ਸੱਚੀ ਬਾਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੱਚੀ ਬਾਣੀ : ਇਸ ਤੋਂ ਭਾਵ ਹੈ ਅਜਿਹੀ ਬਾਣੀ ਜੋ ਸਚ ਦਾ ਪ੍ਰਕਾਸ਼ਨ ਕਰੋ । ਜੋ ਬਾਣੀ ਸਚ ਦਾ ਪ੍ਰਕਾਸ਼ ਨਹੀਂ ਕਰਦੀ ਉਹ ਝੂਠੀ ਹੈ , ਕੱਚੀ ਹੈ । ਗੁਰੂ ਸਾਹਿਬਾਨ ਨੂੰ ਉਤਰੀ ਬਾਣੀ ‘ ਧੁਰ ਕੀ ਬਾਣੀ ’ ( ਵੇਖੋ ) ਹੋਣ ਨਾਤੇ ਸੱਚੀ ਬਾਣੀ ਹੈ ਅਤੇ ਉਸ ਦੀ ਰੀਸੋ-ਰੀਸੀ ਜੋ ਹੋਰ ਕੋਈ ਬਾਣੀ ਉਚਾਰਦਾ ਹੈ , ਉਹ ‘ ਕੱਚੀ ਬਾਣੀ ’ ( ਵੇਖੋ ) ਹੈ । ਗੁਰੂ ਰਾਮਦਾਸ ਜੀ ਨੇ ਕਿਹਾ ਹੈ — ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੋ ਕੂੜਿਆਰ ਕੂੜੇ ਝੜਿ ਪੜੀਐ ( ਗੁ.ਗ੍ਰੰ.304 ) । ਗੁਰੂ ਅਮਰਦਾਸ ਨੇ ਆਪਣੇ ਸੇਵਕਾਂ ਨੂੰ ਤਾਕੀਦ ਕੀਤੀ ਸੀ ਕਿ ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ( ਗੁ.ਗ੍ਰੰ.920 ) । ਗੁਰੂ ਨਾਨਕ ਦੇਵ ਨੇ ਵੀ ‘ ਸਾਚੀ-ਬਾਣੀ’ ਨਾਲ ਪਿਆਰ ਪਾਣ ਦੀ ਗੱਲ ਆਖੀ ਹੈ— ਸਾਚੀ ਬਾਣੀ ਸਿਉ ਧਰੇ ਪਿਆਰੁ ( ਗੁ.ਗ੍ਰੰ.661 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸੱਚੀ ਬਾਣੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੱਚੀ ਬਾਣੀ : ਵੇਖੋ ‘ ਗੁਰਬਾਣੀ’

ਗੁਰਬਾਣੀ :   ਸ੍ਰੀ ਗੁਰੂ ਨਾਨਕ ਦੇਵ ਜੀ ਤ ਹੋਰਨਾ ਸਿੱਖ ਗੁਰੂ ਸਾਹਿਬਾਨ ਦੁਆਰਾ ਰਚਿਤ ਕਾਵਿ ਨੂੰ ਗੁਰਬਾਣੀ , ਆਖਿਆ ਜਾਂਦਾ ਹੈ । ਸਿੱਖਾਂ ਵਿਚ ਗੁਰਬਾਣੀ ਨੂੰ ਹੀ ਸੱਚੀ ਬਾਣੀ , ਅਕਾਲੀ ਬਾਣੀ , ਧੁਰ ਕੀ ਬਾਣੀ , ਰੱਬੀ ਬਾਣੀ , ਬਾਣੀਆਂ ਸਿਰ ਬਾਣੀ , ਆਖਣ ਦਾ ਰਿਵਾਜ ਹੈ । ਸੱਚੀ ਬਾਣੀ ਤੋਂ ਮੁਰਾਦ ਸੱਚ ਦਾ ਪ੍ਰਕਾਸ਼ ਦੇਣ ਵਾਲੇ ਉੱਤਮ ਵਚਨ ਹਨ । ਉਹ ਵਚਨ ਜੋ ਝੂਠ ਦਾ ਖੰਡਨ ਕਰਨ ਵਾਲੇ ਤੇ ਸੱਚ ਨੂੰ ਰੁਪਮਾਨ ਕਰਨ ਵਾਲੇ ਹੋਣ , ਸੱਚੀ ਬਾਣੀ ਦੇ ਘੇਰੇ ਵਿਚ ਆ ਜਾਂਦੇ ਹਨ । ਸਿੱਖਾਂ ਲਈ ਇਸ ਸੱਚ ਦੀ ਬਾਣੀ ਨੂੰ ਗਾਉਣ ਅਥਵਾ ਕਮਾਉਣ ਦੀ ਹਦਾਇਤ ਹੈ :

                                    ਆਵਹੁ ਸਿਖਹੁ ਸਤਿਗੁਰੂ ਕੇ ਪਿਆਰਿਹੋ , ਗਾਵਹੁ ਸਚੀ ਬਾਣੀ ।

                                    ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ।                           – – ( ਰਾਮਕਲੀ , ਆਨੰਦੁ ਮ. ੩ )

ਸੱਚੀ ਬਾਣੀ ਹੀ ‘ ਧੁਰ ਕੀ ਬਾਣੀ’ ਜਾਂ ਰੱਬੀ ਬਾਣੀ ਹੈ ਜਿਸ ਬਾਰੇ ਗੁਰੂ ਅਰਜਨ ਸਾਹਿਬ ਫ਼ੁਰਮਾਉਂਦੇ ਹਨ :

                                    ਧੁਰ ਕੀ ਬਾਣੀ ਆਈ । ਜਿਨ ਸਗਲੀ ਚਿੰਤ ਮਿਟਾਈ ।   – – ( ਸੋਰਠ , ਮ. ੫ )

ਗੁਰਬਾਣੀ ਦੇ ਲਫ਼ਜ਼ੀ ਅਰਥ ਗੁਰੂ ਜਾਂ ਗੁਰੂਆਂ ਦੀ ਬਾਣੀ ਹਨ ਅਥਵਾ ਗੁਰਬਾਣੀ ਉਹ ਬਾਣੀ ਹੈ ਜੋ ਗੁਰੂ ਦੀ ਕ੍ਰਿਪਾਲਤਾ ਤੇ ਪ੍ਰਸਾਦਿ ਦੁਆਰਾ ਸਿੱਖ ਨੂੰ ਪ੍ਰਾਪਤ ਹੋਈ ਹੋਵੇ । ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਬਾਣੀ ਵੰਲ ਸੰਕੇਤ ਕਰਦੇ ਹੌਏ ਆਖਦੇ ਹਨ :

                                    ਗੁਰਬਾਣੀ ਇਸੁ ਜਗ ਮਹਿ ਚਾਨੁਣ ।                                                         – – ( ਸਿਰੀ ਰਾਗ , ਅਸਟਪਦੀਆਂ , ਮ.੩ )

ਬਿਲਕੁਲ ਇਹੀ ਵਿਚਾਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਹੈ :

                                    ਗੁਰਬਾਣੀ ਹਰਿ ਨਾਮ ਸਮਾਇਆ ।                                         – – ( ਗਾਉੜੀ ਮ. ੪ )

ਗੁਰਬਾਣੀ ਲਿਖਤੀ ਜਾਂ ਵਰਣਨਾਤਮਕ ਵੀ ਹੋ ਸਕਦੀ ਹੈ ਤੇ ਮੌਖਿਕ ਜਾਂ ਧ੍ਵਨੀ– ਆਤਮਕ ਵੀ । ਗੁਰੂ ਸਾਹਿਬਾਨ ਦੇ ਮੌਖਿਕ ਜਾਂ ਅਲਿਖਤੀ ਵਚਨ ਵੀ ਗੁਰਬਾਣੀ ਦੇ ਨਾਉਂ ਨੂੰ ਪ੍ਰਾਪਤ ਹੁੰਦੇ ਹਨ , ਜਿਵੇਂ :

                                    ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਰੈ ।     – – ( ਨਟ , ਅਸਟਪਦੀਆਂ , ਮ. ੪ )

ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਦੀ ਮਹਿਮਾ ਵਿਚ ਆਪਣੇ ਵਿਚਾਰ ਇੰਜ ਪ੍ਰਗਟ ਕੀਤੇ ਹਨ :

ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ ,

ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ ।

ਕਿਥੌਂ ਯਹਿ ਹੰਸਨੀ ਸੀ ਮਾਨਸਵੰਤਸਨੀ ਹੈ ,

ਗੁਨਿਨ ਪ੍ਰਸੰਨਨੀ ਸਰਬ ਜਗ ਜਾਨੀ ਹੈ ।

ਕਿਥੌਂ ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ ,

ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ ।

ਪ੍ਰੇਮ ਪਟਰਾਨੀ ਸਯਾਨੀ ਗਯਾਨ ਕੀ ਜਨਿਨ ਜਾਨੀ ,

ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ ।

                  ਗੁਰਬਾਣੀ ਤੇ ਗੁਰਮਤ ਨੂੰ ਕਈ ਵਾਰ ਪਰਿਆਇਵਾਚੀ ਸ਼ਬਦਾਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਤੇ ਗੁਰਬਾਣੀ ਤੋਂ ਗੁਰੂ ਦੇ ਸਿਧਾਂਤ ਜਾਂ ਗੁਰੂ ਦੇ ਮੱਤ ਜਾਂ ਉਪਦੇਸ਼ ਆਦਿ ਦੇ ਅਰਥ ਵੀ ਲਏ ਜਾਂਦੇ ਹਨ । ਗੁਰਮਤ ਦੇ ਲਫ਼ਜ਼ੀ ਅਰਥ ਵੀ ਗੁਰੂ ਸਾਹਿਬਾਨ ਦੁਆਰਾ ਥਾਪੇ ਸਿਧਾਂਤ ਜਾਂ ਧਾਰਮਿਕ ਨਿਯਮ ਹਨ । ਗੁਰੂ ਦੀ ਇੱਛਾ , ਗੁਰੂ ਦੁਆਰਾ ਦਿੱਤੀ ਗਈ ਸਿੱਖਿਆ , ਦੀਖਿਆ , ਨਸੀਹਤ ਆਦਿ ਵੀ ਗੁਰਬਾਣੀ ਜਾਂ ਗੁਰਮਤ ਦੇ ਅਰਥ ਦੇਣ ਵਾਲੇ ਹੋਰ ਸ਼ਬਦ ਹਨ । ਮਿਸਾਲ ਦੇ ਤੌਰ ਤੇ ‘ ਗੁਰਮਤਿ ਲੇਹੁ ਤਰਹੁ ਭਵ ਦੁਤਰੁ’ ( ਮਾਰੂ ਸੋਲਹੇ , ਮ. ੧ ) ਵਿਚ ਗੁਰਮਤ ਦੇ ਅਰਥ ਗੁਰਬਾਣੀ ਜਾਂ ਉਪਦੇਸ਼ , ਸਿੱਖਿਆ , ਨਸੀਹਤ ਆਦਿ ਹਨ । ਇਸ ਸ਼ਬਦ ਦੇ ਇਨ੍ਹਾਂ ਹੀ ਅਰਥਾਂ ਦੀਆਂ ਸੂਚਕ ਹੋਰ ਤੁਕਾਂ ਹੇਠਾਂ ਅੰਕਿਤ ਹਨ :

                                    ਗੁਰਮਤ ਪਾਇਆ ਸਹਿਜ ਮਿਲਾਇਆ ।                                                                       – – ਸੂਹੀ , ਛੰਤ , ਮ. ੜ

                  ਗੁਰਮਤ– ਦਰਸ਼ਨ ਵਿਚ ਬਾਣੀ ਤੇ ਗੁਰੂ ਸਮਰੂਪ ਤੇ ਪਰਿਆਇਵਾਚੀ ਸ਼ਬਦ ਹਨ , ਅਰਥਾਤ ਗੁਰੂ ਹੀ ਬਾਣੀ ਹੈ ਤੇ ਬਾਣੀ ਹੀ ਗੁਰੂ ਹੈ :
                                    ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ।

                                    ਗੁਰਬਾਣੀ ਕਹੈ ਸੇਵੁਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ।                           – – ( ਨਟ , ਮ. ੪ )

                                                                                              [ ਸਹਾ. ਗ੍ਰੰਥ– – ਭਾਈ ਜੋਧ ਸਿੰਘ : ‘ ਗੁਰਮਤਿ ਨਿਰਯਣ’ ]  


ਲੇਖਕ : ਡਾ. ਗ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.