ਸੁਲਤਾਨ ਬਾਹੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਲਤਾਨ ਬਾਹੂ ( 1630– 1691 ) : ਫ਼ਾਰਸੀ ਦੇ ਪ੍ਰਸਿੱਧ ਵਿਦਵਾਨ ਸੁਲਤਾਨ ਬਾਹੂ ਦਾ ਜਨਮ 1630 ਵਿੱਚ ਝੰਗ ਜ਼ਿਲ੍ਹੇ ਦੇ ਪਿੰਡ ਅਵਾਨ ਵਿੱਚ ਹੋਇਆ । ਉਸ ਦੇ ਪਿਤਾ ਦਾ ਨਾਂ ਸੁਲਤਾਨ ਬਾਜੀਦ ਸੀਬਾਦਸ਼ਾਹ ਸ਼ਾਹ ਜਹਾਨ ਉਸ ਦਾ ਕਦਰਦਾਨ ਸੀ । ਉਸ ਨੇ ਇੱਕ ਪਿੰਡ ਉਸ ਨੂੰ ਜਗੀਰ ਦੇ ਤੌਰ `ਤੇ ਦਿੱਤਾ ਸੀ । ਬਚਪਨ ਵਿੱਚ ਹੀ ਸੁਲਤਾਨ ਬਾਹੂ ਉੱਤੇ ਉਸ ਦੇ ਮਾਤਾ ਪਿਤਾ ਦਾ ਡੂੰਘਾ ਪ੍ਰਭਾਵ ਪਿਆ । ਸੁਲਤਾਨ ਬਾਹੂ ਨੇ ਮੁਢਲੀ ਸਿੱਖਿਆ ਆਪਣੀ ਮਾਤਾ ਤੋਂ ਹੀ ਪ੍ਰਾਪਤ ਕੀਤੀ । ਉਸ ਦੀ ਮਾਂ ਬੜੀ ਨੇਕ ਤੇ ਰੱਬ ਦੇ ਨਾਂ ਵਾਲੀ ਸੀ । ਸੁਲਤਾਨ ਬਾਹੂ ਨੇ ਮਾਂ ਨੂੰ ਮੁਰਸ਼ਦ ਧਾਰਨ ਦੀ ਖ਼ਾਹਸ਼ ਜ਼ਾਹਰ ਕੀਤੀ ਤਾਂ ਮਾਂ ਨੇ ਆਖਿਆ , ‘ ਬੇਟਾ! ਸ਼ਰ੍ਹਾ ਆਗਿਆ ਨਹੀਂ ਦਿੰਦੀ ਇਸ ਗੱਲ ਦੀ । ਇਸਲਾਮ ਵਿੱਚ ਔਰਤ ਮੁਰਸ਼ਦ ਨਹੀਂ ਬਣ ਸਕਦੀ । ਤੂੰ ਕਿਸੇ ਮਰਦ ਨੂੰ ਮੁਰਸ਼ਦ ਧਾਰ । ` ਕਿਹਾ ਜਾਂਦਾ ਹੈ ਕਿ ਨਿਆਣੀ ਉਮਰੇ ਹੀ ਸੁਲਤਾਨ ਬਾਹੂ ਦੇ ਚਿਹਰੇ ਉੱਤੇ ਇਲਾਹੀ ਨੂਰ ਸੀ । ਕਈ ਹਵਾਲਿਆਂ ਅਨੁਸਾਰ ਉਸ ਨੂੰ ਅਮੀਰ-ਫ਼ਕੀਰ ਦਿਖਾਇਆ ਗਿਆ ਹੈ । ਘਰ ਵਿੱਚ ਅਮੀਰੀ ਪਰ ਸੁਭਾਅ ਵਿੱਚ ਫ਼ਕੀਰੀ । ਭਰਵੀਂ ਗ੍ਰਹਿਸਥੀ ਤੇ ਸੰਤਾਨ ਦੇ ਬਾਵਜੂਦ ਉਸ ਨੇ ਹਬੀਬ ਉਲਾ ਕਾਦਰੀ ਨੂੰ ਪੀਰ ਧਾਰ ਲਿਆ । ਕਿਹਾ ਜਾਂਦਾ ਹੈ ਕਿ ਔਰੰਗ਼ਜ਼ੇਬ ਸੁਲਤਾਨ ਬਾਹੂ ਦਾ ਬੜਾ ਸਤਿਕਾਰ ਕਰਦਾ ਸੀ ।

        ਸੁਲਤਾਨ ਬਾਹੂ ਫ਼ਾਰਸੀ ਦਾ ਵਿਦਵਾਨ ਸੀ । ਇਸ ਕਰ ਕੇ ਉਸ ਨੇ ਵਧੇਰੇ ਸਾਹਿਤ ਰਚਨਾ ਫ਼ਾਰਸੀ ਵਿੱਚ ਕੀਤੀ । ਪੰਜਾਬੀ ਵਿੱਚ ਉਸ ਦੀ ਰਚਨਾ ਸੀਹਰਫੀ ਦੇ ਰੂਪ ਵਿੱਚ ਮਿਲਦੀ ਹੈ । ਇਸ ਵਿੱਚ ਬਹੁਤ ਸਾਰੇ ਝਾਂਗੀ ਦੇ ਸ਼ਬਦ ਮਿਲਦੇ ਹਨ । ਕਈ ਅਰਬੀ , ਫ਼ਾਰਸੀ ਦੇ ਸ਼ਬਦ ਅਤੇ ਮੁਹਾਵਰੇ ਵੀ ਪਰੋਏ ਹੋਏ ਹਨ । ਉਸ ਨੇ ਆਪਣੀ ਕਵਿਤਾ ਵਿੱਚ ਸੂਫ਼ੀ ਵਿਚਾਰਧਾਰਾ ਨੂੰ ਅਪਣਾਇਆ ਹੈ । ਉਹ ਕਾਦਰੀ ਸੂਫ਼ੀ ਸੀ । ਇਸ ਕਰ ਕੇ ਉਸ ਨੇ ਸ਼ਰ੍ਹਾ ਜਾਂ ਮਰਯਾਦਾ ਦੀ ਉਲੰਘਣਾ ਨਹੀਂ ਕੀਤੀ । ਬੁੱਲ੍ਹੇਸ਼ਾਹ ਤੇ ਸ਼ਾਹ ਹੁਸੈਨ ਵੀ ਇਸ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ । ਇਹ ਦੋਵੇਂ ਸੂਫ਼ੀ ਫ਼ਕੀਰ ਸ਼ਰੀਅਤ ਦੀਆਂ ਹੱਦਾਂ ਟੱਪ ਜਾਂਦੇ ਹਨ । ਬੁੱਲ੍ਹਾ ਤਾਂ ‘ ਤੈਨੂੰ ਕਾਫ਼ਰ-ਕਾਫ਼ਰ ਆਖਦੇ ਤੂੰਹ ਆਹੋ-ਆਹੋ ਆਖ` ਦੀ ਹੱਦ ਤੱਕ ਅਪੜ ਜਾਂਦਾ ਹੈ । ਪਰ ਸੁਲਤਾਨ ਬਾਹੂ ਮਰਯਾਦਾ ਦੀਆਂ ਹੱਦਾਂ ਨਹੀਂ ਟੱਪਦਾ । ਉਸ ਨੇ ਜੋ ਕੁਝ ਦੇਖਿਆ , ਹੰਢਾਇਆ , ਮਹਿਸੂਸ ਕੀਤਾ ਉਸ ਨੂੰ ਪੂਰੀ ਸੁਹਿਰਦਤਾ ਨਾਲ ਆਖ ਦਿੱਤਾ । ਸੁਲਤਾਨ ਬਾਹੂ ਦੀ ਰਚਨਾ ਦੀ ਮੁੱਖ ਸੁਰ ਇਸ਼ਕ ਇਲਾਹੀ ਹੈ । ਇਸ ਵਿੱਚ ਕਿਸੇ ਅਦਿਸਦੇ ਪ੍ਰੇਮ ਦੀ ਗੂੰਜ ਸੁਣਾਈ ਦਿੰਦੀ ਹੈ , ਜਿਸ ਨੂੰ ਤਸੱਵੁਫ਼ ਦੀ ਬੁਨਿਆਦ ਮੰਨਿਆ ਜਾਂਦਾ ਹੈ । ਉਸ ਦੀ ਰਚਨਾ ਦਾ ਕੇਂਦਰੀ-ਬਿੰਦੂ ਹੀ ਅੱਲਾ ਵਿੱਚ ਵਿਸ਼ਵਾਸ ਹੈ । ਅੱਲਾ ਦੀ ਖੋਜ ਕਰਨੀ , ਉਸ ਬਾਰੇ ਜਾਣਨਾ ਤੇ ਉਸ ਨੂੰ ਮੁਹੱਬਤ ਕਰਨੀ ।

ਕਾਫ਼-ਕਰ ਮੁਹੱਬਤ ਕੁਝ ਹਾਸਲ ਹੋਵੇ

                      ਉਮਰ ਏ ਚਾਰ ਦਿਹਾੜੇ ਹੂ

        ਅੱਲਾ ਨੂੰ ਮਿਲਣ ਦਾ ਢੰਗ ਹੈ-ਉਸ ਦੀ ਇਬਾਦਤ ਕਰਨੀ , ਉਸ ਦਾ ਧਿਆਨ ਧਰਨਾ ਤੇ ਜਾਪ ਕਰਨਾ । ਅੱਲਾ ਦੀ ਜਾਤ ਵਿੱਚ ਮਨੁੱਖ ਦੀ ਆਪਣੀ ਜਾਤ ਨੂੰ ਰਲਾ ਦੇਣਾ । ਇਹੀ ਇੱਕ-ਮਿੱਕਤਾ ਹੈ , ਇਹੀ ਵਸਾਲ ਹੈ ਜੋ ਸੂਫ਼ੀ ਤੇ ਰੂਹਾਨੀ ਵਿਕਾਸ ਦੀ ਚਰਮ ਸੀਮਾ ਹੈ :

ਯੇ ਯਾਰ ਲਗਾਨਾ ਮਿਲਸੀ ਤੈਂ

ਜੇ ਸਿਰ ਬਾਜ਼ੀ ਲਾਏਂ ਹੂ ।

ਇਸ਼ਕ ਅੱਲਾਹ ਦੇ ਵਿੱਚ ਹੋ ਮਸਤਾਨਾ

ਹੂ-ਹੂ ਸਦਾ ਅਲਾਏਂ ਹੂ ।

ਨਾਲ ਤਸੱਵਰ ਇਸਮ ਅੱਲਾਹ ਦੇ

ਦਮ ਨੂੰ ਕੈਦ ਲਯਾਏਂ ਹੂ ।

ਜ਼ਾਤੀ ਨਾਲ ਜੇ ਜ਼ਾਤੀ ਰਲਿਆ

                      ਤਦ ਬਾਹੂ ਨਾਮ ਸਦਾਏਂ ਹੂ ।

        ਸੁਲਤਾਨ ਬਾਹੂ ਅਨੁਸਾਰ ਕਲਮੇ ਵਿੱਚ ਵਿਸ਼ਵਾਸ ਅਤੇ ਕਲਮੇ ਨੂੰ ਸਹੀ ਤੌਰ `ਤੇ ਮੁਰਸ਼ਦ ਤੋਂ ਪੜ੍ਹਨਾ ਬਹੁਤ ਜ਼ਰੂਰੀ ਹੈ । ਤਦ ਹੀ ਚੌਦਾਂ ਤਬਕਾਂ ਦਾ ਗਿਆਨ ਹੁੰਦਾ ਹੈ ਤੇ ਅੱਲਾ ਦੇ ਨੂਰ ਦੀ ਪ੍ਰਾਪਤੀ ਹੁੰਦੀ ਹੈ । ਇਨਸਾਨ ਦੇ ਮਨ ਵਿੱਚ ਅਗਿਆਨ ਦਾ ਅੰਧੇਰਾ ਅੱਲਾ ਦੇ ਨੂਰ ਦੁਆਰਾ ਹੀ ਦੂਰ ਹੁੰਦਾ ਹੈ । ਇਸ ਨੂਰ ਦੀ ਪ੍ਰਾਪਤੀ ਲਈ ਅੰਦਰ ਝਾਤ ਪਾਉਣ ਦੀ ਲੋੜ ਹੈ । ਬਾਹੂ ਅਨੁਸਾਰ ਅੱਲਾ ਦੀ ਮੁਹੱਬਤ ਵਿੱਚ ਕੋਈ ਵੀ ਕੁਰਬਾਨੀ ਵੱਡੀ ਨਹੀਂ । ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਨਹੀਂ ਉਹ ਸੱਖਣੇ ਭਾਂਡੇ ਵਰਗੇ ਹਨ । ਉਹਨਾਂ ਦਾ ਇਸ ਸੰਸਾਰ `ਤੇ ਆਉਣਾ ਹੀ ਨਿਸਫਲ ਹੈ :

ਜਿੱਥੇ ਹੂ ਕਰੇ ਰੌਸ਼ਨਾਈ ਉਥੋਂ ਛੋੜ ਅਨ੍ਹੇਰਾ ਵੈਂਦਾ ਹੂ ।

 

ਅਲਫ਼ ਹੂ ਤੇ ਬਾਹਰ ਹੂ ਵਤ ਬਾਹਰ ਕਿੱਥੇ ਲਭੇਂਦਾ ਹੂ ।

 

                      ਜੋ ਦਿਲ ਇਸ਼ਕ ਨਾ ਹੋਵੇ ਬਾਹੂ ਗਏ ਜਹਾਨੋਂ ਖਾਲੀ ਹੂ ।

ਬਾਹੂ ਨੇ ਮੁੱਲਾਂ , ਮੁਲਾਣਿਆਂ , ਕਾਜ਼ੀਆਂ ਤੇ ਪੰਡਤਾਂ ਉੱਤੇ ਤਿੱਖਾ ਵਿਅੰਗ ਕੱਸਿਆ । ਉਸ ਅਨੁਸਾਰ ਇਹਨਾਂ ਲੋਕਾਂ ਦੀ ਕੱਟੜਤਾ ਹੀ ਸਾਰੇ ਝਗੜਿਆਂ , ਵਖਰੇਵਿਆਂ ਤੇ ਫਸਾਦਾਂ ਦੀ ਜੜ੍ਹ ਹੈ :

ਮੀਮ-ਮਜ਼ਬਾਂ ਦੇ ਦਰਵਾਜੇ ਉਤੇ

ਰਾਹ ਰਬਾਨਾ ਮੋਰੀ ਹੂ ।

ਪੰਡਤਾਂ ਮਲਾਣਿਆਂ ਕੋਲੋਂ

ਛੁਪ ਛੁਪ ਲੰਘੇ ਚੋਰੀ ਹੂ ।

ਅਡੀਆਂ ਮਾਰਨ ਕਰਨ ਬਖੇੜੇ

ਦਰਦਮੰਦਾਂ ਦੀਆਂ ਘੋਰੀ ਹੂ ।

ਬਾਹੂ ਚਲ ਉਥਾਹੀਂ ਵਸੀਏ

                      ਜਿਥੇ ਦਾਅਵਾ ਨਾ ਕਿਸੇ ਹੋਰੀ ਹੂ ।

        ਸੁਲਤਾਨ ਬਾਹੂ ਨੇ ਸਾਰਿਆਂ ਦਰਵੇਸ਼ਾਂ ਵਾਂਗ ਇਨਸਾਨ ਨੂੰ ਫਰੇਬ , ਮੱਕਾਰੀ , ਹੰਕਾਰ , ਹਸਦ , ਨਿੰਦਿਆ ਆਦਿ ਬੁਰਿਆਈਆਂ ਤੋਂ ਦੂਰ ਰਹਿਣ ਲਈ ਆਖਿਆ ਹੈ ।

        ਸੁਲਤਾਨ ਬਾਹੂ ਨੇ ਫ਼ਾਰਸੀ ਅਤੇ ਅਰਬੀ ਵਿੱਚ ਤਕਰੀਬਨ 140 ਪੁਸਤਕਾਂ ਲਿਖੀਆਂ । ਉਸ ਦੀ ਪੁਸਤਕ ਦੀਵਾਨੇ ਬਾਹੂ   ਦਾ ਪੰਜਾਬੀ ਵਿੱਚ ਅਨੁਵਾਦ ਮੌਲਵੀ ਮੁਹੰਮਦ ਅਲਾਦੀਨ ਕਾਦਰੀ ਨੇ ਕੀਤਾ । ਇਹ ਪੁਸਤਕ ਪੰਜਾਬੀ ਵਿੱਚ ਬਹੁਤ ਆਹਲਾ ਤਰਜਮੇ ਦਾ ਪ੍ਰਮਾਣ ਹੈ । ਇਸ ਵਿੱਚ 50 ਗ਼ਜ਼ਲਾਂ ਹਨ । ਸੁਲਤਾਨ ਬਾਹੂ ਦੀ ਮੌਤ 1691 ਵਿੱਚ ਹੋਈ । ਉਸ ਨੂੰ ਕਹਰਜਨਾ ਪਿੰਡ ਵਿੱਚ ਦਫ਼ਨ ਕੀਤਾ ਗਿਆ । ਇਹ ਜਗ੍ਹਾ ਝੰਗ ਤੋਂ ਤੀਹ ਕੋਹ ਦੀ ਦੂਰੀ ਉੱਤੇ ਹੈ । 1775 ਵਿੱਚ ਕਹਿਰ ਦਾ ਹੜ੍ਹ ਆਇਆ ਤੇ ਝਨਾਂ ਨੇ ਆਪਣਾ ਰਾਹ ਬਦਲ ਲਿਆ । ਜਿਸ ਨਾਲ ਬਹੁਤ ਸਾਰੀਆਂ ਕਬਰਾਂ ਰੁੜ੍ਹ ਗਈਆਂ । ਸੁਲਤਾਨ ਬਾਹੂ ਦਾ ਮਜ਼ਾਰ ਵੀ ਇਸ ਦੀ ਮਾਰ ਹੇਠ ਆ ਗਿਆ । ਪਰ ਇੱਕ ਰਵਾਇਤ ਅਨੁਸਾਰ ਉਸ ਦੇ ਕਫ਼ਨ ਵਾਲੇ ਤਾਬੂਤ ਨੂੰ ਬਚਾ ਕੇ ਇੱਕ ਵੱਡੇ ਦਰੱਖ਼ਤ ਹੇਠ ਦਬਾ ਦਿੱਤਾ ਅਤੇ ਉਸ ਉੱਤੇ ਇੱਕ ਵੱਡਾ ਥੜ੍ਹਾ ਬਣਾ ਦਿੱਤਾ । ਜਿਵੇਂ ਫ਼ਰੀਦ , ਸ਼ਾਹ ਹੁਸੈਨ ਤੇ ਬੁੱਲ੍ਹੇਸ਼ਾਹ ਨੂੰ ਪੂਜਿਆ ਜਾਂਦਾ ਹੇ ਇਵੇਂ ਹੀ ਸੁਲਤਾਨ ਬਾਹੂ ਦੀ ਪੂਜਾ ਹੁੰਦੀ ਹੈ । ਉਸ ਦੇ ਮਜ਼ਾਰ ਉੱਤੇ ਲੋਕ ਮੱਥਾ ਟੇਕਦੇ , ਸੁੱਖਣਾ ਸੁਖਦੇ ਤੇ ਮੰਨਤਾਂ ਮੰਨਦੇ ਹਨ ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁਲਤਾਨ ਬਾਹੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਲਤਾਨ ਬਾਹੂ ( 1631– – 1691 ਈ. ) – – ਇਸਦਾ ਜਨਮ ਪਿੰਡ ਸੋਰਕੋਟ ਜ਼ਿਲ੍ਹਾ ਝੰਗ ( ਪਾਕਿਸਤਾਨ ) ਵਿਚ ਬਾਜ਼ੀਦ ਮੁਹੰਮਦ ਦੇ ਘਰ ਹੋਇਆ । ਇਸ ਦੀ ਜਨਮ ਤਿਥੀ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ । ਮੌਲਾ ਬਖਸ਼ ਕੁਸ਼ਤਾ ਅਨੁਸਾਰ , ਇਸਦਾ ਜਨਮ 1629 ਈ. ਵਿਚ ਹੋਇਆ ਪਰ ਇਸ ਬਾਰੇ ਵਿਦਵਾਨਾਂ ਵਿਚ ਕਾਫ਼ੀ ਮਤਭੇਦ ਹੈ । ਨਵੀਂ ਖੋਜ ਅਨੁਸਾ ਇਸ ਦਾ ਜਨਮ 1631 ਈ. ਵਿਚ ਹੋਇਆ ਦੱਸਿਆ ਜਾਂਦਾ ਹੈ । ਇਸ ਦੇ ਵੱਡੇ ਵਡੇਰੇ ਅਰਬ ਤੋਂ ਹਿੰਦੁਸਤਾਨ ਆਏ ਸਨ ਜੋ ਪੀਰ ਸਯੱਦ ਅਬਦੁਲ ਕਾਦਰ ਜੀਲਾਨੀ ਦੇ ਖ਼ਾਨਦਾਨ ਵਿਚੋਂ ਦੱਸੇ ਜਾਂਦੇ ਹਨ । ਇਸ ਦੇ ਜੀਵਨ ਨਾਲ ਕਈ ਕਰਾਮਾਤਾਂ ਜੁੜ ਗਈਆਂ । ਇਕ ਰਵਾਇਤ ਅਨੁਸਾਰ ਇਹ ਜਨਮ ਤੋਂ ਹੀ ਰੱਬ ਦਾ ਬੰਦਾ ਸੀ । ਜਦੋਂ ਹਾਲੇ ਇਹ ਦੁੱਧ ਚੁੰਘਦਾ ਬੱਚਾ ਸੀ ਤਾਂ ਰਮਜ਼ਾਨ ਦੇ ਮਹੀਨੇ ਇਸ ਨੇ ਸਾਰਾ ਸਾਰਾ ਮਹੀਨੇ ਦੁੱਧ ਨਾ ਚੁੰਘਿਆ ।

                  ਇਸ ਦੇ ਘਰ ਵਾਲੇ ਰੱਜੇ ਪੁੱਜ ਜ਼ਿਮੀਦਾਰ ਸਨ । ਬਾਹੂ ਦੁਨਿਆਵੀ ਕੰਮਾਂ ਵਿਚ ਬਹੁਤ ਘੱਟ ਦਿਲਚਸਪੀ ਲੈਂਦਾ ਸੀ । ਜਦੋਂ ਇਸ ਦੇ ਮਾਂ ਬਾਪ ਨੇ ਇਸ ਨੂੰ ਜ਼ਿਮੀਦਾਰਾ ਕੰਮ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਘਰ ਛੱਡ ਕੇ ਮੁਲਤਾਨ ਚਲਾ ਗਿਆ । ਇਥੇ ਇਸ ਨੇ ਹਜ਼ਰਤ ਬਹਾਉਲ ਹੱਕ ਮੁਲਤਾਨੀ ਦੇ ਮਜ਼ਾਰ ਤੇ ਚਿੱਲਾ ਕਮਾਇਆ । ਇਥੋਂ ਇਹ ਜ਼ਿਲਾ ਅੰਮ੍ਰਿਤਸਰ ਵਿਚ ਸ਼ਾਹ ਹਬੀਬ ਕੋਲ ਚਲਾ ਗਿਆ । ਉਨ੍ਹਾਂ ਨੇ ਇਸ ਨੂੰ ਦਰਵੇਸ਼ੀ ਧਾਰਨ ਦਾ ਹੁਕਮ ਕੀਤਾ । ਤਦ ਇਹ ਸਭ ਕੁਝ ਛੱਡ-ਛਡਾਕੇ ਅਬਦੁੱਲ ਰਹਿਮਾਨ ਦਿੱਲੀ ਵਾਲਿਆਂ ਦਾ ਮੁਰੀਦ ਹੋ ਗਿਆ ।

                  ਇਹ ਮੰਨਿਆ ਪ੍ਰਮੰਨਿਆ ਸੂਫ਼ੀ ਕਵੀ ਸੀ । ਇਸ ਨੂੰ ਅਰਬੀ ਤੇ ਫ਼ਾਰਸੀ ਦਾ ਚੰਗਾ ਗਿਆਨ ਸੀ । ਇਸ ਨੇ ਫ਼ਾਰਸੀ ਕਵਿਤਾ ਤੇ ਵਾਰਤਕ ਦੇ ਖੇਤਰ ਵਿਚ ਢੇਰ ਸਾਰੀ ਰਚਨਾ ਕੀਤੀ ਹੈ । ਤਸੱਵੁੱਫ ਇਸ ਦਾ ਵਿਸ਼ੇਸ਼ ਵਿਸ਼ਾ ਹੈ । ਇਸ ਦੀਆਂ ਫ਼ਾਰਸੀ ਦੀਆਂ ਪੁਸਤਕਾਂ ਸ਼ਮਸੁੱਲਆਰਿਫ਼ੀਨ , ਮਫ਼ਤਾਹੁੱਲ-ਆਰਿਫ਼ੀਨ , ਅਮੀਰੁਲ-ਕੋਨੈਨ , ਦੀਵਾਨਿ-ਬਾਹੂ , ਅਕਲਿ ਬੇਦਾਰ ਆਦਿ ਪ੍ਰਸਿੱਧ ਹਨ । ਪੰਜਾਬੀ ਵਿਚ ਇਸਦੀਆਂ ਸੀਹਰਫ਼ੀਆਂ ਤੇ ਕਾਫ਼ੀਆਂ ਕਾਫ਼ੀ ਪ੍ਰਚਲਤ ਹਨ । “ ਹ” ਸ਼ਬਦ ਇਸ ਦੀ ਰਚਨਾ ਵਿਚ ਸਰੋਦੀ ਹੂਕ ਭਰ ਦਿੰਦਾ ਹੈ ਅਤੇ ਇਹ ਹੂਕ ਹੀ ਇਸ ਨੂੰ ਹੋਰਨਾ ਕਵੀਆਂ ਨਾਲੋਂ ਨਿਖੇੜਦੀ ਹੈ । ਸੁਲਤਾਨ ਬਾਹੂ ਦੇ ਪੰਜਾਬੀ ਕਲਾਮ ਵਿਚ ਸ਼ਾਹ ਹੁਸੈਨ ਦੇ ਮੁਕਾਬਲੇ ਤੇ ਬਿਰਹਾ-ਤੀਬਰਤਾ , ਹੂਮਕ ਤੇ ਨਿਮਰਤਾ ਤੇ ਸੰਸਾਰ-ਨਾਸਮਾਨਤਾ ਦੇ ਭਾਵ ਤੇ ਜ਼ੋਰ ਘੱਟ ਹੈ ਪਰ ਮਨੁੱਖ ਏਕਤਾ , ਰੱਬ ਤੇ ਮਨੁੱਖ ਦੀ ਅਭੇਦਤਾ , ਖ਼ੁਦੀ ਨੂੰ ਮਾਰਨ , ਆਪਣੇ ਅਦਰ ਝਾਤੀ ਮਾਰਨ ਤੇ ਖ਼ੁਦ ਨੂੰ ਪਛਾਣਨ ਦੀ ਪ੍ਰੇਰਨਾ ਬੜੀ ਜ਼ੋਰਦਾਰ ਹੈ । ਪ੍ਰੋ. ਕਸੇਲ ਅਨੁਸਾਰ “ ਕਿਤੇ ਕਿਤੇ ਤਾਂ ਵਲਵਲਾ ਤੇ ਰਾਗ ਸ਼ਾਹ ਹੁਸੇਨ ਵਾਂਗ ਮੱਚ ਮੱਚ ਪੈਂਦੇ ਹਨ । ”

                  ਬਾਹੂ ਦੀ ਸ਼ਬਦਾਵਲੀ ਉੱਤੇ ਆਪਣੀ ਮਾਦਰੀ ਝਾਂਗੀ ਉਪ ਬੋਲੀ ਦਾ ਤਕੜਾ ਪ੍ਰਭਾਵ ਹੈ ਤੇ ਲਹਿੰਦੀ ਅਰਥਾਤ ਮੁਲਤਾਨੀ ਤੇ ਫ਼ਾਰਸੀ ਦੇ ਸ਼ਬਦ ਵੀ ਕਾਫ਼ੀ ਮਿਲਦੇ ਹਨ । ਇਸ ਤਰ੍ਹਾਂ ਬਾਹੂ ਵਿਚ ਵਾਲਹਾਨਾ ਮਸਤੀ ਘੱਟ ਤੇ ਸੂਝ ਤੇ ਫ਼ਲਸਫ਼ੇ ਦੀ ਬਹੁਲਤਾ ਹੈ ।

                  ਬਾਹੂ ਦੇਹਾਂਤ ਵੇਲੇ ਚਾਰ ਵਿਧਵਾਵਾਂ ਅਤੇ ਅੱਠ ਪੁੱਤਰ ਪਿਛੇ ਛੱਡ ਗਿਆ । ਇਸ ਦੀ ਯਾਦਗਾਰ ਇਸ ਦਾ ਗਿਆਨ ਤੇ ਮਾਅਰਫ਼ਤ-ਭਰਪੂਰ ਕਲਾਮ ਹੈ , ਜਿਸ ਦੀ ਕਦਰ ਕੀਮਤ ਹਾਲੇ ਤਕ ਕਾਇਮ ਹੈ । ਫ਼ਾਰਸੀ ਵਿਚ ਅਧਿਆਤਮਕ ਗਿਆਨ ਦੀਆਂ ਇਸਦੀਆਂ 140 ਪੁਸਤਕਾਂ ਹਨ ।

                  ਹ. ਪੁ.– – ਪੰ. ਸਾ. ਇ.– – ਕੋਹਲੀ; ਪੰ. ਸ਼ਾ. ਤਜ਼; ਪੰ. ਸਾ. ਦੀ ਉਤਪਤੀ ਤੇ ਵਿਕਾਸ– – ਕੇ. ਐਸ ਕਸੇਲ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਲਤਾਨ ਬਾਹੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁਲਤਾਨ ਬਾਹੂ   :   ਪੰਜਾਬੀ ਦੇ ਇਸ ਪ੍ਰਸਿੱਧ ਕਵੀ ਦਾ ਜਨਮ 1631 ਈ. ( ਕੁਸ਼ਤਾ ਅਨੁਸਾਰ 1629 ) ਵਿਚ ਜ਼ਿਲ੍ਹਾ ਝੰਗ ( ਪਾਕਿਸਤਾਨ ) ਦੇ ਇਕ ਪਿੰਡ ਅਵਾਣ ( ਪ੍ਰੋ. ਸੁਰਿੰਦਰ ਸਿੰਘ ਕੋਹਲੀ ਅਨੁਸਾਰ ਸ਼ੋਰਕੋਟ ) ਵਿਖੇ ਹੋਇਆ । ਇਸ ਦੇ ਪਿਤਾ ਦਾ ਨਾਂ ਸੁਲਤਾਨ ਬਾਯਜ਼ੀਦ ਸੀ । ਮੁਗ਼ਲ ਸਮਰਾਟ ਸ਼ਾਹ ਜਹਾਨ ਨੇ ਸਤਿਕਾਰ ਵੱਜੋਂ ਇਸ ਨੂੰ ਦਹਰ ਜਾਨਾਂ ਦਾ ਇਕ ਪੂਰਾ ਪਿੰਡ ਜਾਗੀਰ ਵੱਜੋਂ ਦੇ ਦਿੱਤਾ ਸੀ ।

              ਸੁਲਤਾਨ ਬਾਹੂ ਨੇ ਮੁੱਢਲੀ ਵਿਦਿਆ ਘਰ ਵਿਚ ਹੀ ਪ੍ਰਾਪਤ ਕੀਤੀ । ਫਿਰ ਇਸ ਨੇ ਸ਼ਾਹ ਹਬੀਬੁੱਲਾ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ । ਸ਼ਾਹ ਸਾਹਿਬ ਨੇ ਇਸ ਨੂੰ ਸੰਸਾਰਕ ਕੰਮ ਕਾਰ ਤਿਆਗ ਦੇਣ ਦਾ ਹੁਕਮ ਦਿੱਤਾ ਅਤੇ ਇਹ ਹੁਕਮ ਅਨੁਸਾਰ ਦਿੱਲੀ ਜਾ ਕੇ ਸੱਯਦ ਅਬਦੁਲ ਰਹਿਮਾਨ ਦਾ ਮੁਰੀਦ ਬਣ ਗਿਆ ।

              ਸੁਲਤਾਨ ਬਾਹੂ ਠਾਠ-ਬਾਠ ਵਾਲਾ ਫ਼ਕੀਰ ਸੀ ਅਤੇ ਆਪਣੇ ਉੱਤੇ ਸੁਨਹਿਰੀ ਛਤਰ ਤਾਣ ਕੇ ਚਲਦਾ ਸੀ । ਇਸ ਦੇ ਪਿੱਛੇ ਪਿੱਛੇ ਇਸ ਦੇ ਗ਼ੁਲਾਮ ਤੁਰਦੇ ਸਨ । ਬਾਦਸ਼ਾਹ ਔਰੰਗਜ਼ੇਬ ਬਾਹੂ ਦੀ ਬਹੁਤ ਇੱਜ਼ਤ ਕਰਦਾ ਸੀ । ਇਹ ਕਾਦਰੀ ਧੜੇ ਦਾ ਸੂਫ਼ੀ ਫ਼ਕੀਰ ਹੋਣ ਕਰ ਕੇ ਨਚਦਾ-ਗਾਉਂਦਾ ਸੀ ਅਤੇ ਕਰਮ ਸਿਧਾਂਤ  ਤੇ ਆਵਾਗੌਣ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ । ਸੁਲਤਾਨ ਬਾਹੂ ਵਿਚ ਹੋਰ ਸੂਫ਼ੀ ਕਵੀਆਂ ਵਾਲਾ ਮਸਤਾਨਾ ਇਸ਼ਕ ਨਹੀਂ ਸੀ ਪਰ ਇਹ ਸੂਫ਼ੀਆਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੰਨਣ ਤੇ ਪ੍ਰਚਾਰਨ ਵਾਲਾ ਸ਼ਾਇਰ ਸੀ ।

              ਬਾਹੂ ਨੂੰ ਫ਼ਾਰਸੀ ਤੇ ਅਰਬੀ ਦਾ ਬਹੁਤ ਗਿਆਨ ਸੀ ਅਤੇ ਇਨ੍ਹਾਂ ਭਾਸ਼ਾਵਾਂ ਵਿਚ ਇਸ ਨੇ 140 ਪੁਸਤਕਾਂ ਲਿਖੀਆਂ । ਪੰਜਾਬੀ ਵਿਚ ਨੇ ਸਿਰਫ਼ ਦੋਹੜੇ ਹੀ ਲਿਖੇ । ਮੀਆਂ ਫ਼ਜ਼ਰ ਦੀਨ ਲਾਹੌਰੀ ਨੇ 1925ਈ. ਵਿਚ ਸਭ ਤੋਂ ਪਹਿਲਾਂ ਬਾਹੂ ਦੀ ਸਾਰੀ ਪੰਜਾਬੀ ਰਚਨਾ ਇਕ ਥਾਂ ਇਕੱਠੀ ਕਰ ਕੇ ਛਪਵਾਈ । ਬਾਹੂ ਦਾ ਦੋਹੜਾ ਤਾਟੰਕ ਛੰਦ ਵਿਚ ਹੈ ।

              ਬਾਹੂ ਸ਼ਰੀਅਤ ਦਾ ਪੱਕਾ ਸੀ ਪਰ ਦਿਖਾਵੇ ਦੀ ਇਬਾਦਤ ਦਾ ਇਕ ਬਹੁਤ ਮਜ਼ਾਕ ਉਡਾਉਂਦਾ ਸੀ । ਇਸ ਦੇ ਵਿਚਾਰ ਵਿਚ ਰੱਬ ਨੂੰ ਉਹ ਮਿਲ ਸਕਦੇ ਹਨ ਜਿਨ੍ਹਾਂ ਦੀ ਨੀਅਤ ਰਾਸ ( ਸਾਫ਼ ) ਹੁੰਦੀ ਹੈ । ਸੁਲਤਾਨ ਬਾਹੂ ਦੀ ਬੌਧਿਕਤਾ ਭਰਪੂਰ ਕਵਿਤਾ ਵਿਚ ਬਿਰਹਾ-ਭਿੱਜੀ ਹੂਕ ਮਿਲਦੀ ਹੈ ਅਤੇ ਇਸ ਦੇ ਦੋਹੜੇ ਦੀ ਹਰ ਤੁਕ ਪਿੱਛੇ ਲੱਗਿਆ ਸ਼ਬਦ ' ਹੂ' ਸੁਣਨ ਵਾਲਿਆਂ ਦਾ ਕਾਲਜਾ ਧੂਹ ਕੇ ਲੈ ਜਾਂਦਾ ਹੈ ।

              ਸੰਨ 1691 ( ਕੁਸ਼ਤਾ ਅਨੁਸਾਰ 1690 ) ਵਿਚ ਜਦੋਂ ਸੁਲਤਾਨ ਬਾਹੂ ਦੀ ਮੌਤ ਹੋ ਗਈ ਤਾਂ ਇਸ ਨੂੰ ਪਿੰਡ ਦਹਰ ਜਾਨਾਂ ਵਿਚ ਹੀ ਦਫ਼ਨਾਇਆ ਗਿਆ ।


ਲੇਖਕ : ਰਾਮ ਸਰੂਪ ਅਣਖੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-11-03-39, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਸ਼ਾ. ਤਜ਼ : 80; ਪੰ. ਸਾ. ਇ. –ਕੋਹਲੀ: 197-201

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.