ਸਮੁੰਦ ਸਿੰਘ ਰਾਗੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਮੁੰਦ ਸਿੰਘ (ਰਾਗੀ) : ਇਹ ਪ੍ਰਮੁੱਖ ਰਾਗੀ ਆਪਣੇ ਸਮੇਂ ਦਾ ‘ਸੁਰ ਦਾ ਬਾਦਸ਼ਾਹ’ ਸੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਸਾਰੇ ਰਾਗਾਂ ਨੂੰ ਗਾਉਣ ਦੀ ਸਮਰਥਾ ਸੀ। ਭਾਈ ਸਮੁੰਦ ਸਿੰਘ ਦਾ ਜਨਮ 3 ਮਾਰਚ, 1900 ਨੂੰ ਮਿੰਟਗੁਮਰੀ ਜ਼ਿਲ੍ਹੇ ਦੇ (ਪਾਕਿਸਤਾਨ) ਪਿੰਡ ਮੁੱਲਾ ਹਮਸ਼ਾ ਵਿਚ ਹੋਇਆ। ਇਸ ਦਾ ਪਤਾ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਮੁੱਖ ਗਰੰਥੀ ਸੀ ਅਤੇ ਨਾਲ ਹੀ ਚੰਗਾ ਕੀਤਰਨ ਵੀ ਕਰ ਲੈਂਦਾ ਸੀ। ਭਾਈ ਸਮੁੰਦ ਸਿੰਘ ਛੋਟੀ ਉਮਰ ਵਿਚ ਹੀ ਸੰਗੀਤ ਵਿਚ ਦਿਲਚਸਪੀ ਲੈਣ ਲਗਾ ਅਤੇ ਬਚਪਨ ਵਿਚ ਹੀ ਚੀਫ਼ ਖ਼ਾਲਸਾ ਦੀਵਾਨ ਵੱਲੋਂ ਬੁਲਾਈਆਂ ਜਾਂਦੀਆਂ ਸਿੱਖ ਵਿਦਿਅਕ ਕਾਨਫ਼ਰੰਸਾਂ ਦੇ ਕੀਰਤਨ ਸਮਾਗਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਨੇ ਭਾਈ ਹੀਰਾ ਸਿੰਘ ਤੋਂ ਕੀਰਤਨ ਵਿਦਿਆ ਹਾਸਲ ਕੀਤੀ ਅਤੇ ਭਾਈ ਸ਼ੇਰ ਸਿੰਘ ਗੁਜਰਾਂਵਾਲੀਆ ਅਤੇ ਭਾਈ ਪਿਆਰ ਸਿੰਘ ਰਬਾਬੀ ਦੀ ਗਾਇਕੀ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ। ਇਸ ਨੇ ਲਗਭਗ 28 ਸਾਲ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਕੀਰਤਨ ਕੀਤਾ। ਇਸ ਦੀ ਗਾਇਨ ਸ਼ੈਲੀ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਸਾਹਿਬ ਨਾਲ ਮਿਲਦੀ ਜੁਲਦੀ ਸੀ।

        ਇਹ ਬਿਖੜੀਆਂ ਬੰਦਸ਼ਾਂ ਪ੍ਰਚਲਿਤ ਤਾਲਾਂ ਤੋਂ ਇਲਾਵਾ ਅਪ੍ਰਚਲਿਤ ਤਾਲਾਂ ਜੋ ਵੱਧ ਤੋਂ ਵੱਧ ਮਾਤਰਾਵਾਂ ਤੇ ਅਧਾਰਤ ਹੁੰਦੀਆਂ ਸਨ, ਵਿਚ ਵੀ ਬੜੀ ਅਸਾਨੀ ਨਾਲ ਗਾ ਲੈਂਦਾ ਸੀ। ਇਸ ਦੀ ਆਵਾਜ਼ ਬਹੁਤ ਸੁਰੀਲੀ ਸੀ। ਇਹ ਕੁਝ ਚੋਣਵੇਂ ਰਾਗ ਜਿਵੇਂ ਸੋਰਠ, ਬਹਾਰ, ਪਹਾੜੀ, ਮੁਲਤਾਨੀ, ਕਾਫ਼ੀ, ਸਿੰਧੀ, ਭੈਰਵੀ, ਆਸਾ ਆਦਿ ਨੂੰ ਗਾਉਣ ਵਿਚ ਬੜਾ ਮਾਹਰ ਸੀ। ਇਸ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਪਟਿਆਲਾ ਨੇ ਇਸ ਨੂੰ ਦਰਬਾਰੀ ਗਾਇਕ ਬਣਨ ਦੀ ਪੇਸ਼ਕਸ਼ ਕੀਤੀ ਜੋ ਇਸ ਨੇ ਠੁਕਰਾ ਦਿੱਤੀ। ਰੇਡੀਓ ਸਟੇਸ਼ਨ ਤੋਂ ਵੀ ਇਸ ਦਾ ਕੀਰਤਨ ਪ੍ਰਸਾਰਿਤ ਕੀਤਾ ਜਾਂਦਾ ਰਿਹਾ ਹੈ। ਸੰਨ 1934 ਵਿਚ ਹੋਈ ਸਿੱਖ ਵਿਦਿਅਕ ਕਾਨਫ਼ਰੰਸ ਵਿਚ ਇਸ ਨੇ ਰਾਗ ਕੇਦਾਰ ਗਾ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਸੰਨ 1941 ਤੇ 1945 ਵਿਚ ਵੀ ਇਸ ਨੇ ਇਨਾਮ ਜਿੱਤੇ। ਪੰਜਾਬ ਸਰਕਾਰ ਨੇ ਇਸ ਨੂੰ ਭਾਈ ਮਰਦਾਨਾ ਐਵਾਰਡ ਨਾਲ ਸਨਮਾਨਿਤ ਕੀਤਾ।

        ਸੰਨ 1972 ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-02-53-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.