ਸਟੇਜੀ ਕਾਵਿ ਅਤੇ ਅਲੰਕਾਰ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਟੇਜੀ ਕਵੀ ਸਭ ਤੋਂ ਵੱਧ ਕਾਵਿ ਚਮਤਕਾਰ ਪੈਦਾ ਕਰਨ ਲਈ ਅਲੰਕਾਰਾਂ ਦੀ ਵਰਤੋਂ ਕਰਦੇ ਸਨ । ਸਟੇਜੀ ਕਵੀ ਕਿਉਂਕਿ ਸਰੋਤਿਆਂ ਅੱਗੇ ਪੇਸ਼ਕਾਰ ਸਨ , ਇਸ ਕਰਕੇ ਉਹ ਸਰੋਤਿਆਂ ਦੇ ਕੰਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਸ਼ਬਦ ਅਲੰਕਾਰਾਂ ਦੀ ਵਧੇਰੇ ਵਰਤੋਂ ਕਰਦੇ ਸਨ ਅਤੇ ਆਮ ਕਰਕੇ ਗੂੜ ਅਰਥ ਪ੍ਰਤੀਤੀ ਵਾਲੇ ਅਰਥ ਅਲੰਕਾਰਾਂ ਦੀ ਥਾਂ ਤੇ ਸਿੱਧੇ ਦਿਲ ਵਿਚ ਉਤਰ ਜਾਣ ਵਾਲੇ ਅਲੰਕਾਰਾਂ ਦੀ ਵਧੇਰੇ ਵਰਤੋਂ ਕਰਦੇ ਸਨ । ਦੰਡੀ ਨੇ ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਆਖਿਆ ਹੈ । ਸੱਚਮੁੱਚ ਸਟੇਜੀ ਕਵੀ ਇਸ ਨੂੰ ਇਨ੍ਹਾਂ ਅਰਥਾਂ ਵਿਚ ਹੀ ਲੈਂਦੇ ਸਨ ।

ਅਨੁਪ੍ਰਾਸ ਅਲੰਕਾਰ

ਜਦੋਂ ਕਾਵਿ ਤੁਕਾਂ ਵਿਚ ਅੱਖਰਾਂ ਦੀ ਸਮਾਨਤਾ ਹੋਵੇ ਭਾਵ ਕੁਝ ਅੱਖਰਾਂ ਨੂੰ ਹੀ ਵਾਰ ਵਾਰ ਦੁਹਰਾਇਆ ਜਾਵੇ ਤਾਂ ਅਨੁਪ੍ਰਾਸ ਅਲੰਕਾਰ ਪੈਦਾ ਹੁੰਦਾ ਹੈ । ਸਟੇਜੀ ਕਵੀ ਅਕਸਰ ਅਨੁਪ੍ਰਾਸ ਅਲੰਕਾਰ ਵਰਤਦੇ ਸਨ ਕਿਉਂਕਿ ਇਕੋ ਵਰਣ ਦਾ ਦੁਹਰਾਓ ਸਰੋਤਿਆਂ ਦੇ ਤੁਰੰਤ ਕੰਨਾਂ ਤਕ ਪੁੱਜ ਕੇ ਕਾਵਿ ਚਮਤਕਾਰ ਪੈਦਾ ਕਰਦਾ ਸੀਉਸਤਾਦ ਮੁਹੰਮਦ ਰਮਜ਼ਾਨ ਹਮਦਮ ਅਨੁਪ੍ਰਾਸ ਸਿਰਜਣ ਦੇ ਮਾਹਿਰ ਸਨ :

ਹੱਥ ਲਗਦਿਆਂ ਸਾਰ ਸਤਾਰ ਬੋਲੀ

ਇਕ ਇਕ ਤਾਰ ਅੰਦਰ ਸੌ ਸੌ ਤਾਰ ਬੋਲੀ

ਹਿੱਲੀ ਤਾਰ ਜਾਂ ਦਿਲਾਂ ਦੀ ਤਾਰ ਹਿੱਲੀ

ਤਾਰ ਤਾਰ ਕਰਤਾਰ ਕਰਤਾਰ ਬੋਲੀ

ਜਦੋਂ ਤਾਰ ਕਰਤਾਰ ਕਰਤਾਰ ਬੋਲੀ

ਜਾਂ ਸੱਤਾਰ ਸੱਤਾਰ ਸਿਤਾਰ ਬੋਲੀ

ਯਮਕ ਅਲੰਕਾਰ

ਯਮਕ ਅਲੰਕਾਰ ਵਿਚ ਇਕੋ ਸ਼ਬਦ ਨੂੰ ਵਖ ਵਖ ਅਰਥਾਂ ਵਿਚ ਵਰਤਿਆ ਜਾਂਦਾ ਹੈ । ਤਾਰਾ ਸਿੰਘ ਕੋਮਲ ਦੀ ਡਿਊਢ ਪੜ੍ਹਨਯੋਗ ਹੈ :

ਵਿਚ ਵਿਛੋੜੇ ਭੁਜਦੀ ਜ਼ਿੰਦੜੀ , ਜਿੱਦਾਂ ਭੁੱਜਣ ਛਲੀਆਂ ,

  ਹਾਂ ਮੈਂ ਛਲੀਆ

ਵੇਖਾਂ ਨਿਤ ਪਈ ਰਾਹ ਖਲੋਤੀ , ਦੁਖਣ ਹੁਣ ਤੇ ਤਲੀਆਂ ,

  ਬਿਰਹੋਂ ਤਲੀਆਂ ।

ਬਾਝ ਪੀਆ ਖਾਵਣ ਨੂੰ ਆਵਣ , ਇਹ ਵਿਹੜੇ ਤੇ ਗਲੀਆਂ ,

  ਗ਼ਮ ਵਿਚ ਗਲੀਆਂ ।

ਕੋਮਲ ਜਿੰਦੜੀ ਬ੍ਰਿਹੋਂ ਲੂਨੀ , ਭੁੱਲ ਗਈ ਰੰਗ-ਰਲੀਆਂ ,

  ਮਿੱਟੀ ਰਲੀਆਂ ।

ਇਸ ਡਿਊਢ ਵਿਚ ਪਹਿਲੀ ਵਾਰ ਛਲੀਆਂ , ਮੱਕੀ ਦੀਆਂ ਛੱਲੀਆਂ ਵਜੋਂ ਵਰਤਿਆ ਗਿਆ ਹੈ ਜਦੋਂ ਕਿ ਦੂਜੀ ਵਾਰ ਛਲੀਆ ਤੋਂ ਭਾਵ ਛਲ ਕਰਨ ਵਾਲੇ ਤੋਂ ਹੈ । ਇਸੇ ਤਰ੍ਹਾਂ ਪਹਿਲੀ ਪੰਕਤੀ ਵਿਚ ਤਲੀਆਂ , ਪੈਰਾਂ ਦੀਆਂ ਤਲੀਆਂ ਹਨ ਤੇ ਦੂਸਰੀ ਪੰਕਤੀ ਵਿਚ ਵਿਛੋੜੇ ਦੇ ਗਮਗੀਨ ਭਾਵਾਂ ਵਿਚ ਤਲੇ ਜਾਣ ਤੋਂ ਹੈ । ਪਹਿਲੀ ਪੰਕਤੀ ਵਿਚ ਗਲੀਆਂ ਤੋਂ ਭਾਵ ਬੀਹੀ ਤੋਂ ਹੈ ਦੂਸਰੀ ਪੰਕਤੀ ਵਿਚ ਗਲੀਆਂ ਗ਼ਮ ਵਿਚ ਗਲ-ਸੜ ਜਾਣ ਤੋਂ ਹੈ ।

ਸਲੇਸ਼

ਸਲੇਸ਼ ਦਾ ਅਰਥ ਹੈ ਸ਼ਬਦ ਦਾ ਜੁੜ ਜਾਣਾ । ਜਦੋਂ ਇਕੋ ਸ਼ਬਦ ਨਾਲ ਹੋਰ ਅਰਥ ਆ ਕੇ ਜੁੜ ਜਾਂਦੇ ਹਨ ਤਾਂ ਸਲੇਸ਼ ਅਲੰਕਾਰ ਹੁੰਦਾ ਹੈ ।

ਧੋਤੇ ਜਾਣਗੇ ਸਾਰੇ ਗੁਨਾਹ ਮੇਰੇ

ਡੁੱਲ ਪਿਆ ਜੇ ਮੇਰੀ ਸਰਕਾਰ ਦਾ ਦਿਲ

  ( ਸ਼ਰਫ ਰਚਨਾਵਲੀ , ਪੰਨਾ-100 )

ਵੀਪਸਾ

ਵੀਪਸਾ ਇਸ ਅਲੰਕਾਰ ਵਿਚ ਭਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣ ਲਈ ਕਿਸੇ ਸ਼ਬਦ ਦਾ ਵਾਰ ਵਾਰ ਦੁਹਰਾਓ ਹੁੰਦਾ ਹੈ ।

ਕਾੜ ਕਾੜ , ਸਾੜ ਸਾੜ , ਚਾਬਕਾਂ ਦੀ ਵਾਜ ਆਵੇ

ਕੀਤੀ ਰਾਣੀ ਕੋਕਲਾਂ ਨੇ ਭੋਜ ਤੇ ਸਵਾਰੀ ਏ

  ( ਸ਼ਰਫ਼ ਰਚਨਾਵਲੀ , ਪੰਨਾ-112 )

ਉਪਮਾ ਅਲੰਕਾਰ

ਜਦੋਂ ਕਿਸੇ ਚੀਜ ਦੀ ਕਿਸੇ ਦੂਜੀ ਚੀਜ ਨਾਲ ਸਮਾਨਤਾ ਦਰਸਾਈ ਜਾਵੇ ਤਾਂ ਉਪਮਾ ਅਲੰਕਾਰ ਪੈਦਾ ਹੁੰਦਾ ਹੈ । ਇਸ ਵਿਚ ਉਪਮੇਯ , ਉਪਮਾਨ ਵਾਚਕ ਸ਼ਬਦ ਅਤੇ ਸਾਂਝਾ ਗੁਣ ਹੁੰਦਾ ਹੈ । ਬਾਬੂ ਫਿਰੋਜ਼ਦੀਨ ਸ਼ਰਫ ਦੀਆਂ ਪੰਕਤੀਆਂ ਇਸ ਸਬੰਧੀ ਢੁਕਵੀਆਂ ਹਨ :

ਮੱਖਣ ਲੈ ਕੇ ਸੰਧੂਰ ਨੂੰ ਗੋ ਗੋ ਕੇ

ਪੁਤਲਾ ਢਾਲਿਆ ਓਹਦੇ ਖ਼ਮੀਰ ਦਾ ਏ ।

ਲੁਸ ਲੁਸ ਕਰੇ ਪਿੰਡਾ ਹੱਡ ਕਾਠ ਖੁੱਲ੍ਹੇ ,

ਮਾਸ ਗੁੱਤਿਆ ਹੋਇਆ ਸਰੀਰ ਦਾ ਏ ।

ਤਿੱਖੇ ਨੈਣ ਕਟਾਰੀ ਦੀ ਧਾਰ ਵਾਂਗੂੰ ,

ਨੱਕ ਰੱਖਿਆ ਨੱਕਾ ਸ਼ਮਸ਼ੀਰ ਦਾ ਏ ।

ਰੂਪਕ ਅਲੰਕਾਰ

ਜਦੋਂ ਉਪਮੇਯ ਵਿਚ ਉਪਮਾਨ ਅਭੇਦ ਹੋ ਜਾਵੇ ਤਾਂ ਰੂਪਕ ਅਲੰਕਾਰ ਹੁੰਦਾ ਹੈ । ਜਿਵੇਂ ਧਨੀ ਰਾਮ ਚਾਤ੍ਰਿਕ ਦੀ ਪ੍ਰਸਿੱਧ ਕਵਿਤਾ ਪੰਜਾਬ ਵਿਚ ਪਹਾੜਾਂ ਦੀ ਬਰਫ ਨੂੰ ਰੂੰ ਵਿਚ ਅਭੇਦ ਕਰ ਦਿੱਤਾ ਹੈ ਅਤੇ ਪਾਣੀ ਨੂੰ ਚਾਂਦੀ ਵਿਚ ਅਤੇ ਪਾਣੀ ਨਾਲ ਪੈਦਾ ਹੋਈ ਕਣਕ ਨੂੰ ਸੋਨਾ ਬਣਾ ਦਿੱਤਾ ਹੈ :

ਅਰਸ਼ੀ ਬਰਕਤ ਰੂੰ ਵਾਂਗ ਉਤਰ , ਚਾਂਦੀ ਦੇ ਢੇਰ ਲਗਾਂਦੀ ਹੈ ,

ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ।

  ( ਧਨੀ ਰਾਮ ਚਾਤ੍ਰਿਕ )

ਬੁਲ ਫੁੱਲ ਅਨਾਰੇ ਦੇ ਦੰਦ ਚੰਬਾ ,

ਸੋਹਣੀ ਨਰਗਸੀ ਖਿੜੀ ਗੁਲਜ਼ਾਰ ਅੱਖੀਆਂ ।

  ( ਸ਼ਰਫ਼ ਰਚਨਾਵਲੀ , ਪੰਨਾ-31 )

ਉਤਪ੍ਰੇਖਿਆ ਅਲੰਕਾਰ

ਉਤਪ੍ਰੇਖਿਆ ਦਾ ਸ਼ਾਬਦਿਕ ਅਰਥ ਸੰਭਾਵਨਾ ਜਾਂ ਕਲਪਨਾ ਹੈ । ਜਦੋਂ ਵਰਣਨ ਅਧੀਨ ਵਸਤੂ ਦੀ ਉਸ ਨਾਲ ਸਮਾਨਤਾ ਰਖਦੀ ਕਿਸੇ ਹੋਰ ਵਸਤੂ ਦੇ ਰੂਪ ਵਿਚ ਸੰਭਾਵਨਾ ਕੀਤੀ ਜਾਵੇ , ਉਥੇ ਉਤਪ੍ਰੇਖਿਆ ਅਲੰਕਾਰ ਉਤਪੰਨ ਹੁੰਦਾ ਹੈ । ਉਪਮਾ ਵਿਚ ਉਪਮੇਯ ਤੇ ਉਪਮਾਨ ਅਲੱਗ ਅਲੱਗ ਰਹਿੰਦੇ ਹਨ । ਰੂਪਕ ਵਿਚ ਫਰਕ ਮਿਟ ਜਾਂਦਾ ਹੈ ਪਰ ਉਤਪ੍ਰੇਖਿਆ ਵਿਚ ਇਹ ਫਰਕ ਘੱਟ ਹੋ ਜਾਂਦਾ ਹੈ ।

ਇਸ ਤਰ੍ਹਾਂ ਸੌਂ ਗਿਆ , ਉਹ ਮੰਜੀ ਅਲਾਣੀ ਉੱਤੇ

ਫੁੱਲਾਂ ਦੀ ਸੇਜ਼ ਤੇ ਜਿਉਂ ਰਾਤ ਗੁਜ਼ਾਰੀ ਉਸ ਨੇ ।

  ( ਕਰਤਾਰ ਸਿੰਘ ਬਲੱਗਣ ਦੀ ਰਚਨਾ , ਪੰਨਾ - 8 )

ਕਿਧਰੇ ਨਦੀਆਂ ਸੁੱਕੀਆਂ , ਰਸਤਾ ਰੇਤੋ ਰੇਤ

ਦੂਰੋਂ ਜਾਪਣ ਪੌੜੀਆਂ , ਢੱਕੀ ਉਤੇ ਖੇਤ

  ( ਲਾਲਾ ਕਿਰਪਾ ਸਾਗਰ , ਮੰਚ ਸੁਰਾਂ , ਪੰਨਾ - 9 )

ਉਲੇਖ ਅਲੰਕਾਰ

ਉਲੇਖ ਦਾ ਸ਼ਾਬਦਿਕ ਅਰਥ ਵਰਣਨ ਕਰਨਾ ਹੈ । ਜਦੋਂ ਇਕ ਵਸਤੂ ਜਾਂ ਵਿਅਕਤੀ ਨੂੰ ਵਖ ਵਖ ਰੂਪਾਂ ਵਿਚ ਵਖ ਵਖ ਢੰਗਾਂ ਨਾਲ ਵਰਣਨ ਕੀਤਾ ਜਾਵੇ ਤਾਂ ਉਥੇ ਉਲੇਖ ਅਲੰਕਾਰ ਹੁੰਦਾ ਹੈ । ਵਰਣਨ ਕਰਨ ਲਈ ਉਪਮਾਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਦੌਲਤ ਆਖੇ : ਜੱਗਦੀ ਮੈਂ ਕਾਰ ਚਲਾਵਾਂ ,

ਜਿੱਧਰ ਜਾਵਾਂ , ਹੁੰਦੀਆਂ ਨੇ ਹੱਥੀਂ ਛਾਵਾਂ ।

ਦਿੱਸਣ ਸੱਤੇ ਬਰਕਤਾਂ , ਜਦ ਜਾਇ ਖਲੋਵਾਂ ,

ਉੱਲੂ ਬੋਲਣ ਲੱਗਦੇ , ਜੇ ਮੈਂ ਨਾ ਹੋਵਾਂ ।

ਮਾਇਆ ਮੇਰੀ ਤਖ਼ਤਿਆਂ ਤੋਂ ਤਖ਼ਤ ਬਣਾਵੇ ,

ਜਾਦੂ ਮੇਰਾ ਆਕੀਆਂ ਦੀ ਧੌਣ ਨਿਵਾਵੇ ।

  ( ਧਨੀ ਰਾਮ ਚਾਤ੍ਰਿਕ , ਮੰਚ ਸੁਰਾਂ , ਪੰਨਾ- 13 )

ਅਪਹੁੱਨਤੀ ਅਲੰਕਾਰ

ਅਪਹੁੱਨਤੀ ਦਾ ਅਰਥ ਹੈ ਲੁਕਾਉਣਾ । ਜਦੋਂ ਪ੍ਰਤੱਖ ਵਸਤੂ ਤੋਂ ਇਨਕਾਰ ਕਰਕੇ ਉਸ ਦੀ ਥਾਂ ਕਿਸੇ ਹੋਰ ਵਸਤੂ ਨੂੰ ਮੰਨਿਆ ਜਾਵੇ ਤਾਂ ਅਪਹੁੱਨਤੀ ਅਲੰਕਾਰ ਹੁੰਦਾ ਹੈ । ਇਸ ਦਾ ਭਾਵ ਇਹ ਹੈ ਕਿ ਅਸਲ ਵਸਤੂ ਭਾਵ ਉਪਮੇਯ ਤੋਂ ਇਨਕਾਰੀ ਹੋ ਕੇ ਉਸ ਕੀ ਥਾਂ ਝੂਠੀ ਵਸਤੂ ਉਪਮਾਨ ਦੀ ਸਥਾਪਨਾ ਕਰ ਦਿੱਤੀ ਜਾਂਦੀ ਹੈ ।

ਖਾਹਮਖਾਹ ਲੋਕੀ ਕਤਲਗਾਹ ਆਖਣ

ਇਹ ਤਾਂ ਹਈ ਸ਼ਹੀਦਾਂ ਦਾ ਕਾਰਖ਼ਾਨਾ ।

  ( ਮੁਨਸ਼ਾ ਸਿੰਘ ਦੁਖੀ , ਮੰਚ ਸੁਰਾਂ , ਪੰਨਾ-26 )

ਪਰਿਸੰਖਿਆ ਅਲੰਕਾਰ

ਪਰਿਸੰਖਿਆ ਅਲੰਕਾਰ ਦਾ ਸ਼ਾਬਦਿਕ ਅਰਥ ਸੰਖਿਆ ਦਾ ਵਰਣਨ ਕਰਨਾ ਹੈ । ਇਕ ਵਸਤੂ ਦਾ ਕਈ ਸਥਾਨਾਂ ਤੇ ਹੋਣਾ ਵੀ ਸੰਭਵ ਹੁੰਦਾ ਹੈ ਪਰ ਕਵੀ ਉਨ੍ਹਾਂ ਨੂੰ ਇਕ ਵਿਸ਼ੇਸ਼ ਸਥਾਨ ਉਤੇ ਹੀ ਪ੍ਰਸਤੁਤ ਕਰਦਾ ਹੈ । ਇਸ ਵਿਚ ਇਨਕਾਰ ਦਾ ਵਧੇਰੇ ਮਹੱਤਵ ਹੁੰਦਾ ਹੈ । ਇਸ ਅਲੰਕਾਰ ਵਿਚ ਸਾਰੀਆਂ ਸੰਭਾਵਨਾਵਾਂ ਨੂੰ ਇਨਕਾਰ ਕਰਕੇ ਇਕ ਥਾਂ ਤੇ ਸਥਾਪਤੀ ਕੀਤੀ ਜਾਂਦੀ ਹੈ ।

ਨਾ ਏਥੇ ਕੋਈ ਤਕੜਾ ਏ , ਨਾ ਏਥੇ ਕੋਈ ਮਾੜਾ ਏ ।

ਨਾ ਏਹਦਾ ਦੁੱਖ ਏਹਨੂੰ ਏ , ਨਾ ਉਹਦਾ ਉਹਨੂੰ ਸਾੜਾ ਏ ।

ਨਾ ਰੋਣੇ ਨੇ ਗੁ਼ਲਾਮੀ ਦੇ , ਨਾ ਆਜ਼ਾਦੀ ਦੇ ਝੇੜੇ ਨੇ ,

ਬੜੇ ਆਜ਼ਾਦ ਨੇ ਇਸ ਸ਼ਹਿਰ ਦੇ ਵਸਨੀਕ ਜੇੜ੍ਹੇ ਨੇ ।

  ( ਕਰਤਾਰ ਸਿੰਘ ਬਲੱਗਣ , ਚੋਣਵੀ ਰਚਨਾ , ਪੰਨਾ-38 )

ਸਮਾਸੋਕਤੀ ਅਲੰਕਾਰ

ਜਦੋਂ ਕਿਸੇ ਬਿਰਤਾਂਤ ਰਾਹੀਂ ਅਪ੍ਰਤੱਖ ਦੀ ਪ੍ਰਤੀਤੀ ਕਰਵਾਈ ਜਾਵੇ ਤਾਂ ਉਥੇ ਸਮਾਸੋਕਤੀ ਅਲੰਕਾਰ ਹੁੰਦਾ ਹੈ । ਜਿਵੇਂ ਕਾਲੀ ਗਾਂ ਤੇ ਗੋਰੀ ਗੁਜ਼ਰੀ ਵਿਚ ਭਾਵੇਂ ਪਰਗਟ ਬਿਰਤਾਂਤ ਤਾਂ ਇਕ ਗੁਜਰੀ ਦੀ ਕਾਲੀ ਗਾਂ ਦਾ ਹੈ ਪਰ ਅਸਲ ਵਿਚ ਤਾਂ ਉਹ ਕਾਲ਼ੀ ਗਾਂ ਭਾਰਤ ਦੀ ਜਨਤਾ ਅਤੇ ਗੋਰੀ ਗੁਜਰੀ ਅੰਗਰੇਜ਼ਾਂ ਨੂੰ ਆਖ ਰਿਹਾ ਹੈ :

ਇੱਕ ਗੁੱਜਰ ਡਾਢਾ ਹੀ ਸਤਿਆ , ਰੋ ਰੋ ਆਖੇ ਢਾਹਾਂ ਮਾਰ

ਯਾਰੋ! ਮੇਰੀ ਗੋਰੀ ਗੁਜਰੀ , ਬੜੀ ਚਲਾਕੋ , ਬੜੀ ਛਿਨਾਰ ।

ਮੇਰੀ " ਕਾਲੀ ਗਾਂ" ਦੀ ਉਹੀਓ , ਦੋਵੇਂ ਡੰਗ ਕਢਦੀ ਏ ਧਾਰ ।

ਹੱਥਾਂ ਤੇ ਉਸ ਪਾ ਲਈ ਐਸੀ , ਮਾਰੇ ਵੀ , ਤਾਂ ਸਮਝੋ ਪਿਆਰ

ਮੈਂ ਜਦ ਉਸ ਦੇ ਨੇੜੇ ਜਾਵਾਂ , ਰੱਸੇ ਪਈ ਤੁੜਾਵੇ ਯਾਰ

ਓਸ ਨੂੰ ਪਰ ਗੋਰੀ ਗੁਜਰੀ , ਹੱਥ ਫੇਰ ਕੇ ਲਏ ਪਤਾਰ ।

ਅਪ੍ਰਸਤੁਤਪ੍ਰਸੰਸਾ ( ਅਨਿਓਕਤੀ ) ਅਲੰਕਾਰ

ਅਪ੍ਰਸਤੁਤਪ੍ਰਸੰਸਾ ਸਮਾਸੋਕਤੀ ਦੇ ਉਲਟ ਅਲੰਕਾਰ ਹੈ । ਉਪਮਾਨ ਦੇ ਵਰਣਨ ਦੁਆਰਾ ਉਪਮੇਯ ਦੇ ਅਰਥਾਂ ਨੂੰ ਦਰਸਾਇਆ ਜਾਂਦਾ ਹੈ । ਇਥੇ ਸਿੱਧੇ ਦੀ ਥਾਂ ਅਸਿੱਧੇ ਢੰਗ ਨਾਲ ਦੱਸਿਆ ਜਾਂਦਾ ਹੈ ।

ਤੁੱਧ ਨਾ ਮਾਤਾ ਜੀ ਫਿਕਰ ਕਰਨਾ ,

ਐਵੇਂ ਝੂਰਨਾ ਨਹੀਂ ਡੁੱਲ੍ਹੇ ਬੇਰਾਂ ਦੇ ਲਈ

ਕੌਣ ਪੁੱਛਦਾ ਅੰਮੀਏ ਗਿੱਦੜਾਂ ਨੂੰ ,

ਇਹ ਪਿੰਜਰੇ ਬਣੇ ਨੇ ਸ਼ੇਰਾਂ ਦੇ ਲਈ

  ( ਮੁਨਸ਼ਾ ਸਿੰਘ ਦੁਖੀ , ਮੰਚ ਸੁਰਾਂ , ਪੰਨਾ-20 )

ਸੰਦੇਹ ਅਲੰਕਾਰ

ਸੰਦੇਹ ਦਾ ਅਰਥ ਹੈ ਸ਼ੱਕ । ਜਿੱਥੇ ਬਹੁਤ ਜ਼ਿਆਦਾ ਸਮਾਨਤਾ ਕਾਰਨ ਕਿਸੇ ਵਸਤ ਜਾਂ ਵਰਤਾਰੇ ਨੂੰ ਦੇਖ ਕੇ ਇਹ ਨਿਸਚਿਤ ਨਾ ਹੋ ਸਕੇ ਕਿ ਇਹ ਉਹ ਵਸਤੂ ਹੈ ਜਾਂ ਕੋਈ ਹੋਰ ਵਸਤੂ ਹੈ ਉਥੇ ਸੰਦੇਹ ਅਲੰਕਾਰ ਹੁੰਦਾ ਹੈ ।

ਸਭੋ ਧਰਤੀ ਹੋਈ ਰੱਤ ਰੰਗੀ , ਰੱਤ ਦਾ ਚਿੱਕੜ ਹੋਇਆ ।

ਮਿੱਝ ਚਰਬੀ ਥਾਂ ਥਾਂ ਤੇ ਡੁੱਲ੍ਹੀ , ਜਾਪੇ ਦਹੀਂ ਜਾਂ ਖੋਇਆ ।

...... ....... ......

ਦਿਲਬਰ ਦੇ ਦੋ ਹੰਝੂ ਪਿਆਰੇ , ਫੇਰ ਗਏ ਨੇ ਦਿਲ ਤੇ ਆਰੇ ।

ਡਿੱਗੇ ਨੇ ਇਹ ਹੰਝੂ ਪਿਆਰੇ , ਜਾਂ ਅੰਬਰ ਤੋਂ ਟੁੱਟੇ ਤਾਰੇ ।

  ( ਸ਼ਰਫ਼ ਰਚਨਾਵਲੀ , ਪੰਨਾ-70 )

ਸਮਰਣ ਅਲੰਕਾਰ

ਸਮਰਣ ਦਾ ਅਰਥ ਹੈ ਯਾਦ ਕਰਨਾ । ਜਦੋਂ ਪਹਿਲਾਂ ਅਨੁਭਵ ਕੀਤੀ ਵਸਤੂ ਦੇ ਸਮਾਨ ਵਸਤੂ ਨੂੰ ਵੇਖ ਕੇ ਪਹਿਲੀ ਵਸਤੂ ਯਾਦ ਆ ਜਾਵੇ ਤਾਂ ਸਮਰਣ ਅਲੰਕਾਰ ਹੁੰਦਾ ਹੈ :

ਤੇ ਉਹਦੇ ਲੂਸਿਆਂ ਖੰਭਾਂ ਨੂੰ ਤੱਕ ਕੇ ਯਾਦ ਆ ਜਾਂਦੈ ,

ਕਦੀ ਮੈਂ ਵੀ ਕਿਸੇ ਤੇ ਇਸੇ ਤਰ੍ਹਾਂ ਇਤਬਾਰ ਕੀਤਾ ਸੀ ।

ਕਦੇ ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ ।

  ( ਕਰਤਾਰ ਸਿੰਘ ਬਲੱਗਣ , ਚੋਣਵੀਂ ਰਚਨਾ , ਪੰਨਾ -16 )

ਦ੍ਰਿਸ਼ਟਾਂਤ ਅਲੰਕਾਰ

ਦ੍ਰਿਸ਼ਟਾਂਤ ਤੋਂ ਭਾਵ ਹੈ ਉਦਾਹਰਨ । ਜਦੋਂ ਉਪਮੇਯ ਤੇ ਉਪਮਾਨ ਦੇ ਗੁਣਾਂ ਵਿਚ ਵਿਭਿੰਨਤਾ ਹੁੰਦੇ ਹੋਏ ਵੀ ਸਮਾਨਤਾ ਦੇ ਭਾਵ ਹੋਣ ਉਥੇ ਦ੍ਰਿਸ਼ਟਾਂਤ ਪੈਦਾ ਹੁੰਦਾ ਹੈ । ਜਦੋਂ ਇਕ ਗੱਲ ਕਹਿ ਕੇ ਦੂਜੀ ਗੱਲ ਉਸ ਦੀ ਪੁਸ਼ਟੀ ਲਈ ਆਖੀ ਜਾਵੇ ਤਾਂ ਉਹ ਦ੍ਰਿਸ਼ਟਾਂਤ ਹੁੰਦਾ ਹੈ ।

ਲਾਈ ਸਮਾਧੀ ਸੋਚਣ ਲੱਗੇ , ਇਕ ਮਨ ਇਕ ਚਿੱਤ ਹੋ ਕੇ

ਜਿਵੇਂ ਕਿ ਜੋਗੀ ਜੋਗ ਕਮਾਵਣ , ਦਿਲ ਦੇ ਧੋਣੇ ਧੋ ਕੇ

  ( ਗੁਰਾਂਦਿੱਤਾ ਖੰਨਾ , ਮੰਚ ਸੁਰਾਂ , ਪੰਨਾ-31 )

ਜਿਉਂ ਜਿਉਂ ਤ੍ਰੇਲ਼ ਦੇ ਵਾਲਾਂ " ਚੋਂ ਕਿਰਨ ਮੋਤੀ

ਤਿਉਂ ਤਿਉਂ ਅੱਥਰੂ ਪਈ ਵਗਾਨੀ ਆਂ ਮੈਂ

  ( ਕਰਤਾਰ ਸਿੰਘ ਬਲੱਗਣ , ਚੋਣਵੀਂ ਰਚਨਾ , ਪੰਨਾ-40 )

ਦੀਪਕ ਅਲੰਕਾਰ

ਦੀਪਕ ਭਾਵ ਰੋਸ਼ਨੀ ਕਰਨ ਵਾਲਾ । ਜਸ ਫੈਲਾਉਣ ਵਾਲਾ । ਜਦੋਂ ਇਕ ਸਮਾਨ ਗੁਣ ਦੇ ਆਧਾਰ ਤੇ ਉਪਮੇਯ ਅਤੇ ਉਪਮਾਨ ਦਾ ਸਬੰਧ ਜੋੜਿਆ ਜਾਵੇ , ਉਥੇ ਦੀਪਕ ਅਲੰਕਾਰ ਹੁੰਦਾ ਹੈ । ਅਸਲ ਵਿਚ ਉਪਮੇਯ ਦੇ ਗੁਣ ਵੀ ਦੀਪਕ ਵਾਂਗ ਉਪਮਾਨ ਨੂੰ ਵੀ ਰੋਸ਼ਨ ਕਰ ਦਿੰਦੇ ਹਨ ।

ਤੂੰ ਸੈਦ ਭੀ ਹੈਂ , ਸੱਯਾਦ ਭੀ ਹੈਂ ,

ਸ਼ੀਰੀ ਭੀ ਹੈਂ , ਫਰਿਹਾਦ ਭੀ ਹੈਂ ।

ਢਲ ਜਾਣ ਲਈ ਤੂੰ ਮੋਮ ਭੀ ਹੈਂ

ਪਰ ਲੋੜ ਪਿਆ ਫੌਲਾਦ ਭੀ ਹੈਂ ।

ਤੂੰ ਆਜ਼ਾਦੀ ਦਾ ਆਗੂ ਹੈਂ ,

ਤੂੰ ਕੁਰਬਾਨੀ ਦਾ ਬਾਨੀ ਹੈਂ ।

ਹਰ ਔਕੜ ਪਿਆਂ , ਭਰਾਵਾਂ ਦੀ ,

ਤੂੰਹੇਂ ਕਰਦਾ ਅਗਵਾਨੀ ਹੈਂ ।

  ( ਧਨੀ ਰਾਮ ਚਾਤ੍ਰਿਕ , ਮੰਚ ਸੁਰਾਂ , ਪੰਨਾ-17 )

ਪ੍ਰਤੀਪ ਅਲੰਕਾਰ

ਪ੍ਰਤੀਪ ਉਪਮਾ ਤੋਂ ਉਲਟ ਅਲੰਕਾਰ ਹੈ । ਇੱਥੇ ਉਪਮਾਨ ਨੂੰ ਉਪਮੇਯ ਦੀ ਤੁਲਨਾ ਵਿਚ ਘਟਾ ਕੇ ਦੱਸਿਆ ਜਾਂਦਾ ਹੈ । ਇਉਂ ਆਪਣੇ ਆਪ ਹੀ ਸ਼੍ਰੇਸ਼ਠਤਾ ਸਥਾਪਤ ਹੋ ਜਾਂਦੀ ਹੈ ।

ਜਿੰਨਾ ਏਸ ਅਣਤਾਰੂ ਦਾ ਦਿਲ ਡੂੰਘੈ

ਏਨੀ ਡੂੰਘੀ ਦਰਿਆਵਾਂ ਦੀ ਧਾਰ ਵੀ ਨਹੀਂ

ਜਿੰਨਾ ਕਲਸ ਮੰਨ ਮੰਦਰ ਦਾ ਲਿਸ਼ਕਦਾ ਸੂ

ਨੀ ਸੂਰਜ ਦੀ ਤੇਜ਼ ਲਿਸ਼ਕਾਰ ਵੀ ਨਹੀਂ

  ( ਕਰਤਾਰ ਸਿੰਘ ਬਲੱਗਣ , ਚੋਣਵੀਂ ਕਵਿਤਾ , ਪੰਨਾ-44 )

ਵਿਅਤਰੇਕ ਅਲੰਕਾਰ

ਆਮ ਹਾਲਤਾਂ ਵਿਚ ਉਪਮੇਯ ਅਤੇ ਉਪਮਾਨ ਵਿਚ ਸਮਾਨਤਾ ਦਿਖਾਈ ਜਾਂਦੀ ਹੈ ਪਰੰਤੂ ਵਿਅਤਰੇਕ ਵਿਚ ਇਸ ਪ੍ਰਕਾਰ ਵਰਣਨ ਕੀਤਾ ਜਾਂਦਾ ਹੈ ਕਿ ਉਪਮੇਯ ਅਤੇ ਉਪਮਾਨ ਵਿਚ ਇਕ ਸਾਂਝਾ ਗੁਣ ਧਰਮ ਹੈ ਪਰ ਉਪਮੇਯ ਦੇ ਵਿਚ ਉਪਮਾਨ ਦੀ ਤੁਲਨਾ ਵਿਚੋਂ ਕੁਝ ਸ਼੍ਰੇਸ਼ਠਤਾ ਵੀ ਹੈ ।

ਚੌਦਵੀਂ ਦਾ ਚੰਦ ਉਸ ਦੀ ਸਾਦਗੀ " ਚ ਲੁਕਿਆ ਸੀ

ਸੂਰਜ ਸਵੇਰ ਦਾ ਸੀ , ਉਸ ਦੇ ਸ਼ਿੰਗਾਰ ਵਿਚ ।

  ( ਸ਼ਰਫ਼ ਰਚਨਾਵਲੀ , ਪੰਨਾ-28 )

ਦੀਵੇ ਦੀ ਲਾਟ ਤੋਂ ਵੀ ਸੁਹਲ ਜਿਹਾ ਦੁੰਹ ਬੁੱਲ੍ਹਾਂ

ਸੁਰਕੀਆਂ ਨਾਲ ਮੇਰੇ ਗ਼ਮ ਦਾ ਹਨੇਰਾ ਪੀਤਾ ।

  ( ਕਰਤਾਰ ਸਿੰਘ ਬਲੱਗਣ ਦੀ ਚੋਣਵੀਂ ਕਵਿਤਾ , ਪੰਨਾ - 19 )

ਭ੍ਰਾਂਤੀਮਾਨ ਅਲੰਕਾਰ

ਭ੍ਰਾਂਤੀ ਦਾ ਭਾਵ ਭਰਮ । ਜਦੋਂ ਇਕ ਪਦਾਰਥ ਨੂੰ ਹੋਰ ਪਦਾਰਥ ਸਮਝ ਲਿਆ ਜਾਵੇ । ਸਮਾਨਤਾ ਦੇ ਕਾਰਨ ਉਪਮੇਯ ਨੂੰ ਹੀ ਉਪਮਾਨ ਮੰਨ ਲਿਆ ਜਾਵੇ ਤਾਂ ਭ੍ਰਾਂਤੀਮਾਨ ਚਮਤਕਾਰ ਪੈਦਾ ਹੁੰਦਾ ਹੈ ।

ਜਾਂ ਵੇਂਹਦੈ ਕੋਈ ਪਰਦੇਸੀ ਕਿ ਧੁੰਮੀ ਹੋਈ ਘਟਾ ਕਾਲੀ

ਕਿਸੇ ਚਿੱਟੇ ਨਛੁਹ ਬਗਲੇ ਦੇ ਪਿੱਛੇ ਲੜਖੜਾਂਦੀ ਏ ।

ਤਾਂ ਉਹਨੂੰ ਜਾਪਦੈ ਮੰਮਟੀ ਤੇ ਚੜ੍ਹ ਕੇ ਪਦਮਣੀ ਮੇਰੀ ,

ਪਈ ਚਿਟੀ ਦੰਦ ਦੀ ਕੰਘੀ ਨੂੰ ਫੜ ਕੇ ਵਾਲ ਵਾਂਹਦੀ ਏ ।

ਵਿਆਜਸਤੁਤੀ ਅਲੰਕਾਰ

ਵਿਆਜਸਤੁਤੀ ਦਾ ਅਰਥ ਹੈ ਬਹਾਨੇ ਨਾਲ ਪਰਸੰਸਾ ਕਰਨੀ । ਜਦੋਂ ਨਿੰਦਿਆ ਦੇ ਬਹਾਨੇ ਪਰਸੰਸਾ ਕੀਤੀ ਜਾਵੇ ਜਾਂ ਪਰਸੰਸਾ ਬਹਾਨੇ ਨਿੰਦਿਆ ਕੀਤੀ ਜਾਵੇ ਤਾਂ ਵਿਆਜਸਤੁਤੀ ਅਲੰਕਾਰ ਹੁੰਦਾ ਹੈ :

ਜ਼ਖ਼ਮ ਉਹਦਾ ਛੇੜਿਆ ਕੋਇਲ ਦੀ ਪਾਪਣ ਕੂਕ ਨੇ

ਡੋਬ ਪੈ ਗਏ ਉਖੜੇ ਦਿਲ ਨੂੰ ਕਲੇਜਾ ਘਰ ਗਿਆ ।

  ( ਕਰਤਾਰ ਸਿੰਘ ਦੀ ਬਲੱਗਣ ਦੀ ਚੋਣਵੀਂ ਕਵਿਤਾ , ਪੰਨਾ-29 )

ਵਿਸ਼ਮ ਅਲੰਕਾਰ

ਜਦੋਂ ਕੋਈ ਬੇਮੇਲ ਕਾਰਜ ਵਾਪਰੇ ਭਾਵ ਕਾਰਨ ਦੇ ਉਲਟ ਕਾਰਜ ਹੋਵੇ ਤਾਂ ਵਿਸ਼ਮ ਅਲੰਕਾਰ ਹੁੰਦਾ ਹੈ । ਕਾਰਨ ਕਾਰਜ ਦੇ ਸਬੰਧਾਂ ਅਨੁਸਾਰ ਕਾਰਜ ਹੋਣ ਦੀ ਬਜਾਏ ਵਖਰਾ ਕਾਰਜ ਹੋਣਾ ਹੀ ਕਾਵਿ ਚਮਤਕਾਰ ਪੈਦਾ ਕਰਦਾ ਹੈ ।

ਸੜਦੀ ਰੇਤਾ ਦਾ ਪਾ ਕੇ ਮੀਂਹ ਜਾਲਮ , ਸ਼ਾਂਤ ਰੂਪ ਦੀ ਠੰਢ ਅਜਮਾਉਣ ਲੱਗਾ

ਮੀਆਂ ਮੀਰ ਦੇ ਠੰਢਿਆਂ ਹੌਂਕਿਆਂ " ਚੋਂ , ਤੱਤੀ ਲੋਅ ਵਰਗਾ ਸੇਕ ਆਉਣ ਲੱਗਾ

  ( ਕਰਤਾਰ ਸਿੰਘ ਬਲੱਗਣ ਦੀ ਚੋਣਵੀਂ ਕਵਿਤਾ , ਪੰਨਾ-57 )

ਮੀਲਿਤ ਅਲੰਕਾਰ

ਮੀਲਿਤ ਦਾ ਅਰਥ ਹੈ ਲੁਕਾ ਲੈਣਾ ਜਾਂ ਕਿਸੇ ਚੀਜ਼ ਵਿਚ ਸ਼ਾਮਲ ਹੋ ਜਾਣਾ । ਜਦੋ ਇਕ ਵਸਤੂ ਦੂਸਰੀ ਵਿਚ ਇਸ ਤਰ੍ਹਾਂ ਸਮਿਲਤ ਹੋ ਜਾਵੇ ਕਿ ਉਨ੍ਹਾਂ ਦਾ ਭੇਦ ਨਾ ਪਛਾਣਿਆ ਜਾ ਸਕੇ ਤਾਂ ਮੀਲਿਤ ਅਲੰਕਾਰ ਪੈਦਾ ਹੁੰਦਾ ਹੈ :

ਮੈਂ ਹਾਂ ਦੁਖੀ , ਨਹੀਂ ਕੋਈ ਵੀ ਸੁੱਖ ਮੈਂਥੀ

ਮਰਨ ਜੀਣ ਹੋਇਆ ਇਕ ਸਮ ਮੇਰਾ

  ( ਦੀਵਾਨ ਸਿੰਘ ਕਾਲੇਪਾਣੀ , ਰਚਨਾਵਲੀ , ਪੰਨਾ-199 )

ਵਿਸ਼ੇਸ਼ੋਕਤੀ ਅਲੰਕਾਰ

ਵਿਸ਼ੇਸ਼ੋਕਤੀ ਅਲੰਕਾਰ ਵਿਸ਼ੇਸ਼ ਪ੍ਰਕਾਰ ਦਾ ਬਿਆਨ ਹੈ । ਆਮ ਨਿਯਮ ਅਨੁਸਾਰ ਕਾਰਨ ਮੌਜੂਦ ਹੋਣ ਤੇ ਕਾਰਜ ਹੋ ਜਾਂਦਾ ਹੈ ਪਰ ਜੇ ਕਾਰਨ ਦੇ ਹੁੰਦਿਆਂ ਵੀ ਕਾਰਜ ਨਾ ਹੋਣ ਦਾ ਕਾਰਨ ਬਿਆਨ ਕੀਤਾ ਜਾਵੇ ਤਾਂ ਇਹ ਵਿਸ਼ੇਸ਼ ਗੱਲ ਹੈ ।

ਨਾਨਾ ਦੀ ਉਹ ਧਰਮ ਭੈਣ ਸੀ , ਵਿਧਵਾ ਗੰਗਾ ਧਰਮ ਦੀ

ਝਾਂਸੀ ਦੀ ਸੀ ਵਾਰਸ ਤਾਂ ਵੀ ਬਣੀ ਹੋਈ ਸੀ ਬਰਦੀ

  ( ਗੁਰਾਂਦਿੱਤਾ ਖੰਨਾ , ਮੰਚ ਸੁਰਾਂ , ਪੰਨਾ-28 )

ਝਾਂਸੀ ਦੀ ਰਾਣੀ ਦੇ ਰਾਣੀ ਬਣਨ ਦੇ ਸਾਰੇ ਕਾਰਨ ਮੌਜੂਦ ਹੋਣ ਦੇ ਬਾਵਜੂਦ ਉਹ ਬਾਂਦੀ ਬਣੀ ਹੋਈ ਹੈ ।

ਵਿਭਾਵਨਾ ਅਲੰਕਾਰ

ਵਿਭਾਵਨਾ ਦਾ ਸ਼ਾਬਦਿਕ ਅਰਥ ਹੈ ਵਿਸ਼ੇਸ਼ ਪ੍ਰਕਾਰ ਦੀ ਭਾਵਨਾ । ਆਮ ਰੂਪ ਵਿਚ ਜਿਸ ਕਾਰਨ ਦੇ ਕਾਰਜ ਹੁੰਦਾ ਹੈ , ਉਸ ਦੀ ਥਾਂ ਤੇ ਉਸ ਕਾਰਨ ਤੋਂ ਬਗੈਰ ਹੀ ਕਾਰਜ ਹੋਣ ਦਾ ਵਰਣਨ ਹੋਵੇ ਤਾਂ ਵਿਭਾਵਨਾ ਅਲੰਕਾਰ ਹੁੰਦਾ ਹੈ । ਇਸ ਵਿਚ ਵਾਪਰ ਰਹੇ ਕਾਰਜ ਦਾ ਕਾਰਨ ਤਾਂ ਹੁੰਦਾ ਹੈ ਪਰ ਉਹ ਪ੍ਰਸਿੱਧ ਕਾਰਨ ਨਹੀਂ ਹੁੰਦਾ ਸਗੋਂ ਘੱਟ ਪ੍ਰਸਿੱਧ ਕਾਰਨ ਹੁੰਦਾ ਹੈ ।

ਵਾਲ ਜਿੰਨੀ ਨਾ ਰੜਕੀ ਕਿਧਰੇ , ਸਾਫ਼ ਸਰੀਰੋਂ ਨਿਕਲੀ

ਵਿਚੋ ਵਿਚ ਹੀ ਲਾ ਗਈ ਡੀਕਾਂ , ਰੱਤ ਨਾ ਚੀਰੋਂ ਨਿਕਲੀ

  ( ਫ਼ੀਰੋਜ਼ਦੀਨ ਸ਼ਰਫ਼ , ਮੰਚ ਸੁਰਾਂ , ਪੰਨਾ-37 )

ਇਨ੍ਹਾਂ ਪੰਕਤੀਆਂ ਵਿਚ ਫਿਰੋਜ਼ਦੀਨ ਸ਼ਰਫ ਨੇ ਦਸਮ ਪਿਤਾ ਦੀ ਤਲਵਾਰ ਦਾ ਵਰਣਨ ਕਰਦਿਆਂ ਦਰਸਾਇਆ ਹੈ ਕਿ ਕਾਰਨ ਦੇ ਹੁੰਦਿਆਂ ਵੀ ਕਾਰਜ ਨਹੀਂ ਵਾਪਰਦਾ । ਇਸ ਕਰਕੇ ਇੱਥੇ ਵਿਭਾਵਨਾ ਅਲੰਕਾਰ ਪੈਦਾ ਹੁੰਦਾ ਹੈ

ਵਿਨੋਕਤੀ ਅਲੰਕਾਰ

ਵਿਨੋਕਤੀ ਅਲੰਕਾਰ ਵਿਚ ਬਿਨਾਂ , ਬਗ਼ੈਰ ਵਾਲੇ ਸ਼ਬਦ ਵਾਲੀ ਉਕਤੀ ਭਾਵ ਕਥਨ ਹੁੰਦਾ ਹੈ । ਇਸ ਅਲੰਕਾਰ ਵਿਚ ਇਕ ਵਸਤੂ ਦੀ ਗ਼ੈਰ-ਮੌਜੂਦਗੀ ਦੀ ਸਥਿਤੀ ਵਿਚ ਹੋਰ ਵਸਤੂ ਦੀ ਸਥਿਤੀ ਦਾ ਬੋਧ ਕਰਵਾਇਆ ਜਾਂਦਾ ਹੈ ।

ਚਮਕੇ ਵਾਂਗਰ ਹੀਰਿਆਂ , ਇਕ ਇਕ ਬੂੰਦ ਤ੍ਰੇਲ਼

ਅਥਰੂ ਸੋਹਣੀ ਬਾਝ ਨਾ , ਕੋਈ ਉਸ ਦਾ ਮੇਲ

  ( ਲਾਲਾ ਕਿਰਪਾ ਸਾਗਰ , ਲਕਸ਼ਮੀ ਦੇਵੀ )

ਅਤਿਕਥਨੀ ਅਲੰਕਾਰ

ਜਦੋਂ ਕਿਸੇ ਵਸਤੂ ਦਾ ਵਰਣਨ ਬਹੁਤ ਜ਼ਿਆਦਾ ਵਧਾ ਕੇ ਕੀਤਾ ਜਾਵੇ ਤਾਂ ਅਤਿਕਥਨੀ ਅਲੰਕਾਰ ਪੈਦਾ ਹੁੰਦਾ ਹੈ :

ਮੈਂ ਜੋ ਲਿਖਿਆ ਏ ਕਿ ਮੋਤੀ ਤ੍ਰੇਲ ਦੇ ,

ਤੇਰੀਆਂ ਜ਼ੁਲਫ਼ਾਂ " ਚ ਚੁਗ ਕੇ ਭਰ ਦਿਆਂ

ਅੰਬਰਾਂ ਤੋਂ ਤੋੜ ਕੇ ਤਾਰੇ ਤੇਰੀ

ਗਹਿਣਿਆਂ ਦੀ ਰੀਝ ਪੂਰੀ ਕਰ ਦਿਆਂ

  ( ਲਾਲਾ ਕਿਰਪਾ ਸਾਗਰ , ਮੰਚ ਸੁਰਾਂ )

ਕਾਰਣਮਾਲਾ ਅਲੰਕਾਰ

ਕਾਰਣਮਾਲਾ ਅਲੰਕਾਰ ਵਿਚ ਇਕ ਲੜੀਬੱਧ ਰੂਪ ਵਿਚ ਕਾਰਜ ਕਾਰਨ ਦਾ ਸਬੰਧ ਪ੍ਰਗਟ ਕੀਤਾ ਜਾਂਦਾ ਹੈ ।

ਤੇਰੀ ਤੇਲੀ ਨੇ ਜੋ ਚਵਾਤੀ ਸੀ ਲਾਈ ।

ਚਵਾਤੀ ਮੈਂ ਓਹੋ ਮੁਆਤਾ ਬਣਾਈ ।

ਮੁਆਤੇ ਦੇ ਸਿਰ ਤੇਲ ਹੰਝੂਆਂ ਦਾ ਪਾਇਆ ।

ਬਣਾਈ ਚਿਤਾ ਉਸਦੀ , ਦਿਲ ਨੂੰ ਜਲਾਇਆ ।

ਉੱਦਾਤ

ਉਦਾਤ ਦਾ ਅਰਥ ਹੈ ਸ਼੍ਰੇਸ਼ਠ । ਅਲੰਕਾਰ ਵਿਚ ਅਰਥ ਹੈ ਕਿਸੇ ਗੱਲ ਦਾ ਵਧ ਚੜ੍ਹ ਕੇ ਜਿਕਰ ਕਰਨਾ । ਜਦੋਂ ਕਿਸੇ ਵਿਅਕਤੀ ਦੇ ਗੁਣਾਂ ਨੂੱ ਵਧਾ ਚੜਾ ਕੇ ਦੱਸਿਆ ਜਾਵੇ ਤਾਂ ਉਹ ਉੱਦਾਤ ਹੁੰਦਾ ਹੈ ।

ਉਹ ਬੀ ਆਮਨਾ ਦਾ ਦੁਲਾਰਾ ਮੁਹੰਮਦ

ਉਹ ਅਰਸ਼ਾਂ ਦਾ ਉੱਚਾ ਸਿਤਾਰਾ ਮੁਹੰਮਦ

ਹੈ ਕੁਦਰਤ ਦੇ ਰੁੱਖ ਦਾ ਨਜ਼ਾਰਾ ਮੁਹੰਮਦ

ਦੋ ਆਲਮਾਂ ਦੇ ਕੋਲੋਂ ਪਿਆਰਾ ਮੁਹੰਮਦ

  ( ਫੀਰੋਜ਼ਦੀਨ ਸ਼ਰਫ , ਮੰਚ ਸੁਰਾਂ , ਪੰਨਾ-38 )

ਅਸੰਗਤੀ

ਅਸੰਗਤੀ ਦਾ ਭਾਵ ਹੈ ਜਿੱਥੇ ਸੰਗਤੀ ਨਾ ਹੋਵੇ । ਆਮ ਹਾਲਤਾਂ ਵਿਚ ਕਾਰਨ ਕਾਰਜ ਜੁੜੇ ਹੋਏ ਹੁੰਦੇ ਹਨ ਪਰ ਜਿੱਥੇ ਕਾਰਨ ਕਾਰਜ ਵਿਚ ਸੰਗਤੀ ਨਾ ਹੋਵੇ , ਉਥੇ ਅਸੰਗਤੀ ਅਲੰਕਾਰ ਹੁੰਦਾ ਹੈ । ਕਾਰਨ ਕਿਸੇ ਹੋਰ ਥਾਂ ਹੁੰਦਾ ਹੈ ਅਤੇ ਕਾਰਜ ਕਿਸੇ ਹੋਰ ਥਾਂ ਹੁੰਦਾ ਹੈ ।

ਮੇਰੇ ਪ੍ਰੀਤਮਾ ਦੀਆਂ ਜ਼ੁ਼ਲਫਾਂ ਚ ਕੰਘੀ ਅਟਕ ਜਾਂਦੀ ਏ

ਜਦੋਂ ਸਗਰਾਮ ਦਾ ਬੱਦਲ ਕਿਤੇ ਅੰਬਰ ਤੇ ਨਸਦਾ ਏ

  ( ਕਰਤਾਰ ਸਿੰਘ ਬਲੱਗਣ , ਮੰਚ ਸੁਰਾ , ਪੰਨਾ-58 )

ਸਮੁੱਚੇ ਅਲੰਕਾਰ

ਸਮੁੱਚੇ ਦਾ ਸ਼ਾਬਦਿਕ ਅਰਥ ਹੈ ਸਮੁੱਚ ਭਾਵ ਬਹੁਤ ਸਾਰੇ ਪਦਾਰਥਾਂ ਦਾ ਇਕ ਥਾਂ ਤੇ ਇਕੱਠੇ ਹੋ ਜਾਣਾ । ਇਸ ਵਿਚ ਇਕ ਤੋਂ ਵਧੀਕ ਇਕੋ ਜਿਹੀ ਯੋਗਤਾ ਜਾਂ ਸ਼ਕਤੀ ਵਾਲੇ ਪਦਾਰਥਾਂ ਦਾ ਇਕੱਠਿਆਂ ਵਰਣਨ ਕੀਤਾ ਜਾਂਦਾ ਹੈ ।

ਫੋੜਾ ਫਿੰਮਣੀ , ਫੱਟ ਹੰਝੀਰ , ਗਿੱਲੜ

ਸਭ ਦਾ ਖੂਨ ਉਹਦਾ ਨਸ਼ਦਰ ਚੱਕਦਾ ਸੀ

  ( ਬਲੱਗਣ )

ਹਿੰਦੂਓ , ਮੁਸਲਮਾਨੋ , ਆਰਿਓ , ਇਸਾਈ , ਸਿੱਖੋ

ਸਿੱਖੋ ਚੱਜ ਇਕ ਦੂਏ ਨਾਲ ਪਿਆਰਦਾਰੀ ਦਾ

  ( ਮੁਨਸ਼ਾ ਸਿੰਘ ਦੁਖੀ , ਮੰਚ ਸੁਰਾਂ , ਪੰਨਾ-27 )

ਕਾਵਿ ਲਿੰਗ ਅਲੰਕਾਰ

ਕਾਵਿ ਲਿੰਗ ਦਾ ਸ਼ਾਬਦਿਕ ਅਰਥ ਹੈ ਕਾਵਿ ਦਾ ਕਾਰਨ । ਕਾਵਿ ਲਿੰਗ ਅਲੰਕਾਰ ਵਿਚ ਵਰਣਨਯੋਗ ਵਿਸ਼ੇ ਨੂੰ ਦਰਸਾਉਣ ਲਈ ਕਾਰਨ ਦਾ ਸਮਰਥਨ ਕੀਤਾ ਜਾਂਦਾ ਹੈ । ਕਾਰਨ ਉਤਪਾਦਕ ਵੀ ਹੁੰਦਾ ਹੈ ਜਿਵੇਂ ਅੱਗ ਧੂੰਏਂ ਦੀ ਉਤਪਾਦਕ ਹੈ ਪਰ ਧੂੰਆ ਵੀ ਕਾਰਨ ਹੈ ਪਰ ਉਹ ਸਿਰਫ਼ ਅੱਗ ਦੀ ਸੂਚਨਾ ਦਾ ਕਾਰਨ ਹੈ । ਕਾਵਿ ਲਿੰਗ ਵਿਚ ਸੂਚਨਾ ਕਾਰਨ ਨਾਲ ਕਿਸੇ ਗੱਲ ਦਾ ਅਰਥ ਦੱਸਿਆ ਜਾਂਦਾ ਹੈ ।

ਇਸ਼ਕ ਵਿਚ ਤੂੰ ਹੀ ਨਹੀਂ ਹੈਂ ਤੰਗ ਦਿਲ

ਖੁੱਲਾ ਦਿਲ ਕੋਈ ਵੀ ਕਰ ਸਕਦੀ ਨਹੀਂ

ਆਪਣੇ ਸੱਜਣ ਨੂੰ ਹਸਦੀ ਕਿਸੇ ਨਾਲ

ਤੱਕ ਕੇ ਕੋਈ ਵੀ ਜਰ ਸਕਦੀ ਨਹੀਂ

ਕਿਉਂਕਿ ਹਾਸਾ ਮਰਦਾਂ ਦਾ ਬਦਨਾਮ ਹੈ

ਇਹ ਵਫਾਵਾਂ ਦਾ ਉਡਾਂਦਾ ਹੈ ਮਜ਼ਾਕ

  ( ਕਰਤਾਰ ਸਿੰਘ ਬਲੱਗਣ )

ਉਪਰਲੀ ਕਾਵਿ ਟੁਕੜੀ ਵਿਚ ਆਖਰੀ ਦੋ ਲਾਈਨਾਂ ਵਿਚ ਕਾਵਿ-ਲਿੰਗ ਅਲੰਕਾਰ ਹੈ ।

ਪ੍ਰਵਿਰਤੀ ਅਲੰਕਾਰ

ਜਦੋਂ ਦੋ ਸਮਾਨ ਜਾਂ ਅਸਮਾਨ ਵਸਤਾਂ ਦੇ ਵਿਚ ਆਪਸ ਵਿਚ ਪਰਸਪਰ ਲੈਣ ਦੇਣ ਦਾ ਵਰਣਨ ਹੋਵੇ , ਉਥੇ ਪ੍ਰਵਿਰਤੀ ਅਲੰਕਾਰ ਹੁੰਦਾ ਹੈ । ਵਧੀਆ ਵਸਤੂ ਦੇ ਕੇ ਘਟੀਆ ਵੀ ਲਈ ਜਾ ਸਕਦੀ ਹੈ ਅਤੇ ਘਟੀਆ ਵਸਤੂ ਦੇ ਕੇ ਵਧੀਆ ਵੀ ਲਈ ਜਾ ਸਕਦੀ ਹੈ ।

ਤੇ ਚਾਨਣ ਅੱਖੀਆਂ ਦੀ ਢੂੰਡਦੀ ਹੋਈ ਅਨ੍ਹੇਰੇ " ਚੋਂ

ਅਨ੍ਹੇਰੇ ਵਿਚ ਹੀ ਨੈਣਾਂ ਦੀ ਜੋਤੀ ਘੋਲ ਛੱਡਦੀ ਏ ।

ਪ੍ਰਤੀਵਸਤੂਪਮਾ ਅਲੰਕਾਰ

ਇਹ ਅਲੰਕਾਰ ਦੋ ਵਾਕਾਂ ਵਿਚ ਮੁਕੰਮਲ ਹੁੰਦਾ ਹੈ । ਪਹਿਲੇ ਵਿਚ ਉਪਮੇਯ ਵਾਕ ਅਤੇ ਦੂਜੇ ਵਿਚ ਉਪਮਾਨ ਵਾਕ ਹੁੰਦਾ ਹੈ । ਦੋਵੇਂ ਸੁਤੰਤਰ ਹੁੰਦੇ ਹਨ ਪਰ ਸਮਾਨਤਾ ਦਾ ਵਰਣਨ ਹੁੰਦਾ ਹੈ ।

ਦਰਸ਼ਨ ਕਰਨ ਦੀ ਕਿਸੇ ਨੂੰ ਰੀਝ ਰਹਿ ਗਈ

ਕੋਈ ਦੇਖ ਦੀਦਾਰ ਕਮਾਲ ਤੁਰਿਆ

ਕੱਢੇ ਅੱਥਰੂ ਲਾਲਾਂ ਦੇ ਪਰਬਤਾਂ ਨੇ

ਸਾਗਰ , ਮੋਤੀ ਦੇ ਹੰਝੂ ਉਗਾਲ ਤੁਰਿਆ

  ( ਸ਼ਰਫ਼ ਰਚਨਾਵਲੀ , ਪੰਨਾ-185 )

ਅਨਯੋਨਯ ਅਲੰਕਾਰ

ਜਿੱਥੇ ਦੋ ਵਸਤੂਆਂ ਦਾ ਆਪਸ ਵਿਚ ਇਕ ਦੂਸਰੇ ਨਾਲ ਸਬੰਧ ਦਰਸਾਇਆ ਜਾਵੇ ਤਾਂ ਅਨਯੋਨਯ ਅਲੰਕਾਰ ਹੁੰਦਾ ਹੈ ।

ਪਿਆਰ ਮੇਰੇ ਨੂੰ ਤੂੰ ਨਫਰਤ ਕਰੀ ਜਾ

ਮੈਂ ਤੇਰੀ ਨਫਰਤ ਨੂੰ ਕਰਦਾ ਹਾਂ ਪਿਆਰ

  ( ਕਰਤਾਰ ਸਿੰਘ ਬਲੱਗਣ , ਪੰਨਾ-34 )

ਲਕੋਕਤੀ ਅਲੰਕਾਰ

ਲਕੋਕਤੀ ਅਲੰਕਾਰ ਉਹ ਹੁੰਦਾ ਹੈ ਜਿਸ ਵਿਚ ਲੋਕ ਪ੍ਰਚੱਲਿਤ ਮੁਹਾਵਰੇ ਜਾਂ ਉਕਤੀ ਦਾ ਪ੍ਰਯੋਗ ਕੀਤਾ ਜਾਵੇ ।

ਭੇਤ ਇਕ ਦੂਸਰੇ ਦਾ ਲੜ ਕੇ ਵੀ ਖੋਲ੍ਹੀਏ ਨਾ

ਦਿਲਾਂ ਵਿਚ ਪਵੇ ਭਾਵੇਂ ਲੱਖ ਤੇ ਹਜ਼ਾਰ ਗੰਢ

  ( ਮੰਚ ਸੁਰਾਂ , ਪੰਨਾ-43 )

ਅਰਥਾਂਤਰ ਨਿਆਸ ਅਲੰਕਾਰ

ਅਰਥਾਂਤਰ ਨਿਆਸ ਦਾ ਅਰਥ ਹੈ , ਹੋਰ ਅਰਥ ਰੱਖਣੇ । ਇਸ ਅਲੰਕਾਰ ਦੇ ਮੂਲ ਵਿਚ ਸਮਾਨਤਾ ਦਾ ਭਾਵ ਰਹਿੰਦਾ ਹੈ । ਦੋ ਵਾਕਾਂ ਵਿਚਲਾ ਸਬੰਧ ਸਧਾਰਨ ਅਤੇ ਵਿਸ਼ੇਸ਼ ਵਾਲਾ ਹੁੰਦਾ ਹੈ । ਸਧਾਰਨ ਅਰਥ ਦਾ ਵਿਸ਼ੇਸ਼ ਅਰਥ ਨਾਲ ਜਾਂ ਵਿਸ਼ੇਸ਼ ਅਰਥ ਦਾ ਸਾਧਾਰਨ ਅਰਥ ਨਾਲ ਸਮਰਥਨ ਕੀਤਾ ਜਾਵੇ ।

ਬਾਬਾ ਨਾਨਕ , ਬਾਬਾ ਫਰੀਦ ਆਪਣੀ ਛਾਤੀ ਤੇ ਪਾਲੇ ਤੂੰ

ਦੁਨੀਆਂ ਨੂੰ ਚਾਨਣ ਦੇਣ ਲਈ ਕਈ ਰੋਸ਼ਨ ਦੀਵੇ ਬਾਲੇ ਤੂੰ

  ( ਧਨੀ ਰਾਮ ਚਾਤ੍ਰਿਕ , ਮੰਚ ਸੁਰਾਂ , ਪੰਨਾ-16 )


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.