ਅਧਿਗ੍ਰਹਿਣ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Requisition_ਅਧਿਗ੍ਰਹਿਣ: ਇਹ ਸ਼ਬਦ ਭਾਰਤੀ ਸੰਵਿਧਾਨ ਦੇ ਅਨੁਛੇਦ 31 ਵਿਚ ਆਉਂਦਾ ਸੀ। ਉਹ ਅਨੁਛੇਦ ਸੰਵਿਧਾਨ ਦੀ ਚੁਤਾਲਵੀਂ ਸੋਧ ਦੁਆਰਾ ਲੋਪ ਕਰ ਦਿੱਤਾ ਗਿਆ ਹੈ। ਉਸ ਅਨੁਛੇਦ ਵਿਚ ਸੰਪਤੀ ਦੇ ਲਾਜ਼ਮੀ ਤੌਰ ਤੇ ਅਧਿਗ੍ਰਹਿਣ ਜਾਂ ਅਰਜਨ ਬਾਰੇ ਉਪਬੰਧ ਕੀਤਾ ਗਿਆ ਸੀ ਅਤੇ ਇਹ ਕਿਹਾ ਗਿਆ ਸੀ ਕਿ ਕਿਸੇ ਸੰਪਤੀ ਦਾ ਅਰਜਨ ਜਾਂ ਅਧਿਗ੍ਰਹਿਣ ਲੋਕ ਪ੍ਰਯੋਜਨ ਲਈ ਅਤੇ ਕਾਨੂੰਨ ਦੀ ਸੱਤਾ ਨਾਲ ਕੀਤਾ ਜਾਵੇਗਾ। ਅਜਿਹਾ ਅਰਜਨ ਜਾਂ ਅਧਿਗ੍ਰਹਿਣ ਅਜਿਹੀ ਰਕਮ ਦੇ ਬਦਲੇ ਕੀਤਾ ਜਾਵੇਗਾ, ਜੋ ਉਸ ਕਾਨੂੰਨ ਦੁਆਰਾ ਨਿਯਤ ਕੀਤੀ ਜਾਵੇ ਜਾਂ ਅਜਿਹੇ ਸਿਧਾਂਤਾਂ ਦੇ ਅਨੁਸਾਰ  ਤੈਅ ਕੀਤਾ ਜਾਵੇਗਾ ਜੋ ਉਸ ਕਾਨੂੰਨ ਵਿਚ ਉਲਿਖਤ ਹੋਣ

       ਇਥੇ ਅਧਿਗ੍ਰਹਿਣ ਦਾ ਮਤਲਬ ਰਾਜ ਦੇ ਪ੍ਰਯੋਜਨ ਲਈ, ਜਾਂ ਅਜਿਹੇ ਪ੍ਰਯੋਜਨਾਂ ਲਈ ਜੋ ਉਸ ਕਾਨੂੰਨ ਵਿਚ ਉਲਿਖਤ ਕੀਤੇ ਜਾਣ , ਉਸ ਸੰਪਤੀ ਦਾ ਕਬਜ਼ਾ ਲੈਣਾ ਸੀ। ਇਸ ਤਰ੍ਹਾਂ ਉਸ ਕਾਨੂੰਨ ਵਿਚ ਕਿਸੇ ਲੋਕ ਸੇਵਕ ਨੂੰ ਕਿਸੇ ਪ੍ਰਾਈਵੇਟ ਸੰਪਤੀ ਦਾ ਰਾਜ ਦੇ ਕਿਸੇ ਪ੍ਰਯੋਜਨ ਲਈ ਜਾਂ ਉਲਿਖਤ ਪ੍ਰਯੋਜਨ ਲਈ ਸੀਮਤ ਮੁੱਦਤ ਲਈ ਕਬਜ਼ਾ ਲੈਣ ਲਈ ਅਧਿਕਾਰਤ ਕੀਤਾ ਜਾਂਦਾ ਸੀ ਅਤੇ ਉਸ ਦੇ ਬਦਲੇ ਅਦਾਇਗੀ ਦਾ ਜਾਂ ਅਦਾਇਗੀ ਦੇ ਢੰਗ ਦਾ ਉਲੇਖ ਵੀ ਕੀਤਾ ਜਾਂਦਾ ਸੀ।

       ਇਸ ਦੇ ਮੁਕਾਬਲੇ ਵਿਚ ਜੇ ਉਸ ਸੰਪਤੀ ਦਾ ਉਪਰੋਕਤ ਜਿਹੇ ਪ੍ਰਯੋਜਨਾਂ ਲਈ ਅਤੇ ਹੋਰ ਕਾਨੂੰਨੀ ਲੋੜਾਂ ਪੂਰੀਆਂ ਕਰਕੇ ਅਰਜਨ ਕੀਤਾ ਜਾਂਦਾ ਸੀ ਤਾਂ ਉਸ ਸੰਪਤੀ ਦੀ ਮਾਲਕੀ ਸਰਕਾਰ ਨੂੰ ਜਾਂ ਜਿਸ ਲੋਕ ਬਾਡੀ ਦੇ ਪ੍ਰਯੋਜਨ ਲਈ ਉਹ ਅਰਜਤ ਕੀਤੀ ਜਾਂਦੀ ਸੀ, ਉਸ ਨੂੰ ਮੁੰਤਕਿਲ ਹੋ ਜਾਂਦੀ ਸੀ।

       ਅਧਿਗ੍ਰਹਿਣ ਵਿਚ ਮਾਲਕ ਨੂੰ ਅਸਥਾਈ ਤੌਰ ਤੇ ਉਸ ਸੰਪਤੀ ਤੋਂ ਵੰਚਤ ਕੀਤਾ ਜਾਵੇ ਤਾਂ ਵੀ ਉਸ ਲਈ ਮੁਆਵਜ਼ਾ ਦਿੱਤਾ ਜਾਂਦਾ ਸੀ।

       ਮੰਗੀ ਲਾਲ ਕਰਵਾ ਬਨਾਮ ਮੱਧਪ੍ਰਦੇਸ਼ ਰਾਜ (ਏ ਆਈ ਆਰ 1955 ਨਾਗਪੁਰ 153) ਅਨੁਸਾਰ ਸ਼ਬਦ ਅਧਿਗ੍ਰਹਿਣ, ਰਾਜ ਦੇ ਪ੍ਰਯੋਜਨਾਂ ਲਈ ਅਤੇ ਉਨ੍ਹਾਂ ਹੋਰ ਪ੍ਰਯੋਜਨਾਂ ਲਈ ਜੋ ਪ੍ਰਾਈਵੇਟ ਸੰਪਤੀ ਦਾ ਕਬਜ਼ਾ ਲੈਣ ਦਾ ਅਧਿਕਾਰ ਦਿੰਦੇ ਪ੍ਰਵਿਧਾਨ ਵਿਚ ਉਲਿਖਤ ਕੀਤੇ ਜਾਣ, ਪ੍ਰਾਈਵੇਟ ਸੰਪਤੀ ਦਾ ਉਲਿਖਤ ਮੁੱਦਤ ਲਈ ਕਬਜ਼ਾ ਲੈਣ ਦੇ ਅਰਥਾਂ ਵਿਚ ਵਰਤਿਆ ਗਿਆ ਹੈ। ਅਧਿਗ੍ਰਹਿਣ ਵਿਚ ਸਬੰਧਤ ਪ੍ਰਾਈਵੇਟ ਸੰਪਤੀ ਅਰਜਤ ਨਹੀਂ ਕੀਤੀ ਜਾਂਦੀ ਸਗੋਂ ਮਾਲਕ ਦੇ ਕੰਟਰੋਲ ਵਿਚੋਂ ਕੁਝ ਮੁੱਦਤ ਲਈ ਕੁਝ ਉਲਿਖਤ ਪ੍ਰਯੋਜਨਾਂ ਲਈ ਲੈ ਲਈ ਜਾਂਦੀ ਹੈ। ਐਪਰ, ਇਸ ਸੀਮਤ ਪ੍ਰਯੋਜਨ ਲਈ ਵੀ ਮਾਲਕ ਮੁਆਵਜ਼ੇ ਲਈ ਹੱਕਦਾਰ ਬਣ ਜਾਂਦਾ ਹੈ ਕਿਉਂ ਕਿ ਸੰਪਤੀ ਦਾ ਅਧਿਗ੍ਰਹਿਣ ਘਟ ਤੋਂ ਘਟ ਆਰਜ਼ੀ ਤੌਰ ਤੇ ਸੰਪਤੀ ਤੋਂ ਵੰਚਿਤ ਕੀਤੇ ਜਾਣ ਦੀ ਕੋਟੀ ਵਿਚ ਆਉਂਦਾ ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.