ਅਬਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬਰਕ (ਨਾਂ,ਪੁ) ਪੱਗਾਂ ਆਦਿ ਨੂੰ ਮਾਵੇ ਵਿੱਚ ਰਲਾ ਕੇ ਲਾਇਆ ਜਾਂਦਾ ਹੇਠ ਉੱਤੇ ਜੜੀਆਂ ਬਰੀਕ ਪਰਤਾਂ ਦੀ ਸ਼ਕਲ ਦਾ ਖਾਣ ਵਿੱਚੋਂ ਪ੍ਰਾਪਤ ਚਮਕੀਲਾ ਪੱਥਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਬਰਕ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mica (ਮਾਈਕਾ) ਅਬਰਕ: ਇਹ ਇਕ ਖਣਿਜ ਪਦਾਰਥ ਹੈ। ਇਹ ਸਿਲੀਕੇਟ (silicate) ਖਣਿਜਾਂ ਨਾਲ ਸੰਬੰਧਿਤ ਹੈ। ਇਸ ਨੂੰ ਬਰੀਕ ਪਰਤਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਬਿਜਲੀ ਦੇ ਸਮਾਨ ਬਣਾਉਣ ਲਈ ਵਧੇਰੇ ਪ੍ਰਯੋਗ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਬਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬਰਕ [ਨਾਂਪੁ] ਖਾਣ ਵਿਚੋਂ ਨਿਕਲ਼ਨ ਵਾਲ਼ਾ ਇਕ ਚਮਕੀਲਾ ਪਦਾਰਥ ਜੋ ਹੇਠ-ਉਤੇ ਜੁੜੇ ਪੱਤਰਾਂ ਦੀ ਸ਼ਕਲ ਦਾ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਬਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬਰਕ. ਦੇਖੋ, ਅਭ੍ਰਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਬਰਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਬਰਕ (Mica) : ਇਕ ਖਣਿਜ ਹੈ ਜੋ ਇਸ ਦੀਆਂ ਬਹੁਤ ਪਤਲੀਆਂ ਪਤਲੀਆਂ ਤਹਿਆਂ ਦਾ ਬੁਣਿਆ ਹੋਇਆ ਹੁੰਦਾ ਹੈ। ਇਹ ਰੰਗ-ਹੀਣ ਜਾਂ ਹਲਕੇ ਪੀਲੇ, ਹਰੇ, ਕਾਲੇ ਰੰਗ ਦਾ ਹੁੰਦਾ ਹੈ। ਇਹ ਚਟਾਨਾਂ ਬਣਾਉਣ ਵਾਲੀ ਖਣਿਜ ਹੈ। ਇਸ ਦੀਆਂ ਤਿੰਨ ਮੁਖ ਸ਼੍ਰੇਣੀਆਂ ਹਨ :––

          (ੳ) ਮਸਕੋਵਾਈਟ (Muscovite)

          (ਅ) ਬਾਇਓਟਾਈਟ (Biotite)

          (ੲ) ਲੈਪਿਡੋਲਾਈਟ (Lepidolite)

          ਇਹ ਸਾਰੇ ਦੇ ਸਾਰੇ ਐਲੂਮਿਨੋ-ਸਿਲੀਕੇਟ (alumino-silicate) ਹੁੰਦੇ ਹਨ ਜਿਨ੍ਹਾਂ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਲੋਹਾ, ਲਿਥੀਅਮ ਆਦਿ ਤੋਂ ਬਿਨਾਂ ਹਾਈਡ੍ਰਾੱਕਸਿਲ ਜਾਂ ਫਲੋਰੀਨ ਆਦਿ ਵੀ ਹੁੰਦੇ ਹਨ।

          ਉਪਰਲੀਆਂ ਤਿੰਨ ਸ਼੍ਰੇਣੀਆਂ ਦੇ ਅਬਰਕ ਇਕ ਦੂਜੇ ਤੋਂ ਰੰਗ ਵਿਚ ਬਹੁਤ ਵੱਖ ਵੱਖ ਹੁੰਦੇ ਹਨ। ਮਸਕੋਵਾਈਟ ਬੇਰੰਗਾ ਹੁੰਦਾ ਹੈ ਪਰ ਇਹ ਕਾਂ ਰੰਗਾ, ਭੂਰਾ, ਹਲਕੇ ਹਰੇ ਰੰਗ ਦਾ ਜਾਂ ਹਲਕੇ ਲਾਲ ਰੰਗ ਦਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਬਾਇਉਟਾਈਟ ਆਮ ਤੌਰ ਤੇ ਕਾਲੇ ਰੰਗ ਦਾ ਹੁੰਦਾ ਹੈ, ਪਰ ਕਦੇ ਕਦੇ ਭੂਰਾ, ਹਰਾ ਅਤੇ ਪੀਲਾ ਵੀ ਹੁੰਦਾ ਹੈ ਅਤੇ ਲੈਪਿਡੋਲਾਈਟ ਆਮ ਤੌਰ ਤੇ ਗੁਲਾਬੀ, ਜਾਮਨੀ, ਪੀਲੇ, ਲਾਲ, ਭੂਰੇ ਜਾਂ ਹਰੇ ਰੰਗ ਦਾ ਹੁੰਦਾ ਹੈ।

          ਇਨ੍ਹਾਂ ਦਾ ਸਮੁੱਚਾ ਫ਼ਾਰਮੂਲਾ ਹੇਠ ਦਿੱਤਾ ਗਿਆ ਹੈ :––

          XY2-3 Z4O10 (OH,F)2

          ਖਣਿਜੀ ਗੁਣ––ਇਨ੍ਹਾਂ ਦੋਹਾਂ ਕਿਸਮਾਂ ਦੇ ਅਬਰਕਾਂ ਦੇ ਗੁਣ ਲਗਭਗ ਇਕੋ ਜਿਹੇ ਹੀ ਹਨ। ਰਸਾਇਣਿਕ ਬਣਤਰ ਵਿਚ ਥੋੜ੍ਹਾ ਜਿਹਾ ਫ਼ਰਕ ਹੋਣ ਕਰਕੇ ਇਨ੍ਹਾਂ ਦੇ ਰੰਗ ਵਿਚ ਫ਼ਰਕ ਆ ਜਾਂਦਾ ਹੈ। ਚਿੱਟੇ ਅਬਰਕ ਨੂੰ ਪੋਟਾਸ਼ੀਅਮ ਅਬਰਕ ਅਤੇ ਕਾਲੇ ਅਬਰਕ ਨੂੰ ਫ਼ੈਰੋ-ਮੈਗਲੀਸ਼ੀਅਮ (Ferro-magnesium) ਅਬਰਕ ਕਹਿੰਦੇ ਹਨ। ਚਿੱਟੇ ਅਬਰਕ ਵਿਚ ਪਾਣੀ ਦੀ ਮਿਕਦਾਰ 4 ਤੋਂ 6 ਪ੍ਰਤਿਸ਼ਤ ਤਕ ਹੁੰਦੀ ਹੈ।

          ਅਬਰਕ ਸ਼੍ਰੇਣੀ ਦੇ ਸਾਰੇ ਖਣਿਜ ਇਕ-ਨਤਧੁਰੱਈ (Mono-clinic) ਗਰੁੱਪ ਵਿਚ ਆਉਂਦੇ ਹਨ। ਬਹੁਤ ਕਰਕੇ ਇਹ ਤਹਿਦਾਰ ਸ਼ਕਲ ਵਿਚ ਹੀ ਮਿਲਦਾ ਹੈ। ਅਬਰਕ ਦੀਆਂ ਤਹਿਆਂ ਰੰਗਹੀਣ ਜਾਂ ਹਲਕੇ ਕਾਲੇ ਜਾਂ ਹਰੇ ਰੰਗ ਦੀਆਂ ਹੁੰਦੀਆਂ ਹਨ। ਲੋਹੇ ਦਾ ਅੰਸ਼ ਮੌਜੂਦ ਹੋਣ ਕਾਰਨ ਕਾਲੇ ਅਬਰਕ ਦਾ ਰੰਗ ਕਾਲਖ਼ ਤੇ ਹੁੰਦਾ ਹੈ। ਇਨ੍ਹਾਂ ਖਣਿਜਾਂ ਦੀ ਸਤ੍ਹਾ ਚੀਕਣੀ ਜਾਂ ਮੋਤੀ ਵਾਂਗ ਚਮਕਦਾਰ ਹੁੰਦੀ ਹੈ। ਇਕ ਪਾਸੇ ਵਲ ਇਨ੍ਹਾਂ ਖਣਿਜਾਂ ਦੀਆਂ ਤਹਿਆਂ ਨੂੰ ਸਹਿਜੇ ਹੀ ਵੱਖ ਕੀਤਾ ਜਾ ਸਕਦਾ ਹੈ। ਇਹ ਤਹਿਆਂ ਬਹੁਤ ਲਕਚਦਾਰ ਹੁੰਦੀਆਂ ਹਨ। ਇਨ੍ਹਾਂ ਖਣਿਜਾਂ ਦਾ ਕਰੜਾਪਨ 2.5 ਤੋਂ 4.5 ਤਕ ਹੈ। ਥੋੜਾ ਜਿਹਾ ਦਬਾਉਣ ਨਾਲ ਇਹ ਨਹੁੰ ਨਾਲ ਖੁਰਚੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਵਿਸ਼ਿਸਟ ਘਣਤਾ (Specific gravity) 2.8 ਤੋਂ 3.4 ਤਕ ਹੁੰਦੀ ਹੈ ਅਤੇ ਇਨ੍ਹਾਂ ਦਾ ਅਪਵਰਤਨ ਅੰਕ 1.535 ਤੋਂ 1.705 ਤਕ ਹੁੰਦਾ ਹੈ।

          ਅਬਰਕ ਸ਼੍ਰੇਣੀ ਦੇ ਖਣਿਜਾਂ ਉੱਤੇ ਤੇਜ਼ਾਬ ਦਾ ਕੋਈ ਅਸਰ ਨਹੀਂ ਹੁੰਦਾ। ਅਬਰਕ ਐਲੂਮਿਨੀਅਮ ਤੇ ਪੋਟਾਸ਼ੀਅਮ ਦੇ ਜਟਿਲ ਸਿਲੀਕੇਟ ਹਨ, ਜਿਨ੍ਹਾਂ ਵਿਚ ਵੱਖ ਵੱਖ ਮਿਕਦਾਰ ਵਿਚ ਮੈਗਨੀਸ਼ੀਅਮ, ਲੋਹਾ, ਸੋਡੀਅਮ, ਕੈਲਸ਼ੀਅਮ, ਲੀਥੀਅਮ (Lithium), ਟਾਈਟੇਨੀਅਮ (Titanium), ਕ੍ਰੋਮੀਅਮ (Chromium) ਤੇ ਹੋਰ ਤੱਤ ਵੀ ਮੌਜ਼ੂਦ ਹੁੰਦੇ ਹਨ। ਮਸਕੋਵਾਈਟ ਸਭ ਤੋਂ ਵੱਧ ਮਹੱਤਵ ਵਾਲਾ ਅਬਰਕ ਹੈ। ਭਾਵੇਂ ਮਸਕੋਵਾਈਟ ਸਭ ਤੋਂ ਵੱਧ ਚਟਾਨਾਂ ਬਣਾਉਣ ਵਾਲਾ ਖਣਿਜ ਹੈ, ਫਿਰ ਵੀ ਇਸ ਦੇ ਭੰਡਾਰ, ਜਿਨ੍ਹਾਂ ਤੋਂ ਉਪਯੋਗੀ ਅਬਰਕ ਪ੍ਰਾਪਤ ਕੀਤਾ ਜਾਂਦਾ ਹੈ, ਸਿਰਫ਼ ਭਾਰਤ ਅਤੇ ਬ੍ਰਾਜ਼ੀਲ ਦੇ ਕੁਝ ਕੁ ਇਲਾਕਿਆਂ ਵਿਚ ਪਿਗਮੇਟਾਈਟ ਵੇਨਜ਼ (Pegmatite veins) ਵਿਚ ਹੀ ਮਿਲਦੇ ਹਨ। ਸਾਰੀ ਦੁਨੀਆ ਦੀ ਲੋੜ ਦਾ 80 ਫ਼ੀ ਸਦੀ ਅਬਰਕ ਭਾਰਤ ਵਿਚੋਂ ਕੱਢਿਆ ਜਾਂਦਾ ਹੈ।

          ਪ੍ਰਾਪਤੀ ਸਥਾਨ––ਅਬਰਕ ਦੀ ਪੈਦਾਵਾਰ ਵਿਚ ਭਾਰਤ ਸਭ ਤੋਂ ਅੱਗੇ ਹੈ। ਭਾਵੇਂ ਇਹ ਕੈਨੇਡਾ, ਬ੍ਰਾਜ਼ੀਲ ਆਦਿ ਦੇਸ਼ਾਂ ਵਿਚ ਵੀ ਬਹੁਤ ਮਿਲਦਾ ਹੈ ਪਰ ਇਥੋਂ ਦਾ ਅਬਰਕ ਬਹੁਤ ਛੋਟੇ ਆਕਾਰ ਦੀਆਂ ਤਹਿਆਂ ਜਾਂ ਚੂਰੇ ਦੀ ਸ਼ਕਲ ਵਿਚ ਹੁੰਦਾ ਹੈ। ਵੱਡੀਆਂ ਤਹਿਆਂ ਵਾਲੇ ਅਬਰਕ ਦੀ ਇਜਾਰਾਦਾਰੀ ਭਾਰਤ ਕੋਲ ਹੀ ਹੈ।

          ਅਬਰਕ ਦੀਆਂ ਪਤਲੀਆਂ ਤਹਿਆਂ ਵਿਚ ਵੀ ਬਿਜਲੀ ਨੂੰ ਰੋਕਣ ਦੀ ਸ਼ਕਤੀ ਹੁੰਦੀ ਹੈ ਤੇ ਇਸੇ ਕੁਦਰਤੀ ਗੁਣ ਕਰਕੇ ਇਸ ਦੀ ਵਰਤੋਂ ਬਿਜਲੀ ਦੀਆਂ ਕਈ ਮਸ਼ੀਨਾਂ ਵਿਚ ਲਾਜ਼ਮੀ ਤੌਰ ਤੇ ਹੁੰਦੀ ਹੈ। ਇਸ ਤੋਂ ਇਲਾਵਾ ਅਬਰਕ ਕੁਝ ਹੋਰ ਉਦਯੋਗਾਂ ਵਿਚ ਵੀ ਵਰਤਿਆ ਜਾਂਦਾ ਹੈ। ਬਾਇੳਟਾਈਟ ਅਬਰਕ ਕੁਝ ਦਵਾਈਆਂ ਬਣਾਉਣ ਵਿਚ ਕੰਮ ਆਉਂਦਾ ਹੈ। ਬਿਹਾਰ ਵਿਚ ਅਬਰਕ ਦੀ ਪੱਟੀ ਪੱਛਮ ਵਿਚ ਗਯਾ ਜ਼ਿਲ੍ਹੇ ਤੋਂ ਹਜ਼ਾਰੀ ਬਾਗ਼ ਤੇ ਮੁੰਘੇਰ ਹੁੰਦੀ ਹੋਈ ਪੂਰਬ ਵਿਚ ਭਾਗਲਪੁਰ ਜ਼ਿਲ੍ਹੇ ਤਕ ਲਗਭਗ 145 ਕਿ. ਮੀ. ਦੀ ਲੰਬਾਈ ਤੇ 20-25 ਕਿ. ਮੀ. ਦੀ ਚੌੜਾਈ ਤਕ ਫ਼ੈਲੀ ਹੋਈ ਹੈ। ਇਸ ਦੀ ਸਭ ਤੋਂ ਵੱਧ ਪੈਦਾਵਾਰ ਕੋਡਰਮਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਹੁੰਦੀ ਹੈ। ਭਾਰਤ ਦੀਆਂ ਅਬਰਕ ਦੀਆਂ ਚਟਾਨਾਂ ਸ਼ਿਸਟ ਚਟਾਨਾਂ ਹਨ ਜਿਨਾਂ ਵਿਚ ਕਈ ਅਦਲਾ ਬਦਲੀਆਂ ਹੋਈਆਂ ਹਨ। ਅਬਰਕ ਜ਼ਿਆਦਾ ਤਰ ਵਰਕਾਂ ਦੀ ਸ਼ਕਲ ਵਿਚ ਮਿਲਦਾ ਹੈ। ਇਸ ਵੇਲੇ ਬਿਹਾਰ ਵਿਚ ਅਬਰਕ ਦੀਆਂ 900 ਤੋਂ ਵੀ ਵੱਧ ਛੋਟੀਆਂ ਵੱਡੀਆਂ ਖਾਣਾਂ ਹਨ। ਇਨ੍ਹਾਂ ਖਾਣਾਂ ਵਿਚੋਂ ਕਈਆਂ ਦੀ ਡੂੰਘਾਈ 215 ਮੀ. ਤਕ ਹੈ। ਬਿਹਾਰ ਵਿਚ ਬਹੁਤ ਵਧੀਆ ਕਿਸਮ ਦਾ ਲਾਲ ਅਬਰਕ ਮਿਲਦਾ ਹੈ। ਜਿਸ ਲਈ ਇਹ ਇਲਾਕਾ ਸਾਰੀ ਦੁਨੀਆ ਵਿਚ ਪਰਸਿੱਧ ਹੈ।

          ਆਧਰਾ ਵਿਚ ਨੈਲੋਰ ਜ਼ਿਲ੍ਹੇ ਦੀ ਅਬਰਕ ਬੈਲਟ 96 ਕਿ. ਮੀ. ਲੰਬੀ ਅਤੇ 13-16 ਕਿ. ਮੀ. ਚੌੜੀ ਹੈ। ਇਸ ਪੱਟੀ ਵਿਚ ਕਈ ਥਾਵਾਂ ਉੱਤੇ ਅਬਰਕ ਕੱਢਿਆ ਜਾਂਦਾ ਹੈ। ਭਾਵੇਂ ਬਹੁਤਾ ਅਬਰਕ ਹਰਾ ਹੁੰਦਾ ਹੈ, ਪਰ ਕਈ ਥਾਵਾਂ ਤੇ ਲਾਲ ਰੰਗ ਦਾ ਅਬਰਕ ਵੀ ਮਿਲਦਾ ਹੈ।

          ਭਾਰਤੀ ਅਬਰਕ ਦੀ ਪੈਦਾਵਾਰ ਵਿਚ ਰਾਜਸਥਾਨ ਦੂਜੇ ਨੰਬਰ ਤੇ ਹੈ। ਰਾਜਸਥਾਨ ਦੀ ਅਬਰਕ ਪੱਟੀ ਜੈਪੁਰ ਤੋਂ ਉਦੇਪੁਰ ਤਕ ਫੈਲੀ ਹੋਈ ਹੈ। ਉਸ ਵਿਚ ਪਿਗਮੇਟਾਈਟ ਮਿਲਦੇ ਹਨ। ਕੁਝ ਘੱਟ ਜ਼ਰੂਰੀ ਜਖ਼ੀਰੇ, ਅਲਵਰ, ਭਰਤਪੁਰ, ਭੋਮਤ ਤੇ ਡੁੰਗਰਪੁਰ ਵਿਚ ਹੀ ਮਿਲੇ ਹਨ। ਰਾਜਸਥਾਨ ਤੋਂ ਮਿਲੇ ਅਬਰਕ ਵਿਚੋਂ ਸਿਰਫ਼ ਥੋੜ੍ਹਾ ਜਿਹਾ ਹੀ ਵਧੀਆ ਕਿਸਮ ਦਾ ਹੁੰਦਾ ਹੈ, ਬਹੁਤੇ ਵਿਚ ਜਾਂ ਤਾਂ ਧੱਬੇ ਹੁੰਦੇ ਹਨ ਜਾਂ ਇਸ ਦੀਆਂ ਤਹਿਆਂ ਟੁੱਟੀਆਂ ਜਾਂ ਮੁੜੀਆਂ ਹੋਈਆਂ ਹੁੰਦੀਆਂ ਹਨ।

          ਬਿਹਾਰ, ਰਾਜਸਥਾਨ ਤੇ ਆਂਧਰਾ ਦੇ ਅਬਰਕ ਦੇ ਵਿਸ਼ਾਲ ਇਲਾਕਿਆਂ ਤੋਂ ਸਿਵਾ ਕੁਝ ਮਸਕੋਵਾਈਟ, ਬਿਹਾਰ ਦੇ ਮਾਨਭੂਮ, ਸਿੰਘਭੂਮ ਤੇ ਪਾਲਾਮਾਊ (Palamau) ਜ਼ਿਲ੍ਹਿਆਂ ਵਿਚ ਵੀ ਮਿਲਦਾ ਹੈ। ਇਸੇ ਤਰ੍ਹਾਂ ਘਟੀਆ ਕਿਸਮ ਦਾ ਕੁਝ ਅਬਰਕ ਉੜੀਸਾ ਦੇ ਸੰਬਲਪੁਰ, ਆਂਗੁਲ ਅਤੇ ਢੇਂਕਾਨਲ (Dhenkanal) ਵਿਚ ਮਿਲਦਾ ਹੈ। ਆਂਧਰਾ ਵਿਚ ਕੁੱਡਾਪਾ (Cuddapah) ਤੇ ਮਦਰਾਸ ਵਿਚ ਸੇਲਮ (Salam), ਮਾਲਾਬਾਰ ਅਤੇ ਨੀਲਗਿਰੀ ਜ਼ਿਲਿਆਂ ਵਿਚ ਵੀ ਅਬਰਕ ਦੇ ਜ਼ਖੀਰੇ ਹਨ ਪਰ ਇਨ੍ਹਾਂ ਦੀ ਮਹੱਤਤਾ ਬਹੁਤੀ ਨਹੀਂ। ਕਰਨਾਟਕ ਦੇ ਹਸਨ (Hassan) ਅਤੇ ਮੈਸੂਰ ਜ਼ਿਲਿਆਂ ਅਤੇ ਪੱਛਮੀ ਬੰਗਾਲ ਦੇ ਮਿਦਨਾਪੁਰ ਤੇ ਬਾਂਕੁੜਾ (Bankura) ਜ਼ਿਲ੍ਹਿਆਂ ਵਿਚ ਕੁਝ ਅਬਰਕ ਮਿਲਦਾ ਹੈ।

          ਵਰਤੋਂ––ਭਾਵੇਂ ਇਥੇ ਭਾਰਤ ਵਿਚ ਅਬਰਕ ਬਹੁਤ ਮਿਲਦਾ ਹੈ ਪਰ ਇਸ ਦਾ ਬਹੁਤਾ ਹਿੱਸਾ ਕੱਚੇ ਮਾਲ ਦੀ ਸ਼ਕਲ ਵਿਚ ਬਦੇਸ਼ਾਂ ਨੂੰ ਭੇਜ ਦਿੱਤਾ ਜਾਂਦਾ ਹੈ। ਸਾਡੀ ਆਪਣੀ ਸੱਨਅਤ ਵਿਚ ਇਸ ਦੀ ਖਪਤ ਨਾ ਹੋਣ ਦੇ ਬਰਾਬਰ ਹੈ। ਇਸ ਵਿਚ ਸ਼ੱਕ ਨਹੀਂ ਕਿ ਵੱਡੀ ਮਿਕਦਾਰ ਵਿਚ ਬਰਾਮਦ ਹੋਣ ਕਰ ਕੇ ਇਸ ਖਣਿਜ ਰਾਹੀਂ ਬਦੇਸ਼ੀ ਸਿੱਕੇ ਦੀ ਕਮਾਈ ਕਾਫ਼ੀ ਹੋ ਜਾਂਦੀ ਹੈ, ਪਰ ਜੇ ਦੇਸ਼ ਵਿਚ ਹੀ ਇਸ ਨੂੰ ਤਿਆਰ ਮਾਲ ਦੀ ਸ਼ਕਲ ਦਿੱਤੀ ਜਾ ਸਕੇ ਤਾਂ ਹੋਰ ਵੀ ਜ਼ਿਆਦਾ ਆਮਦਨ ਹੋ ਸਕਦੀ ਹੈ।

          ਵਪਾਰ ਦੇ ਪੱਖ ਤੋਂ ਅਬਰਕ ਦੇ ਦੋ ਖਣਿਜ, ਚਿੱਟਾ ਅਬਰਕ ਤੇ ਫਲੋਗੋਪ ਈਟ ਜ਼ਿਆਦਾ ਜ਼ਰੂਰੀ ਹਨ। ਅਬਰਕ ਦੀ ਵਰਤੋਂ ਵੱਡੀਆਂ ਵੱਡੀਆਂ ਚਾਂਦਰਾਂ ਦੀ ਸ਼ਕਲ ਵਿਚ ਜਾਂ ਛੋਟੇ ਛੋਟੇ ਟੁਕੜਿਆਂ ਜਾਂ ਚੂਰੇ ਦੀ ਸ਼ਕਲ ਵਿਚ ਹੁੰਦੀ ਹੈ। ਵੱਡੀਆਂ ਵੱਡੀਆਂ ਤਹਿਆਂ ਵਾਲਾ ਅਬਰਕ ਸਭ ਤੋਂ ਵੱਧ ਬਿਜਲੀ ਦੇ ਉਦਯੋਗ ਵਿਚ ਕੰਮ ਆਉਂਦਾ ਹੈ। ਬਿਜਲੀ ਦਾ ਕੁਚਾਲਕ ਹੋਣ ਕਰਕੇ ਇਸ ਦੀ ਵਰਤੋਂ ਕੰਡੈਂਸਰ, ਕਮਿਊਟੇਟਰ, ਟੈਲੀਫੂਨ, ਡਾਇਨਮੋ ਆਦਿ ਵਿਚ ਹੁੰਦੀ ਹੈ। ਪਾਰਦਰਸ਼ਕ ਤੇ ਗਰਮੀ ਸਹਿ ਹੋਣ ਕਾਰਨ ਇਹ ਲੈਂਪ ਦੀ ਚਿਮਨੀ, ਸਟੋਵ, ਭੱਠੀ ਆਦਿ ਵਿਚ ਵੀ ਵਰਤਿਆ ਜਾਂਦਾ ਹੈ। ਅਬਰਕ ਦੇ ਛੋਟੇ ਛੋਟੇ ਟੁਕੜਿਆਂ ਨੂੰ ਜੋੜ ਕੇ ਮਾਈਕਾਨਾਈਟ (Micanite) ਬਣਾਇਆ ਜਾਂਦਾ ਹੈ। ਅਬਰਕ ਦੇ ਛੋਟੇ ਛੋਟੇ ਟੁਕੜੇ ਰਬੜ ਦੀ ਮੱਨਅਤ ਵਿਚ, ਰੰਗ ਬਣਾਉਣ ਵਿਚ, ਮਸ਼ੀਨਾਂ ਵਿਚ ਚਿਕਨਾ-ਹਟ ਦੇਣ ਲਈ ਤੇ ਮਾਣ ਪੱਤਰਾਂ ਆਦਿ ਦੀ ਸਜਾਵਟ ਦੇ ਕੰਮ ਆਉਂਦੇ ਹਨ।

          ਆਯੁਰਵੇਦ ਵਿਚ ਅਬਰਕ––ਸੰਸਕ੍ਰਿਤ ਵਿਚ ਜਿਸ ਨੂੰ  ਕਹਿੰਦੇ ਹਨ। ਉਸੇ ਨੂੰ ਹਿੰਦੀ ਵਿਚ ਅਬਰਕ, ਬੰਗਾਲੀ ਵਿਚ ਅਭ੍ਰਾ, ਫ਼ਾਰਸੀ ਵਿਚ ਸਿਤਰਾਇ-ਜ਼ਮੀਨ ਅਤੇ ਲਾਤੀਨੀ ਤੇ ਅੰਗਰੇਜ਼ੀ ਵਿਚ ਮਾਈਕਾ ਕਹਿੰਦੇ ਹਨ। ਕਾਲੇ ਰੰਗ ਦੇ ਅਬਰਕ ਨੂੰ ਆਯੁਰਵੈਦਿਕ ਦਵਾਈ ਵਿਚ ਵਰਤਿਆ ਜਾਂਦਾ ਹੈ। ਆਮ ਤੌਰ ਤੇ ਅੱਗ ਦਾ ਇਸ ਉੱਤੇ ਅਸਰ ਨਹੀਂ ਹੁੰਦਾ, ਫਿਰ ਵੀ ਆਯੁਰਵੈਦਿਕ ਵਿਚ ਉਸ ਨੂੰ ਮਾਰਨ ਦੇ ਤਰੀਕੇ ਦਸੇ ਹਨ। ਇਸ ਦਾ ਕੁਸ਼ਤਾ ਠੰਢਾ, ਧਾਤੂ-ਪੋਸ਼ਟਿਕ ਅਤੇ ਤ੍ਰਿਦੋਸ਼, ਜ਼ਹਿਰ ਦੇ ਅਸਰ ਅਤੇ ਕ੍ਰਿਮਦੋਸ਼ ਨੂੰ ਨਸ਼ਟ ਕਰਨ ਵਾਲਾ, ਸਰੀਰ ਨੂੰ ਮਜ਼ਬੂਤ ਕਰਨ ਵਾਲਾ ਅਤੇ ਬਹੁਤ ਤਾਕਤਵਰ ਦਸਿਆ ਗਿਆ ਹੈ। ਤਪਦਿਕ, ਪਰਮੇਹ, ਬਵਾਸੀਰ, ਪੱਥਰੀ, ਸੁਜ਼ਾਕ ਆਦਿ ਬਿਮਾਰੀਆਂ ਵਿਚ ਇਸ ਦਾ ਕੁਸ਼ਤਾ ਲਾਭਦਾਇਕ ਦਸਿਆ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਬਰਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਬਰਕ , ਅਰਬੀ / ਪੁਲਿੰਗ : ਖਾਣ ਵਿੱਚੋਂ ਨਿਕਲਣ ਵਾਲਾ ਇਕ ਚਮਕੀਲਾ ਪਦਾਰਥ ਜੋ ਹੇਠਾਂ ਉੱਤੇ ਤੋਂ ਜੁੜੇ ਪਤਰਾਂ ਦੀ ਸ਼ਕਲ ਦਾ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-03-05-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.