇਰਿਆ ਹੈ । ਇਸ ਤੋਂ ਬਾਅਦ ਸ਼ੈਲੇ ਦੀ ਕਵਿਤਾ ਦਾ ਰਿਵੋਲਟ ਆਫ਼ ਇਸਲਾਮ  ਛਪੀ , ਜੋ ਪਹਿਲਾਂ ਲਾਓਨ ਐਂਡ ਸਿੰਥੀਆਂ ਨਾਂ ਨਾਲ ਛਪੀ ਸੀ । ਇਸ ਵਿੱਚ ਸ਼ੈਲੇ ਨੇ ਈਸ਼ਵਰਵਾਦ ਅਤੇ ਈਸਾਈ ਮਤ ਦੀ ਆਲੋਚਨਾ ਕੀਤੀ ਹੈ । ਇਹ ਕਵਿਤਾ ਮਨੁੱਖ ਦੀ ਜ਼ੁਲਮ ਦੇ ਖ਼ਿਲਾਫ਼ ਬਗ਼ਾਵਤ ਅਤੇ ਇੱਕ ਸੁਨਹਿਰੀ ਯੁੱਗ ਦੀ ਝਲਕ ਕਾਰਨ ਮਹੱਤਵਪੂਰਨ ਹੈ । ਇਸ ਕਵਿਤਾ ਵਿੱਚ ਲਾਓਨ ਅਤੇ ਸਿੰਥੀਆ ਦੋ ਪ੍ਰੇਮੀ ਹਨ । ਲਾਓਨ ਰਾਜ ਦੇ ਸਖ਼ਤ ਕਾਨੂੰਨਾਂ ਦੇ ਖ਼ਿਲਾਫ਼ ਅਤੇ ਸਿੰਥੀਆ ਔਰਤਾਂ ਦੇ ਹੱਕਾਂ ਲਈ ਲੜਦੀ ਹੈ । ਅੰਤ ਵਿੱਚ ਦੋਹਾਂ ਨੂੰ ਜਿਊਂਦਿਆਂ ਜਲਾ ਦਿੱਤਾ ਜਾਂਦਾ ਹੈ ।

                  ਪ੍ਰੋਮੀਥੀਅਸ ਅਨਬਾਊਂਡ ਸ਼ੈਲੇ ਦਾ ਮਹਾਨ ਕਾਵਿ-ਨਾਟਕ ਸੀ ਜੋ ਯੂਨਾਨੀ ਕਵੀ ਐਚਲੀਜ਼ ਦੀ ਰਚਨਾ ਪ੍ਰੋਮੀਥੀਅਸ ਬਾਊਂਡ   ਅਤੇ ਜਾਨ ਮਿਲਟਨ ਦੇ ਮਹਾਂਕਾਵਿ ਪੈਰਾਡਾਈਸ ਲੌਸਟ ਦੇ ਪਾਤਰ ਸੈਟਨ ਤੋਂ ਪ੍ਰਭਾਵਿਤ ਹੈ । ਐਚਲੀਜ਼ ਦੀ ਕਵਿਤਾ ਵਿੱਚ ਪ੍ਰੋਮੀਥੀਅਸ ਧਰਤੀ ਅਤੇ ਅਕਾਸ਼ ਦਾ ਪੁੱਤਰ ਹੈ ਜੋ ਜ਼ੀਅਸ ਦੇ ਵਹਿਸ਼ੀਪਨ ਤੋਂ ਮਾਨਵਜਾਤੀ ਨੂੰ ਬਚਾਉਣ ਵਾਸਤੇ ਆਉਂਦਾ ਹੈ । ਜ਼ੀਅਸ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਦਿੰਦਾ ਹੈ ਅਤੇ ਇੱਕ ਇੱਲ ਰੋਜ਼ ਆ ਕੇ ਉਸ ਦੇ ਕਲੇਜੇ ਨੂੰ ਖਾ ਜਾਂਦੀ ਹੈ । ਸ਼ੈਲੀ ਦੀ ਕਵਿਤਾ ਵਿੱਚ ਪ੍ਰੋਮੀਥੀਅਸ ਮਾਨਵਜਾਤੀ ਹੈ , ਜੋ ਅਜ਼ਾਦੀ ਦੀ ਇੱਛਾ ਰੱਖਦੀ ਹੈ ਪਰ ਹਰ ਥਾਂ ਜ਼ੰਜੀਰਾਂ ਵਿੱਚ ਕੈਦ ਹੈ । ਸ਼ੈਲੇ ਦੀ ਕਵਿਤਾ ਵਿੱਚ ਪ੍ਰੋਮੀਥੀਅਸ ਦੀ ਜੋਵ ( ਬੁਰਾਈ ) ਉੱਤੇ ਜਿੱਤ ਹੁੰਦੀ ਹੈ ਅਤੇ ਉਸ ਦਾ ਮਿਲਨ ਆਪਣੀ ਪ੍ਰੇਮਿਕਾ ਧਰਤੀ ਅਤੇ ਚੰਦਰਮਾ ਦੀ ਧੀ ‘ ਏਸ਼ੀਆ’ ਨਾਲ ਹੁੰਦਾ ਹੈ । ਇਹਨਾਂ ਦੋਹਾਂ ਦੇ ਪੁੱਤਰ ‘ ਦਾ ਸਪਿਰਿਟ ਆਫ਼ ਦਾ ਆਵਰ’ ਦਾ ਜਨਮ ਮਾਨਵਜਾਤੀ ਦੀ ਮੁਕਤੀ ਦਾ ਸੰਕੇਤ ਮੰਨਿਆ ਜਾਂਦਾ ਹੈ । ਇਸ ਕਵਿਤਾ ਵਿੱਚ ਪ੍ਰੋਮੀਥੀਅਸ ਮਨੁੱਖ ਦੇ ਅੰਤਰਮਨ ਦਾ ਚਿੰਨ੍ਹ ਹੈ , ਜੋ ਅਜ਼ਾਦੀ ਲਈ ਤੱਤਪਰ ਹੈ ਅਤੇ ਜੋਵ ਉਸ ਅੰਤਰਮਨ ਦੇ ਵਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਸੰਕੇਤ ਹੈ ।

                  ਸ਼ੈਲੇ ਦਾ ਚੈਂਚੀ  ਨਾਮਕ ਦੁਖਾਂਤ ਨਾਟਕ ਰੁਮਾਂਟਿਕ ਕਾਲ ਵਿੱਚ ਲਿਖਿਆ ਗਿਆ ਇੱਕੋ-ਇੱਕ ਨਾਟਕ ਹੈ । ਇਹ ਨਾਟਕ ਇੱਕ ਇਟਾਲਵੀ ਕਹਾਣੀ ’ ਤੇ ਆਧਾਰਿਤ ਹੈ ਜਿਸ ਵਿੱਚ ਸੋਲ੍ਹਵੀਂ ਸਦੀ ਦੇ ਰੋਮ ਦੇ ਇੱਕ ਮਸ਼ਹੂਰ ਪਰਿਵਾਰ ਦੇ ਭਿਆਨਕ ਅਤੇ ਦੁੱਖਦਾਈ ਅੰਤ ਦੀ ਕਹਾਣੀ ਦਰਸਾਈ ਗਈ ਹੈ । ਇਸ ਪਰਿਵਾਰ ਦਾ ਮੁਖੀਆ ਕਾਊਂਟ ਫ਼੍ਰਾਂਸਸਿਕੋ ਚੈਂਚੀ ਇੱਕ ਬਹੁਤ ਹੀ ਦੁਰਾਚਾਰੀ ਅਤੇ ਅਤਿਆਚਾਰੀ ਪਤੀ , ਅਤੇ ਆਪਣੀ ਧੀ ਉੱਤੇ ਬੁਰੀ ਨਜ਼ਰ ਰੱਖਣ ਵਾਲਾ ਪਿਤਾ ਹੈ । ਉਸ ਦੀ ਧੀ ਬਿਟਰੀਸ ਉਸ ਦਾ ਖ਼ੂਨ ਕਰ ਦਿੰਦੀ ਹੈ ਜਿਸ ਕਾਰਨ ਪੂਰੇ ਪਰਿਵਾਰ ਉੱਤੇ ਮੁਕੱਦਮਾ ਚੱਲਦਾ ਹੈ ਅਤੇ ਉਹਨਾਂ ਨੂੰ ਫ਼ਾਂਸੀ ਹੋ ਜਾਂਦੀ ਹੈ । ਇਸ ਨਾਟਕ ਦੀ ਮਹਾਨਤਾ ਬਿਟਰੀਸ ਦੇ ਕਿਰਦਾਰ ਦੀ ਖ਼ੂਬਸੂਰਤੀ ਹੈ । ਸ਼ੈਲੇ ਦੀ ਦਾ ਮਾਸਕ ਆਫ਼ ਅਨਾਰਕੀ  ਨਾਮੀ ਕਵਿਤਾ ਪੀਟਰ ਲੂਅ ਦੇ ਖ਼ੂਨ- ਖ਼ਰਾਬੇ ਤੋਂ ਪ੍ਰਭਾਵਿਤ ਸੀ । ਇਹ ਕਵਿਤਾ ਅੰਗਰੇਜ਼ੀ ਮਜ਼ਦੂਰਾਂ ਨੂੰ ਨੀਂਦ ਤੋਂ ਜਗਾਉਣ ਲਈ ਇੱਕ ਕ੍ਰਾਂਤੀਕਾਰੀ ਅਵਾਜ਼ ਸੀ । ਇਸੇ ਤਰ੍ਹਾਂ ਓਡ ਟੂ ਲਿਬਰਟੀ ਜੋ ਸ਼ੈਲੇ ਦੀ ਸਭ ਤੋਂ ਵੱਧ ਪ੍ਰਸਿੱਧ ਰਾਜਨੀਤਿਕ ਕਵਿਤਾ ਹੈ । ਸਪੇਨ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਸੀ । ਇੱਕ ਹੋਰ ਰਾਜਨੀਤਿਕ ਕਵਿਤਾ ਓਡ ਟੂ ਨੇਪਲਜ਼ ਨੇਪਲਜ਼ ਵਿੱਚ ਪਹਿਲੀ ਸੰਵਿਧਾਨਿਕ ਸਰਕਾਰ ਦੀ ਸਥਾਪਨਾ ਦੇ ਸਵਾਗਤ ਵਜੋਂ ਲਿਖੀ ਗਈ ਸੀ । ਦਾ ਵਿੱਚ ਆਫ਼ ਐਟਲਸ ਸ਼ੈਲੇ ਦੀ ਇੱਕ ਹਲਕੀ-ਫੁਲਕੀ ਕਾਲਪਨਿਕ ਕਵਿਤਾ ਹੈ , ਜਿਸ ਵਿੱਚ ਇੱਕ ਖ਼ੂਬਸੂਰਤ ਜਾਦੂਗਰਨੀ ਅਪੋਲੋ ਦੀ ਧੀ ਹੈ , ਜੋ ਆਪਣੇ ਜਾਦੂ ਨਾਲ ਕਿਸ਼ਤੀਆਂ , ਹਵਾਈ ਜਹਾਜ਼ਾਂ , ਤੁਫ਼ਾਨਾਂ ਨਾਲ ਖੇਡਦੀ ਰਹਿੰਦੀ ਹੈ ਅਤੇ ਆਪਣੇ ਸਾਥੀ ਨਾਲ ਦੁਨੀਆ ਦੀ ਸੈਰ ਕਰਦਿਆਂ ਰਾਜਿਆਂ-ਮਹਾਰਾਜਿਆਂ ਉੱਤੇ ਆਪਣੇ ਜਾਦੂ ਦਾ ਅਸਰ ਛੱਡਦੀ ਜਾਂਦੀ ਹੈ । ਇਸ ਕਵਿਤਾ ਵਿੱਚ ਸ਼ੈਲੇ ਨੇ ਇੱਕ ਬਹੁਤ ਹੀ ਖ਼ੂਬਸੂਰਤ ਔਰਤ ਦਾ ਜ਼ਿਕਰ ਕੀਤਾ ਹੈ ਜਿਸਨੂੰ ਸ਼ਾਇਦ ਉਹ ਆਪਣੀ ਇਟਲੀ ਯਾਤਰਾ ਦੌਰਾਨ ਮਿਲਿਆ ਸੀ ।

                  ਐਡੋਨਿਸ 1821 ਵਿੱਚ ਮਹਾਨ ਕਵੀ ਜਾਨ ਕੀਟਸ ਦੀ ਮੌਤ ਤੇ ਲਿਖਿਆ ਸ਼ੋਕ-ਗੀਤ ਹੈ ਜੋ ਜਾਨ ਮਿਲਟਨ ਦੀ ਕਵਿਤਾ ‘ ਲਿਸਿਡਸ’ ਤੋਂ ਪ੍ਰਭਾਵਿਤ ਹੈ । ਇਸ ਵਿੱਚ ਕਵੀ ਨੇ ਜਾਨ ਕੀਟਸ ਨੂੰ ਐਡੋਨਿਸ ਦਾ ਨਾਂ ਦਿੱਤਾ ਹੈ । ਇਸ ਵਿੱਚ ਜਿੱਥੇ ਇੱਕ ਪਾਸੇ ਸ਼ੈਲੇ ਨੌਜਵਾਨ ਕੀਟਸ ਦੀ ਮੌਤ ਤੇ ਦੁੱਖ ਪ੍ਰਗਟ ਕਰਦਾ ਹੈ , ਉੱਥੇ ਨਾਲ ਹੀ ਉਹ ਕੀਟਸ ਵਰਗੇ ਮਹਾਨ ਕਵੀ ਦੀ ਆਪਣੀ ਕਵਿਤਾ ਰਾਹੀਂ ਸਦੀਵਤਾ ਪ੍ਰਾਪਤ ਕਰਨ ਦੀ ਗੱਲ ਵੀ ਕਰਦਾ ਹੈ । ਇਸੇ ਨਾਲ ਸ਼ੈਲੇ ਨੇ ਆਪਣੇ ਜੀਵਨ ਤੇ ਆਧਾਰਿਤ ਕਵਿਤਾ ਐਪੀਪਸੀਚੀਡਅਨ   ਲਿਖੀ , ਜਿਸ ਵਿੱਚ ਉਸ ਨੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਰਤਾਂ ਬਾਰੇ ਲਿਖਿਆ ਹੈ । ਹੈਲਾਸ ਸ਼ੈਲੇ ਦੀ ਜ਼ਿੰਦਗੀ ਦੌਰਾਨ 1822 ਵਿੱਚ ਛਪਣ ਵਾਲੀ ਅੰਤਿਮ ਕਵਿਤਾ ਸੀ ਜੋ ਉਸ ਸਮੇਂ ਦੀ ਯੂਨਾਨੀ ਕ੍ਰਾਂਤੀ ਤੇ ਆਧਾਰਿਤ ਸੀ ਅਤੇ ਇਹ ਸ਼ੈਲੇ ਦੇ ਮਾਨਵ ਹਿਤਵਾਦੀ ਸਿਧਾਂਤਾਂ ਅਤੇ ਯੂਰਪ ਵਿੱਚ ਰਾਜਨੀਤਿਕ ਅਜ਼ਾਦੀ ਲਈ ਅਖੀਰਲੀ ਪੁਕਾਰ ਦੇ ਰੂਪ ਵਿੱਚ ਜਾਣੀ ਜਾਂਦੀ ਹੈ ।

                  ਇਸ ਤੋਂ ਇਲਾਵਾ ਸ਼ੈਲੇ ਦੀ ਕਵਿਤਾ ਜੂਲੀਅਨ ਐਂਡ ਮੈਡੋਲਾ 1824 ਵਿੱਚ ਛਪੀ ਜੋ ਜੂਲੀਅਨ ( ਸ਼ੈਲੇ ) ਅਤੇ ਮੈਡੋਲਾ ( ਬਾਇਰਨ ) ਵਿਚਕਾਰਲੇ ਸੰਵਾਦ ਦਾ ਕਵਿਤਾ ਰੂਪ ਹੈ । ਵੈਨਿਸ ਦੇ ਖ਼ੂਬਸੂਰਤ ਇਲਾਕਿਆਂ ਵਿੱਚ ਘੁੰਮਦਿਆਂ ਇਹ ਦੋ ਕਿਰਦਾਰ ਧਰਮ , ਅਜ਼ਾਦੀ ਅਤੇ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ । ਸ਼ੈਲੇ ਦੀ ਇੱਕ ਅਧੂਰੀ ਕਵਿਤਾ ਦਾ ਟਰਾਇੰਫ ਆਫ਼ ਲਾਈਫ਼ ਵੀ ਉਸ ਦੀ ਮੌਤ ਤੋਂ ਬਾਅਦ ਛਪੀ । ਇਹਨਾਂ ਤੋਂ ਇਲਾਵਾ ਸ਼ੈਲੀ ਨੇ ਬਹੁਤ ਸਾਰੀਆਂ ਛੋਟੀਆਂ ਕਵਿਤਾਵਾਂ ਵੀ ਲਿਖੀਆਂ ਜਿਨ੍ਹਾਂ ਵਿੱਚੋਂ ਦਾ ਕਲਾਊਡ , ਮੌਟ ਬਲੈਂਕ , ਓਡ ਟੂ ਵੈਸਟ ਵਿੰਡ , ਟੂ ਏ ਸਕਾਈਲਾਰਕ , ਹਿੰਮ ਆਫ਼ ਅਪੋਲੋ ਅਤੇ ਸਟੈਂਜ਼ਾਜ਼ ਰਿਟਨ ਇਨ ਡਿਜੈਕਸ਼ਨ  ਵਰਗੀਆਂ ਬਹੁਤ ਪ੍ਰਸਿੱਧ ਹੋਈਆਂ । ਸ਼ੈਲੇ ਦੇ ਦੋ ਲੇਖ ਏ ਫ਼ਿਲਸਾਫ਼ਿਕ ਵਿਊ ਆਫ਼ ਲਾਈਫ਼ ਅਤੇ ਡਿਫ਼ੈਂਸ ਪੋਇਟਰੀ ਬਹੁਤ ਪ੍ਰਸਿੱਧ ਹੋਏ ।

            ਸ਼ੈਲੇ ਨੂੰ ਕ੍ਰਾਂਤੀਕਾਰੀ ਕਵੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਆਦਰਸ਼ਵਾਦ , ਅਜ਼ਾਦੀ ਅਤੇ ਆਤਮਿਕ ਨਿਰਭੈਤਾ ਦੀ ਗੱਲ ਕੀਤੀ ਹੈ । ਸ਼ੈਲੇ ਨੂੰ ਭਵਿੱਖ ਦਾ ਕਵੀ ਵੀ ਕਿਹਾ ਜਾਂਦਾ ਹੈ , ਕਿਉਂਕਿ ਉਸ ਦੀਆਂ ਕਵਿਤਾਵਾਂ ਵਿੱਚੋਂ ਇਲਹਾਮੀ ਸੰਦੇਸ਼ ਗੂੰਜਦੇ ਹਨ । ਉਸ ਦੀ ਕਵਿਤਾ ਵਿੱਚ ਆਉਣ ਵਾਲੇ ਸਮਿਆਂ ਦੀ ਨੁਹਾਰ ਪ੍ਰਗਟਾਈ ਗਈ ਹੁੰਦੀ ਹੈ , ਇੱਕ ਅਜਿਹੀ ਨੁਹਾਰ ਜਿਸ ਵਿੱਚ ਆਦਰਸ਼ ਸੁੰਦਰਤਾ ਅਤੇ ਆਦਰਸ਼ ਪਿਆਰ ਦਾ ਪਸਾਰਾ ਹੈ । ਸ਼ੈਲੇ ਇੱਕ ਆਸ਼ਾਵਾਦੀ ਕਵੀ ਹੈ ਜਿਸ ਦੀ ਹਰ ਕਵਿਤਾ ਆਸ-ਉਮੀਦ ਦਾ ਚਸ਼ਮਾ ਹੈ ਭਾਵੇਂ ਉਹ ਓਡ ਟੂ ਵੈਸਟ ਵਿੰਡ ਹੈ ਜਾਂ ਟੂ ਏ ਸਕਾਈਲਾਰਕ । ਭਾਵੇਂ ਸ਼ੈਲੇ ਦੀ ਨਿੱਜੀ ਜ਼ਿੰਦਗੀ ਦੁੱਖਾਂ ਅਤੇ ਤਕਲੀਫ਼ਾਂ ਨਾਲ ਭਰੀ ਹੋਈ ਸੀ ਪਰ ਆਪਣੀਆਂ ਰਚਨਾਵਾਂ ਵਿੱਚ ਉਸ ਨੇ ਉਮੀਦ ਦਾ ਪੱਲਾ ਕਦੇ ਨਹੀਂ ਛੱਡਿਆ । ਕੁਦਰਤ ਸ਼ੈਲੇ ਵਿੱਚ ਹਾਦਸੇ ਪਾਉਂਦੀ ਰਹੀ ਅਤੇ ਕਵਿਤਾਵਾਂ ਕੱਢਦੀ ਰਹੀ , ਇਵੇਂ ਕਵੀ ਦੇ ਦੁੱਖ ਮਾਨਵਜਾਤੀ ਦਾ ਸੁੱਖ ਬਣ ਗਏ । ਹਰ ਰੁਮਾਂਟਿਕ ਕਵੀ ਵਾਂਗ ਸ਼ੈਲੇ ਨੇ ਵੀ ਕੁਦਰਤ ਦੀ ਸੁੰਦਰਤਾ ਨੂੰ ਆਪਣੀਆਂ ਕਵਿਤਾਵਾਂ ਵਿੱਚ ਦਰਸਾਇਆ ਹੈ ਪਰ ਸ਼ੈਲੇ ਲਈ ਕੁਦਰਤ ਨਾ ਤਾਂ ਵਰਡਜ਼ਵਰਥ ਦੀ ਤਰ੍ਹਾਂ ਇੱਕ ਪਿਛੋਕੜ ਹੈ ਅਤੇ ਨਾ ਹੀ ਕੋਲਰਿਜ ਦੀ ਤਰ੍ਹਾਂ ਅਧਿਆਤਮਿਕ ਸ਼ਕਤੀ ਹੈ ਬਲਕਿ ਸ਼ੈਲੇ ਲਈ ਇਹ ਆਦਰਸ਼ਕ ਸੁੰਦਰਤਾ ਦਾ ਰੂਪ ਹੈ ।

        ਸ਼ੈਲੇ ਦੀ ਗਿਣਤੀ ਅੰਗਰੇਜ਼ੀ ਦੇ ਨਹੀਂ ਬਲਕਿ ਵਿਸ਼ਵ ਭਰ ਦੇ ਮਹਾਨ ਕਵੀਆਂ ਵਿੱਚ ਕੀਤੀ ਜਾਂਦੀ ਹੈ , ਜਿਸਦੀਆਂ ਕਵਿਤਾਵਾਂ ਵਿੱਚ ਜ਼ਿੰਦਗੀ ਅਤੇ ਕਲਾ ਇੱਕ-ਦੂਜੀ ਨੂੰ ਨਿੱਘੀ ਗਲਵਕੜੀ ਪਾਉਂਦੀਆਂ ਹਨ ।


ਲੇਖਕ : ਨਰਿੰਦਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.