ਸਟੇਜੀ ਕਵਿਤਾ ਦੀਆਂ ਸੀਮਾਵਾਂ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਾਹਿਤ ਦੇ ਇਤਿਹਾਸ ਵਿਚ ਕਿਸੇ ਵੀ ਸਾਹਿਤਕ ਰੂਪ ਵੰਨਗੀ ਜਾਂ ਰੂਪਾਕਾਰ ਦੇ ਪੈਦਾ ਹੋਣ ਦੇ ਠੋਸ ਸਮਾਜਿਕ ਕਾਰਨ ਹੁੰਦੇ ਹਨ ਅਤੇ ਇਸੇ ਤਰ੍ਹਾਂ ਕਿਸੇ ਵੀ ਸਾਹਿਤਕ ਰੂਪ ਜਾਂ ਵੰਨਗੀ ਦੇ ਪਤਨਮੁਖ ਹੋਣ ਜਾਂ ਪ੍ਰਭਾਵ ਖੇਤਰ ਸੁੰਗੜਨ ਜਾਂ ਬਿਲਕੁਲ ਖਤਮ ਹੋ ਜਾਣ ਦੇ ਵੀ ਕਾਰਨ ਹੁੰਦੇ ਹਨ । ਜੇ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਪਿਛਲੀ ਡੇਢ ਸਦੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਕਈ ਸਾਹਿਤਕ ਲਹਿਰਾਂ ਉਠਦੀਆਂ ਅਤੇ ਭਰ ਜੋਬਨ ਬਾਅਦ ਅਲੋਪ ਹੁੰਦੀਆਂ ਰਹੀਆਂ ਹਨ । ਇਸੇ ਪ੍ਰਕਾਰ ਕਈ ਸਾਹਿਤਕ ਵੰਨਗੀਆਂ ਦੂਜਿਆਂ ਤੋਂ ਵਧੇਰੇ ਪ੍ਰਵਾਨ ਰਹੀਆਂ ਹਨ ਪਰ ਸਮੇਂ ਨਾਲ ਉਨ੍ਹਾਂ ਦੀ ਪ੍ਰਵਾਨਗੀ ਅਤੇ ਪ੍ਰਧਾਨਤਾ ਗੁਆਚ ਗਈ ਹੈ । ਜੇ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਪਹਿਲੇ ਪੰਜਾਹ ਸਾਲਾਂ ਤੇ ਧਿਆਨ ਮਾਰੀਏ ਭਾਵ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਸਟੇਜੀ ਕਵਿਤਾ ਵਰਗੀ ਵੰਨਗੀ ਦੇ ਉਪਜਣ ਦੀਆਂ ਕਨਸੋਆਂ ਮਿਲਣੀਆਂ ਸ਼ੁਰੂ ਹੁੰਦੀਆਂ ਹਨ । ਪਿਛਲੀ ਭਾਵ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਸਟੇਜੀ ਕਵਿਤਾ ਦਾ ਪੂਰਾ ਜ਼ੋਰ ਰਹਿੰਦਾ ਹੈ । ਪਿਛਲੇ ਅੱਧ ਵਿਚ ਇਸ ਦਾ ਜ਼ੋਰ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਕੀਵੀਂ ਸਦੀ ਦੇ ਚੜ੍ਹਨ ਤਕ ਸਟੇਜੀ ਕਵਿਤਾ ਇਕ ਕਾਵਿ ਵੰਨਗੀ ਅਤੇ ਇਕ ਕਾਵਿ ਲਹਿਰ ਦੋਹਾਂ ਵਜੋਂ ਇਤਿਹਾਸ ਦੀ ਚੀਜ਼ ਬਣ ਜਾਂਦੀ ਹੈ । ਇਸ ਦੇ ਅਧੋਗਤੀ ਦੇ ਕਾਰਨਾਂ ਨੂੰ ਸਮਝਣ ਲਈ ਇਸ ਦੇ ਉਭਾਰ ਭਾਵ ਚੜ੍ਹਾਈ ਦੇ ਦੌਰ ਨੂੰ ਸਮਝਣ ਦੀ ਜ਼ਰੂਰਤ ਹੈ ।

ਕਿਸੇ ਵੀ ਕਾਵਿ ਲਹਿਰ ਜਾਂ ਵੰਨਗੀ ਦੇ ਪਤਨਮੁਖ ਹੋਣ ਦੇ ਕਈ ਕਾਰਨ ਹੋ ਸਕਦੇ ਹਨ । ਸਟੇਜੀ ਕਵਿਤਾ ਦੇ ਵੀ ਪਤਨਮੁਖ ਹੋਣ ਦੇ ਕੁਝ ਸਾਹਿਤਕ ਅਤੇ ਕੁਝ ਸਾਹਿਤ ਬਾਹਰੇ ਕਾਰਨ ਹਨ ।

ਸਟੇਜੀ ਕਵਿਤਾ ਬੁਨਿਆਦੀ ਤੌਰ ਤੇ ਲਹਿਰਾਂ ਦੀ ਕਵਿਤਾ ਸੀ । ਜਦੋਂ ਸਮਾਜ ਵਿਚ ਕੋਈ ਨਵਾਂ ਵਿਚਾਰ ਪੈਦਾ ਹੁੰਦਾ ਹੈ , ਉਸ ਸਮੇਂ ਸਮਾਜ ਵਿਚ ਹਿਲਜੁਲ ਹੁੰਦੀ ਹੈ । ਜਦੋਂ ਸਮਾਜ ਵਿਚ ਕੋਈ ਤੀਬਰ ਧਾਰਮਿਕ , ਰਾਜਨੀਤਿਕ , ਆਰਥਿਕ ਜਾਂ ਸਮਾਜਿਕ ਲਹਿਰ ਚੱਲ ਰਹੀ ਹੋਵੇ ਤਾਂ ਇਕ ਪਾਸੇ ਤਾਂ ਉਸ ਦੇ ਪ੍ਰਭਾਵ ਅਧੀਨ ਕਵਿਤਾ ਹੋਂਦ ਵਿਚ ਆਉਂਦੀ ਹੈ । ਦੂਜੇ ਪਾਸੇ ਕਵਿਤਾ ਲਹਿਰ ਨੂੰ ਹੁਲਾਰਾ ਦਿੰਦੀ ਹੈ । ਆਰੰਭ ਵਿਚ ਸਿੱਖਿਅਕ ਕਾਰਨਾਂ ਕਰਕੇ ਸਟੇਜੀ ਕਵਿਤਾ ਹੋਂਦ ਵਿਚ ਆਈ ਅਤੇ ਇਹ ਇਕ ਸਭਿਆਚਾਰਕ-ਸਾਹਿਤਕ ਲਹਿਰ ਦਾ ਰੂਪ ਲੈ ਗਈ । ਇੱਥੇ ਭਾਸ਼ਾਈ ਚੇਤਨਾ ਦੀ ਲਹਿਰ ਵੀ ਆਪਣਾ ਰੰਗ ਦਿਖਾਉਣ ਲੱਗੀ । ਪੰਜਾਬੀ ਭਾਸ਼ਾ ਦੀ ਉਨਤੀ ਚਾਹੁਣ ਵਾਲਿਆਂ ਨੇ ਪੰਜਾਬੀ ਪੱਖ ਦੀ ਲਹਿਰ ਚਲਾਈ । ਇਸੇ ਪ੍ਰਕਾਰ ਮਜ਼ਦੂਰ , ਕਿਸਾਨਾਂ ਦੀਆਂ ਆਰਥਿਕ ਮੰਗਾਂ ਵਾਲੀਆਂ ਲਹਿਰਾਂ ਨਾਲ ਵੀ ਇਸ ਦਾ ਜੋੜ ਰਿਹਾ ਹੈ । ਦੇਸ਼ ਦੀ ਆਜ਼ਾਦੀ ਲਈ ਜੂਝਦੇ ਲੋਕਾਂ ਲਈ ਸਟੇਜੀ ਕਵੀ ਗੱਜਦੇ ਰਹੇ ਹਨ । ਸਭ ਤੋਂ ਵੱਡਾ ਪੱਖ ਧਾਰਮਿਕ ਪੁਨਰ ਜਾਗਰਣ ਦੀ ਲਹਿਰ ਦਾ ਸੀ ਜਿਸ ਦੇ ਸਟੇਜੀ ਕਵੀ ਅੰਗ ਬਣ ਕੇ ਵਿਚਰੇ ਸਨ । ਭਾਵੇਂ ਬਾਹਰੀ ਤੌਰ ਤੇ ਵੇਖਣ ਨੂੰ ਧਾਰਮਿਕ ਰਾਜਨੀਤਿਕ ਆਰਥਿਕ ਖੇਤਰ ਵਖ ਵਖ ਜਾਪਦੇ ਹਨ ਪਰ ਦੇਸ਼ ਦੀ ਗੁ਼ਲਾਮੀ ਸਮੇਂ ਇਨ੍ਹਾਂ ਸਾਰਿਆਂ ਮਸਲਿਆਂ ਮੰਗਾਂ ਦਾ ਸਬੰਧ ਅੰਗਰੇਜ਼ ਸਾਮਰਾਜ ਨਾਲ ਹੀ ਸੀ । ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਾਉਣਾ , ਧਰਮ ਸੁਧਾਰ ਕਰਨਾ , ਮਜ਼ਦੂਰਾਂ ਦੀਆਂ ਹੜਤਾਲਾਂ , ਕਿਸਾਨਾਂ ਦੇ ਦੁੱਖੜੇ , ਦੇਸ਼ ਦੀ ਆਜ਼ਾਦੀ ਲਈ ਗਦਰ ਮਚਾਉਣਾ ਸਭ ਇਕੋ ਹੀ ਧੁਰੇ ਦੁਆਲੇ ਘੁੰਮਦੇ ਹਨ । ਦੇਸ਼ ਦੀ ਆਜ਼ਾਦੀ ਤੋਂ ਬਾਅਦ ਧਾਰਮਿਕ , ਰਾਜਨੀਤਿਕ , ਆਰਥਿਕ ਸਾਰਿਆਂ ਖੇਤਰਾਂ ਵਿਚ ਲਹਿਰਾਂ ਦਾ ਦਬਾਓ ਘਟ ਗਿਆ । ਗੁਰਦੁਆਰੇ ਪਹਿਲਾਂ ਹੀ ਮਹੰਤਾਂ ਦੇ ਚੁੰਗਲ ਵਿਚੋਂ ਮੁਕਤ ਕਰਵਾ ਲਏ ਗਏ ਸਨ , ਧਰਮ ਸੁਧਾਰ ਦੀ ਮੁਢਲੀ ਲਹਿਰ ਵੀ ਆਪਣਾ ਰੰਗ ਵਿਖਾ ਕੇ ਫਿੱਕੀ ਪੈ ਚੁੱਕੀ ਸੀ । ਇਸ ਸਮੇਂ ਧਾਰਮਿਕ ਭਾਵਨਾਵਾਂ ਦੀਆਂ ਕਵਿਤਾਵਾਂ ਆਪਣੀ ਪਹਿਲ ਤਾਜ਼ਗੀ ਗੁਆ ਚੁੱਕੀਆਂ ਸਨ । ਸਿਰਫ ਰਵਾਇਤ ਦਾ ਉਕਾਊ ਦੁਹਰਾਓ ਹੋ ਰਿਹਾ ਸੀ । ਧਾਰਮਿਕ ਕਵਿਤਾਵਾਂ ਦਾ ਦਾਇਰਾ ਗੁਰਪੁਰਬ ਉਪਰ ਗੁਰਦਆਰਿਆਂ ਅੰਦਰ ਪੜ੍ਹੀਆਂ ਜਾਣ ਵਾਲੀਆਂ ਇਤਿਹਾਸਕ ਰੰਗਣ ਦੀਆਂ ਧਾਰਮਿਕ ਸ਼ਰਧਾ ਭਾਵ ਵਾਲੀਆਂ ਕਵਿਤਾਵਾਂ ਤਕ ਸੀਮਤ ਹੋ ਗਿਆ । ਵੱਧ ਤੋਂ ਵੱਧ ਧਰਮ ਵਿਚ ਆ ਰਹੀ ਗਿਰਾਵਟ ਬਾਰੇ ਹਲਕਾ ਫੁਲਕਾ ਸੰਕੇਤ ਕਰਦੀਆਂ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ । ਸਿੱਖ ਧਰਮ ਦੇ ਨੇਤਾਵਾਂ ਕੋਲ ਕੋਈ ਨਵਾਂ ਉਸਾਰੂ ਪ੍ਰੋਗਰਾਮ ਨਹੀਂ ਸੀ ਜਿਸ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਦਾ ਅਤੇ ਲਹਿਰ ਪੈਦਾ ਹੁੰਦੀ । ਜਿਸ ਦੇ ਫਲਸਰੂਪ ਕਾਵਿ-ਲਹਿਰ ਨੂੰ ਵੀ ਹੁਲਾਰਾ ਮਿਲਦਾ । ਰਾਜਨੀਤਿਕ ਤੌਰ ਤੇ ਪੰਜਾਬੀਆਂ ਦੀ ਚੇਤਨਾ ਦੋਫਾੜ ਹੋ ਗਈ । ਇਕ ਪਾਸੇ ਤਾਂ ਉਹ ਭਾਰਤ ਸਰਕਾਰ ਦੇ ਕੇਂਦਰ ਨਾਲ ਜੁੜਨ ਲੱਗੇ । ਦੂਜੇ ਪਾਸੇ ਪੰਜਾਬ ਦੀ ਰਾਜ ਸਰਕਾਰ ਨਾਲ ਜੁੜਨ ਲੱਗੇ । ਕਾਂਗਰਸ ਪਾਰਟੀ ਦੋਹਾਂ ਨਾਲ ਜੁੜਦੀ ਸੀ । ਗੁਰਮੁਖ ਸਿੰਘ ਮੁਸਾਫਿਰ ਵਰਗੇ ਕਵੀਆਂ ਦੀ ਕਵਿਤਾ ਨੂੰ ਰਾਜਨੀਤੀ ਨੇ ਦੱਬ ਲਿਆ । ਰਾਜਨੀਤਿਕ ਕਵਿਤਾ ਲਿਖਣ ਦਾ ਜ਼ੋਰ ਘਟ ਗਿਆ । ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਤੋਂ ਇਲਾਵਾ ਹੋਰ ਕੋਈ ਲਹਿਰ ਇਸ ਸਮੇਂ ਨਹੀਂ ਉੱਠੀ ਜਿਸ ਨੇ ਸਟੇਜੀ ਕਵਿਤਾ ਨੂੰ ਹੁਲਾਰਾ ਦਿੱਤਾ ਹੋਵੇ । ਸਿੱਟੇ ਵਜੋਂ ਲੋਕ ਲਹਿਰਾਂ ਦੀ ਅਣਹੋਂਦ ਵਿਚ ਲਹਿਰਾਂ ਨਾਲ ਬੱਝਿਆ ਸਟੇਜੀ ਕਾਵਿ ਦਾ ਪ੍ਰਭਾਵ ਘਟਣ ਲੱਗ ਪਿਆ ।

ਦੇਸ਼ ਵੰਡ ਨਾਲ ਵੀ ਸਟੇਜੀ ਕਵਿਤਾ ਨੂੰ ਝਟਕਾ ਲੱਗਿਆ । ਦੇਸ਼ ਵੰਡ ਸਮੇਂ ਬਹੁਤ ਸਾਰੇ ਸਟੇਜੀ ਕਵੀਆਂ ਨੂੰ ਆਪਣਾ ਘਰ ਘਾਟ ਛੱਡਣਾ ਪਿਆ । ਇਥੇ ਘਰ ਘਾਟ ਛੱਡਣ ਤੋਂ ਭਾਵ ਕੇਵਲ ਭੌਤਿਕ ਘਰ ਛੱਡਣ ਤੋਂ ਨਹੀਂ ਹੈ ਸਗੋਂ ਉਸ ਮਾਨਸਿਕ ਸੰਤਾਪ ਦੀ ਗੱਲ ਹੈ ਜਿਸ ਦੇ ਫਲਸਰੂਪ ਕਵੀਆਂ ਦੇ ਸੁਪਨੇ ਟੁੱਟੇ । ਜਦੋਂ ਆਜ਼ਾਦੀ ਦੀ ਲਹਿਰ ਹੀ ਖਤਮ ਹੋ ਗਈ ਤਾਂ ਉਸ ਲਹਿਰ ਨਾਲ ਜੁੜੀ ਸਟੇਜੀ ਕਵਿਤਾ ਵੀ ਆਪਣੇ ਆਪ ਖਤਮ ਹੋ ਗਈ । ਇਸ ਪ੍ਰਕਾਰ ਦੇਸ਼ ਦੀ ਆਜ਼ਾਦੀ ਤੋਂ ਬਾਅ ਬਹੁ ਗਿਣਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਤੀਬਰ ਰਾਜਨੀਤਿਕ ਲਹਿਰਾਂ ਦਾ ਜ਼ੋਰ ਘਟ ਗਿਆ ਤਾਂ ਇਨ੍ਹਾਂ ਲਹਿਰਾਂ ਨਾਲ ਜੁੜੀ ਸਟੇਜੀ ਕਾਵਿ ਦੀ ਧਾਰਾ ਵੀ ਮਾਂਦ ਪੈ ਗਈ । ਸਿਰਫ ਸਾਲਾਨਾ ਧਾਰਮਿਕ ਇਕੱਠਾਂ ਉਪਰ ਹੀ ਰਵਾਇਤੀ ਕਵੀ ਦਰਬਾਰ ਚਲਦੇ ਰਹੇ । ਪਰ ਇਨ੍ਰਾਂ ਦੀ ਵੀ ਪਹਿਲਾਂ ਵਾਲੀ ਆਭਾ ਅਤੇ ਗੌਰਵ ਨਾ ਰਿਹਾ ।

ਨਵੀਂ ਸਾਹਿਤਕ ਰਾਜਨੀਤਿਕ , ਧਾਰਮਿਕ ਲਹਿਰਾਂ ਨਾਲ ਸਟੇਜੀ ਕਾਵਿ ਜੁੜ ਨਾ ਸਕਿਆ । ਉਦਾਹਰਨ ਵਜੋਂ ਪ੍ਰਯੋਗਸ਼ੀਲ ਸਾਹਿਤਕ ਲਹਿਰ ਦਾ ਆਪਣੇ ਸੁਭਾਅ ਵਜੋਂ ਹੀ ਰਵਾਇਤ ਵਿਰੋਧੀ ਸੀ । ਨਵੇਂ ਪ੍ਰਯੋਗ ਕਰਨ ਵਾਲੀ ਸਮੂਹਿਕ ਚੇਤਨਾ ਤੋਂ ਟੁੱਟੀ ਮੱਧਵਰਗੀ ਖਾਸੇ ਦੀ ਇਸ ਲਹਿਰ ਨੇ ਸਟੇਜੀ ਕਾਵਿ ਨੂੰ ਹੁਲਾਰਾ ਤਾਂ ਕੀ ਦੇਣਾ ਸੀ ਸਗੋਂ ਉਸ ਨੂੰ ਖਤਮ ਕਰਨ ਦੇ ਰਾਹ ਪੈ ਗਈ । ਨਕਸਲਬਾੜੀ ਰਾਜਸੀ ਲਹਿਰ ਨੇ ਵੀ ਖੁੱਲ੍ਹੀ ਜਨਤਕ ਕਵਿਤਾ ਲਿਖਣ ਦੀ ਥਾਂ ਜ਼ਿਆਦਾਤਰ ਪੁਸਤਕ ਰੂਪ ਵਿਚ ਛਪਣ ਵਾਲੀ ਖੁੱਲ੍ਹੀ ਕਵਿਤਾ ਹੀ ਲਿਖੀ । ਪੰਜਾਬ ਸੰਕਟ ਦੀ ਕਵਿਤਾ ਨੇ ਕਿਸੇ ਕਾਵਿ ਲਹਿਰ ਨੂੰ ਜਨਮ ਨਹੀਂ ਦਿੱਤਾ । ਇੰਜ ਇਸ ਲਹਿਰ ਨੇ ਵੀ ਸਟੇਜੀ ਕਵਿਤਾ ਨੂੰ ਕੋਈ ਹੁਲਾਰਾ ਨਹੀਂ ਦਿੱਤਾ ।

ਨਵੀਆਂ ਤਕਨੀਕੀ ਖੋਜਾਂ ਅਤੇ ਸੰਚਾਰ ਸਾਧਨਾਂ ਨੇ ਵੀ ਸਟੇਜੀ ਕਵਿਤਾ ਉਪਰ ਅਸਰ ਪਾਇਆ । ਸਟੇਜੀ ਕਾਵਿ ਇਕ ਤਰ੍ਹਾਂ ਨਾਲ ਕਵੀ ਦਾ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸਿੱਧਾ ਸੰਬੋਧਨ ਸੀ । ਪਹਿਲੀ ਪੱਧਰ ਉਪਰ ਇਸ ਵਿਚ ਮਾਈਕ ਤੇ ਸਪੀਕਰ ਦੀ ਆਮਦ ਨੇ ਸਹਾਇਤਾ ਕੀਤੀ ਸੀ ਕਿਉਂਕਿ ਇਸ ਨਾਲ ਕਵੀ ਵੱਡੇ ਸਰੋਤਾ ਮੰਡਲ ਤਕ ਇਕੋ ਸਮੇਂ ਪੁੱਜ ਸਕਦਾ ਸੀ । ਇਸ ਵਿਚ ਕੋਈ ਵਿਚੋਲਾ ਨਹੀਂ ਸੀ । ਅਜਿਹੇ ਇਕੱਠ ਆਮ ਕਰਕੇ ਧਾਰਮਿਕ ਪੁਰਬਾਂ ਜਾਂ ਰਾਜਨੀਤਿਕ ਸਮਾਗਮਾਂ ਉਪਰ ਹੁੰਦੇ ਸਨ । ਕਦੇ ਕਦੇ ਨਿਰੋਲ ਸਾਹਿਤਕ ਇਕੱਠ ਵੀ ਹੁੰਦਾ ਸੀ । ਇਸ ਸਰੋਤਾ ਮੰਡਲ ਦਾ ਵੱਡਾ ਭਾਗ ਅਨਪੜ੍ਹ ਹੁੰਦਾ ਸੀ । ਸਰੋਤੇ ਅਤੇ ਕਵੀ ਦਰਮਿਆਨ ਕੇਵਲ ਮਾਈਕ ਹੁੰਦਾ ਸੀ ।

ਨਵੇਂ ਸੰਚਾਰ ਸਾਧਨ ਖ਼ਾਸ ਕਰਕੇ ਰੇਡੀਓ ਅਤੇ ਟੈਲੀਵਿਜ਼ਨ ਨੇ ਕਵੀ ਦਰਬਾਰ ਦਾ ਰੰਗ ਹੀ ਬਦਲ ਦਿੱਤਾ । ਰੇਡੀਓ ਉਤੇ ਹੁੰਦੇ ਕਵੀ ਦਰਬਾਰਾਂ ਵਿਚ ਕਵੀ ਸਾਹਮਣੇ ਭੌਤਿਕ ਰੂਪ ਵਿਚ ਸਰੋਤਾ ਗ਼ੈਰ-ਹਾਜ਼ਰ ਸੀ ਅਤੇ ਇਸ ਦੇ ਉਲਟ ਸਰੋਤੇ ਸਾਹਮਣੇ ਵੀ ਕਵੀ ਹੋਣ ਦੀ ਥਾਵੇਂ ਨਿਰਜੀਵ ਡੱਬਾ ਹੁੰਦਾ ਹੈ । ਇਹ ਬੜੀ ਦਿਲਚਸਪ ਸਥਿਤੀ ਹੈ ਕਿ ਸਿੱਧੇ ਪਰਸਾਰਣ ਨੂੰ ਛੱਡ ਕੇ ਕਵੀ ਭਵਿੱਖ ਦੇ ਸਰੋਤਿਆਂ ਨੂੰ ਸਾਹਮਣੇ ਰੱਖ ਕੇ ਕਵਿਤਾ ਸੁਣਾਉਂਦਾ ਹੈ । ਇਸੇ ਕਰਕੇ ਸਰੋਤਾ ਤੁਰੰਤ ਆਪਣੀ ਪ੍ਰਤੀਕਿਰਿਆ ਵੀ ਨਹੀਂ ਭੇਜ ਸਕਦਾ । ਇਸ ਨਾਲ ਕਵੀ ਦਰਬਾਰ ਦਾ ਰੂਪ ਬਦਲ ਗਿਆ । ਇਕ ਪਾਸੇ ਤਾਂ ਕਵੀ ਇਕੋ ਸਮੇਂ ਇਕ ਨਹੀਂ , ਦੋ ਨਹੀਂ , ਸੈਕੜੇ ਨਹੀਂ , ਹਜ਼ਾਰਾਂ ਨਹੀਂ ਸਗੋਂ ਲੱਖਾਂ ਸਰੋਤਿਆਂ ਕੋਲ ਵਖ ਵਖ ਪਿੰਡਾਂ ਸ਼ਹਿਰਾਂ ਵਿਚ ਇਕੋ ਸਮੇਂ ਪੁੱਜਣ ਦੇ ਸਮਰੱਥ ਹੋ ਜਾਂਦਾ ਹੈ । ਇਸ ਦਾ ਨੁਕਸਾਨ ਇਹ ਹੈ ਕਿ ਕਵੀ ਅਤੇ ਸਰੋਤੇ ਨਾ ਇਕ ਦੂਸਰੇ ਦੇ ਹਾਵਭਾਵ ਵੇਖ ਸਕਦੇ ਹਨ ਅਤੇ ਨਾ ਹੀ ਤੁਰੰਤ ਪ੍ਰਤੀਕਿਰਿਆ ਦੇ ਸਕਦੇ ਹਨ । ਦੋਹਾਂ ਦਰਮਿਆਨ ਆਵਾਜ ਦੀ ਸਾਂਝ ਹੀ ਰਹਿ ਜਾਂਦੀ ਹੈ । ਇਸ ਰੇਡੀਓ ਦੇ ਕਵੀ ਦਰਬਾਰਾਂ ਦੇ ਪ੍ਰਚਲਣ ਨੇ ਸਟੇਜੀ ਕਵੀ ਦਰਬਾਰ ਨੂੰ ਢਾਅ ਲਾਈ ।

ਇਸੇ ਪ੍ਰਕਾਰ ਟੈਲੀਵਿਜ਼ਨ ਉਪਰ ਕਵੀ ਦਰਬਾਰਾਂ ਨਾਲ ਸਟੇਜੀ ਕਵਿਤਾ ਦਾ ਇਕ ਨਵਾਂ ਰੂਪ ਸਾਹਮਣੇ ਆਇਆ । ਕਵੀ ਤਾਂ ਦਰਸ਼ਕਾਂ ਦੇ ਸਾਹਮਣੇ ਹੈ ਪਰ ਦਰਸ਼ਕ ਇਕ ਸਥਾਨ ਤੇ ਇਕੱਠੇ ਨਹੀਂ ਬੈਠੇ ਸਗੋਂ ਉਹ ਵਖ ਵਖ ਥਾਵਾਂ ਤੇ ਆਪਣੇ ਘਰਾਂ ਵਿਚ ਟੈਲੀਵਿਜ਼ਨ ਸੈਟਾਂ ਅੱਗੇ ਖਿੰਡੇ ਬੈਠੇ ਹਨ । ਕਵੀ ਦਰਸ਼ਕਾਂ ਨੂੰ ਦੇਖ ਨਹੀਂ ਸਕਦਾ , ਉਹ ਕੈਮਰੇ ਦੇ ਲੈਨਜ ਨੂੰ ਦਰਸ਼ਕ ਮੰਨਕੇ ਸੰਬੋਧਨ ਹੁੰਦਾ ਹੈ । ਇਸ ਪ੍ਰਕਾਰ ਕਵੀ ਦਰਬਾਰਾਂ ਵਾਲਾ ਸਿੱਧਾ ਸੰਚਾਰ ਟੁੱਟ ਜਾਂਦਾ ਹੈ । ਕਦੇ ਕਦੇ ਟੇਲੀਵਿਜ਼ਨ ਵਾਲੇ ਸਟੂਡੀਓ ਵਿਚ ਸਰੋਤੇ ਦਰਸ਼ਕ ਬਿਠਾ ਕੇ ਰਵਾਇਤੀ ਰੰਗ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕੁੱਲ ਮਿਲਾ ਕੇ ਟੈਲੀਵਿਜ਼ਨ ਦੀ ਆਮਦ ਨਾਲ ਕਵੀ ਅਤੇ ਸਰੋਤੇ ਦਾ ਸਿੱਧਾ ਭਾਵਨਾਤਮਿਕ ਰਿਸ਼ਤਾ ਖਤਮ ਹੋ ਜਾਂਦਾ ਹੈ । ਅਜਿਹੀ ਸਥਿਤੀ ਵਿਚ ਰਵਾਇਤੀ ਸਟੇਜੀ ਕਵਿਤਾ ਦਾ ਸਰੋਤਾ ਮੰਡਲ ਘਟਣ ਲਗਦਾ ਹੈ ।

ਰਵਾਇਤੀ ਸਟੇਜੀ ਕਵਿਤਾ ਦੇ ਕਵੀ ਕਵੀ ਦਰਬਾਰਾਂ ਵਿਚ ਪਰਵਾਨ ਚੜ੍ਹਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਦੀਆਂ ਰਚਨਾਵਾਂ ਨੂੰ ਸੁਣਿਆ ਮਾਣਿਆ ਜਾਂਦਾ ਸੀ । ਗ੍ਰਾਮੋਫੋਨ ਕੰਪਨੀਆਂ ਰਿਕਾਰਡ ਕਰਦੀਆਂ ਸਨ ਅਤੇ ਫਿਲਮਾਂ ਬਨਾਉਣ ਵਾਲੀਆਂ ਕੰਪਨੀਆਂ ਉਨ੍ਹਾਂ ਦੇ ਗੀਤ ਆਪਣੀਆਂ ਫਿਲਮਾਂ ਵਿਚ ਫਿੱਟ ਕਰ ਲੈਂਦੇ ਸਨ । ਅਜਿਹੀ ਸਥਤੀ ਵਿਚ ਕਵੀ ਪਹਿਲਾਂ ਸਟੇਜ ਦੇ ਕਵੀ ਸਨ । ਪਿੱਛੋਂ ਉਹ ਹੋਰ ਆਧੁਨਿਕ ਸੰਚਾਰ ਸਾਧਨਾਂ ਵਿਚ ਵੀ ਆ ਜਾਂਦੇ ਸਨ । ਨੰਦ ਲਾਲ ਨੂਰਪੁਰੀ , ਤੇਜਾ ਸਿੰਘ ਸਾਬਰ ਹੋਰਾਂ ਦੀ ਅਜਿਹੀ ਹੀ ਪੀੜ੍ਹੀ ਸੀ ਪਰ ਉਸ ਤੋਂ ਪਿੱਛੋਂ ਰੇਡੀਓ , ਗ੍ਰਾਮੋਫੋਨ ਕੰਪਨੀਆਂ , ਫਿਲਮਾਂ ਅਤੇ ਅਖੀਰ ਟੈਲੀਵਿਜ਼ਨ ਨੇ ਸਾਰਾ ਦ੍ਰਿਸ਼ ਹੀ ਬਦਲ ਕੇ ਰੱਖ ਕਿਦੱਤਾ । ਸਟੇਜੀ ਕਵੀਆਂ ਕੋਲ ਜਿਹੜੀ ਕਾਵਿ ਕੌਸ਼ਲਤਾ ਸੀ , ਖ਼ਾਸ ਕਰਕੇ ਮੌਕੇ ਅਨੁਸਾਰ ਢੁਕਵੇ ਪਰਸੰਗਾਂ ਨੂੰ ਕਵਿਤਾਉਣ ਦੀ ਕਾਵਿ ਕੌਸ਼ਲਤਾ ਸੀ । ਇਹ ਕਾਵਿ ਕੌਸ਼ਲਤਾ ਵਪਾਰਕ ਕਲਾ ਦੇ ਬੜੇ ਕੰਮ ਦੀ ਚੀਜ਼ ਸੀ । ਉਦਾਹਰਨ ਵਜੋਂ ਸਟੇਜੀ ਕਵੀਆਂ ਵੱਲੋਂ ਦਿੱਤੀ ਹੋਈ ਸਮੱਸਿਆ ਤੇ ਲਿਖਣ ਦਾ ਅਭਿਆਸ ਸੀ । ਉਹ ਇਕੋ ਵਿਅਕਤੀ ਸਥਿਤੀ , ਮਿਸਰੇ ਭਾਵ ਛੰਦ ਵਿਚ ਕਾਵਿ-ਚਮਤਕਾਰ ਪੈਦਾ ਕਰਦੇ ਸਨ ਜਦੋਂ ਕਿ ਬਹੁਤੇ ਆਧੁਨਿਕ ਬੌਧਿਕ ਕਿਤਾਬੀ ਕਵੀ ਕਵਿਤਾ ਨੂੰ ਰੱਬੀ ਰਹਿਮਤ ਜਾਂ ਫਿਰ ਸਖ਼ਤ ਮੁਸ਼ੱਕਤ ਵਾਲਾ ਬੌਧਿਕ ਕਾਰਜ ਸਮਝਦੇ ਸਨ ਜਿਸ ਲਈ ਅੰਦਰੂਨੀ ਟੁੰਬ ਦੀ ਜ਼ਰੂਰਤ ਸੀ ਅਤੇ ਜਾਂ ਫਿਰ ਉਚੇਰੀ ਯੋਗਤਾ ਦੀ । ਉਹ ਦੱਸੇ ਹੋਏ ਵਿਸ਼ੇਸ਼ ਪਰਸੰਗਾਂ ਤੇ ਲਿਖਣ ਤੋਂ ਇਨਕਾਰੀ ਸਨ । ਸਟੇਜੀ ਕਵੀਆਂ ਨੇ ਇਸ ਸਮੱਸਿਆ ਦੀ ਵੰਗਾਰ ਨੂੰ ਪੂਰਾ ਕੀਤਾ । ਉਨ੍ਹਾਂ ਨੇ ਫ਼ਿਲਮੀ ਸਥਿਤੀਆਂ ਅਨੁਸਾਰ , ਰੇਡੀਓ ਉਪਰ ਸਰਕਾਰ ਦੀਆਂ ਲੋੜਾਂ ਅਨੁਸਾਰ ਅਤੇ ਕੈਸਿਟ ਕੰਪਨੀ ਦੀਆਂ ਮੰਡੀ ਅਨੁਸਾਰੀ ਮੰਗਾਂ ਅਨੁਸਾਰ ਲਿਖਿਆ , ਇਸ ਪ੍ਰਕਾਰ ਸਟੇਜੀ ਕਵੀਆਂ ਨੇ ਕਮਾਈ ਵੀ ਕੀਤੀ ਅਤੇ ਕਾਵਿ ਨੂੰ ਵਿਆਪਕ ਘੇਰੇ ਤਕ ਵੀ ਪਹੁੰਚਾਇਆ । ਇਸ ਦਾ ਮਾੜਾ ਪ੍ਰਭਾਵ ਇਹ ਪਿਆ ਕਿ ਅਖੀਰ ਕਵਿਤਾ , ਕਵਿਤਾ ਨਾ ਰਹਿ ਕੇ ਵਪਾਰਕ ਮੰਡੀ ਦੀਆਂ ਲੋੜਾਂ ਅਨੁਸਾਰ ਤੁਕਬੰਦੀ ਰਹਿ ਗਈ ਜਿਸ ਵਿਚ ਨਾ ਕੇਵਲ ਸਮਾਜਿਕ ਸਰੋਕਾਰ ਅਤੇ ਉਚ ਆਦਰਸ਼ ਹੀ ਗਾਇਬ ਹੋ ਗਏ ਸਗੋਂ ਕਲਾਤਮਿਕ ਪੱਖੋਂ ਵੀ ਸਧਾਰਨ ਤੁਕਬੰਦੀ ਬਾਕੀ ਰਹਿ ਗਈ ਜਿਸ ਵਿਚ ਮੁਢਲੇ ਦੌਰ ਵਾਲੀ ਨਾਜ਼ੁਕ ਖ਼ਿਆਲੀ ਅਤੇ ਕਾਵਿਕ ਚਮਤਕਾਰ ਦੋਨੋ ਹੀ ਨਾਦਾਰਦ ਹੋ ਗਏ । ਸਟੇਜੀ ਕਵੀਆਂ ਕੋਲ ਪੇਸ਼ ਸਮੱਸਿਆ ਤੇ ਲਿਖਣ ਤੋਂ ਇਲਾਵਾ ਵਿਸ਼ੇਸ਼ ਅਲੰਕਾਰ ਸੁਹਜ ਸੀ ਜੋ ਮੰਚ ਪੇਸ਼ਕਾਰੀ ਸਮੇਂ ਵਧੇਰੇ ਉਘੜ ਕੇ ਪੇਸ਼ ਹੁੰਦਾ ਸੀ । ਜਿਵੇਂ ਪਹਿਲਾਂ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਇਕੋ ਸਮੱਸਿਆ ਤੇ ਲਿਖਦੇ ਹੋਣ ਕਰਕੇ ਅਤੇ ਬਹੁਤ ਸਾਰੇ ਕਵੀਆਂ ਦੇ ਇਕੋ ਥਾਂ ਤੇ ਕਵਿਤਾ ਪੜ੍ਹਨ ਕਰਕੇ ਖ਼ਿਆਲਾਂ ਵਿਚ ਨਵੀਨਤਾ ਦੀ ਘਾਟ ਆ ਜਾਂਦੀ ਸੀ । ਇਸ ਖਿਆਲਾਂ ਦੀ ਘਾਟ ਨੂੰ ਕਲਾਤਮਿਕ ਜੁਗਤਾਂ ਨਾਲ ਪੂਰਿਆ ਜਾਂਦਾ ਸੀ ਅਤੇ ਇਹੀ ਜੁਗਤਾਂ ਪੇਸ਼ਕਾਰੀ ਸਮੇਂ ਕਵੀ ਦਰਬਾਰ ਨੂੰ ਮਨਮੋਹਕ ਬਣਾਉਂਦੀਆਂ ਸਨ । ਕਵੀਆਂ ਦੀਆਂ ਲਿਖੀਆਂ ਇਨ੍ਹਾਂ ਹੀ ਪੇਸ਼ਕਾਰੀ ਜੁਗਤਾਂ ਨੂੰ ਜਦੋਂ ਗਾਇਕ ਗਾਇਕਾਵਾਂ ਨੇ ਅਭਿਨੈ ਵਿਚ ਰੰਗ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਪ੍ਰਭਾਵ ਦੁੱਗਣਾ ਹੋ ਗਿਆ । ਇਸ ਪ੍ਰਕਾਰ ਕਵਿਤਾ ਵਿਚ ਨਾ ਕੇਵਲ ਗਾਇਕੀ ਅਤੇ ਸੰਗੀਤ ਦਾ ਹੀ ਮਿਸ਼ਰਣ ਹੋਣ ਲੱਗਿਆ ਸਗੋਂ ਇਸ ਵਿਚ ਅਭਿਨੈ ਵੀ ਮਹੱਤਵਪੂਰਨ ਸਥਾਨ ਬਨਾਉਣ ਲੱਗਿਆ । ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਅਲੰਕਾਰਾਂ ਦੀ ਸ਼ਬਦ ਜੜਤ ਦੀ ਬਹੁਤਾਤ ਨੂੰ ਗਾਇਕ ਵਿਸ਼ੇਸ਼ ਰੂਪ ਵਿਚ ਵਰਤਣ ਲੱਗੇ । ਇਸ ਪ੍ਰਕਾਰ ਕਵੀ ਦੀ ਕਵਿਤਾ ਹੋਰ ਕਲਾਵਾਂ ਨਾਲ ਮਿਸ਼ਰਤ ਹੋ ਕੇ ਵਧੇਰੇ ਲੋਕਾਂ ਤਕ ਤਾਂ ਪੁੱਜਣ ਲੱਗੀ ਪਰ ਉਸ ਦੀ ਸੁਤੰਤਰ ਹਸਤੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ । ਉਸ ਦੀ ਕਵਿਤਾ ਆਵਾਜ ਸੰਗੀਤ ਅਤੇ ਅਭਿਨੈ ਦੀ ਮੁਹਤਾਜ਼ ਹੋ ਗਈ । ਬਹੁਤ ਸਾਰੇ ਕਵੀ ਦਰਬਾਰਾਂ ਦੇ ਕਵੀਆਂ ਨਾਲ ਗਾਇਕਾਂ ਦੇ ਗੀਤਕਾਰ ਬਣਨ ਤੇ ਇਹੋ ਕੁਝ ਵਾਪਰਿਆ । ਉਹ ਸਰੋਤਾ ਮੰਡਲ ਦੇ ਸਮਾਜਿਕ ਸਰੋਕਾਰਾਂ ਨੂੰ ਜ਼ੁਬਾਨ ਦੇਣ ਦੀ ਥਾਂ ਵਪਾਰੀਆਂ ਦੀ ਮੰਡੀ ਦੇ ਸ਼ਿਕਾਰ ਬਣ ਗਏ । ਇਕ ਤਰ੍ਹਾਂ ਨਾਲ ਧਾਰਮਿਕ , ਇਤਿਹਾਸਕ ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਉਪਰ ਲਿਖਿਆ ਜਾਣ ਵਾਲਾ ਕਾਵਿ ਨਿਰੋਲ ਮੁੰਡਾ ਕੁੜੀ ਦੇ ਅੱਲ੍ਹੜ ਇਸ਼ਕ ਤਕ ਸੀਮਤ ਹੋ ਕੇ ਰਹਿ ਗਿਆ । ਕਿਹਾ ਜਾ ਸਕਦਾ ਹੈ ਕਿ ਸਟੇਜੀ ਕਾਵਿ ਪਰੰਪਰਾ ਨੂੰ ਵਪਾਰਕ ਮੰਡੀ ਨੇ ਨਿਗਲ ਲਿਆ । ਨੰਦ ਲਾਲ ਨੂਰਪੁਰੀ ਤੋਂ ਲੈ ਕੇ ਇੰਦਰਜੀਤ ਹਸਨਪੁਰੀ ਤਕ ਬਹੁਤ ਸਾਰੇ ਸਟੇਜੀ ਸ਼ਾਇਰ ਦੋਵੇਂ ਪਾਸੇ ਸਫਲਤਾ ਨਾਲ ਨਿਭਦੇ ਰਹੇ ਹਨ ਪਰ ਇਸ ਤੋਂ ਬਾਅਦ ਇਕ ਪਾਸੇ ਤਾਂ ਸਟੇਜੀ ਕਵਿਤਾ ਹੀ ਖਤਮ ਹੋ ਗਈ ਅਤੇ ਦੂਸਰੇ ਪਾਸੇ ਅਜਿਹੇ ਸ਼ਾਇਰ ਪੈਦਾ ਹੋ ਗਏ ਜਿਹੜੇ ਸਟੇਜ ਉਪਰ ਤਾਂ ਕਦੇ ਨਹੀਂ ਚੜ੍ਹੇ ਸਨ ਅਤੇ ਉਨ੍ਹਾਂ ਦੀ ਕੋਈ ਪੁਸਤਕ ਵੀ ਨਹੀਂ ਛਪੀ ਪਰ ਉਹ ਸਿੱਧੇ ਹੀ ਰਿਕਾਰਡਾਂ , ਕੈਸਿਟਾਂ , ਫਿਲਮਾਂ , ਟੈਲੀਵਿਜ਼ਨ , ਵੀਡੀਓ ਲਈ ਲਿਖਣ ਲੱਗੇ ਅਤੇ ਲੋਕਾਂ ਵਿਚ ਮਕਬੂਲ ਹੋਣ ਲੱਗੇ ।

ਸਟੇਜੀ ਕਵਿਤਾ ਦੇ ਪਤਨ ਦਾ ਇਕ ਹੋਰ ਕਾਰਨ ਲੋਕਾਂ ਦੇ ਬਦਲ ਰਹੇ ਸੁਹਜ ਸੁਆਦਾਂ ਨੂੰ ਵੀ ਮੰਨਿਆ ਜਾ ਸਕਦਾ ਹੈ । ਹਰ ਯੁੱਗ ਦੇ ਆਪਣੇ ਭੌਤਿਕ ਸਾਧਨਾਂ ਅਨੁਸਾਰੀ ਹੀ ਕਲਾਰੂਪ ਹੁੰਦੇ ਹਨ ਅਤੇ ਇਹ ਹੀ ਉਸ ਨੂੰ ਆਨੰਦ ਦਿੰਦੇ ਹਨ । ਭਾਵੇਂ ਪੁਰਾਣੇ ਕਲਾ ਰੂਪ ਪੂਰਨ ਰੂਪ ਵਿਚ ਖਤਮ ਤਾਂ ਨਹੀਂ ਹੁੰਦੇ ਪਰ ਉਹ ਜਾਂ ਤਾਂ ਨਵੇਂ ਕਲਾ ਰੂਪਾਂ ਵਿਚ ਸਮਿਲਤ ਹੋ ਜਾਂਦੇ ਹਨ ਅਤੇ ਜਾਂ ਫਿਰ ਉਹ ਇਕ ਸੀਮਤ ਦਾਇਰੇ ਤਕ ਆਪਦੀ ਸਨਾਤਨੀ ਦਿੱਖ ਬਣਾਈ ਰਖਦੇ ਹਨ । ਨਵੇਂ ਯੁੱਗ ਵਿਚ ਨਵੇਂ ਸੰਚਾਰ ਸਾਧਨਾਂ ਦੇ ਆਉਣ ਨਾਲ ਪੁਰਾਣੇ ਕਲਾ ਰੂਪ ਮਾਂਦ ਪੈ ਗਏ । ਨਵੇਂ ਕਲਾ ਰੂਪਾਂ ਵਿਚ ਇਕ ਤੋਂ ਵਧੇਰੇ ਕਲਾਵਾਂ ਦੀ ਜੋੜਮੇਲ ਵਧੇਰੇ ਹੈ । ਚਾਹੇ ਉਹ ਫਿਲਮਾਂ ਹੋਣ , ਚਾਹੇ ਟੈਲੀਵਿਜ਼ਨ ਅਤੇ ਚਾਹੇ ਗਾਇਕੀ ਦੇ ਜਿੰਦਾ ਪ੍ਰੋਗਰਾਮ ਹਨ । ਇਨ੍ਹਾਂ ਵਿਚ ਕਵਿਤਾ ਮੌਜੂਦ ਰਹਿੰਦੀ ਹੈ ਪਰ ਉਹ ਆਵਾਜ ਸੰਗੀਤ , ਅਭਿਨੈ , ਨਾਚ ਨਾਲ ਸਮਿਲਤ ਹੋ ਕੇ ਪੇਸ਼ ਹੁੰਦੀ ਹੈ । ਨਵੇਂ ਯੁੱਗ ਦੇ ਨਵੇਂ ਸੰਚਾਰ ਸਾਧਨਾਂ ਦੇ ਇਹ ਵਧੇਰੇ ਅਨੁਸਾਰੀ ਹੈ । ਇਸੇ ਕਾਰਨ ਪੁਰਾਣੀਆਂ ਕਲਾਵਾਂ ਜਿਵੇਂ ਕਵੀਸ਼ਰੀ , ਸਟੇਜੀ ਕਾਵਿ ਜੋ ਨਿਰੋਲ ਕਵੀ ਦੀ ਕਵਿਤਾ ਉਪਰ ਆਧਾਰਤ ਸਨ , ਮਾਂਦ ਪੈਂਦੀਆਂ ਜਾਂਦੀਆਂ ਹਨ । ਇਹੋ ਕੁਝ ਹੀ ਸਟੇਜੀ ਕਾਵਿ ਨਾਲ ਵਾਪਰਿਆ ।

ਹਰ ਯੁੱਗ ਦੇ ਹੀ ਨਵੇਂ ਕਲਾ ਰੂਪ ਨਹੀਂ ਹੁੰਦੇ ਸਗੋਂ ਹਰ ਪੀੜ੍ਹੀ ਦੇ ਵੀ ਆਪਣੇ ਮਨਪਸੰਦ ਕਲਾ ਰੂਪ ਹੁੰਦੇ ਹਨ । ਜਿੱਥੇ ਸੱਤਰਵਿਆਂ ਤਕ ਸਕੂਲਾਂ ਕਾਲਜਾਂ ਅਤੇ ਹੋਰ ਸਭਾ ਸੋਸਾਇਟੀਆਂ ਵੱਲੋਂ ਕਵੀ ਦਰਬਾਰ ਕਰਾਉਣੇ ਇਕ ਸ਼ਾਨ ਦਾ ਕੰਮ ਸਮਝਿਆ ਜਾਂਦਾ ਸੀ ਅਤੇ ਇਸ ਲਈ ਉਤਸ਼ਾਹ ਨਾਲ ਪ੍ਰਬੰਧ ਕੀਤਾ ਜਾਂਦਾ ਸੀ , ਉਥੇ ਨਵੀਂ ਪੀੜ੍ਹੀ ਨੇ ਇਸ ਨੂੰ ਪਿਛਲੇ ਜ਼ਮਾਨੇ ਦਾ ਕੰਮ ਸਮਝਿਆ ਅਤੇ ਉਹ ਗੀਤ , ਸੰਗੀਤ ਦੇ ਸਭਿਆਚਾਰਕ ਸਮਾਗਮ ਕਰਾਉਣ ਲੱਗੀ । ਇਕ ਤਰ੍ਹਾਂ ਨਾਲ ਨਵੀਂ ਪੀੜ੍ਹੀ ਨੇ ਆਪਣੇ ਆਪ ਨੂੰ ਪੁਰਾਣੀ ਪੀੜ੍ਹੀ ਤੋਂ ਵਖਰਿਆਉਣ ਲਈ ਕਵੀ ਦਰਬਾਰਾਂ ਨੂੰ ਛੱਡ ਦਿੱਤਾ ਅਤੇ ਉਹ ਨਵੇਂ ਕਲਾਰੂਪਾਂ ਵੱਲ ਅਗਰਸਰ ਹੋ ਗਈ । ਸਟੇਜੀ ਕਵਿਤਾ ਦੇ ਪਤਨ ਦਾ ਇਹ ਵੀ ਇਕ ਕਾਰਨ ਬਣਿਆ ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਵੀ ਦਰਬਾਰਾਂ ਨੂੰ ਮਿਲਦੀ ਸਰਕਾਰੀ ਸਰਪ੍ਰਸਤੀ ਨੇ ਵੀ ਜਿੱਥੇ ਪਹਿਲੇ ਪੜਾਅ ਉਪਰ ਹਾਂ ਪੱਖੀ ਅਸਰ ਪਾਇਆ ਉਥੇ ਕੁਝ ਦੇਰ ਬਾਅਦ ਇਹ ਉਲਟ ਅਸਰ ਪਾਉਣ ਲੱਗੀ । ਕਵੀ ਦਰਬਾਰਾਂ ਦੀ ਸਰਕਾਰੀ ਸਰਪ੍ਰਸਤੀ , ਸਰਕਾਰੀ ਮਹਿਕਮਿਆਂ ਰਾਹੀਂ ਮਿਲਦੀ ਸੀ । ਇਕ ਤਰ੍ਹਾਂ ਨਾਲ ਕਵੀ ਦਰਬਾਰ ਸਰਕਾਰੀ ਨੀਤੀਆਂ ਦੇ ਪਰਚਾਰ ਦਰਬਾਰ ਬਣ ਗਏ । ਕਵੀ ਦਰਬਾਰਾਂ ਲਈ ਕਵੀਆਂ ਨੂੰ ਸੱਦਣ ਦਾ ਅਧਿਕਾਰ ਗ਼ੈਰ ਕਵੀ ਸਰਕਾਰੀ ਅਧਿਕਾਰੀਆਂ ਹੱਥ ਆ ਗਿਆ । ਉਨ੍ਹਾਂ ਨੇ ਕਵੀਆਂ ਦੀ ਕਵਿਤਾ ਦੀ ਥਾਂ ਤੇ ਕਵੀਆਂ ਨਾਲ ਨਿੱਜੀ ਸਬੰਧਾਂ ਅਤੇ ਸਿਫਾਰਸ਼ਾਂ ਨੂੰ ਅਹਿਮ ਮੰਨਣਾ ਸ਼ੁਰੂ ਕੀਤਾ । ਸਿੱਟੇ ਵਜੋਂ ਕਵੀ ਦਰਬਾਰਾਂ ਵਿਚ ਲੋਕਾਂ ਅੰਦਰ ਮਕਬੂਲ ਆਪਣੀ ਮੜਕ ਵਿਚ ਰਹਿਣ ਵਾਲੇ ਕਵੀ ਘਟਣ ਲੱਗੇ ਅਤੇ ਕਵੀਆਂ ਦੇ ਨਾਂ ਤੇ ਪੈਸੇ ਕਮਾਉਣ ਵਾਲੇ ਤੁਕਬੰਦ ਅੱਗੇ ਆਉਣੇ ਸ਼ੁਰੂ ਹੋ ਗਏ । ਕਵੀ ਦਰਬਾਰਾਂ ਵਿਚ ਲੋਕਾਂ ਦੀ ਰੁਚੀ ਘਟਣ ਦਾ ਇਹ ਵੀ ਇਕ ਕਾਰਨ ਬਣ ਗਿਆ ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.