ਹਰੀ ਸਿੰਘ ਨਲਵਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੀ ਸਿੰਘ ਨਲਵਾ (1791-1837): ਮਹਾਰਾਜਾ ਰਣਜੀਤ ਸਿੰਘ ਦਾ ਨਾਮਵਰ ਸੈਨਾਪਤੀ ਜਿਸਦਾ ਜਨਮ ਅਪ੍ਰੈਲ 1791 ਵਿਚ ਸੁੱਕਰਚੱਕੀਆ ਮਿਸਲ ਦੇ ਇਕ ਡੇਰੇਦਾਰ ਸਰਦਾਰ ਗੁਰਦਿਆਲ ਸਿੰਘ ਉੱਪਲ ਦੇ ਘਰ ਜੋ ਅਜੋਕੇ ਪਾਕਿਸਤਾਨ ਦੇ ਗੁਜਰਾਂਵਾਲਾ ਵਿਚ ਹੈ, ਹੋਇਆ ਸੀ। ਮੂਲਰੂਪ ਵਿਚ ਇਹ ਪਰਵਾਰ ਅੰਮ੍ਰਿਤਸਰ ਦੇ ਨੇੜੇ ਮਜੀਠਾ ਪਿੰਡ ਦਾ ਰਹਿਣ ਵਾਲਾ ਸੀ। ਇਸਦਾ ਦਾਦਾ ਹਰਦਾਸ ਸਿੰਘ 1762 ਵਿਚ ਅਹਮਦ ਸ਼ਾਹ ਦੁੱਰਾਨੀ ਨਾਲ ਲੜਦਾ ਹੋਇਆ ਸ਼ਹੀਦ ਹੋਇਆ ਸੀ। ਇਸਦੇ ਪਿਤਾ ਗੁਰਦਿਆਲ ਸਿੰਘ ਨੇ ਸੁੱਕਰਚੱਕੀਆ ਦੀਆਂ ਕਈ ਮੁਹਿੰਮਾਂ ਵਿਚ ਚੜ੍ਹਤ ਸਿੰਘ ਅਤੇ ਮਹਾਂ ਸਿੰਘ ਦੇ ਨਾਲ ਹਿੱਸਾ ਲਿਆ ਸੀ।

      ਹਰੀ ਸਿੰਘ ਮੁਸ਼ਕਿਲ ਨਾਲ 7 ਸਾਲ ਦਾ ਸੀ ਜਦੋਂ ਇਸਦੇ ਪਿਤਾ ਦੀ ਮਿਰਤੂ ਹੋ ਗਈ। ਇਸਦੀ ਮਾਤਾ , ਧਰਮ ਕੌਰ ਨੂੰ ਆਪਣੇ ਭਰਾਵਾਂ ਦੀ ਨਿਗਰਾਨੀ ਹੇਠ ਰਹਿਣ ਲਈ ਆਪਣੇ ਪੇਕੇ ਜਾਣਾ ਪਿਆ। ਉਥੇ ਹੀ ਹਰੀ ਸਿੰਘ ਨੇ ਪੰਜਾਬੀ ਅਤੇ ਫ਼ਾਰਸੀ ਸਿੱਖੀ ਅਤੇ ਘੋੜਸਵਾਰੀ, ਬੰਦੂਕ ਚਲਾਉਣ ਅਤੇ ਤਲਵਾਰਬਾਜ਼ੀ ਵਰਗੇ ਬਹਾਦਰਾਂ ਵਾਲੇ ਹੁਨਰਾਂ ਵਿਚ ਮੁਹਾਰਤ ਪ੍ਰਾਪਤ ਕੀਤੀ। ਜਦੋਂ ਉਸਦੇ ਪੁੱਤਰ ਦੀ ਉਮਰ 13 ਸਾਲ ਦੇ ਕਰੀਬ ਸੀ ਤਾਂ ਧਰਮ ਕੌਰ ਵਾਪਸ ਗੁਜਰਾਂਵਾਲਾ ਚੱਲੀ ਗਈ।1805 ਵਿਚ, ਸਿੱਖ ਫ਼ੌਜ ਵਿਚ ਭਰਤੀ ਲਈ ਹੋ ਰਹੀ ਇਕ ਪਰਖ ਵਿਚ ਹਰੀ ਸਿੰਘ ਸ਼ਾਮਲ ਹੋਇਆ ਅਤੇ ਮਹਾਰਾਜਾ ਰਣਜੀਤ ਸਿੰਘ ਵੱਖ-ਵੱਖ ਕਵਾਇਦਾਂ ਵਿਚ ਇਸ ਦੀ ਕੁਸ਼ਲਤਾ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਇਸ ਨੂੰ ਆਪਣਾ ਨਿੱਜੀ ਸੇਵਾਦਾਰ ਰੱਖ ਲਿਆ। ਛੇਤੀ ਹੀ ਪਿੱਛੋਂ ਇਸਨੂੰ ਕਮਿਸ਼ਨ ਦਾ ਅਹੁਦਾ ਦੇ ਕੇ 800 ਘੋੜ ਸਵਾਰਾਂ ਅਤੇ ਪੈਦਲਾਂ ਦੀ ਕਮਾਨ ਦਿੱਤੀ ਗਈ। ਇਹ ਫ਼ੌਰੀ ਤਰੱਕੀ ਇਕ ਘਟਨਾ ਕਰਕੇ ਹੋਈ, ਜਿਸ ਵਿਚ ਇਸਨੇ ਤਲਵਾਰ ਨਾਲ ਉਸ ਬਾਘ ਦਾ ਸਿਰ ਵੱਢ ਦਿੱਤਾ ਸੀ ਜਿਸਨੇ ਇਸਨੂੰ ਜਕੜ ਲਿਆ ਸੀ। ਉਸ ਦਿਨ ਤੋਂ ਇਸਨੂੰ ਬਾਘਮਾਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਅਤੇ ਇਸਨੂੰ ਨਲਵਾ ਦਾ ਖ਼ਿਤਾਬ ਦਿੱਤਾ ਗਿਆ।

      1807 ਵਿਚ, ਮਹਾਰਾਜਾ ਦੇ ਕਸੂਰ ਉੱਤੇ ਆਖ਼ਰੀ ਹਮਲੇ ਵੇਲੇ ਹਰੀ ਸਿੰਘ ਇਕ ਪਲਟਨ ਦਾ ਸੈਨਾਪਤੀ ਸੀ ਅਤੇ ਇਸਨੇ ਜੰਗ ਦੇ ਮੈਦਾਨ ਵਿਚ ਆਪਣੀ ਬਹਾਦਰੀ ਦਿਖਾਈ। ਇਸਨੂੰ ਇਨਾਮ ਵਜੋਂ ਚੋਖੀ ਜਗੀਰ ਦਿੱਤੀ ਗਈ।ਇਸਨੇ 1809-10 ਵਿਚ ਸਿਆਲਕੋਟ , ਸਾਹੀਵਾਲ ਅਤੇ ਖ਼ੁਸ਼ਾਬ ਦੀਆਂ ਮੁਹਿੰਮਾਂ ਵਿਚ ਅਤੇ ਰਣਜੀਤ ਸਿੰਘ ਦੀਆਂ ਮੁਲਤਾਨ ਦੇ ਖ਼ਿਲਾਫ਼ ਸੱਤ ਮੁਹਿੰਮਾਂ ਵਿਚੋਂ ਚਾਰ (1810, 1816, 1817 ਅਤੇ 1818) ਵਿਚ ਹਿੱਸਾ ਲਿਆ।ਇਹ ਦੀਵਾਨ ਮੋਹਕਮ ਚੰਦ ਤੋਂ ਦੂਸਰੇ ਦਰਜੇ ਦੇ ਸੈਨਾਪਤੀ ਦੇ ਤੌਰ ਤੇ 1813 ਵਿਚ ਅਟਕ ਦੀ ਲੜਾਈ ਵਿਚ ਅਤੇ ਕਸ਼ਮੀਰ ਵਿਚ 1814 ਅਤੇ 1819 ਵਿਚ ਲੜਿਆ। 1820 ਵਿਚ, ਕਸ਼ਮੀਰ ਤੇ ਕਬਜ਼ਾ ਕਰ ਲਿਆ ਗਿਆ ਅਤੇ ਹਰੀ ਸਿੰਘ ਨੂੰ ਦੀਵਾਨ ਮੋਤੀ ਰਾਮ ਤੋਂ ਪਿੱਛੋਂ ਇਸਦਾ ਰਾਜਪਾਲ ਥਾਪਿਆ ਗਿਆ ਸੀ। ਇਸਨੇ ਇਹਨਾਂ ਗੜਬੜੀ ਵਾਲੇ ਇਲਾਕਿਆਂ ਵਿਚ ਸ਼ਾਂਤੀ ਕਾਇਮ ਕਰ ਦਿੱਤੀ ਅਤੇ ਸਰਕਾਰੀ ਪ੍ਰਸ਼ਾਸਨ ਦਾ ਪੁਨਰ ਗਠਨ ਕੀਤਾ। ਇਲਾਕਾ ਪਰਗਣਿਆਂ ਅਤੇ ਥਾਣਿਆਂ ਵਿਚ ਵੰਡਿਆ ਗਿਆ: ਹਰ ਪਰਗਣਾ ਇਕ ਪਰਗਣੇ ਦੇ ਮੁਖੀ ਅਤੇ ਹਰ ਥਾਣਾ ਇਕ ਥਾਣੇਦਾਰ ਦੇ ਅਧੀਨ ਰੱਖਿਆ ਗਿਆ। ਪੱਕੇ ਅਪਰਾਧੀ ਕਾਬੂ ਕੀਤੇ ਗਏ ਸਨ ਅਤੇ ਕਾਫ਼ੀ ਗਿਣਤੀ ਵਿਚ ਜੰਗਲਾਂ ਵਿਚ ਰਹਿੰਦੇ ਡਾਕੂਆਂ ਦਾ ਦਮਨ ਕਰ ਦਿੱਤਾ ਗਿਆ ਸੀ ।ਉੜੀ ਅਤੇ ਮੁਜ਼ੱਫ਼ਰਾਬਾਦ ਵਿਚ ਕਿਲ੍ਹਿਆਂ, ਮਟਨ ਅਤੇ ਬਾਰਾਮੂਲਾ ਵਿਚ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਇਸਨੇ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਦਰਿਆ ਜੇਹਲਮ ਦੇ ਕੰਢੇ ਉੱਤੇ ਵਿਸ਼ਾਲ ਬਾਗ਼ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ।1821 ਦੇ ਬੇਮਿਸਾਲ ਹੜ੍ਹਾਂ ਵੇਲੇ ਲੋਕਾਂ ਦੀ ਤਕਲੀਫ਼ ਨੂੰ ਘਟਾਉਣ ਲਈ ਇਸਨੇ ਤੁਰੰਤ ਰਾਹਤ ਪਹੁੰਚਾਉਣ ਦੇ ਕਈ ਉਪਾਅ ਕੀਤੇ। ਮਹਾਰਾਜਾ ਰਣਜੀਤ ਸਿੰਘ ਵੱਲੋਂ ਹਰੀ ਸਿੰਘ ਨੂੰ ਇਕ ਖ਼ਾਸ ਰਿਆਇਤ ਦਿੱਤੀ ਗਈ ਜਿਸ ਵਿਚ ਉਸਨੇ ਹਰੀ ਸਿੰਘ ਨੂੰ ਆਪਣੇ ਨਾਂ ਤੇ ਸਿੱਕਾ ਚਲਾਉਣ ਦੀ ਆਗਿਆ ਦੇ ਦਿੱਤੀ ਸੀ।ਇਹ ਸਿੱਕਾ, ਜਿਹੜਾ ‘ਹਰੀ ਸਿੰਘ ਰੁਪਈਆ` ਨਾਂ ਨਾਲ ਜਾਣਿਆ ਜਾਂਦਾ ਹੈ, ਉਨ੍ਹੀਵੀਂ ਸਦੀ ਦੇ ਅਖੀਰਲੇ ਸਾਲਾਂ ਤਕ ਇਸ ਘਾਟੀ ਵਿਚ ਚਾਲੂ ਰਿਹਾ।1822 ਵਿਚ, ਇਸਨੂੰ ਸਿੱਖ ਰਾਜ ਦੇ ਉੱਤਰ-ਪੱਛਮ ਵਿਚ ਹਜ਼ਾਰਾ ਦੇ ਪਠਾਨ ਇਲਾਕੇ ਵਿਚ ਲਗਾਇਆ ਗਿਆ ਜਿੱਥੇ ਇਹ 15 ਸਾਲਾਂ ਤਕ ਰਿਹਾ।ਇਸਨੇ ਗੜਬੜੀ ਵਾਲੇ ਇਲਾਕੇ ਵਿਚ ਅਮਨ ਸ਼ਾਂਤੀ ਕਾਇਮ ਕਰ ਦਿੱਤੀ। ਇਸਨੇ ਦੋਰ ਦਰਿਆ ਦੇ ਖੱਬੇ ਕਿਨਾਰੇ ਉੱਤੇ ਸਾਲਿਕ ਸਰਾਇ ਦੇ ਨੇੜੇ ਅਤੇ ਹਸਨ ਅਬਦਾਲ ਤੋਂ ਐੱਬਟਾਬਾਦ ਸੜਕ ਉੱਤੇ ਇਕ ਮਜ਼ਬੂਤ ਕਿਲ੍ਹਾ ਬਣਾਇਆ ਅਤੇ ਅਠਵੇਂ ਗੁਰੂ ਦੇ ਸਤਿਕਾਰ ਵਿਚ ਇਸ ਦਾ ਨਾਂ ਹਰਿਕਿਸ਼ਨਗੜ੍ਹ ਰੱਖਿਆ। ਹਰੀਪੁਰ ਕਿਲ੍ਹੇ ਦੇ ਨੇੜੇ ਹੀ ਇਸਨੇ ਇਕ ਸ਼ਹਿਰ ਵੀ ਵਸਾਇਆ ਜਿਹੜਾ ਪਿੱਛੋਂ ਇਕ ਰੁਝੇਵਿਆਂ-ਭਰਪੂਰ ਤਜ਼ਾਰਤੀ ਅਤੇ ਵਪਾਰਿਕ ਕੇਂਦਰ ਬਣਿਆ। 1827 ਤੋਂ 1831 ਤਕ ਇਹ ਸਯੱਦ ਅਹਮਦ ਬਰੇਲਵੀ ਦੀ ਸਿੱਖਾਂ ਵਿਰੁੱਧ ਇਕ ਸਖ਼ਤ ਮੁਹਿੰਮ ਨੂੰ ਪਛਾੜਨ ਵਿਚ ਰੁੱਝਿਆ ਰਿਹਾ।

      1834 ਵਿਚ, ਹਰੀ ਸਿੰਘ ਨੇ ਆਖ਼ਰ ਵਿਚ ਪਿਸ਼ਾਵਰ ਉੱਤੇ ਕਬਜ਼ਾ ਕਰਕੇ ਇਸਨੂੰ ਸਿੱਖ ਰਾਜ ਨਾਲ ਮਿਲਾ ਦਿੱਤਾ। ਦੋ ਸਾਲਾਂ ਪਿੱਛੋਂ ਇਸਨੇ ਖ਼ੈਬਰ ਦੱਰੇ ਦੇ ਮੁਹਾਨੇ ਉੱਤੇ ਜਮਰੌਦ ਵਿਚ ਇਕ ਕਿਲ੍ਹਾ ਬਣਾਇਆ ਅਤੇ ਉੱਤਰ-ਪੱਛਮ ਤੋਂ ਹਮਲਾਵਰਾਂ ਦਾ ਸਦਾ ਲਈ ਰਾਹ ਬੰਦ ਕਰ ਦਿੱਤਾ।

     30 ਅਪ੍ਰੈਲ 1837 ਨੂੰ ਜਦੋਂ ਇਹ ਅਕਬਰ ਖ਼ਾਨ ਦੇ ਅਧੀਨ ਲੜ ਰਹੇ ਅਫ਼ਗ਼ਾਨਾਂ ਨਾਲ ਭਿਆਨਕ ਲੜਾਈ ਵਿਚ ਰੁੱਝਿਆ ਹੋਇਆ ਸੀ, ਹਰੀ ਸਿੰਘ ਨੂੰ ਚਾਰ ਜ਼ਖ਼ਮ ਲੱਗੇ ਅਤੇ ਤੇਗ ਦੇ ਦੋ ਫੱਟ ਇਸ ਦੀ ਛਾਤੀ ਤੇ ਲੱਗੇ।ਇਹ ਉਦੋਂ ਤਕ ਪਹਿਲਾਂ ਦੀ ਤਰ੍ਹਾਂ ਹੁਕਮ ਦਿੰਦਾ ਰਿਹਾ ਜਦੋਂ ਤਕ ਇਸਨੂੰ ਬੰਦੂਕ ਦੀ ਗੋਲੀ ਆਪਣੇ ਇਕ ਪਾਸੇ ਨਾ ਆ ਲੱਗੀ। ਆਖ਼ਰੀ ਵਾਰ ਇਸਨੇ ਖ਼ਤਮ ਹੋ ਰਹੀ ਸ਼ਕਤੀ ਨੂੰ ਇਕੱਠਾ ਕਰਨ ਦਾ ਹੀਆ ਕੀਤਾ ਅਤੇ ਘੋੜਾ ਦੌੜਾ ਕੇ ਆਪਣੇ ਖੇਤਰੀ ਤੰਬੂ ਤਕ ਚੱਲਾ ਗਿਆ ਜਿੱਥੋਂ ਇਸਨੂੰ ਕਿਲ੍ਹੇ ਵਿਚ ਲਿਜਾਇਆ ਗਿਆ। ਇਸੇ ਸ਼ਾਮ ਨੂੰ ਇੱਥੇ ਹੀ ਇਹ ਮਹਾਨ ਜਰਨੈਲ ਸਦਾ ਦੀ ਨੀਂਦ ਸੌਂ ਗਿਆ। ਇਸਦੀ ਆਖ਼ਰੀ ਹਿਦਾਇਤ ਸੀ ਕਿ ਉਸਦੀ ਮੌਤ ਮਹਾਰਾਜਾ ਦੀ ਰਾਹਤ-ਕੁਮੁਕ ਆਉਣ ਤਕ ਗੁਪਤ ਰੱਖੀ ਜਾਵੇ।            


ਲੇਖਕ : ਅਉ.ਸ.ਸੰ ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਨਲਵਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀ ਸਿੰਘ ਨਲਵਾ –––– ਸਰਦਾਰ ਹਰੀ ਸਿੰਘ ਨਲਵਾ ਦਾ ਜਨਮ 1791 ਈ. (ਸੰਮਤ 1848) ਵਿਚ ਗੁਜਰਾਂਵਾਲਾ ਵਿਖੇ ਸਰਦਾਰ ਗੁਰਦਿਆਲ ਸਿੰਘ (ਉੱਪਲ, ਖੱਤਰੀ) ਦੇ ਘਰ ਹੋਇਆ। ਇਸ ਦੀ ਮਾਤਾ ਦਾ ਨਾਂ ਧਰਮ ਕੌਰ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਜਰਨੈਲ ਸੀ। ਇਸਨੇ ਸਿੱਖ ਰਾਜ ਸਮੇਂ ਅਨੇਕਾਂ ਲੜਾਈਆਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਦੀ ਉਮਰ ਅਜੇ ਸੱਤਾਂ ਵfਰ੍ਹਆ ਦੀ ਹੀ ਸੀ ਜਦੋਂ ਇਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਫਿਰ ਇਸ ਨੂੰ ਇਸ ਦੇ ਮਾਮੇ ਨੇ ਪਾਲਿਆ। ਭਾਵੇਂ ਕਿ ਕੋਈ ਵਿਧੀਵਤ ਸੈਨਿਕ ਸਿਖਲਾਈ ਇਸ ਨੂੰ ਨਹੀਂ ਦਿੱਤੀ ਗਈ ਫਿਰ ਵੀ 15 ਸਾਲ ਦੀ ਉਮਰ ਤਕ ਇਸਨੇ ਲੜਾਈ ਦੇ ਸਾਰੇ ਤਰੀਕੇ ਸਿੱਖ ਲਏ। ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਇਕ ਸ਼ਾਨਦਾਰ ਦਰਬਾਰ ਕਰਦਾ ਸੀ ਜਿਥੇ ਫ਼ੌਜ ਵਿਚ ਭਰਤੀ ਕਰਨ ਲਈ ਗਭਰੂਆਂ ਦੇ ਫ਼ੌਜੀ ਕਰਤੱਵ ਦੇਖੇ ਜਾਂਦੇ ਸਨ। ਅਜਿਹਾ ਹੀ ਇਕ ਦਰਬਾਰ 1805 ਈ. ਵਿਚ ਹੋਇਆ। ਜਿਸ ਵਿਚ ਹਰੀ ਸਿੰਘ ਨੇ ਆਪਣੇ ਕਮਾਲ ਦਾ ਇੱਨਾਂ ਵਧੀਆਂ ਪ੍ਰਦਰਸ਼ਨ ਕੀਤਾ ਕਿ ਮਹਾਰਾਜ ਨੇ ਇਸਨੂੰ ਆਪਣੀ ‘ਫ਼ੌਜ–ਖਾਸ’ ਵਿਚ ਭਰਤੀ ਕਰ ਲਿਆ।

          ਮਹਾਰਾਜਾ ਕੋਲ ਭਰਤੀ ਹੋਣ ਤੋਂ ਥੋੜ੍ਹਾ ਚਿਰ ਪਿਛੋਂ ਹੀ ਇਕ ਦਿਨ ਇਹ ਮਹਾਰਾਜਾ ਨਾਲ ਸ਼ਿਕਾਰ ਖੇਡਣ ਗਿਆ ਜਿਥੇ ਇਸ ਨੇ ਇਕ ਸ਼ੇਰ ਨੂੰ ਮਾਰ ਲਿਆ। ਇਸ ਬਹਾਦਰੀ ਸਦਕਾ ਹਰੀ ਸਿੰਘ ਨੂੰ ‘ਨਲਵਾ’ ਦਾ ਖਿਤਾਬ ਦਿੱਤਾ ਗਿਆ। ਕਹਿੰਦੇ ਹਨ ਕਿ ਰਾਜਾ ‘ਨਲ ਸ਼ੇਰ ਮਾਰਨ ਵਿਚ ਪ੍ਰਸਿੱਧ ਸੀ। ਇਸ ਲਈ ਜਦੋਂ ਹਰੀ ਸਿੰਘ ਨੇ ਸ਼ੇਰ ਮਾਰਿਆ ਤਾਂ ਇਸ ਨੂੰ ਵੀ ‘ਨਲ’ ਦਾ ਖ਼ਿਤਾਬ ਮਿਲਿਆ ਜੋ ਸ਼ਬਦ ਬਾਅਦ ਵਿਚ ਰੂਪ ਵਟਾ ਕੇ ਨਲਵਾ ਹੋ ਗਿਆ।

          ਆਪਣੀ ਤੀਖਣ ਬੁੱਧੀ ਤੇ ਸਿਆਣਪ ਕਰਕੇ ਅਤੇ ਆਪਣੀਆਂ ਨਾਂ ਕੇਵਲ ਬਹਾਦਰੀ ਵਾਲੀਆਂ ਸਗੋਂ ਸਿਆਣੇ ਪ੍ਰਸ਼ਾਸਕ ਵਾਲੀਆਂ ਖ਼ੂਬੀਆਂ ਸਦਕਾ ਇਸ ਨੇ ਮਹਾਰਾਜਾ ਦੇ ਦਿਲ ਵਿਚ ਇਕ ਡੂੰਘੀ ਥਾਂ ਬਣਾ ਲਈ ਜਿਸ ਸਦਕਾ ਮਹਾਰਾਜਾ ਨੇ ਇਕ ਦਿਨ ਨਲਵੇ ਨੂੰ ਕਿਹਾ ਕਿ ‘‘ਰਾਜ ਕਰਨ ਲਈ ਤੇਰੇ ਵਰਗੇ ਆਦਮੀ ਹੋਣੇ ਜ਼ਰੂਰੀ ਹਨ। ’’

          1807 ਵਿਚ ਕਸੂਰ ਦੀ ਲੜਾਈ ਵਿਚ ਇਸਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ। 1810 ਵਿਚ ਇਸ ਨੇ ਸਿਆਲਕੋਟ ਤੇ ਚੜ੍ਹਾਈ ਕਰ ਦਿੱਤੀ, ਪਹਿਲੇ ਦੋ ਦਿਨ ਖਾਲਸਾ ਫ਼ੌਜ ਕੋਈ ਨਿਰਣਾਜਨਕ ਕਾਰਜ ਨਾ ਕਰ ਸਕੀਆਂ, ਤੀਸਰੇ ਦਿਨ ਨਲਵੇ ਨੇ ਫ਼ੌਜਾਂ ਨੂੰ ਹੱਲਾ ਸ਼ੇਰੀ ਦਿੱਤੀ ਅਤੇ ਮਹਾਰਾਜੇ ਦਾ ਝੰਡਾ ਫੜਕੇ ਇਸ ਜੋਸ਼ ਨਾਲ ਅੱਗੇ ਵਧਿਆ ਕਿ ਇਕ ਦਿਵਾਰ ਉਪਰੋਂ ਦੀ ਚੜ੍ਹ ਕੇ ਕਿਲੇ ਤੇ ਝੰਡਾ ਜਾ ਗੱਡਿਆ। ਇਹ ਫ਼ੌਜਾਂ ਲਈ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਇਸ਼ਾਰਾ ਸੀ ਕਿ ਉਨ੍ਹਾਂ ਨੇ ਕਿਲਾ ਫਤਿਹ ਕਰ ਲਿਆ ਹੈ।

          1810 ਈ. ਵਿਚ ਹੀ ਜਦੋਂ ਮੁਲਤਾਨ ਤੇ ਹਮਲਾ ਕੀਤਾ ਗਿਆ ਤਾਂ ਨਲਵਾ ਨੇ ਇਕ ਬਹਾਦੁਰ ਸਿਪਾਹੀ ਵਰਗਾ ਕਾਰਜ ਕੀਤਾ ਅਤੇ ਲੜਾਈ ਦੇ ਮੈਦਾਨ ਵਿਚ ਜ਼ਖ਼ਮੀ ਹੋ ਗਿਆ। ਫਿਰ 1813 ਵਿਚ ਇਸ ਨੇ ਮੋਹਕਮ ਚੰਦ ਨਾਲ ਰਲਕੇ ਹਜਰੋ ਦੇ ਸਥਾਨ ਤੇ ਅਫ਼ਗਾਨਾ ਨੂੰ ਹਾਰ ਦਿੱਤੀ। 1815 ਵਿਚ ਇਹ ਅਰਧ ਪਹਾੜੀ ਕਸ਼ਮੀਰੀ ਇਲਾਕਿਆਂ ਸਮੇਤ ਰਾਜੌਰੀ ਦੇ ਸਰਦਾਰਾਂ ਉਪਰ ਹਾਵੀ ਹਇਆ ਅਤੇ ਝਨਾਂ ਦੇ ਕਿਨਾਰੇ ਦੇ ਕੁਝ ਸਰਦਾਰਾਂ ਪਾਸੋਂ ਛਿਆਨੀ ਵਸੂਲ ਕੀਤੀ। 1818 ਵਿਚ ਇਸ ਨੇ ਕੰਵਰ ਖੜਕ ਸਿੰਘ ਨਾਲ ਰਲਕੇ ਮੁਲਤਾਨ ਉਪਰ ਹਮਲਾ ਕੀਤਾ ਅਤੇ ਇਸ ਹਮਲੇ ਵਿਚ ਇਨ੍ਹਾਂ ਨੇ ਪੱਕੇ ਤੌਰ ਤੇ ਇਹ ਇਲਾਕਾ ਫ਼ਤਹਿ ਕਰ ਲਿਆ। 1819 ਵਿਚ ਇਸ ਨੇ ਇਕ ਫ਼ੌਜੀ ਟੋਲੀ ਦੀ ਅਗਵਾਈ ਕੀਤੀ ਅਤੇ ਕਸ਼ਮੀਰ ਦੇ ਰਜਵਾੜਿਆਂ ਨੂੰ ਦਬਾਅ ਕੇ ਉਸ ਵਾਦੀ ਵਿਚੋਂ 500 ਸਾਲਾਂ ਤੋਂ ਚਲਿਆ ਆ ਰਿਹਾ ਮੁਸਲਮਾਨਾਂ ਦਾ ਰਾਜ ਸਮਾਪਤ ਕਰ ਦਿੱਤਾ। ਇਸ ਤੋਂ ਪਿਛੋਂ ਇਸ ਨੂੰ ਇਸ ਵਾਦੀ ਦਾ ਗਵਰਨਰ ਨਿਯੁਕਤ ਕਰ ਦਿੱਤਾ। ਗਿਆ ਅਤੇ ਇਸ ਕੰਮ ਨੂੰ ਇਸ ਨੇ ਬਹੁਤ ਸਫ਼ਲਤਾ ਨਾਲ ਨਿਭਾਇਆ।

          ਨਵੰਬਰ, 1821 ਵਿਚ ਇਕ ਹੋਰ ਮਹੱਤਵਪੂਰਨ ਘਟਨਾ ਵਾਪਰੀ। ਜਦੋਂ ਨਲਵਾ ਸਰਦਾਰ ਮੁਜ਼ਫਰਾਬਾਦ ਦੇ ਰਸਤੇ 7,000 ਸੈਨਕਾਂ ਅਤੇ ਬਹੁਤ ਸਾਰੇ ਖਜ਼ਾਨੇ ਨਾਲ ਲਾਹੌਰ ਨੂੰ ਵਾਪਸ ਆ ਰਿਹਾ ਸੀ। ਉਸ ਸਮੇਂ ਹਜ਼ਾਰਾ ਦੇ ਲਗਭਗ 30,000 ਲੋਕ ਮੰਗਲੀ ਦਰੇ ਤੇ ਇਕੱਠੇ ਹੋ ਗਏ ਅਤੇ ਇਸ ਨੂੰ ਚੁੰਗੀ ਦੇਣ ਲਈ ਰੋਕਿਆ। ਨਲਵੇ ਨੇ ਉਨ੍ਹਾਂ ਨੂੰ ਸਮਝਾਉਣਾ ਚਾਹਿਆ ਪਰ ਇਸ ਗੱਲ ਵਿਚ ਸਫ਼ਲਤਾ ਨਾ ਮਿਲਣ ਕਰਕੇ ਉਥੇ ਡਟ ਕੇ ਲੜਾਈ ਹੋਈ। ਇਸ ਨੇ ਆਪਣੇ 7,000 ਫ਼ੌਜੀਆਂ ਨਾਲ 30,000 ਨੂੰ ਭਾਂਜ ਦਿੱਤੀ ਅਤੇ ਮੌਕੇ ਤੇ ਹੀ 2,000 ਅਫਗਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਹ ਅਜਿਹੀ ਤਕੜੀ ਜਿੱਤ ਸੀ ਕਿ ਇਸ ਤੋਂ ਪਿਛੋਂ ਨਲਵੇ ਨੂੰ ਹੀ ਹਜ਼ਾਰਾ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ। ਇਥੇ ਫਿਰ ਨਲਵਾ ਬਹੁਤ ਸਫ਼ਲ ਰਿਹਾ ਜਦ ਕਿ ਇਸ ਤੋਂ ਪਿਛੋਂ ਬਣੇ ਗਵਰਨਰ ਮੋਹਕਮ ਚੰਦ ਅਤੇ ਰਾਮ ਦਿਆਲ ਨੂੰ ਕਤਲ ਕਰ ਦਿੱਤਾ ਗਿਆ। ਹਜ਼ਾਰਾ ਦੀ ਗਵਰਨਰੀ ਵੇਲੇ ਸ੍ਰ. ਹਰੀ ਸਿੰਘ ਨੇ ਆਪਣੇ ਨਾਂ ਤੇ ‘ਹਰੀਪੁਰ’ ਨਵਾਂ ਸ਼ਹਿਰ ਵਸਾਇਆ ਅਤੇ ਕਿਸ਼ਨਗੜ੍ਹ ਦਾ ਕਿਲਾ ਵੀ ਬਣਵਾਇਆ। ਜੋ ਇਸ ਦੀਆਂ ਹੁਣ ਤਕ ਜਿਉਂਦੀਆਂ ਨਿਸ਼ਾਨੀਆਂ ਹਨ।

          ਅਟਕ ਦਰਿਆਂ ਤੋਂ ਪਾਰ ਸ਼ੇਰਸ਼ਾਹੀ ਸੜਕ ਦੇ ਨੇੜੇ ਨੌਸ਼ਹਿਰਾ ਅਤੇ ਸੰਗਰਾਮ ਦੇ ਸਥਾਨ ਤੇ ਖ਼ਾਲਸਾ ਫ਼ੌਜਾਂ ਨੇ ਅਫ਼ਗਾਨਾਂ ਨਾਲ ਬਹਾਦਰੀ ਨਾਲ ਯੁੱਧ ਕੀਤਾ ਹਾਲਾਂ ਕਿ ਅਫ਼ਗਾਨਾਂ ਦੀ ਫ਼ੌਜ ਦੀ ਗਿਣਤੀ ਖਾਲਸਾ ਫ਼ੌਜਾਂ ਨਾਲੋਂ ਵੀਹ ਗੁਣਾਂ ਸੀ। ਇਤਨੀ ਸ਼ਕਤੀਸ਼ਾਲੀ ਫ਼ੌਜ ਵਿਰੁੱਧ ਖਾਲਸੇ ਦੀ ਇਹ ਮਹਾਨ ਜਿੱਤ ਸਿੱਖ ਇਤਿਹਾਸ ਵਿਚ ਇਕ ਅਜਿਹਾ ਕਾਰਨਾਮਾ ਹੈ ਜਿਸਤੇ ਸੰਸਾਰ ਦੀ ਹਰੇਕ ਕੌਮ ਅਜਿਹਾ ਕਾਰਨਾਮਾ ਕਰਕੇ ਮਾਣ ਮਹਿਸੂਸ ਕਰੇਗੀ। ਇਸ ਜਿੱਤ ਦਾ ਸਿਹਰਾ ਵੀ ਨਲਵੇ ਦੇ ਸਿਰ ਸੀ। ਪਿਸ਼ਾਵਰ ਨੂੰ ਮਈ, 1834 ਵਿਚ ਸਿੱਖ ਰਾਜ ਵਿਚ ਮਿਲਾਉਣ ਦਾ ਮਾਣ ਵੀ ਸਰਦਾਰ ਹਰੀ ਸਿੰਘ ਨਲਵੇ ਨੂੰ ਪ੍ਰਾਪਤ ਹੋਇਆ। ਬਾਅਦ ਵਿਚ ਜਦੋਂ ਦੋਸਤ ਮੁਹੰਮਦ ਨੇ ਸਿੱਖਾਂ ਵਿਰੁੱਧ ਜਹਾਦ ਦਾ ਐਲਾਨ ਕਰ ਦਿੱਤਾ ਤਾਂ ਨਲਵਾ ਆਪ ਇਕੱਲਾ 20,000 ਦੀ ਫ਼ੌਜ ਨਾਲ ਟੱਕਰ ਲੈਣ ਨੂੰ ਤਿਆਰ ਸੀ ਪਰੰਤੂ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਉਸ ਦੇ ਹੁਕਮ ਤੋਂ ਬਿਨਾਂ ਅਜਿਹਾ ਨਾਂ ਕੀਤਾ ਜਾਵੇ । ਮਹਾਰਾਜਾ ਰਾਜਨੀਤੀ ਤੋਂ ਕੰਮ ਲੈਣਾ ਚਾਹੁੰਦੇ ਸਨ ਜਿਸ ਵਿਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਈ।

          ਬਾਅਦ ਵਿਚ ਨਲਵੇ ਨੂੰ ਪਿਸ਼ਾਵਰ ਦਾ ਪਹਿਲਾ ਸਿੱਖ ਗਵਰਨਰ ਨਿਯੁਕਤ ਕੀਤਾ ਗਿਆ। ਇਥੇ ਦੂਰ ਦਰਾਜ਼ ਦੇ ਸਰਹੱਦੀ ਇਲਾਕਿਆਂ ਵਿਚ ਇਸਦਾ ਭੈ ਬੈਠ ਗਿਆ ਸੀ ਕਿ ਅੱਜ ਵੀ ਔਰਤਾਂ ਆਪਣੇ ਬੱਚੇ ਨੂੰ ਡਰਾਉਣ ਲਈ, ‘‘ਨਲਵਾ ਰਾਗਲੇ’’ (ਨਲਵਾ ਆਇਆ)' ਸ਼ਬਦ ਕਹਿੰਦੀਆਂ ਹਨ। ਪਿਸ਼ਾਵਰ ਦੇ ਰਾਜ ਪ੍ਰਬੰਧ ਵਿਚ ਵੀ ਨਲਵਾ ਸਰਦਾਰ ਕਸ਼ਮੀਰ ਵਾਂਗ ਹੀ ਸਫ਼ਲ ਹੋਇਆ। ਇਸਨੇ ਹਿੰਦੂਆ ਉੱਤੇ ਲੱਗਾ ਜਜ਼ੀਆ ਜਿਹੜਾ ਉਹ ਔਰੰਗਜ਼ੇਬ ਦੇ ਸਮੇਂ ਤੋਂ ਭਰ ਰਹੇ ਸਨ, ਤੁਰੰਤ ਖਤਮ ਕਰ ਦਿੱਤਾ। ਇਹ ਘਾਟਾ ਪੂਰਾ ਕਰਨ ਲਈ ਮਾਲੀਆ ਨਾ ਭਰਨ ਵਾਲੇ ਮੁਸਲਮਾਨ ਪਰਿਵਾਰਾਂ ਪਾਸੋਂ ਚਾਰ ਰੁਪਏ ਸਾਲਾਨਾਂ ਪ੍ਰਤੀ ਪਰਿਵਾਰ ਜੁਰਮਾਨਾ ਉਗਰਾਹੁਣਾ ਸ਼ੁਰੂ ਕਰ ਦਿੱਤਾ। ਇਸ ਨੇ ਪਿਸ਼ਾਵਰ ਸੂਬੇ ਦੀ ਸਾਲਾਨਾ ਬੱਚਤ 2,64,976 ਰੁਪਏ ਕਰ ਦਿੱਤੀ ਸੀ। ਨਲਵਾ ਦੀ ਸਫਲਤਾ ਤੋਂ ਪ੍ਰਸੰਨ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਨਲਵੇ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਆਗਿਆ ਵੀ ਦੇ ਦਿੱਤੀ ਸੀ। ਅੰਤ 30 ਅਪ੍ਰੈਲ, 1837 ਨੂੰ ਇਹ ਜਮਰੌਦ ਦੇ ਕਿਲੇ ਦੀ ਲੜਾਈ ਵਿਚ ਸ਼ਹੀਦ ਹੋ ਗਿਆ। ਉਸ ਵੇਲੇ ਇਸ ਕੋਲ 3,67,000 ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਸੀ ਜਿਸ ਨੂੰ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜ਼ਬਤ ਕਰ ਲਿਆ ਅਤੇ ਇਸ ਦੇ ਪੁੱਤਰ ਨੂੰ ਇਕ ਨਿੱਕੀ ਜਿਹੀ ਆਸਾਮੀ ਤੇ ਨਿਯੁਕਤ ਕਰ ਦਿੱਤਾ। ਇਸ ਦਾ ਅਰਥ ਇਹ ਨਹੀਂ ਕਿ ਮਹਾਰਾਜਾ ਉਪਰ ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਸੀ ਜਾਂ ਮਹਾਰਾਜਾ ਨੂੰ ਇਸ ਦੇ ਗੁਣਾਂ ਦਾ ਅਹਿਸਾਸ ਨਹੀਂ ਸੀ। ਅਸਲ ਵਿਚ ਜਾਗੀਰਾਂ ਕਿਸੇ ਵਿਅਕਤੀ ਨੂੰ ਉਸਦੀ ਉਮਰ ਲਈ ਹੀ ਦਿੱਤੀਆਂ ਜਾਂਦੀਆਂ ਸਨ। ਨਲਵੇ ਦੀ ਮੌਤ ਤੇ ਮਹਾਰਾਜੇ ਦੀਆਂ ਅੱਖਾਂ ਵਿਚ ਅਥਰੂ ਸਨ ਅਤੇ ਉਨ੍ਹਾਂ ਕਿਹਾ ਕਿ ਖਾਲਸਾ ਰਾਜ ਦਾ ਇਕ ‘ਨਮਕ–ਹਲਾਲ’ ਸੇਵਕ ਚਲ ਵਸਿਆ ਹੈ।

          ਹ. ਪੁ. ––ਮ. ਕੋ. ; ਦੀ ਐਡਵਾਂਸਡ ਹਿਸਟਰੀ ਆਫ ਪੰਜਾਬ, ਜਿ. ਦੂਜੀ; ਹਿ. ਪੰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਨਲਵਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਰੀ ਸਿੰਘ ਨਲਵਾ : ਸਿੱਖ ਰਾਜ ਦੀ ਉਸਾਰੀ ਵਿਚ ਮੁੱਲਵਾਨ ਯੋਗਦਾਨ ਪਾਉਣ ਵਾਲੇ ਇਸ ਪ੍ਰਸਿੱਧ ਜਰਨੈਲ ਦਾ ਜਨਮ 1791 ਈ. ਵਿਚ ਗੁਜਰਾਂਵਾਲੇ ਵਿਖੇ ਸ. ਗੁਰਦਿਆਲ ਸਿੰਘ ਦੇ ਘਰੇ ਹੋਇਆ। ਇਸਦੀ ਮਾਤਾ ਦਾ ਨਾਂ ਧਰਮ ਕੌਰ ਸੀ। ਬਚਪਨ ਵਿਚ ਹੀ ਇਸ ਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਇਸ ਦਾ ਪਾਲਣ ਪੋਸ਼ਣ ਇਸ ਦੇ ਨਾਨਕੇ ਘਰ ਹੋਇਆ। ਇਸ ਨੂੰ ਭਾਵੇਂ ਕੋਈ ਖ਼ਾਸ ਸੈਨਿਕ ਸਿਖਲਾਈ ਨਹੀਂ ਦਿੱਤੀ ਗਈ ਸੀ ਪਰ ਫਿਰ ਵੀ 15 ਸਾਲ ਦੀ ਉਮਰ ਵਿਚ ਹੀ ਇਹ ਜੰਗੀ ਕਰਤਬਾਂ ਵਿਚ ਮਾਹਿਰ ਹੋ ਗਿਆ।

      ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿਖੇ ਹਰ ਸਾਲ ਇਕ ਸ਼ਾਨਦਾਰ ਦਰਬਾਰ ਕਰਿਆ ਕਰਦੇ ਸਨ ਜਿਸ ਵਿਚ ਨੌਜਵਾਨ ਗਭਰੂਆਂ ਦੇ ਫ਼ੌਜੀ ਕਰਤਬ ਦੇਖ ਕੇ ਉਹ ਆਪਣੀ
ਫ਼ੌਜ ਵਿਚ ਭਰਤੀ ਕਰ ਲੈਂਦੇ ਸਨ। ਸੰਨ 1805 ਵਿਚ ਹੋਏ ਇਕ ਅਜਿਹੇ ਦਰਬਾਰ ਵਿਚ ਹੀ ਹਰੀ ਸਿੰਘ ਨੇ ਵੀ ਆਪਣੇ ਕਰਤਬਾਂ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ ਤੇ ਹਰੀ ਸਿੰਘ ਨੂੰ ਆਪਣੀ ਫ਼ੌਜ-ਏ-ਖ਼ਾਸ ਵਿਚ ਭਰਤੀ ਕਰ ਲਿਆ।

    ਮਹਾਰਾਜੇ ਦੀ ਫ਼ੌਜ ਵਿਚ ਭਰਤੀ ਹੋਣ ਮਗਰੋਂ ਇਕ ਵਾਰ ਇਹ ਮਹਾਰਾਜੇ ਨਾਲ ਸ਼ਿਕਾਰ ਖੇਡਣ ਗਿਆ ਤਾਂ ਇਸ ਨੇ ਇਕ ਸ਼ੇਰ ਨੂੰ ਮਾਰ ਦਿੱਤਾ। ਇਸ ਦੀ ਇਸ ਬਹਾਦਰੀ ਸਦਕਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ 'ਨਲਵਾ' ਦਾ ਖ਼ਿਤਾਬ ਦਿੱਤਾ। ਕਹਿੰਦੇ ਹਨ 'ਰਾਜਾ ਨਲ' ਸ਼ੇਰ ਮਾਰਨ ਲਈ ਪ੍ਰਸਿੱਧ ਸੀ ਇਸ ਲਈ ਸ਼ੇਰ ਮਾਰਨ ਉਪਰੰਤ ਇਸ ਨੂੰ 'ਨਲਵਾ' ਖ਼ਿਤਾਬ ਮਿਲਿਆ ਜਿਸ ਦਾ ਅਰਥ ਹੈ 'ਨਲ' ਵਰਗਾ। ਆਪਣੀ ਸਿਆਣਪ, ਤੀਖਣ ਬੁੱਧੀ ਅਤੇ ਪ੍ਰਸ਼ਾਸ਼ਕੀ ਖੂਬੀਆਂ ਕਰ ਕੇ ਇਸ ਨੇ ਮਹਾਰਾਜੇ ਦੇ ਦਿਲ ਵਿਚ ਹੌਲੀ ਹੌਲੀ ਡੂੰਘੀ ਥਾਂ ਬਣਾ ਲਈ।

        ਹਰੀ ਸਿੰਘ ਨਲਵਾ

        ਸੰਨ 1807 ਵਿਚ ਕਸੂਰ ਦੀ ਲੜਾਈ ਵਿਚ ਇਸ ਨੇ ਆਪਣੀ ਅਲੋਕਾਰ ਬਹਾਦਰੀ ਦੇ ਜੌਹਰ ਵਿਖਾਏ। ਸੰਨ 1810 ਵਿਚ ਇਸ ਨੇ ਸਿਆਲਕੋਟ ਉੱਤੇ ਹਮਲਾ ਕਰ ਦਿੱਤਾ। ਪਹਿਲੇ ਦੋ ਦਿਨ ਫ਼ੌਜ ਕੋਈ ਸਿੱਟਾਜਨਕ ਕਾਰਵਾਈ ਨਾ ਕਰ ਸਕੀ। ਤੀਜੇ ਦਿਨ ਨਲਵੇ ਸਰਦਾਰ ਨੇ ਫ਼ੌਜਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਇਹ ਮਹਾਰਾਜੇ ਦਾ ਝੰਡਾ ਫੜ੍ਹ ਕੇ ਅੱਗੇ ਵਧਿਆ ਅਤੇ ਦੀਵਾਰ ਉੱਪਰ ਚੜ੍ਹ ਕੇ ਕਿਲੇ ਉੱਪਰ ਝੰਡਾ ਗੱਡ ਦਿੱਤਾ ਜਿਸ ਨਾਲ ਫ਼ੌਜਾਂ ਦਾ ਇਰਾਦਾ ਦ੍ਰਿੜ ਹੋ ਗਿਆ ਅਤੇ ਉਨ੍ਹਾਂ ਨੇ ਕਿਲਾ ਫ਼ਤਹਿ ਕਰ ਲਿਆ। ਸੰਨ 1810 ਵਿਚ ਹੀ ਮੁਲਤਾਨ ਉੱਤੇ ਹਮਲਾ ਕੀਤਾ ਤੇ ਦਲੇਰੀ ਨਾਲ ਲੜਦਾ ਜਖ਼ਮੀ ਹੋਇਆ। ਸੰਨ 1813 ਵਿਚ ਮੋੋਹਕਮ ਚੰਦ ਨਾਲ ਰਲ ਕੇ ਹਜ਼ਰੋ ਦੇ ਸਥਾਨ ਉੱਤੇ ਅਫ਼ਗਾਨਾਂ ਨੂੰ ਹਰਾਇਆ। ਸੰਨ 1815 ਵਿਚ ਇਹ ਅਰਧ ਪਹਾੜੀ ਕਸ਼ਮੀਰੀ ਇਲਾਕਿਆਂ ਸਮੇਤ ਰਾਜੌਰੀ ਦੇ ਸਰਦਾਰਾਂ ਪਾਸੋਂ ਛਿਆਨੀ ਵਸੂਲ ਕੀਤਾ। ਸੰਨ 1818 ਵਿਚ ਇਸ ਨੇ ਕੰਵਰ ਖਨਕ ਸਿੰਘ ਨਾਲ ਰਲ ਕੇ ਮੁਲਤਾਨ ਉੱਪਰ ਹਮਲਾ ਕੀਤਾ ਅਤੇ ਇਸ ਵਾਰ ਮੁਲਤਾਨ ਨੂੰ ਪੱਕੇ ਤੌਰ ਤੇ ਜਿੱਤ ਲਿਆ। ਸੰਨ 1819 ਵਿਚ ਇਸ ਨੇ ਕਸ਼ਮੀਰ ਦੇ ਰਜਵਾੜਿਆਂ ਨੂੰ ਦਬਾ ਕੇ ਉਸ ਵਾਦੀ ਵਿਚ 500 ਸਾਲਾਂ ਤੋਂ ਚਲੇ ਆ ਰਹੇ ਮੁਸਲਮਾਨਾਂ ਦੇ ਰਾਜ ਨੂੰ ਸਮਾਪਤ ਕਰ ਦਿੱਤਾ। ਇਸ ਜਿੱਤ ਤੋਂ ਬਾਅਦ ਇਸ ਨੂੰ ਇਸ ਵਾਦੀ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ ਅਤੇ ਇਸ ਨੇ ਬੜੀ ਸਫ਼ਲਤਾ ਪੂਰਬਕ ਆਪਣੇ ਕਾਰਜ ਨੂੰ ਨਿਭਾਇਆ।

       ਨਵੰਬਰ, 1821 ਵਿਚ ਇਕ ਹੋਰ ਬਹੁਤ ਮਹੱਤਵਪੂਰਨ ਘਟਨਾ ਵਾਪਰੀ। ਹਰੀ ਸਿੰਘ ਨਲਵਾ 7000 ਸੈਨਿਕਾਂ ਅਤੇ ਬਹੁਤ ਸਾਰੇ ਖ਼ਜ਼ਾਨੇ ਨਾਲ ਮੁਜ਼ਫਰਾਬਾਦ ਦੇ ਰਸਤੇ ਲਾਹੌਰ ਨੂੰ ਵਾਪਸ ਆ ਰਿਹਾ ਸੀ ਤਾਂ ਹਜ਼ਾਰਾ ਦੇ ਨਜ਼ਦੀਕ 30,000 ਆਦਮੀ ਮੰਗਲੀ ਦਰ੍ਹੇ ਉੱਤੇ ਇਕੱਠ ਹੋ ਗਏ ਤੇ ਉਨ੍ਹਾਂ ਨੇ ਇਸ ਨੂੰ ਚੁੰਗੀ ਦੇਣ ਲਈ ਰੋਕਿਆ। ਨਲਵੇ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਇਸ ਨੂੰ ਨਾ ਮੰਨਦੇ ਦਿਖਾਈ ਦਿੱਤੇ ਤਾਂ ਇਸ ਨੇ ਡਟ ਕੇ ਲੜਾਈ ਕੀਤੀ ਅਤੇ ਸਿਰਫ 7,000 ਫ਼ੌਜੀਆਂ ਨਾਲ 30,000 ਨੂੰ ਹਰਾ ਦਿੱਤਾ ਅਤੇ 2,000 ਅਫ਼ਗਾਨਾਂ ਨੂੰ ਥਾਂ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵੱਡੀ ਜਿੱਤ ਦੇ ਫ਼ਲਸਰੂਪ ਇਸ ਨੂੰ ਹਜ਼ਾਰਾ ਦਾ ਗਵਰਨਰ ਬਣਾ ਦਿੱਤਾ ਗਿਆ। ਹਜ਼ਾਰਾ ਦੀ ਗਵਰਨਰੀ ਵੇਲੇ ਇਸ ਨੇ ਆਪਣੇ ਨਾਂ ਤੇ ਇਕ ਨਵਾਂ ਸ਼ਹਿਰ 'ਹਰੀਪੁਰ' ਅਤੇ ਕਿਸ਼ਨਗਨ੍ਹ ਕਿਲਾ ਬਣਵਾਇਆ।

  ਨੌਸ਼ਹਿਰਾ ਅਤੇ ਸੰਗਰਾਮ ਦੇ ਸਥਾਨ ਉੱਤੇ ਹੋਈ ਇਕ ਲੜਾਈ ਵਿਚ ਅਟਕ ਦਰਿਆ ਤੋਂ ਪਾਰ ਜਰਨੈਲੀ ਸੜਕ ਦੇ ਨੇੜੇ ਖ਼ਾਲਸਾ ਫ਼ੌਜਾਂ ਨੇ ਅਫ਼ਗਾਨਾਂ ਨਾਲ ਬਹੁਤ ਬਹਾਦਰੀ ਨਾਲ ਯੁੱਧ ਕੀਤਾ। ਭਾਵੇਂ ਅਫ਼ਗਾਨਾਂ ਦੀ ਫ਼ੌਜ ਦੀ ਗਿਣਤੀ ਖ਼ਾਲਸਾ ਫ਼ੌਜ ਨਾਲੋਂ ਵੀਹ ਗੁਣਾ ਸੀ ਫਿਰ ਵੀ ਖ਼ਾਲਸਾ ਫ਼ੌਜ ਨੇ ਜਿੱਤ  ਪ੍ਰਾਪਤ ਕੀਤੀ। ਇਸ ਮਹਾਨ ਜਿੱਤ ਦਾ ਸਿਹਰਾ ਵੀ ਨਲਵੇ ਦੇ ਸਿਰ ਹੀ ਸੀ।

    ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦਾ ਪਹਿਲਾ ਸਿੱਖ ਗਵਰਨਰ ਨਿਯੁਕਤ ਕੀਤਾ ਗਿਆ ਜਿਸ ਦਾ ਇਹ ਕਸ਼ਮੀਰ ਵਾਂਗ ਹੀ ਸਫ਼ਲ ਪ੍ਰਸ਼ਾਸ਼ਕ ਸਿੱਧ ਹੋਇਆ। ਇਸ ਨੇ ਹਿੰਦੂਆਂ ਤੋਂ ਜਜ਼ੀਆ ਖਤਮ ਕਰ ਦਿੱਤਾ ਜੋ ਉਹ ਔਰੰਗਜ਼ੇਬ ਦੇ ਸਮੇਂ ਤੋਂ ਭਰ ਰਹੇ ਸਨ। ਇਸ ਨੇ ਪਿਸ਼ਾਵਰ ਦੀ ਸਾਲਾਨਾ ਬਚਤ 2,64,976 ਰੁਪਏ ਕਰ ਦਿੱਤੀ। ਮਹਾਰਾਜਾ ਸਾਹਿਬ ਨੇ ਪ੍ਰਸੰਨ ਹੋ ਕੇ ਇਸ ਨੂੰ ਆਪਣੇ ਨਾਂ ਦਾ ਸਿੱਕਾ ਜਾਰੀ ਕਰਨ ਦੀ ਆਗਿਆ ਦਿੱਤੀ। ਇਥੇ ਇਸ ਨੇ ਦੂਰ ਦਰਾਜ਼ ਦੇ ਸਰਹੱਦੀ ਇਲਾਕਿਆਂ ਵਿਚ ਅਮਨ ਕਾਇਮ ਕੀਤਾ। ਇਨ੍ਹਾਂ ਇਲਾਕਿਆਂ ਵਿਚ ਇਸ ਦੀ ਇੰਨੀ ਦਹਿਸ਼ਤ ਫੈਲ ਗਈ ਸੀ ਕਿ ਮਾਵਾਂ ਆਪਣੇ ਬੱਚਿਆਂ ਨੂੰ 'ਨਲਵਾ ਰਾਗਲੇ' (ਨਲਵਾ ਆਇਆ) ਕਹਿ ਕੇ ਡਰਾਉਂਦੀਆਂ ਸਨ। ਹਰੀ ਸਿੰਘ ਨੂੰ ਮਹਾਰਾਜੇ ਨੇ ਬਹੁਤ ਵੱਡੀ ਜਾਗੀਰ ਦੇ ਕੇ ਨਿਵਾਜਿਆ ਸੀ।

    21 ਅਪ੍ਰੈਲ, 1837 ਨੂੰ ਤੋਪਖ਼ਾਨੇ ਨਾਲ ਲੈਸ ਵੱਡੀ ਗਿਣਤੀ ਵਿਚ ਅਫ਼ਗਾਨੀ ਫ਼ੌਜ ਅਤੇ ਗਾਜ਼ੀਆਂ ਨੇ ਮੁਹੰਮਦ ਅਕਬਰ ਖ਼ਾਨ ਦੀ ਸਾਲਾਰੀ ਵਿਖ ਜਮਰੌਦ ਦੇ ਕਿਲੇ ਉੱਤੇ ਹਮਲਾ ਬੋਲ ਦਿੱਤਾ। ਹਰੀ ਸਿੰਘ ਨਲਵਾ ਬੀਮਾਰ ਹੋਣ ਕਾਰਣ ਉਸ ਸਮੇਂ ਪਿਸ਼ਾਵਰ ਵਿਖੇ ਆਰਾਮ ਕਰ ਰਿਹਾ ਸੀ ਤੇ ਖ਼ਾਲਸਾ ਫ਼ੌਜ ਦਾ ਵੱਡਾ ਹਿੱਸਾ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਉੱਤੇ ਲਾਹੌਰ ਪਹੁੰਚਿਆ ਹੋਇਆ ਸੀ।ਕਿਲੇ ਵਿਚ ਤਾਇਨਾਤ ਸਰਦਾਰ ਮਹਾਂ ਸਿੰਘ ਮੀਰਪੁਰੀਏ ਨੇ ਥੋੜ੍ਹੀ ਜਿਹੀ ਫ਼ੌਜ ਨਾਲ ਦਲੇਰੀ ਨਾਲ ਕਿਲੇ ਦੀ ਰਾਖੀ ਕੀਤੀ ਪਰ ਦੁਸ਼ਮਣ ਨੂੰ ਹਾਵੀ ਹੁੰਦਾ ਦੇਖ ਕੇ ਇਕ ਬਹਾਦਰ ਸਿੰਘਣੀ ਹੱਥ ਸਰਦਾਰ ਨਲਵੇ ਨੂੰ ਸਾਰੀ ਹਾਲਤ ਦੱਸਦਾ ਖ਼ਤ ਭੇਜਿਆ। ਹਰੀ ਸਿੰਘ ਨਲਵਾ ਨੇ ਆਪਣੀ ਜਾਨ ਨਾਲੋਂ ਵੱਧ ਖ਼ਾਲਸਾ ਰਾਜ ਦੀ ਅਹਿਮੀਅਤ ਨੂੰ ਸਮਝਦਿਆਂ ਬੀਮਾਰੀ ਦੀ ਹਾਲਤ ਵਿਚ ਹੀ 6,000 ਪੈਦਲ ਤੇ 1,000 ਘੋੜ ਸਵਾਰ,18 ਤੋਪਾਂ ਅਤੇ ਕੁਝ ਖੁਲ੍ਹੇ ਸਵਾਰ ਲੈ ਕੇ ਜਮਰੌਦ ਵੱਲ ਕੂਚ ਕੀਤਾ ਤੇ 30 ਅਪ੍ਰੈਲ ਨੂੰ ਮੈਦਾਨ ਵਿਚ ਪਹੁੰਚ ਕੇ ਅਫ਼ਗਾਨਾਂ ਉੱਤੇ ਹੱਲਾ ਬੋਲ ਦਿੱਤਾ। ਦੁਸ਼ਮਣਾਂ ਨੂੰ ਜਦ ਸਰਦਾਰ ਨਲਵੇ ਦੇ ਪਹੁੰਚਣ ਦਾ ਪਤਾ ਲਗਿਆ ਤਾਂ ਉਨ੍ਹਾਂ ਦੇ ਹੌਸਲੇ ਢਹਿ ਗਏ ਤੇ ਉਨ੍ਹਾਂ ਭੱਜ ਕੇ ਜਾਨ ਬਚਾਉਣਾ ਹੀ ਠੀਕ ਸਮਝਿਆ। ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਤੋਂ 18 ਤੋਪਾਂ ਖੋਹ ਲਈਆਂ ਜਿਨ੍ਹਾਂ ਵਿਚ ਪ੍ਰਸਿੱਧ ਅਫ਼ਗਾਨੀ 'ਕੋਹ ਸਥਨ' (ਪਹਾੜ ਤੋੜ) ਵੀ ਸੀ। ਅਫ਼ਗਾਨੀ ਫ਼ੌਜ ਬਚਦੀ ਬਚਾਉਂਦੀ ਦੱਰ੍ਹਾ ਖੈਬਰ ਵੱਲ ਵਧਣ ਲੱਗੀ ਤਾਂ ਸਰਦਾਰ ਨਲਵੇ ਨੇ ਦੱਰ੍ਹੇ ਵਿਚ ਇਨ੍ਹਾਂ ਦਾ ਪਿੱਛਾ ਕਰਨ ਦੀ ਬਜਾਏ ਕੈਂਪ ਵਿਚ ਪਹੁੰਚ ਕੇ ਫ਼ੌਜ ਦੇ ਆਰਾਮ ਕਰਨ ਬਾਰੇ ਸੋਚਿਆ। ਉਸ ਸਮੇਂ ਹੀ ਪਤਾ ਲੱਗਾ ਕਿ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਫਤਹਿਯਾਬੀ ਦੇ ਜੋਸ਼ ਵਿਚ ਵੈਰੀ ਦਾ ਪਿੱਛਾ ਕਰਦਾ ਦੂਰ ਤਕ ਦੱਰ੍ਹੇ ਅੰਦਰ ਚਲਾ ਗਿਆ ਹੈ। ਸਰਦਾਰ ਹਰੀ ਸਿੰਘ ਨਲਵਾ ਉਸ ਨੂੰ ਬਚਾ ਕੇ ਲਿਆਉਣ ਦੇ ਮਕਸਦ ਨਾਲ ਆਪਣੇ ਦਸਤੇ ਨੂੰ ਨਾਲ ਲੈ ਕੇ ਦੱਰ੍ਹੇ ਅੰਦਰ ਚਲਾ ਗਿਆ ਤੇ ਲੁਕ ਕੇ ਬੈਠੇ ਦੁਸ਼ਮਣਾਂ ਵੱਲੋਂ ਚਲਾਈਆਂ ਗੋਲੀਆਂ ਨੇ ਇਸ ਬਹਾਦਰ ਜਰਨੈਲ ਨੂੰ ਜਖ਼ਮੀ ਕਰ ਦਿੱਤਾ। ਜ਼ਖ਼ਮੀ ਸਰਦਾਰ ਘੋੜੇ ਨੂੰ ਅੱਡੀ ਲਾ ਕੇ ਕਿਲੇ ਵਿਚ ਪਹੁੰਚ ਗਿਆ। ਸਰਦਾਰ ਮਹਾਂ ਸਿੰਘ ਮੀਰਪੁਰੀਏ ਨੇ ਸਰਦਾਰ ਨਲਵੇ ਨੂੰ ਸਾਵਧਾਨੀ ਨਾਲ ਘੋੜੇ ਤੋਂ ਉਤਾਰ ਕੇ ਸੁਖ ਆਸਣ ਕਰਵਾ ਦਿੱਤਾ ਤੇ ਫੱਟਬੰਨ੍ਹ ਨੂੰ ਬੁਲਵਾ ਕੇ ਫੱਟ ਬੰਨ੍ਹਵਾ ਦਿੱਤੇ। ਕੁਝ ਸਮੇਂ ਉਪਰੰਤ ਹਰੀ ਸਿੰਘ ਨਲਵਾ ਨੇ ਆਪਣੀ ਨਾਜ਼ਕ ਹਾਲਤ ਨੂੰ ਦੇਖਦਿਆਂ ਪੁਰਾਣੇ ਸਾਥੀਆਂ ਨੂੰ ਕੋਲ ਸੱਦ ਕੇ ਕਾਲੇ ਪਹਾੜਾਂ ਵਿਚ ਖ਼ਾਲਸਾਈ ਝੰਡੇ ਦੀ ਇੱਜ਼ਤ ਤੇ ਰੱਖਿਆ ਲਈ ਅੰਤਲੇ ਸਵਾਸਾਂ ਤਕ ਜੂਝਣ ਦੀ ਸਿੱਖਿਆ ਦਿੱਤੀ ਅਤੇ 30 ਜੁਲਾਈ, 1837 ਦੀ ਰਾਤ ਨੂੰ ਇਹ ਸੂਰਮਾ ਜਰਨੈਲ ਸ਼ਹੀਦੀ ਪ੍ਰਾਪਤ ਕਰ ਗਿਆ। ਹਾਲਾਤ ਨੂੰ ਮੱਦੇ ਨਜ਼ਰ ਰੱਖਦਿਆਂ ਬੜੀ ਸਾਦਗੀ ਨਾਲ ਕਿਲੇ ਦੇ ਅੰਦਰ ਹੀ ਇਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੀ ਸ਼ਹੀਦੀ ਖ਼ਾਲਸਾ ਫ਼ੌਜ ਲਈ ਵੱਡਾ ਨੁਕਸਾਨ ਸੀ।

     ਆਮ ਲੋਕ ਹਰੀ ਸਿੰਘ ਨਲਵਾ ਨੂੰ 'ਨਲੂਆ' ਕਹਿ ਕੇ ਯਾਦ ਕਰਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-26-04-42-10, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ; ਮ. ਕੋ.; ਹਿ. ਪੰ.421.428,483; ਦੀ ਐਂਡਵਾਂਸਡ ਹਿਸਟਰੀ ਆਫ਼ ਪੰਜਾਬ-ਛਾਬੜਾ 2:199-282

ਹਰੀ ਸਿੰਘ ਨਲਵਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਹਰੀ ਸਿੰਘ ਨਲਵਾ : ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਕਮਾਂਡਰ ਸੀ ਅਤੇ ਉਸ ਦੇ ਰਾਜ ਦੇ ਵੱਖ ਵੱਖ ਭਾਗਾਂ-ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦਾ ਗਵਰਨਰ ਵੀ ਰਿਹਾ। ਇਹਨਾਂ ਦੋਹਾਂ ਪਦਵੀਆਂ ਨੂੰ ਉਸ ਨੇ ਬੜੀ ਸਫਲਤਾਪੂਰਵਕ ਨਿਭਾਇਆ। ਉਸ ਨੇ ਆਪਣੇ ਜੀਵਨ ਦੀ ਸ਼ੁਰੂਆਤ ਮਹਾਰਾਜੇ ਪਾਸ ਖ਼ਿਦਮਤਗਾਰ (ਵਿਅਕਤੀਗਤ ਸੇਵਕ) ਤੋਂ ਸ਼ੁਰੂ ਕੀਤੀ ਅਤੇ ਥੋੜ੍ਹੇ ਹੀ ਸਮੇਂ ਵਿੱਚ ਆਪਣੀ ਮਿਹਨਤ, ਲਗਨ, ਦਲੇਰੀ, ਬਹਾਦਰੀ, ਸਿਆਣਪ ਕਾਰਨ ਰਾਜ ਦੀ ਵੱਡੀ ਪਦਵੀਂ ਤੇ ਜਾ ਬਿਰਾਜਮਾਨ ਹੋਇਆ। ਮਹਾਰਾਜਾ ਰਣਜੀਤ ਸਿੰਘ ਉਸ ਦਾ ਬਹੁਤ ਸਤਿਕਾਰ ਕਰਦਾ ਸੀ। ਲਾਹੌਰ ਦਰਬਾਰ ਲਈ ਕੀਤੀਆਂ ਘਾਲਾਂ ਲਈ ਉਸ ਦਾ ਨਾਂ ਹਮੇਸ਼ਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇਗਾ।

ਹਰੀ ਸਿੰਘ ਦਾ ਜਨਮ 1791ਈ: ਵਿੱਚ ਸਰਦਾਰ ਗੁਰਦਿਆਲ ਸਿੰਘ, ਉਪਲ ਖੱਤਰੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਸੱਤ ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਦਾ ਸਾਇਆ ਉਸਦੇ ਸਿਰ ਤੋਂ ਉੱਠ ਗਿਆ। ਉਸ ਦੀ ਮਾਤਾ ਧਰਮ ਕੌਰ ਨੇ ਆਪਣੇ ਪੇਕੇ ਘਰ ਵਿੱਚ ਉਸ ਦੀ ਪਾਲਣਾ ਕੀਤੀ। ਉਸ ਦਾ ਸਰੀਰ ਪਤਲਾ ਪਰ ਸਡੋਲ, ਬਲਵਾਨ ਅਤੇ ਫੁਰਤੀਲਾ ਸੀ। ਅੱਖਾਂ ਵਿੱਚ ਚਮਕ ਤੇ ਚਿਹਰੇ ਤੇ ਜਲਾਲ ਸੀ ਕਿ ਜਿਸਦਾ ਸਾਮ੍ਹਣੇ ਖੜੇ ਵਿਅਕਤੀ ਤੇ ਪੂਰਾ ਦਬਦਬਾ ਪੈਂਦਾ ਸੀ। ਉਸ ਨੇ ਛੋਟੀ ਉਮਰ ਵਿੱਚ ਹੀ ਲਗਪਗ ਸਾਰੇ ਜੰਗੀ ਕਰਤੱਵਾਂ ਵਿੱਚ ਪੂਰੀ- ਪੂਰੀ ਨਿਪੁੰਨਤਾ ਪ੍ਰਾਪਤ ਕਰ ਲਈ ਸੀ। ਉਸ ਨੇ ਘੋੜ ਸਵਾਰੀ, ਨੇਜ਼ੇਬਾਜ਼ੀ, ਤੀਰ, ਬੰਦੂਕ ਆਦਿ ਵਿੱਚ ਮੁਹਾਰਤ ਪ੍ਰਾਪਤ ਕਰ ਲਈ ਸੀ।

ਹਰੀ ਸਿੰਘ ਨਲਵਾ ਨਿੱਤ-ਨੇਮੀ ਅਤੇ ਪੂਰਨ ਸਿੱਖ ਸੀ। ਉਸ ਨੇ 1801 ਈ: ਵਿੱਚ ਪਾਹੁਲ ਲਈ।

ਹਰੀ ਸਿੰਘ ਛੋਟੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਘੋੜ-ਸਵਾਰ ਫ਼ੌਜ ਵਿੱਚ ਭਰਤੀ ਹੋ ਗਿਆ। 1804 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ਤੇ ਗਿਆ। ਜੰਗਲ ਵਿੱਚ ਉਹਨਾਂ ਦਾ ਮੁਕਾਬਲਾ ਇੱਕ ਸ਼ੇਰ ਨਾਲ ਹੋ ਗਿਆ। ਉਸ ਨੇ ਸ਼ੇਰ ਨੂੰ ਮਾਰ ਮੁਕਾਇਆ। ਹਰੀ ਸਿੰਘ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕਿ ਮਹਾਰਾਜੇ ਨੇ ਉਸ ਨੂੰ ਇਨਾਮ ਵਿੱਚ ਜਗੀਰ ਦਿੱਤੀ। ਇਸ ਦੇ ਨਾਲ ਹੀ ਉਸ ਨੂੰ 800 ਘੋੜ-ਸਵਾਰ ਅਤੇ ਪੈਦਲ ਸੈਨਾ ਦਾ ਕਮਾਂਡਰ ਨਿਯੁਕਤ ਕਰ ਦਿੱਤਾ। ਇਹ ਪਦਵੀ ਮਹਾਰਾਜੇ ਦੇ ਦਰਬਾਰ ਦੇ ਬਹੁਤ ਥੋੜ੍ਹੇ ਉੱਚ ਅਧਿਕਾਰੀਆਂ ਨੂੰ ਪ੍ਰਾਪਤ ਸੀ। ਇਸ ਪਦਵੀ ਤੋਂ ਹਰੀ ਸਿੰਘ ਦਾ ਫ਼ੌਜੀ ਜੀਵਨ ਅਰੰਭ ਹੋਇਆ।

ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀਆਂ ਵਿੱਚ ਨਾ ਸਿਰਫ਼ ਸਭ ਤੋਂ ਬਹਾਦਰ ਹੀ ਸੀ ਸਗੋਂ ਸਭ ਤੋਂ ਵੱਧ ਲਾਇਕ ਵੀ ਸੀ ਅਤੇ ਖ਼ਾਸ ਮੁਸ਼ਕਲਾਂ ਵਾਲੀਆਂ ਸਾਰੀਆਂ ਮੁਹਿੰਮਾਂ ਦੀ ਫ਼ੌਜੀ ਅਗਵਾਈ ਉਸੇ ਨੂੰ ਹੀ ਦਿੱਤੀ ਗਈ ਸੀ। ਮੁਲਤਾਨ ਦੀ ਲੜਾਈ ਵਿੱਚ ਹਰੀ ਸਿੰਘ ਨਲਵਾ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਜਿਸ ਅਦੁੱਤੀ ਨਿਰਭੈਤਾ ਅਤੇ ਸੂਰਮਗਤੀ ਦਾ ਸਬੂਤ ਦਿੱਤਾ ਉਸ ਦਾ ਪ੍ਰਭਾਵ ਮਹਾਰਾਜਾ ਰਣਜੀਤ ਸਿੰਘ ਅਤੇ ਸਾਰੀ ਫ਼ੌਜ ਉੱਪਰ ਪਿਆ ਤੇ ਉਹ ਉਸ ਦਾ ਦਿਲੋਂ ਸਤਿਕਾਰ ਕਰਨ ਲਗ ਪਏ। ਉਹ ਸਾਰੀ ਉਮਰ ਹੀ ਲੜਾਈਆਂ ਲੜਦਾ ਰਿਹਾ, ਉਹ ਵੀ ਮੁਹਰਲੀ ਕਤਾਰ ਵਿੱਚ ਪਰੰਤੂ ਉਸ ਨੂੰ ਕਿਸੇ ਵੀ ਲੜਾਈ ਵਿੱਚ ਹਾਰ ਨਹੀਂ ਹੋਈ।

ਸਰਦਾਰ ਹਰੀ ਸਿੰਘ ਇੱਕ ਯੋਗ ਅਤੇ ਹਰਮਨ ਪਿਆਰਾ ਗਵਰਨਰ ਸਾਬਤ ਹੋਇਆ। ਇੱਥੇ ਕਸ਼ਮੀਰ ਅਤੇ ਪਿਸ਼ਾਵਰ ਵਿੱਚ ਉਸ ਦੇ ਗਵਰਨਰੀ ਸਮੇਂ ਕੀਤੇ ਗਏ ਸ਼ਲਾਘਾਯੋਗ ਕੰਮ ਦਾ ਸੰਖੇਪ ਵਿੱਚ ਵਰਣਨ ਕਰਨਾ ਜ਼ਰੂਰੀ ਹੈ। ਕਸ਼ਮੀਰ ਵਿੱਚ ਉਸ ਨੇ ਲੋਕਾਂ ਨੂੰ ਰਾਹਤ ਦੇਣ ਲਈ ਮਾਲੀਏ ਦੀ ਦਰ ਵਿੱਚ ਕਮੀ ਕੀਤੀ। ਵਗਾਰ ਬੰਦ ਕੀਤੀ, ਅਯੋਗ ਟੈਕਸ ਹਟਾਏ, ਗ਼ੈਰ ਮੁਸਲਮਾਨਾਂ ਨੂੰ ਪਗੜੀ ਬੰਨ੍ਹਣ ਦੀ ਖੁੱਲ੍ਹ ਦਿੱਤੀ ਅਤੇ ਹੜ੍ਹ ਪੀੜਿਤਾਂ ਦੀ ਸਹਾਇਤਾ ਕਰਕੇ ਉਹਨਾਂ ਦੇ ਦਿਲਾਂ ਨੂੰ ਜਿੱਤਿਆ। ਪਿਸ਼ਾਵਰ ਅਤੇ ਉੱਤਰੀ ਪੱਛਮੀ ਸੀਮਾ ਦੇ ਪ੍ਰਦੇਸ਼ ਉਪਦਰਵੀ ਖੂੰਖਾਰ ਪਠਾਨ ਕਬੀਲਿਆਂ ਦੇ ਕਾਰਨ ਪ੍ਰਸ਼ਾਸਨ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਕਠਨ ਸਨ ਪਰੰਤੂ ਹਰੀ ਸਿੰਘ ਨਲਵਾ ਨੇ ਜਿਸ ਯੋਗਤਾ ਨਾਲ ਇਸ ਦਾ ਪ੍ਰਸ਼ਾਸਨ ਕੀਤਾ ਉਹ ਉਸ ਦੀ ਲਿਆਕਤ ਸੀ। ਉਸ ਦੇ ਦਬਦੱਬੇ ਦਾ ਸਿੱਕਾ ਅਫ਼ਗਾਨਾਂ ਦੇ ਦਿਲਾਂ ਤੇ ਏਨਾ ਬੈਠ ਗਿਆ ਕਿ ਅੱਜ ਤੱਕ ਹਰੀਆ (ਸਰਦਾਰ ਹਰੀ ਸਿੰਘ) ਆਖ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਿਸ਼ਾਵਰ ਲਾਗੇ ਦੇ ਇਲਾਕੇ ਵਿੱਚ ਮਾਵਾਂ ਆਪਣੇ ਬੱਚਿਆਂ ਨੂੰ ਡਰਾਵਾ ਦੇਣ ਲਈ ਉਸ ਦਾ ਨਾਂ ਲੈਂਦੀਆਂ ਹਨ। ਮਾਵਾਂ ਆਪਣੇ ਸ਼ਰਾਰਤੀ ਪੁੱਤਰਾਂ ਨੂੰ ਕਹਿੰਦੀਆਂ ਸਨ ਕਿ ਜੇਕਰ ਤੁਸੀਂ ਨੇਕ ਨਹੀਂ ਬਣੋਗੇ ਤਾਂ ਹਰੀ ਸਿੰਘ ਪਕੜ ਕੇ ਲੈ ਜਾਵੇਗਾ ਅਤੇ ਛੋਟੇ ਬੱਚੇ ਤਾਂ ਉਸ ਨੂੰ ਹਊਆ ਸਮਝਦੇ ਸਨ।

ਸਰਦਾਰ ਹਰੀ ਸਿੰਘ ਨਲਵੇ ਦੇ ਬੋਲ-ਚਾਲ ਦਾ ਢੰਗ ਸਪਸ਼ਟ ਅਤੇ ਰੋਚਕ ਸੀ। ਉਸ ਦੇ ਪ੍ਰਸ਼ਨ ਵਿਚਾਰਾਂ ਤੇ ਤਰਕਪੂਰਨ ਹੁੰਦੇ ਸਨ। ਉਸ ਨੂੰ ਪੰਜਾਬੀ ਅਤੇ ਫ਼ਾਰਸੀ ਦਾ ਕਾਫ਼ੀ ਗਿਆਨ ਸੀ। 1831 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ਿਮਲੇ ਵਿਖੇ ਭੇਜੇ ਡੈਲੀਗੇਸ਼ਨ ਵਿੱਚ ਉਸ ਨੇ ਇੱਕ ਮੈਂਬਰ ਵਜੋਂ ਪ੍ਰਤਿਨਿਧਤਾ ਕੀਤੀ। ਉਸ ਦੇ ਗੱਲ-ਬਾਤ ਦੇ ਤਰੀਕੇ ਤੋਂ ਵਿਲੀਅਮ ਬੈਟਿੰਕ ਬਹੁਤ ਪ੍ਰਭਾਵਿਤ ਹੋਇਆ। ਇਸੇ ਪ੍ਰਕਾਰ ਰੋਪੜ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਟਿੰਕ ਦੀ ਮਿਲਣੀ ਸਮੇਂ ਹਰੀ ਸਿੰਘ ਹਾਜ਼ਰ ਸੀ। ਉਸ ਤੋਂ ਹਿੰਦੁਸਤਾਨ ਦੇ ਯੂਰਪ ਬਾਰੇ ਪੂਰੀ ਜਾਣਕਾਰੀ ਸੁਣ ਕੇ ਬੈਰਨ ਹੂਗਲ, ਯੂਰਪੀਅਨ ਯਾਤਰੀ, ਬਹੁਤ ਪ੍ਰਭਾਵਿਤ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਉਸ ਦੇ ਕੰਮਾਂ ਤੋਂ ਏਨਾ ਖ਼ੁਸ਼ ਸੀ ਕਿ ਇੱਕ ਵਾਰ ਉਸ ਨੇ ਕਿਹਾ ਕਿ “ਰਾਜ ਕਰਨ ਲਈ ਤੁਹਾਡੇ (ਹਰੀ ਸਿੰਘ ਨਲਵਾ) ਵਰਗੇ ਵਿਅਕਤੀਆਂ ਨੂੰ ਰੱਖਣਾ ਜ਼ਰੂਰੀ ਹੈ।”

ਹਰੀ ਸਿੰਘ ਨਲਵੇ ਨੂੰ ਗੀਤ-ਸੰਗੀਤ ਵਿੱਚ ਬਹੁਤ ਰੁਚੀ ਸੀ। ਉਹ ਗਾਇਕਾਂ ਦਾ ਬਹੁਤ ਆਦਰ ਕਰਦਾ ਸੀ। ਕਿਹਾ ਜਾਂਦਾ ਹੈ ਇੱਕ ਵਾਰ ਉਸ ਨੂੰ 10,000 ਰੁਪਏ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਦਿੱਤੇ ਗਏ। ਰਾਹ ਵਿੱਚ ਉਸ ਨੂੰ ਗੌਣ ਵਾਲੇ ਮਿਲੇ ਜਿਨ੍ਹਾਂ ਤੋਂ ਗੀਤ ਸੁਣ ਕੇ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਹ ਪੈਸੇ ਉਹਨਾਂ ਨੂੰ ਦੇ ਦਿੱਤੇ। ਪਿੱਛੋਂ ਆਪਣੇ ਪਾਸ ਤੋਂ 10,000 ਰੁਪਏ ਦਰਬਾਰ ਸਾਹਿਬ ਭੇਜੇ।

ਹਰੀ ਸਿੰਘ ਨੇ 50 ਦੇ ਕਰੀਬ ਇਮਾਰਤਾਂ ਦੀ ਉਸਾਰੀ ਕਰਵਾਈ। ਇਹ ਉਸਾਰੀਆਂ ਪਿਸ਼ਾਵਰ ਪੰਜਾ ਸਾਹਿਬ, ਹਰੀਪੁਰ, ਹਜ਼ਾਰਾ, ਕਸ਼ਮੀਰ ਵਿਖੇ ਕਰਵਾਈਆਂ ਗਈਆਂ। ਉਸਾਰੀਆਂ ਵਿੱਚ ਕਿਲ੍ਹੇ, ਬੁਰਜ, ਮਸੀਤ, ਸਰੋਵਰ, ਬਾਗ ਵਰਣਨ ਯੋਗ ਹਨ।

ਸਰਦਾਰ ਹਰੀ ਸਿੰਘ ਨਲਵੇ ਦਾ ਦੇਹਾਂਤ ਜਮਰੌਦ ਦੀ ਲੜਾਈ ਵਿੱਚ ਗੋਲੀਆਂ ਲੱਗਣ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਦੀ ਮੌਤ ਦੀ ਖ਼ਬਰ ਸੁਣ ਕੇ ਏਨਾ ਸ਼ੋਕ ਗ੍ਰਸਤ ਹੋਇਆ ਤੇ ਕਿਹਾ “ਅੱਜ ਖ਼ਾਲਸਾ ਰਾਜ ਦੇ ਕਿਲ੍ਹੇ ਦਾ ਭਾਰੀ ਬੁਰਜ ਢਹਿ ਪਿਆ ਹੈ ਮੇਰੇ ਬਹਾਦਰ ਤੇ ਸੁਘੜ ਸਿਆਣੇ ਸਰਦਾਰ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ।”


ਲੇਖਕ : ਦੇਵਿੰਦਰ ਕੁਮਾਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-04-33-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.