ਸਖੀ ਸਰਵਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੀ ਸਰਵਰ . ਦੇਖੋ , ਸੁਲਤਾਨ ੪ । ੨ ਜਿਲਾ ਅਤੇ ਤਸੀਲ ਡੇਰਾ ਗ਼ਾਜ਼ੀਖਾਂ ਵਿੱਚ ਇੱਕ ਨਗਰ. ਇਸ ( “ ਸਖੀਸਰਵਰ” ਪਿੰਡ ) ਦੇ ਪੱਛੋਂ ਵੱਲ ਬਸਤੀ ਦੇ ਪਾਸ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ “ ਥੜਾਸਾਹਿਬ” ਨਾਉਂ ਤੋਂ ਪ੍ਰਸਿੱਧ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗ਼ਾਜ਼ੀਘਾਟ ਤੋਂ ਕ਼ਰੀਬਨ ਚਾਲੀ ਮੀਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਖੀ ਸਰਵਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖੀ ਸਰਵਰ : ਸੱਤਵੇਂ , ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਨੇ ਮਾਲਵੇ ਦੇ ਇਲਾਕੇ ਵਿਚ ਸਖੀ ਸਰਵਰ ਦੇ ਬਹੁਤ ਸਾਰੇ ਉਪਾਸਕਾਂ ਨੂੰ ਸਿੱਖ ਧਰਮ ਦਾ ਅਨੁਯਾਈ ਬਣਾਇਆ , ਪਰ ਉਹ ਆਪਣੀਆਂ ਕਈ ਪੁਰਾਣੀਆ ਰਵਾਇਤਾਂ ਅਤੇ ਰੀਤਾਂ ਨਾਲ ਜੁੜੇ ਰਹੇ ਜਿਸ ਦੇ ਫਲਸਰੂਪ ਸਿੰਘ ਸਭਾ ਲਹਿਰ ਦੇ ਪ੍ਰਚਾਰਕਾਂ ਨੇ ਇਸ ਦੋਚਿੱਤੀ ਨੂੰ ਖ਼ਤਮ ਕਰਨ ਲਈ ਕਈ ਯਤਨ ਕੀਤੇ । ਗਿਆਨੀ ਦਿੱਤ ਸਿੰਘ ਨੇ ‘ ਸੁਲਤਾਨ ਪੁਆੜਾ ’ ਟ੍ਰੈਕਟ ਛਾਪ ਕੇ ਅਸਲੀਅਤ ਨੂੰ ਉਘਾੜਿਆ । ਪਰ ਸਹੀ ਰੂਪ ਵਿਚ ਇਸ ਦੁਬਿਧਾ ਦਾ ਖੰਡਨ ਪੰਜਾਬ ਦੀ ਵੰਡ ਤੋਂ ਬਾਦ ਹੋਇਆ ਜਦੋਂ ਮੁਸਲਮਾਨ ਭਰਾਈ ( ਪ੍ਰਚਾਰਕ ) ਪਾਕਿਸਤਾਨ ਨੂੰ ਚਲੇ ਗਏ । ਇਸ ਸੰਬੰਧ ਵਿਚ ਸਖੀ ਸਰਵਰ ਦੇ ਪਿਛੋਕੜ ਨੂੰ ਜਾਣਨਾ ਜ਼ਰੂਰੀ ਹੈ ।

                      ਇਹ ਇਕ ਮੁਸਲਮਾਨ ਪੀਰ ਸੀ ਜਿਸ ਦੀ ਦਰਗਾਹ ਡੇਰਾ ਗ਼ਾਜ਼ੀਖ਼ਾਨ ਜ਼ਿਲ੍ਹੇ ਦੇ ਨਿਗਾਹਾ ਪਿੰਡ ਵਿਚ ਬਣੀ ਹੋਈ ਹੈ । ਇਸ ਦਾ ਅਸਲ ਨਾਂ ਸੱਯਦ ਅਹਿਮਦ ਸੀ । ਇਸ ਦੇ ਪਿਤਾ ਦਾ ਨਾਂ ਜ਼ੈਨੁਲ ਆਬਦੀਨ ਅਤੇ ਮਾਤਾ ਦਾ ਨਾਂ ਆਇਸ਼ਾ ਸੀ । ਇਸ ਦਾ ਪਿਤਾ 1220 ਈ. ਵਿਚ ਬਗ਼ਦਾਦ ਤੋਂ ਭਾਰਤ ਆਇਆ ਅਤੇ ਮੁਲਤਾਨ ਦੇ ਨੇੜੇ ਸ਼ਾਹਕੋਟ ਨਾਂ ਦੇ ਪਿੰਡ ਵਿਚ ਨਿਵਾਸ ਕੀਤਾ । ਇਸ ਦੇ ਚਾਰ ਭਰਾ ਸਨ ਜਿਨ੍ਹਾਂ ਵਿਚੋਂ ਇਕ ਸਕਾ ਸੀ ਅਤੇ ਤਿੰਨ ਮਤਰੇਏ । ਬਚਪਨ ਤੋਂ ਹੀ ਇਸ ਦੀ ਰੁਚੀ ਅਧਿਆਤਮਿਕਤਾ ਵਲ ਸੀ । ‘ ਕੁਰਾਨ’ ਇਸ ਨੂੰ ਜ਼ਬਾਨੀ ਯਾਦ ਸੀ । ਜ਼ਮੀਨ ਦੀ ਵੰਡ ਵੇਲੇ ਬਰਾਦਰੀ ਵਾਲੇ ਇਸ ਤੋਂ ਨਾਰਾਜ਼ ਹੋ ਗਏ ਅਤੇ ਇਸ ਨੂੰ ਅਨੇਕ ਢੰਗਾਂ ਨਾਲ ਪਰੇਸ਼ਾਨ ਕਰਨ ਲਗੇ । ਇਹ ਵੀ ਕਈਆਂ ਥਾਂਵਾਂ ਉਤੇ ਫਿਰਦਾ ਤੁਰਦਾ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਾ ਰਿਹਾ ਅਤੇ ਕਰਾਮਾਤਾਂ ਨਾਲ ਲੋਕਾਂ ਦੇ ਮਨਾਂ ਵਿਚ ਸ਼ਰਧਾ ਦਾ ਪਾਤਰ ਬਣਦਾ ਰਿਹਾ । ਕੁਝ ਸਮੇਂ ਲਈ ਇਹ ਬਗ਼ਦਾਦ ਵੀ ਗਿਆ ਜਿਥੇ ਇਸ ਨੇ ਅਬਦੁਲ ਕਾਦਰ ਜੀਲਾਨੀ , ਸ਼ੇਖ ਸ਼ਹਾਬੁੱਦੀਨ ਸੁਹਰਾਵਰਦੀ ਅਤੇ ਖ਼੍ਵਾਜਾ ਮੌਦੂਦ ਚਿਸ਼ਤੀ ਤੋਂ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ।

                      ਬਗ਼ਦਾਦ ਤੋਂ ਪਰਤਣ ਉਪਰੰਤ ਸਖੀ-ਸਰਵਰ ਕੁਝ ਸਮਾਂ ਗੁਜਰਾਂਵਾਲਾ ਜ਼ਿਲ੍ਹੇ ਦੇ ਧੌਂਕਲ ਪਿੰਡ ਵਿਚ ਰਿਹਾ ਅਤੇ ਫਿਰ ਮੁਲਤਾਨ ਚਲਿਆ ਗਿਆ । ਉਥੇ ਉਥੋਂ ਦੇ ਸੂਬੇਦਾਰ ਦੀ ਪੁੱਤਰੀ ‘ ਬਾਈ’ ਨਾਲ ਵਿਆਹ ਕੀਤਾ ਅਤੇ ਦੂਜਾ ਵਿਆਹ ਸੱਯਦ ਅਬਦੁਰ ਰਜ਼ਾਕ ਦੀ ਲੜਕੀ ਨਾਲ ਕੀਤਾ । ਇਸ ਨੂੰ ਜੋ ਕੁਝ ਭੇਂਟ ਵਿਚ ਮਿਲਦਾ , ਲੋੜਵੰਦਾਂ ਵਿਚ ਵੰਡ ਦਿੰਦਾ ਅਤੇ ਸੰਕਟ ਵਿਚ ਫਸੇ ਲੋਕਾਂ ਦੀ ਮਦਦ ਕਰਦਾ । ਇਸੇ ਲਈ ਇਸ ਦਾ ਨਾਂ ‘ ਸਖੀ-ਸਰਵਰ’ ਪ੍ਰਸਿੱਧ ਹੋਇਆ । ਇਸ ਦੇ ਵਿਰੋਧੀਆਂ ਨੇ ਇਸ ਦਾ ਪਿਛਾ ਕਰਕੇ ਨਿਗਾਹਾ ਪਿੰਡ ਵਿਚ ਮਾਰ ਦਿੱਤਾ ਅਤੇ ਉਥੇ ਹੀ ਦਫ਼ਨਾ ਦਿੱਤਾ । ਸ਼ਰਧਾਲੂਆਂ ਨੇ ਇਸ ਅਤੇ ਇਸ ਦੀ ਪਤਨੀ ‘ ਬਾਈ’ ਦਾ ਸਮਾਰਕ ਉਥੇ ਬਣਾਇਆ ।

                      ਇਸ ਦੇ ਜੀਵਨ-ਕਾਲ ਵਿਚ ਹੀ ਇਸ ਨਾਲ ਅਨੇਕ ਕਰਾਮਾਤਾਂ ਜੁੜ ਗਈਆਂ ਸਨ ਜਿਸ ਦੇ ਫਲਸਰੂਪ ਇਸ ਦੇ ਅਨੁਯਾਈਆਂ ਦੀ ਗਿਣਤੀ ਬਹੁਤ ਵਧ ਗਈ । ਇਸ ਪ੍ਰਤਿ ਸ਼ਰਧਾ ਰਖਣ ਵਾਲਿਆਂ ਵਿਚ ਹਿੰਦੂ ਮੁਸਲਮਾਨ ਦੋਵੇਂ ਸਨ । ਪੰਜਾਬ ਦੇ ਦੱਖਣੀ ਖੇਤਰ ਅਤੇ ਮਾਲਵੇ ਵਿਚ ਕਈ ਸਿੱਖ ਵੀ ਇਸ ਦੇ ਸ਼ਰਧਾਲੂ ਬਣੇ ਰਹੇ ਹਨ । ਇਸ ਨੂੰ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਕਰਕੇ ‘ ਸੁਲਤਾਨ’ ਵੀ ਕਹਿੰਦੇ ਸਨ ਅਤੇ ਇਸ ਦੇ ਅਨੁਯਾਈ ਸੁਲਤਾਨੀਏ ਜਾਂ ਸਰਵਰੀਏ ਅਖਵਾਉਂਦੇ ਸਨ । ਜਿਨ੍ਹਾਂ ਪਿੰਡਾਂ ਜਾਂ ਖੇਤਰਾਂ ਵਿਚ ਸੁਲਤਾਨੀਏ ਅਧਿਕ ਰਹਿੰਦੇ ਹਨ , ਉਨ੍ਹਾਂ ਨੇ ਆਪਣੇ ਪੂਜਾ-ਸਥਾਨ ਬਣਾਏ ਹੋਏ ਹਨ । ਇਨ੍ਹਾਂ ਸਥਾਨਾਂ ਨੂੰ ਪੀਰਖ਼ਾਨੇ ਕਿਹਾ ਜਾਂਦਾ ਹੈ । ਇਨ੍ਹਾਂ ਪੀਰਖ਼ਾਨਿਆਂ ਦੇ ਪੁਜਾਰੀ ਭਰਾਈ/ਭਿਰਾਈ ਅਖਵਾਉਂਦੇ ਹਨ ਜੋ ਅਕੀਦੇ ਵਜੋਂ ਮੁਸਲਮਾਨ ਹੁੰਦੇ ਹਨ । ਹਰ ਵੀਰਵਾਰ ਨੂੰ ਪੀਰਖ਼ਾਨਿਆਂ ਵਿਚ ਉਚੇਚੀ ਪੂਜਾ ਹੁੰਦੀ ਹੈ । ਸ਼ਰਧਾਲੂ ਆਪਣੀਆਂ ਸੁਖਣਾਂ ਅਨੁਸਾਰ ਨਿੱਕੇ ਵੱਡੇ ਰੋਟ ਪਕਾ ਕੇ ਪੀਰ ਨੂੰ ਭੇਂਟ ਕਰਦੇ ਹਨ । ਇਹ ਰੋਟ ਸਵਾ ਸੇਰ ਤੋਂ ਲੈ ਕੇ ਸਵਾ ਮਣ ਜਾਂ ਢਾਈ ਮਣ ਤਕ ਦੇ ਬਣਵਾਏ ਜਾਂਦੇ ਹਨ । ਭੇਂਟ ਕੀਤੇ ਜਾਣ ਤੋਂ ਬਾਦ ਭਰਾਈ ਰੋਟ ਦਾ ਕੁਝ ਹਿੱਸਾ ਆਪ ਰਖ ਕੇ ਬਾਕੀ ਸੁਲਤਾਨੀਆਂ ਵਿਚ ਵੰਡ ਦਿੰਦਾ ਹੈ । ਸੁਲਤਾਨੀਏ ਸ਼ਰਧਾ ਵਜੋਂ ਗੀਤ ਗਾਉਂਦੇ ਹਨ— ਵਾਹ ਵਾਹ ਕਿ ਬਖਸ਼ਿਸ਼ ਸਰਵਰ ਦੀ ਜਿਨ੍ਹਾਂ ਭਾਈਆਂ ਉਤੇ ਸਰਵਰ ਤੁਠਿਆ , ਉਨ੍ਹਾਂ ਦੀਆਂ ਮੁਰਦਾਂ ਪੁਗੀਆਂ

                      ਸੁਲਤਾਨੀਏ ਪੀਰ ਦੀਆਂ ਚੌਕੀਆ ਵੀ ਭਰਦੇ ਹਨ ਅਤੇ ਪੀਰ ਨੂੰ ਲਖਦਾਤਾ , ਲਾਲਾਂ ਵਾਲਾ , ਨਿਗਾਹੀਆ ਅਤੇ ਧੌਂਕਲੀਆਂ ਵੀ ਕਹਿੰਦੇ ਹਨ । ਇਸ ਦੇ ਅਨੁਯਾਈਆਂ ਦੀ ਅਧਿਕ ਗਿਣਤੀ ਪੱਛਮੀ ਪੰਜਾਬ ਵਿਚ ਹੈ । ਹਿੰਦੂ ਅਨੁਯਾਈਆਂ ਨੇ ਇਸ ਉਤੇ ਹਿੰਦੂ ਸੰਸਕ੍ਰਿਤੀ ਦਾ ਰੰਗ ਚੜ੍ਹਾ ਬੀਰ-ਭੈਰੋ ਦੁਆਰਾ ਇਸ ਦੀਆਂ ਕਰਾਮਾਤਾਂ ਨੂੰ ਸੰਪੰਨ ਹੋਣ ਦਾ ਸੰਕਲਪ ਜੋੜਿਆ ਹੈ । ਸਿੱਖਾਂ ਵਿਚ ਹੁਣ ਇਸ ਦੀ ਉਪਾਸਨਾ ਖ਼ਤਮ ਹੋ ਗਈ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਖੀ ਸਰਵਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸਖੀ ਸਰਵਰ : ਸਖੀ ਸਰਵਰ ਦੀ ਦਰਗਾਹ ਡੇਰਾ ਗਾਜ਼ੀ ਖ਼ਾਂ ਤੋਂ ਲਹਿੰਦੇ ਵੱਲ 35 ਕਿ. ਮੀ. ਉੱਤੇ ਮੁਲਤਾਨ ਤੋਂ ਲਗਭਗ 130 ਕਿ. ਮੀ. ਦੇ ਫ਼ਾਸਲੇ ਤੇ ਹੈ । ਇਹ 1300 ਈ. ਵਿਚ ਬਣਾਈ ਗਈ ਸੀ । ਪੱਛਮੀ ਪੰਜਾਬ ( ਪਾਕਿਸਤਾਨ ) ਵਿਚ ਇਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ । ਪੂਰਬੀ ਪੰਜਾਬ ( ਭਾਰਤ ) ਵਿਚ ਵੀ ਕੁਝ ਵਿਅਕਤੀ ਇਸ ਦੇ ਪੈਰੋਕਾਰ ਹਨ । ਇਸ ਦਾ ਅਸਲ ਨਾਂ ਸੱਯਦੀ ਅਹਿਮਦ ਸੀ । ਇਸ ਦੇ ਪਿਤਾ ਦਾ ਨਾਂ ਜ਼ੈਨੁਲਆਬਦੀਨ ਮਾਤਾ ਦਾ ਨਾਂ ਆਇਸ਼ਾ ਸੀ । ਸਖੀ ਸਰਵਰ ਦਾ ਪਿਤਾ 1220 ਈ. ਵਿਚ ਬਗ਼ਦਾਦ ਤੋਂ ਹਿੰਦੁਤਸਾਨ ਆਇਆ ਸੀ । ਸਖੀ ਸਰਵਰ ਦੇ ਚਾਰ ਭਰਾ ਸਨ – ਇਕ ਸਕਾ ਅਤੇ ਤਿੰਨ ਮਤਰੇਏ । ਸਖੀ ਸਰਵਰ ਨੇ ਛੋਟੇ ਹੁੰਦਿਆਂ ਹੀ ਕੁਰਾਨ ਹਿਫ਼ਜ਼ ਕਰ ਲਿਆ ਸੀ । ਸਖੀ ਸਰਵਰ ਦੇ ਨਾਨੇ ਦੀ ਮੌਤ ਤੋ ਬਾਅਦ ਉਸ ਦੀ ਭੋਂ ਦੀ ਵੰਡ ਸਖੀ ਸਰਵਰ ਅਤੇ ਇਸ ਦੀ ਮਾਸੀ ਦੇ ਪੁੱਤਰਾਂ ਵਿਚਕਾਰ ਹੋਈ ਸੀ । ਇਸ ਨੂੰ ਮਾੜੀ ਜ਼ਮੀਨ ਦਿੱਤੀ ਗਈ ਪਰ ਰੱਬ ਦੀ ਮਿਹਰ ਨਾਲ ਚੰਗੀ ਫ਼ਸਲ ਹੋਈ । ਮਸੇਰ ਭਰਾਵਾਂ ਨੇ ਕਿਹਾ ਕਿ ਭੋਂ ਦੀ ਵੰਡ ਠੀਕ ਨਹੀਂ ਹੋਈ । ਕੁੱਲ ਭੋਂ ਦੀ ਫ਼ਸਲ ਨੂੰ ਇਕੱਠੀ ਸਮਝ ਕੇ ਵੰਡਿਆ ਗਿਆ । ਸਖੀ ਸਰਵਰ ਨੇ ਆਪਣੇ ਹਿੱਸੇ ਦੇ ਦਾਣੇ ਫ਼ਕੀਰਾਂ ਨੂੰ ਵੰਡ ਦਿੱਤੇ । ਇਹ ਇਕ ਵਾਰ ਮਾਮਲਾ ਭਰਨ ਲਈ ਭਰਾਵਾਂ ਨਾਲ ਮੁਲਤਾਨ ਜਾ ਰਿਹਾ ਸੀ । ਇਸ ਕੋਲ ਪੈਸੇ ਨਹੀਂ ਸਨ । ਇਸ ਨੇ ਕਰਾਮਾਤ ਵਿਖਾਈ । ਦੋ - ਢਾਈ ਲੱਖ ਵਿਅਕਤੀ ਇਸ ਨਾਲ ਸ਼ਹਿਰ ਵਿਚ ਵੜਿਆ । ਮੁਲਤਾਨ ਦੇ ਸੂਬੇਦਾਰ ਨੇ ਇਸ ਦੀ ਹੋਰ ਵੀ ਅਜ਼ਮਾਇਸ਼ ਲਈ । ਇਹ ਪੂਰਾ ਉਤਰਿਆ । ਇਸ ਨੂੰ ਵਧੀਆ ਘੋੜਾ , ਜੋੜਾ ਅਤੇ ਸਵਾ ਲੱਖ ਰੁਪਇਆ ਦਿੱਤਾ ਗਿਆ । ਇਸ ਰਕਮ ਫ਼ਕੀਰਾਂ ਵਿਚ ਵੰਡ ਦਿੱਤੀ । ਅੱਗੇ ਹੋਰ ਫ਼ਕੀਰ ਮਿਲੇ ਤਾਂ ਘੋੜਾ ਉਨ੍ਹਾਂ ਨੂੰ ਜ਼ਿਬ੍ਹਾ ਕਰ ਕੇ ਖਵਾ ਦਿੱਤਾ ਗਿਆ । ਸੂਬੇਦਾਰ ਕੋਲ ਸ਼ਿਕਾਇਤ ਹੋਈ ਤਾਂ ਇਸ ਨੇ ਉਹ ਘੋੜਾ ਜ਼ਿੰਦਾ ਕਰ ਕੇ ਵਿਖਾ ਦਿੱਤਾ । ਸੂਬੇਦਾਰ ਨੇ ਇਹ ਕੌਤਕ ਵੇਖ ਕੇ ਆਪਣੀ ਲੜਕੀ ਬੀਬੀ ਬਾਈ ਦਾ ਵਿਆਹ ਇਸ ਨਾਲ ਕਰ ਦਿੱਤਾ । ਸਖੀ ਸਰਵਰ ਦੀਆਂ ਕਰਾਮਾਤਾਂ ਦਾ ਵੇਰਵਾ ਨਿਹਾਲੇ ਕਵੀ ਦੀ ਵਾਰ ‘ ਸਖੀ ਸਰਵਰ ਦਾ ਵਿਆਹ’ ਅਤੇ ‘ ਲੀਜੈਂਡਜ਼ ਆਫ ਪੰਜਾਬ’ ਵਿਚਲੀ ਵਾਰ ‘ ਸਖੀ ਸਰਵਰ ਤੇ ਦਾਨੀ ਜੱਟੀ’ ਵਿਚ ਮਿਲਦਾ ਹੈ । ਹ.ਪੁ. – ਲੀਜੈਂਡਜ਼ ਆਫ਼ ਪੰਜਾਬ ; ਇੰਪ. ਗ. ਇੰਡ.; ਬੰਬੀਹਾ ਬੋਲ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.