ਸਟੇਜੀ ਕਵੀ ਦਰਬਾਰਾਂ ਦਾ ਪ੍ਰਬੰਧ ਅਤੇ ਪੇਸ਼ਕਾਰੀ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਟੇਜੀ ਕਾਵਿ ਨੂੰ ਸਮਝਣ ਲਈ ਇਹ ਦੇਖਣਾ ਪਵੇਗਾ ਕਿ ਕਵੀ ਦਰਬਾਰਾਂ ਦਾ ਪ੍ਰਬੰਧ ਕਿਸ ਤਰ੍ਰਾਂ ਚਲਦਾ ਸੀ । ਕਿਉਂਕਿ ਸਟੇਜੀ ਕਾਵਿ ਨਾ ਤਾਂ ਮੱਧਕਾਲੀ ਕਾਵਿ ਵਾਂਗ ਪਿੰਡ ਆਧਾਰ ਦਾਇਰਿਆਂ ਦੀ ਉਪਜ ਸੀ ਅਤੇ ਨਾ ਹੀ ਇਹ ਆਧੁਨਿਕ ਪੁਸਤਕ ਸਭਿਆਚਾਰ ਦੀ ਪੈਦਾਵਾਰ ਹੈ । ਜਿਵੇਂ ਪਹਿਲਾਂ ਵਿਚਾਰ ਕੀਤਾ ਜਾ ਚੁੱਕਾ ਹੈ ਕਿ ਸਟੇਜੀ ਕਾਵਿ ਦਾ ਆਰੰਭ ਨਵੀਂ ਕਾਬਜ਼ ਹੋਈ ਅੰਗਰੇਜ਼ ਸਰਕਾਰ ਦੀ ਸਿੱਖਿਆ ਨੀਤੀ ਦਾ ਹਿੱਸਾ ਸੀ ਪਰ ਜਲਦੀ ਹੀ ਇਹ ਸਰਕਾਰੀ ਪ੍ਰਭਾਵ ਵਿਚੋਂ ਨਿਕਲ ਗਿਆ । ਮੁਢਲੇ ਸਮੇਂ ਵਿਚ ਸਰਕਾਰੀ ਅਧਿਕਾਰੀ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਕਵੀ ਦਰਬਾਰ ਕਰਾਉਂਦੇ ਸਨ । ਕੁਝ ਸਮੇਂ ਲਈ ਇਸ ਨੂੰ ਸਥਾਨਕ ਸਰਦਾਰਾਂ ਸੇਠਾਂ ਨੇ ਵੀ ਸਰਪ੍ਰਸਤੀ ਦਿੱਤੀ ਪਰ ਜਲਦੀ ਹੀ ਇਹ ਸਿੱਖ ਸਮਾਜ ਸੁਧਾਰ ਲਹਿਰ ਦਾ ਹਿੱਸਾ ਬਣ ਗਏ । ਇਸ ਪ੍ਰਕਾਰ ਬਹੁਤੇ ਕਵੀ ਦਰਬਾਰ ਗੁਰਪੁਰਬਾਂ ਉਪਰ ਜਾਂ ਸਿੱਖਿਆ ਕਾਨਫਰੰਸਾਂ ਉਪਰ ਹੋਣ ਲੱਗੇ । ਇਸ ਦੇ ਨਾਲ ਹੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਰਾਜਸੀ ਲਹਿਰ ਵਿਚ ਵਟ ਗਈ ਤਾਂ ਰਾਜਸੀ ਕਾਨਫਰੰਸਾਂ ਉਪਰ ਵੀ ਕਵੀ ਦਰਬਾਰ ਹੋਣ ਲੱਗੇ । ਪਹਿਲਾਂ ਇਹ ਅੰਗਰੇਜ਼ ਸਾਮਰਾਜ ਵਿਰੋਧੀ ਲਹਿਰ ਤਕ ਸੀਮਤ ਸੀ ਪਰ ਬਾਅਦ ਵਿਚ ਅਕਾਲੀ ਦਲ ਤੋਂ ਇਲਾਵਾ ਦੂਸਰੀਆਂ ਰਾਜਸੀ ਪਾਰਟੀਆਂ ਨੇ ਵੀ ਕਵੀ ਦਰਬਾਰਾਂ ਨੂੰ ਅਪਣਾ ਲਿਆ । ਕਮਿਊਨਿਸਟ ਪਾਰਟੀਆਂ ਵੱਲੋਂ ਆਯੋਜਤ ਅਮਨ ਲਹਿਰ ਸਮੇਂ ਕਵੀ ਦਰਬਾਰ ਹੋਣ ਲੱਗੇ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਗੁਰਦੁਆਰਿਆਂ ਅੰਦਰ ਗੁਰਪੁਰਬਾਂ ਉਪਰ ਚੀਫ਼ ਖ਼ਾਲਸਾ ਦੀਵਾਨ ਦੇ ਐਜੂਕੇਸ਼ਨਲ ਕਾਨਫਰੰਸਾਂ ਉਪਰ ਅਤੇ ਕਮਿਊਨਿਸਟਾਂ ਦੇ ਰਾਜਸੀ ਸਮਾਗਮਾਂ ਉਪਰ ਕਵੀ ਦਰਬਾਰ ਹੋਣ ਲੱਗੇ । ਰੀਸੋ ਰੀਸ ਵਖ ਵਖ ਸ਼ਹਿਰਾਂ ਦੀਆਂ ਸਾਹਿਤਕ , ਸਭਿਆਚਾਰਕ ਅਤੇ ਸਮਾਜਿਕ ਜਥੇਬੰਦੀਆਂ ਵੀ ਕਵੀ ਦਰਬਾਰ ਕਰਾਉਣ ਲੱਗੀਆਂ । ਇਸ ਲਈ ਆਮ ਕਰਕੇ ਇਕ ਵਿਧੀ ਅਨੁਸਾਰ ਤਾਂ ਇਕੋ ਵੱਡੀ ਅਮੀਰ ਸ਼ਖ਼ਸ਼ੀਅਤ ਨੂੰ ਪ੍ਰਧਾਨ ਬਣਾ ਕੇ ਉਸ ਤੋਂ ਖ਼ਰਚਾ ਪ੍ਰਾਪਤ ਕਰ ਲਿਆ ਜਾਂਦਾ ਸੀ । ਜਦੋਂ ਕਿ ਜਨਤਕ ਜਥੇਬੰਦੀਆਂ ਆਮ ਸ਼ਹਿਰੀਆਂ ਤੋਂ ਚੰਦਾ ਉਗਰਾਹੁਦੀਆਂ ਸਨ । ਵੱਡੀਆਂ ਰਾਜਸੀ ਪਾਰਟੀਆਂ ਅਤੇ ਜਥੇਬੰਦੀਆਂ ਆਪਣੇ ਆਮ ਖਰਚ ਵਿਚੋਂ ਕਵੀ ਦਰਬਾਰਾਂ ਦਾ ਖਰਚ ਕੱਢ ਲੈਂਦੀਆਂ ਸਨ । ਕਵੀ ਦਰਬਾਰਾਂ ਲਈ ਫੰਡ ਇਕੱਠਾ ਕਰਨ ਸਬੰਧੀ ਬਹੁਤ ਸਾਰੇ ਟੋਟਕੇ ਬਣੇ ਹੋਏ ਹਨ । ਦੇਸ਼ ਦੇ ਆਜ਼ਾਦ ਹੋ ਜਾਣ ਤੋਂ ਬਾਅਦ ਸਰਕਾਰੀ ਮਹਿਕਮੇ ਲੋਕ ਸੰਪਰਕ ਵਿਭਾਗ , ਭਾਸ਼ਾ ਵਿਭਾਗ ਅਤੇ ਸਭਿਆਚਾਰਕ ਵਿਭਾਗ ਨੇ ਸਰਕਾਰੀ ਪੱਧਰ ਤੇ ਕਵੀ ਦਰਬਾਰ ਕਰਾਉਣੇ ਸ਼ੁਰੂ ਕੀਤੇ । ਉਨ੍ਹਾਂ ਦਾ ਮੰਤਵ ਸਰਕਾਰੀ ਨੀਤੀਆਂ ਦਾ ਪ੍ਰਚਾਰ ਅਤੇ ਸਾਹਿਤ ਸਭਿਆਚਾਰ ਨੂੰ ਪਰੋਤਸਾਹਨ ਦੇਣਾ ਸੀ । ਰੀਸੋ ਰੀਸ ਕਵੀ ਦਰਬਾਰਾਂ ਦੇ ਸ਼ੌਕੀਨ ਉਦਮੀਆਂ ਨੇ ਵੱਡੇ ਪਿੰਡਾਂ ਅਤੇ ਕਸਬਿਆਂ ਵਿਚ ਵੀ ਇਹ ਰੀਤ ਸੁਤੰਤਰ ਤੌਰ ' ਤੇ ਤੋਰੀ । ਸਕੂਲਾਂ ਅਤੇ ਕਾਲਜਾਂ ਵਿਚ ਵੀ ਕਈ ਵਾਰ ਪ੍ਰਬੰਧਕ ਕਮੇਟੀਆਂ ਅਤੇ ਕਈ ਵਾਰ ਵਿਦਿਆਰਥੀ ਆਪਸ ਵਿਚ ਮਿਲ ਕੇ ਕਵੀ ਦਰਬਾਰਾਂ ਦਾ ਆਯੋਜਨ ਕਰਦੇ ਸਨ । ਕਵੀ ਦਰਬਾਰਾਂ ਨੂੰ ਜਿੰਨੀ ਦੇਰ ਆਮ ਲੋਕਾਂ ਦੀ ਆਪਣੀਆਂ ਜਥੇਬੰਦੀਆਂ ਰਾਹੀਂ ਸਰਪ੍ਰਸਤੀ ਮਿਲਦੀ ਰਹੀ ਓਨੀ ਦੇਰ ਉਹ ਲੋਕਾਂ ਨਾਲ ਜੁੜੇ ਰਹੇ ਪਰ ਜਦੋਂ ਇਹ ਪ੍ਰਬੰਧ ਪੂਰਨ ਤੌਰ ' ਤੇ ਸਰਕਾਰੀ ਹੋ ਗਿਆ ਤਾਂ ਆਮ ਲੋਕਾਂ ਦੀ ਕਵੀ ਦਰਬਾਰਾਂ ਵਿਚੋਂ ਦਿਲਚਸਪੀ ਚਲੀ ਗਈ ।

ਧਾਰਮਿਕ ਕਵੀ ਦਰਬਾਰ ਗੁਰਦੁਆਰਿਆਂ ਵਿਚ ਹੁੰਦੇ ਸਨ । ਕਵੀ ਦਰਬਾਰਾਂ ਦੇ ਆਯੋਜਨ ਲਈ ਆਮ ਕਰਕੇ ਕੋਈ ਖੁੱਲ੍ਹੀ ਥਾਂ ਜਿਵੇਂ ਦੁਸਹਿਰਾ ਗਰਾਊਂਡ , ਸਰਕਸ ਗਰਾਊਂਡ ਜਾਂ ਸਕੂਲਾਂ ਕਾਲਜਾਂ ਦੀ ਵਿਹਲੀ ਪਈ ਥਾਂ ਵਰਤੀ ਜਾਂਦੀ ਸੀ । ਸਟੇਜ ਉਪਰ ਕਵੀ ਬਿਠਾਏ ਜਾਂਦੇ ਸਨ ਅਤੇ ਲੋਕ ਆਮ ਕਰਕੇ ਪੰਡਾਲ ਵਿਚ ਥੱਲੇ ਵਿਛੀਆਂ ਦਰੀਆਂ ਜਾਂ ਕਦੇ ਕਦੇ ਕੁਰਸੀਆਂ ਉਪਰ ਬੈਠਦੇ ਸਨ । ਕਵੀ ਦਰਬਾਰ ਦਾ ਪ੍ਰਧਾਨ ਸਭ ਤੋਂ ਵੱਧ ਚੰਦਾ ਦੇਣ ਵਾਲਾ , ਇਲਾਕੇ ਦਾ ਪਤਵੰਤਾ , ਰਾਜਸੀ ਨੇਤਾ , ਧਾਰਮਿਕ ਹਸਤੀ ਅਤੇ ਜਾਂ ਫਿਰ ਸਰਕਾਰੀ ਕਵੀ ਦਰਬਾਰਾਂ ਵਿਚ ਸਰਕਾਰੀ ਅਫਸਰ ਹੋਇਆ ਕਰਦੇ ਸਨ । ਨਿਰੋਲ ਸਾਹਿਤਕ ਕਵੀ ਦਰਬਾਰਾਂ ਵਿਚ ਉਮਰ ਵਿਚ ਵੱਡੇ ਅਤੇ ਸਰਬ ਪ੍ਰਵਾਨਿਤ ਕਵੀ ਨੂੰ ਹੀ ਪ੍ਰਧਾਨ ਬਨਾਉਣ ਦਾ ਰਿਵਾਜ਼ ਰਿਹਾ ਹੈ । ਸਟੇਜ ਸਕੱਤਰ ਜੋ ਆਮ ਕਰਕੇ ਇਕ ਕਵੀ ਹੀ ਹੁੰਦਾ ਸੀ । ਸਟੇਜ ਸਕੱਤਰ ਕਵੀਆਂ ਨੂੰ ਹਲਕੀ ਭੂਮਿਕਾ ਨਾਲ ਮੰਚ ਤੇ ਪੇਸ਼ ਕਰਦਾ ਸੀ । ਆਮ ਕਰਕੇ ਸਭ ਤੋਂ ਪ੍ਰਸਿੱਧ ਅਤੇ ਉਮਰ ਵਿਚ ਵੱਡੇ ਕਵੀ ਨੂੰ ਅਖੀਰ ਵਿਚ ਬੁਲਾਇਆ ਜਾਂਦਾ ਸੀ ਤਾਂ ਜੋ ਸਰੋਤੇ ਚੰਗੀ ਕਵਿਤਾ ਦੀ ਆਸ ਵਿਚ ਬੈਠੇ ਰਹਿਣ । ਆਰੰਭ ਸਥਾਨਕ ਕਵੀਆਂ ਨਾਲ ਕਰ ਲਿਆ ਜਾਂਦਾ ਸੀ । ਕਵਿਤਾ ਵਿਚ ਇਕ ਰਸ ਭਾਰੂ ਹੋ ਜਾਣ ਤੇ ਸਟੇਜ ਸਕੱਤਰ ਸਰੋਤਿਆਂ ਨੂੰ ਅੱਕਦਾ ਦੇਖ ਆਪਣੀ ਸਮਝ ਅਨੁਸਾਰ ਕਵੀਆਂ ਨੂੰ ਅਦਲ-ਬਦਲ ਕੇ ਪੇਸ਼ ਕਰਦਾ ਸੀ । ਸਟੇਜੀ ਕਵੀ ਵੀ ਮੌਕੇ ਦਾ ਮਾਹੌਲ ਵੇਖ ਕੇ ਕਵਿਤਾ ਪੜ੍ਹਨ ਵਿਚ ਮਾਹਿਰ ਸਨ । ਜੇ ਮਾਹੌਲ ਹਾਸੇ ਠੱਠੇ ਵਾਲਾ ਹੁੰਦਾ ਤਾਂ ਉਹ ਹਾਸਰਸੀ ਕਵਿਤਾ ਪੜ੍ਹਦੇ ਅਤੇ ਜੇ ਗੰਭੀਰ ਹੁੰਦਾ ਤਾਂ ਉਸੇ ਰੰਗ ਦੀ ਕਵਿਤਾ ਪੜ੍ਹਦੇ । ਇਕ ਸਟੇਜੀ ਕਵੀ ਹਰ ਮਾਹੌਲ ਲਈ ਤਿਆਰ ਹੁੰਦਾ ਸੀ । ਸਰੋਤਿਆਂ ਦੀ ਦਾਦ ਉਸ ਦੀ ਪ੍ਰਵਾਨਗੀ ਦਾ ਆਧਾਰ ਹੁੰਦੀ ਸੀ । ਸਾਥੀ ਕਵੀ ਕੁਝ ਰਵਾਇਤ ਵਜੋਂ ਅਤੇ ਕੁਝ ਸੱਚਮੁੱਚ ਚੰਗੀ ਕਵਿਤਾ ਤੇ ਦਾਦ ਦਿੰਦੇ ਸਨ । ਸਰੋਤਿਆਂ ਨੂੰ ਜੇ ਕੋਈ ਕਵੀ ਪਸੰਦ ਨਾ ਆਉਂਦਾ ਤਾਂ ਉਹ ਉਸ ਨੂੰ ਹੁੱਲੜਬਾਜ਼ੀ ( ਹੂਟਿੰਗ ) ਕਰਕੇ ਬਿਠਾ ਵੀ ਦਿੰਦੇ ਸਨ । ਸਟੇਜ ਸਕੱਤਰ ਕਿਉਂਕਿ ਆਪ ਵੀ ਕਵੀ ਹੁੰਦਾ ਸੀ , ਇਸ ਕਾਰਨ ਉਸ ਲਈ ਕਵੀ ਦਰਬਾਰ ਖਤਮ ਹੋਣ ਤੋਂ ਕੁਝ ਦੇਰ ਪਹਿਲਾਂ ਸਾਥੀ ਕਵੀਆਂ ਵਿਚੋਂ ਕੋਈ ਮੰਗ ਕਰ ਦਿੰਦਾ ਸੀ ਜਾਂ ਪੇਸ਼ ਕਰ ਦਿੰਦਾ ਸੀ । ਕਵੀ ਦਰਬਾਰ ਦੀ ਸਮਾਪਤੀ ਉਪਰੰਤ ਕਵੀਆਂ ਨੂੰ ਬਣਦਾ ਮਾਣਭੱਤਾ ਦਿੱਤਾ ਜਾਂਦਾ ਸੀ ਜੋ ਅਕਸਰ ਪਹਿਲਾਂ ਹੀ ਤਹਿ ਹੁੰਦਾ ਸੀ । ਮੌਕੇ ਉਪਰ ਇਨਾਮ ਦੇਣ ਦਾ ਵੀ ਰਿਵਾਜ ਸੀ ।

ਅੱਜਕਲ੍ਹ ਕਵੀ ਦਰਬਾਰਾਂ ਦਾ ਪ੍ਰਚਲਨ ਘਟਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ 26 ਜਨਵਰੀ ਅਤੇ 15 ਅਗੱਸਤ ਦੇ ਉਪਰ ਰਾਸ਼ਟਰੀ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਸਾਰੇ ਸ਼ਾਇਰ ਭਾਗ ਲੈਣਾ ਮਾਣ ਸਮਝਦੇ ਹਨ । ਦਿਲਚਸਪ ਗੱਲ ਇਹ ਹੈ ਕਿ ਇਸ ਕਵੀ ਦਰਬਾਰ ਵਿਚ ਸਟੇਜੀ ਰੰਗ ਵਾਲੇ ਕਵੀ ਵਧੇਰੇ ਜੰਮਦੇ ਹਨ ਜਦੋਂ ਕਿ ਆਲੋਚਕਾਂ ਵਿਚ ਪਰਵਾਨ ਕਵੀ ਕਈ ਵਾਰ ਮਾਰ ਖਾ ਜਾਂਦੇ ਹਨ । ਟੈਲੀਵਿਜ਼ਨ ਉਪਰ ਹੁੰਦਾ ਕਵੀ ਦਰਬਾਰ ਭਾਵੇਂ ਸਟੇਜੀ ਕਾਵਿ ਵਰਗਾ ਲੁਤਫ ਤਾਂ ਨਹੀਂ ਦਿੰਦਾ ਪਰ ਇਹ ਵੀ ਦੂਰਦਰਸ਼ਨ ਦਾ ਨਿਯਮਤ ਪ੍ਰੋਗਰਾਮ ਹੈ । ਬਹੁ ਗਿਣਤੀ ਤਕ ਪੁੱਜਣ ਦੀ ਲਾਲਸਾ ਅਤੇ ਚੰਗਾ ਸੇਵਾ ਫਲ ਇਨ੍ਹਾਂ ਪ੍ਰੋਗਰਾਮਾਂ ਲਈ ਕਵੀਆਂ ਨੂੰ ਉਕਸਾਉਂਦਾ ਰਹਿੰਦਾ ਹੈ । ਭਾਸ਼ਾ ਵਿਭਾਗ ਪੰਜਾਬ ਨਵੇਂ ਪੰਜਾਬ ਦਿਵਸ ਮੌਕੇ ਮਨਾਏ ਜਾਣ ਵਾਲੇ ਪੰਜਾਬੀ ਸਪਤਾਹ ਦੌਰਾਨ ਇਕ ਕਵੀ ਦਰਬਾਰ ਜ਼ਰੂਰ ਕਰਾਉਂਦਾ ਹੈ । ਇਸ ਤੋਂ ਇਲਾਵਾ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਵੀ ਵਿਸ਼ੇਸ਼ ਮੌਕਿਆਂ ਉਪਰ ਕਵੀ ਦਰਬਾਰ ਕਰਾਉਣ ਦੀ ਪਿਰਤ ਹੈ । ਅਕਸਰ ਸਾਹਿਤਕ ਗੋਸ਼ਠੀਆਂ ਅਤੇ ਪਾਕਿਸਤਾਨੋਂ ਜਾਂ ਵਿਦੇਸ਼ੋਂ ਆਏ ਸਾਹਿਤਕਾਰਾਂ ਦੀ ਆਮਦ ਉਪਰ ਵੀ ਕਵੀ ਦਰਬਾਰ ਕਰਾਉਣ ਦੀ ਪਿਰਤ ਹੈ । ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਵੀ ਕਦੇ ਕਦਾਈਂ ਕਵੀ ਦਰਬਾਰ ਕਰਾਉਂਦੀਆਂ ਹਨ ਪਰ ਰਚਨਾ ਵਿਚਾਰਮੰਚ ਨਾਭਾ ਦਾ ਹਰ ਸਾਲ ਕਰਵਾਇਆ ਜਾਣ ਵਾਲਾ ਕਵੀ ਦਰਬਾਰ ਆਪਣੀ ਅਲੱਗ ਹੀ ਸ਼ਾਨ ਰਖਦਾ ਹੈ ।

ਕਵੀ ਦਰਬਾਰ ਆਮ ਕਰਕੇ ਵਿਸ਼ੇਸ਼ ਪੇਸ਼ਕਾਰੀ ਸੰਦਰਭਾਂ ਨਾਲ ਜੁੜੇ ਹੁੰਦੇ ਸਨ । ਪੰਜਾਬੀ ਦੇ ਬਹੁਤੇ ਕਵੀ ਦਰਬਾਰ ਧਾਰਮਿਕ ਗੁਰਪੁਰਬਾਂ , ਸਿੱਖਿਆ ਕਾਨਫਰੰਸਾਂ , ਸਿਆਸੀ ਸਮਾਗਮਾ ਅਤੇ ਸਕੂਲਾਂ , ਕਾਲਜਾਂ ਦੇ ਵਿਚ ਵਿਸ਼ੇਸ਼ ਪ੍ਰੋਗਰਾਮਾਂ ਵਜੋਂ ਕਰਵਾਏ ਜਾਂਦੇ ਸਨ । ਅਕਸਰ ਕਵੀ ਦਰਬਾਰ ਆਪਣੇ ਆਪ ਵਿਚ ਮੁਕੰਮਲ ਪ੍ਰੋਗਰਾਮ ਵੀ ਹੁੰਦਾ ਸੀ ਅਤੇ ਹੋਰ ਪ੍ਰੋਗਰਾਮਾਂ ਦਾ ਇਕ ਹਿੱਸਾ ਵੀ ਹੁੰਦਾ ਸੀ ਪਰ ਜਿਸ ਸਮੇਂ ਕਵੀ ਦਰਬਾਰ ਦਾ ਸਮਾਂ ਹੁੰਦਾ ਸੀ , ਉਸ ਦੇ ਅੱਗੇ ਪਿੱਛੇ ਕੁਝ ਨਹੀਂ ਰੱਖਿਆ ਜਾਂਦਾ ਸੀ । ਉਦਾਹਰਨ ਵਜੋਂ ਜੇ ਸਵੇਰੇ ਸਿਆਸੀ ਕਾਨਫਰੰਸ ਹੈ ਤਾਂ ਰਾਤ ਨੂੰ ਕਵੀ ਦਰਬਾਰ ਹੁੰਦਾ ਸੀ । ਕਵੀ ਦਰਬਾਰਾਂ ਦਾ ਮੰਚ ਸੰਚਾਲਕ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਨਿਭਾਉਂਦਿਆਂ ਕਵੀਆਂ ਦੀ ਤਰਤੀਬ ਰਖਦਾ ਸੀ । ਅਜਿਹੇ ਸਮੇਂ ਆਪਸ ਵਿਚ ਕਵੀਆਂ ਦਰਮਿਆਨ ਨੋਕ ਝੋਕ ਵੀ ਹੁੰਦੀ ਸੀ ਜਿਸ ਨੂੰ ਤਾਰਾ ਸਿੰਘ ਨੇ ਆਪਣੀ ਪੁਸਤਕ ਸਰਗੋਸ਼ੀਆਂ ਵਿਚ ਅਤੇ ਗੁਰਦੇਵ ਮਾਨ ਨੇ ਕਵੀ ਦਰਬਾਰ ਵਿਚ ਅੰਕਿਤ ਕੀਤਾ ਹੈ । ਭੂਸ਼ਨ ਧਿਆਨਪੁਰੀ ਅਤੇ ਸੂਬਾ ਸਿੰਘ ਦੀਆਂ ਲਿਖਤਾਂ ਵਿਚ ਵੀ ਇਨ੍ਹਾਂ ਕਵੀਆਂ ਦੀ ਰੰਗ-ਰੰਗੀਲੀ ਜ਼ਿੰਦਗੀ ਬਾਰੇ ਟੋਟਕੇ ਦਰਜ ਹਨ ।

ਸਟੇਜੀ ਕਵੀ ਹਸਮੁੱਖ ਅਤੇ ਬੜੇ ਜਿੰਦਾਦਿਲ ਹੁੰਦੇ ਸਨ । ਉਨ੍ਹਾਂ ਦਰਮਿਆਨ ਆਪਸੀ ਹਸਦ ਅਤੇ ਪਿਆਰ ਦੋਵੇਂ ਹੁੰਦੇ ਸਨ । ਹਸਦ ਮੁਕਾਬਲੇ ਵਿਚ ਚੰਗੀ ਕਵਿਤਾ ਕਹਿ ਦੇਣ ਦਾ ਹੁੰਦਾ ਸੀ ਅਤੇ ਪਿਆਰ ਆਪਸੀ ਕਵੀ ਭਾਈਚਾਰੇ ਦਾ ਸੀ । ਕਵੀ ਦਰਬਾਰਾਂ ਤੋਂ ਅੱਗੇ ਪਿੱਛੇ ਜਦੋਂ ਆਪਸ ਵਿਚ ਮਿਲਦੇ ਸਨ ਤਾਂ ਆਪਸੀ ਨੋਕ-ਝੋਕ ਹੁੰਦੀ ਰਹਿੰਦੀ ਸੀ ਜੋ ਲਤੀਫਿਆਂ ਦਾ ਰੂਪ ਲੈ ਲੈਂਦੀ ਸੀ । ਸਟੇਜ ਉਪਰ ਵੀ ਅਕਸਰ ਨੋਕ-ਝੋਕ ਕਈ ਵਾਰ ਹਾਸੇ ਦੇ ਫੁਹਾਰੇ ਛੁਟਾ ਦਿੰਦੀ ਸੀ । ਅਜਿਹੇ ਹੀ ਪਲਾਂ ਨੂੰ ਕੁਝ ਸਟੇਜੀ ਕਵੀਆਂ ਨੇ ਵਾਰਤਕ ਵਿਚ ਲਿਖਿਆ ਹੈ । ਉਹ ਚੋਣਵੇਂ ਪਰਸੰਗਾਂ ਵਿਚੋਂ ਕੁਝ ਪਾਠਕਾਂ ਦੀ ਦਿਲਚਸਪੀ ਲਈ ਵਿਚਾਰੇ ਜਾ ਰਹੇ ਹਨ ਜਿਨ੍ਹਾਂ ਤੋਂ ਕਵੀ ਦਰਬਾਰਾਂ ਦੇ ਮਾਹੌਲ ਦੀ ਸੋਝੀ ਮਿਲਦੀ ਹੈ । ਆਪਣੇ ਬਾਰੇ ਹੀ ਇਕ ਵਿਅੰਗ ਟੋਟਕਾ ਤਾਰਾ ਸਿੰਘ ਸਰਗੋਸ਼ੀਆਂ ਵਿਚ ਇਉਂ ਦਰਜ ਕਰਦਾ ਹੈ :

" ਉਹਨਾਂ ਦਿਨਾਂ ਵਿਚ ਮੇਰੀਆਂ ਹਾਸ-ਰਸ ਦੀਆਂ ਕਵਿਤਾਵਾਂ ਬਹੁਤ ਮਸ਼ਹੂਰ ਸਨ ਤੇ ਲੋਕ ਮੇਰਾ ਨਾਂ ਸੁਣ ਕੇ ਹੀ ਕਵੀ ਦਰਬਾਰ ਵਿਚ ਬੈਠ ਜਾਂਦੇ । ਮੇਰਾ ਕਵਿਤਾ ਸੁਣਾਉਣ ਦਾ ਢੰਗ ਇਹ ਸੀ ਕਿ ਲੋਕ ਹੱਸਦੇ ਤੇ ਮੈਂ ਗੰਭੀਰ ਰਹਿੰਦਾ । ਪੋਲੇ ਪੋਲੇ ਮੂੰਹ ਸੁਣਾਉਂਦਾ-ਪ੍ਰਬੰਕ ਮੇਰੇ ਨਾਂ ਨਾਲ " ਹਾਸ-ਰਸ ਦਾ ਬਾਦਸ਼ਾਹ" ਲਿਖ ਦਿੰਦੇ ।

ਇਕ ਵਾਰ ਕਵੀ ਦਰਬਾਰ ਹੋ ਰਿਹਾ ਸੀ ਮੈਨੂੰ ਕਵਿਤਾ ਸੁਣਾਉਣ ਲਈ ਕਿਹਾ ਗਿਆ । ਮੇਰੀ ਇਕ ਕਵਿਤਾ ਬੜੀ ਪ੍ਰਸਿੱਧ ਸੀ - ਨਿਆਣੇ ਕੱਟ ਮੀਂਹ ! ਇਹ ਫੈਮਿਲੀ ਪਲਾਨਿੰਗ ਬਾਰੇ ਸੀ । ਕਵਿਤ ਸੁਣਾ ਰਿਹਾ ਸਾਂ ਤੇ ਲੋਕ ਹੱਸ ਰਹੇ ਸਨ । ਇਕ ਬੰਦ ਦਾ ਪਹਿਲਾ ਸ਼ਿਅਰ ਸੀ -

" ਸਾਡੇ ਨਾਲ ਦਾ ਘਰ ਸੀ ਤੇਲੀਆਂ ਦਾ"

ਜਦੋਂ ਮੈਂ ਇਹ ਮਿਸਰਾ ਕਿਹਾ ਤਾਂ ਸਟੇਜ ਉਪਰ ਬੈਠਾ ਹਜ਼ਾਰਾ ਸਿੰਘ ਗੁਰਦਾਸਪੁਰੀ ਕਹਿੰਦਾ , " ਤਾਂ ਹੋਰ ਤੇਰੇ ਨਾਲ ਸੋਢੀਆਂ ਦਾ ਘਰ ਹੋਣਾ ਸੀ ? "

ਮਾਰਿਆ ਹਾਸੇ ਦਾ ਮੈਂ ਇਹ ਕਵਿਤਾ ਸੁਣਾਏ ਬਗ਼ੈਰ ਹੀ ਬੈਠ ਗਿਆ ।

ਇਸ ਵਿਅੰਗ ਟੋਟਕੇ ਤੋਂ ਕਈ ਗੱਲਾਂ ਇਕੋ ਸਮੇਂ ਪਤਾ ਚਲਦੀਆਂ ਹਨ ਕਿ ਅਕਸਰ ਸਟੇਜੀ ਕਵੀ ਸਮਕਾਲੀ ਸਮੱਸਿਆਵਾਂ ਤੇ ਕਵਿਤਾਵਾਂ ਲਿਖਦੇ ਸਨ ਜਿਵੇਂ ਫੈਮਿਲੀ ਪਲਾਨਿੰਗ ਕਿਸੇ ਸਮੇਂ ਮਨਪਸੰਦ ਵਿਸ਼ਾ ਰਿਹਾ ਹੈ । ਇੰਜ ਹੀ ਸਟੇਜ ਉਪਰ ਹੀ ਬੈਠੇ ਸਮਕਾਲੀ ਸ਼ਾਇਰ ਟੋਟਕੇ ਜੜਦੇ ਰਹਿੰਦੇ ਸਨ । ਇਸੇ ਪ੍ਰਕਾਰ ਹੀ ਉਹ ਅਦਾਇਗੀ ਦੇ ਸਬੰਧ ਵਿਚ ਇਕ ਟੋਟਕਾ ਇਉਂ ਦਰਜ ਕੀਤਾ ਹੈ :

ਇੰਦਰਜੀਤ ਸਿੰਘ ਤੁਲਸੀ ਬਹੁਤ ਉੱਚੀ ਆਵਾਜ਼ ਵਿਚ ਕਵਿਤਾ ਸੁਣਾਇਆ ਕਰਦਾ ਸੀ । ਲੋਕ ਆਵਾਜ਼ ਦੇ ਜਾਦੂ ਨਾਲ ਕੀਲੇ ਜਾਂਦੇ ।

ਇਕ ਦਿਨ ਉਪਾਸਕ ਦੇ ਹੱਥ ਵਿਚ ਤੁਲਸੀ ਦੀ ਕਵਿਤਾ ਦੀ ਕਿਤਾਬ ਸੀ । ਉਹਨੇ ਵਰਕੇ ਫੋਲਦਿਆਂ ਕਿਹਾ " ਤੁਲਸੀ ਦੀ ਕਵਿਤਾ ਦੁਆਨੀ ਦੀ ਸਾਰੰਗੀ ਵਰਗੀ ਏ । ਜਦੋਂ ਵੇਚਣ ਵਾਲਾ ਵਜਾਉਂਦੈ ਤਾਂ ਕਈ ਤਰਜ਼ਾਂ ਨਿਕਲਦੀਆਂ ਨੇ , ਜੇ ਖ਼ਰੀਦ ਲਈਏ ਤਾਂ ਕੁਝ ਵੀ ਹੱਥ ਨਹੀਂ ਆਉਂਦਾ । "

ਇਸ ਟੋਟਕੇ ਰਾਹੀਂ ਤਾਰਾ ਸਿੰਘ ਨੇ ਕੇਵਲ ਇੰਦਰਜੀਤ ਤੁਲਸੀ ਉਪਰ ਵਿਅੰਗ ਹੀ ਨਹੀਂ ਕੀਤਾ ਸਗੋਂ ਇਹ ਵੀ ਦਰਸਾਇਆ ਹੈ ਕਿ ਸਟੇਜੀ ਕਾਵਿ ਵਿਚ ਅਦਾਇਗੀ ਦਾ ਬੜਾ ਮਹੱਤਵ ਹੁੰਦਾ ਹੈ ਬਹੁਤ ਸਾਰੇ ਸ਼ਾਇਰ ਆਪਣੀ ਚੰਗੀ ਆਵਾਜ਼ ਅਤੇ ਅਦਾਇਗੀ ਸਿਰ ਤੇ ਸਰੋਤਿਆਂ ਤੋਂ ਪਰਵਾਨਗੀ ਲੈ ਲੈਂਦੇ ਸਨ । ਇਸੇ ਪ੍ਰਕਾਰ ਦੇ ਬਹੁਤ ਸਾਰੇ ਟੋਟਕੇ ਗੁਰਦੇਵ ਸਿੰਘ ਮਾਨ ਨੇ ਆਪਣੀ ਪੁਸਤਕ ਚੱਕ੍ਰ ਚਿਹਨ ਅਰ ਬਰਨ ਜਾਤ ਵਿਚ ਦਰਜ ਕੀਤੇ ਹਨ । ਉਹ ਪਟਿਆਲੇ ਦੇ ਕਵੀ ਬਲਵੰਤ ਸਿੰਘ ਗਜਰਾਜ ਬਾਰੇ ਲਿਖਦੇ ਹਨ

" ਇਕ ਵਾਰੀ ਗਜਰਾਜ ਦੀ ਦੁਕਾਨ ਲਾਗੇ ਕਿਲ੍ਹਾ ਮੁਬਾਰਕ ਚੌਂਕ ਵਿਚ ਸਫ਼ਾਈ ਦਾ ਹਫ਼ਤਾ ਮਨਾਣ ਲਈ ਬ੍ਰਿਸ਼ਭਾਨ ਚੀਫ਼ ਮਨਿਸਟਰ ( ਸਵਰਨ ਜ਼ਾਤੀ ) ਨੇ ਆਪਣੇ ਹੱਥ ਵਿਚ ਚਾਂਦੀ ਦੀ ਮੁੱਠ ਵਾਲਾ ਝਾੜੂ ਫੜ ਕੇ ਸਫਾਈ ਕਰਨ ਦੇ ਪੋਜ਼ ਵਿਚ ਫੋਟੋ ਖਿਚਵਾਣੀ ਸੀ । ਉਹਨਾਂ ਦਿਨਾਂ ਵਿਚ ਪੈਪਸੂ ਦਾ ਵਿਦਿਆ ਮੰਤਰੀ ਅਮਰ ਨਾਥ ( ਅਛੂਤ ਜ਼ਾਤੀਆਂ ਵਿਚੋਂ ) ਸੀ । ਬ੍ਰਿਸ਼ਭਾਨ ਨੇ ਗਜਰਾਜ ਨੂੰ ਕੁਝ ਮੌਕੇ ਮੁਤਾਬਕ ਕਹਿਣ ਲਈ ਕਿਹਾ ਤਾਂ ਆਪ ਨੇ ਕਮਾਲ ਦੀ ਬੇਬਾਕੀ ਨਾਲ ਇਸ ਉਲਟੇ ਧੰਦੇ ਬਾਰੇ ਫ਼ੌਰਨ ਫ਼ਰਮਾਇਆ :

ਅਮਰ ਨਾਥ ਨੇ ਕਲਮ ਪਕੜ ਲਈ , ਬ੍ਰਿਸ਼ ਭਾਨ ਨੇ ਝਾੜੂ ।

ਅੱਗੇ ਅੱਗੇ ਦੇਖਣਾ , ਆਜ਼ਾਦੀ ਕੀ ਕੀ ਚੰਨ ਚਾਹੜੂ ।

ਇਹ ਟੋਟਕਾ ਇਨ੍ਹਾਂ ਸ਼ਾਇਰਾਂ ਦੀ ਤਟ ਫਟ ਸ਼ਾਇਰੀ ਕਰ ਸਕਣ ਦੀ ਸਮਰਥਾ ਨੂੰ ਹੀ ਨਹੀਂ ਦਰਸਾਉਂਦਾ ਸਗੋਂ ਮੂੰਹ ਉਤੇ ਤਿੱਖਾ ਵਿਅੰਗ ਕਰਨ ਦੀ ਦਲੇਰੀ ਵੀ ਝਲਕਦੀ ਹੈ ।

  ਸਟੇਜੀ ਕਵੀਆਂ ਨੇ ਨਾ ਕੇਵਲ ਵਿਸ਼ੇ ਪੱਖ ਤੋਂ ਹੀ ਪੰਜਾਬੀ ਕਵਿਤਾ ਨੂੰ ਅਮੀਰ ਕੀਤਾ ਹੈ ਸਗੋਂ ਇਸ ਨੇ ਕਲਾ ਪੱਖ ਤੋਂ ਵੀ ਨਿਵੇਕਲੀਆਂ ਪਿਰਤਾਂ ਪਾਈਆਂ ਹਨ । ਸਟੇਜੀ ਕਵਿਤਾ ਨੇ ਆਪਣੇ ਜਨਤਕ ਸੁਭਾਅ ਕਾਰਨ ਸਮਾਜਿਕ ਸਰੋਕਾਰਾਂ ਨੂੰ ਅਹਿਮ ਮੰਨਿਆ ਹੈ ਅਤੇ ਸ਼ੀਲਤਾ ਦੇ ਦਾਇਰੇ ਵਿਚ ਰਹਿ ਕੇ ਲੋਕਾਂ ਦੇ ਸੁਹਜ ਸੁਆਦਾਂ ਨੂੰ ਪੂਰਾ ਕੀਤਾ ਹੈ । ਸਟੇਜੀ ਕਵੀਆਂ ਦੀ ਪਰਖ ਸਰੋਤਿਆਂ ਵੱਲੋਂ ਸਭ ਦੇ ਸਾਹਮਣੇ ਹੋ ਜਾਣੀ ਸੀ , ਇਸ ਕਾਰਨ ਉਨ੍ਹਾਂ ਨੇ ਆਪਣੀ ਕਵਿਤਾ ਨੂੰ ਕਲਾਤਮਿਕ ਪੱਖ ਤੋਂ ਨਵੀਆਂ ਉਚਿਆਈਆਂ ਬਖਸ਼ੀਆਂ ਹਨ । ਸਟੇਜੀ ਕਵੀ ਨੇ ਆਮ ਸਰੋਤੇ ਦੇ ਸਾਹਮਣੇ ਪਰਵਾਨ ਪੈਣਾ ਹੈ ਇਸ ਕਾਰਨ ਉਸ ਦੀ ਕਵਿਤਾ ਵਿਚ ਲੋਕ ਪ੍ਰਚੱਲਿਤ ਮੁਹਾਵਰੇ ਦਾ ਆ ਜਾਣਾ ਸੁਭਾਵਿਕ ਹੈ । ਇਹ ਲੋਕ ਪ੍ਰਚੱਲਿਤ ਮੁਹਾਵਰਾ ਘੱਟ ਪ੍ਰਤਿਭਾਵਾਨ ਕਵੀਆਂ ਦਾ ਐਬ ਬਣ ਜਾਂਦਾ ਹੈ ਪਰ ਇਹ ਸਮਰੱਥ ਕਵੀਆਂ ਦੇ ਹੱਥ ਵਿਚ ਸ਼ਕਤੀ ਵੀ ਬਣ ਜਾਂਦਾ ਹੈ । ਬਹੁਤੇ ਸਟੇਜੀ ਕਵੀ ਇਸ ਨੂੰ ਸ਼ਕਤੀ ਬਣਾ ਲੈਂਦੇ ਹਨ । ਆਧੁਨਿਕ ਪੰਜਾਬੀ ਕਵਿਤਾ ਵਿਚ ਸਟੇਜੀ ਕਵਿਤਾ ਦਾ ਯੋਗਦਾਨ ਮਹੱਤਵਪੂਰਨ ਹੈ ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.